ਗੁਰਬਚਨ ਸਿੰਘ ਭੁੱਲਰ
ਫੋਨ: 0091-11-65736868
ਈਮੇਲ: ਬਹੁਲਲਅਰਗਸ@ਨਗਮਅਲਿ। ਚੋਮ
ਨਵੇਂ ਸਾਲ ਦਾ ਪਹਿਲਾ ਦਿਨ ਪਹਿਲੀ ਜਨਵਰੀ ਜਸ਼ਨਾਂ ਨਾਲ ਮਨਾਇਆ ਜਾਂਦਾ ਹੈ। ਜੇ ਪੂਰੀ ਦੁਨੀਆਂ ਵਿਚ ਨਾ ਵੀ ਕਹੀਏ, ਦੁਨੀਆਂ ਦੇ ਵੱਡੇ ਹਿੱਸੇ ਵਿਚ ਇਹ ਇਕ ਵੱਡਾ ਤਿਉਹਾਰ ਬਣ ਚੁਕਾ ਹੈ। ਬਹੁਤ ਸਾਰੇ ਅਫ਼ਰੀਕੀ ਤੇ ਏਸ਼ੀਆਈ ਦੇਸਾਂ ਦੇ ਆਪਣੇ ਆਪਣੇ ਸਾਲ ਹਨ ਜੋ ਵੱਖ ਵੱਖ ਦਿਨਾਂ ਨੂੰ ਸ਼ੁਰੂ ਹੁੰਦੇ ਹਨ। ਪੰਜਾਬ ਦਾ ਪਰੰਪਰਾਗਤ ਨਵਾਂ ਸਾਲ ਵਿਸਾਖੀ ਨੂੰ ਸ਼ੁਰੂ ਹੁੰਦਾ ਹੈ। ਇਸੇ ਤਰ੍ਹਾਂ ਭਾਰਤ ਦੇ ਹੋਰ ਅਨੇਕ ਇਲਾਕਿਆਂ ਦੇ ਆਪਣੇ ਆਪਣੇ ਸਾਲ ਹਨ ਜਿਨ੍ਹਾਂ ਦਾ ਅਰੰਭ ਫ਼ਸਲਾਂ ਪੱਕਣ ਨਾਲ ਜਾਂ ਹੋਰ ਕਿਸੇ ਸਥਾਨਕ ਘਟਨਾ ਨਾਲ ਜੁੜਿਆ ਹੋਇਆ ਹੈ। ਭਾਰਤ ਦੇ ਲੋਕਾਂ ਦੇ ਅਨੇਕ ਤਿਉਹਾਰ ਹਨ ਜੋ ਇਲਾਕਿਆਂ, ਧਰਮਾਂ, ਭਾਈਚਾਰਿਆਂ, ਆਦਿ ਨਾਲ ਜੁੜੇ ਹੋਏ ਹਨ ਪਰ ਇਕ ਜਨਵਰੀ ਦੇ ਜਸ਼ਨ ਨੇ ਸਾਂਝਾ ਰੂਪ ਧਾਰ ਲਿਆ ਹੈ ਜਿਸ ਕਰਕੇ ਇਸ ਨੂੰ ਸਭ ਦੇਸਾਂ, ਧਰਮਾਂ ਤੇ ਭਾਈਚਾਰਿਆਂ ਦੇ ਲੋਕ ਇਕ ਸਰਬ-ਸਾਂਝਾ ਤਿਉਹਾਰ ਮੰਨਣ ਲੱਗ ਪਏ ਹਨ।
ਪਹਿਲੀ ਜਨਵਰੀ ਨੂੰ ਨਵਾਂ ਸਾਲ ਮਨਾਏ ਜਾਣ ਦੀ ਰੀਤ ਨੂੰ ਬਹੁਤੇ ਲੋਕ ਈਸਾ ਮਸੀਹ ਅਤੇ ਈਸਾਈ ਧਰਮ ਨਾਲ ਜੁੜੀ ਹੋਈ ਸਮਝਦੇ ਹਨ। ਸ਼ਾਇਦ ਇਹ ਗੱਲ ਹੈਰਾਨੀ ਵਾਲੀ ਲੱਗੇ ਪਰ ਇਹ ਧਾਰਨਾ ਪੂਰਨ ਸੱਚ ਨਹੀਂ। ਇਸ ਰੀਤ ਦਾ ਅਰੰਭ ਈਸਾ ਦੇ ਜਨਮ ਤੋਂ ਬਹੁਤ ਪਹਿਲਾਂ ਰੋਮਨ ਸਾਮਰਾਜ ਵਿਚ ਹੋ ਚੁੱਕਿਆ ਸੀ। ਉਸ ਸਮੇਂ ਦੇ ਰੋਮਨ ਲੋਕ ਪੁਰਾਤਨ ਭਾਰਤੀਆਂ ਵਾਂਗ ਹੀ ਅਨੇਕ ਦੇਵਤਿਆਂ ਦੀ ਪੂਜਾ ਕਰਦੇ ਸਨ। ਉਨ੍ਹਾਂ ਵਿਚੋਂ ਇਕ ਦੇਵਤੇ ਦਾ ਨਾਂ ਜਾਨੁਸ ਸੀ। ਉਹਨੂੰ ਉਹ ਦਰ-ਦਰਵਾਜ਼ਿਆਂ ਦਾ ਦੇਵਤਾ ਮੰਨਦੇ ਸਨ। ਉਨ੍ਹਾਂ ਨੇ ਸੋਚਿਆ, ਸਾਲ ਦਾ ਪਹਿਲਾ ਮਹੀਨਾ ਵੀ ਨਵੇਂ ਸਾਲ ਦਾ ਦਰ ਖੋਲ੍ਹਦਾ ਹੈ। ਇਸ ਕਰਕੇ ਆਪਣੇ ਕੈਲੰਡਰ ਵਿਚ ਉਨ੍ਹਾਂ ਨੇ ਸਾਲ ਦੇ ਪਹਿਲੇ ਮਹੀਨੇ ਦਾ ਨਾਂ ਜਾਨੁਸ ਦੇਵਤੇ ਦੇ ਨਾਂ ਤੋਂ ਜਨਵਰੀ ਰੱਖ ਲਿਆ। ਇਉਂ ਜਨਵਰੀ ਦਾ ਪਹਿਲਾ ਦਿਨ ਨਵੇਂ ਸਾਲ ਦੇ ਅਰੰਭ ਵਜੋਂ ਮਨਾਇਆ ਜਾਣ ਲੱਗਿਆ।
ਈਸਾ ਮਸੀਹ ਦੇ ਜਨਮ ਤੋਂ ਪਹਿਲਾਂ ਹੀ ਪਹਿਲੀ ਜਨਵਰੀ ਨੂੰ ਨਵਾਂ ਸਾਲ ਮਨਾਏ ਜਾਣ ਦੀ ਇਹ ਰੀਤ ਦੁਨੀਆਂ ਦੇ ਉਸ ਹਿੱਸੇ ਵਿਚ ਵੱਡੇ ਪੈਮਾਨੇ ਉਤੇ ਪ੍ਰਵਾਨ ਹੋ ਚੁੱਕੀ ਸੀ। ਉਨ੍ਹਾਂ ਦਾ ਜਨਮ, ਜਿਵੇਂ ਅਸੀਂ ਜਾਣਦੇ ਹੀ ਹਾਂ, 25 ਦਸੰਬਰ ਨੂੰ ਹੋਇਆ। ਉਨ੍ਹਾਂ ਦਾ ਪਰਿਵਾਰ ਜਿਸ ਕਬੀਲੇ ਵਿਚੋਂ ਸੀ, ਉਸ ਵਿਚ ਅੱਠਵੇਂ ਦਿਨ ਨਵੇਂ ਜਨਮੇ ਬਾਲ ਦੇ ਸਬੰਧ ਵਿਚ ਵਿਸ਼ੇਸ਼ ਰਸਮ ਨਿਭਾਈ ਜਾਂਦੀ ਸੀ ਅਤੇ ਖ਼ੂਬ ਖ਼ੁਸ਼ੀਆਂ ਮਨਾਈਆਂ ਜਾਂਦੀਆਂ ਸਨ। ਸਬੱਬ ਨਾਲ 25 ਦਸੰਬਰ ਤੋਂ ਗਿਣਿਆਂ ਈਸਾ ਮਸੀਹ ਦਾ ਅੱਠਵਾਂ ਦਿਨ ਵੀ ਪਹਿਲੀ ਜਨਵਰੀ ਨੂੰ ਪੈ ਗਿਆ। ਇਉਂ ਪਹਿਲਾਂ ਤੋਂ ਹੀ ਨਵੇਂ ਸਾਲ ਵਜੋਂ ਮਨਾਏ ਜਾਂਦੇ ਦਿਨ ਨੂੰ ਹੋਰ ਬਹੁਤਾ ਮਹੱਤਵ ਮਿਲ ਗਿਆ। ਪਰ ਉਸ ਸਮੇਂ ਆਵਾਜਾਈ ਦੇ ਅਤੇ ਲੋਕਾਂ ਦੇ ਮੇਲਜੋਲ ਦੇ ਸਾਧਨ ਅੱਜ ਵਰਗੇ ਤੇਜ਼ ਨਹੀਂ ਸਨ। ਸੁਭਾਵਿਕ ਸੀ ਕਿ ਬਾਹਰਲੇ ਅਸਰ ਕਬੂਲਣ ਦਾ ਅਮਲ ਵੀ ਧੀਮਾ ਹੀ ਹੁੰਦਾ ਸੀ। ਇਸੇ ਕਰਕੇ ਈਸਾ ਮਸੀਹ ਤੋਂ ਬਹੁਤ ਮਗਰੋਂ ਤੱਕ ਯੂਰਪੀ ਦੇਸਾਂ ਵਿਚ ਵੀ ਨਵਾਂ ਸਾਲ ਵੱਖ ਵੱਖ ਦਿਨਾਂ ਨੂੰ ਮਨਾਇਆ ਜਾਂਦਾ ਰਿਹਾ। ਤਾਂ ਵੀ ਰੋਮਨਾਂ ਦੇ ਜਾਨੁਸ ਦੇਵਤੇ ਤੋਂ ਸ਼ੁਰੂ ਹੋਇਆ ਪਹਿਲੀ ਜਨਵਰੀ ਦਾ ਦਿਨ ਹੌਲ਼ੀ ਹੌਲ਼ੀ ਹਰ ਅਜਿਹੀ ਥਾਂ ਮਨਾਇਆ ਜਾਣ ਲੱਗਿਆ ਜਿਥੇ ਜਿਥੇ ਵੀ ਈਸਾ ਦੇ ਨਾਮਲੇਵਾ ਰਹਿੰਦੇ ਸਨ।
ਕੁਛ ਸਦੀਆਂ ਪਹਿਲਾਂ ਯੂਰਪੀ ਦੇਸਾਂ ਨੂੰ ਦੂਜੇ ਮਹਾਂਦੀਪਾਂ ਦੇ ਦੇਸਾਂ ਦੀਆਂ ਦੌਲਤਾਂ ਅਤੇ ਨਿਅਮਤਾਂ ਲਲਚਾਉਣ ਲੱਗੀਆਂ। ਉਨ੍ਹਾਂ ਨੂੰ ਲੁੱਟਣ ਖਾਤਰ ਯੂਰਪੀ ਦੇਸਾਂ ਨੇ ਸਿੱਧੇ ਹਮਲਿਆਂ ਸਮੇਤ ਹਰ ਛਲ-ਕਪਟ ਤੇ ਚਤੁਰਾਈ ਵਰਤ ਕੇ ਇਨ੍ਹਾਂ ਦੇਸ਼ਾਂ ਉਤੇ ਕਬਜ਼ੇ ਕੀਤੇ ਅਤੇ ਰਾਜ ਕਰਨ ਲੱਗੇ। ਬਰਤਾਨੀਆ, ਫ਼ਰਾਂਸ, ਸਪੇਨ, ਪੁਰਤਗਾਲ ਜਿਹੇ ਹਮਲਾਵਰ ਦੇਸ਼ਾਂ ਨੇ ਆਪਣੇ ਆਪਣੇ ਵਿਸ਼ਾਲ ਸਾਮਰਾਜ ਕਾਇਮ ਕਰ ਲਏ। ਹਿੰਦੋਸਤਾਨ ਬਰਤਾਨਵੀ ਸਾਮਰਾਜ ਦਾ ਅੰਗ ਬਣ ਗਿਆ। ਕੁਦਰਤੀ ਸੀ ਕਿ ਇਨ੍ਹਾਂ ਸਾਮਰਾਜਾਂ ਵਿਚ ਨਵੇਂ ਹਾਕਮਾਂ ਦੇ ਨਾਲ ਹੀ ਉਨ੍ਹਾਂ ਦੇ ਰੀਤੀ-ਰਿਵਾਜ, ਭਾਸ਼ਾ, ਸਭਿਆਚਾਰ, ਤਿਉਹਾਰ ਆਦਿ ਵੀ ਪੁਜਦੇ। ‘ਜਥਾ ਰਾਜਾ ਤਥਾ ਪਰਜਾ’ ਦੀ ਕਹਾਵਤ ਅਨੁਸਾਰ ਇਸ ਸਭ ਕੁਛ ਦਾ ਪ੍ਰਭਾਵ ਸਥਾਨਕ ਰਹਿਣ-ਸਹਿਣ ਉਤੇ ਪੈਣਾ ਸੁਭਾਵਿਕ ਸੀ। ਇਸ ਸਦਕਾ ਉਨ੍ਹਾਂ ਵਾਲਾ ਕੈਲੰਡਰ ਅਤੇ ਪਹਿਲੀ ਜਨਵਰੀ ਨੂੰ ਨਵੇਂ ਸਾਲ ਦੇ ਦਿਨ ਵਜੋਂ ਮਨਾਏ ਜਾਣ ਦਾ ਰਿਵਾਜ ਸਾਡੇ ਜੀਵਨ ਦਾ ਵੀ ਅੰਗ ਬਣ ਗਿਆ।
ਹੁਣ ਸਾਮਰਾਜ ਖ਼ਤਮ ਹੋ ਗਏ ਹਨ ਪਰ ਵਿਗਿਆਨ ਦੀ ਤਰੱਕੀ ਨਾਲ ਦੁਨੀਆਂ ਦੇ ਦੇਸ਼ਾਂ ਵਿਚਕਾਰ ਆਵਾਜਾਈ, ਲੈਣ-ਦੇਣ, ਵਪਾਰ ਆਦਿ ਸਾਧਾਰਨ ਗੱਲਾਂ ਬਣ ਗਏ ਹਨ। ਇਨ੍ਹਾਂ ਸਭ ਕੰਮਾਂ ਦੀ ਪੂਰਤੀ ਵਿਚ ਕਈ ਸਾਂਝੀਆਂ ਚੀਜ਼ਾਂ ਸਹਾਈ ਹੁੰਦੀਆਂ ਹਨ। ਕੈਲੰਡਰ ਦੀ ਸਾਂਝ ਉਨ੍ਹਾਂ ਵਿਚੋਂ ਇਕ ਹੈ। ਇਸੇ ਕਰਕੇ ਪਹਿਲੀ ਜਨਵਰੀ ਤੋਂ ਸ਼ੁਰੂ ਹੁੰਦੇ ਸਾਲ ਵਾਲਾ ਕੈਲੰਡਰ ਹੁਣ ਲਗਭਗ ਸਾਰੀ ਦੁਨੀਆਂ ਵਿਚ ਪਰਵਾਨਿਆ ਜਾ ਚੁੱਕਿਆ ਹੈ। ਸਮੇਂ ਨਾਲ ਲੋਕਾਂ ਦੀ ਨਜ਼ਰ ਵਿਚ ਇਸ ਦਾ ਰੋਮਨ ਮੁੱਢ ਅਤੇ ਈਸਾਈ ਆਧਾਰ ਵੀ ਫਿੱਕਾ ਪੈ ਗਿਆ ਅਤੇ ਇਹਨੇ ਨਿਰੋਲ ਦੁਨਿਆਵੀ ਨਵੇਂ ਸਾਲ ਦੇ ਜਸ਼ਨ ਦਾ ਰੂਪ ਧਾਰ ਲਿਆ।
