ਰੂਸੀ ਆਗੂ ਲਿਓਨ ਤ੍ਰਾਤਸਕੀ ਬਾਰੇ ਲੇਖ

‘ਪੰਜਾਬ ਟਾਈਮਜ਼’ ਦੇ ਅੰਕ ਨੰਬਰ 50 ਅਤੇ 51 ਵਿਚ ਡਾæ ਅੰਮ੍ਰਿਤਪਾਲ ਸਿੰਘ ਦਾ ਰੂਸੀ ਇਨਕਲਾਬ ਦੇ ਆਗੂ ਲਿਓਨ ਤ੍ਰਾਤਸਕੀ ਬਾਰੇ ਲੇਖ ਪੜ੍ਹਿਆ। ਲੇਖ ਦੇ ਪਹਿਲੇ ਪੈਰੇ ਵਿਚ ਉਨ੍ਹਾਂ ਨੇ ਜਿਸ ਢੰਗ ਨਾਲ ਗੱਲ ਸ਼ੁਰੂ ਕੀਤੀ ਸੀ, ਉਹ ਲੇਖ ਦੇ ਅਗਲੇ ਹਿੱਸੇ ਵਿਚ ਬਰਕਰਾਰ ਨਹੀਂ ਰਹਿ ਸਕੀ। ਪਹਿਲਾ ਪੈਰਾ ਪੜ੍ਹ ਕੇ ਜਾਪਿਆ ਸੀ ਕਿ ਲੇਖਕ ਤ੍ਰਾਤਸਕੀ ਬਾਰੇ ਪਹਿਲਾਂ ਪ੍ਰਚਲਿਤ ਧਾਰਨਾਵਾਂ ਤੋਂ ਅਗਾਂਹ ਜਾ ਕੇ ਗੱਲ ਕਰੇਗਾ ਅਤੇ ਕੁਝ ਨਵਾਂ ਪੜ੍ਹਨ ਨੂੰ ਮਿਲੇਗਾ ਪਰ ਜਾਪਦਾ ਹੈ, ਉਸ ਨੇ ਤ੍ਰਾਤਸਕੀ ਨੂੰ ਰੂਸੀ ਇਨਕਲਾਬ ਵਿਚੋਂ ਮਨਫੀ ਕਰਨ ਦਾ ਤਹੱਈਆ ਕੀਤਾ ਹੋਇਆ ਸੀ। ਇਸੇ ਕਰ ਕੇ ਲੇਖਕ ਦਾ ਇਹ ਯਤਨ ਚੰਗਾ ਹੋਣ ਦੇ ਬਾਵਜੂਦ ਇਕਪਾਸੜ ਹੋ ਨਿਬੜਿਆ। ਮੈਂ ਆਪ ਕੋਈ ਤ੍ਰਾਤਸਕੀਵਾਦੀ ਨਹੀਂ, ਉਸ ਦੀਆਂ ਕਈ ਧਾਰਨਾਵਾਂ ਕੂੜ ਸਾਬਤ ਹੋ ਚੁੱਕੀਆਂ ਹਨ ਅਤੇ ਉਸ ਦੀ ਪਹੁੰਚ ਦੇ ਕਈ ਨੁਕਸ ਵੀ ਜੱਗ-ਜ਼ਾਹਿਰ ਹਨ; ਪਰ ਮੈਂ ਇਹ ਜ਼ਰੂਰ ਸੋਚਦਾ ਹਾਂ ਕਿ ਹੁਣ ਇਤਨੇ ਸਾਲਾਂ ਬਾਅਦ ਜਦੋਂ ਰੂਸੀ ਇਨਕਲਾਬ ਅਤੇ ਇਸ ਇਨਕਲਾਬ ਦੇ ਆਗੂਆਂ ਬਾਰੇ ਇਤਨੇ ਤੱਥ ਸਾਹਮਣੇ ਆ ਚੁੱਕੇ ਹਨ ਤਾਂ ਚੋਟੀ ਦੇ ਅਜਿਹੇ ਆਗੂਆਂ ਨੂੰ ਮੂਲੋਂ ਹੀ ਸਵੀਕਾਰਨ ਜਾਂ ਰੱਦ ਕਰਨ ਦੀ ਥਾਂ ਉਨ੍ਹਾਂ ਬਾਰੇ ਸਮੁੱਚੇ ਰੂਪ ਵਿਚ ਗੱਲ ਕਰਨੀ ਚਾਹੀਦੀ ਹੈ। ਇਹ ਠੀਕ ਹੈ ਕਿ ਤ੍ਰਾਤਸਕੀ ਨੇ ਕਈ ਮੁੱਦਿਆਂ ‘ਤੇ ਬੜੀਆਂ ਬੱਜਰ ਗਲਤੀਆਂ ਕੀਤੀਆਂ ਜੋ ਉਸ ਦੇ ਪਤਨ ਦਾ ਕਾਰਨ ਵੀ ਬਣੀਆਂ, ਪਰ ਇਨਕਲਾਬ ਵਿਚ ਉਸ ਦਾ ਕੁਝ ਤਾਂ ਨਿੱਗਰ ਯੋਗਦਾਨ ਹੋਵੇਗਾ। ਉਸ ਨੂੰ ਲੈਨਿਨ ਦੀ ਕਤਾਰ ਦਾ ਆਗੂ ਮੰਨਿਆ ਗਿਆ ਹੈ।
ਇਹ ਲੇਖ ਪੜ੍ਹਦਿਆਂ ਮੈਨੂੰ ਆਂਧਰਾ ਪ੍ਰਦੇਸ਼ ਦੇ ਚਰਚਿਤ ਨਕਸਲੀ ਆਗੂ ਕੌਂਡਾਪੱਲੀ ਸੀਤਾਰਮੱਈਆ ਦਾ ਚੇਤਾ ਆ ਗਿਆ। ਇਹ ਉਹੀ ਕੌਂਡਾਪੱਲੀ ਹੈ ਜਿਸ ਵੱਲੋਂ ਲੋਕ-ਘੋਲਾਂ ਦਾ ਲਾਇਆ ਬੂਟਾ ਅੱਜ ਪੂਰਾ ਫੈਲਰ ਕੇ ਸੀæਪੀæਆਈæ (ਮਾਓਵਾਦੀ) ਨਾਂ ਦੀ ਪਾਰਟੀ ਦੇ ਰੂਪ ਵਿਚ ਸਭ ਦੇ ਸਾਹਮਣੇ ਹੈ। ਜਿਸ ਵੇਲੇ ਨਕਸਲੀਆਂ ਦੇ ਵੱਖ-ਵੱਖ ਆਗੂ ਆਪੋ-ਆਪਣੀਆਂ ਧਾਰਨਾਵਾਂ ਸਹੀ ਹੋਣ ਦੇ ਦਮਗਜੇ ਮਾਰ ਰਹੇ ਸਨ, ਉਸ ਵਕਤ ਇਹ ਆਗੂ ਆਪਣੇ ਸਾਥੀਆਂ ਨਾਲ ਰਲ ਕੇ ਨਕਸਲੀ ਲਹਿਰ ਬਾਰੇ ਪੁਨਰਵਿਚਾਰ ਕਰ ਰਿਹਾ ਸੀ ਅਤੇ ਆਂਧਰਾ ਪ੍ਰਦੇਸ਼ ਦੇ ਮਜ਼ਦੂਰਾਂ-ਕਿਸਾਨਾਂ ਵਿਚ ਕੰਮ ਕਰ ਰਿਹਾ ਸੀ। ਮਗਰੋਂ ਨਵੀਂ ਲੀਡਰਸ਼ਿਪ ਨੇ ਇਸ ਆਗੂ ਨੂੰ ਇਹ ਕਹਿ ਕੇ ਪਾਸੇ ਕਰ ਦਿੱਤਾ ਕਿ ਉਹ ਲੀਹੋਂ ਲਹਿ ਗਿਆ ਹੈ। ਪਰ ਇਸ ਆਗੂ ਦੇ ਯੋਗਦਾਨ ਨੂੰ ਕਦੇ ਵੀ ਪਾਸੇ ਨਹੀਂ ਕੀਤਾ ਜਾ ਸਕਦਾ। ਸੀæਪੀæਆਈæ (ਮਾਓਵਾਦੀ) ਦੀ ਹੁਣ ਵਾਲੀ ਲੀਡਰਸ਼ਿਪ ਵੀ ਉਸ ਦੇ ਯੋਗਦਾਨ ਨੂੰ ਬਾਕਾਇਦਾ ਮੰਨਦੀ ਹੈ। ਚੰਗਾ ਹੁੰਦਾ ਜੇ ਡਾæ ਅੰਮ੍ਰਿਤਪਾਲ ਸਿੰਘ ਤ੍ਰਾਤਸਕੀ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਵੀ ਕਰਦੇ।
-ਕਰਨੈਲ ਸਿੰਘ ਸੋਹੀ, ਨਿਊ ਯਾਰਕ।

Be the first to comment

Leave a Reply

Your email address will not be published.