ਬਲਜੀਤ ਬਾਸੀ
ਕਲਪਨਾ ਮਨੁਖੀ ਬੁਧੀ ਦੀ ਇਕ ਉਪਸ਼ਕਤੀ ਹੈ ਜਿਸ ਰਾਹੀਂ ਉਹ ਗਿਆਨ ਇੰਦਰੀਆਂ ਰਾਹੀਂ ਨਾ ਮਹਿਸੂਸ ਕੀਤੇ ਜਾਣ ਵਾਲੇ ਸੰਕਲਪਾਂ ਦੇ ਮਾਨਸਿਕ ਚਿੱਤਰ ਬਣਾ ਸਕਦਾ ਹੈ। ਕਲਪਨਾ ਵਿਚ ਮਨ ਨੂੰ ਵਿਸਤਾਰਨ ਦੀ ਸਮਰਥਾ ਹੈ। ਇਸ ਦੀ ਕੋਈ ਸੀਮਾ ਨਹੀਂ ਹੈ। ਹਰ ਮਨੁਖ ਵਿਚ ਘਟ ਜਾਂ ਵਧ ਇਸ ਦੀ ਮੌਜੂਦਗੀ ਹੈ। ਕਲਪਨਾ ਤੋਂ ਬਿਨਾ ਅਸੀਂ ਸ਼ਾਇਦ ਇਕ ਮਿੰਟ ਵੀ ਜਿਉਂਦੇ ਨਹੀਂ ਰਹਿ ਸਕਦੇ। ਕਵੀ, ਕਲਾਕਾਰ, ਲੇਖਕ ਕਲਪਨਾ ਤੋਂ ਬਿਨਾਂ ਸਿਫਰ ਹਨ। ਵਿਗਿਆਨੀ ਕਲਪਨਾ ਤੋਂ ਬਿਨਾ ਕੁਝ ਵੀ ਨਵਾਂ ਨਹੀਂ ਬਣਾ ਸਕਦੇ। ਸਾਰਾ ਧਰਮ ਕਪੋਲ ਕਲਪਨਾ ‘ਤੇ ਆਧਾਰਤ ਹੈ। ਮਨੁਖ ਨੇ ਸ੍ਰਿਸ਼ਟੀ ਦੀਆਂ ਸਭ ਚਾਲਕ ਪਰਾਸਰੀਰਕ ਸ਼ਕਤੀਆਂ ਦੀ ਕਲਪਨਾ ਕੀਤੀ ਤੇ ਇਸ ਨੂੰ ਯਥਾਰਥ ਮੰਨਿਆ। ਪਹਿਲਾਂ ਇਸ ਨੂੰ ਵਿਭਿੰਨ ਦੇਵਤਿਆਂ ਦੇ ਰੂਪ ਵਿਚ ਸੀਮਤ ਸ਼ਕਤੀ ਵਜੋਂ ਤੇ ਫਿਰ ਇਕ ਰੱਬ ਦੇ ਰੂਪ ਵਿਚ ਅਸੀਮ ਸ਼ਕਤੀ ਵਜੋਂ। ਹੋਰ ਤਾਂ ਹੋਰ ਕਈ ਧਾਰਮਕ ਵਿਸ਼ਵਾਸਾਂ ਅਨੁਸਾਰ ਇਸ ਦਾ ਕੋਈ ਰੰਗ, ਰੂਪ, ਰੇਖ-ਮੇਖ ਜਾਂ ਮਨੁਖੀ ਇੰਦਰੀਆਂ ਰਾਹੀਂ ਅਨੁਭਵ ਕੀਤੇ ਜਾਣ ਵਾਲਾ ਕੋਈ ਹੋਰ ਗੁਣ ਵੀ ਨਹੀਂ ਹੈ। ਕਲਪਨਾ ਸਾਨੂੰ ਵਿਰਸੇ ਵਿਚ ਮਿਲੀਆਂ ਸੀਮਾਵਾਂ ਤੋੜਨ ਦਾ ਬਲ ਬਖਸ਼ਦੀ ਹੈ। ਇਸ ਨਾਲ ਅਸੀਂ ਜ਼ਿੰਦਗੀ ਦੀਆਂ ਮਜਬੂਰੀਆਂ ਅਤੇ ਊਣਤਾਈਆਂ ਤੋਂ ਪਾਰ ਜਾ ਸਕਦੇ ਹਾਂ।
