ਤ੍ਰਾਤਸਕੀ ਅਤੇ ਉਹਦਾ ਤ੍ਰਾਤਸਕੀਵਾਦ-2

ਰੂਸੀ ਇਨਕਲਾਬ ਵਿਚ ਲਿਓਨ ਤ੍ਰਾਤਸਕੀ (1879-1940) ਦਾ ਚੰਗਾ-ਚੋਖਾ ਯੋਗਦਾਨ ਰਿਹਾ ਹੈ। ਇਨਕਲਾਬ ਤੋਂ ਬਾਅਦ ਉਸ ਨੇ ਲਾਲ ਫੌਜ ਦੀ ਜਿਸ ਢੰਗ ਨਾਲ ਅਗਵਾਈ ਕੀਤੀ ਅਤੇ ਉਲਟ-ਇਨਕਲਾਬ ਦੇ ਖਦਸ਼ੇ ਨਾਲ ਜਿਸ ਤਰ੍ਹਾਂ ਕਰੜੇ ਹੱਥੀਂ ਨਜਿੱਠਿਆ, ਉਸ ਦੀ ਸੰਸਾਰ ਭਰ ਵਿਚ ਕਿਤੇ ਕੋਈ ਮਿਸਾਲ ਨਹੀਂ ਲੱਭਦੀ। ਉਂਜ, ਉਸ ਦੇ ਕੁਝ ਵਿਚਾਰ ਪਹਿਲਾਂ ਰੂਸੀ ਇਨਕਲਾਬ ਦੇ ਪਿਤਾਮਾ ਲੈਨਿਨ ਅਤੇ ਮਗਰੋਂ ਸਤਾਲਿਨ ਨਾਲ ਇੰਨੇ ਜ਼ਿਆਦਾ ਖਹਿਸਰੇ ਕਿ ਅਖੀਰ ਉਹ ਇਕ-ਦੂਜੇ ਦੇ ਵਿਰੋਧੀ ਹੋ ਨਿਬੜੇ। ਇਸ ਵਿਚਾਰਧਾਰਕ ਭੇੜ ਵਿਚ ਤ੍ਰਾਤਸਕੀ ਨੂੰ ਪਰਿਵਾਰਕ ਤੌਰ ‘ਤੇ ਬਹੁਤ ਵੱਡੀ ਕੀਮਤ ਤਾਰਨੀ ਪਈ। ਇਸ ਕੋਣ ਤੋਂ ਸਤਾਲਿਨ ਦੀ ਅੱਜ ਤੱਕ ਨੁਕਤਾਚੀਨੀ ਹੋ ਰਹੀ ਹੈ ਜਿਸ ਨੇ ਆਪਣੇ ਵਿਰੋਧੀਆਂ ਖਿਲਾਫ ਸਫਾਏ ਦੀ ਮੁਹਿੰਮ ਵਿੱਢ ਦਿੱਤੀ ਸੀ। ਇਸ ਲੇਖ ਵਿਚ ਡਾæ ਅੰਮ੍ਰਿਤਪਾਲ ਸਿੰਘ ਨੇ ਤ੍ਰਾਤਸਕੀ ਦੇ ਵਿਚਾਰਾਂ ਦੀ ਵਿਸਥਾਰ ਸਹਿਤ ਪੁਣ-ਛਾਣ ਕੀਤੀ ਹੈ। ਨਾਲ ਹੀ ਲੈਨਿਨ ਅਤੇ ਸਤਾਲਿਨ ਦੇ ਮੁਕਾਬਲੇ ਤ੍ਰਾਤਸਕੀ ਕਿਸ ਤਰ੍ਹਾਂ ਪਛੜਦਾ-ਪਛੜਦਾ ਪਛੜ ਗਿਆ, ਉਨ੍ਹਾਂ ਕਾਰਨਾਂ ਦੀ ਨਿਸ਼ਾਨਦੇਹੀ ਕਰਨ ਦਾ ਯਤਨ ਵੀ ਕੀਤਾ ਹੈ। ਇਸ ਵਾਰ ਲੇਖ ਦੀ ਦੂਜੀ ਤੇ ਆਖਰੀ ਕਿਸ਼ਤ ਛਾਪੀ ਜਾ ਰਹੀ ਹੈ। -ਸੰਪਾਦਕ
ਡਾæ ਅੰਮ੍ਰਿਤਪਾਲ ਸਿੰਘ
ਬਸਤੀਆਂ ਤੇ ਅਰਧ-ਬਸਤੀਆਂ ਵਿਚ ਸਥਾਈ ਇਨਕਲਾਬ: ਬਸਤੀਆਂ ਤੇ ਅਰਧ-ਬਸਤੀਆਂ ਵਿਚ ਇਨਕਲਾਬ ਬਾਰੇ ਤੀਜੀ ਇੰਟਰਨੈਸ਼ਨਲ ਵੱਲੋਂ ਅਖਤਿਆਰ ਕੀਤੀ ਲੈਨਿਨਵਾਦੀ ਲਾਈਨ ਇਹ ਸੀ ਕਿ ਉਥੇ ਦੀਆਂ ਕਮਿਊਨਿਸਟ ਪਾਰਟੀਆਂ ਨੂੰ ਉਥੋਂ ਦੇ ਬੁਰਜੂਆ-ਜਮਹੂਰੀ ਲਹਿਰਾਂ (ਇਸ ਨੂੰ ਬਾਅਦ ਵਿਚ ਸੁਧਾਰਵਾਦੀ ਬੁਰਜੂਆ ਲਹਿਰਾਂ ਨਾਲੋਂ ਨਿਖੇੜਨ ਲਈ ਕੌਮੀ ਇਨਕਲਾਬੀ ਲਹਿਰਾਂ ਦਾ ਨਾਮ ਦਿੱਤਾ) ਦੀ ਸਰਗਰਮ ਹਮਾਇਤ ਕਰਨੀ ਚਾਹੀਦੀ ਹੈ ਅਤੇ ਇਸ ਦੀ ਅਗਵਾਈ ਆਪਣੇ ਹੱਥਾਂ ਵਿਚ ਲੈਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਕਿਸਾਨੀ ਨਾਲ ਸਾਂਝਾ ਮੋਰਚਾ ਸਥਾਪਤ ਕਰਦਿਆਂ ਪਹਿਲਾਂ ਮਜ਼ਦੂਰ-ਕਿਸਾਨ ਜਮਹੂਰੀ ਤਾਨਾਸ਼ਾਹੀ ਕਾਇਮ ਕੀਤੀ ਜਾਵੇ ਅਤੇ ਨਾਲ ਹੀ ਸਾਮਰਾਜ-ਜਗੀਰਦਾਰੀ ਤੋਂ ਮੁਕਤੀ ਹਾਸਲ ਕਰਦੇ ਹੋਏ ਜਮਹੂਰੀ ਕਾਰਜ ਨੇਪਰੇ ਚਾੜ੍ਹੇ ਜਾਣ। ਇਸ ਤੋਂ ਬਾਅਦ ਪ੍ਰੋਲੇਤਾਰੀ ਦੀ ਤਾਨਾਸ਼ਾਹੀ ਅਧੀਨ ਸਮਾਜਵਾਦੀ ਇਨਕਲਾਬ ਨੂੰ ਪੂਰਾ ਕਰਨ ਲਈ ਕਦਮ ਵਧਾਏ ਜਾਣ। ਤੀਜੀ ਇੰਟਰਨੈਸ਼ਨਲ ਦੀ ਕਾਨਫਰੰਸ ਦੌਰਾਨ ਤ੍ਰਾਤਸਕੀ ਵੀ ਇਨ੍ਹਾਂ ਪ੍ਰਸਤਾਵਾਂ ਨਾਲ ਸਹਿਮਤ ਸੀ ਪਰ ਲੈਨਿਨ ਦੀ ਮੌਤ ਤੋਂ ਬਾਅਦ ਉਸ ਨੇ ਇਥੇ ਵੀ ਆਪਣਾ ‘ਸਥਾਈ ਇਨਕਲਾਬ’ ਦਾ ਸਿਧਾਂਤ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਜਿਸ ਦੀ ਸ਼ੁਰੂਆਤ ਉਸ ਨੇ ਚੀਨੀ ਇਨਕਲਾਬ ਬਾਰੇ ਲਿਖ ਕੇ ਕੀਤੀ।
ਇਸ ਤੋਂ ਬਾਅਦ ਉਸ ਨੇ ਇਹ ਪ੍ਰਸਤਾਵ ਪੇਸ਼ ਕੀਤਾ ਕਿ ਭਾਵੇਂ ਵਿਕਸਤ ਸਰਮਾਏਦਾਰ ਦੇਸ਼ ਹੋਵੇ ਜਾਂ ਬਸਤੀ ਤੇ ਅਰਧ-ਬਸਤੀ; ਸਭ ਜਗ੍ਹਾ ਬੁਰਜੁਆਜੀ ਹੀ ਹਕੂਮਤ ਕਰਦੀ ਹੈ। ਇਸ ਦੇ ਰੂਪ ਭਾਵੇਂ ਭਿੰਨ-ਭਿੰਨ ਹਨ। ਇਸ ਲਈ ਮੁੱਖ ਵਿਰੋਧਤਾਈ ਕਿਰਤ ਤੇ ਸਰਮਾਏ ਦੀ ਹੈ ਅਤੇ ਇਸ ਸਭ ਦਾ ਹੱਲ ਇਕ ਹੀ ਹੈ-ਪ੍ਰੋਲੇਤਾਰੀ ਦੀ ਤਾਨਾਸ਼ਾਹੀ। ਬਸਤੀਆਂ ਤੇ ਅਰਧ-ਬਸਤੀਆਂ ਵਿਚ ਪੈਦਾਵਾਰੀ ਸਬੰਧ ਅਤੇ ਮਜ਼ਦੂਰ ਜਮਾਤ ਦੀ ਅਣਹੋਂਦ ਜਾਂ ਬਹੁਤ ਥੋੜ੍ਹੀ ਗਿਣਤੀ ਉਸ ਦੇ ‘ਸਥਾਈ ਇਨਕਲਾਬ’ ਲਈ ਕੋਈ ਮਾਅਨੇ ਨਹੀਂ ਰੱਖਦੇ। ਫਿਰ ਜਿਹੜੇ ਦੇਸ਼ਾਂ ਵਿਚ ਮਜ਼ਦੂਰ ਜਮਾਤ ਦੀ ਹੋਂਦ ਹੀ ਨਹੀਂ ਹੈ ਜਾਂ ਬਹੁਤ ਘੱਟ ਹੈ, ਉਨ੍ਹਾਂ ਬਾਰੇ ਤ੍ਰਾਤਸਕੀ ਦਾ ਕਹਿਣਾ ਹੈ ਕਿ ਇਨ੍ਹਾਂ ਦੇਸ਼ਾਂ ਵਿਚ ਬੁਰਜੂਆ-ਜਮਹੂਰੀ ਕਾਰਜ ਪੂਰੇ ਹੋਣੇ ਅਸੰਭਵ ਹਨ। ਇਸ ਤੋਂ ਵੀ ਵੱਧ ਉਹ ਇਨ੍ਹਾਂ ਲਹਿਰਾਂ ਤੇ ਇਨਕਲਾਬਾਂ ਨੂੰ ਵੀ ਸੰਸਾਰ ਇਨਕਲਾਬ ‘ਤੇ ਨਿਰਭਰ ਕਰ ਦਿੰਦਾ ਹੈ; ਕਿਉਂਕਿ ਉਸ ਸਮੇਂ ਹਾਲਤ ਇਹ ਬਣ ਗਏ ਸਨ ਕਿ ਵਿਕਸਤ ਸਰਮਾਏਦਾਰ ਦੇਸ਼ਾਂ ਵਿਚ ਇਨਕਲਾਬ ਦੀਆਂ ਸੰਭਾਵਨਾਵਾਂ ਬਹੁਤ ਫਿੱਕੀਆਂ ਪੈ ਚੁੱਕੀਆਂ ਸਨ, ਭਾਵ ਨਾ ਨੌਂ ਮਣ ਤੇਲ ਹੋਵੇ ਨਾ ਰਾਧਾ ਨੱਚੇ। ਨਾ ਵਿਕਸਤ ਦੇਸ਼ਾਂ ਵਿਚ ਇਨਕਲਾਬ ਹੋਣ, ਤੇ ਨਾ ਬਸਤੀਆਂ ਅਰਧ-ਬਸਤੀਆਂ ਬਣੇ ਦੇਸ਼ਾਂ ਵਿਚ ਹੀ ਹੋ ਸਕਣ। ਇਸ ਲਈ ਇਕ ਤਰ੍ਹਾਂ ਨਾਲ ਉਹ ਕੌਮੀ-ਮੁਕਤੀ ਦੇ ਸੰਘਰਸ਼ਾਂ ਨੂੰ ਖਾਰਜ ਕਰ ਦਿੰਦਾ ਹੈ।
ਸੋਵੀਅਤ ਯੂਨੀਅਨ ਵਿਚ ਸਮਾਜਵਾਦ ਬਾਰੇ: ਇਨਕਲਾਬ ਤੋਂ ਤੁਰੰਤ ਬਾਅਦ ਤ੍ਰਾਤਸਕੀ ਨੇ ਸਾਰੇ ਅਹਿਮ ਮਸਲਿਆਂ ‘ਤੇ ਵੱਖਰੀ ਬੰਸਰੀ ਵਜਾਉਣੀ ਜਾਰੀ ਰੱਖੀ। ਘਰੋਗੀ ਜੰਗ ਸਮੇਂ ਜਦੋਂ ‘ਜੰਗੀ ਕਮਿਊਨਿਜ਼ਮ’ ਦੀ ਨੀਤੀ ਅਪਨਾਈ ਗਈ ਤਾਂ ਇਸ ਬਾਰੇ ਲੈਨਿਨ ਨੇ ਕਿਹਾ ਸੀ ਕਿ ਇਹ ‘ਜ਼ਰੂਰੀ ਗਲਤੀ’ ਸੀ ਜੋ ਹਾਲਾਤ ਨੇ ਬਾਲਸ਼ਵਿਕਾਂ ਉਤੇ ਲੱਦ ਦਿੱਤੀ ਸੀ ਅਤੇ ਜਿਸ ਤੋਂ ਛੇਤੀ-ਛੇਤੀ ਪਿੱਛਾ ਛੁਡਾਉਣਾ ਪਵੇਗਾ ਪਰ ਤ੍ਰਾਤਸਕੀ ਇਸ ਨੀਤੀ ਤੋਂ ਸਮਾਜਵਾਦੀ ਦੌਰ ਲਈ ਆਮ ਸਿਧਾਂਤਕ ਸਿੱਟੇ ਕੱਢ ਰਿਹਾ ਸੀ। ਦਸਵੀਂ ਪਾਰਟੀ ਕਾਂਗਰਸ ਸਮੇਂ ਜਦੋਂ ਨਵੀਂ ਆਰਥਿਕ ਨੀਤੀ ਦਾ ਐਲਾਨ ਕੀਤਾ ਗਿਆ ਤਾਂ ‘ਜੰਗੀ ਕਮਿਊਨਿਜ਼ਮ’ ਦੀ ਨੀਤੀ ਦੇ ਆਧਾਰ ‘ਤੇ ਤ੍ਰਾਤਸਕੀ ਦਾ ਨਿਚੋੜ ਇਹ ਸੀ ਕਿ ਬੰਧੂਆ ਕਿਰਤ ਸਰਮਾਏਦਾਰੀ ਤੋਂ ਸਮਾਜਵਾਦ ਵਿਚ ਤਬਦੀਲੀ ਦੇ ਦੌਰ ਦੌਰਾਨ ਆਪਣੀ ਸ਼ਿੱਦਤ ਦੀ ਚਰਮ ਸੀਮਾ ‘ਤੇ ਪਹੁੰਚ ਜਾਵੇਗੀ। ਉਸ ਅਨੁਸਾਰ ਕਿਰਤ ਦੀ ਫੌਜੀ ਤਰੀਕੇ ਨਾਲ ਜਥੇਬੰਦੀ, ਸਮਾਜਵਾਦ ਦੀ ਬੁਨਿਆਦ ਹੈ।
ਲੈਨਿਨ ਅਨੁਸਾਰ 1921 ਵਿਚ ਐਲਾਨੀ ਗਈ ਨਵੀਂ ਆਰਥਿਕ ਨੀਤੀ ਰਣਨੀਤਕ ਤੌਰ ‘ਤੇ ਪਿੱਛੇ ਹਟਣਾ ਸੀ, ਭਾਵ ਪ੍ਰੋਲੇਤਾਰੀ ਦੀ ਸੱਤਾ ਅਧੀਨ ਪੂੰਜੀਵਾਦੀ ਤਰੀਕੇ ਨਾਲ ਪੈਦਾਵਾਰ ਨੂੰ ਜਗ੍ਹਾ ਦਿੱਤੀ ਜਾਣੀ ਸੀ। ਸੰਸਾਰ ਜੰਗ ਅਤੇ ਖਾਨਾਜੰਗੀ ਦੀ ਤਬਾਹੀ ਤੋਂ ਬਾਅਦ ਪੈਦਾਵਾਰ ਨੂੰ ਮੁੜ ਪੈਰਾਂ ਸਿਰ ਕਰਨ ਲਈ ਇਹ ਜ਼ਰੂਰੀ ਹੋ ਗਿਆ ਸੀ ਕਿ ਕਿਸਾਨਾਂ ਅਤੇ ਸਰਮਾਏਦਾਰਾਂ ਨੂੰ ਪੈਦਾਵਾਰ ਵਧਾਉਣ ਲਈ ਲਾਲਚ ਦਿੱਤਾ ਜਾਂਦਾ ਅਤੇ ਸਮਾਜਵਾਦ ਵੱਲ ਵਧਣ ਲਈ ਅਧਾਰ ਤਿਆਰ ਕੀਤਾ ਜਾਂਦਾ ਪਰ ਤ੍ਰਾਤਸਕੀ ਹਮੇਸ਼ਾਂ ਵਾਂਗ ‘ਹਾਲਾਤ ਦੇ ਵਿਸ਼ਲੇਸ਼ਣ’ ਦੀ ਥਾਂ ‘ਸਿਧਾਂਤਾਂ’ ਉਤੇ ਚੱਲਣ ਦੀ ਪੁਰਾਣੀ ਬਿਮਾਰੀ ਕਾਰਨ ਇਕ ਵਾਰ ਫਿਰ ਇਸ ਨੀਤੀ ਦੇ ਉਲਟ ਸੀ। ਉਸ ਅਨੁਸਾਰ ਪ੍ਰੋਲੇਤਾਰੀ ਰਾਜ ਨੂੰ ਪੈਦਾਵਾਰ ਅਤੇ ਨਿਵੇਸ਼ ‘ਤੇ ਪੂਰੀ ਤਰ੍ਹਾਂ ਕਬਜ਼ਾ ਕਰ ਲੈਣਾ ਚਾਹੀਦਾ ਸੀ ਅਤੇ ਕੇਂਦਰੀਕ੍ਰਿਤ ਯੋਜਨਾਬੰਦੀ ਬਣਾਈ ਜਾਣੀ ਸੀ, ਪਰ ਇਕ ਤਬਾਹ-ਬਰਬਾਦ ਦੇਸ਼ ਵਿਚ ਇਹ ਕਿਸ ਤਰ੍ਹਾਂ ਸੰਭਵ ਹੁੰਦਾ, ਇਸ ਬਾਰੇ ਤ੍ਰਾਤਸਕੀ ਕੁਝ ਨਹੀਂ ਦੱਸਦਾ। ਪਾਰਟੀ ਦੀ ਵੱਡੀ ਬਹੁਗਿਣਤੀ ਨਵੀਂ ਆਰਥਿਕ ਨੀਤੀ ਨਾਲ ਸੀ ਅਤੇ ਇਤਿਹਾਸ ਨੇ ਇਸ ਨੂੰ ਸਹੀ ਸਿੱਧ ਕੀਤਾ। ਨਵੀਂ ਆਰਥਿਕ ਨੀਤੀ ਲਾਗੂ ਹੋਣ ਤੋਂ ਬਾਅਦ ਪੈਦਾਵਾਰ ਤੇਜ਼ੀ ਨਾਲ ਵਧੀ ਅਤੇ ਕੁਝ ਕੁ ਸਾਲਾਂ ਵਿਚ ਸੰਸਾਰ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਵਾਲੇ ਪੱਧਰ ‘ਤੇ ਆ ਗਈ।
ਨਵੰਬਰ 1927 ਵਿਚ ਪਾਰਟੀ ਵਿਚ ਲਗਾਤਾਰ ਭੰਨ-ਤੋੜ ਦੀਆਂ ਕਾਰਵਾਈਆਂ ਕਰਨ ਤੋਂ ਬਾਅਦ ਤ੍ਰਾਤਸਕੀ ਨੂੰ ਪਾਰਟੀ ਵਿਚੋਂ ਕੱਢ ਦਿੱਤਾ ਗਿਆ ਪਰ ਉਸ ਨੇ ਆਪਣਾ ਵਿਰੋਧ ਜਾਰੀ ਰੱਖਿਆ। 