ਨਵੀਂ ਦਿੱਲੀ (ਪੰਜਾਬ ਟਾਈਮਜ਼ ਬਿਊਰੋ): ਦੇਸ਼ ਦੇ ਚਾਰ ਅਹਿਮ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਵਿਚ ਬੁਰੀ ਤਰ੍ਹਾਂ ਹਾਰਨ ਮਗਰੋਂ ਕਾਂਗਰਸ ਠੱਗੀ ਹੋਈ ਮਹਿਸੂਸ ਕਰ ਰਹੀ ਹੈ। ਲੋਕ ਸਭਾ ਚੋਣਾਂ ਤੋਂ ਚਾਰ ਮਹੀਨੇ ਪਹਿਲਾਂ ਕਾਂਗਰਸ ਨੂੰ ਲੱਗਣ ਲੱਗਾ ਹੈ ਕਿ ਡਾæ ਮਨਮੋਹਨ ਸਿੰਘ ਹੁਣ ਉਨ੍ਹਾਂ ਦੀ ਡੁੱਬਦੀ ਬੇੜੀ ਪਾਰ ਨਹੀਂ ਲਾ ਸਕਦੇ, ਇਸ ਲਈ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਕੋਈ ਹੋਰ ਉਮੀਦਵਾਰ ਲੱਭਿਆ ਜਾਵੇ। ਇਸ ਲਈ 17 ਜਨਵਰੀ ਨੂੰ ਕੁੱਲ ਹਿੰਦ ਕਾਂਗਰਸ ਦੀ ਮੀਟਿੰਗ ਬੁਲਾਈ ਗਈ ਹੈ ਜਿਸ ਵਿਚ ਗਾਂਧੀ ਪਰਿਵਾਰ ਦੇ ਵਾਰਿਸ ਰਾਹੁਲ ਗਾਂਧੀ ਨੂੰ ਮੈਦਾਨ ਵਿਚ ਉਤਾਰਿਆ ਜਾ ਸਕਦਾ ਹੈ।
ਜ਼ਿਕਰਯੋਗ ਹੈ ਕਿ ਕਾਂਗਰਸ ਪਾਰਟੀ ਨੂੰ ਰਾਜਸਥਾਨ, ਦਿੱਲੀ, ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ਰਾਜਾਂ ਵਿਚ ਵਿਧਾਨ ਸਭਾ ਚੋਣਾਂ ਵਿਚ ਮਿਲੀ ਹਾਰ ਤੋਂ ਬਾਅਦ ਕਾਂਗਰਸ ਵਿਚ ਬੇਚੈਨੀ ਦਾ ਮਾਹੌਲ ਹੈ। ਕਾਂਗਰਸ ਦੇ ਸੀਨੀਅਰ ਆਗੂ ਤੇ ਕੇਂਦਰੀ ਵਿੱਤ ਮੰਤਰੀ ਪੀæ ਚਿਦੰਬਰਮ ਨੇ ਤਾਂ ਇਥੋਂ ਕਹਿ ਦਿੱਤਾ ਹੈ ਕਿ 2014 ਦੀਆਂ ਲੋਕ ਸਭਾ ਚੋਣਾਂ ਵਿਚ ਕਿਸੇ ਵੀ ਪਾਰਟੀ ਨੂੰ ਸਪਸ਼ਟ ਬਹੁਮਤ ਮਿਲਣ ਦੀ ਸੰਭਾਵਨਾ ਨਹੀਂ। ਉਨ੍ਹਾਂ ਮੁਤਾਬਕ ਇਸ ਸਮੇਂ ਭਾਰਤੀ ਲੋਕਤੰਤਰ ਕਮਜ਼ੋਰ ਪੜਾਅ ਵਿਚੋਂ ਲੰਘ ਰਿਹਾ ਹੈ। ਪਿਛਲੇ 60 ਸਾਲਾਂ ਦੌਰਾਨ ਭਾਰਤੀ ਲੋਕਤੰਤਰ ਦਾ ਇਹ ਸਭ ਤੋਂ ਕਮਜ਼ੋਰ ਸਮਾਂ ਹੈ।
