ਨਵੀਂ ਦਿੱਲੀ: ਭਾਰਤ ਨੇ ਨਿਊ ਯਾਰਕ ਵਿਚ ਨਿਯੁਕਤ ਡਿਪਟੀ ਕੌਂਸਲ ਜਨਰਲ ਦੇਵਯਾਨੀ ਖੋਬਰਗੜੇ ਦੀ ਗ੍ਰਿਫਤਾਰੀ ਅਤੇ ਉਸ ਦੀ ਜਾਮਾ ਤਲਾਸ਼ੀ ਨੂੰ ਘਿਨਾਉਣੀ ਕਾਰਵਾਈ ਕਰਾਰ ਦਿੰਦਿਆਂ ਅਮਰੀਕੀ ਡਿਪਲੋਮੈਟਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਵਿਸ਼ੇਸ਼ ਅਧਿਕਾਰ ਖੋਹ ਲਏ ਹਨ ਅਤੇ ਉਨ੍ਹਾਂ ਨੂੰ ਦਿੱਤੇ ਹਵਾਈ ਅੱਡੇ ਵਾਲੇ ਪਾਸ ਵਾਪਸ ਲੈਣ ਤੇ ਅਮਰੀਕੀ ਸਫਾਰਤਖਾਨੇ ਲਈ ਦਰਾਮਦ ਮਨਜ਼ੂਰੀ ਰੋਕਣ ਸਣੇ ਕਈ ਸਖਤ ਕਦਮ ਚੁੱਕੇ ਹਨ। ਅਮਰੀਕਾ ਦੇ ਸਾਰੇ ਡਿਪਲੋਮੈਟਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਆਪਣੇ ਪਛਾਣ ਪੱਤਰ ਤੁਰੰਤ ਜਮ੍ਹਾਂ ਕਰਾਉਣ ਲਈ ਕਿਹਾ ਗਿਆ ਹੈ। ਹੁਣ ਇਨ੍ਹਾਂ ਨੂੰ ਉਹੀ ਸਹੂਲਤਾਂ ਤੇ ਛੋਟਾਂ ਦਿੱਤੀਆਂ ਜਾਣਗੀਆਂ, ਜਿਹੋ ਜਿਹੀਆਂ ਅਮਰੀਕਾ ਵਿਚ ਭਾਰਤੀ ਡਿਪਲੋਮੈਟਾਂ ਨੂੰ ਅਮਰੀਕਾ ਮੁਹੱਈਆ ਕਰਵਾਉਂਦਾ ਹੈ। ਇਹੀ ਨਹੀਂ ਅਮਰੀਕੀ ਸਫਾਰਤਕਾਨੇ ਦੀ ਸੁਰੱਖਿਆ ਵੀ ਘਟਾ ਲਈ ਹੈ। ਨਵੀਂ ਦਿੱਲੀ ਵਿਚ ਅਮਰੀਕੀ ਸਫਾਰਤਖਾਨੇ ਵਾਲੀ ਸੜਕ ਉਪਰੋਂ ਸਾਰੀਆਂ ਰੋਕਾਂ ਹਟਾ ਲਈਆਂ ਗਈਆਂ ਹਨ। ਹੁਣ ਸਿਰਫ ਚੌਕੀ ਹੀ ਰਹਿ ਗਈ ਹੈ।
ਚੇਤੇ ਰਹੇ ਕਿ 1999 ਬੈਚ ਦੀ ਭਾਰਤੀ ਵਿਦੇਸ਼ ਸੇਵਾ (ਆਈæਐਫ਼ਐਸ਼) ਦੀ ਅਧਿਕਾਰੀ ਦੇਵਯਾਨੀ (39) ਨੂੰ ਵੀਜ਼ਾ ਧੋਖਾਧੜੀ ਦੇ ਦੋਸ਼ ਵਿਚ ਪਿਛਲੇ ਹਫਤੇ ਨਿਊ ਯਾਰਕ ਵਿਚ ਇਕ ਸੜਕ ਉਪਰ ਹੀ ਉਦੋਂ ਹਿਰਾਸਤ ਵਿਚ ਲੈ ਲਿਆ ਗਿਆ ਸੀ ਜਦੋਂ ਉਹ ਆਪਣੀ ਧੀ ਨੂੰ ਸਕੂਲ ਛੱਡਣ ਜਾ ਰਹੀ ਸੀ। ਉਸ ਨੂੰ ਸ਼ਰ੍ਹੇਆਮ ਹੱਥਕੜੀ ਲਗਾਈ ਗਈ ਅਤੇ ਬਾਅਦ ਵਿਚ 2æ50 ਲੱਖ ਡਾਲਰ ਦੇ ਜਾਤੀ ਮੁਚੱਲਕੇ ‘ਤੇ ਛੱਡਿਆ ਗਿਆ ਸੀ। ਇਸ ਘਟਨਾ ਮਗਰੋਂ ਨਵੀਂ ਦਿੱਲੀ ਵਿਖੇ ਵਿਦੇਸ਼ ਸਕੱਤਰ ਸੁਜਾਤਾ ਸਿੰਘ ਨੇ ਅਮਰੀਕੀ ਰਾਜਦੂਤ ਨੈਨਸੀ ਪਾਵੈੱਲ ਨੂੰ ਤਲਬ ਕੀਤਾ ਸੀ।
