ਸਿੱਖ ਇਤਿਹਾਸ ਵਿਚ ਅਹਿਮ ਰਿਹਾ 2013 ਦਾ ਵਰ੍ਹਾ

ਅੰਮ੍ਰਿਤਸਰ: ਸਿੱਖ ਇਤਿਹਾਸ ਵਿਚ ਕੁਝ ਦਿਨਾਂ ਬਾਅਦ ਅਲਵਿਦਾ ਆਖ ਰਿਹਾ ਸਾਲ 2013 ਕਈ ਅਹਿਮ ਘਟਨਾਵਾਂ ਕਰਕੇ ਯਾਦ ਕੀਤਾ ਜਾਵੇਗਾ ਜਿਨ੍ਹਾਂ ਵਿਚ ਸਾਕਾ ਨੀਲਾ ਤਾਰਾ ਸ਼ਹੀਦੀ ਯਾਦਗਾਰ ਦੀ ਸਥਾਪਨਾ ਤੇ ਵਿਵਾਦ, ਦਿੱਲੀ ਕਮੇਟੀ ‘ਤੇ ਸ਼੍ਰੋਮਣੀ ਅਕਾਲੀ ਦਲ ਦਾ ਕਬਜ਼ਾ, ਵਿਦੇਸ਼ ਵਿਚ ਸਿੱਖ ਪਛਾਣ ਦਾ ਮੁੱਦਾ ਤੇ ਸਿੱਖ ਕੈਦੀਆਂ ਦੀ ਰਿਹਾਈ ਲਈ ਗੁਰਬਖਸ਼ ਸਿੰਘ ਖਾਲਸਾ ਵੱਲੋਂ ਭੁੱਖ ਹੜਤਾਲ ਦੇ ਰੂਪ ਵਿਚ ਸ਼ੁਰੂ ਕੀਤਾ ਸੰਘਰਸ਼ ਸ਼ਾਮਲ ਹਨ।
ਵਰ੍ਹੇ ਦੀ ਸ਼ੁਰੂਆਤ ਵਿਚ ਹੀ ਸ਼੍ਰੋਮਣੀ ਅਕਾਲੀ ਦਲ ਨੇ ਦਿੱਲੀ ਕਮੇਟੀ ਦੀਆਂ ਚੋਣਾਂ ਵਿਚ ਹੂੰਝਾ ਫੇਰ ਜਿੱਤ ਪ੍ਰਾਪਤ ਕੀਤੀ। ਇਨ੍ਹਾਂ ਨਤੀਜਿਆਂ ਨਾਲ ਦਿੱਲੀ ਕਮੇਟੀ ਵਿਚੋਂ ਸਰਨਾ ਭਰਾਵਾਂ ਦਾ ਰਾਜ ਖ਼ਤਮ ਹੋ ਗਿਆ। ਇਹ ਵਰ੍ਹਾ ਸਾਕਾ ਨੀਲਾ ਤਾਰਾ ਸ਼ਹੀਦੀ ਯਾਦਗਾਰ ਦੀ ਸਥਾਪਨਾ ਦਾ ਵੀ ਗਵਾਹ ਹੈ। ਪਿਛਲੇ 29 ਸਾਲਾਂ ਤੋਂ ਸ਼ਹੀਦੀ ਯਾਦਗਾਰ ਬਣਾਉਣ ਦੀ ਮੰਗ ਇਸੇ ਸਾਲ 27 ਅਪਰੈਲ ਨੂੰ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਸ਼ਹੀਦੀ ਯਾਦਗਾਰ ਆਮ ਲੋਕਾਂ ਲਈ ਖੋਲ੍ਹ ਦੇਣ ਨਾਲ ਪੂਰੀ ਹੋ ਗਈ।
ਇਸ ਯਾਦਗਾਰ ਦੀ ਉਸਾਰੀ ਦਮਦਮੀ ਟਕਸਾਲ ਵੱਲੋਂ ਕਰਵਾਈ ਗਈ ਸੀ, ਪਰ ਇਸ ਯਾਦਗਾਰ ਨੂੰ ਟਕਸਾਲ ਦੇ ਸਾਬਕਾ ਮੁਖੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੂੰ ਸਮਰਪਤ ਕੀਤੇ ਜਾਣ ਕਾਰਨ ਵਿਵਾਦ ਵੀ ਉਭਰਿਆ ਜੋ ਹੁਣ ਤੱਕ ਹੱਲ ਨਹੀਂ ਹੋ ਸਕਿਆ। ਇਸ ਵਿਵਾਦ ਕਾਰਨ ਸ਼੍ਰੋਮਣੀ ਕਮੇਟੀ ਤੇ ਦਮਦਮੀ ਟਕਸਾਲ ਆਹਮੋ-ਸਾਹਮਣੇ ਹਨ। ਦਮਦਮੀ ਟਕਸਾਲ ਵੱਲੋਂ ਯਾਦਗਾਰ ਦਾ ਨਾਂ ਸੰਤ ਭਿੰਡਰਾਂਵਾਲਿਆਂ ਦੇ ਨਾਂ ‘ਤੇ ਰੱਖਿਆ ਗਿਆ ਹੈ ਤੇ ਇਸ ਬਾਰੇ ਵੱਖ-ਵੱਖ ਬੋਰਡ ਵੀ ਲਾਏ ਗਏ ਜਿਸ ਦਾ ਸ਼੍ਰੋਮਣੀ ਕਮੇਟੀ ਨੇ ਸਖ਼ਤ ਵਿਰੋਧ ਕੀਤਾ।
ਇਸੇ ਦੌਰਾਨ ਨਵੰਬਰ 1984 ਵਿਚ ਵਾਪਰੇ ਸਿੱਖ ਕਤਲੇਆਮ ਵਿਚ ਮਾਰੇ ਗਏ ਸਿੱਖਾਂ ਦੀ ਯਾਦ ਵਿਚ ਦਿੱਲੀ ਵਿਖੇ ਯਾਦਗਾਰ ਬਣਾਉਣ ਦਾ ਮਾਮਲਾ ਵੀ ਵਿਵਾਦਾਂ ਵਿਚ ਘਿਰਿਆ ਰਿਹਾ। ਦਿੱਲੀ ਕਮੇਟੀ ਵੱਲੋਂ ਇਹ ਯਾਦਗਾਰ ਗੁਰਦੁਆਰਾ ਰਕਾਬਗੰਜ ਦੇ ਵਿਹੜੇ ਵਿਚ ਬਣਾਉਣ ਦੀ ਯੋਜਨਾ ਸੀ, ਜਿਸ ਖ਼ਿਲਾਫ਼ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੱਲੋਂ ਦਿੱਲੀ ਹਾਈਕੋਰਟ ਵਿਚ ਰਿਟ ਦਾਇਰ ਕੀਤੀ ਗਈ ਸੀ ਜਿਸ ਦਾ ਸ੍ਰੀ ਅਕਾਲ ਤਖ਼ਤ ਵੱਲੋਂ ਸਖ਼ਤ ਨੋਟਿਸ ਲਿਆ ਗਿਆ ਤੇ ਇਸ ਬਾਰੇ ਸ਼ ਸਰਨਾ ਨੂੰ ਤਲਬ ਕਰਕੇ ਨਾ ਸਿਰਫ਼ ਤਨਖਾਹ ਲਾਈ ਗਈ ਸਗੋਂ ਦਾਇਰ ਕੀਤੀ ਰਿੱਟ ਵਾਪਸ ਲੈਣ ਲਈ ਹਦਾਇਤ ਵੀ ਕੀਤੀ ਗਈ।
ਇਸੇ ਤਰ੍ਹਾਂ ਵਿਦੇਸ਼ ਵਿੱਚ ਸਿੱਖ ਪਛਾਣ ਦਾ ਮੁੱਦਾ ਵੀ ਭਾਰੂ ਰਿਹਾ। ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀæਕੇ ਨੂੰ ਇਟਲੀ ਦੇ ਹਵਾਈ ਅੱਡੇ ‘ਤੇ ਉਸ ਵੇਲੇ ਮਾਯੂਸੀ ਦਾ ਸਾਹਮਣਾ ਕਰਨਾ ਪਿਆ ਜਦੋਂ ਉਨ੍ਹਾਂ ਨੂੰ ਤਲਾਸ਼ੀ ਲਈ ਦਸਤਾਰ ਉਤਾਰਨ ਲਈ ਮਜਬੂਰ ਕੀਤਾ ਗਿਆ ਪਰ ਉਨ੍ਹਾਂ ਤਲਾਸ਼ੀ ਦੇਣ ਤੋਂ ਨਾਂਹ ਕਰ ਦਿੱਤੀ। ਮਗਰੋਂ ਇਹ ਮਾਮਲਾ ਕੇਂਦਰ ਸਰਕਾਰ ਦੇ ਦਖ਼ਲ ਨਾਲ ਹੱਲ ਹੋਇਆ। ਇਸੇ ਤਰ੍ਹਾਂ ਯੂæਕੇ ਵਿਚ ਇਕ ਨਾਬਾਲਿਗ ਕੁੜੀ ਵੱਲੋਂ ਬਜ਼ੁਰਗ ਸਿੱਖ ਨਾਲ ਦੁਰਵਿਹਾਰ ਕਰਨਾ ਤੇ ਕੋਲੰਬੀਆ ਯੂਨੀਵਰਸਿਟੀ ਦੇ ਪ੍ਰੋਫੈਸਰ ਪ੍ਰਭਜੋਤ ਸਿੰਘ ‘ਤੇ ਅਣਪਛਾਤੇ ਵਿਅਕਤੀਆਂ ਵੱਲੋਂ ਕੀਤਾ ਗਿਆ ਨਸਲੀ ਹਮਲਾ ਵੀ ਇਸੇ ਕੜੀ ਦਾ ਹਿੱਸਾ ਹੈ।
ਇਸੇ ਤਰ੍ਹਾਂ ਕੈਨੇਡਾ ਦੇ ਕਿਊਬਿਕ ਸੂਬੇ ਵਿਚ ਸਿੱਖ ਕਕਾਰਾਂ ‘ਤੇ ਪਾਬੰਦੀ ਲਾਉਣ ਦਾ ਮਾਮਲਾ ਵੀ ਚਰਚਾ ਦਾ ਵਿਸ਼ਾ ਰਿਹਾ ਹੈ। ਇਨ੍ਹਾਂ ਮਾਮਲਿਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਸ਼੍ਰੋਮਣੀ ਕਮੇਟੀ ਵੱਲੋਂ ਅਮਰੀਕਾ ਦੇ ਕੈਲੇਫੋਰਨੀਆ ਸੂਬੇ ਦੇ ਯੂਬਾ ਸਿਟੀ ਵਿਚ ਸਿੱਖ ਧਰਮ ਦੇ ਪ੍ਰਚਾਰ-ਪ੍ਰਸਾਰ ਲਈ ਗਲੋਬਲ ਸਿੱਖ ਸੈਂਟਰ ਸਥਾਪਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਮੁੜ ਜਥੇਬੰਦੀ ਦਾ ਪ੍ਰਧਾਨ ਚੁਣ ਲਿਆ ਗਿਆ।
ਸੁਖਬੀਰ ਦੀ ਅਗਵਾਈ ਹੇਠ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਚਾਰ ਵਿਚੋਂ ਤਿੰਨ ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕੀਤੀ ਹੈ। ਸਾਲ ਦੇ ਅੰਤ ਵਿਚ ਸਿੱਖ ਕੈਦੀਆਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਸ਼ੁਰੂ ਹੋਇਆ ਸੰਘਰਸ਼ ਅਜੇ ਜਾਰੀ ਹੈ। ਇਸ ਤੋਂ ਇਲਾਵਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਤਰਲੋਚਨ ਸਿੰਘ ਦਾ ਸਦੀਵੀ ਵਿਛੋੜਾ ਵੱਡੀ ਘਟਨਾ ਹੋ ਨਿਬੜੀ ਹੈ। ਹੁਣ ਉਨ੍ਹਾਂ ਦੀ ਥਾਂ ਗਿਆਨੀ ਮੱਲ ਸਿੰਘ ਨੂੰ ਤਖ਼ਤ ਦਾ ਜਥੇਦਾਰ ਨਿਯੁਕਤ ਕੀਤਾ ਗਿਆ ਹੈ।

Be the first to comment

Leave a Reply

Your email address will not be published.