ਭਾਰਤ ਚੌਥੀ ਵਾਰ ਬਣਿਆ ਵਿਸ਼ਵ ਕਬੱਡੀ ਚੈਂਪੀਅਨ

ਲੁਧਿਆਣਾ: ਚੌਥੇ ਵਿਸ਼ਵ ਕਬੱਡੀ ਕੱਪ ਦੇ ਬੇਹੱਦ ਫਸਵੇਂ ਤੇ ਰੌਚਿਕ ਫਾਈਨਲ ਮੁਕਾਬਲੇ ਵਿਚ ਪਾਕਿਸਤਾਨ ਨੂੰ ਹਰਾ ਕੇ ਭਾਰਤੀ ਗੱਭਰੂਆਂ ਨੇ ਲਗਾਤਾਰ ਚੌਥੀ ਵਾਰ ਵਿਸ਼ਵ ਕਬੱਡੀ ਕੱਪ ਜਿੱਤਣ ਦਾ ਮਾਣ ਹਾਸਲ ਕੀਤਾ। ਭਾਰਤ ਦੇ 48 ਤੇ ਪਾਕਿਸਤਾਨ ਦੇ  39 ਅੰਕ ਰਹੇ। ਟੂਰਨਾਮੈਂਟ ਵਿਚ ਅਮਰੀਕਾ ਤੀਜੇ ਸਥਾਨ ‘ਤੇ ਰਿਹਾ।
ਫਾਈਨਲ ਮੈਚ ਦਾ ਪਹਿਲਾ ਅੰਕ ਹਾਸਲ ਕਰਕੇ ਪਾਕਿਸਤਾਨ ਦੀ ਟੀਮ ਨੇ ਧਮਾਕੇਦਾਰ ਸ਼ੁਰੂਆਤ ਕੀਤੀ ਤੇ ਇਕ ਇਕ ਅੰਕ ਲਈ ਸਖਤ ਮੁਕਾਬਲਾ ਵੇਖਣ ਨੂੰ ਮਿਲਿਆ। ਪਹਿਲੇ ਥੋੜ੍ਹ ਚਿਰੇ ਠਹਿਰਾਅ ਤੱਕ ਦੋਵੇਂ ਟੀਮਾਂ 11-11 ਅੰਕਾਂ ਨਾਲ ਬਰਾਬਰ ਸਨ ਤੇ ਖਚਾਖਚ ਭਰੇ ਗੁਰੂ ਨਾਨਕ ਸਟੇਡੀਅਮ ਵਿਚ ਪੰਜਾਬ ਦੇ ਕੋਨੇ ਕੋਨੇ ਤੋਂ ਪਹੁੰਚੇ ਕਬੱਡੀ ਪ੍ਰੇਮੀ ਦਰਸ਼ਕ ਉਸ ਵੇਲੇ ਹੈਰਾਨ ਰਹਿ ਗਏ ਜਦੋਂ ਪਾਕਿਸਤਾਨ ਦੇ ਜਾਫ਼ੀ ਨੇ ਭਾਰਤੀ ਟੀਮ ਦੇ ਕਪਤਾਨ ਤੇ ਚੋਟੀ ਦੇ ਧਾਵੀ ਸੁਖਬੀਰ ਸਰਾਵਾਂ ਨੂੰ ਜੱਫਾ ਮਾਰ ਕੇ ਪਾੜੇ ਦੀ ਟੱਚ ਲਾਈਨ ਤੋਂ ਕੁਝ ਫੁੱਟ ਉਰ੍ਹਾਂ ਹੀ ਰੋਕ ਕੇ ਅੰਕ ਆਪਣੇ ਹੱਕ ਵਿਚ ਕਰ ਲਿਆ।
