ਨਾਨਕ ਜੀਅ ਉਪਾਇ ਕੈ ਲਿਖਿ ਨਾਵੈ ਧਰਮੁ ਬਹਾਲਿਆ

ਡਾæ ਗੁਰਨਾਮ ਕੌਰ, ਕੈਨੇਡਾ
‘ਪੰਜਾਬ ਟਾਈਮਜ਼’ ਦੇ ਅੰਕ 50 ਵਿਚ ਮੇਜਰ ਕੁਲਾਰ ਬੋਪਾਰਾਏਕਲਾਂ ਦਾ ਲੇਖ ‘ਚਲੋ ਕੱਟੀਏ ਪਖੰਡਾਂ ਵਾਲੀ ਡੋਰ’ ਪੜ੍ਹਿਆ, ਜੋ ਉਸ ਅਨੁਸਾਰ ਇੱਕ ਸੱਚੀ ਘਟਨਾ ‘ਤੇ ਆਧਾਰਤ ਹੈ। ਅਜਿਹੇ ਕਿੱਸੇ ਸਾਡੇ ਸਮਾਜ ਵਿਚ ਆਮ ਹੀ ਵਾਪਰਦੇ ਰਹਿੰਦੇ ਹਨ। ਕਮਾਲ ਇਹ ਹੈ ਕਿ ਲੋਕਾਂ ਨੂੰ ਖੁਦ ਨੂੰ ਭਾਵੇਂ ਜੁੜਨ ਨਾ-ਜੁੜਨ ਪਰ ਇਨ੍ਹਾਂ ਬਾਬਿਆਂ ਨੂੰ ‘ਐਪਲ’ ਵਰਗੀਆਂ ਕੰਪਨੀਆਂ ਦੇ ਮਹਿੰਗੇ ਫੋਨ ਅਤੇ ਮਹਿੰਗੀਆਂ ਹੀ ਗੱਡੀਆਂ ਚਾਹੀਦੀਆਂ ਹਨ। ਇਸ ਨੂੰ ਉਚਿਤ ਇਹ ਕਹਿ ਕੇ ਦੱਸਦੇ ਹਨ ਕਿ ਉਹ ਕੌਮ ਦੇ ਪ੍ਰਚਾਰਕ ਹਨ।
ਅਨਪੜ੍ਹ, ਅੱਧਪੜ੍ਹ, ਪੜ੍ਹੇ-ਲਿਖੇ ਹਰ ਤਰ੍ਹਾਂ ਦੇ ਸਾਧ ਚੰਗੇ-ਭਲੇ ਲੋਕਾਂ ਨੂੰ ਕਿਸ ਤਰ੍ਹਾਂ ਮੂਰਖ ਬਣਾਈ ਜਾ ਰਹੇ ਹਨ ਅਤੇ ਦੋਹੀਂ ਹੱਥੀਂ ਧਨ ਇਕੱਠਾ ਕਰ ਰਹੇ ਹਨ, ਇਸ ‘ਤੇ ਹੈਰਾਨੀ ਹੁੰਦੀ ਹੈ। ਸਥਿਤੀ ਦਾ ਕਟਾਕਸ਼ ਇਹ ਵੀ ਹੈ ਕਿ ਮੂਰਖ ਬਣਨ ਵਾਲੇ ਅਜਿਹੇ ਲੋਕਾਂ ਵਿਚ ਚੰਗੇ ਭਲੇ ਪੜ੍ਹੇ-ਲਿਖੇ ਲੋਕ ਵੀ ਸ਼ਾਮਲ ਹਨ। ਹੈਰਾਨੀ ਇਸ ਕਰਕੇ ਵੀ ਹੁੰਦੀ ਹੈ ਕਿ ਇਸ ਇੱਕੀਵੀਂ ਸਦੀ ਵਿਚ ਵੀ, ਜਦੋਂ ਪੜ੍ਹੇ ਲਿਖੇ ਲੋਕਾਂ ਦੀ ਤਾਦਾਦ ਅਨਪੜ੍ਹਾਂ ਨਾਲੋਂ ਕਿਤੇ ਵੱਧ ਹੈ, ਲੋਕ ਡੇਰਿਆਂ ਵੱਲ ਭੱਜੇ ਜਾ ਰਹੇ ਹਨ ਜਦ ਕਿ ਪੱਛਮੀ ਵਿਦਵਾਨ ਵੀ ਗੁਰੂ ਗ੍ਰੰਥ ਸਾਹਿਬ ਨੁੰ ਭਵਿੱਖ ਦੇ ਸਮੁੱਚੇ ਜਗਤ ਦਾ ਧਰਮ ਗ੍ਰੰਥ ਹੋਣ ਦਾ ਦਰਜ਼ਾ ਦੇ ਚੁੱਕੇ ਹਨ। ਆਸਾ ਦੀ ਵਾਰ ਦੇ ਸਲੋਕਾਂ ਵਿਚ ਜਿੱਥੇ ਰਾਜਨੀਤਕ ਲੁੱਟ-ਖਸੁੱਟ ਅਤੇ ਧੱਕੇਸ਼ਾਹੀ, ਸਭਿਆਚਾਰਕ ਗ਼ੁਲਾਮੀ ਦਾ ਪਰਦਾ ਫਾਸ਼ ਕੀਤਾ ਹੈ ਉਥੇ ਧਾਰਮਕ ਪਖੰਡ ‘ਤੇ ਵੀ ਖੂਬ ਚਾਨਣਾ ਪਾਇਆ ਹੈ। ਮਨੁੱਖ ਨੂੰ ਵਾਰ ਵਾਰ ਸੁਚੇਤ ਕੀਤਾ ਹੈ ਕਿ ਉਸ ਨੇ ਰੱਬ ਸੱਚੇ ਨਾਲ ਸਿੱਧਾ ਰਾਬਤਾ ਕਿਵੇਂ ਕਾਇਮ ਕਰਨਾ ਹੈ। ਫਿਰ ਵੀ ਪੜ੍ਹੇ-ਲਿਖੇ ਅਤੇ ਸਮਾਜਿਕ ਤੌਰ ‘ਤੇ ਸਥਾਪਤ ਸਿੱਖ ਹੀ ਸਭ ਤੋਂ ਵੱਧ ਡੇਰਿਆਂ ‘ਤੇ ਜਾਂਦੇ ਹਨ।
