ਸ਼ੇਰ-ਏ-ਪੰਜਾਬ ਦੇ ਰਾਜ ਪ੍ਰਬੰਧ ਬਾਰੇ ਅਹਿਮ ਦਸਤਾਵੇਜ਼ ਮਿਲੇ

ਚੰਡੀਗੜ੍ਹ: ਪੰਜਾਬ ਸਰਕਾਰ ਦੇ ਪੁਰਾਲੇਖ ਵਿਭਾਗ ਦੇ ਗੋਦਾਮ ਵਿਚ ਹੁਣ ਤੱਕ ਗੁੰਮਨਾਮ ਰਿਹਾ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ‘ਖ਼ਾਲਸਾ ਰਾਜ ਪ੍ਰਬੰਧ’ ਦਾ 200 ਸਾਲ ਪੁਰਾਣਾ ਦਫ਼ਤਰੀ ਰਿਕਾਰਡ ਮਿਲਿਆ ਹੈ। 1811 ਤੋਂ 1839 ਤੱਕ ਦਾ ਇਹ ਰਿਕਾਰਡ ਸ਼ੁੱਧ ਫ਼ਾਰਸੀ ਵਿਚ ਹੈ, ਸ਼ਾਇਦ ਇਸੇ ਕਾਰਨ ਤਕਰੀਬਨ ਸਾਢੇ ਤਿੰਨ ਹਜ਼ਾਰ ਜਿਲਦਾਂ ਵਿਚ ਦਰਜ ਇਹ ਰਿਕਾਰਡ ‘ਤੇ ਕਿਸੇ ਦੀ ਨਜ਼ਰ ਨਹੀਂ ਗਈ ਪਰ ਹੁਣ ਜਦੋਂ ਪੰਜਾਬ ਡਿਜ਼ੀਟਲ ਲਾਇਬ੍ਰੇਰੀ ਚੰਡੀਗੜ੍ਹ ਨੇ ਕੰਪਿਊਟਰੀਕਰਨ ਲਈ ਪੰਜਾਬ ਸਰਕਾਰ ਦੇ ਪੁਰਾਲੇਖ ਵਿਭਾਗ ਦਾ ਗੋਦਾਮ ਫਰੋਲਿਆ ਤਾਂ ਉਪਰੋਕਤ ਰਿਕਾਰਡ ਸਾਹਮਣੇ ਆਇਆ ਜੋ ‘ਖ਼ਾਲਸਾ ਦਰਬਾਰ ਰਿਕਾਰਡ’ ਸਿਰਲੇਖ ਹੇਠ ਹਜ਼ਾਰਾਂ ਜਿਲਦਾਂ ਦੇ ਰੂਪ ਵਿਚ ਹੈ।
ਇਸ ਵਿਚ ਖ਼ਾਲਸਾ ਰਾਜ ਦਾ ਪ੍ਰਸ਼ਾਸਕੀ/ਦਫ਼ਤਰੀ ਪ੍ਰਬੰਧ ਕਿਵੇਂ ਚੱਲਦਾ ਸੀ, ਕਿਵੇਂ ‘ਸਰਕਾਰ ਖ਼ਾਲਸਾ’ ਅਧੀਨ ਸੇਵਾਵਾਂ ਦੇਣ ਵਾਲੇ ਮੁਲਾਜ਼ਮਾਂ/ਅਧਿਕਾਰੀਆਂ ਨੂੰ ਤਨਖ਼ਾਹਾਂ ਦਿੱਤੀਆਂ ਜਾਂਦੀਆਂ ਸਨ, ਵਜ਼ੀਰ, ਉਨ੍ਹਾਂ ਦੇ ਸੇਵਾ ਨਿਯਮ, ਮਾਲੀਆ ਰਿਕਾਰਡ ਕਿਵੇਂ ਦਿਨ ਪ੍ਰਤੀ ਦਿਨ ਤਿਆਰ ਕੀਤਾ ਜਾਂਦਾ ਸੀ, ਖ਼ਾਲਸਾ ਫੌਜ ਵਿਚ ਭਰਤੀ ਦੇ ਨਿਯਮ, ਫੌਜ ਅਧਿਕਾਰੀਆਂ ਨੂੰ ਕਿਵੇਂ ਤਨਖ਼ਾਹਾਂ ਤੇ ਫੌਜ ਦਿੱਤੀ ਜਾਂਦੀ ਸੀ, ਜਗੀਰਾਂ, ਤੋਹਫ਼ੇ ਤੇ ਹੈਰਾਨ ਕਰ ਦੇਣ ਵਾਲੀਆਂ ਬੇਸ਼ੁਮਾਰ ਜਾਣਕਾਰੀਆਂ ਮੌਜੂਦ ਹਨ।
