ਕਬੱਡੀ ਦੇ ਬਹੁਕਰੋੜੀ ਕੱਪ ਦੀ ਬੱਲੇ ਬੱਲੇ!

ਪ੍ਰਿੰæ ਸਰਵਣ ਸਿੰਘ
ਫੋਨ: 91-94651-01651
ਕਬੱਡੀ ਵਿਸ਼ਵ ਕੱਪ ਨੇ ਕਈ ਦਿਨ ਕਬੱਡੀ ਦੀ ਬੱਲੇ ਬੱਲੇ ਕਰਾਈ ਰੱਖੀ। ਇਸ ਦੇ ਮੈਚ ਸੌ ਤੋਂ ਵੱਧ ਮੁਲਕਾਂ ‘ਚ ਵਸਦੇ ਪੰਜਾਬੀਆਂ ਨੇ ਚਾਅ ਨਾਲ ਵੇਖੇ। ਮੁੰਡਿਆਂ ਦੇ ਨਾਲ ਕੁੜੀਆਂ ਦੀ ਕਬੱਡੀ ਦੀ ਵੀ ਚੜ੍ਹ ਮੱਚੀ। ਜਿੰਨੇ ਢੋਲ ਢਮੱਕੇ ਨਾਲ ਇਹ ਕੱਪ ਸ਼ੁਰੂ ਹੋਇਆ ਉਨੇ ਹੀ ਰੌਣਕ ਮੇਲੇ ਨਾਲ ਸਮਾਪਤ ਹੋਇਆ। ਬਾਲੀਵੁੱਡ ਦੀ ਅਦਾਕਾਰਾ ਪ੍ਰਿਯੰਕਾ ਚੋਪੜਾ ਦੇ ਬੇਹੱਦ ਮਹਿੰਗੇ ਠੁਮਕਿਆਂ ਨਾਲ ਇਸ ਦਾ ਉਦਘਾਟਨੀ ਸਮਾਰੋਹ ਹੋਇਆ ਅਤੇ ਨੱਚਦੇ ਗਾਉਂਦੇ ਗਾਇਕਾਂ ਤੇ ਫਿਲਮੀ ਕਲਾਕਾਰ ਰਣਵੀਰ ਸਿੰਘ ਦੀਆਂ ਕਲਜੁਗੀ ਕਲਾਬਾਜ਼ੀਆਂ ਨਾਲ ਇਹਦਾ ਸਮਾਪਤੀ ਸਮਾਰੋਹ ਹੋਇਆ। ਸਾਰੇ ਖਰਚੇ ਲਾ ਪਾ ਕੇ ਇਹ ਕੱਪ ਵੀਹ ਕਰੋੜ ਰੁਪਏ ਤੋਂ ਵੱਧ ‘ਚ ਪਿਆ!
ਕੰਪਨੀਆਂ ਤੋਂ ਲੈ ਦੇ ਕੇ ਭਰੇ ਕਰੋੜਾਂ ਦੇ ਭੰਡਾਰੇ ‘ਚੋਂ ਸੱਤ ਕੁ ਕਰੋੜ ਰੁਪਏ ਦੇ ਇਨਾਮ ਖਿਡਾਰੀਆਂ ‘ਚ ਵੰਡੇ ਗਏ ਤੇ ਏਨੇ ਕੁ ਉਦਘਾਟਨੀ ਤੇ ਸਮਾਪਤੀ ਸ਼ੋਆਂ ਦੇ ਕਲਾਕਾਰਾਂ ਨੂੰ ਦਿੱਤੇ ਗਏ। ਬਾਕੀ ਖਰਚੇ ਆਵਾਜਾਈ, ਹੋਟਲਾਂ ਤੇ ਖਾਣ ਪੀਣ ਦੇ ਹੋਏ। ਇਹ 15 ਦਿਨਾਂ ਦਾ ਖੇਡ ਮੇਲਾ ਸੀ ਜਿਸ ਦੇ 45 ਮੈਚ 13 ਥਾਂਵਾਂ ਉਤੇ ਵਿਖਾਏ ਗਏ। ਸਾਰਾ ਸਰਕਾਰੀ ਅਮਲਾ ਇਹਦੀ ਤਿਆਰੀ ‘ਚ ਲੱਗਾ ਰਿਹਾ। ਵਿਸ਼ਵ ਕੱਪ ਕਰਾਉਣ ਨਾਲ ਪੰਜਾਬ ਦੀ ਦੇਸੀ ਖੇਡ ਕਬੱਡੀ ਦੀ ਤਾਂ ਬੱਲੇ ਬੱਲੇ ਹੋਣੀ ਹੀ ਸੀ, ਨਾਲ ਪੰਜਾਬ ਸਰਕਾਰ ਤੇ ਸ਼ ਸੁਖਬੀਰ ਸਿੰਘ ਬਾਦਲ, ਉਪ ਮੁੱਖ ਮੰਤਰੀ, ਪੰਜਾਬ ਦੀ ਵੀ ਬੜੀ ਬੱਲੇ ਬੱਲੇ ਹੋਈ!
