ਗੁਲਜ਼ਾਰ ਸਿੰਘ ਸੰਧੂ
ਪਾਕਿਸਤਾਨੀ ਪੰਜਾਬ ਦੇ ਮੁਖ ਮੰਤਰੀ ਜਨਾਬ ਮੁਹੰਮਦ ਸ਼ਾਹਬਾਜ਼ ਸ਼ਰੀਫ ਦੀ ਸੱਜਰੀ ਭਾਰਤ ਫੇਰੀ ਨੇ ਮੈਨੂੰ ਪੇਸ਼ਾਵਰ ਤੋਂ ਕਲਕੱਤਾ ਵਾਲੀ ਜਰਨੈਲੀ ਸੜਕ ਚੇਤੇ ਕਰਵਾ ਦਿੱਤੀ ਹੈ। ਉਨ੍ਹਾਂ ਦੇ ਪਰਿਵਾਰ ਤੇ ਅਮਲੇ ਫੈਲੇ ਨੇ ਇਸ ਸੜਕ ਦੀ ਵਰਤੋਂ ਨਹੀਂ ਕੀਤੀ। ਉਨ੍ਹਾਂ ਦਾ ਸਾਰਾ ਸਫ਼ਰ ਹਵਾਈ ਜਹਾਜ਼ਾਂ ਤੇ ਹੈਲੀਕਾਪਟਰਾਂ ਉਤੇ ਹੋਇਆ। ਇਸ ਵਿਚ ਉਨ੍ਹਾਂ ਦੇ ਜੱਦੀ ਪਿੰਡ ਜਾਤੀ ਉਮਰਾ ਤੋਂ ਬਿਨਾਂ ਮਾਨਸਾ ਦਾ ਥਰਮਲ ਪਲਾਂਟ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਦਰਬਾਰ ਸਾਹਿਬ ਅੰਮ੍ਰਿਤਸਰ ਤੇ ਬਾਦਲ ਪਰਿਵਾਰ ਦਾ ਨਿਵਾਸ ਅਸਥਾਨ ਵੀ ਸ਼ਾਮਲ ਸੀ। ਅਣਵੰਡੇ ਹਿੰਦੁਸਤਾਨ ਵਿਚ ਸ਼ੇਰ ਸ਼ਾਹ ਸੂਰੀ ਮਾਰਗ ਵਜੋਂ ਜਾਣੀ ਜਾਂਦੀ ਇਹ ਜਰਨੈਲੀ ਸੜਕ ਦੁਨੀਆਂ ਦੀਆਂ ਮਹਾਨ ਸ਼ਾਹ ਰਾਹਾਂ ਵਿਚ ਗਿਣੀ ਜਾਂਦੀ ਹੈ। ਆਪਣੇ ਵਿਦਿਆਰਥੀ ਜੀਵਨ ਸਮੇਂ ਮੈਂ ਇਸ ਮਾਰਗ ਦਾ ਬਹੁਤ ਸਫ਼ਰ ਕੀਤਾ ਹੈ। ਖਾਸ ਕਰਕੇ ਫਗਵਾੜਾ ਤੋਂ ਖੰਨਾ ਮੰਡੀ ਤੱਕ ਦਾ। ਉਦੋਂ ਜਦੋਂ ਇਸ ਦੇ ਧੜ ਨੂੰ ਵਾਘਾ ਨੇੜਿਓਂ ਕਤਲ ਨਹੀਂ ਸੀ ਕੀਤਾ ਗਿਆ। ਹੁਣ ਉਸ ਸੀਮਾ ਉਹੇ ਕੰਡਿਆਲੀ ਤਾਰ ਲੱਗ ਚੁੱਕੀ ਹੈ ਜਿਸ ਨੂੰ ਦੋਨਾਂ ਪੰਜਾਬਾਂ ਦੇ ਮੁੱਖ ਮੰਤਰੀ ਤੇ ਵਸਨੀਕ ਰਲ-ਮਿਲ ਕੇ ਮਧੋਲਣ ਦੇ ਯਤਨਾਂ ਵਿਚ ਹਨ। ਸ਼ਾਹਬਾਜ਼ ਸ਼ਰੀਫ ਦੇ ਵਫਦ ਵੱਲੋਂ ਇਸ ਨੂੰ ਉੜ ਕੇ ਪਾਰ ਕਰਨਾ ਇਸ ਦੀ ਸ਼ੁਰੂਆਤ ਕਿਹਾ ਜਾ ਸਕਦਾ ਹੈ।