ਆਸਾ ਦੀ ਵਾਰ ਦਾ ਵਿਸ਼ਲੇਸ਼ਣ ਕਰਦਿਆਂ ਪਿਛਲੇ ਲੇਖ ਵਿਚ ਗੱਲ ਗੁਰੂ ਅੰਗਦ ਦੇਵ ਦੇ ਉਸ ਸਲੋਕ ਤੇ ਖ਼ਤਮ ਹੋਈ ਸੀ ਜਿਸ ਵਿਚ ਉਨ੍ਹਾਂ ਨੇ ਇਸ ਸੰਸਾਰ ਦੀ ਰਚਨਾ ਨੁੰ ਉਸ ‘ਸਚੈ ਕੀ ਕੋਠੜੀ’ ਮੰਨਦੇ ਹੋਏ ਇਸ ਨੂੰ ਉਸ ਦੀ ਸੱਚੀ ਰਚਨਾ ਮੰਨਿਆ ਹੈ। ਮਨੁੱਖ ਨੂੰ ਸੱਚੇ ਦੇ ਗਿਆਨ ਦਾ ਸੰਚਾਰ ਕਰਨ ਲਈ ਆਮ ਪ੍ਰਚਲਿਤ ਬੋਲੀ ਅਤੇ ਰਵਾਇਤਾਂ ਵਿਚੋਂ ਬਹੁਤ ਸਾਰੇ ਬਿੰਬ, ਪ੍ਰਤੀਕ ਅਤੇ ਚਿੰਨ੍ਹਾਂ ਦੀ ਵਰਤੋਂ ਕੀਤੀ ਗਈ ਹੈ। ਇਸ ਤੋਂ ਅਗਲੀ ਪਉੜੀ ਵਿਚ ਗੁਰੂ ਨਾਨਕ ਸਾਹਿਬ ਇਸ ਸੰਸਾਰਕ ਰਚਨਾ ਦਾ ਸਤਿ ਸਮਝਾਉਣ ਲਈ ਪੁਰਾਤਨ ਪਰੰਪਰਾ ਵਿਚੋਂ ‘ਧਰਮਰਾਜ’ ਦਾ ਚਿੰਨ੍ਹ ਲੈਂਦੇ ਹਨ।
ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਿ ਉਸ ਅਕਾਲ ਪੁਰਖ ਨੇ ਇਸ ਸੰਸਾਰ ਦੀ ਰਚਨਾ ਕਰਕੇ ਇਸ ਵਿਚ ਜੀਵਾਂ ਨੂੰ ਪੈਦਾ ਕੀਤਾ ਹੈ ਅਤੇ ਉਨ੍ਹਾਂ ਦੇ ਕੀਤੇ ਚੰਗੇ ਅਤੇ ਮੰਦੇ ਦੋਹਾਂ ਤਰ੍ਹਾਂ ਦੇ ਕੰਮਾਂ ਦਾ ਲੇਖਾ ਰੱਖਣ ਵਾਸਤੇ ਧਰਮਰਾਜ ਬਿਠਾ ਦਿੱਤਾ ਜੋ ਹਰ ਕਰਮ ਦਾ ਹਿਸਾਬ ਰੱਖਦਾ ਹੈ। ਧਰਮਰਾਜ ਦੀ ਕਚਹਿਰੀ ਵਿਚ ਜੀਵਾਂ ਦੇ ਕਰਮਾਂ ਦਾ ਨਿਬੇੜਾ ਨਿਰੋਲ ਸੱਚ ‘ਤੇ ਆਧਾਰਤ ਹੁੰਦਾ ਹੈ। ਜਿਨ੍ਹਾਂ ਦੇ ਪੱਲੇ ਸੱਚ ਹੁੰਦਾ ਹੈ, ਉਨ੍ਹਾਂ ਨੂੰ ਸਤਿਕਾਰ ਅਤੇ ਆਦਰ ਪ੍ਰਾਪਤ ਹੁੰਦਾ ਹੈ। ਮਾੜੇ ਕੰਮ ਕਰਨ ਵਾਲਿਆਂ ਨੂੰ ਚੁਣ ਕੇ ਅਲੱਗ ਕੱਢ ਲਿਆ ਜਾਂਦਾ ਹੈ। ਝੂਠ ਬੋਲਣ ਅਤੇ ਠੱਗੀ ਕਰਨ ਵਾਲੇ ਲੋਕਾਂ ਨੂੰ ਉਸ ਦੇ ਦਰਬਾਰ ਵਿਚ ਕੋਈ ਟਿਕਾਣਾ ਪ੍ਰਾਪਤ ਨਹੀਂ ਹੁੰਦਾ ਅਤੇ ਅਜਿਹੇ ਲੋਕਾਂ ਦਾ ਮੂੰਹ ਕਾਲਾ ਕਰਕੇ ਉਨ੍ਹਾਂ ਨੂੰ ਦੋਜ਼ਖ ਵੱਲ ਧਕੇਲ ਦਿੱਤਾ ਜਾਂਦਾ ਹੈ। ਜਿਹੜੇ ਮਨੁੱਖ ਅਕਾਲ ਪੁਰਖ ਦੇ ਨਾਮ ਵਿਚ ਰੰਗੇ ਹੁੰਦੇ ਹਨ (ਨਾਮ ਵਿਚ ਰੰਗੇ ਹੋਣ ਦਾ ਅਰਥ ਹੈ ਚੰਗੇ ਗੁਣਾਂ ਦੇ ਧਾਰਨੀ ਹੋਣਾ ਅਤੇ ਸ਼ੁਭ ਕੰਮ ਕਰਨਾ) ਉਹ ਇਸ ਸੰਸਾਰ ਤੋਂ ਆਪਣੇ ਮਨੁੱਖ ਹੋਣ ਦੀ ਬਾਜ਼ੀ ਜਿੱਤ ਕੇ ਜਾਂਦੇ ਹਨ। ਠੱਗੀ ਮਾਰਨ ਵਾਲੇ ਮਨੁੱਖ ਆਪਣੇ ਸੰਸਾਰ ‘ਤੇ ਆਉਣ ਦੀ ਬਾਜ਼ੀ ਹਾਰ ਕੇ ਜਾਂਦੇ ਹਨ,
ਨਾਨਕ ਜੀਅ ਉਪਾਇ ਕੈ
ਲਿਖਿ ਨਾਵੈ ਧਰਮੁ ਬਹਾਲਿਆ॥
ਓਥੈ ਸਚੇ ਹੀ ਸਚਿ ਨਿਬੜੈ
ਚੁਣਿ ਵਖਿ ਕਢੇ ਜਜਮਾਲਿਆ॥ (ਪੰਨਾ 463)
ਅਕਾਲ ਪੁਰਖ ਵੱਲੋਂ ਕੀਤੀ ਕੁਦਰਤ ਦੀ ਇਹ ਰੰਗ-ਬਿਰੰਗੀ ਰਚਨਾ ਮਨੁੱਖ ਅੰਦਰ ਇੱਕ ਅਨੋਖੀ ਕਿਸਮ ਦਾ ਹੁਲਾਸ ਅਤੇ ਅਨੰਦ ਪੈਦਾ ਕਰਦੀ ਹੈ ਜਿਸ ਨੂੰ ਗੁਰੂ ਨਾਨਕ ਨੇ ‘ਵਿਸਮਾਦ’ ਦਾ ਨਾਮ ਦਿੱਤਾ ਹੈ। ਪਰ ਉਸ ਦੇ ਇਸ ਚੋਜ ਨੂੰ ਬੁੱਝਦਾ ਕੋਈ ਵਿਰਲਾ ਹੀ ਹੈ ਜਿਸ ਦੇ ਭਾਗ ਚੰਗੇ ਹੁੰਦੇ ਹਨ, ਜਿਸ ‘ਤੇ ਅਕਾਲ ਪੁਰਖ ਦੀ ਮਿਹਰ ਹੁੰਦੀ ਹੈ। ਗੁਰੂ ਨਾਨਕ ਉਸ ਦੀ ਰਚਨਾ ਦਾ ਬਿਆਨ ਕਰਦੇ ਹਨ ਕਿ ਰੱਬ ਦੀ ਇਸ ਵਿਸਮਾਦੀ ਕੁਦਰਤ ਨੂੰ ਪੂਰੇ ਭਾਗਾਂ ਨਾਲ ਹੀ ਸਮਝਿਆ ਜਾ ਸਕਦਾ ਹੈ, ਜਿਸ ਨੂੰ ਦੇਖ ਕੇ ਮਨ ਵਿਚ ਅਨੋਖੀ ਕਿਸਮ ਦਾ ਅਨੁਭਵ ਹੁੰਦਾ ਹੈ। ਅਨੇਕ ਕਿਸਮ ਦੇ ਰਾਗ (ਨਾਦ), ਧਰਮ ਪੁਸਤਕ (ਵੇਦ), ਅਣਗਿਣਤ ਜੀਵ ਅਤੇ ਜੀਵਾਂ ਦੀਆਂ ਅਨੇਕਾਂ ਕਿਸਮਾਂ; ਜੀਵਾਂ ਅਤੇ ਹੋਰ ਪਦਾਰਥਾਂ ਦੇ ਅਨੇਕਾਂ ਰੂਪ ਅਤੇ ਰੰਗ ਦੇਖ ਕੇ ਮਨ ਵਿਸਮਾਦ ਵਿਚ ਆ ਜਾਂਦਾ ਹੈ। ਕਈ ਜੀਵ ਨੰਗੇ ਫਿਰ ਰਹੇ ਹਨ, ਅਕਾਲ ਪੁਰਖ ਦੀ ਅਨੇਕ ਕਿਸਮ ਦੀ ਰਚਨਾ ਜਿਵੇਂ ਕਿਧਰੇ ਹਵਾ ਹੈ, ਕਿਧਰੇ ਪਾਣੀ ਹੈ, ਕਿਧਰੇ ਕਈ ਅਗਨੀਆਂ ਅਨੇਕ ਕਿਸਮ ਦੀਆਂ ਅਚਰਜ ਖੇਡਾਂ ਖੇਡ ਰਹੀਆਂ ਹਨ। ਧਰਤੀ ਅਤੇ ਧਰਤੀ ‘ਤੇ ਜੀਵਾਂ ਦੀ ਉਤਪਤੀ ਦੀਆਂ ਚਾਰ ਖਾਣੀਆਂ-ਕੁਦਰਤ ਦੀ ਇਹ ਸਾਰੀ ਉਤਪਤੀ ਮਨੁੱਖ ਅੰਦਰ ਵਿਸਮਾਦ ਪੈਦਾ ਕਰਦੀ ਹੈ। ਕੁਦਰਤ ਦੇ ਜੀਵ ਅਤੇ ਉਨ੍ਹਾਂ ਦੇ ਵੱਖਰੇ ਵੱਖਰੇ ਪਦਾਰਥਾਂ ਦੇ ਸੁਆਦ ਵਿਚ ਲੱਗੇ ਹੋਣਾ; ਕਿਤੇ ਜੀਵਾਂ ਦਾ ਮੇਲ ਹੋ ਰਿਹਾ ਹੈ ਅਤੇ ਕਿਧਰੇ ਉਹ ਆਪਸ ਵਿਚ ਵਿਛੜ ਰਹੇ ਹਨ, ਕਿਤੇ ਭੁੱਖ ਸਤਾ ਰਹੀ ਹੈ ਅਤੇ ਕਿਤੇ ਅਨੇਕ ਪਦਾਰਥ ਭੋਗੇ ਜਾ ਰਹੇ ਹਨ ਅਰਥਾਤ ਪਰਵਦਗਾਰ ਨੇ ਇਸ ਸੰਸਾਰ ਨੁੰ ਬਹੁਤ ਰੰਗਾਂ ਵਿਚ ਰਚਿਆ ਹੈ, ਇਹ ਦੁਨੀਆਂ ਬਹੁਤ ਵਿਚਿੱਤਰ ਹੈ। ਕਿਸੇ ਪਾਸੇ ਉਸ ਦੀ ਜੋ ਸਭ ਦਾ ਮਾਲਕ ਹੈ ਸਿਫਤ-ਸਾਲਾਹ ਹੋ ਰਹੀ ਹੈ, ਕਿਤੇ ਔਝੜ ਹੈ ਅਤੇ ਕਿਤੇ ਰਸਤੇ ਦਿਖਾਈ ਦੇ ਰਹੇ ਹਨ।
ਪਰਮਾਤਮਾ ਦੀ ਇਹ ਅਸਚਰਜ ਖੇਡ ਦੇਖ ਕੇ ਮਨ ਵਿਚ ਹੈਰਾਨੀ ਭਰਿਆ ਜਜ਼ਬਾ ਪੈਦਾ ਹੁੰਦਾ ਹੈ। ਕੋਈ ਕਹਿੰਦਾ ਹੈ ਕਿ ਰੱਬ ਨੇੜੇ ਹੀ ਵੱਸਦਾ ਹੈ ਅਤੇ ਕੋਈ ਸਮਝਦਾ ਹੈ ਕਿ ਉਹ ਬਹੁਤ ਦੂਰ ਹੈ। ਕਈ ਕਹਿੰਦੇ ਹਨ ਕਿ ਉਹ ਹਰ ਥਾਂ ਵਿਆਪਕ ਹੋ ਕੇ ਆਪਣੀ ਇਸ ਰਚਨਾ ਦੀ ਸੰਭਾਲ ਕਰ ਰਿਹਾ ਹੈ। ਉਸ ਦੇ ਰਚੇ ਇਸ ਅਨੋਖੇ ਕੌਤਕ ਨੂੰ ਦੇਖ ਕੇ ਮਨ ਵਿਸਮਾਦ ਵਿਚ ਆ ਜਾਂਦਾ ਹੈ। ਪਰ ਕੁਦਰਤ ਦੇ ਉਸ ਕਾਦਰ ਦੇ ਇਸ ਇਲਾਹੀ ਤਮਾਸ਼ੇ ਨੂੰ ਵੱਡੇ ਭਾਗਾਂ ਨਾਲ ਹੀ ਸਮਝਿਆ ਜਾ ਸਕਦਾ ਹੈ,
ਵਿਸਮਾਦੁ ਨਾਦ ਵਿਸਮਾਦੁ ਵੇਦ॥
ਵਿਸਮਾਦੁ ਜੀਅ ਵਿਸਮਾਦੁ ਭੇਦ॥
ਵਿਸਮਾਦੁ ਰੂਪ ਵਿਸਮਾਦੁ ਰੰਗ॥
ਵਿਸਮਾਦੁ ਨਾਗੇ ਫਿਰਹਿ ਜੰਤ॥ (ਪੰਨਾ 463)
ਉਸ ਪਰਮਾਤਮਾ ਦੀ ਰਚਨਾ ਪ੍ਰਤੀ ਵਿਸਮਾਦ ਦਾ ਅਹਿਸਾਸ ਜਗਾ ਕੇ ਗੁਰੂ ਨਾਨਕ ਉਸ ਦੀ ਕੁਦਰਤ ਰਾਹੀਂ ਮਨੁੱਖ ਨੂੰ ਉਸ ਕਾਦਰ ਨਾਲ ਜੁੜਨ ਦਾ ਅਹਿਸਾਸ ਜਗਾ ਰਹੇ ਹਨ। ਇਸੇ ਨੂੰ ਜਾਰੀ ਰੱਖਦੇ ਹੋਏ ਅਗਲੇ ਸਲੋਕ ਵਿਚ ਵੀ ਉਸ ਦੀ ਕੁਦਰਤ ਦਾ ਬਿਆਨ ਕਰ ਰਹੇ ਹਨ ਕਿ ਇਸ ਸੰਸਾਰ ਵਿਚ ਜੋ ਕੁਝ ਵੀ ਨਜ਼ਰ ਆ ਰਿਹਾ ਹੈ ਤੇ ਜੋ ਕੁਝ ਵੀ ਸੁਣਿਆ ਜਾ ਰਿਹਾ ਹੈ ਸਭ ਉਸ ਅਕਾਲ ਪੁਰਖ ਦੀ ਸਿਰਜਣਾ (ਕੁਦਰਤ) ਹੈ, ਉਸ ਦੀ ਕਲਾ ਹੈ; ਇਹ ਭਉ ਜੋ ਸਾਰੇ ਸੁਖਾਂ ਦਾ ਮੂਲ ਹੈ ਇਹ ਸਭ ਉਸ ਦੀ ਕੁਦਰਤ ਹੈ। ਪਤਾਲਾਂ ਅਤੇ ਆਕਾਸ਼ ਵਿਚ ਹਰ ਥਾਂ ਉਸ ਦੀ ਕੁਦਰਤ ਵਰਤ ਰਹੀ ਹੈ। ਇਹ ਸਾਰਾ ਦਿਸਦਾ ਸੰਸਾਰ ਉਸ ਦੀ ਅਨੋਖੀ ਖੇਡ ਹੈ। ਧਰਮ ਗ੍ਰੰਥ ਜਿਵੇਂ ਵੇਦ, ਪੁਰਾਣ, ਕਤੇਬਾਂ (ਸਾਮੀ ਧਰਮ ਗ੍ਰੰਥ ਬਾਈਬਲ ਅਤੇ ਕੁਰਾਨ ਸ਼ਰੀਫ), ਸਾਰੀ ਵਿਚਾਰ-ਸਤਾ, ਜੀਵਾਂ ਦਾ ਖਾਣ, ਪੀਣ, ਪਹਿਨਣ ਆਦਿ ਦਾ ਕਾਰ-ਵਿਹਾਰ, ਸੰਸਾਰ ਵਿਚ ਪ੍ਰੇਮ ਦਾ ਜਜ਼ਬਾ-ਸਭ ਉਸ ਅਕਾਲ ਪੁਰਖ ਦੀ ਸਿਰਜਣਾ ਹੈ।
ਜਾਤਾਂ ਵਿਚ, ਜਿਨਸਾਂ ਵਿਚ, ਰੰਗਾਂ ਵਿਚ, ਸੰਸਾਰ ਦੇ ਜੀਵਾਂ ਵਿਚ ਹਰ ਥਾਂ ਉਸ ਅਕਾਲ ਪੁਰਖ ਦੀ ਕੁਦਰਤ ਵਰਤ ਰਹੀ ਹੈ। ਸੰਸਾਰ ਵਿਚ ਕਿਧਰੇ ਭਲਾਈ ਦੇ ਕੰਮ ਹੋ ਰਹੇ ਹਨ, ਕਿਧਰੇ ਵਿਕਾਰ ਹਨ, ਕਿਤੇ ਕਿਸੇ ਦਾ ਸਤਿਕਾਰ ਹੋ ਰਿਹਾ ਹੈ ਅਤੇ ਕਿਤੇ ਅਹੰਕਾਰ ਵਰਤ ਰਿਹਾ ਹੈ। ਇਹ ਸਭ ਉਸ ਪਰਮਾਤਮਾ ਦੀ ਰਚੀ ਹੋਈ ਖੇਡ ਹੈ। ਹਵਾ, ਪਾਣੀ, ਮਿੱਟੀ ਆਦਿ ਕੁਦਰਤੀ ਤੱਤ-ਇਹ ਸਭ ਪਰਮਾਤਮਾ ਦਾ ਕੌਤਕ ਹੈ। ਇਸ ਦਾ ਅਰਥ ਹੈ ਕਿ ਹਰ ਇੱਕ ਥਾਂ ਤੇ ਹਰ ਰਚਨਾ ਵਿਚ ਉਸ ਦੀ ਕਲਾ ਵਰਤ ਰਹੀ ਹੈ, ਸਭ ਉਸ ਦੀ ਕੁਦਰਤ ਹੈ। ਉਹ ਇਸ ਦਾ ਕਾਦਰ ਅਰਥਾਤ ਘੜਨ ਵਾਲਾ ਮਾਲਕ ਹੈ, ਇਸ ਸਾਰੀ ਖੇਡ ਦਾ ਰਚਣਹਾਰਾ ਹੈ। ਉਸ ਦੀ ਵਡਿਆਈ ਪਵਿੱਤਰ ਹੈ, ਸੁੱਚੀ ਹੈ ਅਤੇ ਉਹ ਆਪ ਵੀ ਪਵਿੱਤਰ ਅਤੇ ਉਚੀ ਹਸਤੀ ਹੈ। ਇਹ ਸਭ ਕੁਝ ਉਸ ਦੇ ਹੁਕਮ ਵਿਚ ਵਾਪਰ ਰਿਹਾ ਹੈ ਅਤੇ ਆਪਣੇ ਹੁਕਮ ਰਾਹੀਂ ਉਹ ਸਭ ਦੀ ਸੰਭਾਲ ਕਰ ਰਿਹਾ ਹੈ ਅਤੇ ਹਰ ਥਾਂ ਵਿਆਪਕ ਹੈ,
ਕੁਦਰਤਿ ਦਿਸੈ ਕੁਦਰਤਿ ਸੁਣੀਐ
ਕੁਦਰਤਿ ਭਉ ਸੁਖ ਸਾਰੁ॥
ਕੁਦਰਤਿ ਪਾਤਾਲੀ ਆਕਾਸੀ
ਕੁਦਰਤਿ ਸਰਬ ਆਕਾਰੁ॥
ਕੁਦਰਤਿ ਵੇਦ ਪੁਰਾਣ ਕਤੇਬਾ
ਕੁਦਰਤਿ ਸਰਬ ਵੀਚਾਰੁ॥ (ਪੰਨਾ 464)