1928 ਆਉਂਦੇ-ਆਉਂਦੇ ਜਦੋਂ ਨਵੀਂ ਆਰਥਿਕ ਨੀਤੀ ਤਿਆਗ ਕੇ ਪੰਜ-ਸਾਲਾ ਯੋਜਨਾਵਾਂ ਤਹਿਤ ਸਮਾਜਵਾਦੀ ਉਸਾਰੀ ਦਾ ਕੰਮ ਹੱਥ ਲਿਆ ਗਿਆ ਤਾਂ ਬਾਲਸ਼ਵਿਕਾਂ ਅੱਗੇ ਕੁਲਕਾਂ (ਮੁਕਾਬਲਤਨ ਅਮੀਰ ਕਿਸਾਨ) ਤੇ ਨੇਪਮੈਨਾਂ (ਵਪਾਰੀ ਤੇ ਹੋਰ ਵਿਚੋਲੇ) ਦੀ ਸਮੱਸਿਆ ਖੜ੍ਹੀ ਹੋ ਗਈ। ਕੁਲਕ ਹੀ ਇਕੋ-ਇਕ ਕਿਸਾਨ ਸਨ ਜਿਨ੍ਹਾਂ ਕੋਲ ਵਾਧੂ ਉਪਜ ਸੀ ਪਰ ਉਨ੍ਹਾਂ ਨੇ ਅਨਾਜ ਦੀ ਜਮ੍ਹਾਂਖੋਰੀ ਕਰ ਕੇ ਸ਼ਹਿਰਾਂ ਨੂੰ ਭੁੱਖਮਰੀ ਦੀ ਹਾਲਤ ਵਿਚ ਪਹੁੰਚਾ ਦਿੱਤਾ ਸੀ। ਉਹ ਸਨਅਤੀ ਉਪਜਾਂ ਦੀ ਕੀਮਤ ਨਾਲ ਸਹਿਮਤ ਨਹੀਂ ਸਨ। ਉਨ੍ਹਾਂ ਨੇ ਕਿਸਾਨੀ ਦੀਆਂ ਦੂਜੀਆਂ ਪਰਤਾਂ ਨੂੰ ਆਪਣੇ ਪਿੱਛੇ ਲਗਾ ਲਿਆ ਸੀ ਅਤੇ ਪ੍ਰੋਲੇਤਾਰੀ ਰਾਜ ਲਈ ਖਤਰਾ ਬਣ ਰਹੇ ਸਨ। ਇਸ ਹਾਲਤ ਨਾਲ ਨਜਿੱਠਣ ਲਈ ਦੋ ਰਸਤੇ ਸਨ-ਜਾਂ ਤਾਂ ਕੁਲਕਾਂ ਨੂੰ ਖੁੱਲ੍ਹੀ ਖੇਡ ਖੇਡਣ ਦਾ ਮੌਕਾ ਦਿੱਤਾ ਜਾਂਦਾ ਅਤੇ ਛੋਟੇ ਕਿਸਾਨਾਂ ਨੂੰ ਬਰਬਾਦ ਹੋਣ ਦਿੱਤਾ ਜਾਂਦਾ, ਜਾਂ ਫਿਰ ਤੇਜ਼ੀ ਨਾਲ ਖੇਤੀ ਵਿਚ ਸਹਿਕਾਰਤਾ ਤੇ ਸਮੂਹੀਕਰਨ ਅਤੇ ਸਨਅਤੀਕਰਨ ਕਰਦੇ ਹੋਏ ਕੁਲਕਾਂ ਤੇ ਨੇਪਮੈਨਾਂ ਨੂੰ ਜਮਾਤ ਦੇ ਤੌਰ ‘ਤੇ ਖਤਮ ਕਰ ਦਿੱਤਾ ਜਾਂਦਾ। ਤ੍ਰਾਤਸਕੀ (ਤੇ ਉਹਦੇ ਸਾਥੀ ਰਾਕੋਵਸਕੀ) ਨੂੰ ਉਮੀਦ ਸੀ ਕਿ ਸਤਾਲਿਨ ਪਹਿਲਾ ਰਸਤਾ ਚੁਣੇਗਾ, ਪਰ ਸਤਾਲਿਨ ਇਨਕਲਾਬੀ ਸੀ; ਉਹਨੇ ਦੂਜਾ ਰਸਤਾ ਫੜਿਆ ਤੇ ਸਫ਼ਲਤਾਪੂਰਵਕ ਲਾਗੂ ਕੀਤਾ। ਇਸ ਦੌਰਾਨ ਭਾਵੇਂ ਕੁਝ ਗਲਤੀਆਂ ਵੀ ਹੋਈਆਂ ਜਿਨ੍ਹਾਂ ਨੂੰ ਪਾਰਟੀ ਤੇ ਸਤਾਲਿਨ ਨੇ ਮੰਨਿਆ ਵੀ ਅਤੇ ਉਨ੍ਹਾਂ ਨੂੰ ਠੀਕ ਕਰਨ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਗਈਆਂ।
ਤ੍ਰਾਤਸਕੀ ਨਾਲ ਜੁੜੇ ਫੁਟਕਲ ਮਸਲੇ
ਬ੍ਰੈਸਤ ਲਿਤੋਵਸਕ: ਤ੍ਰਾਤਸਕੀਵਾਦੀ ਕਦੇ ਵੀ ਇਹ ਦੋ ਸ਼ਬਦ ਆਪਣੀ ਗੱਲਬਾਤ ਵਿਚ ਦਾਖਲ ਨਹੀਂ ਹੋਣ ਦਿੰਦੇ। ਅਕਤੂਬਰ ਇਨਕਲਾਬ ਤੋਂ ਤੁਰੰਤ ਬਾਅਦ ਜਰਮਨ ਹਮਲੇ ਦੇ ਮਸਲੇ ‘ਤੇ ਕੀ ਕੀਤਾ ਜਾਵੇ, ਦੇ ਮੁੱਦੇ ‘ਤੇ ਬਹਿਸ ਛਿੜੀ। ਲੈਨਿਨ ਤੇ ਸਤਾਲਿਨ ਕਿਸੇ ਵੀ ਕੀਮਤ ‘ਤੇ ਜਰਮਨ ਨਾਲ ਅਮਨ-ਸੰਧੀ ਦੇ ਪੱਖ ਵਿਚ ਸਨ ਕਿਉਂਕਿ ਉਨ੍ਹਾਂ ਅਨੁਸਾਰ ਨਵ-ਜੰਮਿਆ ਸੋਵੀਅਤ ਰਾਜ ਦੋ ਮੋਰਚਿਆਂ-ਵਿਦੇਸ਼ੀ ਅਤੇ ਘਰੋਗੀ, ਉਪਰ ਇਕੋ ਵੇਲੇ ਨਹੀਂ ਲੜ ਸਕਦਾ ਸੀ। ਲੈਨਿਨ ਦਾ ਕਹਿਣਾ ਸੀ ਕਿ ਬਾਹਰੀ ਮੋਰਚੇ ‘ਤੇ ਅਮਨ ਸਥਾਪਤ ਕਰ ਕੇ ਘਰੋਗੀ ਹਾਲਤ ਨਾਲ ਨਜਿੱਠਿਆ ਜਾਵੇ। ਜੇ ਸੋਵੀਅਤ ਸਟੇਟ ਟਿਕ ਜਾਂਦਾ ਹੈ ਤਾਂ ਜੋ ਇਲਾਕੇ ਅਮਨ-ਸੰਧੀ ਦੌਰਾਨ ਜਰਮਨਾਂ ਲਈ ਛੱਡਣੇ ਪੈਣਗੇ, ਉਹ ਵਾਪਸ ਲਏ ਜਾ ਸਕਦੇ ਹਨ। ਬੁਖਾਰਿਨ ਦਾ ਕਹਿਣਾ ਸੀ ਕਿ ਇਨਕਲਾਬੀ ਜੰਗ ਲੜੀ ਜਾਵੇ। ਤ੍ਰਾਤਸਕੀ ਨੇ ਇੱਥੇ ਵੀ ਆਪਣੀ ‘ਬੌਧਿਕਤਾ’ ਦਿਖਾਈ? ਉਸ ਅਨੁਸਾਰ ਅਸੀਂ ਜੰਗ ਵੀ ਨਹੀਂ ਲੜਨੀ ਤੇ ਅਮਨ ਸੰਧੀ ਵੀ ਨਹੀਂ ਕਰਨੀ, ਬੱਸ ਫੌਜ ਨੂੰ ਖਿੰਡਾ ਦਿੱਤਾ ਜਾਵੇ। ਜਦੋਂ ਉਹਨੂੰ ਜਰਮਨਾਂ ਨਾਲ ਸੰਧੀ ਕਰਨ ਲਈ ਭੇਜਿਆ ਗਿਆ ਤਾਂ ਉਹਨੇ ਬ੍ਰੈਸਤ ਲਿਤੋਵਸਕ ਦੀ ਸੰਧੀ ਉਤੇ ਪਿੱਤਰ-ਭੂਮੀ ਤੇ ਅਪਮਾਨਜਨਕ ਸ਼ਰਤਾਂ ਦੀ ਦੁਹਾਈ ਦਿੰਦੇ ਦਸਤਖਤ ਕਰਨ ਤੋਂ ਨਾਂਹ ਕਰ ਦਿੱਤੀ ਅਤੇ ‘ਨਾ ਜੰਗ ਨਾ ਅਮਨ’ ਦਾ ਆਪਣਾ ਇਨਕਲਾਬ ਤੋਂ ਪਹਿਲਾਂ ਦਾ ਨਾਅਰਾ ਬੁਲੰਦ ਕਰ ਦਿੱਤਾ। ਉਹਦੇ ਖਿਆਲ ਅਨੁਸਾਰ ਸੋਵੀਅਤ ਸਰਕਾਰ ਦਾ ਵਤੀਰਾ ਜਰਮਨ ਪ੍ਰੋਲੇਤਾਰੀ ਨੂੰ ਵਿਦਰੋਹ ਕਰਨ ਲਈ ਉਤਸ਼ਾਹਿਤ ਕਰੇਗਾ ਅਤੇ ਜਰਮਨ ਵਿਚ ਇਨਕਲਾਬ ਹੋ ਜਾਣ ‘ਤੇ ਹੀ ਰੂਸ ਵਿਚ ਮਜ਼ਦੂਰ ਰਾਜ ਟਿਕ ਸਕੇਗਾ, ਪਰ ਅਮਲ ਵਿਚ ਇਹਦਾ ਸਿੱਟਾ ਇਹ ਸੀ ਕਿ ਜਰਮਨੀ ਦੇ ਫੌਜੀਆਂ ਨੇ ਸਿਰਫ਼ ਰੇਲਗੱਡੀ ਵਿਚ ਬੈਠ ਕੇ ਮਾਸਕੋ ਵੱਲ ਰਵਾਨਗੀ ਪਾਉਣੀ ਸੀ ਤੇ ਉਨ੍ਹਾਂ ਨੇ ਜਿੱਤ ਜਾਣਾ ਸੀ; ਕਿਉਂਕਿ ਉਨ੍ਹਾਂ ਨੂੰ ਰੋਕਣ ਲਈ ਕੋਈ ਫੌਜ ਨਹੀਂ ਸੀ ਹੋਣੀ। ਜਰਮਨਾਂ ਨੇ ਫਿਰ ਤਕਰੀਬਨ ਇਹੀ ਕੀਤਾ। ਉਨ੍ਹਾਂ ਨੇ ਮਾਸਕੋ ‘ਤੇ ਕਬਜ਼ਾ ਕਰ ਲੈਣਾ ਸੀ ਜੇ ਪਹਿਲਾਂ ਨਾਲੋਂ ਵੀ ਜ਼ਿਆਦਾ ਅਪਮਾਨਜਨਕ ਸੰਧੀ ਕਰ ਕੇ ਉਨ੍ਹਾਂ ਨੂੰ ਰੋਕਿਆ ਨਾ ਜਾਂਦਾ। ਇਹ ਹੈ ਤ੍ਰਾਤਸਕੀ ਦਾ ‘ਠੋਸ ਹਾਲਾਤ ਦਾ ਠੋਸ ਵਿਸ਼ਲੇਸ਼ਣ!’ ਜੇ ਤ੍ਰਾਤਸਕੀ ਦੀ ਚਲਦੀ ਤਾਂ ਸੋਵੀਅਤ ਸੱਤਾ ਦਾ ਕੁਝ ਹਫਤਿਆਂ ਵਿਚ ਹੀ ਭੋਗ ਪੈ ਗਿਆ ਹੁੰਦਾ! ਇਸ ਤੋਂ ਬਾਅਦ ਤ੍ਰਾਤਸਕੀ ਨੂੰ ਵਿਦੇਸ਼ੀ ਮਾਮਲਿਆਂ ਬਾਰੇ ਕੁਮੀਸਾਰ ਵਜੋਂ ਅਸਤੀਫਾ ਦੇਣਾ ਪਿਆ।
ਇਨਕਲਾਬ ਵਿਚ ਭੂਮਿਕਾ: ਇਨਕਲਾਬ ਨੂੰ ਅੰਜ਼ਾਮ ਦੇਣ ਵਾਲੀ ਬਾਲਸ਼ਵਿਕ ਪਾਰਟੀ ਦੇ ਨਿਰਮਾਣ ਵਿਚ ਤ੍ਰਾਤਸਕੀ ਦੀ ਕੀ ਭੂਮਿਕਾ ਹੋ ਸਕਦੀ ਹੈ, ਇਹ ਤਾਂ ਇਸ ਤੱਥ ਤੋਂ ਹੀ ਸਪਸ਼ਟ ਹੋ ਜਾਂਦਾ ਹੈ ਕਿ ਤ੍ਰਾਤਸਕੀ ਖੁਦ ਹੀ ਆਪਣੇ ਛੋਟੇ ਜਿਹੇ ਗੁੱਟ ਸਮੇਤ 26 ਜੁਲਾਈ 1917 ਵਿਚ ਬਾਲਸ਼ਵਿਕ ਪਾਰਟੀ ਦਾ ਪ੍ਰੋਗਰਾਮ ਮੰਨਣ ਦੀ ਸ਼ਰਤ ‘ਤੇ ਮੈਂਬਰ ਬਣਦਾ ਹੈ। ਅਜਿਹਾ ਬਾਲਸ਼ਵਿਕਾਂ ਦੀ ਉਨ੍ਹਾਂ ਸਭ ਲੋਕਾਂ ਨੂੰ ਆਪਣੇ ਨਾਲ ਲੈਣ ਦੀ ਨੀਤੀ ਅਧੀਨ ਕੀਤਾ ਗਿਆ ਜੋ ਪਾਰਟੀ ਪ੍ਰੋਗਰਾਮ ਨੂੰ ਮੰਨਣ ਦੀ ਹਾਮੀ ਭਰਦੇ ਸਨ। ਫਰਵਰੀ ਇਨਕਲਾਬ ਤੋਂ ਬਾਅਦ ਜਦੋਂ ਲੈਨਿਨ ਵਾਪਸ ਆਇਆ ਤਾਂ ਕੁਝ ਮਹੀਨਿਆਂ ਬਾਅਦ ਹੀ ਅਸਥਾਈ ਸਰਕਾਰ ਨੇ ਉਨ੍ਹਾਂ ਦੇ ਗ੍ਰਿਫ਼ਤਾਰੀ ਵਾਰੰਟ ਕੱਢ ਦਿੱਤੇ। ਬਾਲਸ਼ਵਿਕ ਪਾਰਟੀ ਦੇ ਅਖਬਾਰ ‘ਪਰਾਵਦਾ’ ਦਾ ਦਫ਼ਤਰ ਬੰਦ ਕਰ ਦਿੱਤਾ ਗਿਆ ਅਤੇ ਬਾਲਸ਼ਵਿਕ ਨੇਤਾਵਾਂ ਦੀ ਫੜੋ-ਫੜੀ ਸ਼ੁਰੂ ਹੋ ਗਈ। ਤ੍ਰਾਤਸਕੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ। ਤ੍ਰਾਤਸਕੀ ਨੇ ਲੈਨਿਨ ਨੂੰ ਵੀ ਆਤਮ-ਸਮਰਪਣ ਕਰ ਦੇਣ ਲਈ ਜ਼ੋਰ ਲਾਇਆ ਪਰ ਲੈਨਿਨ ਤੇ ਸਤਾਲਿਨ ਨੇ ਇਸ ਦਾ ਵਿਰੋਧ ਕੀਤਾ ਅਤੇ ਸਤਾਲਿਨ ਦੀ ਮਦਦ ਨਾਲ ਲੈਨਿਨ ਰੂਪੋਸ਼ ਹੋ ਗਏ ਤੇ ਪਾਰਟੀ ਦੀ ਅਗਵਾਈ ਜਾਰੀ ਰੱਖੀ।
ਲੈਨਿਨ ਦੀ ਗੈਰ-ਹਾਜ਼ਰੀ ਵਿਚ ਜੁਲਾਈ-ਅਗਸਤ 1917 ਦੀ ਛੇਵੀਂ ਪਾਰਟੀ ਕਾਂਗਰਸ ਸਤਾਲਿਨ ਦੀ ਅਗਵਾਈ ਵਿਚ ਹੋਈ ਅਤੇ ਇਨਕਲਾਬ ਦੀ ਤਿਆਰੀ ਦਾ ਪਾਰਟੀ ਪ੍ਰੋਗਰਾਮ ਪਾਸ ਕੀਤਾ ਗਿਆ। ਕਾਂਗਰਸ ਦੌਰਾਨ ਸਤਾਲਿਨ ਨੇ ਤ੍ਰਾਤਸਕੀਵਾਦੀਆਂ ਦੀ ਵਿਕਸਤ ਯੂਰਪੀ ਮੁਲਕਾਂ ਵਿਚ ਪਹਿਲਾਂ ਇਨਕਲਾਬ ਹੋਣ ਦੀ ਲਾਈਨ ਦਾ ਡਟ ਕੇ ਵਿਰੋਧ ਕੀਤਾ ਅਤੇ ਇਸ ਨੂੰ ਹਰਾਉਣ ਵਿਚ ਅਹਿਮ ਰੋਲ ਨਿਭਾਇਆ। ਇਸ ਦੌਰਾਨ ਇਨਕਲਾਬ ਦੀ ਤਿਆਰੀ ਸਬੰਧੀ ਤੇ ਲੋਕਾਂ ਦੀ ਅਗਵਾਈ ਲਈ ਬਾਲਸ਼ਵਿਕ ਅਖਬਾਰਾਂ ਵਿਚ ਲਗਾਤਾਰ ਲੈਨਿਨ ਤੇ ਸਤਾਲਿਨ ਦੇ ਲੇਖ ਛਪੇ। 10-16 ਅਕਤੂਬਰ ਤੱਕ ਚੱਲੀ ਕੇਂਦਰੀ ਕਮੇਟੀ ਦੀ ਮੀਟਿੰਗ ਵਿਚ ਹਥਿਆਰਬੰਦ ਇਨਕਲਾਬ ਦੀ ਅਗਵਾਈ ਲਈ ਪਾਰਟੀ-ਕੇਂਦਰ ਦਾ ਸੰਚਾਲਕ ਸਤਾਲਿਨ ਨੂੰ ਥਾਪਿਆ ਗਿਆ ਅਤੇ ਇਸ ਕੇਂਦਰ ਵਿਚ ‘ਇਨਕਲਾਬ ਦਾ ਨੇਤਾ’ ਤ੍ਰਾਤਸਕੀ ਸ਼ਾਮਿਲ ਨਹੀਂ ਸੀ।
ਲਾਲ ਸੈਨਾ ਅਤੇ ਤ੍ਰਾਤਸਕੀ: ਤ੍ਰਾਤਸਕੀਪੰਥੀਆਂ ਕੋਲ ਜਦੋਂ ਕੋਈ ਸਿਧਾਂਤਕ ਮੁੱਦਾ ਨਹੀਂ ਰਹਿ ਜਾਂਦਾ ਤਾਂ ਤ੍ਰਾਤਸਕੀ ਦੀ ਲਾਲ ਸੈਨਾ ਖੜ੍ਹੀ ਕਰਨ ਅਤੇ ਘਰੋਗੀ ਜੰਗ ਦੌਰਾਨ ਉਹਦੀ ‘ਆਗੂ’ ਭੂਮਿਕਾ ‘ਤੇ ਗੱਲ ਆ ਜਾਂਦੀ ਹੈ। ਉਹਨੂੰ ਲਾਲ ਸੈਨਾ ਦਾ ਇਕੋ-ਇਕ ਲੀਡਰ ਤੇ ਨਿਰਮਾਤਾ ਬਣਾ ਕੇ ਪੇਸ਼ ਕੀਤਾ ਜਾਂਦਾ ਹੈ। ਪਹਿਲੀ ਗੱਲ ਤਾਂ ਇਹ ਕਿ ਤ੍ਰਾਤਸਕੀ ਇਕੱਲਾ ਨਹੀਂ ਸੀ ਲਾਲ ਸੈਨਾ ਦੀ ਅਗਵਾਈ ਕਰਨ ਵਾਲਾ; ਉਲਟਾ ਸਤਾਲਿਨ ਅਤੇ ਵੋਰੋਸ਼ਿਲੋਵ ਨੂੰ ਕੇਂਦਰੀ ਕਮੇਟੀ ਵੱਲੋਂ ਬਹੁ-ਗਿਣਤੀ ਅਹਿਮ ਮੋਰਚਿਆਂ ‘ਤੇ ਅਗਵਾਈ ਲਈ ਭੇਜਿਆ ਗਿਆ ਅਤੇ ਉਨ੍ਹਾਂ ਦੀ ਅਗਵਾਈ ਵਿਚ ਹੀ ਲਾਲ ਸੈਨਾ ਨੇ ਜਿੱਤ ਹਾਸਲ ਕੀਤੀ; ਇਹ ਭਾਵੇਂ ਜ਼ਾਰਤੀਸਿਨ ਦਾ ਮੋਰਚਾ ਹੋਵੇ ਜਾਂ ਫਿਰ ਦੱਖਣੀ, ਪੇਰਮ, ਯੂਕਰੇਨ ਦਾ ਮੋਰਚਾ ਹੋਵੇ ਜਾਂ ਫਿਰ ਪੀਤਰੋਗਰਦ ਵਿਚ ਉਠੀ ਬਗਾਵਤ ਹੋਵੇ। ਦੂਜੀ ਗੱਲ, ਲਾਲ ਸੈਨਾ ਦੇ ਕੰਮ ਤਰੀਕਿਆਂ ਬਾਰੇ ਤ੍ਰਾਤਸਕੀ ਅਤੇ ਦੂਜੇ ਬਾਲਸ਼ਵਿਕਾਂ ਵਿਚ ਸਿਆਸੀ ਮਤਭੇਦਾਂ ਦੀ ਗੱਲ ਵੀ ਗੋਲ ਕੀਤੀ ਜਾਂਦੀ ਹੈ।
