ਸ਼ੁਭ ਸੁਨੇਹਾ ਦੇ ਗਈ ਸ਼ਾਹਬਾਜ਼ ਸ਼ਰੀਫ ਦੀ ਪੰਜਾਬ ਫੇਰੀ

ਚੰਡੀਗੜ੍ਹ: ਚੜ੍ਹਦੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸੱਦੇ ‘ਤੇ ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਮੁਹੰਮਦ ਸ਼ਾਹਬਾਜ਼ ਸ਼ਰੀਫ ਦੀ ਅਗਵਾਈ ਵਿਚ ਪੱਛਮੀ ਪੰਜਾਬ ਦਾ ਡੈਲੀਗੇਸ਼ਨ ਜਿਸ ਵਿਚ ਵਪਾਰਕ ਨੁਮਾਇੰਦੇ ਵੀ ਸ਼ਾਮਲ ਸਨ, ਨੇ 13 ਤੋਂ 15 ਦਸੰਬਰ ਤੱਕ ਪੰਜਾਬ ਦਾ ਦੌਰਾ ਕੀਤਾ। ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਨੇ ਆਪਣੀ ਇਸ ਫੇਰੀ ਦੌਰਾਨ ਭਾਰਤੀ ਪੰਜਾਬ ਦੇ ਆਪਣੇ ਹਮਰੁਤਬਾ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨਾਲ ਕਈ ਮੁੱਦਿਆਂ ‘ਤੇ ਆਪਸੀ ਵਿਚਾਰ ਵਟਾਂਦਰਾ ਕੀਤਾ।
ਆਪਸੀ ਵਿਚਾਰ ਵਟਾਂਦਰੇ ਵਿਚ ਦੋਵਾਂ ਸੂਬਿਆਂ ਨੇ ਅਮਨ, ਸ਼ਾਂਤੀ, ਸਦਭਾਵਨਾ, ਆਰਥਿਕ ਵਿਕਾਸ ਜਿਹੇ ਸਾਂਝੇ ਹਿੱਤਾਂ ਤੇ ਇਕ-ਦੂਜੇ ਸੂਬਿਆਂ ਦੀ ਮੁਹਾਰਤ ‘ਤੇ ਸਹਿਯੋਗ ਕਰਨ ਦਾ ਆਪਸੀ ਸਮਝੌਤਾ ਕੀਤਾ। ਦੋਵਾਂ ਪੱਖਾਂ ਨੇ ਇਸ ਗੱਲ ਵੀ ਸਹਿਮਤੀ ਪ੍ਰਗਟਾਈ ਕਿ ਆਪਸੀ ਸਹਿਯੋਗ ਨਾਲ ਦੋਵਾਂ ਸੂਬਿਆਂ ਦਾ ਵੱਡਾ ਫਾਇਦਾ ਹੋ ਸਕਦਾ ਹੈ ਤੇ ਇਸ ਨਾਲ ਦੋਵੇਂ ਸੂਬਿਆਂ ਦੀ ਅਵਾਮ ਦੀ ਵੀ ਭਲਾਈ ਹੈ।
ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਨੇ ਭਾਰਤ-ਪਾਕਿਸਤਾਨ ਵਿਚਾਲੇ ਮਜ਼ਬੂਤ ਦੋਸਤਾਨਾ ਸਬੰਧਾਂ ਦਾ ਹੋਕਾ ਦਿੰਦੇ ਹੋਏ ਚੜ੍ਹਦੇ ਪੰਜਾਬ ਸਮੇਤ ਸਮੁੱਚੇ ਭਾਰਤ ਨੂੰ ਪਾਕਿਸਤਾਨ ਨਾਲ ਵਪਾਰਕ ਸਾਂਝ ਵਧਾਉਣ ਦਾ ਸੱਦਾ ਦਿੱਤਾ ਹੈ। ਜਨਾਬ ਸ਼ਰੀਫ਼ ਪੰਜਾਬ ਸਰਕਾਰ ਦੇ ਸੱਦੇ ‘ਤੇ ਮੁਹਾਲੀ ਦੇ ਆਲੀਸ਼ਾਨ ਨੇਚਰ ਪਾਰਕ ਵਿਚ ਰਾਤਰੀ ਭੋਜ ਲਈ ਆਏ ਸਨ। ਇਸ ਮੌਕੇ ਉਨ੍ਹਾਂ ਦੀ ਪਤਨੀ, ਬੇਟਾ ਤੇ ਨੂੰਹ ਸਮੇਤ ਕੁਝ ਪਾਕਿਸਤਾਨੀ ਡੈਲੀਗੇਟ ਵੀ ਸਨ। ਮੁੱਖ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਕਿਹਾ ਕਿ ਦੋਵਾਂ ਮੁਲਕਾਂ ਦੇ ਪੰਜਾਬ ਦੇ ਜ਼ਮੀਨ ਤੇ ਪੌਣ ਪਾਣੀ ਵਿਚ ਭੋਰਾ ਵੀ ਫਰਕ ਨਹੀਂ। ਦੋਵਾਂ ਸੂਬਿਆਂ ਦੀ ਧਰਤੀ ਸੋਨਾ ਉਗਲਦੀ ਹੈ ਤੇ ਦੁੱਧ ਦੀਆਂ ਲਹਿਰਾਂ ਬਹਿਰਾਂ ਹਨ ਜੇ ਦੋਵੇਂ ਮੁਲਕ ਬੀਤੇ ‘ਤੇ ਮਿੱਟੀ ਪਾ ਦੇਣ ਤੇ ਕਾਰੋਬਾਰੀ ਸਹਿਯੋਗ ਵਧੇ ਤਾਂ ਦੋਵੇਂ ਪੰਜਾਬ ਮੁੜ ‘ਸੋਨੇ ਦੀ ਚਿੜੀ’ ਬਣ ਸਕਦੇ ਹਨ। ਉਨ੍ਹਾਂ ਦਾ ਇਥੇ ਪਹੁੰਚਣ ‘ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸੁਆਗਤ ਕੀਤਾ। ਰਾਤਰੀ ਭੋਜ ਮੌਕੇ  ਜਨਾਬ ਸ਼ਰੀਫ਼ ਨੇ ਕਿਹਾ ਕਿ ਦੋਵੇਂ ਮੁਲਕਾਂ ਦੇ ਲੋਕ ਇਕ ਦੂਜੇ ਨੂੰ ਪਿਆਰ ਕਰਦੇ ਹਨ ਤੇ ਆਪਸ ਵਿਚ ਮਿਲਜੁਲ ਕੇ ਰਹਿਣਾ ਚਾਹੁੰਦੇ ਹਨ। ਦੋਵੇਂ ਦੇਸ਼ਾਂ ਨੂੰ ਪੁਰਾਣੀਆਂ ਗੱਲਾਂ ਨੂੰ ਦਿਲੋਂ ਭੁਲਾ ਕੇ ਭਾਰਤ-ਪਾਕਿ ਦੀ ਤਰੱਕੀ ਤੇ ਚੰਗੇ ਭਵਿੱਖ ਲਈ ਪਹਿਲ ਕਰਨੀ ਚਾਹੀਦੀ ਹੈ।
ਪਾਕਿਸਤਾਨ ਪੰਜਾਬ ਦੇ ਮੁੱਖ ਸ਼ਾਹਬਾਜ਼ ਸ਼ਰੀਫ਼ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਮੁਲਕ 2003 ਦੇ ਗੋਲੀਬੰਦੀ ਸਮਝੌਤੇ ਦੀ ਤਹਿ ਦਿਲੋਂ ਕਦਰ ਕਰਦਾ ਹੈ ਤੇ ਨਿਯੰਤਰਨ ਰੇਖਾ ‘ਤੇ ਕੁਝ ਭਾਰਤੀ ਫੌਜੀਆਂ ਦੀ ਹੱਤਿਆ ਲਈ ਪਾਕਿਸਤਾਨ ਨੂੰ ਕਸੂਰਵਾਰ ਠਹਿਰਾਉਣਾ ਸਰਾਸਰ ਗਲਤ ਹੈ, ਕਿਉਂਕਿ ਇਨ੍ਹਾਂ ਹੱਤਿਆਵਾਂ ਦਾ ਉਨ੍ਹਾਂ ਨੂੰ ਵੀ ਓਨਾ ਦੁੱਖ ਹੈ ਜਿੰਨਾ ਭਾਰਤ ਨੂੰ ਹੈ। ਵਕਤ ਦਾ ਸਿਤਮ ਹੈ ਕਿ ਨਵਾਜ਼ ਸ਼ਰੀਫ ਦੇ ਪ੍ਰਧਾਨ ਮੰਤਰੀ ਬਣਨ ਮਗਰੋਂ ਮੰਦਭਾਗੀਆਂ ਘਟਨਾਵਾਂ ਹੋਈਆਂ।
ਪੰਜਾਬ ਦੇ ਦੌਰੇ ‘ਤੇ ਆਏ ਜਨਾਬ ਸ਼ਰੀਫ ਨੇ ਕਿਹਾ ਜਦੋਂ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਕਿਹਾ ਕਿ ਇਨ੍ਹਾਂ ਹੱਤਿਆਵਾਂ ਦੀ ਜਾਂਚ ਕਿਸੇ ਤੀਜੀ ਧਿਰ ਤੋਂ ਕਰਵਾ ਲਈ ਜਾਵੇ ਤਾਂ ਇਸ ਨੂੰ ਗਲਤ ਸਮਝ ਕੇ ਉਨ੍ਹਾਂ ਦੀ ਇਮਾਨਦਾਰ ਨੀਯਤ ਉਪਰ ਸ਼ੱਕ ਕਰ ਲਿਆ ਗਿਆ ਜਦਕਿ ਸਚਾਈ ਇਹ ਸੀ ਕਿ ਪਾਕਿਸਤਾਨ ਜਾਂਚ ਵਿਚ ਕਿਸੇ ਤੱਥ ਨੂੰ ਛੁਪਾਉਣ ਦੇ ਦੋਸ਼ ਆਪਣੇ ਦਾਮਨ ‘ਤੇ ਨਹੀਂ ਸੀ ਲੱਗਣ ਦੇਣਾ ਚਾਹੁੰਦਾ। ਇਸ ਲਈ ਪ੍ਰਧਾਨ ਮੰਤਰੀ ਅੱਜ ਵੀ ਆਪਣੀ ਪੇਸ਼ਕਸ਼ ‘ਤੇ ਕਾਇਮ ਹਨ।
ਆਪਣੇ ਵੱਡੇ ਭਰਾ ਤੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਬਾਰੇ ਉਨ੍ਹਾਂ ਕਿਹਾ ਕਿ ਉਹ ਦੇਸ਼ ਦੀ ਆਰਥਿਕਤਾ ਨੂੰ ਪੱਕੇ ਪੈਰੀਂ ਕਰਨਾ ਚਾਹੁੰਦੇ ਹਨ ਤੇ ਇਸ ਲਈ ਉਹ ਆਪਣੇ ਗੁਆਂਢੀਆਂ ਨਾਲ ਦੋਸਤਾਨਾਂ ਸਬੰਧਾਂ ਦੇ ਇੱਛੁਕ ਹਨ। ਉਨ੍ਹਾਂ ਦੀ ਇਸ ਭਾਵਨਾ ਦੀ ਭਾਰਤ ਨੂੰ ਕਦਰ ਕਰਦਿਆਂ ਇਸ ਦਾ ਸਾਕਾਰਾਤਮਕ ਜਵਾਬ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵੀ ਅਤਿਵਾਦ ਤੋਂ ਪੀੜਤ ਹੈ। ਉਥੇ ਫੌਜੀ ਤੇ ਪੁਲਿਸ ਜਵਾਨਾਂ ਸਣੇ ਨੌਜਵਾਨ ਤੇ ਮੁਟਿਆਰਾਂ ਸਣੇ 50 ਹਜ਼ਾਰ ਲੋਕ ਮਾਰੇ ਜਾ ਚੁੱਕੇ ਹਨ। ਪਾਕਿ ਸਰਕਾਰ ਅਤਿਵਾਦ ਤੋਂ ਦੁਖੀ ਹੈ ਤੇ ਉਹ ਕਿਵੇਂ ਇਸ ਨੂੰ ਹਵਾ ਦੇ ਸਕਦੀ ਹੈ।
_______________________________
ਦੋਵਾਂ ਮੁਲਕਾਂ ਦੀ ਖੁਸ਼ਹਾਲੀ ਲਈ ਅਰਦਾਸ
ਅੰਮ੍ਰਿਤਸਰ: ਪਾਕਿਸਤਾਨ ਪੰਜਾਬ ਦੇ ਮੁੱਖ ਮੰਤਰੀ ਮੀਆਂ ਸ਼ਾਹਬਾਜ਼ ਸ਼ਰੀਫ ਤੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਮੱਥਾ ਟੇਕ ਕੇ ਦੋਵਾਂ ਦੇਸ਼ਾਂ ਵਿਚ ਸ਼ਾਂਤੀ ਤੇ ਖੁਸ਼ਹਾਲੀ ਲਈ ਅਰਦਾਸ ਕੀਤੀ ਗਈ।
ਚਾਰ ਦਿਨਾਂ ਦੌਰੇ ਦੀ ਸਮਾਪਤੀ ਮੌਕੇ ਸ੍ਰੀ ਦਰਬਾਰ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇ ਅਵਤਾਰ ਸਿੰਘ ਵੱਲੋਂ ਮੀਆਂ ਸਾਹਿਬਾਜ਼ ਸ਼ਰੀਫ ਕੋਲੋਂ ਜਿਥੇ ਕਰਤਾਰਪੁਰ ਸਾਹਿਬ ਨੂੰ ਲਾਂਘਾ ਦੇਣ ਦੀ ਮੰਗ ਕੀਤੀ ਗਈ, ਉਥੇ ਗੁਰੂ ਨਾਨਕ ਦੇਵ ਦੇ ਜਨਮ ਦਿਵਸ ਮੌਕੇ ਨਨਕਾਣਾ ਸਾਹਿਬ ਵਿਖੇ ਦਰਸ਼ਨ ਕਰਨ ਜਾਣ ਲਈ ਸਿੱਖ ਸ਼ਰਧਾਲੂਆਂ ਨੂੰ ਖੁੱਲਦਿਲੀ ਨਾਲ ਵੀਜ਼ੇ ਦੇਣ ਤੇ ਗੁਰੂਦੁਆਰਿਆਂ ਦੀ ਸੇਵਾ ਸੰਭਾਲ ਵਿਚ ਯੋਗਦਾਨ ਪਾਉਣ ਦੇਣ ਦੀ ਮਨਜੂਰੀ ਦੇਣ ਦੀ ਮੰਗ ਕੀਤੀ ਗਈ ਹੈ। ਸ੍ਰੋਮਣੀ ਕਮੇਟੀ ਵੱਲੋਂ ਲਾਹੌਰ ਵਿਚ ਗੁਰਦੁਆਰਾ ਡੇਰਾ ਸਾਹਿਬ ਵਿਖੇ ਸ਼ਰਧਾਲੂਆਂ ਲਈ ਇਕ ਸਰਾਂ ਦੀ ਉਸਾਰੀ ਦੀ ਵੀ ਪੇਸ਼ਕਸ਼ ਕੀਤੀ ਗਈ ਤੇ ਪਾਕਿ ਪੰਜਾਬ ਦੇ ਮੁੱਖ ਮੰਤਰੀ ਤੋਂ ਮੰਗ ਕੀਤੀ ਗਈ ਕਿ ਪਾਕਿਸਤਾਨੀ ਸਰਕਾਰ ਸਰਾਂ ਦੀ ਉਸਾਰੀ ਲਈ ਜਗ੍ਹਾਂ ਅਲਾਟ ਕਰੇ।

Be the first to comment

Leave a Reply

Your email address will not be published.