ਕੁਦਰਤ ਦੀ ਰਚਨਾ ਕਾਦਰ ਆਪਣੇ ਆਪ ਤੋਂ ਕਰਦਾ ਹੈ। ਇਸ ਲਈ ਉਹ ਆਪਣੀ ਕੁਦਰਤ ਵਿਚ ਆਪ ਹੀ ਵਾਪਰ ਰਿਹਾ ਹੈ। ਉਪਰਲੇ ਸਲੋਕ ਤੋਂ ਅਗਲੀ ਪਉੜੀ ਵਿਚ ਗੁਰੂ ਨਾਨਕ ਦੱਸਦੇ ਹਨ ਕਿ ਪਰਮਾਤਮਾ ਜੀਵ-ਆਤਮਾ ਦੇ ਰੂਪ ਵਿਚ ਇਸ ਸੰਸਾਰ ‘ਤੇ ਆ ਕੇ ਦੁਨੀਆਂ ਦੇ ਰੰਗ-ਤਮਾਸ਼ੇ ਮਾਣਦਾ ਹੈ ਅਤੇ ਜਦੋਂ ਜੀਵ-ਆਤਮਾ ਸਰੀਰ ਨੂੰ ਛੱਡ ਕੇ ਜਾਂਦੀ ਹੈ ਤਾਂ ਸਰੀਰ ਮਿੱਟੀ ਦੀ ਢੇਰੀ ਹੋ ਜਾਂਦਾ ਹੈ। ਦੁਨੀਆਂ ਦੇ ਧੰਦਿਆਂ ਵਿਚ ਫਸਿਆ ਹੋਇਆ ਜੀਵ ਜਦੋਂ ਮਰਦਾ ਹੈ ਤਾਂ ਮੌਤ ਉਸ ਨੂੰ ਅੱਗੇ ਲਾ ਤੁਰਦੀ ਹੈ ਅਰਥਾਤ ਜੀਵ ਸੰਸਾਰ ਨੂੰ ਛੱਡਣਾ ਨਹੀਂ ਚਾਹੁੰਦਾ ਪਰ ਉਸ ਨੂੰ ਮਜ਼ਬੂਰੀ ਵੱਸ ਇਹ ਸੰਸਾਰ ਛੱਡਣਾ ਪੈਂਦਾ ਹੈ।
ਦੂਸਰੀ ਪਉੜੀ ਵਿਚ ਗੁਰੂ ਨਾਨਕ ਸਾਹਿਬ ਨੇ ਦੱਸਿਆ ਸੀ ਕਿ ਧਰਮਰਾਜ ਮਨੁੱਖ ਦੇ ਕੰਮਾਂ ਦਾ ਲੇਖਾ-ਜੋਖਾ ਰੱਖਦਾ ਹੈ। ਉਸੇ ਖਿਆਲ ਦੀ ਨਿਰੰਤਰਤਾ ਵਿਚ ਦੱਸਦੇ ਹਨ ਕਿ ਅੱਗੇ ਜਾ ਕੇ ਅਕਾਲ ਪੁਰਖ ਦੀ ਕੀਤੀ ਸਿਫਤ-ਸਾਲਾਹ ਵਾਲੀ ਕਮਾਈ ਹੀ ਮਨਜ਼ੂਰ ਹੁੰਦੀ ਹੈ, ਕਬੂਲ ਪੈਂਦੀ ਹੈ। ਇਥੇ ਰੱਬ ਦੀ ਸਿਫਤ-ਸਾਲਾਹ ਤੋਂ ਭਾਵ ਹੈ, ਜਿਸ ਮਨੁੱਖ ਦੀ ਰਹਿਣੀ ਸੱਚੀ ਅਤੇ ਸੁੱਚੀ ਹੈ, ਉਸ ਦੀ ਕਮਾਈ ਹੀ ਕਬੂਲ ਹੋਣ ਯੋਗ ਹੈ। ਉਥੇ ਮਨੁੱਖ ਨੂੰ ਉਸ ਦੇ ਕੀਤੇ ਹੋਏ ਕਰਮਾਂ ਦਾ ਲੇਖਾ ਚੰਗੀ ਤਰ੍ਹਾਂ ਦੱਸ ਦਿੱਤਾ ਜਾਂਦਾ ਹੈ। ਜਿਹੜੇ ਮਨੁੱਖ ਮਾਇਆਵੀ ਲਾਲਚਾਂ ਵਿਚ ਫਸ ਕੇ ਮਾੜੇ ਕੰਮ ਕਰਦੇ ਹਨ, ਉਨ੍ਹਾਂ ਨੂੰ ਉਥੇ ਮਾਰ ਸਹਿਣੀ ਪੈਂਦੀ ਹੈ ਅਤੇ ਪਰਮਾਤਮਾ ਦੇ ਦਰ ‘ਤੇ ਆਸਰਾ ਨਹੀਂ ਮਿਲਦਾ, ਉਦੋਂ ਉਨ੍ਹਾਂ ਦੀ ਉਥੇ ਕੋਈ ਸੁਣਵਾਈ ਨਹੀਂ ਹੁੰਦੀ। ਇਸ ਤਰ੍ਹਾਂ ਬੇਸਮਝ ਮਨ ਆਪਣਾ ਇਹ ਕੀਮਤੀ ਮਨੁੱਖਾ ਜਨਮ ਅਜਾਈਂ ਗੁਆ ਲੈਂਦਾ ਹੈ,
ਆਪੀਨੈ ਭੋਗ ਭੋਗਿ ਕੈ ਹੋਇ
ਭਸਮੜਿ ਭਉਰੁ ਸਿਧਾਇਆ॥
ਵਡਾ ਹੋਆ ਦੁਨੀਦਾਰੁ
ਗਲਿ ਸੰਗਲੁ ਘਤਿ ਚਲਾਇਆ॥
ਅਗੈ ਕਰਣੀ ਕੀਰਤਿ ਵਾਚੀਐ
ਬਹਿ ਲੇਖਾ ਕਰਿ ਸਮਝਾਇਆ॥ (ਪੰਨਾ 464)
