ਤਮੰਨਾ ਦਿਲ ਵਿਚ ਲੈ ਕੇ ਰੁਖ਼ਸਤ ਹੋ ਗਏ ਭਾਈ ਲਾਲ

ਚੰਡੀਗੜ੍ਹ: ਲੱਖਾਂ ਰੂਹਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਗੁਰੂਘਰ ਨਾਲ ਜੋੜਨ ਵਾਲੇ ਰਬਾਬੀ ਭਾਈ ਲਾਲ ਜੀ ਦਾ ਲਾਹੌਰ ਵਿਖੇ ਦੇਹਾਂਤ ਹੋ ਗਿਆ। ਉੁਹ 85 ਸਾਲ ਦੇ ਸਨ। ਭਾਈ ਲਾਲ ਜੀ ਗੁਰੂ ਨਾਨਕ ਸਾਹਿਬ ਦੇ ਪਿਆਰੇ ਸਾਥੀ ਭਾਈ ਮਰਦਾਨਾ ਦੀ ਸਤਾਰਵੀਂ ਪੀੜ੍ਹੀ ਵਿਚੋਂ ਸਨ। ਨਮੂਨੀਆ ਹੋ ਜਾਣ ਕਾਰਨ ਉਨ੍ਹਾਂ ਨੂੰ ਲਾਹੌਰ ਦੇ ਸਰਵਰ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਸੀ ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਉਹ ਆਈæਸੀæਯੂæ ਵਿਚ ਸਨ। ਭਾਈ ਲਾਲ ਦੀ ਤਮੰਨਾ ਸੀ ਕਿ ਉਹ ਹਰਿਮੰਦਰ ਸਾਹਿਬ ਵਿਖੇ ਕੀਰਤਨ ਕਰਨ, ਪਰ ਉਨ੍ਹਾਂ ਦੀ ਇਹ ਤਮੰਨਾ ਪੂਰੀ ਨਾ ਹੋ ਸਕੀ।
ਜ਼ਿਕਰਯੋਗ ਹੈ ਕਿ ਭਾਈ ਲਾਲ ਜੀ ਪਿਛਲੇ ਸੱਤ ਦਹਾਕਿਆਂ ਤੋਂ ਗੁਰਬਾਣੀ ਕੀਰਤਨ ਕਰਦੇ ਆ ਰਹੇ ਹਨ। 1947 ਤੱਕ ਉਹ ਆਪਣੇ ਸਾਥੀਆਂ ਨਾਲ ਦਰਬਾਰ ਸਾਹਿਬ, ਤਰਨਤਾਰਨ, ਖਡੂਰ ਸਾਹਿਬ, ਗੋਇੰਦਵਾਲ ਸਾਹਿਬ, ਡੇਹਰਾ ਸਾਹਿਬ ਲਾਹੌਰ, ਨਨਕਾਣਾ ਸਾਹਿਬ, ਪੰਜਾ ਸਾਹਿਬ ਤੇ ਹੋਰ ਇਤਿਹਾਸਕ ਗੁਰੂਘਰਾਂ ਵਿਚ ਕੀਰਤਨ ਕਰਦੇ ਰਹੇ। ਉਹ ਗੁਰੂ-ਘਰ ਦੇ ਹਜ਼ੂਰੀ ਰਾਗੀ ਸਨ ਪਰ 1947 ਵਿਚ ਉਨ੍ਹਾਂ ਨੂੰ ਮਾਰਧਾੜ ਵਾਲੇ ਮਾਹੌਲ ਵਿਚ ਭਰੇ ਮਨ ਨਾਲ ਅੰਮ੍ਰਿਤਸਰ ਛੱਡਣਾ ਪਿਆ ਤੇ ਲਾਹੌਰ ਜਾ ਵਸੇ ਪਰ ਉਥੇ ਜਾ ਕੇ ਵੀ ਉਨ੍ਹਾਂ ਨੇ ਗੁਰਬਾਣੀ ਦਾ ਪੱਲਾ ਨਾ ਛਡਿਆ ਤੇ ਸੰਗਤ ਨੂੰ ਗੁਰਬਾਣੀ ਕੀਰਤਨ ਨਾਲ ਨਿਹਾਲ ਕਰਦੇ ਰਹੇ। ਕੁਝ ਸਾਲਾਂ ਤੋਂ ਉਹ ਸੰਗਤ ਦੀ ਬੇਨਤੀ ‘ਤੇ ਭਾਰਤ ਆ ਕੇ ਕੀਰਤਨ ਕਰਦੇ ਸਨ। ਅੰਤਰਰਾਸ਼ਟਰੀ ਭਾਈ ਮਰਦਾਨਾ ਕੀਰਤਨ ਦਰਬਾਰ ਸੁਸਾਇਟੀ ਪੰਜਾਬ ਦੇ ਮੀਤ ਪ੍ਰਧਾਨ ਗੁਰਪਾਲ ਸਿੰਘ ਸਿੱਧੂ ਨੇ ਕਿਹਾ ਕਿ ਭਾਈ ਲਾਲ ਜੀ ਅਪਣੇ ਪੁੱਤਰਾਂ ਤੇ ਪੋਤਿਆਂ ਨੂੰ ਵੀ ਇਹ ਨਸੀਹਤ ਕਰਦੇ ਸਨ ਕਿ ਗੁਰਬਾਣੀ ਕੀਰਤਨ ਨਹੀਂ ਛੱਡਣਾ, ਇਸ ਕਰ ਕੇ ਉਹ ਵੀ ਗੁਰਬਾਣੀ ਕੀਰਤਨ ਪ੍ਰੰਪਰਾ ਨੂੰ ਅੱਗੇ ਵਧਾ ਰਹੇ ਹਨ। ਭਾਈ ਲਾਲ ਜੀ ਦਾ ਜਨਮ ਗੋਇੰਦਵਾਲ ਸਾਹਿਬ ਵਿਖੇ ਹੋਇਆ ਸੀ। ਤਮੰਨਾ ਦਿਲ ਵਿਚ ਹੀ ਰਹਿ ਗਈ: ਕਈ ਸਿੱਖ ਵਿਦਵਾਨਾਂ ਅਤੇ ਗਰਮਤਿ ਸੰਗੀਤ ਨਾਲ ਸਬੰਧਤ ਸ਼ਖਸੀਅਤਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕੀਤੀ ਸੀ ਕਿ ਭਾਈ ਲਾਲ ਨੂੰ ਹਰਿਮੰਦਰ ਸਾਹਿਬ ਵਿਖੇ ਕੀਰਤਨ ਕਰਨ ਦੀ ਆਗਿਆ ਦੇ ਦਿੱਤੀ ਜਾਵੇ ਪਰ ਅਜਿਹਾ ਕੀਤਾ ਨਹੀਂ ਗਿਆ। ਸ਼੍ਰੋਮਣੀ ਕਮੇਟੀ ਦਾ ਤਰਕ ਸੀ ਕਿ ਸਿਰਫ ਅੰਮ੍ਰਿਤਧਾਰੀ ਸਿੱਖ ਹੀ ਉਥੇ ਕੀਰਤਨ ਕਰ ਸਕਦਾ ਹੈ।
ਯਾਦ ਰਹੇ ਕਿ ਮੁਸਲਿਮ ਰਬਾਬੀ ਸਦੀਆਂ ਤੋਂ ਹਰਿਮੰਦਰ ਸਾਹਿਬ ਵਿਖੇ ਕੀਰਤਨ ਕਰਦੇ ਆ ਰਹੇ ਹਨ ਪਰ ਸਿੱਖ ਕੋਡ ਲਾਗੂ ਹੋਣ ਤੋਂ ਬਾਅਦ ਸਿਰਫ ਅੰਮ੍ਰਿਤਧਾਰੀ ਸਿੱਖਾਂ ਨੂੰ ਹੀ ਉਥੇ ਕੀਰਤਨ ਕਰਨ ਦੀ ਆਗਿਆ ਦਿੱਤੀ ਗਈ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਨੇ ਕਿਹਾ ਹੈ ਕਿ ਭਾਈ ਲਾਲ ਦੀ ਤਮੰਨਾ ਪੂਰੀ ਨਾ ਹੋਣ ਦਾ ਉਨ੍ਹਾਂ ਨੂੰ ਦੁੱਖ ਹੈ ਪਰ ਰਵਾਇਤ ਦਾ ਖਿਆਲ ਰੱਖਣਾ ਹੀ ਪੈਂਦਾ ਹੈ। ਕਿਸੇ ਇਕ ਬੰਦੇ ਲਈ ਰਵਾਇਤ ਨਹੀਂ ਤੋੜੀ ਜਾ ਸਕਦੀ। ਉਂਜ ਵੀ ਇਸ ਬਾਰੇ ਕੋਈ ਵੀ ਫੈਸਲਾ ਪੰਜ ਸਿੰਘ ਸਾਹਿਬਾਨ ਨੇ ਹੀ ਕਰਨਾ ਸੀ।

Be the first to comment

Leave a Reply

Your email address will not be published.