ਵਿਭਾਗ ਦੀ ਮੰਨੀਏ ਤਾਂ ਇਹ ਰਿਕਾਰਡ 1947 ਦੌਰਾਨ ਲਾਹੌਰ ਤੋਂ ਇਧਰ ਆ ਗਿਆ ਸੀ ਤੇ ਉਸ ਤੋਂ ਬਾਅਦ ਇਹ ਰਿਕਾਰਡ ਪੁਰਾਲੇਖ ਵਿਭਾਗ ਕੋਲ ਪਹੁੰਚ ਗਿਆ ਪਰ ਹੈਰਾਨੀਜਨਕ ਗੱਲ ਇਹ ਹੈ ਕਿ ਇਸ ਰਿਕਾਰਡ ਬਾਰੇ ਇਤਿਹਾਸਕਾਰਾਂ ਜਾਂ ਸ਼੍ਰੋਮਣੀ ਕਮੇਟੀ ਨੂੰ ਕੋਈ ਜਾਣਕਾਰੀ ਨਹੀਂ ਹੈ। ਇਸੇ ਕਾਰਨ ਇਸ ਰਿਕਾਰਡ ਦਾ ਕਿਸੇ ਨੇ ਅਧਿਐਨ ਨਹੀਂ ਕੀਤਾ। ਵਿਭਾਗ ਦੇ ਆਰਕਾਇਵਿਸਟ ਪਰਮਿੰਦਰ ਕੌਰ ਸੰਧੂ ਮੁਤਾਬਕ ਇਹ ਰਿਕਾਰਡ ਜਿਸ ਕਾਗ਼ਜ਼ ‘ਤੇ ਦਰਜ ਹੈ, ਉਹ ਕਾਗਜ਼ ਹੱਥੀਂ ਤਿਆਰ ਕੀਤਾ ਹੋਇਆ ਹੈ ਤੇ ਰਸਾਇਣ ਮੁਕਤ (ਐਸਿਡ ਫਰੀ) ਹੈ। ਇਸੇ ਕਾਰਨ 200 ਸਾਲ ਤੋਂ ਵੀ ਪੁਰਾਣਾ ਹੋਣ ਦੇ ਬਾਵਜੂਦ ਕਾਗਜ਼ ਦੀ ਹਾਲਤ ਦਰੁਸਤ ਹੈ।
ਇਕ ਜਿਲਦ ਵਿਚ ਮੌਜੂਦ ਕੁਝ ਅੰਸ਼ ਹਨ ਖ਼ਾਲਸਾ ਫੌਜ ਦੇ ਕਰਨਲ ਗੁਲਾਬ ਸਿੰਘ ਅਧੀਨ ਆਉਂਦੀ ਪਲਟਨ ਦੇ ਮੁਖੀ ਜਵਾਲਾ ਸਿੰਘ ਨੂੰ 928 ਸਿਪਾਹੀ ਤੇ ਪ੍ਰਤੀ ਮਹੀਨੇ 7915 ਤਨਖਾਹ, ਦੂਜੀ ਪਲਟਨ ਦੇ ਮੁਖੀ ਕਾਹਨ ਸਿੰਘ ਨੂੰ 884 ਸਿਪਾਹੀ ਦਿੱਤੇ ਗਏ ਹਨ ਤੇ 7638 ਪ੍ਰਤੀ ਮਹੀਨਾ ਤਨਖਾਹ ਲਾਈ ਗਈ ਹੈ। ਰਿਕਾਰਡ ਵਿਚ ਖ਼ਾਲਸਾ ਰਾਜ ਦੀਆਂ ਵਿੱਤੀ ਸਕੀਮਾਂ, ਮਹਾਰਾਜੇ ਦੇ ਤੋਸ਼ਾਖਾਨੇ, ਵਜ਼ੀਰਾਂ ਦੀਆਂ ਜ਼ਿੰਮੇਵਾਰੀਆਂ, ਜਮ੍ਹਾਂ-ਖਰਚ ਖਾਤੇ, ਮੁਲਾਜ਼ਮਾਂ ਦੇ ਸ਼ਿਕਵੇ-ਸ਼ਿਕਾਇਤਾਂ ਆਦਿ ਵਿਸਥਾਰ ਵਿਚ ਦਰਜ ਹਨ।