ਸਾਰੀ ਸ੍ਰਿਸ਼ਟੀ ਵਿਚ ਅਕਾਲ ਪੁਰਖ ਦਾ ਹੁਕਮ ਵਰਤ ਰਿਹਾ ਹੈ। ਇਸੇ ਤੱਥ ਨੂੰ ਗੁਰੂ ਨਾਨਕ ਅਗਲੇ ਸਲੋਕ ਵਿਚ ਦਰਸਾਉਂਦੇ ਹਨ ਕਿ ਹਵਾ ਸਦਾ ਹੀ ਅਕਾਲ ਪੁਰਖ ਦੇ ਭੈ ਵਿਚ ਚੱਲ ਰਹੀ ਹੈ, ਲੱਖਾਂ ਦਰਿਆ ਵੀ ਉਸੇ ਦੇ ਭੈ ਵਿਚ ਵੱਗ ਰਹੇ ਹਨ। ਅੱਗ ਜੋ ਸੇਵਾ ਕਰ ਰਹੀ ਹੈ, ਉਹ ਵੀ ਅਕਾਲ ਪੁਰਖ ਦੇ ਭੈ ਵਿਚ ਹੈ। ਸਾਰੀ ਧਰਤੀ ਅਕਾਲ ਪੁਰਖ ਦੇ ਭੈ ਵਿਚ ਸੰਸਾਰ ਦੇ ਭਾਰ ਹੇਠ ਦੱਬੀ ਹੋਈ ਹੈ। ਕਹਿਣ ਤੋਂ ਭਾਵ ਹੈ ਕਿ ਸਾਰੀ ਕਾਇਨਾਤ ਵਿਚ ਉਸ ਦਾ ਹੁਕਮ ਵਾਪਰ ਰਿਹਾ ਹੈ। ਇੰਦਰ ਰਾਜਾ ਜਿਸ ਨੂੰ ਮੀਂਹ ਪਾਉਣ ਵਾਲਾ ਦੇਵਤਾ ਵੀ ਮੰਨਿਆ ਗਿਆ ਹੈ, ਉਹ ਵੀ ਪਰਮਾਤਮਾ ਦੇ ਭੈ ਵਿਚ ਹੈ ਅਤੇ ਧਰਮਰਾਜ ਜਿਸ ਨੂੰ ਜੀਵਾਂ ਦੀ ਕਰਨੀ ਦਾ ਹਿਸਾਬ-ਕਿਤਾਬ ਰੱਖਣ ਵਾਲਾ ਮੰਨਦੇ ਹਨ, ਵੀ ਪਰਮਾਤਮਾ ਦੇ ਭੈ ਵਿਚ ਹੀ ਸਭ ਕਾਰਜ ਕਰ ਰਿਹਾ ਹੈ। ਸੂਰਜ ਅਤੇ ਚੰਦਰਮਾ-ਜਿਨ੍ਹਾਂ ਦੇ ਪੈਂਡੇ ਦਾ ਕਰੋੜਾਂ ਕੋਹ ਚੱਲਦਿਆਂ ਵੀ ਥਹੁ ਨਹੀਂ ਆਉਂਦਾ ਅਕਾਲ ਪੁਰਖ ਦੇ ਭੈ ਵਿਚ ਵਿਚਰ ਰਹੇ ਹਨ। ਸਿੱਧ, ਬੁੱਧ, ਦੇਵਤੇ ਨਾਥ ਸਭ ਅਕਾਲ ਪੁਰਖ ਦੇ ਭੈ ਵਿਚ ਹਨ (ਇਹ ਕੋਈ ਸੁਤੰਤਰ ਹਸਤੀਆਂ ਨਹੀਂ ਹਨ)। ਸੰਸਾਰ ਉਤੇ ਤਣਿਆ ਆਕਾਸ਼, ਵੱਡੇ ਵੱਡੇ ਜੋਧੇ, ਸੂਰਵੀਰ, ਪੂਰਾਂ ਦੇ ਪੂਰ ਜੀਵ ਜੋ ਸੰਸਾਰ ‘ਤੇ ਆਉਂਦੇ ਹਨ ਅਤੇ ਚਲੇ ਜਾਂਦੇ ਹਨ, ਸਭ ਉਸ ਕਾਦਰ ਦੇ ਭੈ ਵਿਚ ਹਨ। ਪਰਮਾਤਮਾ ਦਾ ਇਹ ਨਿਯਮ ਜੀਵਾਂ ਦੇ ਨਾਲ ਲਿਖਿਆ ਹੋਇਆ ਹੈ, ਕੋਈ ਵੀ ਇਸ ਤੋਂ ਬਾਹਰ ਨਹੀਂ ਹੈ,
ਭੈ ਵਿਚਿ ਪਵਣੁ ਵਹੈ ਸਦਵਾਉ॥
ਭੈ ਵਿਚਿ ਚਲਹਿ ਲਖ ਦਰੀਆਉ॥
ਭੈ ਵਿਚਿ ਅਗਨਿ ਕਢੈ ਵੇਗਾਰਿ॥
ਭੈ ਵਿਚਿ ਧਰਤੀ ਦਬੀ ਭਾਰਿ॥ (ਪੰਨਾ 464)
ਉਪਰੋਕਤ ਸਲੋਕ ਵਿਚ ਉਸ ਸਾਰੀ ਕਾਇਨਾਤ ਦਾ ਵਰਣਨ ਕੀਤਾ ਹੈ ਜੋ ਉਸ ਦੇ ਭੈ ਵਿਚ ਕਾਰਜਸ਼ੀਲ ਹੈ। ਇਸ ਤੋਂ ਅਗਲੇ ਸਲੋਕ ਵਿਚ ਉਸ ਅਕਾਲ ਪੁਰਖ ਦੇ ਇੱਕੋ-ਇੱਕ ਹਸਤੀ ਹੋਣ ਦਾ ਜ਼ਿਕਰ ਕੀਤਾ ਹੈ ਜੋ ਸਿਰਫ ਤੇ ਸਿਰਫ ਅਜਿਹੀ ਹਸਤੀ ਹੈ ਜੋ ਨਿਰਭਉ ਹੈ ਅਰਥਾਤ ਜਿਸ ਤੇ ਕਿਸੇ ਦਾ ਭੈ ਲਾਗੂ ਨਹੀਂ ਹੁੰਦਾ। ਹਿੰਦੂ ਧਰਮ ਵਿਚ ਅਵਤਾਰਾਂ ਨੂੰ ਖਾਸ ਕਰਕੇ ਵਿਸ਼ਨੂੰ ਦੇ ਅਵਤਾਰਾਂ ਨੂੰ ਸੁਤੰਤਰ ਹਸਤੀਆਂ ਜਾਂ ਇਉਂ ਕਹਿ ਲਈਏ ਕਿ ‘ਭਗਵਾਨ’ ਮੰਨਿਆ ਗਿਆ ਹੈ। ਗੁਰੂ ਨਾਨਕ ਉਨ੍ਹਾਂ ਦੇ ‘ਰੱਬ’ ਹੋਣ ਨੂੰ ਨਕਾਰਦੇ ਹਨ ਕਿਉਂਕਿ ਪਰਮਾਤਮਾ ਜਨਮਦਾ ਜਾਂ ਮਰਦਾ ਨਹੀਂ ਹੈ। ਗੁਰੂ ਨਾਨਕ ਫਰਮਾਉਂਦੇ ਹਨ ਕਿ ਇੱਕ ਨਿਰੰਕਾਰ ਹੀ ਭੈ ਰਹਿਤ ਹੈ, ਰਾਮਚੰਦਰ ਵਰਗੇ ਹੋਰ ਕਈ ਅਵਤਾਰ ਹੋਏ ਹਨ, ਅਕਾਲ ਪੁਰਖ ਸਾਹਮਣੇ ਉਨ੍ਹਾਂ ਦੀ ਹੋਂਦ ਤੁੱਛ ਹੈ। ਪਰਮਤਾਮਾ ਦੇ ਗਿਆਨ ਦੇ ਸਾਹਮਣੇ ਕ੍ਰਿਸ਼ਨ ਦੀਆਂ ਕਹਾਣੀਆਂ ਅਤੇ ਵੇਦਾਂ ਦੇ ਕਈ ਵਿਚਾਰ ਵੀ ਤੁੱਛ ਹਨ। ਉਸ ਦਾ ਗਿਆਨ ਪ੍ਰਾਪਤ ਕਰਨ ਲਈ ਕਈ ਮਨੁੱਖ ਮੰਗਤੇ ਬਣ ਕੇ ਨੱਚਦੇ ਹਨ ਤੇ ਕਈ ਤਰ੍ਹਾਂ ਦੇ ਤਾਲ ਪੂਰਦੇ ਹਨ, ਰਾਸਧਾਰੀਏ ਬਜ਼ਾਰਾਂ ਵਿਚ ਆ ਕੇ ਰਾਸ ਪਾਉਂਦੇ ਹਨ, ਰਾਜੇ ਰਾਣੀਆਂ ਦੇ ਵੇਸ ਬਣਾਉਂਦੇ ਹਨ ਅਤੇ ਕਈ ਤਰ੍ਹਾਂ ਦੇ ਬਚਨ ਬੋਲਦੇ ਹਨ, ਲੱਖਾਂ ਰੁਪਏ ਦੇ ਕੀਮਤੀ ਗਹਿਣੇ ਆਪਣੇ ਸਰੀਰ ‘ਤੇ ਪਾਉਂਦੇ ਹਨ ਪਰ ਜਿਸ ਸਰੀਰ ‘ਤੇ ਇਹ ਪਾਈਦੇ ਹਨ ਉਹ ਸਰੀਰ ਅੰਤ ਨੂੰ ਸੜ ਕੇ ਸੁਆਹ ਹੋ ਜਾਂਦੇ ਹਨ। ਕਹਿਣ ਤੋਂ ਭਾਵ ਹੈ ਕਿ ਇਸ ਤਰ੍ਹਾਂ ਗਿਆਨ ਪ੍ਰਾਪਤ ਨਹੀਂ ਹੁੰਦਾ। ਗਿਆਨ ਨਿਰੀਆਂ ਗੱਲਾਂ ਨਾਲ ਪ੍ਰਾਪਤ ਨਹੀਂ ਹੁੰਦਾ। ਗਿਆਨ ਦਾ ਬਿਆਨ ਕਰਨਾ ਉਸੇ ਤਰ੍ਹਾਂ ਕਰੜਾ ਹੈ ਜਿਵੇਂ ਲੋਹਾ। ਇਹ ਤਾਂ ਪ੍ਰਾਪਤ ਹੁੰਦਾ ਹੈ ਜੇ ਅਕਾਲ ਪੁਰਖ ਦੀ ਮਿਹਰ ਹੋਵੇ,
ਨਾਨਕ ਨਿਰਭਉ ਨਿਰੰਕਾਰੁ
ਹੋਰਿ ਕੇਤੇ ਰਾਮ ਰਵਾਲ॥
ਕੇਤੀਆ ਕੰਨ੍ਹ ਕਹਾਣੀਆਂ
ਕੇਤੇ ਬੇਦ ਬੀਚਾਰ॥
ਕੇਤੇ ਨਚਹਿ ਮੰਗਤੇ
ਗਿੜਿ ਮੁੜਿ ਪੂਰਹਿ ਤਾਲ॥
(ਪੰਨਾ 464)

Be the first to comment

Leave a Reply

Your email address will not be published.