-ਜਤਿੰਦਰ ਪਨੂੰ
ਗੱਲ ਕੁਝ ਹਫਤੇ ਪਹਿਲਾਂ ਦੀ ਹੈ। ਭਾਰਤ ਦੀ ਕੌਮੀ ਇੱਕਮੁੱਠਤਾ ਕੌਂਸਲ ਦੀ ਆਮ ਚਰਚਾ ਵਿਚ ਦਿਖਾਈ ਦੇਣ ਵਾਲੀ ਇੱਕ ਬੀਬੀ ਨੇ ਐਲਾਨ ਕਰ ਦਿੱਤਾ ਕਿ ਉਹ ਭਾਰਤ ਸਰਕਾਰ ਦੇ ਖਿਲਾਫ ਲੱਗ ਰਹੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਤੋਂ ਏਨੀ ਦੁਖੀ ਹੈ ਕਿ ਇਸ ਇੱਕਮੁੱਠਤਾ ਕੌਂਸਲ ਤੋਂ ਅਸਤੀਫਾ ਦੇ ਰਹੀ ਹੈ। ਬਹੁਤ ਸਾਰੇ ਲੋਕਾਂ ਦੇ ਲਈ ਇਹ ਖਬਰ ਸੀ ਪਰ ਸਾਡੇ ਲਈ ਨਹੀਂ। ਅਸੀਂ ਉਸ ਬੀਬੀ ਤੇ ਉਸ ਵਰਗੇ ਕਈ ਹੋਰਨਾਂ ਨੂੰ ਜਾਣਦੇ ਹਾਂ। ਮੌਸਮ ਬਦਲਣ ਨਾਲ ਪਰਵਾਸੀ ਪੰਛੀਆਂ ਦੀਆਂ ਉਡਾਰੀਆਂ ਸਾਡੇ ਲਈ ਨਵੀਂ ਗੱਲ ਨਹੀਂ, ਚਿਰਾਂ ਤੋਂ ਚੱਲਦੇ ਇਸ ਵਿਹਾਰ ਕਾਰਨ ਸਾਏਬੇਰੀਆ ਤੋਂ ਉਡ ਕੇ ਉਹ ਅੱਜ ਵੀ ਹਰੀਕੇ ਪੱਤਣ ਦੀ ਝੀਲ ਤੱਕ ਹਰ ਸਾਲ ਆਉਂਦੇ ਰਹਿੰਦੇ ਹਨ। ਇਹ ਰਾਜਸੀ ਲੋਕ ਵੀ ਉਨ੍ਹਾਂ ਪਰਵਾਸੀ ਪੰਛੀਆਂ ਵਰਗੇ ਹਨ। ਜਿਸ ਪਾਰਟੀ ਦੇ ਅੱਗੇ ਆਉਣ ਦੀ ਥੋੜ੍ਹੀ ਜਿਹੀ ਸੰਭਾਵਨਾ ਦਿੱਸ ਪਵੇ, ਉਸ ਵੱਲ ਛੇ ਮਹੀਨੇ ਪਹਿਲਾਂ ਤੁਰ ਪੈਂਦੇ ਹਨ। ਇਸ ਪਿੱਛੇ ਕਾਰਨ ਇਹ ਹੁੰਦਾ ਹੈ ਕਿ ਇਨ੍ਹਾਂ ਵਿਚੋਂ ਕੁਝ ਲੋਕਾਂ ਦੇ ਘਰ ਦੀ ਰਸੋਈ ਦਾ ਦਾਣਾ-ਪਾਣੀ ਵੀ ਅਤੇ ਕਾਰਾਂ ਦਾ ਤੇਲ ਵੀ ਇਸੇ ਚੱਕਰ ਵਿਚੋਂ ਚੱਲਦਾ ਹੈ। ਉਹ ਬੀਬੀ ਸਾਢੇ ਚਾਰ ਸਾਲ ਕਾਂਗਰਸ ਵਾਲਿਆਂ ਦੀ ਸੇਵਾ ਕਰਦੀ ਰਹੀ, ਟੂ-ਜੀ ਸਪੈਕਟਰਮ ਦਾ ਪੌਣੇ ਦੋ ਲੱਖ ਕਰੋੜ ਰੁਪਏ ਦਾ ਘੁਟਾਲਾ ਜ਼ਾਹਰ ਹੋਣ ਦੇ ਬਾਅਦ ਵੀ ਸਰਕਾਰ ਦੀ ਵਕੀਲ ਬਣੀ ਰਹੀ, ਉਦੋਂ ਉਸ ਨੂੰ ਭ੍ਰਿਸ਼ਟਾਚਾਰ ਨਹੀਂ ਸੀ ਦਿੱਸਿਆ ਅਤੇ ਅਗਲੀ ਚੋਣ ਦੇ ਪਹਿਲੇ ਬੁੱਲਿਆਂ ਨਾਲ ਹੀ ਹਵਾਈ-ਕੁੱਕੜ ਬਣ ਕੇ ਭਾਜਪਾ ਦੇ ਵਿਹੜੇ ਨੂੰ ਤੁਰ ਪਈ ਹੈ।
ਕਾਂਗਰਸ ਪਾਰਟੀ ਦੀ ਅੰਦਰੂਨੀ ਸਥਿਤੀ ਦੀਆਂ ਜਿਹੜੀਆਂ ਖਬਰਾਂ ਇਸ ਵੇਲੇ ਮਿਲ ਰਹੀਆਂ ਹਨ, ਉਨ੍ਹਾਂ ਤੋਂ ਸਾਫ ਲੱਭਦਾ ਹੈ ਕਿ ਉਥੇ ਇੱਦਾਂ ਦੀ ਭਾਜੜ ਪਈ ਹੋਈ ਹੈ, ਜਿਵੇਂ ਕਿਸੇ ਦੂਸਰੀ ਰਿਆਸਤ ਦੀ ਫੌਜ ਦੀ ਚੜ੍ਹਾਈ ਬਾਰੇ ਸੁਣ ਕੇ ਪੁਰਾਣੇ ਰਾਜੇ-ਨਵਾਬਾਂ ਦੇ ਮਹਿਲਾਂ ਵਿਚ ਪੈ ਜਾਇਆ ਕਰਦੀ ਸੀ। ਹਰ ਆਗੂ ਨੂੰ ਆਪਾ-ਧਾਪੀ ਦੇ ਦੌਰੇ ਪੈਂਦੇ ਸੁਣੀਂਦੇ ਹਨ ਤੇ ਇਸੇ ਲਈ ਸੋਨੀਆ ਗਾਂਧੀ ਦੇ ਆਪਣੇ ਸੈਨਾਪਤੀ ਇੱਕ ਦੂਸਰੇ ਦੇ ਖਿਲਾਫ ਬਿਆਨ ਦੇਣ ਲੱਗ ਪਏ ਹਨ। ਅੱਗੇ ਕਦੀ ਕਾਂਗਰਸ ਦਾ ਕੋਈ ਬੇਨੀ ਪ੍ਰਸਾਦ ਵਰਮਾ ਸਮਾਜਵਾਦੀ ਪਾਰਟੀ ਦੇ ਮੁਲਾਇਮ ਸਿੰਘ ਦੇ ਖਿਲਾਫ ਵੀ ਕੁਝ ਬੋਲਦਾ ਤਾਂ ਪਾਰਟੀ ਉਸ ਨੂੰ ਸੱਦ ਕੇ ਬਿਆਨ ਵਾਪਸ ਲੈਣ ਨੂੰ ਕਹਿੰਦੀ ਜਾਂ ਉਸ ਦੀ ਥਾਂ ਆਪ ਸਫਾਈ ਪੇਸ਼ ਕਰਦੀ ਸੀ, ਹੁਣ ਸੱਤਿਆਵਰਤ ਚਤੁਰਵੇਦੀ ਵਰਗਾ ਸੀਨੀਅਰ ਆਗੂ ਉਠ ਕੇ ਆਪਣੀ ਪਾਰਟੀ ਦੇ ਮੀਤ ਪ੍ਰਧਾਨ ਅਤੇ ਰਾਹੁਲ ਗਾਂਧੀ ਦੇ ਨੇੜੂ ਦਿਗਵਿਜੇ ਸਿੰਘ ਦੇ ਖਿਲਾਫ ਬਿਆਨ ਦਾਗ ਦੇਵੇ ਤਾਂ ਕੋਈ ਕੱਟਣ ਵਾਲਾ ਨਹੀਂ। ਉਸ ਵੱਲੋਂ ਦਾਗਿਆ ਬਿਆਨ ਜਿੰਨਾ ਦਿਗਵਿਜੇ ਸਿੰਘ ਦੇ ਖਿਲਾਫ ਹੈ, ਉਸ ਤੋਂ ਵੱਧ ਕਾਂਗਰਸ ਹਾਈ ਕਮਾਨ ਦੇ ਵਿਰੁਧ ਜਾਂਦਾ ਹੈ ਕਿ ਉਹ ਚਾਪਲੂਸਾਂ ਦੀ ਗੱਲ ਨੂੰ ਵੱਧ ਵਜ਼ਨ ਦਿੰਦੀ ਹੋਣ ਕਾਰਨ ਚਾਰ ਰਾਜਾਂ ਦੀਆਂ ਚੋਣਾਂ ਵਿਚ ਹਾਰ ਗਈ ਹੈ। ਸੋਨੀਆ ਗਾਂਧੀ ਸਣੇ ਸਾਰੇ ਵੱਡੇ ਆਗੂ ਇਸ ਬਿਆਨ ਬਾਰੇ ਚੁੱਪ ਵੱਟ ਗਏ ਹਨ, ਕਿਉਂਕਿ ਉਹ ਜਾਣਦੇ ਹਨ ਕਿ ਇਹ ਸ਼ੁਰੂਆਤ ਹੈ, ਅੱਗੋਂ ਕੁਝ ਕਿਹਾ ਗਿਆ ਤਾਂ ਮੌਕੇ ਦੀ ਉਡੀਕ ਵਿਚ ਬੈਠੇ ਕਈ ਹੋਰ ਲੋਕ ਵੀ ਬੋਲਣ ਲੱਗ ਪੈਣਗੇ।
