ਜਤਿੰਦਰ ਮੌਹਰ
+91-97799-34747
ਭਾਰਤ ਦੇ 44ਵੇਂ ਕੌਮਾਂਤਰੀ ਫਿਲਮ ਮੇਲੇ (2013) ਵਿਚ ਦਿਖਾਈ ਗਈ ਫਿਲਮ ‘ਇਨ ਬਲੂਮ’ ਜਾਰਜੀਆਈ ਫਿਲਮ ਹੈ। ਇਹ ਫਿਲਮ ਜਾਰਜੀਆ ਦੇ ਸਮਾਜਕ-ਸਿਆਸੀ ਹਾਲਾਤ ਬਾਬਤ ਹੈ। ਪੂਰਬ-ਯੂਰਪੀ ਮੁਲਕ ਜਾਰਜੀਆ ਸੋਵੀਅਤ ਯੂਨੀਅਨ ਦਾ ਹਿੱਸਾ ਸੀ। ਸੋਵੀਅਤ ਯੂਨੀਅਨ ਖਿੰਡਣ ਤੋਂ ਬਾਅਦ ਜਾਰਜੀਆ ਵੱਖਰੇ ਮੁਲਕ ਵਜੋਂ ਹੋਂਦ ਵਿਚ ਆਇਆ। ਆਜ਼ਾਦ ਹੁੰਦੇ ਸਾਰ ਸੰਨ 1991 ਦੇ ਅੰਤਲੇ ਮਹੀਨੇ ਵਿਚ ਜਾਰਜੀਆ ਵਿਚ ਖ਼ੂਨੀ ਰਾਜ-ਪਲਟਾ ਹੋ ਗਿਆ। 1995 ਤੱਕ ਉਥੇ ਖ਼ਾਨਾਜੰਗੀ ਰਹੀ। ਜਾਰਜੀਆ ਦੇ ਗੁਆਂਢੀ ਦੱਖਣੀ-ਉਸੇਤੀਆ ਅਤੇ ਅਬਖ਼ਾਜ਼ੀਆ, ਸੋਵੀਅਤ ਸੱਤਾ ਸਮੇਂ ਖ਼ੁਦਮੁਖਤਾਰ ਖਿੱਤੇ ਮੰਨੇ ਜਾਂਦੇ ਸਨ। ਜਾਰਜੀਆ ਨੇ ਦੱਖਣੀ-ਉਸੇਤੀਆ ਅਤੇ ਅਬਖ਼ਾਜ਼ੀਆ ਉੱਤੇ ਅਪਣਾ ਹੱਕ ਜਤਾਉਣਾ ਸ਼ੁਰੂ ਕਰ ਦਿੱਤਾ। ਵਿੱਤੀ ਕੰਗਾਲੀ ਦਾ ਸਾਹਮਣਾ ਕਰ ਰਹੇ ਜਾਰਜੀਆ ਨੇ ਇਹਨੂੰ ਜ਼ਮੀਨ ਹੜੱਪਣ ਦੇ ਸੁਨਹਿਰੀ ਮੌਕਾ ਵਜੋਂ ਦੇਖਿਆ। ਅਮਰੀਕਾ ਅਤੇ ਨਾਟੋ ਜੰਗਬਾਜ਼ ਜਾਰਜੀਆ ਦੀ ਹਮਾਇਤ ‘ਤੇ ਸਨ। ਅਮਰੀਕਾ ਦੀ ਹਮਾਇਤ ਨਾਲ ਜਾਰਜੀਆ ਵਿਚ ਹੋਏ ‘ਗੁਲਾਬ ਇਨਕਲਾਬ’ ਨੇ ਸੰਨ 2003 ਵਿਚ ਸੋਵੀਅਤ ਤਰਜ਼ ਦੀ ਫੌਰੀ ਸਰਕਾਰ ਦਾ ਭੋਗ ਪਾ ਦਿੱਤਾ। ਜਾਰਜੀਆ ਵਿਚ ਅਰਥਚਾਰਾ ਸਰਕਾਰ ਦੇ ਅਖਤਿਆਰ ਹੇਠ ਸੀ ਜੋ ਖੁੱਲ੍ਹੀ ਮੰਡੀ ਨਾਲ ਨੱਥੀ ਕਰ ਦਿੱਤਾ ਗਿਆ। ਖ਼ਾਨਾਜੰਗੀ ਅਤੇ ਫ਼ੌਜੀ ਕਾਰਵਾਈਆਂ ਨੇ ਤ੍ਰਾਸਦੀ ਹੋਰ ਵਧਾ ਦਿੱਤੀ ਹੈ। ਖੇਤੀ ਅਤੇ ਸਨਅਤ ਦਾ ਬੁਰਾ ਹਾਲ ਹੈ। ਕੌਮਾਂਤਰੀ ਮਾਲੀ ਕੋਸ਼ (ਆਈæਐਮæਐਫ਼) ਅਤੇ ਆਲਮੀ ਬੈਂਕ ਮੁਲਕ ਨੂੰ ਕਰਜ਼ੇ ਦੇ ਜਾਲ ਵਿਚ ਫਸਾ ਰਿਹਾ ਹੈ। ਆਲਮੀ ਬੈਂਕ ਜਾਰਜੀਆ ਨੂੰ ਫੂਕ ਛਕਾਉਂਦਾ ਹੋਇਆ ਇਸ ਮੁਲਕ ਨੂੰ ਆਲਮ ਦਾ ਅੱਵਲ ਦਰਜੇ ਦਾ ਵਿਤੀ ਸੁਧਾਰਕ ਮੰਨਦਾ ਹੈ। 2004 ਤੋਂ ਬਾਅਦ ਜਾਰਜੀਆ ਦੇ ਬਜਟ ਦਾ ਵੱਡਾ ਹਿੱਸਾ ਰੱਖਿਆ ਲਈ ਰਾਖਵਾਂ ਕਰ ਦਿੱਤਾ ਗਿਆ। ਜਾਰਜੀਆਈ ਫ਼ੌਜ ਦੀ ਸਿਖਲਾਈ ਦਾ ਜ਼ਿੰਮਾ ਅਮਰੀਕਾ ਦੀ ਫ਼ੌਜ ਨੂੰ ਸੌਂਪ ਦਿੱਤਾ ਗਿਆ। ਜਾਰਜੀਆ ਨਾਟੋ ਦਾ ਮੈਂਬਰ ਬਣਨ ਲਈ ਤਰਲੋਮੱਛੀ ਹੋ ਰਿਹਾ ਹੈ। ਜ਼ਾਹਰ ਹੈ ਕਿ ਰੱਖਿਆ ਲਈ ਪੈਸਾ ਜੁਟਾਉਣ ਲਈ ਸਮਾਜਕ ਅਤੇ ਲੋਕ ਭਲਾਈ ਮੁਹਿੰਮਾਂ ਦੇ ਖਰਚੇ ‘ਤੇ ਕਟੌਤੀ ਕੀਤੀ ਗਈ ਹੈ।
ਅਮਰੀਕਾ ਅਤੇ ਇਸਰਾਈਲ ਨੇ ਲੁਕਵੇਂ ਲਬਾਦਿਆਂ ਹੇਠ ਭਾਰੀ ਫ਼ੌਜੀ ਮਦਦ ਜਾਰਜੀਆ ਨੂੰ ਭੇਜੀ ਜਿਸ ਵਿਚ ਹਜ਼ਾਰਾਂ ਫ਼ੌਜੀ ਵੀ ਸ਼ਾਮਲ ਸਨ। ਅਮਰੀਕਾ ਰੂਸ ਦੀ ਕਮਜ਼ੋਰੀ ਦਾ ਫ਼ਾਇਦਾ ਉਠਾ ਕੇ ਦੱਖਣੀ ਉਸੇਤੀਆ ਅਤੇ ਤੇਲਗਾਹਾਂ ਨੂੰ ਸੌਖਾ ਸ਼ਿਕਾਰ ਮੰਨਦਾ ਸੀ। ਰੂਸ, ਦੱਖਣੀ-ਉਸੇਤੀਆ ਅਤੇ ਅਬਖ਼ਾਜ਼ੀਆ ਦੀ ਮਦਦ ‘ਤੇ ਆ ਗਿਆ। ਇਸ ਟਕਰਾਅ ਦਾ ਨਤੀਜਾ 2008 ਵਿਚ ਹੋਈ ਰੂਸ-ਜਾਰਜੀਆ ਜੰਗ ਦੇ ਰੂਪ ਵਿਚ ਨਿਕਲਿਆ। ਹੁਣ ਰੂਸ ਅਤੇ ਜਾਰਜੀਆ ਇਕ-ਦੂਜੇ ਨੂੰ ਜਾਨੀ-ਮਾਲੀ ਨੁਕਸਾਨ ਦਾ ਕਸੂਰਵਾਰ ਠਹਿਰਾਉਂਦੇ ਰਹਿੰਦੇ ਹਨ। ਬੀæਬੀæਸੀæ ਦੀ ਰਪਟ ਮੁਤਾਬਕ ਜਾਰਜੀਆ ਨੇ ਦੱਖਣੀ-ਉਸੇਤੀਆ ਵਿਰੁਧ ਜੰਗ ਅਤੇ ਆਮ ਸ਼ਹਿਰੀਆਂ ਦੇ ਨਸਲਘਾਤ ਦਾ ਮੁੱਢ ਬੰਨ੍ਹਿਆ। ਰੂਸ ਦੇ ਜੰਗ ਵਿਚ ਸ਼ਾਮਲ ਹੋਣ ਤੋਂ ਬਾਅਦ ਜਾਰਜੀਆ ਦੇ ਆਮ ਸ਼ਹਿਰੀਆਂ ਦੇ ਕਤਲੇਆਮ ਦਾ ਦੋਸ਼ ਰੂਸੀ ਅਤੇ ਦੱਖਣੀ-ਉਸੇਤੀਆ ਦੀਆਂ ਫ਼ੌਜਾਂ ‘ਤੇ ਲੱਗਿਆ ਹੈ।
ਬਸਤਾਨਾਂ ਅਤੇ ਮੁਕਾਮੀ ਹਾਕਮਾਂ ਦਾ ਨਾਪਾਕ ਗੱਠਜੋੜ ਆਵਾਮ ਲਈ ਅਣਮਨੁੱਖੀ ਹਾਲਾਤ ਪੈਦਾ ਕਰਦਾ ਹੈ। ਇਹ ਜੰਗ ਅਤੇ ਬਦਇੰਤਜ਼ਾਮੀ ਨੂੰ ਹਵਾ ਦਿੰਦੇ ਰਹਿੰਦੇ ਹਨ। ਫ਼ਿਲਮ ‘ਇਨ ਬਲੂਮ’ ਦੀ ਕਹਾਣੀ 1992 ਦੇ ਸਮਿਆਂ ਨੂੰ ਦਰਸਾਉਂਦੀ ਹੈ ਜਦੋਂ ਜਾਰਜੀਆ ਅਬਖ਼ਾਜੀਆ ਨਾਲ ਟਾਕਰੇ ਵਿਚ ਸੀ। ਫ਼ਿਲਮ ਦੇ ਹਦਾਇਤਕਾਰ ਨਾਨਾ ਐਕਵਤੀਮਿਸਵਿਲੀ ਅਤੇ ਸਿਮੋਨ ਗਰੌਸ ਹਨ। ਹਦਾਇਤਕਾਰਾ ਅਤੇ ਲੇਖਕਾ ਨਾਨਾ ਐਕਵਤੀਮਿਸਵਿਲੀ ਦੇ ਬਚਪਨ ਦੀਆਂ ਯਾਦਾਂ ਫ਼ਿਲਮ ਦੀ ਕਹਾਣੀ ‘ਤੇ ਅਸਰ-ਅੰਦਾਜ਼ ਹਨ। ਫ਼ਿਲਮ ਮੁਲਕ ਦੇ ਹੰਗਾਮੀ ਹਾਲਾਤ ਹੰਢਾਅ ਰਹੇ ਕਿਰਦਾਰਾਂ ਦੀ ਕਹਾਣੀ ਹੈ। ਮੁਲਕ ਵਿਚ ਹਿੰਸਾ, ਕੰਗਾਲੀ ਅਤੇ ਬੇਵਿਸਾਹੀ ਦਾ ਮਾਹੌਲ ਹੈ। ਪੈਸੇ ਅਤੇ ਨੌਕਰੀ ਤੋਂ ਵਾਂਝੇ ਬਾਪੂ, ਲੜਾਕੇ ਸ਼ਰਾਬੀ ਅਤੇ ਭੇਤਭਰੇ ਢੰਗ ਨਾਲ ਗਾਇਬ ਹੋਏ ਮਰਦ ਜਾਰਜੀਆਈ ਸਮਾਜ ਦੀ ਹੋਣੀ ਹਨ। ਮੁਲਕ ਵਿਚਲੀ ਬਦਇੰਤਜ਼ਾਮੀ ਅਤੇ ਉੱਥਲ-ਪੁੱਥਲ ਦਾ ਸਿੱਧਾ ਅਸਰ ਅਵਾਮ ਦੀ ਬਦਹਾਲੀ ਦੇ ਰੂਪ ਵਿਚ ਸਾਹਮਣੇ ਆਉਂਦਾ ਹੈ। ਵਿਤੀ ਅਤੇ ਸਿਆਸੀ ਅਰਾਜਕਤਾ ਦੇ ਮਾਹੌਲ ਦਾ ਭਿਆਨਕ ਅਸਰ ਬੀਬੀਆਂ ਅਤੇ ਬੱਚਿਆਂ ‘ਤੇ ਪੈਂਦਾ ਹੈ। ਫ਼ਿਲਮ ਦੀ ਕਹਾਣੀ ਦੋ ਅੱਲ੍ਹੜ ਕੁੜੀਆਂ ਏਕਾ ਅਤੇ ਨਾਤੀਆ ਦੇ ਨਜ਼ਰੀਏ ਤੋਂ ਵਾਪਰਦੀ ਹੈ। ਦੋਹਾਂ ਦੀ ਉਮਰ ਚੌਦਾਂ ਸਾਲਾਂ ਦੀ ਹੈ ਅਤੇ ਉਹ ਇਕੋ ਜਮਾਤ ਵਿਚ ਪੜ੍ਹਦੀਆਂ ਹਨ। ਕੁੜੀਆਂ ਨਾਲ ਛੇੜਖਾਨੀ ਅਤੇ ਹਿੰਸਾ ਆਮ ਹੈ। ਇਸ ਮਾਹੌਲ ਵਿਚ ਦੋਵੇਂ ਬੀਬੀਆਂ ਦਾ ਜਿਉਣਾ ਦੁੱਭਰ ਹੋ ਚੁੱਕਿਆ ਹੈ। ਛੋਟੀ ਉਮਰ ਦੇ ਮੁੰਡੇ ਵੀ ਕਿਰਚਾਂ ਚੁੱਕੀ ਫਿਰਦੇ ਹਨ। ਮਰਦਾਂ ਦੀ ਹਿੰਸਾ ਪਰਿਵਾਰ, ਸਮਾਜ ਅਤੇ ਸਿਆਸੀ ਪੱਧਰ ‘ਤੇ ਕਹਿਰ ਵਰਤਾ ਰਹੀ ਹੈ ਜਿਹਨੂੰ ਫ਼ਿਲਮ ਉਘਾੜ ਕੇ ਪੇਸ਼ ਕਰਦੀ ਹੈ। ਏਕਾ ਦਾ ਪਿਉ ਗਾਇਬ ਹੈ। ਉਹ ਪਿਉ ਨੂੰ ਚਿੱਠੀ ਲਿਖਣੀ ਲੋਚਦੀ ਹੈ। ਉਹਦੀਆਂ ਚੀਜ਼ਾਂ ਸਾਂਭੀ ਬੈਠੀ ਹੈ। ਮਾਂ ਕੁਝ ਦੱਸਣ ਨੂੰ ਤਿਆਰ ਨਹੀਂ ਹੈ। ਅੰਤ ਵਿਚ ਭੇਤ ਖੁੱਲ੍ਹਦਾ ਹੈ ਕਿ ਉਹ ਜੇਲ੍ਹ ਵਿਚ ਹੈ। ਦੂਜੀ ਕੁੜੀ ਨਾਤੀਆ ਅਤੇ ਉਹਦਾ ਭਰਾ ਘਰੇਲੂ-ਕਲੇਸ਼ ਤੋਂ ਦੁਖੀ ਹਨ। ਖਾਣ-ਪੀਣ ਦੀਆਂ ਚੀਜ਼ਾਂ ਲਈ ਕਤਾਰਾਂ ਵਿਚ ਖੜ੍ਹਨਾ ਪੈਂਦਾ ਹੈ। ਹਿੰਸਾ ਅਤੇ ਬੇਕਾਰੀ ਦੇ ਮਾਹੌਲ ਵਿਚ ਘਰ ਦੇ ਜੀਅ ਬਿਨਾਂ ਗੱਲ ਤੋਂ ਲੜਦੇ ਰਹਿੰਦੇ ਹਨ। ਘਰੇਲੂ-ਕਲੇਸ਼ ਦਾ ਅਸਰ ਜੁਆਕਾਂ ਦੀ ਮਾਨਸਿਕਤਾ ਉਤੇ ਪੈਂਦਾ ਹੈ। ਨਾਤੀਆ ਦਾ ਲਾਦੋ ਨਾਮ ਦੇ ਮੁੰਡੇ ਨਾਲ ਪਿਆਰ, ਧੱਕੇ ਦੇ ਆਸ਼ਕ ਬਣੇ ਕੋਟੇ ਨੂੰ ਪਸੰਦ ਨਹੀਂ ਹੈ। ਉਹ ਗੁੰਡਾ-ਢਾਣੀ ਦੀ ਮਦਦ ਨਾਲ ਨਾਤੀਆ ਨੂੰ ਜਬਰੀ ਚੁੱਕ ਲੈ ਜਾਂਦਾ ਹੈ। ਕੁੜੀ ਦਾ ਇਨਕਾਰ ਪਰਿਵਾਰ, ਸਮਾਜ ਅਤੇ ਧੱਕੇ ਦੇ ਆਸ਼ਕ ਨੂੰ ਮਨਜ਼ੂਰ ਨਹੀਂ ਹੈ। ਸਾਰੇ ਬੇਮੇਲ ਰਿਸ਼ਤੇ ਨਾਲ ਸਹਿਮਤ ਹਨ। ਵਿਆਹ ਪਿੱਛੋਂ ਕੋਟੇ ਲਾਦੋ ਦਾ ਕਤਲ ਕਰਵਾ ਦਿੰਦਾ ਹੈ। ਲਾਦੋ ਨੇ ਨਾਤੀਆ ਨੂੰ ਰੱਖਿਆ ਲਈ ਪਿਸਤੌਲ ਦਿੱਤਾ ਸੀ। ਅਸੁਰੱਖਿਅਤ ਮਾਹੌਲ ਵਿਚ ਪਿਸਤੌਲ ਏਕਾ ਅਤੇ ਨਾਤੀਆ ਕੋਲ ਘੁੰਮਦਾ ਰਹਿੰਦਾ ਹੈ। ਲਾਦੋ ਦੇ ਕਤਲ ਦਾ ਬਦਲਾ ਲੈਣ ਲਈ ਨਾਤੀਆ ਪਿਸਤੌਲ ਨਾਲ ਆਪਣੇ ਘਰਵਾਲੇ ਕੋਟੇ ਨੂੰ ਮਾਰਨਾ ਚਾਹੁੰਦੀ ਹੈ। ਏਕਾ ਪਿਸਤੌਲ ਨੂੰ ਅਲਵਿਦਾ ਕਹਿਣ ਲਈ ਨਾਤੀਆ ਨੂੰ ਮਨਾਉਂਦੀ ਹੈ। ਉਹਨੂੰ ਲਗਦਾ ਹੈ ਕਿ ਪਿਸਤੌਲ ਦੋਹਾਂ ਨੂੰ ਸਾਜ਼ਗਾਰ ਹਾਲਾਤ ਵੱਲ ਨਹੀਂ ਲਿਜਾ ਸਕਦਾ। ਫ਼ਿਲਮ ਹਿੰਸਾ ਦੀ ਵਰਤੋਂ ਬਾਬਤ ਸਵਾਲ ਛੇੜਦੀ ਹੈ ਅਤੇ ਇਹ ਵੀ ਕਿ ਇਹਦੀ ਵਰਤੋਂ ਕਿਹੜੇ ਹਾਲਾਤ ਵਿਚ ਕੀਤੀ ਜਾਣੀ ਚਾਹੀਦੀ ਹੈ। ਇਸ ਸਵਾਲ ਦੇ ਰੂ-ਬ-ਰੂ ਹੁੰਦਿਆਂ ਬੀਬੀਆਂ ਦੀ ਅਸੁਰੱਖਿਆ ਦੇ ਕਾਰਨਾਂ ਅਤੇ ਉਨ੍ਹਾਂ ਦੇ ਵਿਰੁਧ ਭੁਗਤਦੇ ਮਾਹੌਲ ਨੂੰ ਅੱਖੋਂ ਉਹਲੇ ਨਹੀਂ ਕੀਤਾ ਜਾ ਸਕਦਾ। ਦੋਵੇਂ ਕੁੜੀਆਂ ਜਗੀਰੂ ਕਦਰਾਂ-ਕੀਮਤਾਂ ‘ਤੇ ਸਵਾਲ ਕਰਦੀਆਂ ਹੋਈਆਂ ਵੀ ਤਰੀਕਿਆਂ ਅਤੇ ਸਿੱਟਿਆਂ ਬਾਬਤ ਦੋਚਿੱਤੀ ਵਿਚ ਜਾਪਦੀਆਂ ਹਨ। ਹੱਥ ਵਿਚ ਆਇਆ ਪਿਸਤੌਲ ਹੌਸਲਾ ਜ਼ਰੂਰ ਦਿੰਦਾ ਹੈ ਪਰ ਚਲਾਉਣ ਦੀ ਹਿੰਮਤ ਜੁਟਾਉਣਾ ਔਖਾ ਹੈ। ਸਿਖ਼ਰ ‘ਤੇ ਪਹੁੰਚਿਆ ਟਕਰਾਅ ਅਕਸਰ ਸਮਝੌਤੇ ਜਾਂ ਚੁੱਪ ਵਿਚ ਬਦਲ ਜਾਂਦਾ ਹੈ। ਨਾਤੀਆ ਦੇ ਜਬਰੀ ਵਿਆਹ ਦਾ ਸੱਚ ਜਾਣਦੇ ਹੋਏ ਵੀ ਏਕਾ ਦਾ ਉਹਦੇ ਵਿਆਹ ‘ਚ ਮਸਤ ਹੋ ਕੇ ਨੱਚਣਾ ਕਈ ਸਵਾਲਾਂ ਨੂੰ ਜਨਮ ਦਿੰਦਾ ਹੈ। ਏਕਾ ਵਹਾਅ ਦੇ ਨਾਲ ਵਹਿਣਾ ਸ਼ੁਰੂ ਕਰ ਰਹੀ ਹੈ ਪਰ ਨਾਤੀਆ ਜਬਰੀ ਵਿਆਹ ਤੋਂ ਬਾਅਦ ਘਰਵਾਲੇ ਨੂੰ ਮਾਰਨ ਵਰਗਾ ਫ਼ੈਸਲਾ ਕਰ ਰਹੀ ਹੈ। ਇਸ ਫ਼ੈਸਲੇ ਨੂੰ ਬਦਲਣ ਲਈ ਏਕਾ ਨਾਤੀਆ ‘ਤੇ ਦਬਾਅ ਪਾਉਂਦੀ ਹੈ। ਏਕਾ ਦਾ ਦਬਾਅ ਨਾਤੀਆ ਦੇ ਰੋਹ ਨੂੰ ਡੱਕਣ ਦਾ ਸਬੱਬ ਬਣਦਾ ਹੈ। ਕੀ ਇਹ ਹਰ ਹੀਲੇ ਜ਼ਿੰਦਗੀ ਜਿਉਣ ਦੀ ਚਾਹ ਹੈ ਜਾਂ ਸਮਝੌਤਾ ਹੈ? ਕੀ ਏਕਾ ਕੋਲ ਹਿੰਸਾ ਦੀ ਵਰਤੋਂ ਦਾ ਸਹੀ ਮੌਕਾ ਸਮਝਣ ਦੀ ਵਧੇਰੇ ਅਕਲ ਅਤੇ ਇਲਮ ਹੈ?
ਫ਼ਿਲਮ ਦੇ ਅੰਤ ਵਿਚ ਏਕਾ ਪਿਉ ਨੂੰ ਮਿਲਣ ਜੇਲ੍ਹ ਜਾਂਦੀ ਦਿਖਾਈ ਗਈ ਹੈ। ਉਹ ਰਿਸ਼ਤਿਆਂ ਨੂੰ ਨਵੇਂ ਸਿਰਿਉਂ ਸੁਰਜੀਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਹਦੇ ਪਿਉ ‘ਤੇ ਕਤਲ ਦਾ ਦੋਸ਼ ਸੀ। ਏਕਾ ਦੇ ਪਿਉ ਨੇ ਉਸ ਮੁੰਡੇ ਦੇ ਬਾਪ ਦਾ ਕਤਲ ਕੀਤਾ ਸੀ ਜੋ ਹੁਣ ਏਕਾ ਨੂੰ ਤੰਗ ਕਰਦਾ ਰਹਿੰਦਾ ਹੈ। ਮੁੰਡਾ ਆਪਣੇ ਪਿਉ ਦੇ ਕਤਲ ਦਾ ਬਦਲਾ ਲੈ ਰਿਹਾ ਹੈ। ਬੇਵਿਸਾਹੀ ਦੇ ਮਾਹੌਲ ਵਿਚ ਫ਼ਿਲਮ ਕਿਰਦਾਰਾਂ ਦੀ ਉਲਝਣ ਨੂੰ ਹੂ-ਬ-ਹੂ ਪੇਸ਼ ਕਰਦੀ ਹੈ। ਕਿਰਦਾਰ ਬਹੁਪਰਤੀ ਅਤੇ ਬਹੁਰੰਗੇ ਹਨ। ਫ਼ਿਲਮ ਦੇਖ ਕੇ ਦਰਸ਼ਕ ਕਈ ਸਵਾਲਾਂ ਨਾਲ ਦੋ-ਚਾਰ ਹੁੰਦਾ ਹੈ ਜਿਨ੍ਹਾਂ ਦਾ ਜਵਾਬ ਫ਼ਿਲਮ ਨਹੀਂ ਦਿੰਦੀ। ਕਈ ਵਾਰ ਸਵਾਲ ਉਠਾਉਣਾ ਵੀ ਤਾਂ ਅਹਿਮ ਹੁੰਦਾ ਹੈ!
Leave a Reply