ਹਾਸਲ ਜਾਣਕਾਰੀ ਮੁਤਾਬਕ ਸ਼੍ਰੋਮਣੀ ਕਮੇਟੀ ਦਾ ਕੋਈ ਨਾ ਕੋਈ ਨੁਮਾਇੰਦਾ ਕਈ ਵਾਰ ਕਮੇਟੀ ਦੇ ਵਰ੍ਹਿਆਂ ਪੁਰਾਣੇ ਦਸਤਾਵੇਜ਼ ਆਦਿ ਹਾਸਲ ਕਰਨ ਲਈ ਵਿਭਾਗ ਨਾਲ ਸੰਪਰਕ ਕਰਦਾ ਰਿਹਾ ਹੈ ਪਰ ਉਪਰੋਕਤ ਰਿਕਾਰਡ ਬਾਰੇ ਕਮੇਟੀ ਦਾ ਵਿਭਾਗ ਨਾਲ ਕੋਈ ਰਾਬਤਾ ਨਹੀਂ ਹੋਇਆ। ਵਿਭਾਗ ਦੇ ਡਾਇਰੈਕਟਰ ਐਨæਪੀæ ਐਸ ਰੰਧਾਵਾ ਨੇ ਹੁਣ ਵਿਭਾਗ ਕੋਲ ਮੌਜੂਦ ਸੈਂਕੜੇ ਸਾਲ ਪੁਰਾਣੀਆਂ ਹੱਥ ਲਿਖਤਾਂ ਨੂੰ ਆਉਂਦੀਆਂ ਪੀੜ੍ਹੀਆਂ ਲਈ ਹਮੇਸ਼ਾਂ ਵਾਸਤੇ ਸੰਭਾਲ ਸਕਣ ਦੇ ਮਕਸਦ ਨਾਲ ਇਨ੍ਹਾਂ ਲਿਖਤਾਂ ਦੇ ਕੰਪਿਊਟ੍ਰੀਕਰਨ ਦਾ ਪ੍ਰਾਜੈਕਟ ਆਰੰਭ ਕਰਵਾਇਆ ਹੈ।
ਇਸ ਬਾਰੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਦਲਮੇਘ ਸਿੰਘ ਦਾ ਕਹਿਣਾ ਹੈ ਕਿ ਕਮੇਟੀ, ਵਿਭਾਗ ਤੋਂ ਉਪਰੋਕਤ ਰਿਕਾਰਡ ਹਾਸਲ ਕਰਕੇ ਸਿੱਖ ਰੈਫਰੈਂਸ ਲਾਇਬ੍ਰੇਰੀ ਵਿਚ ਰੱਖੇਗੀ ਤੇ ਫ਼ਾਰਸੀ ਦੇ ਇਸ ਰਿਕਾਰਡ ਦੇ ਯੂਨੀਵਰਸਿਟੀਆਂ ਦੇ ਵਿਦਵਾਨਾਂ ਤੋਂ ਅਧਿਐਨ ਕਰਾਉਣ ਦੇ ਯਤਨ ਕੀਤੇ ਜਾਣਗੇ।

Be the first to comment

Leave a Reply

Your email address will not be published.