ਇਸੇ ਦੌਰਾਨ ਦੇਵਯਾਨੀ ਦੇ ਪਿਤਾ ਉਤਮ ਖੋਬਰਗੜੇ ਨੇ ਇਸ ਮਾਮਲੇ ਬਾਰੇ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਨਾਲ ਮੁਲਾਕਾਤ ਕੀਤੀ। ਮੰਤਰੀ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਨਿਆਂ ਲੈਣ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ। ਵਿਦੇਸ਼ ਮੰਤਰੀ ਸਲਮਾਨ ਖੁਰਸ਼ੀਦ ਨੇ ਵੀ ਕਿਹਾ ਹੈ ਕਿ ਅਮਰੀਕਾ ਵੱਲੋਂ ਉਨ੍ਹਾਂ ਦੀ ਡਿਪਲੋਮੈਟ ਨਾਲ ਕੀਤਾ ਗਿਆ ਸਲੂਕ ਗੰਭੀਰ ਮਾਮਲਾ ਹੈ ਤੇ ਇਸ ਬਾਰੇ ਕੋਈ ਢਿੱਲ ਨਹੀਂ ਵਰਤੀ ਜਾਵੇਗੀ।
ਉਧਰ ਅਮਰੀਕਾ ਨੇ ਭਾਰਤੀ ਡਿਪਲੋਮੈਟ ਦੇਵਯਾਨੀ ਖੋਬਰਗੜੇ ਦੀ ਜਾਮਾ ਤਲਾਸ਼ੀ ਲੈਣ ਨੂੰ ਸਹੀ ਕਰਾਰ ਦਿੰਦਿਆਂ ਕਿਹਾ ਹੈ ਕਿ ਭਾਰਤੀ ਡਿਪਲੋਮੈਟ ਦੀ ਗ੍ਰਿਫਤਾਰੀ ਵੇਲੇ ਦੇਸ਼ ਦੇ ਕਾਨੂੰਨ ਅਨੁਸਾਰ ਹੀ ਕਾਰਵਾਈ ਕੀਤੀ ਗਈ। ਕਿਸੇ ਨਾਲ ਕਾਨੂੰਨ ਤੋਂ ਬਾਹਰ ਕੋਈ ਵਧੀਕੀ ਨਹੀਂ ਕੀਤੀ ਗਈ।
ਅਮਰੀਕੀ ਵਫ਼ਦ ਦਾ ਬਾਈਕਾਟ: ਅਮਰੀਕਾ ਵਿਚ ਭਾਰਤੀ ਡਿਪਲੋਮੈਟ ਨਾਲ ਕੀਤੇ ਗਏ ਮਾੜੇ ਸਲੂਕ ਤੋਂ ਨਾਰਾਜ਼ ਗੁਜਰਾਤ ਦੇ ਮੁੱਖ ਮੰਤਰੀ ਤੇ ਭਾਜਪਾ ਦੇ ਪ੍ਰਧਾਨ ਮੰਤਰੀ ਲਈ ਉਮੀਦਵਾਰ ਨਰਿੰਦਰ ਮੋਦੀ ਨੇ ਅਮਰੀਕੀ ਸੰਸਦ ਦੇ ਵਫਦ ਨੂੰ ਨਾ ਮਿਲਣ ਦਾ ਫੈਸਲਾ ਕੀਤਾ ਹੈ। ਇਸੇ ਦੌਰਾਨ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਅਤੇ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਨੇ ਵੀ ਅਮਰੀਕੀ ਵਫਦ ਨਾਲ ਮੁਲਾਕਾਤ ਨਹੀਂ ਕੀਤੀ। ਇਸ ਤੋਂ ਪਹਿਲਾਂ ਲੋਕ ਸਭਾ ਸਪੀਕਰ ਮੀਰਾ ਕੁਮਾਰ ਅਤੇ ਕੌਮੀ ਸੁਰੱਖਿਆ ਸਲਾਹਕਾਰ ਸ਼ਿਵ ਸ਼ੰਕਰ ਮੈਨਨ ਨੇ ਵੀ ਅਮਰੀਕੀ ਟੀਮ ਨੂੰ ਮਿਲਣ ਤੋਂ ਨਾਂਹ ਕਰ ਦਿੱਤੀ ਸੀ।
Leave a Reply