ਕਬੱਡੀ ਦਾ ਇਹ ਚੌਥਾ ਵਿਸ਼ਵ ਕੱਪ ਸੀ। ਇਸ ਵਿਚ ਮਰਦਾਂ ਦੀਆਂ 11 ਤੇ ਔਰਤਾਂ ਦੀਆਂ 8 ਟੀਮਾਂ ਨੇ ਭਾਗ ਲਿਆ। ਇਹ 19 ਟੀਮਾਂ 13 ਮੁਲਕਾਂ ਤੋਂ ਸਨ। ਹੁਣ ਤਕ ਹੋਏ ਚਾਰੇ ਵਿਸ਼ਵ ਕੱਪ ਭਾਰਤ ਦੀਆਂ ਕਬੱਡੀ ਟੀਮਾਂ ਨੇ ਜਿੱਤੇ ਹਨ ਜਿਨ੍ਹਾਂ ਵਿਚ ਹਰ ਵਾਰ ਪੰਜਾਬ ਦੇ ਖਿਡਾਰੀ ਹੀ ਖੇਡਦੇ ਹਨ। ਭਾਰਤੀ ਲੜਕੀਆਂ ਦੀ ਟੀਮ ਵਿਚ ਪੰਜਾਬਣਾਂ ਦੇ ਨਾਲ ਕੁਝ ਹਰਿਆਣੇ ਦੀਆਂ ਛੋਹਰੀਆਂ ਵੀ ਰਲ ਜਾਂਦੀਆਂ ਹਨ। ਮਰਦਾਂ ਦੀ ਕਬੱਡੀ ਦਾ ਦੋ ਕਰੋੜੀ ਇਨਾਮ ਤੇ ਕੁੜੀਆਂ ਦੀ ਕਬੱਡੀ ਦਾ ਇਕ ਕਰੋੜੀ ਇਨਾਮ ਪੰਜਾਬ ਤੇ ਹਰਿਆਣੇ ਦੇ ਮੁੰਡੇ ਕੁੜੀਆਂ ਹੀ ਜਿੱਤਦੇ ਆ ਰਹੇ ਹਨ। ਕੁਮੈਂਟੇਟਰ ਟੱਪੇ ਬੋਲਣ ਲੱਗ ਪਏ ਨੇ-ਖੇਡੋ ਮੁੰਡਿਓ ਖੇਡ ਕਬੱਡੀ, ਖੜ੍ਹਨਾ ਛੱਡ ਦਿਓ ਮੋੜਾਂ ‘ਤੇ, ਬਾਦਲ ਸਾਹਬ ਨੇ ਚਾੜ੍ਹ ਦਿੱਤੀ ਆ ਕਬੱਡੀ ਹੁਣ ਕਰੋੜਾਂ ‘ਤੇ!
ਕੁਝ ਸਾਲ ਪਹਿਲਾਂ ਕਬੱਡੀ ‘ਚ ਸੱਟਾਂ ਈ ਸੱਟਾਂ ਸਨ। ਬੰਜਰਾਂ, ਵਾਹਣਾਂ ਤੇ ਰੌੜਾਂ ਦੀ ਇਸ ਧੱਕੜ ਖੇਡ ਨੂੰ ਰਗੜਾਂ ਖਾਣ ਵਾਲੀ ਖੇਡ ਕਿਹਾ ਜਾਂਦਾ ਸੀ। ਉਦੋਂ ਨਕਦ ਇਨਾਮ ਕੋਈ ਨਹੀਂ ਸਨ ਮਿਲਦੇ। ਟੂਰਨਾਮੈਂਟ ਦੇ ਜੇਤੂਆਂ ਨੂੰ ਤੌਲੀਏ ਬੁਨੈਣਾਂ ਦੇ ਕੇ ਸਾਰ ਦਿੱਤਾ ਜਾਂਦਾ ਸੀ। ਫਿਰ ਕੱਪ ਤੇ ਜੱਗ ਮਿਲਣੇ ਸ਼ੁਰੂ ਹੋਏ ਅਤੇ ਛਾਲ ਪਲਾਸਟਿਕ ਦੀਆਂ ਬਾਲਟੀਆਂ ਤਕ ਵੱਜੀ। ਹੁਣ ਇਸ ਖੇਡ ਵਿਚ ਨਾਂ ਵੀ ਹੈ ਤੇ ਨਾਂਵਾਂ ਵੀ। ਕੱਖਾਂ ਦੀ ਖੇਡ ਲੱਖਾਂ ਦੀ ਹੁੰਦੀ ਹੋਈ ਰੋੜਾਂ ਤੋਂ ਕਰੋੜਾਂ ਦੀ ਹੋ ਗਈ ਹੈ! ਪੰਜਾਬ ਵਿਚ ਸਾਰਾ ਸਿਆਲ ਕਬੱਡੀ ਦੇ ਟੂਰਨਾਮੈਂਟ ਚਲਦੇ ਤੇ ਕਬੱਡੀ ਕੱਪ ਹੁੰਦੇ ਹਨ। ਟੂਰਨਾਮੈਂਟਾਂ ਦੇ ਇਸ਼ਤਿਹਾਰ ਛਪਦੇ, ਬੈਨਰ ਲਟਕਦੇ, ਪ੍ਰਮੋਟਰਾਂ ਦੀਆਂ ਤਸਵੀਰਾਂ ਲਿਸ਼ਕਦੀਆਂ, ਗੱਡੀਆਂ ਘੁੰਮਦੀਆਂ, ਲਾਊਡ ਸਪੀਕਰ ਵੱਜਦੇ, ਝੰਡੇ ਝੂਲਦੇ ਤੇ ਖਿਡਾਰੀਆਂ ਦੀ ਚਹਿਲ ਪਹਿਲ ਬਣੀ ਰਹਿੰਦੀ ਹੈ। ਮੀਡੀਏ ‘ਚ ਖੇਡ ਮੇਲਿਆਂ ਦੀਆਂ ਖ਼ਬਰਾਂ ਤੇ ਰਪੋਟਾਂ ਨੂੰ ਵਾਰ ਨਹੀਂ ਆਉਂਦਾ। ਹੁਣ ਤਾਂ ਕਬੱਡੀ ਕੱਪਾਂ ਨਾਲ ਸਿਆਸਤ ਵੀ ਹੋਣ ਲੱਗ ਪਈ ਹੈ!
15 ਦਸੰਬਰ 2012 ਦਾ ਦਿਨ ਸੀ। ਲੁਧਿਆਣੇ ਦਾ ਗੁਰੂ ਨਾਨਕ ਸਟੇਡੀਅਮ ਨੱਕੋ-ਨੱਕ ਭਰਿਆ ਹੋਇਆ ਸੀ। ਤੀਜੇ ਕਬੱਡੀ ਵਿਸ਼ਵ ਕੱਪ ਦਾ ਸਮਾਪਤੀ ਸਮਾਰੋਹ ਸੀ। ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ ਵਿਚਕਾਰ ਫਾਈਨਲ ਮੈਚ ਖੇਡਿਆ ਜਾਣਾ ਸੀ। ਲੱਖਾਂ ਕਰੋੜਾਂ ਅੱਖਾਂ ਬਾਲੀਵੁੱਡ ਦੀ ਸੋਹਣੀ ਸੁਣੱਖੀ ਐਕਟ੍ਰੈਸ ਕੈਟਰੀਨਾ ਕੈਫ ਦਾ ਨਾਚ ਤੇ ਸਿਖਰਲਾ ਕਬੱਡੀ ਮੈਚ ਵੇਖਣ ਲਈ ਬੇਤਾਬ ਸਨ। ਉਸ ਵੇਲੇ ਕੁਲ ਦੁਨੀਆਂ ਦੇ ਪੰਜਾਬੀ ਪੀæ ਟੀæ ਸੀæ ਚੈਨਲ ਨਾਲ ਜੁੜੇ ਹੋਏ ਸਨ। ਉਸੇ ਵੇਲੇ, ਐਨ ਉਸੇ ਵੇਲੇ, ਕੈਟਰੀਨਾ ਦੇ ਨਾਚ ਤੋਂ ਪਹਿਲਾਂ ਕੈਟਰੀਨਾ ਦਾ ਝਾਕਾ ਵਿਖਾ ਕੇ ਪੰਜਾਬ ਦੇ ਹੈਰਾਨ ਕਰਨ ਵਾਲੇ ਵਿਕਾਸ ਦੀ ਡਾਕੂਮੈਂਟਰੀ ਫਿਲਮ ਵਿਖਾਈ ਗਈ! ਵਿਖਾਇਆ ਗਿਆ ਕਿ ਪੰਜਾਬ ਨੇ ਲੋਹੜੇ ਦੀ ਤਰੱਕੀ ਕੀਤੀ ਹੈ। ਇਹ ਸੀ ਕਬੱਡੀ ਵਿਸ਼ਵ ਕੱਪ ਦੀ ਸਿਆਸਤ! ਫਿਰ ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ ਵਿਚਕਾਰ ਫਾਈਨਲ ਮੈਚ ਸ਼ੁਰੂ ਹੋਇਆ। ਹਾਫ਼ ਟਾਈਮ ਵਿਚ ਖਿਡਾਰੀਆਂ ਦੇ ਦਮ ਲੈਣ ਸਮੇਂ ਪੰਜਾਬ ਦੇ ਮੁੱਖ ਮੰਤਰੀ ਸ਼ ਪ੍ਰਕਾਸ਼ ਸਿੰਘ ਬਾਦਲ ਨੇ ਹਾਸੇ ਭਾਣੇ ਇਕ ਗੱਲ ਕਹੀ, ਮੈਂ ਕਬੱਡੀ ਤਾਂ ਨਹੀਂ ਖੇਡੀ ਪਰ ਸਿਆਸਤ ਦੀ ਕਬੱਡੀ ਬਥੇਰੀ ਖੇਡੀ ਐ ਤੇ ਜਿੱਤਦਾ ਵੀ ਰਿਹਾਂ। ਹਾਸੇ ਭਾਣੇ ਕਹੀ ਗੱਲ ਦਾ ਮਤਲਬ ਸੀ ਕਿ ਉਹ ਘਾਗ ਖਿਡਾਰੀ ਵਾਂਗ ਵਿਰੋਧੀਆਂ ਨੂੰ ਝਕਾਨੀ ਦੇਣ, ਡੱਬਲ ਟੱਚ ਕਰਵਾਉਣ, ਲਕੀਰੋਂ ਬਾਹਰ ਕੱਢਣ, ਗੁੱਟੋਂ ਫੜਨ, ਲੱਤੋਂ ਪੈਣ, ਲੱਕੋਂ ਚੁੱਕਣ, ਬਗਲਾਂ ਭਰਨ ਤੇ ਪੁੱਠੀ ਕੈਂਚੀ ਲਾਉਣ ਵਰਗੇ ਸਾਰੇ ਦਾਅ ਵਰਤਣੇ ਜਾਣਦੇ ਨੇ!
ਜਿਹੜੀ ਗੱਲ ਉਦੋਂ ਨਹੀਂ ਸੀ ਕਹੀ ਗਈ ਉਹ ਇਹ ਸੀ, ਜੇ ਪਿਉ ਸਿਆਸਤ ਦੀ ਕਬੱਡੀ ਖੇਡਦਾ ਰਿਹਾ ਤਾਂ ਪੁੱਤ ਕਬੱਡੀ ਦੀ ਸਿਆਸਤ ਖੇਡ ਰਿਹੈ!
14 ਦਸੰਬਰ 2013 ਨੂੰ ਚੌਥੇ ਕਬੱਡੀ ਵਿਸ਼ਵ ਕੱਪ ਦੇ ਫਾਈਨਲ ਮੈਚ ਉਤੇ ਪਾਕਿਸਤਾਨੀ ਪੰਜਾਬ ਦੇ ਮੁੱਖ ਮੰਤਰੀ ਮੀਆਂ ਸ਼ਾਹਬਾਜ਼ ਸ਼ਰੀਫ਼ ਨੂੰ ਸੱਦਣਾ ਤੇ ਨਿੱਘੀ ਪ੍ਰਾਹੁਣਚਾਰੀ ਕਰਨਾ ਹਾਂ ਪੱਖੀ ਸਿਆਸਤ ਹੈ। ਅਜਿਹੀ ਸਿਆਸਤ ਹਿੰਦ-ਪਾਕਿ ਵਿਚਕਾਰ ਪਾੜੇ ਘਟਾ ਕੇ ਸਾਂਝਾਂ ਦਾ ਪੁਲ ਉਸਾਰ ਸਕਦੀ ਹੈ ਜਿਸ ਦਾ ਸਭ ਤੋਂ ਵੱਧ ਫ਼ਾਇਦਾ ਦੋਹਾਂ ਪੰਜਾਬਾਂ ਨੂੰ ਹੋਵੇਗਾ। ਕਬੱਡੀ ਕੱਪਾਂ ਨਾਲ ਦੋਵੇਂ ਪੰਜਾਬ ਇਕ ਦੂਜੇ ਦੇ ਨੇੜੇ ਆਉਣ ਤਾਂ ਇਹ ਸ਼ੁਭ ਸ਼ਗਨ ਹੈ!