ਕੁਝ ਵੀ ਹੋਵੇ ਸੱਜਰੇ ਘਟਨਾਕ੍ਰਮ ਨੇ ਮੈਨੂੰ ਇਸ ਦੀ ਉਸਾਰੀ ਦਾ ਇਤਿਹਾਸ ਚੇਤੇ ਕਰਵਾ ਦਿੱਤਾ ਹੈ ਜਿਸ ਦੀਆਂ ਕਈ ਗੱਲਾਂ ਪਾਠਕਾਂ ਲਈ ਨਵੀਆਂ ਹੋਣਗੀਆਂ। ਸ਼ੇਰ ਸ਼ਾਹ ਸੂਰੀ ਦਾ ਉਦਮ ਤੇ ਦੇਣ ਸਿਰ ਮੱਥੇ ਪਰ ਇਤਿਹਾਸ ਗਵਾਹ ਹੈ ਕਿ ਮੌਰੀਆ ਤੇ ਗੁਪਤਾ ਰਾਜ ਕਾਲ ਵਿਚ ਹੀ ਨਹੀਂ ਅਸ਼ੋਕ ਵੇਲੇ ਵੀ ਗੰਗਾ ਤੇ ਖੈਬਰ ਤੱਕ ਦਾ ਸਾਮਾਨ ਪਾਟਲੀਪੁੱਤਰ (ਪਟਨਾ) ਦੇ ਬਜ਼ਾਰਾਂ ਵਿਚ ਆਮ ਹੀ ਵਿਕਦਾ ਰਿਹਾ ਹੈ। ਇਹ ਉਹ ਸਮਾਂ ਸੀ ਜਦੋਂ ਅੱਕ, ਢੱਕ ਤੇ ਜੰਗਲਾਂ ਵਿਚੋਂ ਲੰਘਣ ਵਾਲਾ ਇਹ ਰਾਹ ਪਹਿਚਾਨਣਾ ਵੀ ਸੌਖਾ ਨਹੀਂ ਸੀ ਹੁੰਦਾ। ਸ਼ੇਰ ਸ਼ਾਹ ਸੂਰੀ ਦੀ ਵੱਡੀ ਦੇਣ ਇਹ ਸੀ ਕਿ ਉਸ ਨੇ ਇਸ ਮਾਰਗ ਦੀ ਕੋਸ (ਮੀਲ) ਮੀਨਾਰਾਂ ਨਾਲ ਨਿਸ਼ਾਨ ਦੇਹੀ ਕੀਤੀ ਅਤੇ ਰਸਤੇ ਦੇ ਨਾਲ ਨਾਲ ਪੀਣ ਵਾਲੇ ਪਾਣੀ ਦੇ ਖੂਹ ਅਤੇ ਰਹਿਣ ਲਈ ਸਰਾਵਾਂ ਤੇ ਰੁੱਖ ਲਗਵਾਏ। ਉਂਜ ਉਦੋਂ ਵੀ ਸਾਰੀ ਦੀ ਸਾਰੀ ਸੜਕ ਮਿੱਟੀ ਘੱਟੇ ਵਾਲੀ ਹੀ ਸੀ, ਕੱਚੀ ਤੇ ਉਚੀ ਨੀਵੀਂ। ਲਾਹੌਰ ਤੋਂ ਦਿੱਲੀ ਤੱਕ ਸ਼ੇਰ ਸ਼ਾਹ ਸੂਰੀ ਦੇ ਬਣਵਾਏ ਕੋਸ ਮੀਨਾਰਾਂ ਅਤੇ ਸ਼ੰਭੂ, ਦੋਰਾਹਾ ਤੇ ਨੂਰ ਮਹਿਲ ਦੀਆਂ ਸਰ੍ਹਾਵਾਂ ਦੇ ਚਿੰਨ੍ਹ ਹਾਲੀ ਵੀ ਦੇਖੇ ਜਾ ਸਕਦੇ ਹਨ।
ਹੁਣ ਜਦੋਂ ਕਿ ਇਹ ਜਰਨੈਲੀ ਸੜਕ ਇੱਟਾਂ ਪੱਥਰਾਂ ਤੇ ਬਜਰੀ ਉਤੇ ਲੇਪੀ ਲੁੱਕ ਵਾਲੀ ਹੋ ਕੇ ਚਾਰ-ਛੇ ਲੇਨਾਂ ਵਾਲੀ ਬਣਾਈ ਜਾ ਰਹੀ ਹੈ ਤਾਂ ਇਹ ਦੱਸਣਾ ਵੀ ਯੋਗ ਹੋਵੇਗਾ ਕਿ ਪੰਜਾਬ ਵਿਚ ਇਸ ਨੂੰ ਪੱਕੀ ਕਰਨ ਦਾ ਵੱਡਾ ਕੰਮ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਤੋਂ ਪਿੱਛੋਂ ਲਾਰਡ ਡਲਹੌਜ਼ੀ (1848-1856) ਨੇ ਹੀ ਵਿੱਢਿਆ। ਇਸ ਨੂੰ ਬਾਲਕ ਮਹਾਰਾਜਾ ਦਲੀਪ ਸਿੰਘ ਦੇ ਦਰਬਾਰ ਵਿਚ ਤਾਇਨਾਤ ਕਰਨਲ ਨੇਪੀਅਰ ਨਾਂ ਦੇ ਉਦਮੀ ਤੇ ਸਿਰੜੀ ਚੀਫ ਇੰਜੀਨੀਅਰ ਨੇ ਨੇਪਰੇ ਚੜ੍ਹਾਇਆ। ਉਨ੍ਹਾਂ ਸਮਿਆਂ ਵਿਚ ਸੜਕਾਂ ਬਣਾਉਣ ਦਾ ਕੰਮ ਫੌਜ ਹੀ ਕਰਦੀ ਸੀ ਤੇ ਇਹ ਗੱਲ ਵੀ ਬਹੁਤ ਘੱਟ ਪਾਠਕ ਜਾਣਦੇ ਹੋਣਗੇ ਕਿ ਸੜਕ ਬਣਾਉਣ ਵਾਲੇ ਮਜ਼ਦੂਰ ਮੇਰਠ ਤੇ ਦਿੱਲੀ ਦੇ ਜ਼ਿਲ੍ਹਿਆਂ ਤੋਂ ਆਉਂਦੇ ਸਨ। ਚੇਤੇ ਰਹੇ ਕਿ ਦਿੱਲੀ ਉਦੋਂ ਪੰਜਾਬ ਦਾ ਇੱਕ ਜ਼ਿਲ੍ਹਾ ਮਾਤਰ ਹੀ ਸੀ, ਉਸ ਪੰਜਾਬ ਦਾ ਜਿਸ ਵਿਚ ਗੁੜਗਾਓਂ ਤੇ ਫਰੀਦਾਬਾਦ ਹੀ ਨਹੀਂ ਪਲਵਲ ਵੀ ਸ਼ਾਮਲ ਸੀ। ਇਸ ਸੜਕ ਦਾ ਰਾਵੀ ਤੋਂ ਚਨਾਬ (59 ਮੀਲ) ਤੇ ਚਨਾਬ ਤੋਂ ਜਿਹਲਮ (40 ਮੀਲ) ਦਾ ਅਖੀਰਲਾ ਹਿੱਸਾ ਜਿਹੜਾ ਹੁਣ ਪਾਕਿਸਤਾਨ ਵਿਚ ਪੈਂਦਾ ਹੈ, 1853 ਵਿਚ ਨੇਪਰੇ ਚੜ੍ਹਿਆ ਸੀ। ਮੈਨੂੰ ਉਪਰੋਕਤ ਜਾਣਕਾਰੀ ਕਹਾਣੀਕਾਰ ਸਵਰਗੀ ਕੁਲਵੰਤ ਸਿੰਘ ਵਿਰਕ ਦੇ ਇਸ ਸੜਕ ਬਾਰੇ ਲਿਖੇ ਇਕ ਪੁਰਾਣੇ ਲੇਖ ਵਿਚੋਂ ਮਿਲੀ ਹੈ। ਮੈਂ ਇਸ ਬਹਾਨੇ ਆਪਣੇ ਉਸ ਮਿੱਤਰ ਨੂੰ ਚੇਤੇ ਕਰ ਰਿਹਾ ਹਾਂ ਜਿਹੜਾ 24 ਦਸੰਬਰ 1987 ਵਾਲੇ ਦਿਨ ਸਾਥੋਂ ਸਦਾ ਲਈ ਵਿਛੜ ਗਿਆ ਸੀ।
ਅੰਮ੍ਰਿਤਾ ਪ੍ਰੀਤਮ ਮਹਿਲਾ ਹੋਸਟਲ: ਸੋਮਵਾਰ 23 ਦਸੰਬਰ 2013 ਨੂੰ ਪੰਜਾਬ ਯੂਨੀਵਰਸਿਟੀ ਦੇ ਸਾਊਥ ਕੈਂਪਸ ਵਿਚ ਬਣ ਰਹੇ ਹੋਸਟਲਾਂ ਵਿਚੋਂ ਲੜਕੀਆਂ ਦੇ ਨਵੇਂ ਹੋਸਟਲ ਦਾ ਨਾਂ ਅੰਮ੍ਰਿਤਾ ਪ੍ਰੀਤਮ ਹੋਸਟਲ ਰਖ ਦਿੱਤਾ ਜਾਵੇਗਾ। ਇਸ ਨਾਲ ਪੰਜਾਬੀ ਦੀ ਸੁਪ੍ਰਸਿੱਧ ਸ਼ਾਇਰਾ ਨੂੰ ਪੰਜਾਬ ਯੂਨੀਵਰਸਿਟੀ ਵੱਲੋਂ ਉਹੀਓ ਮਾਣ ਸਨਮਾਨ ਪ੍ਰਾਪਤ ਹੋਵੇਗਾ ਜਿਹੜਾ ਇਸ ਤੋਂ ਪਹਿਲਾਂ ਰਾਣੀ ਲਕਸ਼ਮੀ ਬਾਈ, ਸਰੋਜਨੀ ਨਾਇਡੂ, ਕਸਤੂਰਬਾ ਗਾਂਧੀ ਵਰਗੀਆਂ ਹਸਤੀਆਂ ਨੂੰ ਮਿਲ ਚੁੱਕਿਆ ਹੈ। ਇਸ ਨਾਲ ਸਮੁੱਚੇ ਪੰਜਾਬੀ ਸਾਹਿਤ ਸੰਸਾਰ ਦਾ ਮਾਣ ਵਧਿਆ ਹੈ।
ਚੇਤੇ ਰਹੇ ਕਿ ਦੇਸ਼ ਵੰਡ ਉਪਰੰਤ ਅਖੰਡ ਹਿੰਦੁਸਤਾਨ ਵਿਚੋਂ ਪਾਕਿਸਤਾਨ ਨਿਕਲ ਜਾਣ ਨਾਲ ਜਦੋਂ ਯੂਨੀਵਰਸਿਟੀ ਦਾ ਮੁੱਖ ਅਸਥਾਨ ਲਾਹੌਰ ਨਾ ਰਿਹਾ ਤਾਂ ਕੁਝ ਸਮਾਂ ਇਹ ਸੰਸਥਾ ਸੋਲਨ ਦੀਆਂ ਪਹਾੜੀਆਂ ਵਿਚ ਟੰਗੀ ਰਹੀ ਤੇ ਚੰਡੀਗੜ੍ਹ ਦੇ ਹੋਂਦ ਵਿਚ ਆਉਣ ਤੋਂ ਪਿੱਛੋਂ ਪੰਜਾਬ ਲਈ ਉਸਾਰੀ ਗਈ ਇਸ ਨਵੀਂ ਰਾਜਧਾਨੀ ਵਿਚ ਆ ਗਈ।