ਪਾਰਟੀ ਨਿਰਮਾਣ ਅਤੇ ਜਮਹੂਰੀ-ਕੇਂਦਰਵਾਦ: ਪਾਰਟੀ ਦੇ ਨਿਰਮਾਣ ਸਬੰਧੀ ਲੈਨਿਨ ਤੇ ਤ੍ਰਾਤਸਕੀ ਦੇ ਮਤਭੇਦ ਕਿਸੇ ਤੋਂ ਲੁਕੇ ਨਹੀਂ ਜੋ ਪਾਰਟੀ ਦੀ ਦੂਜੀ ਕਾਂਗਰਸ ਵਿਚ ਉਭਰੇ। ਤ੍ਰਾਤਸਕੀ ਕਦੇ ਕੇਂਦਰਵਾਦੀ ਤੇ ਕਦੇ ਮੈਨਸ਼ਵਿਕ ਪੈਂਤੜਾ ਮੱਲਦਾ ਹੈ। ਜਮਹੂਰੀ-ਕੇਂਦਰਵਾਦ ਦੇ ਮੁੱਦੇ ‘ਤੇ ਸ਼ੁਰੂ ਵਿਚ ਉਸ ‘ਤੇ ਕੇਂਦਰਵਾਦ ਭਾਰੂ ਰਹਿੰਦਾ ਹੈ ਪਰ ਕਾਂਗਰਸ ਦੇ ਖਤਮ ਹੁੰਦੇ-ਹੁੰਦੇ ਮੈਨਸ਼ਵਿਕਾਂ ਨਾਲ ਜਾ ਖੜ੍ਹਦਾ ਹੈ ਅਤੇ ਲੈਨਿਨ ਨੂੰ ‘ਰੋਬੀਸਪੀਅਰ ਦਾ ਵਿਗੜਿਆ ਰੂਪ’ ਕਹਿੰਦੇ ਹੋਏ ਤਾਕਤ ਦਾ ਭੁੱਖਾ, ਕੇਂਦਰਵਾਦ ਨੂੰ ਤੋੜਨ-ਮਰੋੜਨ ਵਾਲਾ ਅਤੇ ‘ਜਮਾਤ ਦੀ ਥਾਂ ਪਾਰਟੀ, ਪਾਰਟੀ ਦੀ ਥਾਂ ਕੇਂਦਰੀ ਕਮੇਟੀ ਤੇ ਫਿਰ ਕੇਂਦਰੀ ਕਮੇਟੀ ਦੀ ਥਾਂ ਇਕ ਵਿਅਕਤੀ ਦੀ ਤਾਨਾਸ਼ਾਹੀ ਸਥਾਪਤ ਕਰਨ ਦਾ ਚਾਹਵਾਨ ਹੋਣ ਦਾ’ ਇਲਜ਼ਾਮ ਲਾਉਂਦਾ ਹੈ। ਇਸ ਪਿੱਛੇ ਅਸਲ ਵਿਚ ਤ੍ਰਾਤਸਕੀ ਦੀ ਇਹ ਧਾਰਨਾ ਸੀ ਕਿ ਮਜ਼ਦੂਰ ਜਮਾਤ ਬਿਨਾਂ ਪਾਰਟੀ ਤੋਂ ਹੀ, ਸਮੁੱਚੀ ਜਮਾਤ ਦੇ ਰੂਪ ਵਿਚ ਸਿਆਸੀ ਸੰਘਰਸ਼ ਚਲਾ ਸਕਦੀ ਹੈ ਪਰ ਇਹੀ ਤ੍ਰਾਤਸਕੀ 1920 ਵਿਚ ‘ਟਰੇਡ ਯੂਨੀਅਨਾਂ ਦਾ ਫੋਜੀਕਰਨ’ ਕਰਨ ਦੀ ਲਾਈਨ ਲੈ ਕੇ ਆਉਂਦਾ ਹੈ ਅਤੇ ਮਜ਼ਦੂਰ ਯੂਨੀਅਨਾਂ ਵਿਚ ਚੁਣੇ ਨੇਤਾਵਾਂ ਦੀ ਥਾਂ ਪਾਰਟੀ ਵੱਲੋਂ ਅਧਿਕਾਰੀ ਨਿਯੁਕਤ ਕਰਨ ਦੀ ਵਕਾਲਤ ਕਰਦਾ ਹੈ। ਲੈਨਿਨ ਦੁਆਰਾ ਤਿੱਖੀ ਆਲੋਚਨਾ ਤੋਂ ਬਾਅਦ ਉਹਨੂੰ ਪੈਰ ਪਿੱਛੇ ਖਿੱਚਣੇ ਪੈਂਦੇ ਹਨ ਪਰ ਫਿਰ ਤ੍ਰਾਤਸਕੀ ਅਤਿ-ਜਮਹੂਰੀਅਤ ਦਾ ਫੜਦਾ ਹੈ ਅਤੇ ਮੰਗ ਰੱਖਦਾ ਹੈ ਕਿ ਪਾਰਟੀ ਵਿਚ ਅਲੱਗ-ਅਲੱਗ ਧੜਿਆਂ ਦੀ ਹੋਂਦ ਨੂੰ ਸਵੀਕਾਰ ਕਰ ਕੇ ਉਨ੍ਹਾਂ ਨੂੰ ਆਪਣੀ ਵੱਖ-ਵੱਖ ਲੀਡਰਸ਼ਿਪ ਤੇ ਵੱਖਰੇ ਮੰਚ ਲਗਾ ਕੇ ਰੱਖਣ ਦੀ ਆਗਿਆ ਦਿੱਤੀ ਜਾਵੇ; ਹਾਲਾਂਕਿ ਦਸਵੀਂ ਕਾਂਗਰਸ ਵਿਚ ਪਾਰਟੀ ਅੰਦਰ ਧੜੇਬੰਦੀ ਦੀ ਮਨਾਹੀ ਕਰਨ ਦੇ ਪ੍ਰਸਤਾਵ ਦੀ ਉਹਨੇ ਹਮਾਇਤ ਕੀਤੀ ਸੀ। ਇਹ ਸਿਧਾਂਤ ਉਹਨੇ ਪਾਰਟੀ ਵਿਚ ਜਮਹੂਰੀਅਤ ਬਹਾਲੀ ਦੇ ਨਾਂ ਹੇਠ ਲਿਆਂਦਾ ਪਰ ਇਸ ਦਾ ਅਮਲੀ ਮਤਲਬ ਸੀ, ਪਾਰਟੀ ਅੰਦਰ ਪਾਰਟੀ ਬਣਾਉਣ ਦੀ ਆਗਿਆ ਹੋਣਾ ਜੋ ਤ੍ਰਾਤਸਕੀ ਦੀ ਬੁੱਧੀਜੀਵੀ ਮੱਧਵਰਗੀ ਸਿਆਸਤ ਨੂੰ ਮੇਚ ਬੈਠਦੀ ਸੀ ਪਰ ਇਸਪਾਤੀ ਅਨੁਸ਼ਾਸਨ ਵਿਚ ਢਲੀ ਇਨਕਲਾਬੀ ਬਾਲਸ਼ਵਿਕ ਪਾਰਟੀ ਵਿਚ ਅਜਿਹੇ ਗੁੱਟਬੰਦਕ ਤੌਰ ਤਰੀਕਿਆਂ ਲਈ ਕੋਈ ਥਾਂ ਨਹੀਂ ਸੀ।
ਇਤਿਹਾਸਕਾਰ ਤ੍ਰਾਤਸਕੀ: ਅਕਤੂਬਰ ਇਨਕਲਾਬ ਸਮੇਂ ਕੇਂਦਰੀ ਕਮੇਟੀ ਦੇ ਮੈਂਬਰਾਂ ਬਾਰੇ ਤ੍ਰਾਤਸਕੀ ਲਿਖਦਾ ਹੈ, “ਲੈਨਿਨ ਸਾਰਿਆਂ ਲਈ ਆਗੂ ਸਨ ਪਰ ਜਿਵੇਂ ਤੱਥ ਦੱਸਦੇ ਹਨ, ਉਨ੍ਹਾਂ ਨੇ ਚਾਰ ਮਹੀਨਿਆਂ ਤੋਂ ਪਾਰਟੀ ਦੇ ਕੰਮਾਂ ਵਿਚ ਸਿੱਧਾ ਹਿੱਸਾ ਨਹੀਂ ਲਿਆ ਸੀæææ ਪੁਰਾਣੇ ਬਾਲਸ਼ਵਿਕ ਕੇਂਦਰ ਵਿਚ ਸਭ ਤੋਂ ਅਹਿਮ ਨੇਤਾ ਜ਼ਿਨੋਵੀਵ ਤੇ ਕਾਮੇਨੇਵ ਸਨ ਪਰ ਇਨਕਲਾਬ ਦਾ ਵਿਰੋਧ ਕਰ ਕੇ ਉਨ੍ਹਾਂ ਨੂੰ ਕਾਰਕੁਨਾਂ ਦੀ ਹੈਸੀਅਤ ਤੋਂ ਦੂਰ ਕਰ ਦਿੱਤਾæææ ਸਵੇਰਦਲੋਵ ਨਵੇਂ ਸਨ ਤੇ ਉਹ ਬਾਅਦ ਵਿਚ ਜਾ ਕੇ ਵਿਕਸਤ ਹੋਏæææ ਦਜਰੇਜਿੰਸਕੀ ਹਾਲੇ ਨਵੇਂ ਹੀ ਪਾਰਟੀ ਵਿਚ ਭਰਤੀ ਹੋਏ ਸਨ ਤੇ ਉਨ੍ਹਾਂ ਨੇ ਸਿਧਾਂਤਕ ਕੰਮ ਦੀ ਪ੍ਰਤਿਭਾ ਨਹੀਂ ਦਿਖਾਈ ਸੀæææ ਬੁਖਾਰਿਨ, ਰੀਕੋਵ ਤੇ ਨੋਗਿਨ ਮਾਸਕੋ ਵਿਚ ਸਨæææ ਬੁਖਾਰਿਨ ਪ੍ਰਤਿਭਾਸ਼ਾਲੀ ਪਰ ਗੈਰ-ਭਰੋਸੇਮੰਦ ਸਿਧਾਂਤਕਾਰ ਮੰਨੇ ਜਾਂਦੇ ਸਨæææ ਰੀਕੋਵ ਤੇ ਨੋਗਿਨ ਬਗਾਵਤ ਦੇ ਵਿਰੋਧੀ ਸਨæææ ਲੋਮੋਵ, ਬਾਬੋਨੋਵ ਤੇ ਮਿਲਿਉਤਿਨ ਨੂੰ ਫੈਸਲੇ ਲੈਣ ਵੇਲੇ ਸ਼ਾਇਦ ਹੀ ਕੋਈ ਗਿਣਤੀ ਵਿਚ ਰੱਖਦਾ ਹੋਵੇæææ ਜ਼ੋਫੇ ਤੇ ਊਰੋਤਸਕੀ (ਦੋਵੇਂ ਤ੍ਰਾਤਸਕੀਪੰਥੀ-ਲੇਖਕ) ਤ੍ਰਾਤਸਕੀ ਨਾਲ ਨੇੜਿਉਂ ਜੁੜੇ ਹੋਏ ਸਨ ਅਤੇ ਮਿਲ ਕੇ ਕੰਮ ਕਰ ਰਹੇ ਸਨ।” (ਤ੍ਰਾਤਸਕੀ, ਰੂਸੀ ਇਨਕਲਾਬ ਦਾ ਇਤਿਹਾਸ, ਭਾਗ-3, ਅੰਤਿਕਾ-1, ਇੰਟਰਨੈਟ ਐਡੀਸ਼ਨ)। ਇਹ ਹੈ ਤ੍ਰਾਤਸਕੀ ਦਾ ਇਤਿਹਾਸ। ਸਤਾਲਿਨ ਦਾ ਨਾਮ ਤੱਕ ਨਹੀਂ, ਤ੍ਰਾਤਸਕੀ ਤੇ ਤ੍ਰਾਤਸਕੀਪੰਥੀਆਂ ਨੂੰ ਛੱਡ ਕੇ ਕੇਂਦਰੀ ਕਮੇਟੀ ਦੇ ਬਾਕੀ ਮੈਂਬਰ ਇਨਕਲਾਬ ਦੀ ਕਮਾਂਡ ਸਾਂਭਣ ਦੇ ਨੇੜੇ-ਤੇੜੇ ਵੀ ਸਨ! 1917 ਵਿਚ ਰੂਪੋਸ਼ੀ ਦੌਰਾਨ ਲੈਨਿਨ ਦੇ ਥਾਂ ਟਿਕਾਣੇ ਬਾਰੇ ਸਤਾਲਿਨ ਤੋਂ ਬਿਨਾਂ ਕਿਸੇ ਹੋਰ ਨੂੰ ਦੱਸਿਆ ਵੀ ਨਹੀਂ ਸੀ ਗਿਆ। ਇਸ ਦਾ ਨਤੀਜਾ ਤ੍ਰਾਤਸਕੀ ਇਹ ਕੱਢਦਾ ਹੈ ਕਿ ਲੈਨਿਨ ਪਾਰਟੀ ਦੇ ਕੰਮਾਂ ਵਿਚ ਹਿੱਸਾ ਹੀ ਨਹੀਂ ਸਨ ਲੈ ਰਹੇ। ਅਸਲ ਵਿਚ ਅਕਤੂਬਰ ਇਨਕਲਾਬ ਦਾ ਇਤਿਹਾਸ ਲਿਖਣ ਲਈ ਤ੍ਰਾਤਸਕੀ ਨੂੰ ਥਾਂ-ਥਾਂ ਮੈਨਸ਼ਵਿਕ ਸੁਖਾਨੋਵ ਦਾ ਸਹਾਰਾ ਲੈਣਾ ਪੈਂਦਾ ਹੈ।
(ਸਮਾਪਤ)

Be the first to comment

Leave a Reply

Your email address will not be published.