ਗੁਰਬਾਣੀ ਵਿਚ ਕਈ ਥਾਂਵਾਂ ‘ਤੇ ਕਲਪ ਸ਼ਬਦ ਕਾਮਨਾ ਦੇ ਅਰਥਾਂ ਵਿਚ ਆਇਆ ਹੈ, “ਅੰਤਰਿ ਕਲਪ ਭਵਾਈਐ ਜੋਨੀ॥” ਸਾਹਿਤਕ ਤੌਰ ‘ਤੇ ਕਲਪਨਾ ਸ਼ਬਦ ਆਮ ਤੌਰ ‘ਤੇ ਸਾਕਾਰਾਤਮਕ ਭਾਵਾਂ ਦਾ ਧਾਰਨੀ ਹੋ ਨਿਬੜਿਆ ਹੈ। ਪਰ ਬੋਲਚਾਲ ਵਿਚ ਤੇ ਰਵਾਇਤੀ ਤੌਰ ‘ਤੇ ਅਸੀਂ ਇਸ ਦੀ ਨਾਕਾਰਤਮਕ ਆਸ਼ੇ ਨਾਲ ਹੀ ਵਰਤੋਂ ਕਰਦੇ ਹਾਂ। ਜਿਹਾ ਕਿ ਕਲਪਾਉਣ ਜਾਂ ਮਨ ਕਲਪਾਉਣ ਉਕਤੀ ਦਾ ਭਾਵ ਮਨ ਨੂੰ ਪ੍ਰੇਸ਼ਾਨ ਕਰਨਾ, ਖਿਝਣਾ, ਤੜਪਣਾ, ਦੁਬਿਧਾ ਵਿਚ ਪੈਣਾ, ਦਲੀਲਬਾਜ਼ੀ, ਬਹਿਸ ਕਰਨਾ ਆਦਿ ਹੈ। ਮੌਤ ਦੇ ਪ੍ਰਸੰਗ ਵਿਚ ਭਗਤ ਕਬੀਰ ਦੇ ਸ਼ਬਦ ਸੁਣੋ, “ਕਾਲ ਕਲਪਨਾ ਕਦੇ ਨ ਖਾਇ॥ ਆਦਿ ਪੁਰਖ ਮਹਿ ਰਹੈ ਸਮਾਇ॥” ਅਰਥਾਤ ਜੋ ਪਰਮਾਤਮਾ ਵਿਚ ਲੀਨ ਰਹਿੰਦਾ ਹੈ ਉਸ ਨੂੰ ਮੌਤ ਦਾ ਭੈਅ ਸਤਾਉਂਦਾ ਨਹੀਂ। ਇਸੇ ਤਰ੍ਹਾਂ ਗੁਰੂ ਨਾਨਕ ਦੇਵ ਦੇ ਬਚਨ ਹਨ, “ਸਚ ਨਾਮੁ ਜ ਨਵ ਨਿਧਿ ਪਾਈ॥ ਰੋਵੇ ਪੂਤ ਨ ਕਲਪੇ ਮਾਈ॥”
ਇਹ ਕੀ ਭੇਤ ਹੈ ਕਿ ਇਕ ਪਾਸੇ ਤਾਂ ਕਲਪਨਾ ਸ਼ਬਦ ਕਲੇਸ਼ਾਂ ਤੋਂ ਮੁਕਤ ਮਾਨਸਿਕ ਉਡਾਰੀਆਂ ਦੇ ਅਰਥ ਦਿੰਦਾ ਹੈ ਤੇ ਦੂਜੇ ਪਾਸੇ ਮਨ ਨੂੰ ਖਿਝਾਉਣ ਦਾ ਅਰਥਾਵਾਂ ਬਣ ਜਾਂਦਾ ਹੈ? ਗੱਲ ਤਾਂ ਏਨੀ ਹੀ ਹੈ ਕਿ ਕਲਪਣ ਦੀ ਕ੍ਰਿਆ ਵਿਚ ਮਨ ਵਿਚ ਕੁਝ ਹਲਚਲ ਮਚਾਇਆ ਜਾਂਦਾ ਹੈ। ਕੋਈ ਗੱਲ ਮਨ ਵਿਚ ਜ਼ਰੂਰਤ ਤੋਂ ਵਧ ਰਿੜਕੀ ਜਾਵੇ ਤਾਂ ਉਹ ਮਨੁਖ ਨੂੰ ਪ੍ਰੇਸ਼ਾਨ ਹੀ ਕਰਦੀ ਹੈ। ਅਜਿਹੀ ਸਥਿਤੀ ਵਿਚ ਕਈ ਵਾਰੀ ਮਨੁਖ ਹਕੀਕਤ ਤੋਂ ਬਹੁਤ ਦੂਰ ਚਲੇ ਜਾਂਦਾ ਹੈ। ਸਭ ਤੋਂ ਵਧ ਲੁਭਾਉਂਦੀਆਂ ਕਵਿਤਾਵਾਂ ਸਭ ਤੋਂ ਵਧ ਉਦਾਸ ਕਰ ਦੇਣ ਵਾਲੀਆਂ ਹੁੰਦੀਆਂ ਹਨ। ਧਿਆਨ ਨਾਲ ਸੋਚੀਏ ਤਾਂ ਮਾਨਸਿਕ ਉਡਾਰੀ ਵੀ ਮਨ ਦੀ ਅਜਿਹੀ ਆਤਿਸ਼ ਕ੍ਰਿਆ ਹੀ ਹੈ। ਅਸਲ ਵਿਚ ਤਾਂ ਕਲਪਨਾ ਵਿਚ ਰੁੱਝਾ ਕਵੀ ਵੀ ਮਨ ਨੂੰ ਤਕਲੀਫ ਹੀ ਦੇ ਰਿਹਾ ਹੁੰਦਾ ਹੈ। ਅਸੀਂ ਕਲਪਨਾ ਸ਼ਕਤੀ ਵਰਤ ਕੇ ਮਨੁਖ ਲਈ ਲਾਭਵੰਦ ਕੰਮ ਵੀ ਲੈ ਸਕਦੇ ਹਾਂ। ਜੇ ਕਿਸੇ ਦਾ ਸਰੀਰ ਅਪੰਗ ਹੈ ਤਾਂ ਕਲਪਨਾ ਦੀ ਸ਼ਕਤੀ ਨਾਲ ਉਹ ਸਰੀਰ ਦੇ ਹੋਰ ਅੰਗਾਂ ਤੋਂ ਕੰਮ ਲੈ ਸਕਦਾ ਹੈ। ਸੋ ਕਲਪਨਾ ਦੇ ਦੋ ਭਾਵ ਇਕੋ ਸਥਿਤੀ ਦੇ ਸਿਧ ਪੁੱਠ ਹਨ। ਇਥੇ ਇਹ ਗੱਲ ਦੱਸਣਯੋਗ ਹੈ ਕਿ ਚਿੱਤ ਤੇ ਚਿੰਤਾ ਵਿਚ ਵੀ ਅਜਿਹਾ ਹੀ ਰਿਸ਼ਤਾ ਹੈ। ਚਿੱਤ ਬਾਹਰੀ ਦੁਨੀਆਂ ਦਾ ਮਾਨਸਕ ਚਿੱਤਰ ਹੈ। ਕਲਪਨਾ ਵਾਂਗ ਚਿੱਤ ਵੀ ਕਿਧਰ ਕਿਧਰ ਚਲੇ ਜਾਂਦਾ ਹੈ। ਤੇ ਚਿੰਤਾ ਇਸੇ ਦਾ ਮਾਨਸਕ ਕਲੇਸ਼। ਦੋਵੇਂ ਸ਼ਬਦ ਇਕੋ ਧਾਤੂ ਤੋਂ ਉਪਜੇ ਹਨ। ਮਨ ਦੀਆਂ ਬਹੁਤ ਸਾਰੀਆਂ ਵਿਪਰੀਤ ਭਾਵਨਾਵਾਂ ਲਈ ਇਕੋ ਧਾਤੂ ਵਾਲੇ ਸ਼ਬਦ ਹਨ। ਭਾਵੁਕ ਆਦਮੀ ਛੇਤੀ ਹੀ ਗਮਗੀਨ ਤੇ ਖੀਵਾ ਹੋ ਜਾਂਦਾ ਹੈ।
ਕਲਪਨਾ ਸ਼ਬਦ ਦਾ ਧਾਤੂ ‘ਕਲ੍ਰਪ’ ਹੈ ਜਿਸ ਵਿਚ ਕੱਟਣ, ਘੜਨ, ਬਣਾਉਣ, ਰਚਣ, ਨਿਰੂਪਣ ਕਰਨ ਦਾ ਭਾਵ ਹੈ। ਮਨ ਵਿਚ ਲਿਆਂਦੇ ਖਿਆਲਾਂ ਦੀ ਕ੍ਰਿਆ ਵਿਚ ਕੁਝ ਬਣਾਉਣ ਤੋਂ ਹੀ ਮੁਰਾਦ ਹੁੰਦੀ ਹੈ। ਇਸ ਦੇ ਮੁਖ ਅਰਥ ਕੱਟਣ ਤੋਂ ਕੱਪਣਾ ਸ਼ਬਦ ਬਣਿਆ। ਇਸੇ ਤੋਂ ਕਲਪਨੀ ਬਣਿਆ ਜੋ ਇਕ ਪ੍ਰਕਾਰ ਦਾ ਛੁਰਾ ਹੁੰਦਾ ਹੈ। ਕੋਈ ਚੀਜ਼ ਕੱਟ ਤਰਾਸ਼ ਕੇ ਹੀ ਬਣਾਈ ਜਾਂਦੀ ਹੈ। ਇਨ੍ਹਾਂ ਅਰਥਾਂ ਵਾਲੇ ਸ਼ਬਦ ਘੜਨ ਵੱਲ ਆਈਏ। ਮਨ ਪਤਾ ਨਹੀਂ ਕੀ ਭੰਨਦਾ ਘੜਦਾ ਰਹਿੰਦਾ ਹੈ। ਜਾਂ ਮਨ ਵਿਚ ਕਿੰਨੀ ਸਾਰੀ ਭੰਨ-ਘੜ ਹੁੰਦੀ ਰਹੀ ਹੈ। ਇਸੇ ਸ਼ਬਦ ਰਾਹੀਂ ਚੀਜ਼ਾਂ ਨੂੰ ਭੌਤਿਕ ਰੂਪ ਵਿਚ ਬਣਾਉਣ ਅਰਥਾਤ ਘੜਨ ਦਾ ਭਾਵ ਲੈਂਦੇ ਹਾਂ। ਘਾੜਤ ਸ਼ਬਦ ਜੁਗਤ ਦੇ ਅਰਥ ਵੀ ਦਿੰਦਾ ਹੈ। ਕਲਪ ਜਾਂ ਕਲਪਨਾ ਸ਼ਬਦ ਦੀ ਵੀ ਇਹੀ ਕਹਾਣੀ ਹੈ। ਇਸ ਵਿਚ ਕੱਟਣ ਤੋਂ ਬਣਾਉਣ ਦੇ ਭਾਵ ਆਏ। ਕਲਪਨਾ ਮਾਨਸਿਕ ਚਿੱਤਰ ਬਣਾਉਂਦੀ ਹੈ ਜਿਵੇਂ ਬੁੱਤ-ਘਾੜਾ ਬੁੱਤ ਬਣਾਉਂਦਾ ਹੈ। ਕਲਪਨਾ ਦੇ ਤਮਾਮ ਅਰਥਾਂ ਵਿਚੋਂ ਪਹਿਲਾ ਅਰਥ ਹੈ-ਵਿਹਾਰ ਵਿਚ ਲਿਆਉਣ ਯੋਗ, ਸਸ਼ਕਤ ਸੰਭਵ, ਮੁਮਕਿਨ। ਅਸਲ ਵਿਚ ਕਲਪਨਾ ਇਕ ਤਰ੍ਹਾਂ ਦੀ ਸੰਭਾਵਨਾ ਹੈ। ਕਲਪਨਾ ਹਮੇਸ਼ਾ ਇਕ ਦਾਇਰੇ ਵਿਚ ਸੀਮਤ ਹੁੰਦੀ ਹੈ। ਭਾਵੇਂ ਅਸੀਂ ਸ਼ੁਰੂ ਵਿਚ ਇਸ ਦੀ ਅਸੀਮਤਾ ਵੱਲ ਇਸ਼ਾਰਾ ਕੀਤਾ ਸੀ ਪਰ ਦਰਅਸਲ ਮਨੁਖ ਕਲਪਦਾ ਹੋਇਆ ਕੁਝ ਸਿਰਜਣ ਦੀ ਤਲਾਸ਼ ਵਿਚ ਹੁੰਦਾ ਹੈ ਜੋ ਉਸ ਦੀ ਪਕੜ ਵਿਚ ਆ ਜਾਵੇ। ਇਸ ਤੋਂ ਵਿਸਤਾਰ ਹੋ ਕੇ ਸ਼ਬਦ ਦਾ ਅਰਥ ਵਿਧੀ ਜਾਂ ਜੁਗਤ ਵੀ ਬਣ ਗਿਆ। ਇਸ ਤੋਂ ਬਣੇ ਸ਼ਬਦ ਵਿਕਲਪ ਵਿਚ ਇਕ ਹੋਰ ਜਾਂ ਵਿਪਰੀਤ ਸੰਭਾਵਨਾ ਵੱਲ ਇਸ਼ਾਰਾ ਹੈ। ਰਾਜਸੀ ਵਿਕਲਪ (ਵਿ+ਕਲਪ) ਦਾ ਮਤਲਬ ਹੈ-ਚਲੰਤ ਭਾਰੂ ਰਾਜਸੀ ਸ਼ਕਤੀ ਦੇ ਟਾਕਰੇ ਵੱਖਰੀ ਰਾਜਸੀ ਸੰਭਾਵਨਾ। ਸੰਕਲਪ ਦਾ ਮਤਲਬ ਹੈ, ਸੰਭਵ ਬਣਾਉਣ ਲਈ ਵਿਸ਼ੇਸ਼ ਜਤਨ ਜਾਂ ਇਰਾਦਾ, ਪ੍ਰਤਿਗਿਆ। ਸੰਕਲਪ ਦਾ ਅਜੋਕਾ ਅਰਥ ਯਾਨੀ ਫੁਰਨਾ, ਵਿਚਾਰ ਮਨੋਰਥ ਵੀ ਇਸੇ ਨਾਲ ਸਬੰਧਤ ਹੈ।
ਅਸੀਂ ਉਪਰ ਜ਼ਿਕਰ ਕੀਤਾ ਹੈ ਕਿ ਕਲਪ ਵਿਚ ਵਿਧੀ, ਵਿਧਾਨ ਜਾਂ ਜੁਗਤ ਦਾ ਭਾਵ ਵੀ ਹੈ। ਵੇਦ ਦੇ ਛੇ ਮੁਖ ਅੰਗਾਂ ਵਿਚੋਂ ਇਕ ਨੂੰ ਵੀ ਕਲਪ ਕਿਹਾ ਜਾਂਦਾ ਹੈ ਕਿਉਂਕਿ ਇਨ੍ਹਾਂ ਵਿਚ ਯੱਗ ਆਦਿ ਕਰਨ ਦੇ ਵਿਧਾਨ ਬਾਰੇ ਸੂਤਰ ਦਰਜ ਹਨ। ਵੈਦਕੀ ਅਨੁਸਾਰ ਰੋਗ ਨਿਵ੍ਰਿਤੀ ਦੇ ਇਕ ਉਪਚਾਰ ਜਾਂ ਜੁਗਤ ਨੂੰ ਵੀ ਕਲਪ ਕਹਿੰਦੇ ਹਨ। ਅਸੀਂ ਇਹ ਸ਼ਬਦ ਕੇਸ਼ ਕਲਪ, ਕਾਇਆ ਕਲਪ ਜਿਹੇ ਸ਼ਬਦ ਜੁੱਟਾਂ ਵਿਚ ਦੇਖ ਸਕਦੇ ਹਾਂ। ਹੋਰ ਤਾਂ ਹੋਰ ਕਲਪ ਦਾ ਇਕ ਅਰਥ ਸ਼ਰਾਬ ਵੀ ਹੈ। ਸ਼ਰਾਬ ਤੋਂ ਵੱਡਾ ਕਿਹੜਾ ਉਪਚਾਰ ਯਾਨਿ ਦਾਰੂ ਹੈ?