ਇਨ੍ਹਾਂ ਚਾਰ ਸੂਬਿਆਂ ਵਿਚ ਹਾਰ ਕਾਰਨ ਕਾਂਗਰਸ ਦੇ ਵਰਕਰਾਂ ਵਿਚ ਵੀ ਨਿਰਾਸ਼ਾ ਦਾ ਆਲਮ ਹੈ। ਕਾਂਗਰਸ ਜਲਦ ਤੋਂ ਜਲਦ ਪਾਰਟੀ ਅੰਦਰ ਵੱਡੇ ਫੇਰਬਦਲ ਕਰ ਕੇ ਆਗੂਆਂ ਤੇ ਵਰਕਰਾਂ ਨੂੰ ਨਿਰਾਸ਼ਾ ਵਿਚੋਂ ਉਭਾਰਨਾ ਚਾਹੁੰਦੀ ਹੈ। ਇਸੇ ਕਰ ਕੇ ਕੁੱਲ ਹਿੰਦ ਕਾਂਗਰਸ ਕਮੇਟੀ ਦੀ 17 ਜਨਵਰੀ ਨੂੰ ਨਵੀਂ ਦਿੱਲੀ ਵਿਚ ਮੀਟਿੰਗ ਬੁਲਾਉਣ ਦਾ ਐਲਾਨ ਕੀਤਾ ਗਿਆ ਹੈ ਜਿਸ ਵਿਚ ਵੱਡੇ ਫੈਸਲੇ ਹੋ ਸਕਦੇ ਹਨ। ਇਹ ਵੀ ਕਿਆਸਰਾਈਆਂ ਲਾਈਆਂ ਜਾ ਰਹੀਆਂ ਹਨ ਕਿ ਭਾਜਪਾ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਨਰੇਂਦਰ ਮੋਦੀ ਦੇ ਸਾਹਮਣੇ ਹੁਣ ਡਾæ ਮਨਮੋਹਨ ਸਿੰਘ ਦਾ ਸਾਫ ‘ਅਕਸ’ ਕੋਈ ਕਮਾਲ ਵਿਖਾਉਂਦਾ ਨਜ਼ਰ ਨਹੀਂ ਆ ਰਿਹਾ ਜਿਸ ਕਰ ਕੇ ਕਾਂਗਰਸ ਵੱਲੋਂ ਆਪਣੇ ਨਵੇਂ ਉਮੀਦਵਾਰ ਦਾ ਐਲਾਨ ਕੀਤਾ ਜਾ ਸਕਦਾ ਹੈ।
ਜ਼ਿਕਰਯੋਗ ਹੈ ਕਿ ਭਾਜਪਾ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਨਰੇਂਦਰ ਮੋਦੀ ਦਾ ਨਾਂ ਪੇਸ਼ ਕੀਤਾ ਹੈ ਤੇ ਕਾਂਗਰਸ ‘ਤੇ ਇਹ ਦੋਸ਼ ਲੱਗਦਾ ਹੈ ਕਿ ਉਹ ਦੇਸ਼ ਦੇ ਅਗਲੇ ਪ੍ਰਧਾਨ ਮੰਤਰੀ ਲਈ ਪਾਰਟੀ ਆਗੂ ਦਾ ਨਾਂ ਐਲਾਨਣ ਵਿਚ ਹਿਚਕਚਾਹਟ ਮਹਿਸੂਸ ਕਰ ਰਹੀ ਹੈ। ਜਿਸ ਦਿਨ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਏ ਸਨ, ਉਸ ਦਿਨ ਹੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਐਲਾਨ ਕੀਤਾ ਸੀ ਕਿ ਪਾਰਟੀ ਢੁਕਵੇਂ ਸਮੇਂ ‘ਤੇ ਪ੍ਰਧਾਨ ਮੰਤਰੀ ਪਦ ਲਈ ਪਾਰਟੀ ਆਗੂ ਦਾ ਨਾਂ ਪੇਸ਼ ਕਰੇਗੀ। ਕਾਂਗਰਸ ਨੇ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਪਦ ਲਈ ਪਾਰਟੀ ਦਾ ਉਮੀਦਵਾਰ ਐਲਾਨਣ ਬਾਰੇ ਅਜੇ ਕੁਝ ਸਪਸ਼ਟ ਨਹੀਂ ਕੀਤਾ।
ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਕੁੱਲ ਹਿੰਦ ਕਾਂਗਰਸ ਕਮੇਟੀ ਦੀ ਮੀਟਿੰਗ ਬੁਲਾਏ ਜਾਣ ਬਾਰੇ ਸਵਾਲ ਨੂੰ ਤਰਕਹੀਣ ਕਰਾਰ ਦਿੰਦਿਆਂ ਸ੍ਰੀ ਦਿਵੇਦੀ ਨੇ ਕਿਹਾ ਕਿ ਕੁੱਲ ਹਿੰਦ ਕਾਂਗਰਸ ਪਾਰਟੀ ਦੀ ਮੀਟਿੰਗ ਬੁਲਾਉਣ ਦਾ ਫੈਸਲਾ ਕਾਂਗਰਸ ਵਰਕਿੰਗ ਕਮੇਟੀ ਦਾ ਹੈ ਤੇ ਉਹ ਹੀ ਇਸ ਮੀਟਿੰਗ ਲਈ ਏਜੰਡਾ ਪੇਸ਼ ਕਰੇਗੀ। ਉਨ੍ਹਾਂ ਦੱਸਿਆ ਕਿ ਕੁੱਲ ਹਿੰਦ ਕਾਂਗਰਸ ਕਮੇਟੀ ਦੀ ਮੀਟਿੰਗ ਇਸ ਸਾਲ ਜਨਵਰੀ ਵਿਚ ਜੈਪੁਰ ਵਿਚ ਹੋਈ ਸੀ ਤੇ ਇਸ ਮੌਕੇ ‘ਚਿੰਤਨ ਸ਼ਿਵਰ’ ਦੌਰਾਨ ਹੀ ਰਾਹੁਲ ਗਾਂਧੀ ਦਾ ਨਾਂ ਕਾਂਗਰਸ ਪਾਰਟੀ ਦੇ ਮੀਤ ਪ੍ਰਧਾਨ ਲਈ ਅੱਗੇ ਆਇਆ ਸੀ।
ਉਨ੍ਹਾਂ ਕਿਹਾ ਕਿ ਇਸ ਮੀਟਿੰਗ ਵਿਚ ਦੇਸ਼ ਦੀ ਰਾਜਸੀ ਸਥਿਤੀ ਤੇ ਹੋਰ ਅਹਿਮ ਮਸਲਿਆਂ ਬਾਰੇ ਵੀ ਚਰਚਾ ਹੋ ਸਕਦੀ ਹੈ। ਇਹ ਵੀ ਜ਼ਿਕਰਯੋਗ ਹੈ ਕਿ ਤਾਜ਼ਾ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਨੂੰ ਮਿਲੀ ਹਾਰ ਤੋਂ ਬਾਅਦ ਉਸ ਦੀਆਂ ਭਾਈਵਾਲ ਪਾਰਟੀਆਂ ਬਿਫਰੀਆਂ ਬੈਠੀਆਂ ਹਨ। ਡੀæਐਮæਕੇæ ਨੇ ਤਾਂ ਐਲਾਨ ਵੀ ਕਰ ਦਿੱਤਾ ਹੈ ਕਿ ਉਹ ਲੋਕ ਸਭਾ ਚੋਣਾਂ ਵਿਚ ਕਾਂਗਰਸ ਨਾਲ ਗੱਠਜੋੜ ਨਹੀਂ ਕਰੇਗੀ। ਕਾਂਗਰਸ ਪਾਰਟੀ ਇਸ ਸਮੇਂ ਅੰਦਰੂਨੀ ਚਿੰਤਨ ਵਿਚ ਜੁਟੀ ਹੋਈ ਹੈ।
Leave a Reply