ਛਾਤੀ ਅੰਦਰਲੇ ਥੇਹ (16)
ਗੁਰਦਿਆਲ ਦਲਾਲ ਬੁਨਿਆਦੀ ਰੂਪ ਵਿਚ ਗਲਪਕਾਰ ਹੈ। ਹੁਣੇ-ਹੁਣੇ ਉਨ੍ਹਾਂ ਦਾ ਵੱਡ-ਆਕਾਰੀ ਨਾਵਲ ‘ਪੈੜਾਂ’ ਛਪਿਆ ਹੈ। ‘ਛਾਤੀ ਅੰਦਰਲੇ ਥੇਹ’ ਲੇਖ-ਲੜੀ ਵਿਚ ਉਨ੍ਹਾਂ ਆਪਣੇ ਜੀਵਨ ਅਤੇ ਤਜਰਬੇ ਨੂੰ ਆਧਾਰ ਬਣਾ ਕੇ ਕੁਝ ਗੱਲਾਂ ਵੱਖਰੇ ਢੰਗ ਨਾਲ ਕੀਤੀਆਂ ਹਨ ਜਿਹੜੀਆਂ ਅਸੀਂ ਆਪਣੇ ਪਾਠਕਾਂ ਨਾਲ ਸਾਂਝੀਆਂ ਕਰ ਰਹੇ ਹਾਂ। ਇਨ੍ਹਾਂ ਗੱਲਾਂ ਦੀਆਂ ਤੰਦਾਂ, ਬੰਦੇ ਦੇ ਬੰਦਾ ਹੋਣ ਨਾਲ ਗਹਿਰੀਆਂ ਜੁੜੀਆਂ ਹੋਈਆਂ ਹਨ। ਆਸ ਹੈ, ਧੜਕਦੇ ਦਿਲ ਨਾਲ ਕੀਤੀਆਂ ਇਹ ਗੱਲਾਂ ਪਾਠਕਾਂ ਨੂੰ ਆਪਣੀਆਂ ਹੀ ਗੱਲਾਂ ਲੱਗਣਗੀਆਂ। -ਸੰਪਾਦਕ
ਗੁਰਦਿਆਲ ਦਲਾਲ
ਫੋਨ: 91-98141-85363
ਡੇਨੀਅਲ ਓਡਲ ਅੱਜਕੱਲ੍ਹ ਆਪਣੇ ਦੇਸ਼ ਅਮਰੀਕਾ ਵਿਚ ਪਤਾ ਨਹੀਂ ਕਿੱਥੇ ਹੋਵੇਗਾ, ਪਰ ਮੇਰੇ ਦਿਲ ਵਿਚ ਉਹ ਹਮੇਸ਼ਾ ਉਵੇਂ ਹੀ ਧੜਕਦਾ ਰਹੇਗਾ। ਉਸ ਨੂੰ ਯਾਦ ਕਰਨ ਨਾਲ ਜਿਵੇਂ ਠੰਢੀ ਹਵਾ ਦਾ ਬੁੱਲਾ ਆਉਂਦਾ ਹੋਵੇ, ਦਿਲ ਵਿਚ ਮਿਸਰੀ ਘੁਲਦੀ ਹੋਵੇ। ਸੰਨ 1971-72 ਵਿਚ ਮੈਂ ਸੀæਆਰæ ਕਾਲਜ ਆਫ਼ ਐਜੂਕੇਸ਼ਨ ਹਿਸਾਰ ਵਿਚ ਪੜ੍ਹਾਉਂਦਾ ਸਾਂ। ‘ਸਟਰੱਕਚਰਲ ਅਪਰੋਚ’ ਰਾਹੀਂ ਅੰਗਰੇਜ਼ੀ ਸਿਖਾਉਣ ਲਈ ਅਮਰੀਕਾ ਤੋਂ ਆਇਆ ਡੇਨੀਅਲ ਓਡਲ ਵੀ ਉਸੇ ਕਾਲਜ ਵਿਚ ਪੜ੍ਹਾਉਂਦਾ ਸੀ। ਛੇ ਫੁੱਟਾ, ਖ਼ੂਬਸੂਰਤ ਅਤੇ ਸਿਹਤਮੰਦ ਨੌਜਵਾਨ ਜਿਸ ਦੀਆਂ ਸੁਨਹਿਰੀ ਮੁੱਛਾਂ ਵਿਚ ਹਮੇਸ਼ਾ ਮੁਸਕਰਾਹਟ ਖੇਡਦੀ ਰਹਿੰਦੀ। ਹਰ ਕੋਈ ਉਸ ਦੀ ਦਿਲ ਖਿੱਚਵੀਂ ਸ਼ਖ਼ਸੀਅਤ ਵੱਲ ਖਿੱਚਿਆ ਜਾਂਦਾ। ਬੀæਐਡæ ਵਿਚ ਪੜ੍ਹਦੀਆਂ ਨੌਜਵਾਨ ਕੁੜੀਆਂ ਕਈ ਵਾਰੀ ਉਸ ਨੂੰ ਠੱਠਾ-ਮਖੌਲ ਕਰਦੀਆਂ ਤਾਂ ਉਹ ਬੜੀ ਤਿੱਖੀ ਹਾਜ਼ਰ ਜਵਾਬੀ ਕਰਦਾ। ਕਿਸੇ ਕੁੜੀ ਨੇ ਅੰਗਰੇਜ਼ੀ ਵਿਚ ਪੁੱਛਿਆ, “ਸਰ ਤੁਸੀਂ ਸ਼ਾਦੀਸ਼ੁਦਾ ਹੋ?” ਉਸ ਨੇ ਹੱਸ ਕੇ ਹਿੰਦੀ ਵਿਚ ਜਵਾਬ ਦਿੱਤਾ, “ਤੁਮਹਾਰੀ ਕੋਈ ਬਹਨ ਹੈ ਕਿਆ ਜਿਸ ਕਾ ਸ਼ਾਦੀ ਨਹੀਂ ਬਨ ਰਹਾ?” ਕਿਸੇ ਹੋਰ ਨੇ ਪੁੱਛਿਆ, “ਸਰ ਆਪ ਅਮੈਰਿਕਾ ਵਾਪਸ ਚਲੇ ਜਾਉਗੇ, ਯਾ ਇੰਡੀਆ ਮੇਂ ਰਹੋਗੇ?” ਤਾਂ ਉਹ ਬੋਲਿਆ, “ਤੁਮਹਾਰੇ ਘਰ ਵਾਲੇ ਅਗਰ ਮੁਝੇ ਅਪਨੇ ਸਾਥ ਰਖੇਂਗੇ ਤੋਂ ਕਿਉਂ ਜਾਉਂਗਾ?”
ਪਤਾ ਨਹੀਂ ਕਿੱਥੋਂ ਉਸ ਨੂੰ ਇਕਦਮ ਉਤਰ ਫੁਰਦਾ। ਉਹ ਬਹੁਤ ਹੌਲੀ-ਹੌਲੀ ਵਾਕਾਂ ਨੂੰ ਟੁਕੜਿਆਂ ਵਿਚ ਤੋੜ ਕੇ ਚੰਗੀ ਹਿੰਦੀ ਬੋਲਦਾ, ਜਦਕਿ ਸਭ ਉਸ ਨਾਲ ਅੰਗਰੇਜ਼ੀ ਵਿਚ ਬੋਲਣ ਦੀ ਕੋਸ਼ਿਸ਼ ਕਰਦੇ। ਬਾਕੀ ਸਟਾਫ਼ ਨਾਲ ਉਸ ਦਾ ਮੇਲ-ਜੋਲ ਸੀਮਤ ਜਿਹਾ ਸੀ ਪਰ ਮੇਰੇ ਨਾਲ ਉਸ ਦੀ ਨੇੜਤਾ ਵਧਦੀ ਗਈ। ਮੇਰੀ ਤਨਖ਼ਾਹ ਉਦੋਂ ਪੰਜ ਸੌ ਰੁਪਏ ਸੀ ਜਦਕਿ ਡੇਨੀਅਲ ਨੂੰ ਤੇਈ ਸੌ ਰੁਪਏ ਤਨਖ਼ਾਹ ਤੋਂ ਬਿਨਾਂ ਮੁਫ਼ਤ ਵਿਚ ਕੋਠੀ ਅਤੇ ਨਵਾਂ ਸਾਈਕਲ ਮਿਲੇ ਹੋਏ ਸਨ। ਸਾਰੇ ਸਟਾਫ਼ ਵਿਚ ਕੁਆਰੇ ਅਸੀਂ ਦੋਨੋਂ ਸਾਂ। ਸਾਡੀ ਸਾਂਝ ਹਿੰਦੀ ਫ਼ਿਲਮਾਂ ਦੇਖਣ ਨਾਲ ਸ਼ੁਰੂ ਹੋਈ। ਉਸ ਉਤੇ ਛੇਤੀ ਤੋਂ ਛੇਤੀ ਹਿੰਦੀ ਸ਼ੁੱਧ ਬੋਲਣਾ ਅਤੇ ਲਿਖਣਾ ਸਿਖਣ ਦੀ ਧੁਨ ਸਵਾਰ ਰਹਿੰਦੀ। ਜੋ ਗੱਲ ਉਸ ਦੇ ਪੱਲੇ ਨਾ ਪੈਂਦੀ, ਉਹ ਮੈਨੂੰ ਪੁੱਛਦਾ। ਅਸੀਂ ਬਾਜ਼ਾਰ ਵਿਚ ਤੇ ਪਾਰਕਾਂ ਆਦਿ ਵਿਚ ਇਕੱਠੇ ਘੁੰਮਦੇ। ਆਪਣੇ ਸਾਈਕਲਾਂ ‘ਤੇ ਹਿਸਾਰ ਤੋਂ ਬਾਹਰ ਨਿਕਲ ਜਾਂਦੇ। ਇਕ-ਦੂਜੇ ਨੂੰ ਆਪਣੇ ਪਿਛੋਕੜ ਦੀਆਂ ਕਹਾਣੀਆਂ ਸੁਣਾਉਂਦੇ। ਇੰਜ ਸਾਡੀ ਦੋਸਤੀ ਵਧਦੀ ਚਲੀ ਗਈ ਤੇ ਸਾਡਾ ਇਕ-ਦੂਜੇ ਦੇ ਕੋਲ ਆਉਣ-ਜਾਣ ਵਧ ਗਿਆ।
ਬੀæਐਡæ ਵਿਚ ਪੜ੍ਹਦੇ ਕੁਝ ਪੰਜਾਬੀ ਮੁੰਡੇ ਮੇਰੇ ਹਾਣੀ ਹੋਣ ਕਰ ਕੇ ਮੇਰੇ ਦੋਸਤ ਬਣ ਗਏ ਸਨ। ਸ਼ੁਰੂ-ਸ਼ੁਰੂ ਵਿਚ ਮੈਂ ਕੁਝ ਮਹੀਨੇ ਉਨ੍ਹਾਂ ਨਾਲ ਵੀ ਰਿਹਾ ਸਾਂ। ਜਦੋਂ ਕੋਈ ਘਰ ਜਾਂਦਾ; ਉਹ ਪਿੰਨੀਆਂ, ਪੰਜੀਰੀ ਅਤੇ ਘਿਉ ਜ਼ਰੂਰ ਲੈ ਕੇ ਆਉਂਦਾ। ਪੀਪੀ ਮੁਫ਼ਤ ਦੇ ਘਿਉ ਨਾਲ ਹਮੇਸ਼ਾ ਭਰੀ ਰਹਿੰਦੀ। ਮੈਂ ਤੇਜ਼ ਮਿਰਚ ਮਸਾਲੇ ਪਾ ਕੇ ਸਬਜ਼ੀ ਬਣਾਉਂਦਾ। ਆਪ ਹੀ ਰੋਟੀਆਂ ਥੱਪਦਾ। ਡੇਨੀਅਲ ਪਹਿਲਾਂ ਡੱਬਾ-ਬੰਦ ਭੋਜਨ ਹੀ ਖਾਂਦਾ ਹੁੰਦਾ ਸੀ ਜਿਸ ਵਿਚ ਇਕੱਲਾ ਲੂਣ ਹੁੰਦਾ। ਹੌਲੀ-ਹੌਲੀ ਮੈਂ ਉਸ ਨੂੰ ਮਿਰਚ ਮਸਾਲਿਆਂ ਵਾਲੇ ਤਾਜ਼ੇ ਖਾਣੇ ਖਾਣ ਗਿਝਾ ਲਿਆ। ਉਹ ਪੰਜੀਰੀ ਅਤੇ ਪਿੰਨੀਆਂ ਵੀ ਬੜੇ ਸ਼ੌਕ ਨਾਲ ਖਾਣ ਲੱਗ ਪਿਆ। ਅਸੀਂ ਬਾਜ਼ਾਰੋਂ ਕੁਝ ਖ਼ਰੀਦਦੇ, ਉਹ ਪੈਸੇ ਕੱਢ ਕੇ ਖੜ੍ਹਾ ਹੋ ਜਾਂਦਾ। ਮੇਰੇ ਰੋਕਣ ‘ਤੇ ਕਹਿੰਦਾ, “ਇਹ ਪੈਸੇ ਮੈਂ ਅਮਰੀਕਾ ਥੋੜ੍ਹੀ ਭੇਜਣੇ ਨੇ। ਤੂੰ ਆਪਣੀ ਤਨਖ਼ਾਹ ਪਿੱਛੇ ਮਾਂ ਨੂੰ ਭੇਜ ਦਿਆ ਕਰ।” ਫਿਰ ਵੀ ਮੈਂ ਹੀਣ-ਭਾਵਨਾ ਤੋਂ ਛੁਟਕਾਰਾ ਪਾਉਣ ਲਈ ਕਦੀ-ਕਦਾਈਂ ਪੈਸੇ ਖਰਚਦਾ ਰਹਿੰਦਾ। ਦੋ ਸੌ ਰੁਪਏ ਘਰ ਭੇਜਣ ਮਗਰੋਂ ਵੀ ਜੇਬ ਪੈਸਿਆਂ ਨਾਲ ਭਰੀ ਰਹਿੰਦੀ। ਡੇਨੀਅਲ ਫੱਕਰ ਕਿਸਮ ਦਾ ਬੰਦਾ ਸੀ, ਹਰ ਮਹੀਨੇ ਤਿੰਨ-ਚਾਰ ਸੌ ਰੁਪਏ ਗਰੀਬ ਬੱਚਿਆਂ ਦੇ ਫੰਡ ਲਈ ਦੇ ਦਿੰਦਾ।
ਕਾਲਜ ਵਿਦਿਆਰਥੀਆਂ ਦਾ ਸ਼ਿਮਲੇ ਲਈ ਟੁਰ ਜਾਣਾ ਸੀ। ਪ੍ਰਿੰਸੀਪਲ ਐਸ਼ਐਸ਼ ਭਾਟੀਆ ਨੇ ਡੇਨੀਅਲ ਓਡਲ ਅਤੇ ਮੇਰੀ ਡਿਊਟੀ ਟੂਰ ਦਾ ਪ੍ਰਬੰਧ ਕਰਨ ਦੀ ਲਾ ਦਿੱਤੀ। ਅਸੀਂ ਮੁੰਡੇ ਕੁੜੀਆਂ ਤੋਂ ਪੈਸੇ ਇਕੱਠੇ ਕੀਤੇ, ਲਿਸਟ ਬਣਾਈ ਤੇ ਬੱਸ ਕਿਰਾਏ ‘ਤੇ ਕਰ ਲਈ। ਟੂਰ ਵਾਲੇ ਦਿਨ ਸਵੇਰੇ ਛੇ ਵਜੇ ਕਾਲਜ ਦੇ ਗੇਟ ਮੂਹਰੇ ਪਹੁੰਚਣ ਲਈ ਵਿਦਿਆਰਥੀਆਂ ਨੂੰ ਹਦਾਇਤ ਕਰ ਦਿੱਤੀ। ਡੇਨੀਅਲ ਰਾਤ ਨੂੰ ਮੇਰੇ ਕੋਲ ਮਾਡਲ ਟਾਊਨ ਹੀ ਰੁਕ ਗਿਆ। ਅਸੀਂ ਤੜਕੇ ਉਠ ਕੇ ਆਲੂਆਂ ਵਾਲੇ ਪਰਾਉਂਠੇ ਬਣਾਏ ਤੇ ਲੜ ਬੰਨ੍ਹ ਲਏ। ਫੇਰ ਆਪਣੇ ਸਾਈਕਲ ‘ਤੇ ਕਾਲਜ ਵੱਲ ਚੱਲ ਪਏ। ਅਜੇ ਥੋੜ੍ਹੀ ਦੂਰ ਹੀ ਗਏ ਸਾਂ ਕਿ ਸੜਕ ਉਤੇ ਡਿੱਗਿਆ ਪਿਆ ਕੋਈ ਬੰਦਾ ਦੇਖਿਆ। ਉਸ ਦੇ ਸਿਰ ਲਾਗੇ ਸੜਕ ‘ਤੇ ਖੂਨ ਜੰਮਿਆ ਪਿਆ ਸੀ। ਡੇਨੀਅਲ ਸਾਈਕਲ ਇਕ ਪਾਸੇ ਖੜ੍ਹਾ ਕੇ ਉਸ ਦੀ ਨਬਜ਼ ਟੋਂਹਦਾ ਬੋਲਿਆ, “ਇਹ ਜਿਉਂਦਾ ਹੈ। ਆਪਾਂ ਇਸ ਨੂੰ ਕਿਸੇ ਤਰ੍ਹਾਂ ਬਚਾਉਣਾ ਹੈ। ਚੱਲ ਹਸਪਤਾਲ ਪੁਚਾਈਏ।”