ਦਾਇਰੇ ਵਾਲੀ ਕਬੱਡੀ ਪੰਜਾਬੀਆਂ ਲਈ ਸਰੀਰਕ ਕਰਤਬਾਂ ਦੀ ਸ਼ਾਇਰੀ ਹੈ। ਕਬੱਡੀ ਦੇ ਆਸ਼ਕ ਇਸ ਨੂੰ ਆਪਣੀ ਮਹਿਬੂਬ ਖੇਡ ਮੰਨਦੇ ਹਨ। ਇਹਦੇ ਵਿਚ ਦੀ ਉਹ ਬਹੁਤ ਕੁਝ ਵੇਖਦੇ ਹਨ। ਆਪਣਾ ਇਤਿਹਾਸ, ਆਪਣੀ ਸੂਰਮਗਤੀ, ਤਾਕਤ, ਜੇਰਾ, ਦਮ ਤੇ ਸਿਰੜ। ਪੰਜਾਬ ਦੀ ਭੂਗੋਲਿਕ ਸਥਿਤੀ ਅਜਿਹੀ ਸੀ ਕਿ ਇਸ ਦੀ ਧਰਤੀ ਸਦੀਆਂ-ਬੱਧੀ ਹਮਲਿਆਂ ਤੇ ਠੱਲ੍ਹਾਂ ਦਾ ਮੈਦਾਨ ਬਣੀ ਰਹੀ। ਹਮਲਾਵਰ ਹਮਲੇ ਕਰਦੇ ਅਤੇ ਮਾਰ ਧਾੜ ਤੇ ਲੁੱਟ ਖੋਹ ਕਰ ਕੇ ਪਰਤ ਜਾਂਦੇ। ਪੰਜਾਬੀ ਹਮਲਾਵਰਾਂ ਨੂੰ ਡੱਕਦੇ, ਮਰਦੇ-ਮਾਰਦੇ ਤੇ ਜਿੱਤਦੇ ਹਾਰਦੇ। ਹਮਲਾਵਰ ਤਕੜਾ ਹੁੰਦਾ ਤਾਂ ਮਾਰ ਧਾੜ ਕਰ ਕੇ ਸੁੱਖੀਂ ਸਾਂਦੀਂ ਆਪਣੇ ਘਰ ਪਰਤ ਜਾਂਦਾ। ਰਾਖੇ ਤਕੜੇ ਹੁੰਦੇ ਤਾਂ ਹਮਲਾਵਰ ਮਾਰਿਆ ਜਾਂਦਾ। ਇਸੇ ਕਰਮ ਨੂੰ ਕਬੱਡੀ ਦੀ ਖੇਡ ਵਿਚ ਵਾਰ ਵਾਰ ਦੁਹਰਾਇਆ ਜਾਂਦਾ ਹੈ।
ਕਬੱਡੀ ਦੀ ਖੇਡ ਦੀਆਂ ਪੰਜਾਬ ਦੇ ਵੱਖ ਵੱਖ ਇਲਾਕਿਆਂ ਵਿਚ ਅਨੇਕਾਂ ਕਿਸਮਾਂ ਪ੍ਰਚਲਿਤ ਰਹੀਆਂ। ਇਸ ਦਾ ਮੁੱਢਲਾ ਰੂਪ ਸੌਂਚੀ ਸੀ। ਇਹ ਇਕ ਕਿਸਮ ਦੀ ਗੁੰਗੀ ਕੌਡੀ ਸੀ ਜਿਸ ਨੂੰ ਅੰਬਰਸਰੀ ਕੌਡੀ ਵੀ ਕਿਹਾ ਜਾਂਦਾ ਸੀ। ਢੇਰੀ ਵਾਲੀ ਇਸ ਕੌਡੀ ਵਿਚ ਚਾਟਾਂ ਬਹੁਤ ਪੈਂਦੀਆਂ ਸਨ। ਹਾਲੇ ਵੀ ਇਹ ਮਾਝੇ ਦੇ ਪਿੰਡਾਂ ਵਿਚ ਕਿਤੇ ਕਿਤੇ ਖੇਡੀ ਜਾਂਦੀ ਹੈ। ਅੰਬਾਲਵੀ ਕੌਡੀ ਦਾ ਦਾਇਰਾ ਬਹੁਤ ਤੰਗ ਹੁੰਦਾ ਸੀ ਤੇ ਧਾਵੀ ਨੂੰ ਇਕ ਜਾਫੀ ਦੇ ਹੱਥੋਂ ਛੁੱਟ ਜਾਣ ਬਾਅਦ ਦੂਜਾ ਜਾਫੀ, ਫੇਰ ਤੀਜਾ, ਚੌਥਾ, ਸਾਰੇ ਜਾਫੀ ਵਾਰੀ ਵਾਰੀ ਜੱਫੇ ਲਾ ਸਕਦੇ ਸਨ। ਲਾਹੌਰੀ ਕੌਡੀ ਵਿਚ ਦਾਇਰਾ ਨਹੀਂ ਸੀ ਹੁੰਦਾ, ਸਿਰਫ ਛੇ ਢੇਰੀਆਂ ਹੁੰਦੀਆਂ ਸਨ। ਜਾਫੀ ਤੇ ਧਾਵੀ ਦੋ ਢੇਰੀਆਂ ਉਤੇ ਖੜ੍ਹ ਜਾਂਦੇ ਤੇ ਧਾਵੀ ਨੇ ਵਿਰੋਧੀ ਧਿਰ ਦੀ ਢੇਰੀ ਨੂੰ ਹੱਥ ਲਾ ਕੇ ਜਾਂ ਉਪਰ ਦੀ ਗੇੜਾ ਕੱਢ ਕੇ ਘਰ ਪਰਤਣਾ ਹੁੰਦਾ ਸੀ।
ਲਾਇਲਪੁਰੀ ਕੌਡੀ ਵਿਚ ਖੇਡ ਦੌਰਾਨ ਪਾਣੀ ਦੀ ਘੁੱਟ ਵੀ ਨਹੀਂ ਸੀ ਪੀਣ ਦਿੱਤੀ ਜਾਂਦੀ। ਫਿਰੋਜ਼ਪੁਰੀ ਕੌਡੀ ਵਿਚ ਖਿਡਾਰੀ ਢੇਰੀਆਂ ਉਤੇ ਖੜੋਣ ਦੀ ਥਾਂ ਪਾੜੇ ਉਤੇ ਖੜੋਂਦੇ ਸਨ। ਇੰਜ ਹੀ ਇਕ ਛੇ ਹੰਧੀ ਕਬੱਡੀ ਸੀ ਤੇ ਇਕ ਸ਼ਮਲਿਆਂ ਵਾਲੀ ਕੌਡੀ। ਪੀਰ ਕੌਡੀ ਧਨ ਪੋਠੋਹਾਰ ਦੇ ਇਲਾਕੇ ਵਿਚ ਖੇਡੀ ਜਾਂਦੀ ਸੀ। ਇਸ ਕੌਡੀ ਦੀ ਵਿਸ਼ੇਸ਼ਤਾ ਇਹ ਸੀ ਕਿ ਧਾਵੀ ਨੂੰ ਅੱਗਿਓਂ ਦੋ ਬੰਦੇ ਘੇਰਦੇ ਸਨ। ਬੈਠਵੀਂ ਕੌਡੀ, ਘੋੜ ਕਬੱਡੀ, ਚੀਰਵੀਂ ਕੌਡੀ, ਲੰਮੀ ਕਬੱਡੀ, ਦੋਧੇ ਤੇ ਬੁਰਜੀਆਂ ਵਾਲੀ ਕੌਡੀ ਆਦਿ ਕਬੱਡੀ ਦੀਆਂ ਕਈ ਹੋਰ ਸਥਾਨਕ ਵੰਨਗੀਆਂ ਸਨ। ਪਰ ਹੁਣ ਸਾਰੀਆਂ ਕਬੱਡੀਆਂ ਨੇ ਅਜੋਕੀ ਦਾਇਰੇ ਵਾਲੀ ਕਬੱਡੀ ਦਾ ਰੂਪ ਧਾਰਨ ਕਰ ਲਿਆ ਹੈ। ਕਬੱਡੀ ਨੈਸ਼ਨਲ ਸਟਾਈਲ ਇਸ ਤੋਂ ਵੱਖਰੀ ਹੈ।
ਹਿੰਦੁਸਤਾਨ ਵਿਚ ਕਬੱਡੀ ਦੇ ਕਈ ਨਾਂ ਹਨ। ਦੱਖਣ ਵਿਚ ‘ਚੇਡੂ ਗੁਡੂ’, ਬੰਗਾਲ ਵਿਚ ‘ਡੋ-ਡੋ’ ਤੇ ਮਹਾਂਰਾਸ਼ਟਰ ਵਿਚ ‘ਹੂ-ਟੂ-ਟੂ’ ਕਹਿੰਦੇ ਹਨ। ਕੁਝ ਇਲਾਕਿਆਂ ਵਿਚ ‘ਸੂ-ਸੂ’ ਜਾਂ ‘ਸਰ ਸਰ’ ਅਤੇ ‘ਰਾਮ ਲਕਸ਼ਮਣ ਜਾਨਕੀ, ਜੈ ਬੋਲੋ ਹਨੂਮਾਨ ਕੀ’ ਕਹਿੰਦਿਆਂ ਕਬੱਡੀ ਪਾਈ ਜਾਂਦੀ ਹੈ। ਇਨ੍ਹਾਂ ਕਬੱਡੀਆਂ ਦੀਆਂ ਵੀ ਅੱਗੇ ਤਿੰਨ ਕਿਸਮਾਂ ਹਨ-ਸੰਜੀਵਨੀ, ਜੈਮਨੀ ਤੇ ਅਮਰ। ਭਾਰਤ ਵਿਚ ਜਿਸ ਖੇਡ ਨੂੰ ਨੈਸ਼ਨਲ ਸਟਾਈਲ ਦਾ ਦਰਜਾ ਦਿੱਤਾ ਗਿਐ ਉਹ ਸੰਜੀਵਨੀ ਕਿਸਮ ਦੀ ਦੱਖਣੀ ਤੇ ਮੱਧ ਭਾਰਤ ਦੀ ਕਬੱਡੀ ਹੈ। ਇਹੋ ਕਬੱਡੀ ਏਸ਼ਿਆਈ ਖੇਡਾਂ ਵਿਚ ਖੇਡੀ ਜਾਂਦੀ ਹੈ।
ਐਮੇਚਿਓਰ ਕਬੱਡੀ ਫੈਡਰੇਸ਼ਨ ਆਫ਼ ਇੰਡੀਆ ਜਿਸ ਨੂੰ ਭਾਰਤੀ ਉਲੰਪਿਕ ਐਸੋਸੀਏਸ਼ਨ ਵੱਲੋਂ ਮਾਨਤਾ ਪ੍ਰਾਪਤ ਹੈ, ਕਬੱਡੀ ਨੈਸ਼ਨਲ ਸਟਾਈਲ ਨੂੰ ਮੁੱਖ ਖੇਡ ਮੰਨਦੀ ਹੈ। ਕਬੱਡੀ ਸਰਕਲ ਸਟਾਈਲ ਤੇ ਬੀਚ ਕਬੱਡੀ ਇਸ ਦੇ ਡਿਸਿਪਲਿਨ ਮੰਨੇ ਜਾਂਦੇ ਹਨ। ਕਬੱਡੀ ਸਰਕਲ ਸਟਾਈਲ ਹਾਲੇ ਤਕ ਨੈਸ਼ਨਲ ਖੇਡਾਂ, ਸੈਫ ਖੇਡਾਂ ਤੇ ਏਸ਼ਿਆਈ ਖੇਡਾਂ ਦਾ ਅੰਗ ਨਹੀਂ ਬਣਾਈ ਜਾ ਸਕੀ ਪਰ ਐਲਾਨ ਕੀਤੇ ਜਾਂਦੇ ਨੇ ਪਈ ਕਬੱਡੀ ਸਰਕਲ ਸਟਾਈਲ ਨੂੰ ਉਲੰਪਿਕ ਖੇਡਾਂ ‘ਚ ਪੁਚਾ ਦਿਆਂਗੇ! ਇੰਜ ਇਹ ਖੇਡ ਉਲੰਪਿਕ ਖੇਡਾਂ ‘ਚ ਨੀ ਪੁੱਜਣੀ।
ਸਮੇਂ ਦੀ ਲੋੜ ਹੈ ਕਿ ਕਬੱਡੀ ਸਰਕਲ ਸਟਾਈਲ ਨੂੰ ਕਬੱਡੀ ਨੈਸ਼ਨਲ ਸਟਾਈਲ ਦੇ ਚੁੰਗਲ ‘ਚੋਂ ਕੱਢ ਕੇ ਖੁਦਮੁਖਤਿਆਰ ਸਪੋਰਟ ਵਜੋਂ ਵਿਕਸਤ ਕੀਤਾ ਜਾਵੇ। ਕ੍ਰਿਕਟ ਵਾਂਗ ਇਸ ਦਾ ਕੌਮਾਂਤਰੀ ਕੰਟਰੋਲ ਬੋਰਡ ਬਣੇ ਤੇ ਕ੍ਰਿਕਟ ਲੀਗ ਵਾਂਗ ਕਬੱਡੀ ਲੀਗ ਤੇ ਕਬੱਡੀ ਵਰਲਡ ਕੱਪ ਕਰਾਏ ਜਾਣ। ਪੰਜਾਬ ਸਰਕਾਰ ਵੱਲੋਂ ਕਬੱਡੀ ਦੇ ਜੋ ਚਾਰ ਵਿਸ਼ਵ ਕੱਪ ਕਰਾਏ ਗਏ ਹਨ, ਇਨ੍ਹਾਂ ਨਾਲ ਕਬੱਡੀ ਦਾ ਦਾਇਰਾ ਜ਼ਰੂਰ ਖੁੱਲ੍ਹਿਆ ਹੈ ਪਰ ਕਬੱਡੀ ਮੈਚ ਬਰਾਬਰ ਦੇ ਨਹੀਂ ਹੋ ਸਕੇ। ਵਧੇਰੇ ਮੈਚ ਇਕਪਾਸੜ ਹੀ ਹੁੰਦੇ ਰਹੇ ਹਨ। ਅਸਲ ਵਿਚ ਮੁਲਕੀ ਟੀਮਾਂ ਦੇ ਤਿੰਨ ਦਰਜੇ ਹਨ। ਪਹਿਲੇ ਦਰਜੇ ਦੀਆਂ ਟੀਮਾਂ ਭਾਰਤ ਤੇ ਪਾਕਿਸਤਾਨ ਦੀਆਂ ਹਨ। ਦੂਜੇ ਦਰਜੇ ਦੀਆਂ ਅਮਰੀਕਾ, ਕੈਨੇਡਾ ਤੇ ਇੰਗਲੈਂਡ ਦੀਆਂ ਤੇ ਬਾਕੀ ਸਭ ਤੀਜੇ ਦਰਜੇ ਦੀਆਂ ਹਨ।
ਚੌਥੇ ਵਿਸ਼ਵ ਕੱਪ ਵਿਚ ਭਾਰਤੀ ਟੀਮ ਅਮਰੀਕਾ ਨੂੰ 59-31, ਸਪੇਨ ਨੂੰ 55-27, ਕੀਨੀਆ ਨੂੰ 69-32 ਤੇ ਅਰਜਨਟੀਨਾ ਨੂੰ 50-32 ਅੰਕਾਂ ਨਾਲ ਹਰਾ ਕੇ ਫਾਈਨਲ ਵਿਚ ਪੁੱਜੀ ਸੀ। ਇਹਦੇ ਵਿਚ ਵੀ ਭਾਰਤੀ ਟੀਮ ਨੇ ਵਿਰੋਧੀ ਟੀਮਾਂ ਨੂੰ ਰਿਆਇਤੀ ਅੰਕ ਦਿੱਤੇ। ਜੇ ਭਾਰਤੀ ਟੀਮ ਪੂਰਾ ਜ਼ੋਰ ਲਾ ਕੇ ਖੇਡਦੀ ਤਾਂ ਅਰਜਨਟੀਨਾ ਦੀ ਟੀਮ 10 ਅੰਕ ਵੀ ਨਾ ਲੈ ਸਕਦੀ! ਪਾਕਿਸਤਾਨ ਦੀ ਟੀਮ ਨੇ ਫਾਈਨਲ ਮੈਚ ਤਕ ਸਕਾਟਲੈਂਡ ਨੂੰ 63-26, ਡੈਨਮਾਰਕ ਨੂੰ 59-28, ਸੀਅਰਾ ਲਿਓਨ ਨੂੰ 70-13, ਕੈਨੇਡਾ ਨੂੰ 69-21 ਤੇ ਇੰਗਲੈਂਡ ਨੂੰ 69-21 ਅੰਕਾਂ ਨਾਲ ਹਰਾਇਆ ਸੀ। ਇਸ ਟੀਮ ਨੇ ਵੀ ਵਿਰੋਧੀ ਟੀਮਾਂ ਵਿਰੁਧ ਪੂਰਾ ਜ਼ੋਰ ਨਹੀਂ ਸੀ ਲਾਇਆ। ਬਰਾਬਰ ਦੇ ਮੈਚ ਤਾਂ ਉਂਗਲਾਂ ‘ਤੇ ਗਿਣੇ ਜਾਣ ਜੋਗੇ ਹੋਏ ਜਿਸ ਕਰਕੇ ਦਰਸ਼ਕ ਕਿਸੇ ਵੀ ਕਬੱਡੀ ਵਿਸ਼ਵ ਕੱਪ ਦਾ ਪੂਰਾ ਅਨੰਦ ਨਹੀਂ ਮਾਣ ਸਕੇ।
