ਬਲਵਿੰਦਰ ਜੰਮੂ ਜ਼ੀਰਕਪੁਰ
ਫੋਨ: 91-97799-21999
ਵੱਡੇ ਭਾਅ ਜੀ ਅਮੋਲਕ ਸਿੰਘ ਜੰਮੂ ਵਲੋਂ ਪੰਜਾਬੀ ਟ੍ਰਿਬਿਊਨ ਨਾਲ ਸਬੰਧਤ ਯਾਦਾਂ ਪਾਠਕਾਂ ਨਾਲ ਸਾਂਝੀਆਂ ਕਰਨ ਤੋਂ ਪ੍ਰੇਰਿਤ ਹੋ ਕੇ ਮੈਨੂੰ ਵੀ ਲੱਗਿਆ ਕਿ ਪੰਜਾਬੀ ਟ੍ਰਿਬਿਊਨ ਨਾਲ ਜੁੜੇ ਆਪਣੇ ਕੌੜੇ-ਮਿੱਠੇ ਕਈ ਤਜ਼ਰਬੇ ਪੰਜਾਬ ਟਾਈਮਜ਼ ਦੇ ਪਾਠਕਾਂ ਨਾਲ ਸਾਂਝੇ ਕਰਾਂ। ਪੰਜਾਬੀ ਟ੍ਰਿਬਿਊਨ ਨਾਲ ਮੈਂ ਵੀ ਕੋਈ ਵੀਹ ਵਰ੍ਹੇ ਕੰਮ ਕੀਤਾ ਹੈ। ਪਰ ਲੰਘੀ 24 ਅਕਤੂਬਰ ਨੂੰ ਮੈਂ ਆਪਣੀ ਮਰਜ਼ੀ ਨਾਲ ਪੰਜਾਬੀ ਟ੍ਰਿਬਿਊਨ ਤੋਂ ਰਿਟਾਇਰਮੈਂਟ ਲੈ ਲਈ।
ਪੰਜਾਬੀ ਟ੍ਰਿਬਿਊਨ ਵਰਗੇ ਮਿਆਰੀ ਅਖ਼ਬਾਰ ਵਿਚੋਂ ਸਬ ਐਡੀਟਰ ਦੀ ਨੌਕਰੀ ਛੱਡਣ ਦਾ ਫੈਸਲਾ ਕਰਨਾ ਏਨਾ ਸੌਖਾ ਨਹੀਂ ਤੇ ਇਸ ਫ਼ੈਸਲੇ ਤੋਂ ਪਹਿਲਾਂ ਸੌ ਵਾਰ ਸੋਚਣਾ ਪੈਂਦਾ ਹੈ। ਟ੍ਰਿਬਿਊਨ ਗਰੁਪ ਵਿਚ ਸਬ ਐਡੀਟਰ ਦੀ ਨੌਕਰੀ ਕੋਈ ਛੋਟੀ ਨੌਕਰੀ ਨਹੀਂ। ਇਹ ਨੌਕਰੀ ਹਾਸਲ ਕਰਨ ਲਈ ਬਥੇਰੇ ਮਹਾਰਥੀ ਹੱਥ-ਪੱਲਾ ਮਾਰਦੇ ਹਨ। ਪੰਜਾਬੀ ਟ੍ਰਿਬਿਊਨ ਦੀ ਨੌਕਰੀ ਬਿਨਾ ਕਿਸੇ ਖਾਸ ਵਜ੍ਹਾ ਤੋਂ ਛੱਡ ਕੇ ਜਾਣ ਦੀ ਸਲਾਹ ਕੋਈ ਨਹੀਂ ਦਿੰਦਾ। ਮੈਨੂੰ ਅੱਜ ਤੱਕ ਵੀ ਯਾਦ ਹੈ ਕਿ ਵੱਡੇ ਭਾਅ ਜੀ ਅਮੋਲਕ ਸਿੰਘ ਨੇ ਜਦੋਂ ਕੋਈ 15-16 ਸਾਲ ਪਹਿਲਾਂ ਪੰਜਾਬੀ ਟ੍ਰਿਬਿਊਨ ਦੀ ਨੌਕਰੀ ਛੱਡ ਕੇ ਅਮਰੀਕਾ ਜਾ ਵੱਸਣ ਦਾ ਫੈਸਲਾ ਲਿਆ ਤਾਂ ਸਾਡੇ ਪਿਤਾ ਜੀ ਇਸ ਗੱਲੋਂ ਕਾਫੀ ਖਫਾ ਹੋਏ ਸਨ ਅਤੇ ਅੱਜ ਤੱਕ ਵੀ ਇਸ ਫੈਸਲੇ ਨਾਲ ਸਹਿਮਤ ਨਹੀਂ ਹਨ। ਪਰ ਮੈਂ ਚੁੱਪ-ਚਾਪ ਨੌਕਰੀ ਛੱਡਣ ਦਾ ਮਨ ਬਣਾ ਲਿਆ ਸੀ। 