ਦੋਵਾਂ ਟੀਮਾਂ ਵੱਲੋਂ ਇਕ ਇਕ ਅੰਕ ਲਈ ਕੀਤੀ ਜਾ ਰਹੀ ਜੀਅ ਤੋੜ ਕੋਸ਼ਿਸ਼ ਦਾ ਨਤੀਜਾ ਸੀ ਕਿ ਪਹਿਲੇ ਅੱਧ ਵਿਚ ਭਾਰਤ ਦੇ 23 ਤੇ ਪਾਕਿਸਤਾਨ ਦੇ 21 ਅੰਕ ਸਨ। ਦੂਜੇ ਅੱਧ ਦੌਰਾਨ ਵੀ ਮੁਕਾਬਲਾ ਬੇਹੱਦ ਸਖਤ ਰਿਹਾ ਤੇ ਤਿੰਨ-ਚਾਰ ਕੌਡੀਆਂ ਤੋਂ ਬਾਅਦ ਹੀ ਦੋਵੇਂ ਟੀਮਾਂ 25-25 ਅੰਕਾਂ ਦੀ ਬਰਾਬਰੀ ‘ਤੇ ਪਹੁੰਚ ਗਈਆਂ। ਥੋੜ੍ਹੀ ਦੇਰ ਬਾਅਦ ਹੀ ਭਾਰਤੀ ਖਿਡਾਰੀਆਂ ਨੇ ਆਪਣੀ ਚੁਸਤੀ ਫੁਰਤੀ ਨਾਲ ਸਕੋਰ ਬੋਰਡ 29-26 ‘ਤੇ ਲੈ ਆਂਦਾ ਪਰ ਪਾਕਿਸਤਾਨ ਦੇ ਖਿਡਾਰੀਆਂ ਨੇ ਮੁੜ ਹੰਭਲਾ ਮਾਰ ਕੇ ਇਸ ਨੂੰ 29-30 ਕਰ ਦਿੱਤਾ ਪਰ ਉਚੇ ਲੰਮੇ ਤੇ ਫੁਰਤੀਲੇ ਭਾਰਤੀ ਪੰਜਾਬੀ ਗੱਭਰੂਆਂ ਅੱਗੇ ਪਾਕਿਸਤਾਨ ਦੇ ਖਿਡਾਰੀਆਂ ਦੀ ਪੇਸ਼ ਨਾ ਚੱਲੀ ਤੇ ਜਿਉਂ ਜਿਉਂ ਮੈਚ ਸਮਾਪਤੀ ਵੱਲ ਵਧਿਆ ਉਵੇਂ ਹੀ ਭਾਰਤੀ ਟੀਮ ਦੇ ਅੰਕ ਵੀ ਵਧਦੇ ਗਏ। ਜੇਤੂ ਟੀਮਾਂ ਤੇ ਸਰਵੋਤਮ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਮੁੱਖ ਮਹਿਮਾਨ ਸ਼ਾਹਬਾਜ਼ ਸ਼ਰੀਫ਼, ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਨੇ ਕੀਤੀ। ਸਰਵੋਤਮ ਧਾਵੀ ਬਲਬੀਰ ਦੁੱਲਾ ਤੇ ਸਰਵੋਤਮ ਜਾਫ਼ੀ ਬਲਬੀਰ ਪਾਲਾ ਨੂੰ ਪ੍ਰੀਤ ਟ੍ਰੈਕਟਰ ਇਨਾਮ ਵਜੋਂ ਦਿੱਤੇ ਗਏ। ਭਾਰਤੀ ਟੀਮ ਨੂੰ ਦੋ ਕਰੋੜ ਤੇ ਪਾਕਿਸਤਾਨ ਦੀ ਟੀਮ ਨੂੰ ਇਕ ਕਰੋੜ ਰੁਪਏ ਦੇ ਇਨਾਮੀ ਚੈਕ ਭੇਟ ਕੀਤੇ ਗਏ ਜਦਕਿ ਤੀਜੇ ਨੰਬਰ ‘ਤੇ ਰਹੀ ਅਮਰੀਕਾ ਦੀ ਟੀਮ ਨੂੰ 25 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ। ਔਰਤਾਂ ਦੀ ਜੇਤੂ ਤੇ ਉਪ ਜੇਤੂ ਟੀਮਾਂ ਨੂੰ ਵੀ ਤਗ਼ਮੇ, ਕੱਪ ਤੇ ਨਕਦ ਇਨਾਮ ਭੇਟ ਕੀਤੇ ਗਏ।
_________________________________
ਭਾਰਤੀ ਮੁਟਿਆਰਾਂ ਨੇ ਤੀਜੀ ਵਾਰ ਜਿੱਤਿਆ ਖਿਤਾਬ
ਜਲੰਧਰ: ਚੌਥੇ ਵਿਸ਼ਵ ਕਬੱਡੀ ਕੱਪ ਵਿਚ ਜਲੰਧਰ ਵਿਚ ਖੇਡੇ ਗਏ ਮਹਿਲਾ ਵਰਗ ਦੇ ਫਾਈਨਲ ਮੁਕਾਬਲੇ ਵਿਚ ਭਾਰਤੀ ਮੁਟਿਆਰਾਂ ਨੇ ਨਿਊਜ਼ੀਲੈਂਡ ਨੂੰ ਹਰਾ ਕੇ ਵਿਸ਼ਵ ਕਬੱਡੀ ਕੱਪ ਵਿਚ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਭਾਰਤੀ ਮੁਟਿਆਰਾਂ ਨੇ ਲਗਾਤਾਰ ਤੀਜੀ ਵਾਰ ਜੇਤੂ ਹੈਟ੍ਰਿਕ ਬਣਾ ਕੇ ਇਕ ਕਰੋੜ ਦੇ ਨਗਦ ਇਨਾਮ ਤੇ ਕਬਜ਼ਾ ਕੀਤਾ ਤੇ ਨਿਊਜ਼ੀਲੈਂਡ ਦੀਆਂ ਉਪ ਜੇਤੂ ਬਣੀਆਂ ਮਹਿਲਾਵਾਂ ਨੂੰ 51 ਲੱਖ ਦੇ ਇਨਾਮ ‘ਤੇ ਸਬਰ ਕਰਨਾ ਪਿਆ।
ਮੈਚ ਵਿਚ ਇਕ ਸਮੇਂ ਨਿਊਜ਼ੀਲੈਂਡ ਦੀ ਟੀਮ ਭਾਰਤ ਤੋਂ ਅੱਗੇ ਸੀ ਇਸ ਤੋਂ ਬਾਅਦ ਭਾਰਤੀ ਖਿਡਾਰਨਾਂ ਨੇ ਵਾਪਸੀ ਕਰਦਿਆਂ ਲਗਾਤਾਰ ਜੇਤੂ ਬੜਤ ਬਣਾਈ ਰੱਖੀ ਤੇ ਅੰਤ ਵਿਚ ਭਾਰਤ ਨੇ ਇਸ ਮੈਚ ਦੇ ਵਿਚੋਂ 49-21 ਅੰਕਾਂ ਦੇ ਨਾਲ ਜਿੱਤ ਦਰਜ ਕੀਤੀ। ਇਸ ਤੋਂ ਪਹਿਲਾਂ ਔਰਤਾਂ ਦੇ ਵਰਗ ਵਿਚੋਂ ਤੀਸਰੇ ਸਥਾਨ ਲਈ ਖੇਡੇ ਗਏ ਮੈਚ ਵਿਚ ਪਾਕਿਸਤਾਨ ਤੇ ਡੈਨਮਾਰਕ ਵਿਚਾਲੇ ਫਸਵੀਂ ਟੱਕਰ ਵੇਖਣ ਨੂੰ ਮਿਲੀ ਪਰ ਅੰਤ ਵਿਚ ਡੈਨਮਾਰਕ ਦੀਆਂ ਖਿਡਾਰਨਾਂ ਨੇ ਪਾਕਿਸਤਾਨ ਨੂੰ ਇਕ ਅੰਕ ਦੇ ਨਾਲ 34-33 ਦੇ ਫਰਕ ਨਾਲ ਹਰਾ ਦਿੱਤਾ ਤੇ ਤੀਜੀ ਥਾਂ ਹਾਸਲ ਕਰਕੇ 25 ਲੱਖ ਦੇ ਨਗਦ ਇਨਾਮ ‘ਤੇ ਕਬਜ਼ਾ ਕੀਤਾ।
ਮਰਦਾਂ ਦੇ ਵਰਗ ਵਿਚੋਂ ਅਮਰੀਕਾ ਦੀ ਟੀਮ ਨੇ ਇੰਗਲੈਂਡ ਨੂੰ 62-27 ਅੰਕਾਂ ਨਾਲ ਹਰਾ ਕੇ ਤੀਜਾ ਸਥਾਨ ਹਾਸਲ ਕਰਕੇ 51 ਲੱਖ ਦੇ ਨਗਦ ਇਨਾਮ ‘ਤੇ ਕਬਜ਼ਾ ਕੀਤਾ। ਇਸ ਮੈਚ ਦੇ ਵਿਚ ਅਮਰੀਕਾ ਦਾ ਧਰਮਜੀਤ ਸੰਧੂ ਤੇ ਜੀਸਸ ਨੇ 15-15 ਅੰਕ ਹਾਸਲ ਕੀਤੇ। ਇੰਗਲੈਂਡ ਦੀ ਟੀਮ ਵੱਲੋਂ ਧਾਵੀ ਅਵਤਾਰ ਸਿੰਘ ਤਾਰੀ ਨੇ 9 ਅੰਕ ਹਾਸਲ ਕੀਤੇ।
__________________________________
ਕਬੱਡੀ ਕੱਪ ਦੀਆਂ ਤਿਆਰੀਆਂ ਨੇ ਪ੍ਰਸ਼ਾਸਨਿਕ ਢਾਂਚਾ ਲੀਹੋਂ ਲਾਹਿਆ
ਚੰਡੀਗੜ੍ਹ: ਪੰਜਾਬ ਦੇ ਜ਼ਿਲ੍ਹਾ ਪ੍ਰਸ਼ਾਸਨਕ ਤੇ ਪੁਲਿਸ ਅਧਿਕਾਰੀ ਕਬੱਡੀ ਕੱਪ, ਰੈਲੀਆਂ ਦੀ ਤਿਆਰੀ ਤੇ ਵਿਦੇਸ਼ੀ ਪ੍ਰਾਹੁਣਿਆਂ ਦੀ ਆਓ ਭਗਤ ਵਿਚ ਲੱਗੇ ਹੋਣ ਕਾਰਨ ਸਮੁੱਚਾ ਪ੍ਰਸ਼ਾਸਨਿਕ ਢਾਂਚਾ ਲੜਖੜਾ ਗਿਆ ਹੈ। ਨਵੰਬਰ ਦਾ ਪਿਛਲਾ ਪੰਦਰਵਾੜਾ ਪੰਜਾਬ ਦੇ ਕਰੀਬ ਸਾਰੇ ਵਜ਼ੀਰ ਤੇ ਵਿਧਾਇਕ ਦਿੱਲੀ ਚੋਣਾਂ ਵਿਚ ਗਏ ਹੋਣ ਕਾਰਨ ਪ੍ਰਸ਼ਾਸਨ ਆਰਾਮ ਦੀ ਨੀਂਦ ਸੁੱਤਾ ਰਿਹਾ ਤੇ ਫਿਰ ਪਹਿਲੀ ਤੋਂ 14 ਦਸੰਬਰ ਤੱਕ ਹੋਏ ਵਿਸ਼ਵ ਕਬੱਡੀ ਕੱਪ ਲਈ ਕਰੀਬ ਸਾਰੇ ਹੀ ਪੰਜਾਬ ਦੇ ਸਿਵਲ ਤੇ ਪੁਲਿਸ ਅਧਿਕਾਰੀ ਇਨ੍ਹਾਂ ਦੀ ਤਿਆਰੀ ਲਈ ਲਾ ਦਿੱਤੇ ਗਏ।
ਸਰਕਾਰੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਵਿਸ਼ਵ ਕਬੱਡੀ ਕੱਪ ਦੇ ਸਾਰੇ ਪ੍ਰਬੰਧਾਂ ਸਮੇਤ ਦਰਸ਼ਕ ਲਿਆਉਣ ਦਾ ਜਿੰਮਾ ਸਰਕਾਰੀ ਅਧਿਕਾਰੀਆਂ ਸਿਰ ਹੀ ਲਾਇਆ ਹੋਇਆ ਸੀ। ਇਸ ਕਰਕੇ ਹਰ ਜ਼ਿਲ੍ਹੇ ਦੇ ਉੱਚ ਅਧਿਕਾਰੀਆਂ ਤੋਂ ਲੈ ਕੇ ਹੇਠਲੇ ਪੱਧਰ ਦੇ ਕਰਮਚਾਰੀਆਂ ਤੱਕ ਨੂੰ ਇਸ ਕੰਮ ਵਿਚ ਲਾਇਆ ਗਿਆ। ਬਹੁਤੇ ਜ਼ਿਲ੍ਹਿਆਂ ਵਿਚ ਕਬੱਡੀ ਕੱਪ ਕਾਰਨ ਦਫ਼ਤਰਾਂ ਦੇ ਕੰਮਕਾਜ ਕਈ ਦਿਨ ਠੱਪ ਰਹੇ। ਕਬੱਡੀ ਕੱਪ ਤੋਂ ਅਧਿਕਾਰੀ ਵਿਹਲੇ ਵੀ ਨਹੀਂ ਹੋਏ ਸਨ ਕਿ ਪੰਜਾਬ ਦੇ ਵੱਡੀ ਗਿਣਤੀ ਸਿਵਲ ਤੇ ਪੁਲਿਸ ਅਧਿਕਾਰੀ ਪਾਕਿਸਤਾਨੀ ਪੰਜਾਬ ਦੇ ਮੁੱਖ ਮੰਤਰੀ ਸਾਹਬਾਜ਼ ਸ਼ਰੀਫ਼ ਦੀ ਪੰਜਾਬ ਫੇਰੀ ਲਈ ਤਾਇਨਾਤ ਕਰ ਦਿੱਤੇ ਗਏ। ਪਹਿਲੇ ਦਿਨ ਉਨ੍ਹਾਂ ਨੂੰ ਮੁਹਾਲੀ ਵਿਖੇ ਸ਼ਾਹੀ ਖਾਣਾ ਦਿੱਤਾ ਗਿਆ ਜਿਸ ਲਈ ਦਰਜਨਾਂ ਸੀਨੀਅਰ ਅਧਿਕਾਰੀ, ਤਿਆਰੀ ਵਾਸਤੇ ਕਈ ਦਿਨ ਜੁਟੇ ਰਹੇ ਤੇ ਸੈਂਕੜੇ ਅਧਿਕਾਰੀ ਹੋਰ ਤਿਆਰੀਆਂ ਲਈ ਲਾਏ ਗਏ। ਲੁਧਿਆਣਾ ਵਿਚ ਕਬੱਡੀ ਕੱਪ ਦੇ ਸਮਾਪਤੀ ਸਮਾਗਮ ਤੋਂ ਇਲਾਵਾ ਕੁਝ ਹੋਰ ਥਾਵਾਂ ਉਪਰ ਵੀ ਉਹ ਗਏ ਜਿਥੇ ਕਈ ਜ਼ਿਲ੍ਹਿਆਂ ਤੋਂ ਸੀਨੀਅਰ ਅਧਿਕਾਰੀ ਸੱਦੇ ਗਏ। ਜ਼ਿਲ੍ਹਾ ਮਾਨਸਾ ਵਿਚ ਬਣਾਂਵਾਲੀ ਥਰਮਲ ਪਲਾਂਟ ਦੇਖਣ ਜਾਣ ਸਮੇਂ ਪੰਜ ਜ਼ਿਲ੍ਹਿਆਂ ਦੇ ਅਧਿਕਾਰੀ ਉਥੇ ਤਾਇਨਾਤ ਕੀਤੇ ਗਏ। ਆਖਰੀ ਦਿਨ ਉਹ ਅੰਮ੍ਰਿਤਸਰ ਜ਼ਿਲ੍ਹੇ ਵਿਚ ਆਪਣੀ ਜਨਮ ਭੂਮੀ ਨੂੰ ਸਿਜਦਾ ਕਰਨ ਲਈ ਜਾਤੀ ਉਮਰਾ ਪਿੰਡ ਕੁਝ ਸਮੇਂ ਗਏ।