ਜਿਨ੍ਹਾਂ ਲੋਕਾਂ ਦੇ ਉਡਾਰੀ ਮਾਰਨ ਦਾ ਬਹਾਨਾ ਭਾਲਣ ਤੋਂ ਕਾਂਗਰਸ ਹਾਈ ਕਮਾਨ ਡਰ ਕੇ ਚੁੱਪ ਹੋਈ ਹੈ, ਉਨ੍ਹਾਂ ਨੇ ਉਂਜ ਵੀ ਉਸ ਕੋਲ ਨਹੀਂ ਰਹਿਣਾ। ਹੁਣੇ-ਹੁਣੇ ਖਬਰ ਆਈ ਹੈ ਕਿ ਲਾਲ ਬਹਾਦਰ ਸ਼ਾਸਤਰੀ ਦਾ ਪੁੱਤਰ ਸੁਨੀਲ ਸ਼ਾਸਤਰੀ ਵੀ ਕਾਂਗਰਸ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ ਵਾਲਿਆਂ ਨਾਲ ਜਾ ਰਲਿਆ ਹੈ। ਭਾਜਪਾ ਆਗੂ ਇਸ ਨੂੰ ਬਹੁਤ ਵੱਡੀ ਖਬਰ ਬਣਾ ਕੇ ਪੇਸ਼ ਕਰ ਰਹੇ ਹਨ ਪਰ ਅਸਲ ਵਿਚ ਇਹ ਕਿੰਨੀ ਵੱਡੀ ਖਬਰ ਹੈ, ਰਾਜਨੀਤੀ ਨਾਲ ਜੁੜੀਆਂ ਘਟਨਾਵਾਂ ਦਾ ਚੇਤਾ ਰੱਖ ਸਕਦੇ ਕਿਸੇ ਵੀ ਵਿਅਕਤੀ ਨੂੰ ਇਸ ਦਾ ਪਤਾ ਹੈ। ਇਹੋ ਸੁਨੀਲ ਸ਼ਾਸਤਰੀ ਪਹਿਲਾਂ ਵੀ ਅਟਲ ਬਿਹਾਰੀ ਵਾਜਪਾਈ ਸਰਕਾਰ ਵੇਲੇ ਭਾਜਪਾ ਵਿਚ ਹੁੰਦਾ ਸੀ ਅਤੇ ਉਦੋਂ ਉਹ ਪਾਰਟੀ ਦੇ ਬੁਲਾਰੇ ਵਜੋਂ ਰੋਜ਼ ਪੱਤਰਕਾਰਾਂ ਦੇ ਸਾਹਮਣੇ ਪੇਸ਼ ਹੋਇਆ ਕਰਦਾ ਸੀ। ਡਾæ ਮਨਮੋਹਨ ਸਿੰਘ ਦੀ ਸਰਕਾਰ ਆਈ ਤੋਂ ਇਹ ਸੋਚ ਕੇ ਭਾਜਪਾ ਵਿਚ ਟਿਕਿਆ ਰਿਹਾ ਕਿ ਪੰਜ ਸਾਲਾਂ ਦੀ ਗੱਲ ਹੈ, ਅਗਲੀ ਵਾਰ ਫਿਰ ਆਪਣੇ ਭਾਜਪਾ ਵਾਲੇ ਮਿੱਤਰਾਂ ਦੇ ਪੈਰ ਹੇਠ ਬਟੇਰਾ ਆ ਜਾਣਾ ਹੈ। ਉਸ ਦਾ ਸੁਫਨਾ ਅਧੂਰਾ ਰਿਹਾ ਤੇ ਅਗਲੀ ਵਾਰ ਫਿਰ ਕਾਂਗਰਸੀ ਅਗਵਾਈ ਹੇਠ ਸਰਕਾਰ ਬਣ ਗਈ। ਪੰਜ ਸਾਲ ਕੱਟ ਲਏ ਸਨ, ਜਿਵੇਂ ਮੋਗੇ ਵਾਲਾ ਜੁਗਿੰਦਰ ਪਾਲ ਜੈਨ ਪੰਜਾਂ ਪਿੱਛੋਂ ਪੰਜ ਕੁ ਹੋਰ ਸਾਲ ਕੱਟਣ ਦੀ ਥਾਂ ਰਾਜ-ਦਰਬਾਰ ਦੇ ਗਲਿਆਰਿਆਂ ਨੂੰ ਦੌੜ ਗਿਆ ਹੈ, ਮਨਮੋਹਨ ਸਿੰਘ ਦੇ ਦੂਸਰੀ ਵਾਰ ਪ੍ਰਧਾਨ ਮੰਤਰੀ ਬਣਨ ਤੋਂ ਚੌਥੇ ਮਹੀਨੇ ਹੀ ਸੁਨੀਲ ਸ਼ਾਸਤਰੀ ਕਾਂਗਰਸ ਭਵਨ ਵਿਚ ਜਾ ਵੜਿਆ। ਉਦੋਂ ਸੁਨੀਲ ਨੇ ਇਹ ਕਿਹਾ ਸੀ ਕਿ ਬੜੀ ਭੁੱਲ ਹੋ ਗਈ ਸੀ, ਮੇਰੇ ਪਿਤਾ ਕਾਂਗਰਸ ਵੱਲੋਂ ਪ੍ਰਧਾਨ ਮੰਤਰੀ ਸਨ ਅਤੇ ਮੈਂ ਭਾਜਪਾ ਵਿਚ ਜਾਣ ਦੀ ਗਲਤੀ ਕਰ ਬੈਠਾ ਸਾਂ, ਹੁਣ ਇਹ ਮੇਰੇ ਲਈ ਇੱਕ ਤਰ੍ਹਾਂ ਦੀ ਘਰ-ਵਾਪਸੀ ਹੈ।
ਚੱਲਦੇ ਚੱਲਦੇ ਇਹ ਦੱਸ ਦੇਣਾ ਸ਼ਾਇਦ ਪਾਠਕਾਂ ਨੂੰ ਦਿਲਚਸਪ ਲੱਗੇ ਕਿ ਜਿਹੜੇ ਸੁਨੀਲ ਸ਼ਾਸਤਰੀ ਨੂੰ ਕਾਂਗਰਸ ਵਿਚ ਵਾਪਸ ਜਾਣਾ ਪਿਤਾ ਦੀ ਵਿਰਾਸਤ ਦੇ ਵਿਹੜੇ ਵਿਚ ਘਰ-ਵਾਪਸੀ ਲੱਗਾ ਸੀ, ਉਸ ਦੀ ਆਪਣੇ ਪਿਤਾ ਦੇ ਵਕਤ ਦੀ ਇੱਕ ਘਟਨਾ ਵੀ ਉਹ ਆਪ ਲਿਖ ਚੁੱਕਾ ਹੈ ਕਿ ਉਹ ਆਪਣੇ ਪਿਤਾ ਦੇ ਪ੍ਰਧਾਨ ਮੰਤਰੀ ਹੋਣ ਕਰ ਕੇ ਟੌਹਰ ਵਾਲੀ ਗੱਡੀ ਦੀ ਸਵਾਰੀ ਕਰਨਾ ਚਾਹੁੰਦਾ ਸੀ। ਇੱਕ ਦਿਨ ਉਸ ਨੇ ਪਿਤਾ ਜੀ ਦੀ ਸਰਕਾਰੀ ਕਾਰ ਦੇ ਡਰਾਈਵਰ ਨੂੰ ਗੱਡੀ ਲੈ ਕੇ ਘਰ ਆਉਣ ਨੂੰ ਕਿਹਾ ਤੇ ਜਦੋਂ ਉਹ ਆਇਆ ਤਾਂ ਉਸ ਤੋਂ ਚਾਬੀ ਫੜ ਕੇ ਕਾਰ ਲੈ ਕੇ ਆਪ ਘੁੰਮਣ ਤੁਰ ਗਿਆ। ਇਹ ਗੱਲ ਪ੍ਰਧਾਨ ਮੰਤਰੀ ਸ੍ਰੀ ਸ਼ਾਸਤਰੀ ਨੂੰ ਪਤਾ ਲੱਗ ਗਈ। ਉਨ੍ਹਾਂ ਨੇ ਡਰਾਈਵਰ ਨੂੰ ਗੱਡੀ ਦੀ ਲਾਗ-ਬੁੱਕ ਪੁੱਛੀ ਅਤੇ ਉਸ ਵਿਚ ਸੁਨੀਲ ਦੇ ਸਫਰ ਵਾਲੇ ਕਿਲੋਮੀਟਰਾਂ ਦੇ ਪੈਸੇ ਪੱਲਿਓਂ ਭਰ ਕੇ ਅਗਲੇ ਦਿਨ ਕਿਸ਼ਤਾਂ ਉਤੇ ਕਾਰ ਖਰੀਦ ਲਈ ਸੀ। ਸਾਰੇ ਦੇਸ਼ ਦੇ ਸਤਿਕਾਰੇ ਹੋਏ ਪਿਤਾ ਜੀ ਨੂੰ ਕਰਜ਼ਾਈ ਕਰਨ ਵਾਲੇ ਇਸ ਪੁੱਤਰ ਨੂੰ ਚਾਰ ਕੁ ਸਾਲ ਪਹਿਲਾਂ ਪਿਤਾ ਦੀ ਪਾਰਟੀ ਵਿਚ ਮੁੜਨਾ ਘਰ-ਵਾਪਸੀ ਜਾਪਦੀ ਸੀ ਤੇ ਹੁਣ ਫਿਰ ਭਾਜਪਾ ਵੱਲ ਜਾਣ ਵੇਲੇ ਉਸ ਨੂੰ ਪਿਤਾ ਦੇ ਵਿਚਾਰਾਂ ਦੀ ਵਿਰਾਸਤ ਵੀ ਭੁੱਲ ਗਈ ਹੈ।