ਤਿਉਹਾਰ ਖ਼ੁਸ਼ੀ ਲਿਆਉਂਦੇ ਹਨ ਅਤੇ ਲੋਕਾਂ ਦੇ ਮਨ ਵਿਚ ਵਸ ਜਾਂਦੇ ਹਨ। ਹੁਣ ਕਾਰੋਬਾਰੀ ਤੇ ਵਪਾਰੀ ਆਮ ਲੋਕਾਂ ਦੇ ਇਸ ਜਜ਼ਬੇ ਦਾ ਲਾਹਾ ਲੈ ਕੇ ਹਰ ਤਿਉਹਾਰ ਨੂੰ ਮਾਇਆ ਕਮਾਉਣ ਦਾ ਵਸੀਲਾ ਬਣਾਉਣ ਲੱਗੇ ਹਨ। ਲੋਕਾਂ ਵਿਚ ਕਿਸੇ ਤਿਉਹਾਰ ਦੀ ਕੁਦਰਤੀ ਖਿੱਚ ਤੋਂ ਇਲਾਵਾ ਪ੍ਰਚਾਰ ਰਾਹੀਂ ਉਸ ਵਿਚ ਨਵੇਂ ਨਵੇਂ ਪੱਖ ਜੋੜੇ ਜਾਂਦੇ ਹਨ। ਇਸ ਨੀਤੀ ਅਧੀਨ ਸਾਡੇ ਦੇਸ਼ ਵਿਚ ਵੀ ਅਜਿਹੇ ਤਿਉਹਾਰ ਮਨਾਏ ਜਾਣੇ ਸ਼ੁਰੂ ਹੋ ਗਏ ਹਨ ਜਿਨ੍ਹਾਂ ਦਾ ਪਹਿਲਾਂ ਕਦੀ ਕਿਸੇ ਨੇ ਨਾਂ ਵੀ ਨਹੀਂ ਸੀ ਸੁਣਿਆ। ਸਾਡੇ ਜੀਵਨ ਵਿਚ ਤਾਂ ਹਰ ਦਿਨ ਆਪਣਿਆਂ ਦਾ ਦਿਨ ਹੁੰਦਾ ਸੀ। ਹੁਣ ‘ਦੋਸਤੀ ਦਿਵਸ’, ‘ਮਾਤਾ ਦਿਵਸ’, ‘ਪਿਤਾ ਦਿਵਸ’, ‘ਭੈਣ ਦਿਵਸ’, ‘ਭਰਾ ਦਿਵਸ’ ਤੇ ਹੋਰ ਪਤਾ ਨਹੀਂ ਕਿਹੜੇ ਕਿਹੜੇ ਦਿਵਸਾਂ ਨੂੰ ਕਰੋੜਾਂ ਰੁਪਏ ਦੇ ਕਾਰਡ ਤੇ ਤੋਹਫ਼ੇ ਵਿਕਦੇ ਹਨ।
ਸ਼ਹਿਰਾਂ ਵਿਚ ਨਵੇਂ ਸਾਲ ਦੀ ਰਾਤ ਵਾਸਤੇ ਪ੍ਰਸਿੱਧ ਹੋਟਲਾਂ ਵਿਚ ਆਮ ਨਾਲੋਂ ਕਈ ਗੁਣਾ ਵੱਧ ਦਰ ਨਾਲ ਪਹਿਲਾਂ ਹੀ ਬੁਕਿੰਗ ਹੋ ਜਾਂਦੀ ਹੈ। ਇਹ ਸੁਣ ਕੇ ਆਮ ਆਦਮੀ ਹੈਰਾਨ ਰਹਿ ਜਾਂਦਾ ਹੈ ਕਿ ਅਮਕੇ ਹੋਟਲ ਨੇ ਨਵੇਂ ਸਾਲ ਦੀ ਰਾਤ ਇਕ ਘੰਟੇ ਦਾ ਨਾਚ ਪੇਸ਼ ਕਰਨ ਵਾਸਤੇ ਅਮਕੀ ਪ੍ਰਸਿੱਧ ਅਭਿਨੇਤਰੀ ਨੂੰ ਇਕ, ਡੇਢ ਜਾਂ ਦੋ ਕਰੋੜ ਰੁਪਿਆ ਦਿੱਤਾ ਹੈ। ਇਹ ਪੈਸਾ ਪੂਰਾ ਕਰਨ ਲਈ ਅਤੇ ਖੁੱਲ੍ਹਾ ਨਫ਼ਾ ਕਮਾਉਣ ਲਈ ਉਸ ਹੋਟਲ ਦਾ ਬੂਹਾ ਖੋਲ੍ਹਣ ਵਾਸਤੇ ਗਾਹਕ ਦੀ ਜੇਬ ਕਿੰਨੀ ਕੱਟੀ ਜਾਂਦੀ ਹੋਵੇਗੀ, ਇਹ ਅੰਦਾਜ਼ਾ ਲਾਉਣਾ ਔਖਾ ਨਹੀਂ। ਮਾਇਆਧਾਰੀਆਂ ਦੀ ਗੱਲ ਤਾਂ ਛੱਡੋ, ਹੁਣ ਤਾਂ ਆਮ ਲੋਕ ਵੀ ਹੋਟਲਾਂ-ਰੈਸਟੋਰੈਂਟਾਂ ਵਿਚ ਮੌਜ-ਮੇਲਾ ਕਰਦੇ ਹਨ ਅਤੇ ਰਾਤ ਦੇ ਬਾਰਾਂ ਬਜੇ ਪਟਾਕੇ ਚਲਾਉਂਦੇ ਹਨ ਤੇ ਸ਼ੁਰਲੀਆਂ ਛਡਦੇ ਹਨ। ਇੰਨਾ ਹੀ ਨਹੀਂ, ਮੰਦਰਾਂ, ਗੁਰਦੁਆਰਿਆਂ ਵਿਚ ਵੀ ਹੁਣ ਰਾਤ 12 ਵਜੇ ਨਵਾਂ ਸਾਲ ਮਨਾਇਆ ਜਾਣ ਲੱਗਾ ਹੈ, ਖਾਸ ਕਰਕੇ ਵਿਦੇਸ਼ਾਂ ਵਿਚ।
ਇਸ ਸਾਰੇ ਰਾਮਰੌਲ਼ੇ ਦੇ ਨਾਲ ਨਾਲ ਨਵੇਂ ਸਾਲ ਦੇ ਜਸ਼ਨ ਦਾ ਇਕ ਪੱਖ ਅਜਿਹਾ ਹੈ ਜੋ ਸਾਡੇ ਵਾਸਤੇ ਬਹੁਤ ਲਾਭਦਾਇਕ ਹੋ ਸਕਦਾ ਹੈ। ਅਖ਼ਬਾਰਾਂ-ਰਸਾਲਿਆਂ ਵਿਚ ਅਜਿਹੇ ਚਿਤਰ ਤੇ ਕਾਰਟੂਨ ਛਾਪੇ ਜਾਂਦੇ ਹਨ ਜਿਨ੍ਹਾਂ ਵਿਚ ਬਜ਼ੁਰਗ ਬਣਿਆ ਪੁਰਾਣਾ ਸਾਲ ਨਵੇਂ ਸਾਲ ਦੇ ਬਾਲ ਨੂੰ ਜ਼ਿੰਮੇਦਾਰੀ ਸੌਂਪ ਰਿਹਾ ਹੁੰਦਾ ਹੈ। ਅਸੀਂ ਵੀ ਪੁਰਾਣੇ ਸਾਲ ਦੇ ਨਾਲ ਹੀ ਪੁਰਾਣਾ ਬਹੁਤ ਕੁਛ ਤਿਆਗ ਕੇ ਨਵੇਂ ਸਾਲ ਨਾਲ ਨਵਾਂ ਅਰੰਭ ਕਰ ਸਕਦੇ ਹਾਂ। ਇਹ ਜਾਣਨਾ ਪਾਠਕਾਂ ਵਾਸਤੇ ਦਿਲਚਸਪ ਹੋਵੇਗਾ ਕਿ ਰੋਮਨਾਂ ਦਾ ਜਾਨੁਸ ਦੇਵਤਾ ਦੋ ਚਿਹਰਿਆਂ ਵਾਲਾ ਸੀ। ਉਹ ਅੱਗੇ ਵੀ ਦੇਖ ਸਕਦਾ ਸੀ ਤੇ ਪਿਛੇ ਵੀ। ਇਸੇ ਕਰਕੇ ਉਨ੍ਹਾਂ ਨੇ ਪਹਿਲੇ ਮਹੀਨੇ ਦਾ ਨਾਂ ਜਨਵਰੀ ਰੱਖ ਕੇ ਨਵੇਂ ਸਾਲ ਦੇ ਦਿਨ ਨੂੰ ਉਸ ਨਾਲ ਜੋੜਿਆ। ਇਸ ਸਿਆਣੀ ਸੋਚ ਦਾ ਅਰਥ ਇਹ ਹੈ ਕਿ ਅਸੀਂ ਵੀ ਇਸ ਦਿਨ ਬੀਤੇ ਅਤੇ ਆਉਂਦੇ ਦੋਵਾਂ ਸਾਲਾਂ ਉਤੇ ਝਾਤ ਪਾਈਏ।
ਇਸ ਦਿਨ ਪਿਛੇ ਵੱਲ ਝਾਤ ਮਾਰ ਕੇ ਸਾਨੂੰ ਇਹ ਹਿਸਾਬ-ਕਿਤਾਬ ਲਾਉਣਾ ਚਾਹੀਦਾ ਹੈ ਕਿ ਬੀਤੇ ਸਾਲ ਵਿਚ ਸਾਨੂੰ ਜੋ ਕੁਛ ਕਰਨਾ ਚਾਹੀਦਾ ਸੀ, ਉਸ ਵਿਚੋਂ ਕਿੰਨਾ ਹੋਇਆ ਅਤੇ ਕਿੰਨਾ ਅਣਕੀਤਾ ਰਹਿ ਗਿਆ। ਅਸੀਂ ਕਿਹੜੇ ਚੰਗੇ ਕੰਮ ਕੀਤੇ ਜੋ ਕਰਦੇ ਰਹਿਣਾ ਚਾਹੀਦਾ ਹੈ ਤੇ ਕਿਹੜੇ ਮਾੜੇ ਕੰਮ ਕੀਤੇ ਜਿਨ੍ਹਾਂ ਨੂੰ ਦੁਹਰਾਇਆ ਨਹੀਂ ਜਾਣਾ ਚਾਹੀਦਾ। ਇਸੇ ਪ੍ਰਕਾਰ ਨਵੇਂ ਸਾਲ ਵਾਸਤੇ ਕਰਨਯੋਗ ਕੰਮਾਂ ਦੀ ਵਿਉਂਤ ਬਣਾਉਣੀ ਚਾਹੀਦੀ ਹੈ ਅਤੇ ਕੋਈ ਬੁਰਾ ਕੰਮ ਨਾ ਕਰਨ ਦਾ ਆਪਣੇ ਆਪ ਨਾਲ ਇਕਰਾਰ ਕਰਨਾ ਚਾਹੀਦਾ ਹੈ। ਨਵੇਂ ਸਾਲ ਦਾ ਦਿਨ ਇਸ ਰੂਪ ਵਿਚ ਹੀ ਸਾਰਥਕ ਹੋ ਸਕਦਾ ਹੈ।
Leave a Reply