ਨਵੰਬਰ-84: ਪਹਿਲੀ ਵਾਰ ਸੰਸਾਰ ਪੱਧਰ ‘ਤੇ ਲਾਮਬੰਦੀ

ਚੰਡੀਗੜ੍ਹ: ਨਵੰਬਰ 1984 ਵਿਚ ਭਾਰਤ ਦੇ ਵੱਖ-ਵੱਖ ਸ਼ਹਿਰਾਂ ਵਿਚ ਹੋਏ ਸਿੱਖਾਂ ਦੇ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਇਸ ਵਾਰ ਵਿਸ਼ਵ ਭਰ ਵਿਚ ਮੁਹਿੰਮ ਵਿੱਢੀ ਗਈ ਹੈ। ਭਾਰਤ ਤੋਂ ਇਲਾਵਾ ਹੋਰ ਦੇਸ਼ਾਂ ਵਿਚ ਵੀ ਵਿਸ਼ਾਲ ਰੋਸ ਮੁਜ਼ਾਹਰੇ ਕਰ ਕੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਮੰਗ ਕੀਤੀ ਗਈ ਹੈ। ਆਸਟਰੇਲੀਆ ਦੀ ਪਾਰਲੀਮੈਂਟ ਵਿਚ ਇਸ ਕਤਲੇਆਮ ਨੂੰ ‘ਨਸਲਕੁਸ਼ੀ’ ਕਰਾਰ ਦੇਣ ਲਈ ਮਤਾ ਪੇਸ਼ ਕੀਤਾ ਗਿਆ।
ਤਕਰੀਬਨ 28 ਵਰ੍ਹਿਆਂ ਬਾਅਦ ਵੀ ਇਸ ਮਾਮਲੇ ਦੀ ਨਾ ਤਾਂ ਸਹੀ ਤਰੀਕੇ ਨਾ ਜਾਂਚ ਹੋ ਸਕੀ ਤੇ ਨਾਂ ਹੀ ਕਿਸੇ ਅਦਾਲਤ ਨੇ ਕੇਸ ਦਾ ਨਿਬੇੜਾ ਕਰਦਿਆਂ ਦੋਸ਼ੀਆਂ ਨੂੰ ਸਜ਼ਾ ਸੁਣਾਈ। ਇੰਨੇ ਲੰਮੇ ਸਮੇਂ ‘ਚ ਕਈ ਗਵਾਹ ਤੇ ਕਈ ਦੋਸ਼ੀ ਇਸ ਇਸ ਜਹਾਨ ਤੋਂ ਰੁਖਸਤ ਹੋ ਗਏ ਹਨ ਜਿਸ ਕਾਰਨ ਨਿਆਂ ਮਿਲਣ ਦੀ ਆਸ ਹੋਰ ਧੁੰਦਲੀ ਹੋ ਗਈ ਹੈ। ਹੈਰਾਨੀ ਇਸ ਗੱਲ ‘ਤੇ ਵੀ ਹੈ ਕਿ ਅਜੇ ਤੱਕ ਇਸ ਕਤਲੇਆਮ ਦੌਰਾਨ ਮਾਰੇ ਗਏ ਸਿੱਖਾਂ ਦੀ ਸਹੀ ਗਿਣਤੀ ਦਾ ਵੀ ਪਤਾ ਨਹੀਂ ਲੱਗ ਸਕਿਆ।
ਉਂਜ, ਇਸ ਮਾਮਲੇ ਦੀ ਜਾਂਚ ਲਈ ਬਣੇ ਕਮਿਸ਼ਨਾਂ ਕੋਲ ਪੁੱਜੀਆਂ ਦਰਖ਼ਾਸਤਾਂ ਅਨੁਸਾਰ ਉਸ ਵੇਲੇ 4136 ਤੋਂ ਵੱਧ ਨਿਰਦੋਸ਼ ਸਿੱਖ ਕਤਲ ਕੀਤੇ ਗਏ ਸਨ। ਇਸ ਕਤਲੇਆਮ ਨੇ ਉਸ ਵੇਲੇ ਚੌਦਾਂ ਸੂਬਿਆਂ ਵਿਚ ਰਹਿੰਦੇ ਸਿੱਖਾਂ ਨੂੰ ਆਪਣੀ ਲਪੇਟ ਵਿਚ ਲਿਆ ਸੀ। ਇਨ੍ਹਾਂ ਤੱਥਾਂ ਦੇ ਆਧਾਰ ‘ਤੇ ਲੰਘੇ ਦਿਨੀਂ ਹੋਂਦ ਚਿੱਲੜ ਵਿਖੇ ਰਿਪੋਰਟ ਜਾਰੀ ਕੀਤੀ ਗਈ। ਇਸ ਰਿਪੋਰਟ ਮੁਤਾਬਕ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ 31 ਅਕਤੂਬਰ ਨੂੰ ਬਾਅਦ ਦੁਪਹਿਰ ਸਿੱਖਾਂ ਉਤੇ ਹਮਲੇ ਸ਼ੁਰੂ ਹੋ ਗਏ। ਰਿਪੋਰਟ ਵਿਚ ਇਹ ਦਾਅਵਾ ਕੀਤਾ ਗਿਆ ਹੈ ਕਿ ਕੇਂਦਰ ਸਰਕਾਰ ਵੱਲੋਂ ਕਾਇਮ ਜਾਂਚ ਕਮਿਸ਼ਨਾਂ ਕੋਲ ਆਈਆਂ ਸ਼ਿਕਾਇਤਾਂ ਦੇ ਆਧਾਰ ‘ਤੇ ਕਤਲੇਆਮ ਦੌਰਾਨ ਮਾਰੇ ਗਏ ਸਿੱਖਾਂ ਦੀ ਸੂਚੀ ਤਿਆਰ ਕੀਤੀ ਗਈ ਹੈ। ਇਹ ਸੂਚੀ ਹੋਦ ਚਿੱਲੜ ਯਾਦਗਾਰੀ ਤਾਲਮੇਲ ਕਮੇਟੀ ਵਲੋਂ ਜਾਰੀ ਕੀਤੀ ਗਈ ਹੈ। ਕਮੇਟੀ ਮੈਂਬਰਾਂ ਇੰਜਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਤੇ ਦਰਸ਼ਨ ਸਿੰਘ ਘੋਲੀਆ ਨੇ ਦਾਅਵਾ ਕੀਤਾ ਹੈ ਕਿ ਸੂਚੀ ਵਿਚ ਉਨ੍ਹਾਂ ਹੀ ਮ੍ਰਿਤਕਾਂ ਦੇ ਨਾਂ ਸ਼ਾਮਲ ਕੀਤੇ ਗਏ ਹਨ ਜਿਨ੍ਹਾਂ ਦੇ ਵਾਰਸਾਂ ਵੱਲੋਂ ਵੱਖ ਵੱਖ ਕਮਿਸ਼ਨਾਂ ਕੋਲ ਸ਼ਿਕਾਇਤਾਂ ਦਰਜ ਕਰਾਈਆਂ ਗਈਆਂ ਹਨ। ਇਹ ਆਪਣੀ ਕਿਸਮ ਦੀ ਪਹਿਲੀ ਸੂਚੀ ਹੈ ਜਿਸ ਵਿਚ ਇਕ ਰਾਜ ਦੀ ਥਾਂ ਪੂਰੇ ਦੇਸ਼ ਵਿਚ ਹੋਏ ਕਤਲੇਆਮ ਬਾਰੇ ਜਾਣਕਾਰੀ ਦਿੱਤੀ ਗਈ ਹੈ।
ਇਸੇ ਦੌਰਾਨ ਸੁਪਰੀਮ ਕੋਰਟ ਦੇ ਸੀਨੀਅਰ ਐਡਵੋਕੇਟ ਹਰਵਿੰਦਰ ਸਿੰਘ ਫੂਲਕਾ ਤੇ ਪੱਤਰਕਾਰ ਜਰਨੈਲ ਸਿੰਘ ਦੀ ਜਥੇਬੰਦੀ ‘ਫੋਰਗੌਟਨ ਸਿਟੀਜ਼ਨਸ-1984’ ਵੱਲੋਂ ਜੰਤਰ ਮੰਤਰ ਵਿਖੇ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਵਿਚ ਵੱਡੀ ਗਿਣਤੀ ਸਿੱਖਾਂ ਨੇ ਸ਼ਮੂਲੀਅਤ ਕਰ ਕੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕੀਤੀ ਤੇ 40 ਹਜ਼ਾਰ ਤੋਂ ਵੱਧ ਦਸਤਖਤਾਂ ਵਾਲੀ ਪਟੀਸ਼ਨ ਪ੍ਰਧਾਨ ਮੰਤਰੀ ਨੂੰ ਸੌਂਪੀ। ਇਸ ਪਟੀਸ਼ਨ ‘ਤੇ ਸੁਪਰੀਮ ਕੋਰਟ ਦੇ ਸਾਬਕਾ ਜਸਟਿਸ ਕ੍ਰਿਸ਼ਨਾ ਅਈਅਰ, ਸਾਬਕਾ ਜਸਟਿਸ ਰਜਿੰਦਰ ਸੱਚਰ, ਸਾਬਕਾ ਕਾਨੂੰਨ ਮੰਤਰੀ ਸ਼ਾਂਤੀ ਭੂਸ਼ਨ, ਐਡਵੋਕੇਟ ਵਕੀਲ ਪ੍ਰਸ਼ਾਂਤ ਭੂਸ਼ਨ, ਫਾਲੀ ਨਰੀਮਨ, ਸੋਲੀ ਸੋਰਾਬਜੀ, ਤੀਸਤਾ ਸੇਤਲਵਾੜ, ਫਿਲਮ ਨਿਰਦੇਸ਼ਕ ਸੋਨਾਲੀ ਬੋਸ ਤੇ ਹੋਰਨਾਂ ਸ਼ਖ਼ਸੀਅਤਾਂ ਦੇ ਵੀ ਦਸਤਖ਼ਤ ਹਨ।
ਇਸ ਮੌਕੇ ਕੁਲਦੀਪ ਨਈਅਰ ਨੇ ਕਿਹਾ ਕਿ ਜਿਨ੍ਹਾਂ ਦੋਸ਼ੀਆਂ ਦੀ ਪਛਾਣ ਕੀਤੀ ਜਾ ਚੁੱਕੀ ਹੈ, ਉਨ੍ਹਾਂ ਨੂੰ ਬਚਾਉਣ ਵਾਲਿਆਂ ਦਾ ਪਰਦਾਫਾਸ਼ ਕੀਤਾ ਜਾਣਾ ਚਾਹੀਦਾ ਹੈ। ਸਾਬਕਾ ਜਸਟਿਸ ਰਜਿੰਦਰ ਸੱਚਰ ਨੇ ਕਿਹਾ ਕਿ ਇਹ ਨਹੀਂ ਮੰਨਿਆ ਜਾ ਸਕਦਾ ਕਿ ਅਚਾਨਕ ਹੀ ਭੀੜ ਇਕੱਠੀ ਹੋਈ ਤੇ ਸਿੱਖਾਂ ਨੂੰ ਨਿਸ਼ਾਨਾ ਬਣਾਉਣ ਲੱਗ ਪਈ।

Be the first to comment

Leave a Reply

Your email address will not be published.