ਵਿਚਾਰਾਂ ਦੀ ਵਿਰਾਸਤ ਕੀ ਸੀ ਲਾਲ ਬਹਾਦਰ ਸ਼ਾਸਤਰੀ ਦੀ? ਇਸ ਦੀ ਇੱਕ ਮਿਸਾਲ 1965 ਦੀ ਜੰਗ ਤੋਂ ਪਹਿਲਾਂ ਦੇ ਉਨ੍ਹਾ ਦੇ ਦਿੱਲੀ ਵਿਚ ਕੀਤੇ ਭਾਸ਼ਣ ਤੋਂ ਮਿਲਦੀ ਹੈ। ਜੰਗ ਦਾ ਮਾਹੌਲ ਬਣਿਆ ਪਿਆ ਸੀ ਅਤੇ ਰੇਡੀਓ ਬੀ ਬੀ ਸੀ ਵਲੋਂ ਇਹ ਰਿਪੋਰਟ ਪੇਸ਼ ਕਰ ਦਿੱਤੀ ਗਈ ਸੀ ਕਿ ਹਿੰਦੂ ਮਾਨਸਿਕਤਾ ਦਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਪਾਕਿਸਤਾਨ ਨਾਲ ਜੰਗ ਲੜਨ ਲਈ ਤਿਆਰ ਹੋ ਰਿਹਾ ਹੈ। ਦਿੱਲੀ ਵਿਚ ਉਦੋਂ ਇੱਕ ਰੈਲੀ ਹੋਈ ਤਾਂ ਉਸ ਵਿਚ ਸ੍ਰੀ ਸ਼ਾਸਤਰੀ ਨੇ ਇਸ ਦਾ ਠੋਕਵਾਂ ਉਤਰ ਦਿੰਦਿਆਂ ਕਿਹਾ ਸੀ, “ਮੈਂ ਇੱਕ ਹਿੰਦੂ ਹਾਂ, ਇਸ ਰੈਲੀ ਦੀ ਪ੍ਰਧਾਨਗੀ ਕਰ ਰਹੇ ਮੀਰ ਮੁਸ਼ਤਾਕ ਇੱਕ ਮੁਸਲਮਾਨ ਹਨ ਤੇ ਹੁਣੇ ਜਿਸ ਫਰੈਂਕ ਐਨਥੋਨੀ ਨੇ ਭਾਸ਼ਣ ਕੀਤਾ ਹੈ, ਉਹ ਈਸਾਈ ਭਾਈਚਾਰੇ ਤੋਂ ਹਨ। ਸਾਡੇ ਨਾਲ ਸਿੱਖ ਅਤੇ ਪਾਰਸੀ ਵੀ ਬੈਠੇ ਹਨ। ਸਾਡੇ ਸਾਰਿਆਂ ਦੀ ਸਾਂਝ ਦੀ ਤੰਦ ਹੀ ਇਹ ਹੈ ਕਿ ਅਸੀਂ ਹਿੰਦੂ, ਮੁਸਲਿਮ, ਈਸਾਈ, ਸਿੱਖ, ਪਾਰਸੀ ਅਤੇ ਸਾਰੇ ਹੋਰ ਧਰਮਾਂ ਦੇ ਲੋਕ ਭਾਰਤੀ ਹਾਂ। ਸਾਡੇ ਕੋਲ ਮੰਦਰ ਤੇ ਮਸਜਿਦਾਂ ਹਨ, ਗੁਰਦੁਆਰੇ ਤੇ ਚਰਚ ਹਨ ਪਰ ਅਸੀਂ ਇਨ੍ਹਾਂ ਸਭ ਨੂੰ ਰਾਜਨੀਤੀ ਵਾਸਤੇ ਵਰਤਣ ਦਾ ਕੰਮ ਨਹੀਂ ਕਰਦੇ। ਭਾਰਤ ਤੇ ਪਾਕਿਸਤਾਨ ਦਾ ਇਹੋ ਫਰਕ ਹੈ। ਪਾਕਿਸਤਾਨ ਆਪਣੇ ਇਸਲਾਮੀ ਦੇਸ਼ ਹੋਣ ਦਾ ਐਲਾਨ ਕਰਦਾ ਹੈ ਅਤੇ ਧਰਮ ਨੂੰ ਰਾਜਨੀਤਕ ਮੁੱਦੇ ਦੇ ਤੌਰ ਉਤੇ ਵਰਤਦਾ ਹੈ, ਸਾਨੂੰ ਭਾਰਤੀ ਲੋਕਾਂ ਨੂੰ ਆਜ਼ਾਦੀ ਹੈ ਕਿ ਅਸੀਂ ਆਪਣੀ ਮਰਜ਼ੀ ਦਾ ਧਰਮ ਚੁਣ ਸਕਦੇ ਹਾਂ ਤੇ ਉਸ ਦੀ ਪੂਜਾ ਕਰ ਸਕਦੇ ਹਾਂ। ਜਿਥੋਂ ਰਾਜਨੀਤੀ ਦੀ ਹੱਦ ਸ਼ੁਰੂ ਹੁੰਦੀ ਹੈ, ਉਥੇ ਜਾ ਕੇ ਸਾਡੇ ਵਿਚੋਂ ਹਰ ਕੋਈ ਦੂਸਰਿਆਂ ਦੇ ਨਾਲ ਭਾਰਤੀ ਹੁੰਦਾ ਹੈ, ਸਿਰਫ ਭਾਰਤੀ।” ਜੇ ਪਿਤਾ ਦੇ ਨੇਕ ਵਿਚਾਰਾਂ ਦੀ ਵਿਰਾਸਤ ਦਾ ਚੇਤਾ ਹੁੰਦਾ ਤਾਂ ਸੁਨੀਲ ਸ਼ਾਸਤਰੀ ਉਸ ਪਾਰਟੀ ਵਿਚ ਕਦੀ ਨਾ ਜਾਂਦਾ, ਜਿਹੜੀ ਅਯੁੱਧਿਆ ਵਿਚ ਇੱਕ ਮਸਜਿਦ ਢਾਹ ਕੇ ਉਸ ਦੀ ਥਾਂ ਮੰਦਰ ਬਣਾਉਣ ਦੇ ਨਾਅਰੇ ਤੋਂ ਤੁਰੀ ਹੋਈ ਇਸ ਸੰਕਲਪ ਲਈ ਵਚਨਬੱਧਤਾ ਪ੍ਰਗਟ ਕਰਨ ਤੱਕ ਜਾਂਦੀ ਹੈ ਕਿ ਭਾਰਤ ਨੂੰ ਇੱਕ ਹਿੰਦੂ ਰਾਸ਼ਟਰ ਹੋਣ ਦਾ ਹੱਕ ਹੈ।
ਅੱਗੋਂ ਜਿਸ ਪਾਰਟੀ ਵਿਚ ਉਹ ਚਲਾ ਗਿਆ ਹੈ, ਉਸ ਪਾਰਟੀ ਦੇ ਆਗੂ ਅਸੂਲਾਂ ਦੀ ਦੁਹਾਈ ਬੜੀ ਦਿੰਦੇ ਹਨ ਪਰ ਜਦੋਂ ਅਸੂਲਾਂ ਉਤੇ ਅਮਲ ਦਾ ਸਵਾਲ ਆਵੇ ਤਾਂ ਸਿਰਫ ਰਾਜ-ਸੱਤਾ ਦੀ ਪ੍ਰਾਪਤੀ ਦਾ ਫਾਰਮੂਲਾ ਸਭ ਅਸੂਲਾਂ ਨੂੰ ਪਿੱਛੇ ਪਾ ਦਿੰਦਾ ਹੈ। ਐਮਰਜੈਂਸੀ ਦੇ ਖਿਲਾਫ ਲੜਾਈ ਦਾ ਉਹ ਸਭ ਤੋਂ ਵੱਧ ਦਾਅਵਾ ਕਰਦੇ ਹਨ ਪਰ ਐਮਰਜੈਂਸੀ ਲਵਾਉਣ ਤੇ ਉਸ ਦੌਰਾਨ ਜ਼ਿਆਦਤੀਆਂ ਦੇ ਸਭ ਤੋਂ ਵੱਧ ਜ਼ਿੰਮੇਵਾਰ ਸੰਜੇ ਗਾਂਧੀ ਦੀ ਪਤਨੀ ਅਤੇ ਪੁੱਤਰ ਨੂੰ ਆਪਣੀ ਪਾਰਟੀ ਵਿਚ ਇਸ ਵਾਸਤੇ ਰੱਖਦੇ ਹਨ ਕਿ ਉਹ ਨਹਿਰੂ-ਗਾਂਧੀ ਪਰਿਵਾਰ ਵਿਚ ਪਾਟਕ ਦਾ ਪ੍ਰਭਾਵ ਦੇਣ ਲਈ ਚਾਹੀਦੇ ਹਨ। ਹਾਲੇ ਕੁਝ ਸਾਲ ਹੋਏ ਹਨ, ਜਦੋਂ ਇਰਾਕ ਨਾਲ ਅਨਾਜ ਬਦਲੇ ਤੇਲ ਦੇ ਸੌਦੇ ਵਿਚ ਕਮਾਈ ਕਰ ਜਾਣ ਦਾ ਦੋਸ਼ ਲੱਗਣ ਪਿੱਛੋਂ ਭਾਜਪਾ ਨੇ ਕਈ ਦਿਨ ਪਾਰਲੀਮੈਂਟ ਕਾਠ ਮਾਰ ਛੱਡੀ ਅਤੇ ਉਦੋਂ ਦੇ ਵਿਦੇਸ਼ ਮੰਤਰੀ ਨਟਵਰ ਸਿੰਘ ਦਾ ਅਸਤੀਫਾ ਦਿਵਾ ਕੇ ਮੰਨੀ ਸੀ। ਨਟਵਰ ਸਿੰਘ ਉਸ ਕੇਸ ਵਿਚ ਦੋਸ਼ੀ ਵੀ ਸੀ। ਉਹ ਕਾਂਗਰਸ ਤੋਂ ਇਸ ਗੱਲੋਂ ਨਾਰਾਜ਼ ਹੋ ਗਿਆ ਕਿ ਭਾਜਪਾ ਦੇ ਹਮਲੇ ਤੋਂ ਉਸ ਦਾ ਬਚਾਅ ਨਹੀਂ ਕਰ ਸਕੀ ਪਰ ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ ਲਈ ਰਾਜਸਥਾਨ ਤੋਂ ਇੱਕ ਟਿਕਟ ਉਸੇ ਨਟਵਰ ਸਿੰਘ ਦੇ ਉਸੇ ਪੁੱਤਰ ਨੂੰ ਭਾਜਪਾ ਨੇ ਦੇ ਦਿੱਤੀ ਜਿਸ ਨੂੰ ਅਨਾਜ ਬਦਲੇ ਤੇਲ ਦਾ ਮੁੱਖ ਦੋਸ਼ੀ ਆਖਿਆ ਸੀ। ਹੁਣ ਨਟਵਰ ਸਿੰਘ ਨੂੰ ਭਾਜਪਾ ਚੰਗੀ ਲੱਗਣ ਲੱਗੀ ਹੈ ਤੇ ਭਾਜਪਾ ਨੂੰ ਉਹ ਨਟਵਰ ਸਿੰਘ ਚੰਗਾ ਲੱਗਣ ਲੱਗ ਪਿਆ ਹੈ, ਜਿਸ ਨੂੰ ਉਹ ਮੁਲਕ ਵੇਚਣ ਵਾਲਾ ਆਖਦੀ ਰਹੀ ਸੀ।
ਪੰਜਾਬੀ ਦਾ ‘ਗੌਂਅ ਭੁੰਨਾਵੇ ਜੌਂਅ’ ਵਾਲਾ ਮੁਹਾਵਰਾ ਬਹੁਤ ਸਾਰੇ ਲੋਕਾਂ ਨੇ ਸੁਣਿਆ ਹੋਵੇਗਾ। ਇਸ ਦੀ ਮਿਸਾਲ ਵੀ ਹਰ ਵਾਰ ਚੋਣਾਂ ਵੇਲੇ ਸਾਹਮਣੇ ਆਉਂਦੀ ਹੈ, ਜਦੋਂ ਕੁਝ ਲੋਕ ਇਹੋ ਜਿਹੇ ਛੜੱਪੇ ਮਾਰ ਜਾਂਦੇ ਹਨ ਕਿ ਵੇਖਣ ਵਾਲੇ ਲੋਕ ਦੰਗ ਰਹਿ ਜਾਣ। ਭਾਰਤੀ ਜਨਤਾ ਪਾਰਟੀ ਅੰਦਰ ਇਸ ਵੇਲੇ ਜਿਹੜਾ ਮਾਹੌਲ ਬਣਿਆ ਪਿਆ ਹੈ, ਉਸ ਨੂੰ ਉਹ ਲੋਕ ਪਾਰਟੀ ਦਾ ‘ਮੋਦੀ-ਮਈ’ ਰੰਗ ਆਖ ਕੇ ਪ੍ਰਚਾਰਦੇ ਹਨ। ਇਹ ਵੀ ਸਭ ਨੂੰ ਪਤਾ ਹੈ ਕਿ ਨਰਿੰਦਰ ਮੋਦੀ ਤੇ ਲਾਲ ਕ੍ਰਿਸ਼ਨ ਅਡਵਾਨੀ ਦੀ ਆਪੋ ਵਿਚ ਬਣਦੀ ਨਹੀਂ। ਜਦੋਂ ਮੋਦੀ ਦੀ ਅਡਵਾਨੀ ਨਾਲ ਨਹੀਂ ਬਣਦੀ ਤਾਂ ਜਿਨ੍ਹਾਂ ਲੋਕਾਂ ਦੀ ਅਡਵਾਨੀ ਨਾਲ ਨਹੀਂ ਬਣਦੀ, ਉਹ ਸਾਰੇ ਮੋਦੀ ਲਈ ਆਪਣੇ ਬਣਦੇ ਜਾਂਦੇ ਹਨ। ਬਿਹਾਰ ਤੋਂ ਇੱਕ ਸਾਬਕਾ ਸੀਨੀਅਰ ਅਫਸਰ ਆਰ ਕੇ ਸਿੰਘ ਭਾਜਪਾ ਵਿਚ ਸ਼ਾਮਲ ਹੋ ਗਿਆ ਹੈ। ਸਾਰੇ ਭਾਰਤ ਦਾ ਗ੍ਰਹਿ ਵਿਭਾਗ ਦਾ ਸੈਕਟਰੀ ਰਹਿ ਚੁੱਕਾ ਆਰ ਕੇ ਸਿੰਘ 1990 ਵਿਚ ਬਿਹਾਰ ਦੇ ਸਮੱਸਤੀਪੁਰ ਜ਼ਿਲ੍ਹੇ ਦਾ ਡਿਸਟ੍ਰਿਕਟ ਮੈਜਿਸਟਰੇਟ ਹੁੰਦਾ ਸੀ ਤੇ ਅਯੁੱਧਿਆ ਨੂੰ ਰੱਥ ਲੈ ਕੇ ਜਾਂਦੇ ਲਾਲ ਕ੍ਰਿਸ਼ਨ ਅਡਵਾਨੀ ਨੂੰ ਗ੍ਰਿਫਤਾਰ ਕਰਨ ਦੀ ਹਿੰਮਤ ਉਸੇ ਨੇ ਕੀਤੀ ਸੀ। ਛੇ ਮਹੀਨੇ ਪਹਿਲਾਂ ਦੇਸ਼ ਦੇ ਗ੍ਰਹਿ ਸਕੱਤਰ ਵਜੋਂ ਰਿਟਾਇਰ ਹੋਇਆ ਇਹ ਬੰਦਾ ਨਿਤੀਸ਼ ਕੁਮਾਰ ਦੇ ਕਹੇ ਉਤੇ ਜਨਤਾ ਦਲ ਯੂਨਾਈਟਿਡ ਵਿਚ ਜਾਣ ਨੂੰ ਤਿਆਰ ਸੀ, ਪਰ ਜਦੋਂ ਅਡਵਾਨੀ ਵਿਰੋਧੀ ਹੋਣ ਕਰ ਕੇ ਇਸ ਨੂੰ ਨਰਿੰਦਰ ਮੋਦੀ ਨੇ ਕੁੰਡੀ ਪਾਈ ਤਾਂ ਉਹ ‘ਮੋਦੀ-ਮਈ’ ਭਾਜਪਾ ਦੇ ਰੰਗ ਵਿਚ ਰੰਗਿਆ ਜਾਣ ਲਈ ਤਿਆਰ ਹੋ ਗਿਆ ਹੈ।
ਕਾਂਗਰਸ ਪਾਰਟੀ ਜਿਸ ਭਾਜੜ ਦੀ ਸ਼ਿਕਾਰ ਹੈ, ਉਸ ਵਿਚੋਂ ਕਈ ਲੋਕ ਪੱਲਾ ਛੁਡਾਉਣ ਦੀ ਸੋਚ ਸਕਦੇ ਹੈ ਪਰ ਜਿੱਧਰ ਨੂੰ ਵਹਿਣ ਵਗ ਰਿਹਾ ਜਾਪਦਾ ਹੈ, ਉਧਰ ਵੀ ਤਰਦਾ ਮਾਲ ਛਕਣ ਦੇ ਸ਼ੌਕੀਨਾਂ ਦੀ ਧਾੜ ਇਕੱਠੀ ਹੋ ਰਹੀ ਹੈ। ਇਹ ਲੋਕ ਅੱਜ ਤੱਕ ਕਿਸੇ ਦੇ ਮਿੱਤ ਨਹੀਂ ਹੋਏ, ਅੱਗੋਂ ਵੀ ਗੱਡੀ ਦੇ ਦਰਵਾਜ਼ੇ ਵਿਚ ਖੜੋਤੇ ਉਨ੍ਹਾਂ ਮੁਸਾਫਰਾਂ ਵਾਂਗ ਹੀ ਹੋਣਗੇ, ਜਿਨ੍ਹਾਂ ਨੂੰ ਜਿੱਥੇ ਪਸੰਦ ਦਾ ਸਟੇਸ਼ਨ ਦਿੱਸ ਪਵੇ, ਛਾਲਾਂ ਮਾਰ ਜਾਇਆ ਕਰਦੇ ਹਨ।
Leave a Reply