‘ਪੰਜਾਬ ਟਾਈਮਜ਼’ ਦੇ 21 ਦਸੰਬਰ ਵਾਲੇ ਅੰਕ ਦੀ ਸੰਪਾਦਕੀ ‘ਸਿਦਕ ਤੇ ਸੇਧ ਦਾ ਸਫਰ’ ਪੜ੍ਹ ਕੇ ਇਹ ਖਤ ਲਿਖ ਰਿਹਾ ਹਾਂ। ਇਸ ਨੌਜਵਾਨ ਨੇ ਬਹੁਤ ਚੰਗਾ ਮੁੱਦਾ ਸਾਡੇ ਸਭ ਦੇ ਸਾਹਮਣੇ ਰੱਖਿਆ ਹੈ ਪਰ ਜੇ ਉਸ ਦੇ ਸੰਘਰਸ਼ ਨੂੰ ਹੋਰ ਵੱਡਾ ਕਰ ਲਿਆ ਜਾਂਦਾ ਤਾਂ ਇਸ ਦਾ ਪ੍ਰਭਾਵ ਜ਼ਿਆਦਾ ਪੈਣਾ ਸੀ। ਤੁਸੀਂ ਬੜਾ ਸੰਤੁਲਨ ਰੱਖ ਕੇ ਇਸ ਮੁੱਦੇ ਬਾਰੇ ਆਪਣੀ ਰਾਏ ਰੱਖੀ ਹੈ, ਨਹੀਂ ਤਾਂ ਉਸ ਬਾਰੇ ਬਹੁਤ ਭਾਵੁਕ ਬਿਆਨਬਾਜ਼ੀ ਨਾਲ ਅਖਬਾਰਾਂ ਭਰੀਆਂ ਪਈਆਂ ਹਨ। ਉਂਜ ਇਹ ਮੁੱਦਾ ਵੀ ਵਿਚਾਰਨ ਵਾਲਾ ਹੈ ਕਿ ਸਜ਼ਾ ਭਗਤ ਚੁੱਕੇ ਕੈਦੀ ਇਕੱਲੇ ਸਿੱਖ ਹੀ ਨਹੀਂ ਹਨ, ਹੋਰ ਵੀ ਹਨ। ਉਨ੍ਹਾਂ ਦਾ ਮੁੱਦਾ ਵੀ ਜੇ ਨਾਲ ਜੋੜਿਆ ਜਾਂਦਾ ਤਾਂ ਵਧੇਰੇ ਚੰਗਾ ਸੀ। ਜੇ ਅਜਿਹਾ ਹੋ ਜਾਂਦਾ ਤਾਂ ਇਸ ਸੰਘਰਸ਼ ਦਾ ਘੇਰਾ ਐਨਾ ਸੀਮਤ ਨਾ ਰਹਿੰਦਾ। ਤੁਸੀਂ ਠੀਕ ਹੀ ਨਿਸ਼ਾਨਦੇਹੀ ਕੀਤੀ ਹੈ ਕਿ ਹੁਣ ਇਸ ਸੰਘਰਸ਼ ਨੂੰ ਤੋੜ ਤੱਕ ਲੈ ਕੇ ਜਾਣ ਦੀ ਵਾਰੀ ਅਤੇ ਜ਼ਿੰਮੇਵਾਰੀ ਲੀਡਰਾਂ ਦੀ ਹੈ।
ਇਸੇ ਅੰਕ ਵਿਚ ਬੂਟਾ ਸਿੰਘ ਦਾ ਲੇਖ ‘ਸਿਆਸੀ ਕੈਦੀਆਂ ਦੀ ਰਿਹਾਈ ਅਤੇ ਸਥਾਪਤੀ ਦੀ ਬਦਨੀਤੀ’ ਵੀ ਇਸੇ ਮਸਲੇ ਬਾਰੇ ਸੀ। ਉਸ ਨੇ ਵੀ ਭਾਰਤੀ ਸਟੇਟ ਦੇ ਫਾਸ਼ੀਵਾਦ ਨੂੰ ਕੇਂਦਰ ਵਿਚ ਰੱਖ ਕੇ ਵਿਚਾਰ ਪ੍ਰਗਟ ਕੀਤੇ ਹਨ। ਗੁਰਬਖਸ਼ ਸਿੰਘ ਦਾ ਸੰਘਰਸ਼ ਚਲਾ ਰਹੇ ਆਗੂਆਂ ਨੂੰ ਇਸ ਬਾਰੇ ਗੰਭੀਰਤਾ ਨਾਲ ਵਿਚਾਰਨਾ ਚਾਹੀਦਾ ਹੈ। ਸਿੱਖ ਬੰਦੀਆਂ ਦੀ ਰਿਹਾਈ ਦਾ ਮੁੱਦਾ ਸਰਬੱਤ ਨਾਲ ਜੁੜਨਾ ਚਾਹੀਦਾ ਹੈ।
-ਕਰਤਾਰ ਸਿੰਘ ਸੰਧੂ
ਫਰੀਮਾਂਟ, ਕੈਲੀਫੋਰਨੀਆ।
Leave a Reply