24 ਅਕਤੂਬਰ ਸ਼ਾਮੀਂ ਵੀ ਆਰ ਐਸ (ਵਾਲੰਟਰੀ ਰਿਟਾਇਰਮੈਂਟ ਸਰਵਿਸ) ਦਾ ਫਾਰਮ ਭਰ ਕੇ ਜਦੋਂ ਮੈਂ ਸੰਪਾਦਕ ਕੋਲ ਦੂਜੀ ਮੰਜ਼ਿਲ ‘ਤੇ ਜਾ ਰਿਹਾ ਸਾਂ ਤਾਂ ਪੌੜੀਆਂ ਚੜ੍ਹਦਿਆਂ ਅਤੀਤ ਵਿਚ ਲਹਿ ਗਿਆ।
ਸੰਪਾਦਕ ਕੋਲ ਜਾਣ ਤੋਂ ਪਹਿਲਾਂ ਆਪਣੇ-ਆਪ ਨੂੰ ਛੇ ਵਾਰ ਅਪਡੇਟ ਕਰਨਾ ਪੈਂਦਾ, ਕੀ ਪਤਾ ਉਹ ਕੀ ਪੁੱਛ ਲੈਣ। ਇਹ ਉਹੀ ਪੌੜੀਆਂ ਸਨ ਜਿਨ੍ਹਾਂ ‘ਤੇ ਜਾਂਦਿਆਂ ਮੈਂ ਪੰਜਾਬੀ ਟ੍ਰਿਬਿਊਨ ਦਾ ਸਬ ਐਡੀਟਰ ਬਣਨ ਲਈ ਬੜੀ ਜੱਦੋਜਹਿਦ ਕੀਤੀ ਸੀ। ਇਸ ਲਈ ਮੈਨੂੰ ਇਨ੍ਹਾਂ ਪੌੜੀਆਂ ਦੀ ਅਹਿਮੀਅਤ ਦਾ ਪਤਾ ਸੀ ਜਿਨ੍ਹਾਂ ਤੋਂ ਤਾਂਹ-ਠਾਂਹ ਹੁੰਦਿਆਂ ਮੈਂ ਇਕ ਦਿਨ ਆਪਣੇ ਟੀਚੇ ‘ਤੇ ਪੁੱਜਾ ਸੀ। ਜ਼ਿੰਦਗੀ ਵਿਚ ਸੰਘਰਸ਼ ਕਰਨ ਦਾ ਫਲ ਮਿਲ ਗਿਆ ਸੀ। ਇਕ ਵਾਰ ਦਿਲ ਕੀਤਾ ਇਨ੍ਹਾਂ ਹੀ ਪੌੜੀਆਂ ਤੋਂ ਵਾਪਸ ਮੁੜ ਜਾਵਾਂ, ਮੈਨੂੰ ਹੋਣ ਵਾਲੀਆਂ ਆਪਣੀਆਂ ਉਪਰਲੀਆਂ ਪ੍ਰਮੋਸ਼ਨਾਂ ਵੀ ਰੋਕਣ ਲੱਗੀਆਂ। ਫ਼ੈਸਲਾ ਮਜ਼ਬੂਤ ਸੀ ਤੇ ਇਹ ਇਕ ਦਿਨ ਵਿਚ ਲਿਆ ਫ਼ੈਸਲਾ ਨਹੀਂ ਸੀ।
ਮੈਂ ਕੰਬਦੇ ਹੱਥਾਂ ਨਾਲ ਸੰਪਾਦਕ ਅੱਗੇ ਆਪਣਾ ਫਾਰਮ ਟਿਕਾ ਦਿੱਤਾ, ਉਹ ਸੰਪਾਦਕੀ ਪੇਜ ਦੇਖ ਰਹੇ ਸਨ, ਇਸ ਲਈ ਬਿਨਾਂ ਦੇਖੇ ਕਹਿਣ ਲੱਗੇ, “ਰੱਖ ਦੇ, ਫੇਰ ਲੈ ਜਾਈਂ। ਮੇਰੇ ਵੱਲੋਂ ਦੋ-ਤਿੰਨ ਵਾਰ ਜ਼ੋਰ ਪਾਉਣ ‘ਤੇ ਕਿ ‘ਸਰ ਵੇਖ ਤਾਂ ਲਓ’, ਫਾਰਮ ਵੇਖ ਕੇ ਹੈਰਾਨੀ ਨਾਲ ਕੁਝ ਸਮਾਂ ਚੁੱਪ ਰਹੇ ਤੇ ਫੇਰ ਬੋਲੇ, “ਇਹ ਕੀ, ਜਿਨ੍ਹਾਂ ਹੱਥਾਂ ਨਾਲ ਤੈਨੂੰ ਸਬ ਐਡੀਟਰ ਬਣਾਇਆ, ਹੁਣ ਕਿਵੇਂ ਰਿਟਾਇਰ ਕਰ ਦਿਆਂ, ਦੱਸ।” ਉਹ ਮੇਰੇ ਵੱਲ ਦੇਖ ਰਹੇ ਸਨ। ਮੈਂ ਕਦੇ ਉਨ੍ਹਾਂ ਨਾਲ ਨਜ਼ਰ ਮਿਲਾ ਲੈਂਦਾ ਤੇ ਕਦੇ ਅੱਖਾਂ ਨੀਵੀਆਂ ਕਰ ਲੈਂਦਾ। ਮੈਂ ਇਕ ਪੀੜ ਨਾਲ ਲੂਸੀ ਜਾ ਰਿਹਾ ਸਾਂ।
ਕਾਫੀ ਚਿਰ ਸਮਝੌਤੀਆਂ ਦੇਣ ਪਿਛੋਂ ਉਨ੍ਹਾਂ ਮੇਰਾ ਫਾਰਮ ਰੱਖ ਲਿਆ ਤੇ ਅੱਗੇ ਭੇਜਣ ਦਾ ਭਰੋਸਾ ਦਿੱਤਾ। ਸਮਾਚਾਰ ਸੰਪਾਦਕ ਤੋਂ ਪ੍ਰਵਾਨਗੀ ਲੈਣ ਵੇਲੇ ਵੀ ਮੈਂ ਉਹੀ ਸੁਣਿਆ ਜੋ ਸੰਪਾਦਕ ਨੇ ਕਿਹਾ।
ਨਿਊਜ਼ ਰੂਮ ਵਿਚ ਵੱਖ-ਵੱਖ ਡੈਸਕਾਂ ‘ਤੇ ਕੰਮ ਕਰਦਿਆਂ ਤੇ ਹਰ ਤਰ੍ਹਾਂ ਦੀਆਂ ਖ਼ਬਰਾਂ ਐਡਿਟ ਕਰਦਿਆਂ ਸਭ ਤੋਂ ਵੱਧ ਤਸੱਲੀ ਮੈਨੂੰ ਆਂਗਨਵਾੜੀ ਮੁਲਾਜ਼ਮਾਂ ਤੇ ਹੋਮ ਗਾਰਡਾਂ ਦੀਆਂ ਖ਼ਬਰਾਂ ‘ਤੇ ਹੁੰਦੀ ਜੋ ਬਹੁਤ ਘੱਟ ਉਜਰਤਾਂ ‘ਤੇ ਜੀਅ-ਜਾਨ ਲਾ ਕੇ ਕੰਮ ਕਰਦੇ ਹਨ। ਉਹ ਇਕ ਆਸ ਵਿਚ ਹੀ ਉਮਰ ਦੇ ਕਈ ਪੜਾਅ ਪਾਰ ਕਰ ਜਾਂਦੇ ਹਨ। ਸਭ ਤੋਂ ਬੇਰਸੀਆਂ ਖ਼ਬਰਾਂ ਮੈਨੂੰ ਤਰਕਸ਼ੀਲਾਂ ਦੀਆਂ ਲੱਗਦੀਆਂ। ਪੁਲਿਸ ਮਹਿਕਮੇ ਦੀਆਂ ਖ਼ਬਰਾਂ ਚਮਕਾਉਣਾ ਮੇਰਾ ਪੂਰਾ ਸ਼ੌਕ ਸੀ ਕਿਉਂਕਿ ਸਾਡੇ ਪਿਤਾ ਜੀ ਵੀ ਪੁਲਿਸ ਮਹਿਕਮੇ ਤੋਂ ਸੇਵਾ ਮੁਕਤ ਹੋਏ ਸਨ। ਪੈਨਸ਼ਨਰਾਂ ਦੀਆਂ ਖ਼ਬਰਾਂ ਲੱਗਣੋਂ ਨਾ ਰਹਿ ਜਾਣ, ਮੇਰਾ ਪੂਰਾ ਧਿਆਨ ਰਹਿੰਦਾ।
