ਹਰਿਆਣੇ ਤੋਂ ਮੁਹਾਲੀ ਪੁੱਜ ਕੇ ਮੋਰਚੇ ਉਤੇ ਬੈਠੇ ਸਿਦਕੀ ਜਿਉੜੇ ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਸਿੱਖ ਸੰਘਰਸ਼ ਦੇ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਬੁਲੰਦੀਆਂ ਉਤੇ ਪਹੁੰਚਾ ਦਿੱਤਾ ਹੈ। ਪਿਛਲੇ ਸਮੇਂ ਦੌਰਾਨ ਇਸ ਮਸਲੇ ਨਾਲ ਜੁੜੇ ਵੱਖ-ਵੱਖ ਪੱਖਾਂ ਬਾਰੇ ਚੋਖੀ ਚਰਚਾ ਚੱਲੀ ਹੈ। ਭਾਈ ਗੁਰਬਖਸ਼ ਸਿੰਘ ਨੇ ਸਿਦਕ, ਸਿਰੜ ਅਤੇ ਹਠ ਹੀ ਇੰਨਾ ਦਿਖਾਇਆ ਹੈ ਕਿ ਉਸ ਨੂੰ ਸ਼ਾਬਾਸ਼ ਤਾਂ ਮਿਲਣੀ ਹੀ ਸੀ। ਦੂਜੇ ਬੰਨੇ ਉਨ੍ਹਾਂ ਲੋਕਾਂ ਨੂੰ ਉਲਾਂਭੇ ਵੀ ਬਥੇਰੇ ਮਿਲੇ ਹਨ ਜਿਹੜੇ ਇਸ ਮੁੱਦੇ ਬਾਰੇ ਚੁੱਪ ਹਨ ਅਤੇ ਅਜੇ ਵੀ ਇਸ ਨੂੰ ਢੰਗ ਨਾਲ ਗੌਲ ਨਹੀਂ ਰਹੇ। ਅਗਾਂਹ, ਮਿਹਣੇ ਮਾਰਨ ਵਾਲਿਆਂ ਦਾ ਵੀ ਕੋਈ ਅੰਤ ਨਹੀਂ। ਕੁਝ ਨੂੰ ਇਹ ਵੀ ਉਜ਼ਰ ਹੈ ਕਿ ਮੀਡੀਆ ਨੇ ਗੁਰਬਖਸ਼ ਸਿੰਘ ਦੇ ਸੰਘਰਸ਼ ਬਾਰੇ ਬਣਦੀ ਗੱਲ ਵੀ ਨਹੀਂ ਕੀਤੀ। ਇਹ ਗੱਲ ਸੱਚ ਵੀ ਹੈ। ਉਸ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਅਰੰਭੇ ਸੰਘਰਸ਼ ਤਹਿਤ ਰੱਖੇ ਮਰਨ ਵਰਤ ਦੀ ਖਬਰ ਤੱਕ ਨਸ਼ਰ ਨਹੀਂ ਕੀਤੀ ਗਈ। ਮੁੱਦਾ ਉਦੋਂ ਹੀ ਭਖਿਆ ਜਦੋਂ ਕੁਝ ਜਥੇਬੰਦੀਆਂ ਨੇ ਉਸ ਦੀ ਆਵਾਜ਼ ਵਿਚ ਆਪਣੀ ਆਵਾਜ਼ ਰਲਾਈ। ਚੰਗੀ ਗੱਲ ਹੈ ਕਿ ਇਹ ਸੰਘਰਸ਼ ਦਿਨ-ਬਦਿਨ ਪ੍ਰਚੰਡ ਹੋ ਰਿਹਾ ਹੈ। ਸੰਘਰਸ਼ ਨੂੰ ਦੇਸ਼-ਵਿਦੇਸ਼ ਵਿਚ ਪੰਥ ਦਰਦੀਆਂ ਅਤੇ ਮਾਨਵੀ ਹੱਕਾਂ ਦੇ ਮੁੱਦਈਆਂ ਤੋਂ ਹਮਾਇਤ ਵੀ ਮਿਲ ਰਹੀ ਹੈ। ਮਾੜੀ ਗੱਲ ਇਹ ਹੈ ਕਿ ਇਸ ਹਮਾਇਤ ਦਾ ਘੇਰਾ ਬਹੁਤ ਸੀਮਤ ਹੈ। ਅਜੇ ਤੱਕ ਤੱਤੀਆਂ ਅਖਵਾਉਂਦੀਆਂ ਧਿਰਾਂ ਹੀ ਗੁਰਬਖਸ਼ ਸਿੰਘ ਦੀ ਹਮਾਇਤ ਵਿਚ ਨਿੱਤਰੀਆਂ ਹਨ। ਬਾਕੀ ਧਿਰਾਂ ਤਕਰੀਬਨ ਖਾਮੋਸ਼, ਇਕ ਪਾਸੇ ਖੜ੍ਹੀਆਂ ਇਹ ਸਭ ਕੁਝ ਤੱਕ ਰਹੀਆਂ ਹਨ।
ਇਥੇ ਇਹ ਵੀ ਇਕ ਸਵਾਲ ਹੈ ਕਿ ਵੱਧ ਤੋਂ ਵੱਧ ਹਮਾਇਤ ਜੁਟਾਉਣ ਲਈ ਤਰੱਦਦ ਕਿੰਨਾ ਕੁ ਕੀਤਾ ਗਿਆ ਹੈ? ਇਹ ਸਵਾਲ ਇਸ ਲਈ ਅਹਿਮ ਹੈ ਕਿ ਇਸੇ ਨੇ ਹੀ ਅਗਾਂਹ ਤੈਅ ਕਰਨਾ ਹੈ ਕਿ ਸਿਰੜ ਦੇ ਇਸ ਸਫਰ ਨੂੰ ਕਿਸ ਸੇਧ ਵਿਚ ਲੈ ਕੇ ਜਾਣਾ ਹੈ। ਇਹ ਸੱਚ ਹੈ ਕਿ ਪਿਛਲੇ ਸਮੇਂ ਦੌਰਾਨ ਸਿੱਖਾਂ ਨਾਲ ਜ਼ਿਆਦਤੀਆਂ ਹੋਈਆਂ ਹਨ ਪਰ ਜੇ ਆਪਣੇ ਆਲੇ-ਦੁਆਲੇ ਨਜ਼ਰ ਦੋੜਾਈ ਜਾਵੇ ਤਾਂ ਭਲੀ-ਭਾਂਤ ਪਤਾ ਲੱਗ ਜਾਂਦਾ ਹੈ ਕਿ ਅਗਲਿਆਂ ਨੇ ਲੜਨ-ਖੜ੍ਹਨ ਵਾਲੀ ਹਰ ਧਿਰ ਨਾਲ ਇਹੀ ਵਿਹਾਰ ਕੀਤਾ ਹੈ। ਮਨੀਪੁਰ ਦੀ ਮੁਟਿਆਰ ਇਰੋਮ ਸ਼ਰਮੀਲਾ ਚਾਨੂ ਨੇ ਭਾਰਤੀ ਫੌਜ ਦੀਆਂ ਜ਼ਿਆਦਤੀਆਂ ਖਿਲਾਫ ਆਪਣਾ ਮਰਨ ਵਰਤ 14 ਸਾਲ ਪਹਿਲਾਂ 2 ਨਵੰਬਰ 2000 ਨੂੰ ਸ਼ੁਰੂ ਕੀਤਾ ਸੀ। ਉਦੋਂ ਸਟੇਟ ਨੇ 3 ਦਿਨ ਬਾਅਦ ਹੀ ਉਸ ਉਤੇ ਖੁਦਕੁਸ਼ੀ ਕਰਨ ਦੇ ਦੋਸ਼ ਲਾ ਕੇ ਕੇਸ ਦਰਜ ਕਰ ਲਿਆ ਸੀ ਜਿਸ ਦੀਆਂ ਪੇਸ਼ੀਆਂ ਉਹ ਦਿੱਲੀ ਦੀਆਂ ਅਦਾਲਤਾਂ ਵਿਚ ਅੱਜ ਵੀ ਭੁਗਤ ਰਹੀ ਹੈ। ਅੱਜ ਤੱਕ ਉਸ ਦੀ ਆਵਾਜ਼ ਸੁਣੀ ਨਹੀਂ ਗਈ। ਹਾਂ, ਇਕ ਗੱਲ ਜ਼ਰੂਰ ਹੋਈ ਹੈ ਕਿ ਉਹ ਮਨੀਪੁਰ ਦੀ ਆਵਾਜ਼ ਭਾਰਤ ਭਰ ਦੇ ਲੋਕਾਂ ਅੱਗੇ ਰੱਖਣ ਵਿਚ ਕਾਮਯਾਬ ਰਹੀ ਹੈ। ਭਾਈ ਗੁਰਬਖਸ਼ ਸਿੰਘ ਵੱਲੋਂ ਵਿੱਢੇ ਸੰਘਰਸ਼ ਨੇ ਵੀ ਇਹੀ ਕੁਝ ਕੀਤਾ ਹੈ। ਉਸ ਨੇ ਬੰਦੀ ਸਿੰਘਾਂ ਦਾ ਮੁੱਦਾ ਉਥੇ ਤੱਕ ਅਪੜਾ ਦਿੱਤਾ ਹੈ ਜਿਥੋਂ ਹੁਣ ਪਿਛਾਂਹ ਨਹੀਂ ਮੁੜਿਆ ਜਾ ਸਕਦਾ।
