ਹੁਣ ਮੈਂ ਚੌੜ ਨਹੀਂ ਕਰਦਾ

‘ਹੁਣ ਮੈਂ ਚੌੜ ਨਹੀਂ ਕਰਦਾ’ ਕਹਾਣੀ ਬੇਵਸੀ ਦਾ ਕੋਈ ਬਿਆਨ ਹੈ। ਇਸ ਬੇਵਸੀ ਵਿਚੋਂ ਹੀ ਦਰਦ ਦਾ ਉਛਲਦਾ ਦਰਿਆ ਕਦੋਂ ਵਹਿਣ ਲਗ ਪੈਂਦਾ ਹੈ, ਪਤਾ ਵੀ ਨਹੀਂ ਲਗਦਾ। ਇਸ ਦਰਦ ਦੀਆਂ ਚੀਸਾਂ ਚੁੱਪ-ਚੁਪੀਤੀਆਂ ਹੀ ਦਿਲ ਦੇ ਆਰ-ਪਾਰ ਲੰਘਦੀਆਂ ਜਾਪਣ ਲਗਦੀਆਂ ਹਨ। ਕਹਾਣੀ ਵਿਚ ਬਾਲ-ਮਨ ਨੂੰ ਬਹੁਤ ਬਾਰੀਕੀ ਨਾਲ ਫੜਿਆ ਗਿਆ ਹੈ। ਕਹਾਣੀ ਗੁੰਦਣ ਵੇਲੇ ਲੇਖਕ ਜਗਦੀਸ਼ ਕੌਸ਼ਲ ਨੇ ਪੂਰਾ ਕੌਸ਼ਲ ਨਿਭਾਇਆ ਹੈ। ਇੰਨੀ ਬੇਵਸੀ! ਕਿ ਕੰਧਾਂ ਵੀ ਰੋ ਪੈਣ! -ਸੰਪਾਦਕ
ਜਗਦੀਸ਼ ਕੌਸ਼ਲ
ਸਕੂਲ ਦੀ ਸੱਜੀ ਕੰਧ ਵਾਲੇ ਪਾਸੇ ਟਾਹਲੀ ਹੇਠਾਂ ਪੰਜਵੀਂ ਜਮਾਤ ਨੂੰ ਮਾਸਟਰ ਨੇ ਹਿਸਾਬ ਦੇ ਕੁਝ ਸੁਆਲ ਸਮਝਾਏ ਤੇ ਬਾਕੀ ਆਪੇ ਕਰਨ ਨੂੰ ਦੇ ਦਿੱਤੇ। ਇਸੇ ਜਮਾਤ ਦੇ ਸਿਆਣੇ ਵਿਦਿਆਰਥੀ ਹਰਦਿਆਲ ਨੂੰ ਉਹਨੇ ਗੇਟ ਤੋਂ ਬਰਾਂਡੇ ਤਕ ਦੇ ਸੱਤ-ਫੁੱਟੇ ਰਾਹ ਦੇ ਨਾਲ ਨਿੰਮ ਤੇ ਅੰਬ ਦੇ ਦਰਖ਼ਤ ਹੇਠ ਪਹਿਲੀ ਤੇ ਦੂਜੀ ਜਮਾਤ ਵੱਲ ਤੋਰ ਦਿੱਤਾ ਤਾਂ ਜੋ ਉਹ ਉਨ੍ਹਾਂ ਦੀ ਅੱਖਰਾਂ ਤੇ ਸ਼ਬਦ-ਜੋੜਾਂ ਦੀ, ਅੰਕਾਂ ਤੇ ਪਹਾੜਿਆਂ ਦੀ ਦੁਹਰਾਈ ਕਰਵਾਉਂਦਾ ਰਹੇ।
ਆਪ ਉਹ ਅਜੇ ਪੰਜਵੀਂ ਦੇ ਨਾਲ ਬੈਠੀ ਚੌਥੀ ਜਮਾਤ ਵੱਲ ਹੋਇਆ ਹੀ ਸੀ ਕਿ ਉਸ ਤੋਂ ਅੱਗੇ, ਦਫ਼ਤਰ ਵੱਲ ਪਿੱਪਲ ਹੇਠ ਬੈਠੀ ਤੀਜੀ ਜਮਾਤ ਦੇ ਦੋ ਬੱਚੇ ਆਪਸ ਵਿਚ ਝਗੜਦੇ ਹੋਏ ਉਹਦੇ ਕੋਲ ਆ ਗਏ। ਦੋਵੋਂ ਇਕ-ਦੂਜੇ ਤੋਂ ਅੱਗੇ ਵਧ ਕੇ ਸ਼ਿਕਾਇਤ ਕਰ ਰਹੇ ਸਨ,
“ਮਾਸ਼ਟਰ ਜੀ, ਆਹ ਦੇਖੋ ਜੀ, ਜੰਟੇ ਨੇ ਮੇਰੀ ਕਤਾਬ ਪਾੜ’ਤੀ ਜੀ!”
“ਮੈਂ ਨ੍ਹੀਂ ਪਾੜੀ ਜੀ। ਮੈਂ ਤਾਂ ਦੇਖਣ ਲੱਗਾ ਸੀ। ਇਹਨੇ ਖਿੱਚ ਲੀ, ਤਾਂ ਪਾਟਗੀ ਜੀ!”
“ਨਹੀਂ ਜੀ, ਇਹਨੇ ਜਾਣ ਕੇ ਪਾੜੀ ਐ ਜੀ!”
ਮਾਸਟਰ ਸਮਝ ਗਿਆ, ਕਸੂਰ ਕਿਸੇ ਦਾ ਕੋਈ ਖ਼ਾਸ ਨਹੀਂ ਸੀ। ਇਕ ਜਣਾ ਕਿਤਾਬ ਦੇਖਣੀ ਚਾਹੁੰਦਾ ਸੀ, ਦੂਜਾ ਦਿਖਾਉਣੀ ਨਹੀਂ ਸੀ ਚਾਹੁੰਦਾ। ਖੋਹ-ਖੁਹਾਈ ਵਿਚ ਇਕ ਵਰਕਾ ਥੋੜ੍ਹਾ ਜਿਹਾ ਪਾਟ ਗਿਆ ਸੀ। ਮਾਮੂਲੀ ਗੱਲ ਸਮਝ ਕੇ ਮਾਸਟਰ ਨੇ ਫ਼ੈਸਲਾ ਸੁਣਾ ਦਿੱਤਾ, “ਕੋਈ ਨਹੀਂ ਓਏ ਮੀਤਿਆ, ਜੰਟੇ ਨੂੰ ਵੀ ਨਾਲ ਪੜ੍ਹਾ ਲੈ। ਦੋਵੇਂ ਜਣੇ ਰਲ ਕੇ ਪੜ੍ਹ ਲੋ। ਜਾਓ, ਬੈਠੋ।”
ਤੇ ਉਹ ਵਿਗਿਆਨ ਦੀ ਕਿਤਾਬ ਲੈ ਕੇ ਚੌਥੀ ਜਮਾਤ ਨੂੰ ਸੰਬੋਧਤ ਹੋਇਆ, “ਹਾਂ ਬਈ, ਦੱਸੋ।”
ਪਰ ਮੀਤੇ ਦੀ ਕਿਤਾਬ ਪਾਟ ਗਈ ਸੀ। ਮਾਸਟਰ ਦੇ ਫ਼ੈਸਲੇ ਨਾਲ ਉਹਦੀ ਤਸੱਲੀ ਨਹੀਂ ਸੀ ਹੋਈ। ਵਾਪਸ ਆਪਣੀ ਥਾਂ ‘ਤੇ ਬੈਠਦਿਆਂ ਹੀ ਉਹਨੇ ਜੰਟੇ ਨੂੰ ਕਿਤਾਬ ਦਿਖਾਉਣ ਤੋਂ ਨਾਂਹ ਕਰ ਦਿੱਤੀ। ਜੰਟੇ ਨੇ ਖਿੱਚ-ਧੂਹ ਕੀਤੀ। ਦੋਵੇਂ ਘਸੁੰਨ-ਮੁੱਕੀ ਹੋ ਪਏ। ਕੇਸ ਫੇਰ ਮਾਸਟਰ ਕੋਲ ਆ ਗਿਆ। ਮਾਸਟਰ ਨੇ ਦੋਵਾਂ ਨੂੰ ਹੱਥ ਉਪਰ ਕਰ ਕੇ ਖੜ੍ਹੇ ਰਹਿਣ ਦੀ ਸਜ਼ਾ ਦੇ ਦਿੱਤੀ। ਆਪ ਉਹ ਫੇਰ ਚੌਥੀ ਜਮਾਤ ਨੂੰ ਸੰਬੋਧਤ ਹੋਇਆ, “ਹਾਂ ਬਈ, ਮੈਂ ਪੁੱਛ ਰਿਹਾ ਸਾਂ-ਸੂਰਜ ਧਰਤੀ ਦੁਆਲੇ ਘੁੰਮਦੈ ਕਿ ਧਰਤੀ ਸੂਰਜ ਦੁਆਲੇ?”
ਜਵਾਬ ਦੇਣ ਲਈ ਬੱਚਿਆਂ ਨੇ ਹੱਥ ਖੜ੍ਹੇ ਕੀਤੇ। ਮਾਸਟਰ ਨੇ ਦੇਖਿਆ, ਉਨ੍ਹਾਂ ਦੇ ਹਿਲਦੇ ਹੱਥਾਂ ਦੇ ਮੂਹਰੇ ਪਹਿਲੀ ਜਮਾਤ ਦਾ ਇਕ ਬੱਚਾ ਆ ਕੇ ਰੁਕਾਵਟ ਬਣ ਗਿਆ ਸੀ। ਬੱਚਾ ਸੱਜੇ ਹੱਥ ਦੀ ਚੀਚੀ ਉਂਗਲ ਖੜ੍ਹੀ ਕਰ ਕੇ ਪੁੱਛ ਰਿਹਾ ਸੀ, “ਮਾਸ਼ਟਰ ਜੀ, ਮੂਤ ਕਰਿਆਵਾਂ ਜੀ?”
ਮਾਸਟਰ ਦੀ ਧਰਤੀ ਤੇ ਸੂਰਜ ਦੀ ਬਾਤ ਫੇਰ ਰੁਕ ਗਈ। ਉਹਨੇ ਪਹਿਲੀ-ਦੂਜੀ ਨੂੰ ਸੰਭਾਲ ਰਹੇ ਮੁੰਡੇ ਨੂੰ ਆਵਾਜ਼ ਮਾਰੀ, “ਓਏ ਹਰਦਿਆਲ, ਓਏ ਐਹਨੂੰ ਮੇਰੇ ਕੋਲ ਕਾਹਤੋਂ ਘੱਲ ‘ਤਾ!”
ਹਰਦਿਆਲ ਨੇ ਵੀ ਦੂਰੋਂ ਹੀ ਉਚੀ ਦੇਣੇ ਉਤਰ ਮੋੜਿਆ, “ਮੈਂ ਨ੍ਹੀਂ ਜੀ ਘੱਲਿਆ! ਮੈਨੂੰ ਤਾਂ ਪਤਾ ਈ ਨ੍ਹੀਂ ਲੱਗਿਆ, ਕਦੋਂ ਥੋਡੇ ਕੋਲ ਆ ਗਿਆ!”
ਮਾਸਟਰ ਨੇ ਛੁੱਟੀ ਮੰਗਣ ਆਏ ਮੁੰਡੇ ਨੂੰ ਕਿਹਾ, “ਜਾਹ ਓਏ, ਭੱਜ ਜਾ। ਅੱਧੀ ਛੁੱਟੀ ਹੁਣੇ ਹੋ ਕੇ ਹਟੀ ਐ। ਅਜੇ ਕੋਈ ਛੁੱਟੀ ਛੱਟੀ ਨਹੀਂ ਮਿਲਣੀ। ਜਾਹ, ਬੈਠ ਜਾ ਕੇ!”
ਬੱਚੇ ਨੂੰ ਉਹਦੀ ਜਮਾਤ ਵੱਲ ਤੋਰ ਕੇ ਮਾਸਟਰ ਫੇਰ ਧਰਤੀ ਤੇ ਸੂਰਜ ਦੇ ਗੇੜਿਆਂ ਦੀ ਗੱਲ ਕਰਨ ਲੱਗਾ। ਕੁਝ ਮਿੰਟ ਹੀ ਬੀਤੇ ਸਨ ਕਿ ਹਰਦਿਆਲ ਨੇ ਆ ਕੇ ਟੋਕ ਦਿੱਤਾ, “ਮਾਸਟਰ ਜੀ, ਜੀਹਨੂੰ ਤੁਸੀਂ ਛੁੱਟੀ ਨ੍ਹੀਂ ਸੀ ਦਿੱਤੀ, ਉਹਨੇ ਕੱਛੇ ‘ਚ ਹੀ ਮੂਤ ‘ਤਾ ਜੀ।”
ਮਾਸਟਰ ਖਿਝ ਕੇ ਬੋਲਿਆ, “ਓਏ ਯਾਰ, ਕੁਸ਼ ਪੜ੍ਹਨ-ਪੜ੍ਹਾਉਣ ਵੀ ਦਿਓਂਗੇ ਕਿ ਨਹੀਂ!” ਤੇ ਫੇਰ ਕੁਝ ਸਹਿਜ ਹੋਣ ਦੀ ਕੋਸ਼ਿਸ਼ ਕਰਦਿਆਂ ਬੋਲਿਆ, “ਇਉਂ ਕਰ, ਉਹਨੂੰ ਬਸਤਾ ਚੁਕਾ ਕੇ ਘਰ ਭੇਜ ਦੇ।”