ਪੰਜਾਬ ਯੂਨੀਵਰਸਿਟੀ ਦੇ ਹੁਣ ਤੱਕ ਦੇ ਮੁੰਡੇ-ਕੁੜੀਆਂ ਲਈ ਬਣੇ ਹੋਸਟਲਾਂ ਵਿਚ ਸਾਢੇ ਛੇ ਹਜ਼ਾਰ ਵਿਦਿਆਰਥੀਆਂ ਦੇ ਰਹਿਣ ਦਾ ਇੰਤਜ਼ਾਮ ਹੈ ਜੋ ਨਵੇਂ ਹੋਸਟਲ ਨਾਲ ਸੱਤ ਹਜ਼ਾਰ ਹੋ ਜਾਵੇਗਾ। 350 ਵਿਦਿਆਰਥਣਾਂ ਨੂੰ ਆਪਣੀ ਬੁੱਕਲ ਵਿਚ ਲੈਣ ਵਾਲਾ ਇਹ ਹੋਸਟਲ ਸਾਊਥ ਕੈਂਪਸ ਦੇ ਤਿੰਨ ਕਾਲਜਾਂ ਦੀਆਂ ਲੜਕੀਆਂ ਲਈ ਹੈ। ਦੰਦਾਂ ਦੇ ਕਾਲਜ ਤੋਂ ਬਿਨਾ ਇੰਜੀਨੀਅਰਿੰਗ ਤੇ ਟੈਕਨਾਲੌਜੀ ਅਤੇ ਪਬਲਿਕ ਐਡਮਨਿਸਟਰੇਸ਼ਨ ਦੀਆਂ ਵਿਦਿਆਰਥਣਾਂ ਵੀ ਇਸ ਦਾ ਲਾਭ ਲੈ ਸਕਣਗੀਆਂ। ਕਿਸੇ ਵੇਲੇ ਅੰਮ੍ਰਿਤਾ ਪ੍ਰੀਤਮ ਵੀ ਇਸ ਯੂਨੀਵਰਸਿਟੀ ਦੀ ਵਿਦਿਆਰਥਣ ਰਹੀ ਤੇ ਉਸ ਦੇ ਪਿਤਾ ਕਰਤਾਰ ਸਿੰਘ ਹਿਤਕਾਰੀ ਤਾਂ ਯੂਨੀਵਰਸਿਟੀ ਲਈ ਵਿਦਿਆਰਥੀ ਤਿਆਰ ਕਰਨ ਵਾਲੇ ਮੁੱਢਲੇ ਸਕੂਲਾਂ ਵਿਚ ਪੜ੍ਹਾਉਂਦੇ ਵੀ ਰਹੇ ਹਨ।
ਅੰਤਿਕਾ: (ਅੰਮ੍ਰਿਤਾ ਪ੍ਰੀਤਮ)
ਸ਼ੁਹਰਤਾਂ ਦੀ ਧੂੜ ਡਾਢੀ ਧੂੜ ਊਜਾਂ ਦੀ ਬੜੀ,
ਰੰਗ ਦਿਲ ਦੇ ਖੂਨ ਦਾ ਕੋਈ ਕਿਵੇਂ ਬਦਲਾਏਗਾ।
ਇਸ਼ਕ ਦੀ ਦਹਿਲੀਜ਼ ‘ਤੇ ਸਿਜਦਾ ਕਰੇਗਾ ਜਦ ਕੋਈ,
ਯਾਦ ਫਿਰ ਦਹਿਲੀਜ਼ ਨੂੰ ਮੇਰਾ ਜ਼ਮਾਨਾ ਆਏਗਾ।
Leave a Reply