ਅੰਮ੍ਰਿਤਸਰ ਤੇ ਤਰਨਤਾਰਨ ਦੇ ਅਧਿਕਾਰੀਆਂ ਤੋਂ ਇਲਾਵਾ ਦੁਆਬਾ ਖੇਤਰ ਦੇ ਚਾਰਾਂ ਜ਼ਿਲ੍ਹਿਆਂ ਦੇ ਏæਡੀæਸੀæ ਤੇ ਹੋਰ ਅਧਿਕਾਰੀ ਵੀ ਉਥੇ ਤਿਆਰੀਆਂ ਦੀ ਜ਼ਿੰਮੇਵਾਰੀ ਸੰਭਾਲਣ ਵਿਚ ਜੁਟੇ ਰਹੇ। ਦੂਜੇ ਪਾਸੇ ਜਗਰਾਉਂ ਨੇੜੇ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਲਈ ਨਾਮਜ਼ਦ ਨਰਿੰਦਰ ਮੋਦੀ ਦੀ ਆਮਦ ਉਪਰ 21 ਦਸੰਬਰ ਨੂੰ ਹੋਣ ਜਾ ਰਹੀ ਰੈਲੀ ਲਈ ਸਮੁੱਚੇ ਪ੍ਰਸ਼ਾਸਨ ਨੂੰ ਸਰਗਰਮ ਕਰ ਦਿੱਤਾ ਹੈ। ਬੀਤੇ ਦਿਨ ਪੰਜਾਬ ਭਰ ਦੇ ਜ਼ਿਲ੍ਹਾ ਪੁਲਿਸ ਮੁਖੀਆਂ ਤੇ ਸੀਨੀਅਰ ਅਧਿਕਾਰੀਆਂ ਦੀ ਮੀਟਿੰਗ ਰੈਲੀ ਦੇ ਪ੍ਰਬੰਧਾਂ ਤੇ ਸੁਰੱਖਿਆ ਪ੍ਰਬੰਧਾਂ ਦੇ ਇੰਤਜ਼ਾਮ ਬਾਰੇ ਚੰਡੀਗੜ੍ਹ ਵਿਚ ਕੀਤੀ ਗਈ।
ਸੂਤਰਾਂ ਦਾ ਕਹਿਣਾ ਹੈ ਕਿ ਅਗਲੇ 7-8 ਦਿਨ ਸਮੁੱਚੀ ਸਰਕਾਰੀ ਮਸ਼ੀਨਰੀ ਮੋਦੀ ਰੈਲੀ ਦੀ ਤਿਆਰੀ ਲਈ ਝੋਕ ਦੇਣ ਦੇ ਹੁਕਮ ਹੋ ਚੁੱਕੇ ਹਨ। ਹੁਕਮਰਾਨ ਪਾਰਟੀ ਦੇ ਸਰਕਾਰ ਚਲਾਉਣ ਦੇ ਵਤੀਰੇ ਤੋਂ ਸਰਕਾਰੀ ਅਧਿਕਾਰੀਆਂ ਵਿਚ ਭਾਰੀ ਔਖ਼ ਪਾਈ ਜਾ ਰਹੀ ਸੀ।

Be the first to comment

Leave a Reply

Your email address will not be published.