ਪਹਿਲੇ, ਦੂਜੇ ਤੇ ਤੀਜੇ ਵਿਸ਼ਵ ਕੱਪ ਦੇ ਤਾਂ ਫਾਈਨਲ ਮੈਚ ਵੀ ਇਕਪਾਸੜ ਹੀ ਹੁੰਦੇ ਰਹੇ। ਪਹਿਲੀ ਵਾਰ ਭਾਰਤ ਨੇ ਪਾਕਿਸਤਾਨ ਨੂੰ 58-24, ਦੂਜੀ ਵਾਰ ਕੈਨੇਡਾ ਨੂੰ 59-25 ਤੇ ਤੀਜੀ ਵਾਰ ਪਾਕਿਸਤਾਨ ਨੂੰ 59-22 ਅੰਕਾਂ ਦੇ ਫਰਕ ਨਾਲ ਹਰਾ ਕੇ ਵਿਸ਼ਵ ਕੱਪ ਜਿੱਤਿਆ ਸੀ। ਸਿਰਫ਼ ਚੌਥੇ ਵਿਸ਼ਵ ਕੱਪ ਵਿਚ ਹੀ ਫਾਈਨਲ ਮੈਚ ਦੇ ਅੱਧੇ ਸਮੇਂ ਤਕ ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ ਦੇ ਅੰਕ ਬਰਾਬਰ ਚੱਲੇ। ਆਖ਼ਰੀ ਸਮੇਂ ਭਾਰਤੀ ਟੀਮ ਫਿਰ ਭਾਰੂ ਹੋ ਗਈ ਜੋ 48-39 ਅੰਕਾਂ ਨਾਲ ਲਗਾਤਾਰ ਚੌਥੀ ਵਾਰ ਵਿਸ਼ਵ ਕੱਪ ਜਿੱਤ ਗਈ। ਇੰਜ ਹੀ ਭਾਰਤੀ ਲੜਕੀਆਂ ਦੀ ਟੀਮ ਇਕਪਾਸੜ ਮੈਚ ਖੇਡਦਿਆਂ ਲਗਾਤਾਰ ਵਿਸ਼ਵ ਕੱਪ ਜਿੱਤਦੀ ਆ ਰਹੀ ਹੈ। 2012 ਦੇ ਫਾਈਨਲ ਮੈਚ ਵਿਚ ਭਾਰਤੀ ਟੀਮ ਨੇ ਮਲੇਸ਼ੀਆ ਦੀ ਟੀਮ ਨੂੰ 72-12 ਅੰਕਾਂ ਨਾਲ ਤੇ 2013 ‘ਚ ਨਿਊਜ਼ੀਲੈਂਡ ਦੀ ਟੀਮ ਨੂੰ 49-21 ਅੰਕਾਂ ਨਾਲ ਹਰਾਇਆ।
ਕਬੱਡੀ ਅਸਲ ਵਿਚ ਹਿੰਦ-ਪਾਕਿ ਦੇ ਪੰਜਾਬੀਆਂ ਦੀ ਖੇਡ ਹੈ ਜੋ ਬਦੇਸ਼ਾਂ ‘ਚ ਗਏ ਪੰਜਾਬੀਆਂ ‘ਚ ਮਕਬੂਲ ਹੈ। ਇਹ ਖ਼ੁਸ਼ਫਹਿਮੀ ਹੀ ਹੈ ਕਿ ਕਬੱਡੀ ਗੋਰਿਆਂ ਕਾਲਿਆਂ ਦੀ ਖੇਡ ਬਣ ਗਈ ਹੈ। ਬਹੁਤੇ ਗੋਰੇ ਕਾਲੇ ਖਿਡਾਰੀ ਤਾਂ ਕਬੱਡੀ ਵਿਸ਼ਵ ਕੱਪ ਦੇ ਬਹਾਨੇ ਸੈਰ ਸਪਾਟਾ ਕਰਨ, ਮੁਫ਼ਤ ਦੀ ਪ੍ਰਾਹੁਣਚਾਰੀ ਮਾਣਨ ਤੇ ਫੱਨ ਕਰਨ ਹੀ ਆਉਂਦੇ ਜਾਂਦੇ ਹਨ! ਕਿਸੇ ਮੁਲਕ ਦੇ ਪੰਦਰਾਂ ਵੀਹ ਖਿਡਾਰੀਆਂ ਨੂੰ ਪੰਦਰਾਂ ਵੀਹ ਦਿਨ ਕਬੱਡੀ ਖੇਡਣੀ ਸਿਖਾਉਣ ਦਾ ਮਤਲਬ ਇਹ ਨਹੀਂ ਲੈ ਲੈਣਾ ਚਾਹੀਦਾ ਕਿ ਮੁਲਕ ਹੀ ਕਬੱਡੀ ਖੇਡਣ ਲੱਗ ਪਿਆ ਜਾਂ ਕਬੱਡੀ ਐਨੇ ਮੁਲਖਾਂ ਦੀ ਖੇਡ ਬਣ ਗਈ! ਕਬੱਡੀ ਦੇ ਟੂਰਨਾਮੈਂਟ ਕੇਵਲ ਉਨ੍ਹਾਂ ਮੁਲਕਾਂ ਵਿਚ ਹੀ ਹੁੰਦੇ ਹਨ ਜਿਥੇ ਪੰਜਾਬੀ ਚੋਖੀ ਗਿਣਤੀ ਵਿਚ ਵਸਦੇ ਹਨ।
ਕਿਸੇ ਖੇਡ ਨੂੰ ਪਾਪੂਲਰ ਕਰਨ ਵਿਚ ਟੀæ ਵੀæ ਦਾ ਬਹੁਤ ਵੱਡਾ ਰੋਲ ਹੈ। ਕ੍ਰਿਕਟ ਦੀ ਗੁੱਡੀ ਟੀæ ਵੀæ ਨੇ ਹੀ ਚੜ੍ਹਾਈ ਸੀ। ਕਬੱਡੀ ਵਿਸ਼ਵ ਕੱਪ ਨੂੰ ਟੀæ ਵੀæ ਉਤੇ ਵਿਖਾਉਣ ਨਾਲ ਵਿਸ਼ਾਲ ਦਰਸ਼ਕ ਸਮੂਹ ਮਿਲਿਆ। ਦੇਸ਼ ਵਿਚ ਹੀ ਨਹੀਂ ਬਦੇਸ਼ਾਂ ‘ਚ ਵੀ ਲੋਕ ਕੰਮ-ਕਾਰ ਛੱਡ ਕੇ ਟੀæ ਵੀæ ਤੋਂ ਕਬੱਡੀ ਦੇ ਮੈਚ ਵੇਖਦੇ ਰਹੇ। ਫੋਨਾਂ ਉਤੇ ਕਬੱਡੀ ਦੀਆਂ ਗੱਲਾਂ ਕਰਦੇ ਰਹੇ। ਤਾਕੀਦਾਂ ਕਰਦੇ ਰਹੇ ਕਿ ਅਗਲੇ ਮੈਚ ਜ਼ਰੂਰ ਵੇਖਿਓ। ਪਾਕਿਸਤਾਨ ਦੇ ਪਿੰਡਾਂ ਵਿਚ ਲੋਕਾਂ ਨੇ ਨਵੇਂ ਟੀæ ਵੀæ ਸੈਟ ਖਰੀਦੇ, ਜੈਨਰੇਟਰ ਲਾਏ ਤੇ ਵੱਡੀਆਂ ਸਕਰੀਨਾਂ ਲਾ ਕੇ ‘ਕੱਠਿਆਂ ਕੌਡੀ ਦੇ ਨਜ਼ਾਰੇ ਤੱਕੇ। ਕਬੱਡੀ ਦੀਆਂ ਗੱਲਾਂ ਮਾਲਵੇ, ਦੁਆਬੇ ਤੇ ਮਾਝੇ ਤੋਂ ‘ਗਾਂਹ ਸਾਂਦਲ ਬਾਰ, ਨੀਲੀ ਬਾਰ ਤੇ ਗੰਜੀ ਬਾਰ’ ਤਕ ਹੁੰਦੀਆਂ ਰਹੀਆਂ। ਪਰਦੇਸਾਂ ‘ਚ ਵਸਦੇ ਪੰਜਾਬੀਆਂ ਵਿਚ ਵੀ ਤੁਰੀਆਂ। ਕਬੱਡੀ ਗਿੱਧੇ ਭੰਗੜੇ ਵਾਂਗ ਪੰਜਾਬੀਆਂ ਦੀ ਪਛਾਣ ਬਣ ਗਈ।
ਖੇਡਾਂ ਨੂੰ ਕਮੱਰਸ਼ਲ ਨਜ਼ਰੀਏ ਤੋਂ ਵੇਖਣ ਵਾਲੇ ਕਾਰਪੋਰੇਟ ਅਦਾਰੇ ਹੁਣ ਕਬੱਡੀ ‘ਚ ਕਰੋੜਾਂ ਅਰਬਾਂ ਰੁਪਏ ਦਾ ਬਿਜਨਸ ਵੇਖਣ ਲੱਗੇ ਹਨ। ਕਬੱਡੀ ਦੀ ਖੇਡ ਜੱਫੋ-ਜੱਫੀ ਤੇ ਧੱਕੋ-ਧੱਕੀ ਹੋਣ ਦੇ ਕਰਤਬਾਂ ਨਾਲ ਭਰੀ ਪਈ ਹੈ ਜਿਨ੍ਹਾਂ ‘ਚ ਆਖ਼ਰਾਂ ਦੀ ਖਿੱਚ ਹੈ। ਇਕ ਮੈਚ ‘ਚ ਅੱਸੀ ਨੱਬੇ ਵਾਰ ਜੁੱਸੇ ਭਿੜਦੇ ਅਤੇ ਖਿਡਾਰੀ ਇਕ ਦੂਜੇ ਨਾਲ ਖਹਿੰਦੇ ਤੇ ਗੁਥਮਗੁੱਥਾ ਹੁੰਦੇ ਹਨ। ਗੁੱਟ-ਗਿੱਟੇ ਫੜੇ ਜਾਂਦੇ, ਬਗਲਾਂ ਭਰੀਆਂ ਜਾਂਦੀਆਂ, ਜੱਫੇ ਲੱਗਦੇ ਤੇ ਕੈਂਚੀਆਂ ਵੱਜਦੀਆਂ ਹਨ। ਦੋ ਬੰਦੇ ਕਿਤੇ ਵੀ ਗੁਥਮਗੁੱਥਾ ਹੋ ਰਹੇ ਹੋਣ ਤਾਂ ਰਾਹ ਖਹਿੜੇ ਤੁਰੇ ਜਾਂਦੇ ਲੋਕ ਵੀ ਖੜ੍ਹ ਕੇ ਵੇਖਣ ਲੱਗ ਪੈਂਦੇ ਹਨ। ਕਬੱਡੀ ਵਿਚ ਖਿੱਚਾਧੂਹੀ ਦਾ ਐਕਸ਼ਨ ਪਹਿਲਾਂ ਹੀ ਹੈ। ਟੀæ ਵੀæ ਲਈ ਕਬੱਡੀ, ਕ੍ਰਿਕਟ ਤੋਂ ਵੀ ਵੱਧ ਕਮੱਰਸ਼ਲ ਖੇਡ ਹੋ ਸਕਦੀ ਹੈ। ਪੰਜਾਬ ਸਰਕਾਰ ਵੱਲੋਂ ਕਰਾਏ ਜਾਂਦੇ ਕਬੱਡੀ ਦੇ ਵਿਸ਼ਵ ਕੱਪਾਂ ਨੇ ਅਖਾੜਾ ਬੰਨ੍ਹ ਦਿੱਤਾ ਹੈ। ਕਬੱਡੀ ਦੇ ਬੂਟੇ ਦਰਜਨ ਤੋਂ ਵੱਧ ਮੁਲਕਾਂ ਵਿਚ ਲਾ ਦਿੱਤੇ ਹਨ। ਹੁਣ ਵਿਸ਼ਵ ਕਬੱਡੀ ਲੀਗ ਦੀ ਉਡੀਕ ਹੈ। ਵੇਖਦੇ ਹਾਂ ਇਹ ਕਦੋਂ ਸ਼ੁਰੂ ਹੁੰਦੀ ਹੈ ਤੇ ਕੌਣ ਸ਼ੁਰੂ ਕਰਦੈ?

Be the first to comment

Leave a Reply

Your email address will not be published.