ਪੁਰਾਣਾਂ ਅਨੁਸਾਰ ਬ੍ਰਹਮਾ ਦੇ ਇਕ ਦਿਨ ਨੂੰ ਕਲਪ ਕਿਹਾ ਜਾਂਦਾ ਹੈ ਜਿਸ ਵਿਚ 14 ਮਨਵੰਤਰ ਜਾਣੋਂ 4320000000 ਸਾਲ ਹੁੰਦੇ ਹਨ। ਬ੍ਰਹਮਾ ਦੀ ਇਕ ਰਾਤ ਨੂੰ ਪਰਲੋ ਕਿਹਾ ਜਾਂਦਾ ਹੈ ਜਿਸ ਪਿਛੋ ਫਿਰ ਸ੍ਰਿਸ਼ਟੀ ਪੈਦਾ ਹੁੰਦੀ ਹੈ। ਰਿਕਾਰਡਾਂ ਬਾਰੇ ਗਿਨੀ ਦੀ ਪੁਸਤਕ ਵਿਚ ਕਾਲ ਦੀ ਇਸ ਇਕਾਈ ਨੂੰ ਸਭ ਤੋਂ ਵੱਡੀ ਮੰਨਿਆ ਗਿਆ ਹੈ। ਗਣਿਤ ਵਿਚ ਭਾਰਤ ਨੇ ਬਹੁਤ ਮਾਅਰਕੇ ਮਾਰੇ ਹਨ। ਇਕ ਮਿਥਿਹਾਸਕ ਦਰਖਤ ਦਾ ਨਾਂ ਕਲਪਬ੍ਰਿਛ ਹੈ ਜਿਸ ਨੂੰ ਕਲਪ ਵੀ ਕਹਿ ਦਿੱਤਾ ਜਾਂਦਾ ਹੈ। ਸਮੁੰਦਰ ਮੰਥਨ ਵਿਚੋਂ ਨਿਕਲੇ ਚੌਦਾਂ ਰਤਨਾਂ ਵਿਚੋਂ ਇਕ ਕਲਪ-ਬ੍ਰਿਛ ਵੀ ਸੀ ਜਿਸ ਨੂੰ ਇੰਦਰ ਨੇ ਹਥਿਆ ਕੇ ਨੰਦਨ ਬਾਗ ਵਿਚ ਲਾ ਦਿੱਤਾ। ਮਾਨਤਾ ਹੈ ਕਿ ਇਸ ਬ੍ਰਿਛ ਹੇਠਾਂ ਬੈਠ ਕੇ ਕੀਤੀ ‘ਕਾਮਨਾ’ ਪੂਰੀ ਹੋ ਜਾਂਦੀ ਹੈ। ਇਸ ਦੇ ਹੋਰ ਨਾਂ ਹਨ ਕਲਪ-ਦ੍ਰਮ, ਕਲਪ-ਰੁਖ, ਕਲਪਤਰ, ਸੁਰਤਰੂ, ਪਾਰਿਜਾਤ। ਗੁਰਬਾਣੀ ਵਿਚ ਕਲਪਤਰ ਸ਼ਬਦ ਦੀ ਪ੍ਰਤੀਕ ਵਜੋਂ ਵਰਤੋਂ ਹੋਈ ਹੈ। ਹਰਿਨਾਮ ਮਨੁੱਖ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਨ ਦੇ ਸਮਰਥ ਹੈ, “ਸਾਧਕ ਸਿਧ ਸਗਲ ਮੁਨਿ ਹਾਰੇ ਏਕ ਨਾਮ ਕਲਿਪ ਤਰ ਤਾਰੇ॥” -ਭਗਤ ਕਬੀਰ। ਭਗਤ ਤ੍ਰਿਲੋਚਨ ਨੇ ਵੀ ਇਸ ਸ਼ਬਦ ਦੀ ਵਰਤੋਂ ਕੀਤੀ ਹੈ, “ਅੰਮ੍ਰਿਤ ਸਸੀਅ ਧੇਨ ਲਛਿਮੀ ਕਲਪਤਰ ਸਿਖਰਿ ਸੁਨਾਗਰ ਨਦੀ ਚੇ ਨਾਥੰ।” ‘ਮੱਕੇ ਮਦੀਨੇ ਦੀ ਗੋਸਟਿ’ ਅਨੁਸਾਰ ਇਸ ਬ੍ਰਿਛ ਦਾ ਜਦ ਇਕ ਪੱਤਾ ਝੜਦਾ ਹੈ ਤਾਂ ਇਕ ਦਿਨ ਬਤੀਤ ਹੁੰਦਾ ਹੈ। ਸਾਰੇ ਪੱਤੇ ਝੜਨ ਨਾਲ ਮਹਾਕਲਪ ਵਾਪਰਦਾ ਹੈ। ਇਹੀ ਪਰਲੋ ਹੈ। ਰਾਗ ਸਾਰੰਗ ਵਿਚ ਗੁਰੂ ਨਾਨਕ ਨੇ ਕਿਹਾ ਹੈ, “ਹਰਿ ਬਿਨੁ ਕਿਉ ਧੀਰੈ ਮਨੁ ਮੇਰਾ॥ ਕੋਟਿ ਕਲਪ ਕੇ ਦੂਖ ਬਿਨਾਸਨ ਸਾਚੁ ਦ੍ਰਿੜਾਇ ਨਿਬੇਰਾ॥”
ਇਥੇ ਮੈਂ ਕਲਬੂਤ ਸ਼ਬਦ ਦਾ ਜ਼ਿਕਰ ਕਰਨਾ ਚਾਹੁੰਦਾ ਹਾਂ। ਕਲਬੂਤ ਲਕੜੀ ਦਾ ਉਹ ਢਾਂਚਾ ਹੁੰਦਾ ਹੈ ਜਿਸ ਉਪਰ ਚਮੜਾ ਚੜ੍ਹਾ ਕੇ ਜੁੱਤੀ ਜਾਂ ਕੋਈ ਹੋਰ ਚੀਜ਼ ਬਣਾਈ ਜਾਂਦੀ ਹੈ। ਸੱਚੇ ਦੇ ਸੰਕਲਪ ਤੋਂ ਇਸ ਦਾ ਅਰਥ ਸਰੀਰ ਵੀ ਵਿਕਸਿਤ ਹੋ ਗਿਆ। ਇਹ ਸ਼ਬਦ ਫਾਰਸੀ ਤੋਂ ਆਇਆ ਹੈ ਜਿਸ ਵਿਚ ਇਸ ਦਾ ਰੂਪ ਕਾਲਬੁਦ ਹੁੰਦਾ ਹੈ। ਗੁਰਬਾਣੀ ਵਿਚ ਇਹ ਢਾਂਚੇ ਦੇ ਅਰਥਾਂ ਵਿਚ ਆਉਂਦਾ ਹੈ, “ਕਾਲਬੂਤ ਕੀ ਹਸਤਨੀ ਮਨ ਬਉਰਾ ਰੇ ਚਲਤੁ ਰਚਿਓ ਜਗਦੀਸ॥” ਹਾਥੀ ਜੰਗਲ ਵਿਚੋਂ ਫੜਨ ਲਈ ਲੋਕ ਲੱਕੜੀ ਦਾ ਹਥਣੀ ਦਾ ਢਾਂਚਾ ਬਣਾ ਕੇ ਉਸ ਉਤੇ ਕਾਗ਼ਜ਼ ਲਾ ਕੇ ਕਿਤੇ ਟੋਏ ਉਤੇ ਖੜੀ ਕਰ ਦੇਂਦੇ ਹਨ। ਕਾਮ ਵਿਚ ਮਸਤਿਆ ਹਾਥੀ ਆ ਕੇ ਉਸ ਕਲਬੂਤ ਨੂੰ ਹਥਣੀ ਸਮਝ ਕੇ ਉਸ ਵਲ ਵਧਦਾ ਹੈ, ਪਰ ਟੋਏ ਵਿਚ ਡਿੱਗ ਪੈਂਦਾ ਹੈ ਤੇ ਫੜਿਆ ਜਾਂਦਾ ਹੈ। ਸੋ ਇਸ ਤੁਕ ਦਾ ਭਾਵ ਹੈ ਹੇ ਕਮਲੇ ਮਨਾ! ਇਹ ਜਗਤ ਪਰਮਾਤਮਾ ਨੇ ਜੀਵਾਂ ਨੂੰ ਰੁੱਝੇ ਰੱਖਣ ਲਈ ਇਕ ਖੇਡ ਬਣਾਈ ਹੈ, ਜਿਵੇਂ ਲੋਕ ਹਾਥੀ ਨੂੰ ਫੜਨ ਲਈ ਕਲਬੂਤ ਦੀ ਹਥਣੀ ਬਣਾਉਂਦੇ ਹਨ।
ਪ੍ਰਸਿਧ ਕੋਸ਼ਕਾਰ ਪਲੈਟਸ ਨੇ ਇਸ ਨੂੰ ਪਹਿਲਵੀ ਦੇ ‘ਕਲਬ’ ਸ਼ਬਦ ਤੋਂ ਨਿਰਮਿਤ ਹੋਇਆ ਦੱਸਿਆ ਹੈ। ਇਸ ਦਾ ਜ਼ੈਂਦ ਰੂਪ ‘ਕਰਪ’ ਹੋ ਜੋ ਚਰਚਿਤ ਸੰਸਕ੍ਰਿਤ ਸ਼ਬਦ ਕਲਪ ਦਾ ਹੀ ਸੁਜਾਤੀ ਹੈ। ਇਸੇ ਨਾਲ ਸਬੰਧਤ ਫਾਰਸੀ ਸ਼ਬਦ ਕਾਲਬ ਹੈ ਜਿਸ ਦਾ ਅਰਥ ਸੱਚਾ, ਢਾਂਚਾ, ਨਮੂਨਾ, ਕਲਬੂਤ ਅਤੇ ਹੋਰ ਵਿਸਤ੍ਰਿਤ ਅਰਥ ਤਨ, ਸਰੀਰ ਹੈ। ਅਸੀਂ ਇਸ ਨੂੰ ਮਕਾਨ ਦਾ ਲੈਂਟਰ ਪਾਉਣ ਸਮੇਂ ਸਹਾਰਾ ਦੇਣ ਲਈ ਬਣਾਏ ਲਕੜੀ ਆਦਿ ਦੇ ਕਾਲਬ ਦੇ ਰੂਪ ਵਿਚ ਜਾਣਦੇ ਹਾਂ। ਕੁਝ ਹਵਾਲਿਆਂ ਅਨੁਸਾਰ ਲਾਤੀਨੀ ਵਲੋਂ ਆਏ ਅੰਗਰੇਜ਼ੀ ਸ਼ਬਦ ਚੋਰਪੋਰਅਟe, ਚੋਰਪਰeਅਲ, ਚੋਰਪਸe, ਚੋਰਪੁਸ ਆਦਿ ਜਿਨ੍ਹਾਂ ਵਿਚ ਸਰੀਰ, ਤਨ ਦੇ ਭਾਵ ਸਮਾਏ ਹਨ, ਵੀ ਇਸ ਦੇ ਸੁਜਾਤੀ ਹਨ ਪਰ ਏਡੀ ਕਲਪਨਾ ਫਿਰ ਕਰਾਂਗੇ।
Leave a Reply