“ਪਰ ਆਪਣੇ ਕੋਲ ਸਮਾਂ ਕਿੱਥੇ ਹੈ, ਡੇਨੀਅਲ?” ਮੈਂ ਕਿਹਾ ਤਾਂ ਉਸ ਨੇ ਬੜੇ ਜ਼ੋਰ ਨਾਲ ਮੈਨੂੰ ‘ਸ਼ਟ-ਅੱਪ’ ਕਹਿ ਕੇ, ਸਾਈਕਲ ਥੋੜ੍ਹਾ ਹਟ ਕੇ ਇਕ ਦੁਕਾਨ ਵਿਚ ਖੜ੍ਹਾ ਕੇ ਤਾਲਾ ਲਾ ਦਿੱਤਾ, ਤੇ ਜ਼ਖ਼ਮੀ ਬੰਦੇ ਕੋਲ ਆ ਖੜ੍ਹਿਆ। ਉਸ ਨੂੰ ਦੇਖ, ਮੈਂ ਵੀ ਸਾਈਕਲ ਖੜ੍ਹਾ ਆਇਆ। ਕੋਈ ਵੀ ਗੱਡੀ ਲੰਘਦੀ, ਉਹ ਹੱਥ ਜੋੜ ਕੇ ਡਿੱਗੇ ਪਏ ਬੰਦੇ ਵੱਲ ਇਸ਼ਾਰਾ ਕਰਦਾ। ਮੈਂ ਉਸ ਨੂੰ ਦੱਸਿਆ ਕਿ ਇਥੋਂ ਦੀ ਪੁਲਿਸ ਆਪਾਂ ਨੂੰ ਇਸ ਕੇਸ ਵਿਚ ਉਲਝਾ ਲਵੇਗੀ ਪਰ ਉਸ ਨੇ ਮੇਰੀ ਇਕ ਨਾ ਸੁਣੀ ਅਤੇ ਬੋਲਿਆ, “ਮੈਂ ਸਭ ਕਾਸੇ ਲਈ ਤਿਆਰ ਹਾਂ।”
ਆਖ਼ਰ ਇਕ ਕਾਰ ਵਾਲੇ ਦੇ ਮਨ ਮਿਹਰ ਪੈ ਗਈ ਪਰ ਉਹ ਡਰਦਾ ਸੀ ਕਿ ਜੇ ਰਸਤੇ ਵਿਚ ਜ਼ਖ਼ਮੀ ਬੰਦੇ ਦੀ ਮੌਤ ਹੋ ਗਈ ਤਾਂ ਪੁਲਿਸ ਉਸ ਨੂੰ ਫਸਾ ਲਵੇਗੀ। ਡੇਨੀਅਲ ਨੇ ਆਪਣਾ ਪਛਾਣ ਪੱਤਰ ਉਸ ਨੂੰ ਦਿਖਾਇਆ, ਤੇ ਆਪਣੇ ‘ਤੇ ਸਾਰੀ ਜ਼ਿੰਮੇਵਾਰੀ ਲੈਣ ਦਾ ਭਰੋਸਾ ਦਿੱਤਾ। ਅਸੀਂ ਜ਼ਖ਼ਮੀ ਨੂੰ ਲੈ ਕੇ ਹਸਪਤਾਲ ਪੁੱਜ ਗਏ। ਡੇਨੀਅਲ ਨੇ ਸਾਰੀ ਫ਼ੀਸ ਆਪਣੇ ਕੋਲੋਂ ਜਮ੍ਹਾਂ ਕਰਵਾਈ ਤੇ ਉਸ ਜ਼ਖ਼ਮੀ ਨੂੰ ਐਮਰਜੈਂਸੀ ਵਿਚ ਦਾਖ਼ਲ ਕਰਵਾ ਦਿਤਾ।