ਨਿਊਜ਼ ਰੂਮ ਵਿਚ ਪੱਤਰ ਪ੍ਰੇਰਕਾਂ ਦੁਆਰਾ ਭੇਜੀਆਂ ਗਈਆਂ ਖ਼ਬਰਾਂ ਕਈ ਵਾਰ ਚੰਗੀ ਤਰ੍ਹਾਂ ਨਹੀਂ ਲਿਖੀਆਂ ਹੁੰਦੀਆਂ ਤੇ ਨਿਊਜ਼ ਰੂਮ ਵਿਚ ਖ਼ਬਰ ਨੂੰ ਮੁੜ ਤੋਂ ਲਿਖਣ ਦਾ ਸਮਾਂ ਨਹੀਂ ਹੁੰਦਾ ਜਿਸ ਕਰਕੇ ਕਈ ਵਾਰ ਚੰਗੀ ਖ਼ਬਰ ਦਾ ਕਤਲ ਹੋ ਜਾਂਦਾ ਹੈ ਪਰ ਇਸ ਦਾ ਦੁੱਖ ਬਹੁਤ ਲੱਗਦਾ ਹੈ। ਨਿਊਜ਼ ਰੂਮ ਵਿਚ ਕੰਮ ਕਰਦਿਆਂ ਪੰਜਾਬੀ ਟ੍ਰਿਬਿਊਨ ਦੇ ਮਿਆਰ ਤੇ ਇਸ ਦੀਆਂ ਜਿਨ੍ਹਾਂ ਕਦਰਾਂ-ਕੀਮਤਾਂ ਦਾ ਗਿਆਨ ਹੋਇਆ, ਉਹ ਮੇਰਾ ਸਰਮਾਇਆ ਹੈ। ਖ਼ਬਰ ‘ਤੇ ਭਾਵੁਕਤਾ ਨੂੰ ਛਾਂਗਣ ਦੇ ਲਿਖਤੀ ਨਿਰਦੇਸ਼ ਮਿਲਦੇ। ਕਦੀ ਕਦੀ ਇਉਂ ਜਾਪਦਾ ਕਿ ਸੀਨੀਅਰ ਸ਼ਾਇਦ ਸਾਨੂੰ ਲੋੜ ਤੋਂ ਵੱਧ ਨਿਰਦੇਸ਼ ਦੇ ਰਹੇ ਹਨ।
ਖ਼ਾਸ ਗੱਲ ਇਹ ਕਿ ਪੰਜਾਬੀ ਟ੍ਰਿਬਿਊਨ ਦੇ ਨਿਊਜ਼ ਰੂਮ ਵਿਚ ਸਬ ਐਡੀਟਰਾਂ ਜਾਂ ਉਪ ਸੰਪਾਦਕਾਂ ਨੂੰ ਖ਼ਬਰ ਤਿਆਰ ਕਰਨ ਸਮੇਂ ਕਿਸੇ ਦਾ ਬਾਹਰੀ ਦਬਾਅ ਨਹੀਂ ਹੁੰਦਾ। ਪਾਠਕਾਂ ਦੀ ਜਾਣਕਾਰੀ ਲਈ ਦੱਸ ਦਿਆਂ ਕਿ ਕਿਸੇ ਵੀ ਰੋਜ਼ਾਨਾ ਅਖਬਾਰ ਵਿਚ ਰੋਜ਼ਮੱਰਾ ਦੀਆਂ ਖਬਰਾਂ ਨਿਊਜ਼ ਰੂਮ ਵਿਚ ਹੀ ਤਿਆਰ ਹੁੰਦੀਆਂ ਹਨ ਜੋ ਕੰਪੋਜ਼ ਹੋਣ ਉਪਰੰਤ ਵੱਖ ਵੱਖ ਸਫਿਆਂ ‘ਤੇ ਅਖਬਾਰਾਂ ਦੀ ਨੀਤੀ ਅਤੇ ਪਹੁੰਚ ਅਨੁਸਾਰ ਲਾਈਆਂ ਜਾਂਦੀਆਂ ਹਨ। ਅਕਸਰ ਹੀ ਪੇਜ ਮੇਕਿੰਗ ਰੂਮ ਵਿਚ ਕਈ ਬਣੀਆਂ-ਬਣਾਈਆਂ ਖ਼ਬਰਾਂ ਦਾ ਵੀ ਕਤਲ ਹੋ ਜਾਂਦਾ ਹੈ। ਪੇਜ ‘ਤੇ ਜਗ੍ਹਾ ਦੀ ਘਾਟ ਤੇ ਖ਼ਬਰਾਂ ਦੀ ਬਹੁਤਾਤ ਇਸ ਦਾ ਕਾਰਨ ਬਣਦੀ ਹੈ। ਤਿੰਨ ਥਾਂ ਦੀ ਚੈਕਿੰਗ ਮਗਰੋਂ ਵੀ ਪੇਜ ‘ਤੇ ਕੋਈ ਨਾ ਕੋਈ ਗਲਤੀ ਰੜਕਣ ਲਈ ਰਹਿ ਜਾਂਦੀ ਹੈ। ਪੇਜ ਮੇਕਿੰਗ ਰੂਮ ਮੈਨੂੰ ਪੀ ਜੀ ਆਈ ਦਾ ਇਕ ਅਪਰੇਸ਼ਨ ਥੀਏਟਰ ਹੀ ਲੱਗਦਾ ਤੇ ਕਈ ਵਾਰ ਮੈਂ ਸੋਚਦਾ ਜਿਵੇਂ ਸਾਡੇ ਤੋਂ ਕੋਈ ਗਲਤੀ ਰਹਿ ਜਾਂਦੀ ਹੈ, ਠੀਕ ਉਸੇ ਤਰ੍ਹਾਂ ਕਈ ਵਾਰ ਡਾਕਟਰਾਂ ਤੋਂ ਮਰੀਜ਼ ਨਾਲ ਹੋ ਜਾਂਦੀ ਹੈ ਜੋ ਕਿ ਮੁੜ ਅਹਿਮ ਖ਼ਬਰ ਬਣ ਜਾਂਦੀ ਹੈ ਪਰ ਇਹ ਸਾਰਾ ਕੁਝ ਜਾਣ ਕੇ ਨਹੀਂ ਹੁੰਦਾ, ਨਾ ਚਾਹੁੰਦਿਆਂ ਹੋ ਜਾਂਦਾ ਹੈ।
ਜਦੋਂ ਮੇਰੇ ਮਿਡਲ ਛਪਣ ਲੱਗੇ ਤਾਂ ਉਸ ਵੇਲੇ ਦੇ ਡਿਪਟੀ ਐਡੀਟਰ ਨੇ ਮੇਰੀ ਪ੍ਰਤਿਭਾ ਪਛਾਣਦਿਆਂ ਮੈਨੂੰ ਲਿਖਣ ਦੀ ਹੱਲਾਸ਼ੇਰੀ ਦਿੱਤੀ ਤੇ ਮਿਡਲ ਲਿਖਣ ਦੀਆਂ ਬਾਰੀਕੀਆਂ ਵੀ ਦੱਸੀਆਂ। ਇਹ ਵੀ ਇਕ ਲੰਮਾ ਸਫਰ ਸੀ। ਸ਼ੁਰੂ ‘ਚ ਲੱਗਦਾ ਕਿ ਮੈਂ ਬਿਲਕੁਲ ਠੀਕ ਲਿਖਿਆ ਹੈ, ਫਿਰ ਵੀ ਡਿਪਟੀ ਐਡੀਟਰ ਪਤਾ ਨਹੀਂ ਮੈਨੂੰ ਕਿਉਂ ਹਦਾਇਤਾਂ ਦਈ ਜਾ ਰਹੇ ਹਨ। ਪਰ ਛੇਤੀ ਹੀ ਪਤਾ ਲੱਗ ਗਿਆ ਕਿ ਕਿਸੇ ਵੀ ਲਿਖਤ ਨੂੰ ਬਿਹਤਰ ਬਣਾਉਣ ਲਈ ਉਸ ਵਿਚ ਸੁਧਾਰਨ ਦੀ ਹਮੇਸ਼ਾ ਹੀ ਗੁੰਜਾਇਸ਼ ਰਹਿੰਦੀ ਹੈ। ਪੰਜਾਬੀ ਟ੍ਰਿਬਿਊਨ ਨਾਲ ਮੇਰਾ ਰਿਸ਼ਤਾ ਸੰਨ 1984-85 ਜੁੜਿਆ ਜਦੋਂ ਮੈਂ ਹਰਿਆਣਾ ਦੇ ਜਿਲ੍ਹਾ ਸਿਰਸਾ ਦੇ ਕਸਬਾ ਰਾਣੀਆਂ ਤੋਂ ਪੱਤਰ ਪ੍ਰੇਰਕ ਵਜੋਂ ਕੰਮ ਕਰਨਾ ਸ਼ੁਰੂ ਕੀਤਾ। ਇਸ ਅਦਾਰੇ ਵਿਚ ਪਹਿਲਾਂ ਪਰੂਫ-ਰੀਡਰ ਬਣਨ ਅਤੇ ਫਿਰ ਸਬ ਐਡੀਟਰ ਬਣਨ ਦਾ ਸਫਰ ਵੀ ਕਾਫੀ ਲੰਮਾ ਰਿਹਾ। ਜਿਵੇਂ ਕਿ ਭਾਅ ਜੀ ਅਮੋਲਕ ਸਿੰਘ ਆਪਣੇ ਕਾਲਮ ਵਿਚ ਦੱਸ ਹੀ ਚੁਕੇ ਹਨ ਕਿ ਪੰਜਾਬੀ ਟ੍ਰਿਬਿਊਨ ਵਿਚ ਸ਼ੁਰੂ ਦੇ ਦਿਨਾਂ ਦਾ ਪਿਆਰ ਭਰਿਆ ਮਾਹੌਲ ਛੇਤੀ ਹੀ ਆਪਸੀ ਖਿੱਚੋਤਾਣ ਦੀ ਭੇਟ ਚੜ੍ਹ ਗਿਆ ਸੀ ਅਤੇ ਉਸੇ ਕਰਕੇ ਉਨ੍ਹਾਂ ਨੂੰ ਕਾਬਲੀਅਤ ਹੋਣ ਦੇ ਬਾਵਜੂਦ ਪਰੂਫ ਰੀਡਰ ਤੋਂ ਸਬ ਐਡੀਟਰ ਬਣਨ ਲਈ ਲੰਮਾ ਸਮਾਂ ਸੰਘਰਸ਼ ਤੇ ਉਡੀਕ ਕਰਨੀ ਪਈ। ਇਸ ਖਿੱਚੋਤਾਣ ਅਤੇ ਅਦਾਰੇ ਦੀ ਮੁਲਾਜ਼ਮ ਯੂਨੀਅਨ ਦੀ ਸਿਆਸਤ ਦਾ ਪਰਛਾਵਾਂ ਮੇਰੇ ਉਪਰ ਵੀ ਪਿਆ। ਮੈਨੂੰ ਵੀ ਸਬ ਐਡੀਟਰ ਬਣਨ ਲਈ ਕਾਫੀ ਸੰਘਰਸ਼ ਕਰਨਾ ਪਿਆ।
ਪੰਜਾਬੀ ਟ੍ਰਿਬਿਊਨ ਦੀ ਸੇਵਾ ਤੋਂ ਹੁਣ ਰੁਖ਼ਸਤ ਹੋਣ ਦਾ ਫੈਸਲਾ ਮੈਂ ਆਪਣੀਆਂ ਕੁਝ ਨਿਜੀ ਤਰਜ਼ੀਹਾਂ ਕਾਰਨ ਲਿਆ ਹੈ। ਇਸ ਤੋਂ ਰੁਖਸਤ ਹੋਣ ਪਿਛੋਂ ਵੀ ਇਹ ਹਮੇਸ਼ਾਂ ਮਨ ਵਿਚ ਰਚਿਆ ਰਹੇਗਾ। ਰੱਬ ਕਰੇ ਪੰਜਾਬੀ ਟ੍ਰਿਬਿਊਨ ਦਾ ਮਿਆਰ ਨਾ ਸਿਰਫ ਬਣਿਆ ਹੀ ਰਹੇ ਸਗੋਂ ਹੋਰ ਵੀ ਉਚਾ ਹੋਵੇ।
Leave a Reply