ਅਸਲ ਵਿਚ ਭਾਈ ਗੁਰਬਖਸ਼ ਸਿੰਘ ਵੱਲੋਂ ਛੇੜਿਆ ਇਹ ਮੁੱਦਾ ਮਨੁੱਖੀ ਹੱਕਾਂ ਨਾਲ ਜੁੜਿਆ ਹੋਇਆ ਹੈ। ਭਾਰਤ ਵਿਚ ਜਿੱਥੇ ਕਿਤੇ ਵੀ ਕੋਈ ਸੰਘਰਸ਼ ਚੱਲਿਆ ਹੈ, ਉਸ ਦਾ ਰੂਪ-ਸਰੂਪ ਭਾਵੇਂ ਕੋਈ ਵੀ ਹੋਵੇ, ਇਸ ਤਰ੍ਹਾਂ ਦੀਆਂ ਜ਼ਿਆਦਤੀਆਂ ਆਮ ਹਨ। ਸਟੇਟ ਕਈ ਤਰ੍ਹਾਂ ਦੇ ਬਹਾਨੇ ਬਣਾ ਕੇ ਸੰਘਰਸ਼ ਨੂੰ ਖੁੰਡਾ ਕਰਨ ਦਾ ਯਤਨ ਕਰਦੀ ਹੈ, ਜਾਂ ਬਹੁਤੇ ਮਾਮਲਿਆਂ ਵਿਚ ਹਿੰਸਾ ਦਾ ਪ੍ਰਚਾਰ ਕਰ ਕੇ ਜੂਝ ਰਹੀ ਧਿਰ ਉਤੇ ਕਹਿਰ ਢਾਹੁਣ ਦਾ ਰਾਹ ਲੱਭ ਲੈਂਦੀ ਹੈ। ਸਿਰੜ ਅਤੇ ਸੇਧ, ਇਸ ਸੋਚ-ਵਿਚਾਰ ਦੀ ਮੰਗ ਕਰਦੇ ਹਨ ਕਿ ਸਟੇਟ ਦੇ ਇਸ ਹੱਲੇ ਨੂੰ ਕਿਸ ਢੰਗ-ਤਰੀਕੇ ਪਛਾੜਿਆ ਜਾ ਸਕਦਾ ਹੈ। ਕਿਸੇ ਧਿਰ ਦੀ ਲੜਾਈ ਜਿੰਨੀ ਮੋਕਲੀ ਹੋਵੇਗੀ, ਸਟੇਟ ਨੂੰ ਉਸ ਉਤੇ ਕਹਿਰ ਢਾਹੁਣਾ ਉਨਾ ਹੀ ਔਖਾ ਹੋਵੇਗਾ, ਪਰ ਜੇ ਜੂਝ ਰਹੀ ਧਿਰ ਇਕ ਸੀਮਤ ਦਾਇਰੇ ਵਿਚ ਹੀ ਵਿਚਰਦੀ ਰਹੇ, ਤਾਂ ਸਟੇਟ ਨੂੰ ਚੜ੍ਹਾਈ ਕਰਨ ਦਾ ਸੌਖਾ ਬਹਾਨਾ ਮਿਲ ਜਾਂਦਾ ਹੈ। ਇਸੇ ਕਰ ਕੇ ਅਜਿਹੇ ਮਸਲੇ ਵਡੇਰੇ ਪ੍ਰਸੰਗ ਉਸਾਰਨ ਅਤੇ ਹਰ ਸੀਮਾ ਤੋੜਨ ਦੀ ਮੰਗ ਕਰਦੇ ਹਨ। ਹੁਣ ਤੱਕ ਭਾਈ ਗੁਰਬਖਸ਼ ਸਿੰਘ ਵੱਲੋਂ ਉਠਾਏ ਮਸਲੇ ਨੂੰ ਸਿਆਸੀ ਰੰਗ ਵਿਚ ਰੱਖ ਕੇ ਪੇਸ਼ ਕੀਤਾ ਗਿਆ ਹੈ। ਜ਼ਾਹਿਰ ਹੈ ਕਿ ਜਿੰਨੀ ਦੇਰ ਇਹ ਮੁੱਦਾ ਸਿਆਸਤ ਦੇ ਘੇਰੇ ਵਿਚ ਹੈ, ਇਸ ਦੇ ਅਗਾਂਹ ਵਧਣ ਦੀ ਸੀਮਾ ਹਰ ਸਮੇਂ ਬਣੀ ਰਹੇਗੀ। ਸਟੇਟ ਵੱਲੋਂ ਝਪੱਟਾ ਮਾਰ ਕੇ ਸੰਘਰਸ਼ ਨੂੰ ਖਦੇੜਨ ਦਾ ਖਦਸ਼ਾ ਵੀ ਬਣਿਆ ਰਹੇਗਾ। ਭਾਈ ਗੁਰਬਖਸ਼ ਸਿੰਘ ਸੰਘਰਸ਼ ਨੂੰ ਉਸ ਪੱਧਰ ਉਤੇ ਲੈ ਗਿਆ ਹੈ ਜਿਥੇ ਹੁਣ ਇਸ ਨੂੰ ਹੋਰ ਮੋਕਲਾ ਕੀਤੇ ਬਗੈਰ ਅਗਾਂਹ ਵਧਣਾ ਸੌਖਾ ਨਹੀਂ। ਇਹ ਹੁਣ ਇਸ ਸੰਘਰਸ਼ ਦੀ ਅਗਵਾਈ ਕਰ ਰਹੀਆਂ ਧਿਰਾਂ ਉਤੇ ਨਿਰਭਰ ਹੈ ਕਿ ਉਨ੍ਹਾਂ ਨੇ ਇਸ ਸੰਘਰਸ਼ ਨੂੰ ਕਿਸ ਲੀਹ ਉਤੇ ਲੈ ਕੇ ਜਾਣਾ ਹੈ। ਇਤਿਹਾਸ ਵਿਚ ਇਹ ਕਦੀ ਵੀ ਨਹੀਂ ਹੋਇਆ ਕਿ ਤੁਹਾਨੂੰ ਘਰੇ ਬੈਠਿਆਂ ਹਮਾਇਤ ਹਾਸਲ ਹੋ ਗਈ ਹੋਵੇ। ਉਲਾਂਭੇ ਕੁਝ ਸਮੇਂ ਲਈ, ਕੁਝ ਕੁ ਲੋਕਾਂ ਦੀ ਹੀ ਹਮਾਇਤ ਹਾਸਲ ਕਰ ਸਕਦੇ ਹਨ, ਅਸਲ ਨਿਤਾਰਾ ਤਾਂ ਉਸ ਸੇਧ ਨੇ ਕਰਨਾ ਹੈ ਜਿਸ ਪਾਸੇ ਸੰਘਰਸ਼ ਨੂੰ ਲੈ ਕੇ ਜਾਣਾ ਹੁੰਦਾ ਹੈ। ਇਹ ਗੱਲ ਐਨ ਸਪਸ਼ਟ ਹੋ ਚੁੱਕੀ ਹੈ ਕਿ ਸਿਰੜ ਨਾਲ ਸਭ ਕੁਝ ਹਾਸਲ ਕੀਤਾ ਜਾ ਸਕਦਾ ਹੈ ਪਰ ਜੇ ਇਸ ਸਿਰੜ ਅਤੇ ਸਿਦਕ ਨੂੰ ਮੋਕਲੀ ਸੇਧ ਦੇ ਰਾਹ ਪਾ ਦਿੱਤਾ ਜਾਵੇ ਤਾਂ ਸੋਨੇ ਉਤੇ ਸੁਹਾਗੇ ਵਾਲੀ ਗੱਲ ਬਣਦੀ ਹੈ। ਮੁਖਾਲਿਫ ਧਿਰਾਂ ਵੀ ਭਾਈ ਗੁਰਬਖਸ਼ ਸਿੰਘ ਵੱਲੋਂ ਉਠਾਏ ਮੁੱਦੇ ਨਾਲ ਸਹਿਮਤੀ ਜਤਾ ਰਹੀਆਂ ਹਨ। ਇਸ ਸਹਿਮਤੀ ਨੂੰ ਸਹਿਯੋਗ ਵਿਚ ਬਦਲਣ ਦੀ ਜ਼ਿੰਮੇਵਾਰੀ ਹੁਣ ਉਸ ਲੀਡਰਸ਼ਿਪ ਦੀ ਹੈ ਜੋ ਇਸ ਸੰਘਰਸ਼ ਲਈ ਸੇਧ ਮਿਥ ਰਹੀ ਹੈ। ਜ਼ਿਆਦਤੀ ਦੇ ਇਸ ਦੌਰ ਵਿਚ ਭਾਈ ਗੁਰਬਖਸ਼ ਸਿੰਘ ਨੇ ਆਪਣਾ ਕੰਮ ਬਾਖੂਬੀ ਕਰ ਦਿਖਾਇਆ ਹੈ, ਹੁਣ ਲੀਡਰਸ਼ਿਪ ਦੀ ਵਾਰੀ ਹੈ ਕਿ ਉਹ ਇਸ ਸੰਘਰਸ਼ ਨੂੰ ਤੋੜ ਤੱਕ ਲੈ ਕੇ ਜਾਣ ਲਈ ਮੋਕਲੇ ਰਾਹਾਂ ਦੀ ਤਲਾਸ਼ ਕਰੇ।
Leave a Reply