ਘਰ ਸੇ ਮਸਜਿਦ ਹੈ ਬਹੁਤ ਦੂਰ ਚਲੋ ਯੂੰ ਕਰ ਲੇਂ,
ਕਿਸੀ ਰੋਤੇ ਹੁਏ ਬੱਚੇ ਕੋ ਹਸਾਇਆ ਜਾਏ।
ਪੰਜਾਬ ਦੇ ਸਕੂਲਾਂ ਵਿਚ ਅਧਿਆਪਕਾਂ ਦੀ ਘੱਟ ਗਿਣਤੀ ਦੀਆਂ ਖ਼ਬਰਾਂ ਅਖ਼ਬਾਰਾਂ ਵਿਚ ਆਮ ਪੜ੍ਹਨ ਨੂੰ ਮਿਲ ਜਾਂਦੀਆਂ ਹਨ। ਨੌਕਰੀਆਂ ਲੈਣ ਲਈ ਜਾਂ ਪੱਕੇ ਹੋਣ ਲਈ ਅਧਿਆਪਕਾਂ ਦੇ ਅੰਦੋਲਨ ਆਮ ਹੁੰਦੇ ਰਹਿੰਦੇ ਹਨ। ਅਧਿਆਪਕਾਂ ਦੀਆਂ ਸਹੀ ਜਗ੍ਹਾ ‘ਤੇ ਨਾ ਹੁੰਦੀਆਂ ਬਦਲੀਆਂ ਦੀਆਂ ਖ਼ਬਰਾਂ ਵੀ ਕਦੇ ਕਦੇ ਨਜ਼ਰ ਪੈ ਜਾਂਦੀਆਂ ਹਨ। ਆਮ ਤੌਰ ‘ਤੇ ਇਨ੍ਹਾਂ ਨੂੰ ਅਧਿਆਪਕਾਂ ਦਾ ਨਿੱਜੀ ਮਾਮਲਾ ਹੀ ਸਮਝਿਆ ਜਾਂਦਾ ਹੈ। ਬਹੁਤੀ ਹੱਦ ਤੱਕ ਹੈ ਵੀ। ਪਰ ਸਕੂਲਾਂ ਵਿਚ ਅਧਿਆਪਕਾਂ ਦੀ ਗਿਣਤੀ ਘੱਟ ਹੋਣ, ਇਕ ਸਕੂਲ ਵਿਚ ਇਕ ਹੀ ਅਧਿਆਪਕ ਹੋਣ ਅਤੇ ਸਹੀ ਜਗ੍ਹਾ ਬਦਲੀਆਂ ਨਾ ਹੋਣ ਨਾਲ ਸਕੂਲਾਂ ਵਿਚ ਕਿਸ ਤਰ੍ਹਾਂ ਦੀਆਂ ਭਿਆਨਕ, ਕਰੂਰ, ਦਿਲ-ਚੀਰਵੀਆਂ, ਅਸਹਿਣਯੋਗ ਘਟਨਾਵਾਂ ਵਾਪਰ ਸਕਦੀਆਂ ਹਨ, ਇਸ ਦਾ ਖੁਲਾਸਾ ‘ਹੁਣ ਮੈਂ ਚੌੜ ਨਹੀਂ ਕਰਦਾ’ ਕਹਾਣੀ ਵਿਚ ਬਹੁਤ ਹੀ ਕਲਾਮਈ, ਮਾਰਮਿਕ ਅਤੇ ਦੁਖਾਂਤਕ ਅੰਦਾਜ਼ ਵਿਚ ਕੀਤਾ ਗਿਆ ਹੈ। ਕਹਾਣੀ ਪੜ੍ਹਨ ਤੋਂ ਬਾਦ ਮੈਂ ਕਿੰਨੀ ਦੇਰ ਬੈਠਾ ਇਹੀ ਸੋਚਦਾ ਰਿਹਾ ਕਾਸ਼! ਇਸ ਸਕੂਲ ਵਿਚ ਹਰ ਕਲਾਸ ਦਾ ਵੱਖਰਾ ਅਧਿਆਪਕ ਹੁੰਦਾ, ਸਕੂਲ ਮਾਸਟਰ ਦਾ ਪਿੰਡ ਸਕੂਲ ਤੋਂ 90 ਮੀਲ ਦੂਰ ਨਾ ਹੁੰਦਾ ਤਾਂ ਇਹ ਦੁਖਾਂਤ ਕਦੇ ਨਾ ਵਾਪਰਦਾ। ਜਗਦੀਸ਼ ਕੌਸ਼ਲ ਦੀ ਦਰਦਮਈ, ਦਿਲ-ਵਿਨ੍ਹਵੀਂ ਕਹਾਣੀ ਸ਼ਬਦਾਂ ਵਿਚ ਬਿਆਨ ਤਾਂ ਮਨੋਵਿਗਿਆਨਕ ਛੋਹਾਂ ਨਾਲ ਕਰਦੀ ਹੀ ਹੈ, ਪਰ ਇਸ ਕਹਾਣੀ ਵਿਚ ਜੋ ਨਹੀਂ ਕਿਹਾ ਗਿਆ, ਉਹ ਵੀ ਕਹੇ ਗਏ ਨਾਲੋਂ ਘੱਟ ਮਹੱਤਵਪੂਰਨ, ਕਰੂਰ, ਕਰੂਪ ਤੇ ਦਿਲ-ਪਾੜਵਾਂ ਨਹੀਂ ਹੈ। ਮਾਸੂਮ ਬੱਚੇ ਦੀ ਬੇਬਸੀ, ਸਿਸਕੀਆਂ, ਹੰਝੂ ਅਤੇ ਅੰਤ ਅਸਲ ਵਿਚ ਸਾਡੀਆਂ ਵਿਦਿਅਕ ਸੰਸਥਾਵਾਂ ਦੇ ਨਿਘਾਰ ਅਤੇ ਅਯੋਗ ਪ੍ਰਸ਼ਾਸਨ ਦਾ ਹੀ ਚਿੰਨ੍ਹ ਹੈ।
-ਸੁਰਿੰਦਰ ਸੋਹਲ, ਨਿਊ ਯਾਰਕ
ਫੋਨ: 646-220-2586
Leave a Reply