“ਚੱਲ ਹੁਣ ਚੱਲੀਏ। ਆਪਾਂ ਘੰਟੇ ਤੋਂ ਵੀ ਵੱਧ ਲੇਟ ਹੋ ਗਏ ਹਾਂ। ਸਾਰੇ ਉਡੀਕ ਕਰ ਰਹੇ ਹੋਣਗੇ।” ਮੈਂ ਕਿਹਾ।
“ਤੂੰ ਜਾਣਾ ਏ ਜਾਹ, ਜਿੰਨੀ ਦੇਰ ਉਹ ਬੰਦਾ ਹੋਸ਼ ਵਿਚ ਨਹੀਂ ਆਉਂਦਾ, ਮੈਂ ਨਹੀਂ ਜਾਣ ਲੱਗਾ।” ਉਹ ਗੁੱਸੇ ਨਾਲ ਬੋਲਿਆ। ਘੰਟਾ ਭਰ ਉਡੀਕਣ ਮਗਰੋਂ ਉਹ ਬੰਦਾ ਹੋਸ਼ ਵਿਚ ਆਇਆ। ਪਤਾ ਲੱਗਣ ‘ਤੇ ਡੇਨੀਅਲ ‘ਹੋ-ਹੋ’ ਕਰ ਕੇ ਟੱਪਣ ਲੱਗਾ ਤੇ ਅੰਗਰੇਜ਼ੀ ਵਿਚ ਬੋਲਿਆ, “ਅਸੀਂ ਇਕ ਜਾਨ ਬਚਾ ਦਿੱਤੀ ਏ। ਅਸੀਂ ਇਕ ਜਾਨ ਬਚਾ ਦਿੱਤੀ ਏ।”
ਉਹ ਮੈਨੂੰ ਲਿਪਟ ਹੀ ਗਿਆ। ਮੈਨੂੰ ਜ਼ਿੰਦਗੀ ਵਿਚ ਪਹਿਲੀ ਵਾਰੀ ਅਹਿਸਾਸ ਹੋਇਆ ਕਿ ਕਿਸੇ ਦੀ ਜਾਨ ਬਚਾਉਣ ਨਾਲ ਕਿੰਨੀ ਖ਼ੁਸ਼ੀ ਮਿਲ ਸਕਦੀ ਹੈ।
ਛੇ ਵਜੇ ਦੀ ਥਾਂ ਅਸੀਂ ਅੱਠ ਵਜੇ ਕਾਲਜ ਦੇ ਗੇਟ ਮੂਹਰੇ ਪਹੁੰਚੇ ਤਾਂ ਬੱਸ ਲਾਗੇ ਖੜ੍ਹੇ ਵਿਦਿਆਰਥੀ ਅਤੇ ਪ੍ਰੋਫ਼ੈਸਰ ਖਫ਼ਾ ਸਨ। ਉਹ ਡੇਨੀਅਲ ਅਤੇ ਮੈਨੂੰ ਹਰ ਪਾਸੇ ਲੱਭਦੇ ਫਿਰਦੇ ਸਨ ਤੇ ਹੁਣ ਪ੍ਰੇਸ਼ਾਨ ਖੜ੍ਹੇ ਘਰਾਂ ਨੂੰ ਮੁੜਨ ਦੀ ਤਿਆਰੀ ਵਿਚ ਸਨ। ਜਦੋਂ ਮੈਂ ਵਾਪਰੀ ਘਟਨਾ ਬਾਰੇ ਵਿਦਿਆਰਥੀਆਂ ਨੂੰ ਦੱਸ ਰਿਹਾ ਸਾਂ ਤਾਂ ਡੇਨੀਅਲ ਦੀਆਂ ਪਿੱਤਲ ਰੰਗੀਆਂ ਮੁੱਛਾਂ ਵਿਚੋਂ ਫੁੱਲ ਪੱਤੀਆਂ ਵਾਂਗ ਮੁਸਕਰਾਹਟ ਡਿੱਗ ਰਹੀ ਸੀ। ਇਸ ਘਟਨਾ ਨੇ ਕਾਫ਼ੀ ਹੱਦ ਤਕ ਮੇਰਾ ਜੀਵਨ ਨਜ਼ਰੀਆ ਹੀ ਬਦਲ ਦਿੱਤਾ। ਮੈਂ ਡੇਨੀਅਲ ਨੂੰ ਬੰਦਾ ਨਹੀਂ, ਸਗੋਂ ਦੇਵਤਾ ਸਮਝਣ ਲੱਗ ਪਿਆ।
(ਚਲਦਾ)
Leave a Reply