ਹਰਦਿਆਲ ਮੁੜ ਚੱਲਿਆ ਤਾਂ ਮਾਸਟਰ ਨੇ ਕੁਝ ਸੋਚ ਕੇ ਉਹਨੂੰ ਮੁੜੇ ਜਾਂਦੇ ਨੂੰ ਕਿਹਾ, “ਚੱਲ ਬੈਠਾ ਰਹਿਣ ਦੇ, ਐਨੀ ਦੂਰ ‘ਕੱਲਾ ਕਿਵੇਂ ਜਾਊਗਾ। ਐਨੀ ਧੁੱਪ ਪੈਂਦੀ ਐ। ਰਾਹ ‘ਚ ਛੱਪੜ ਐ, ਰੜਾ ਮੈਦਾਨ ਐ। ‘ਕੱਲੇ ਨੂੰ ਨਹੀਂ ਭੇਜਣਾ।”
“ਮੈਂ ਛੱਡਿਆਵਾਂ ਜੀ!” ਧਰਤੀ ਤੇ ਸੂਰਜ ਦੇ ਗੇੜ ਤੋਂ ਮੁਕਤੀ ਪ੍ਰਾਪਤ ਕਰਨ ਦੇ ਚਾਹਵਾਨ ਚੌਥੀ ਜਮਾਤ ਦੇ ਕੁਝ ਮੁੰਡੇ ਆਪਣੀਆਂ ਸੇਵਾਵਾਂ ਪੇਸ਼ ਕਰਨ ਲਈ ਹੱਥ ਹਿਲਾਉਣ ਲੱਗ ਪਏ। ਮਾਸਟਰ ਨੇ ਉਨ੍ਹਾਂ ਨੂੰ ਝਿੜਕਿਆ, “ਬੈਠੇ ਰਹੋ ਓਏ ਚੁੱਪ ਕਰ ਕੇ! ਆਏ ਵੱਡੇ ਸਮਾਜ ਸੇਵਕ! ਤੇ ਫੇਰ ਉਹਨੇ ਹਰਦਿਆਲ ਨੂੰ ਹਦਾਇਤ ਦਿੱਤੀ, “ਇਉਂ ਕਰ, ਉਹਨੂੰ ਮੂਤ ਕਰਨ ਭੇਜ ਦੇ। ਨਾਲੇ ਕਹੀਂ, ਹੱਥ-ਪੈਰ ਧੋ ਲਵੇ। ਕਿਸੇ ਵੱਡੇ ਮੁੰਡੇ ਨੂੰ ਨਾਲ ਭੇਜ ਦੇਈਂ।”
ਇੰਜ ਕਰਦਿਆਂ-ਕਰਾਉਂਦਿਆਂ, ਖਿੱਚ-ਧੂਹ ਕਰ ਕੇ ਮਾਸਟਰ ਨੇ ਚੌਥੀ ਜਮਾਤ ਦਾ ਪਾਠ ਪੂਰਾ ਕੀਤਾ। ਬੱਚਿਆਂ ਨੂੰ ਅਗਲਾ ਕੰਮ ਦੇ ਕੇ ਉਹਨੇ ਕੁਰਸੀ ਘੜੀਸੀ ਤੇ ਪਿੱਪਲ ਹੇਠ ਤੀਜੀ ਜਮਾਤ ਵੱਲ ਹੋ ਗਿਆ। ਤੀਜੀ ਜਮਾਤ ਨੇ ਵੀ ਵਿਗਿਆਨ ਦੀਆਂ ਕਿਤਾਬਾਂ ਕੱਢ ਲਈਆਂ। ਇਕ ਕਤਾਰ ਦੀ ਇਕ ਕੁੜੀ ਖੜ੍ਹੀ ਹੋ ਗਈ, “ਬੀਰ ਜੀ, ਐਧਰ ਧੁੱਪ ਆਗੀ ਜੀ। ਤੱਪੜ ਹੌਧਰ ਨੂੰ ਕਰਲੀਏ ਜੀ?”
“ਆਹੋ, ਕਰ ਲਉ।” ਮਾਸਟਰ ਨੇ ਇਜਾਜ਼ਤ ਦਿੱਤੀ।
ਬਜਾਏ ਇਸ ਦੇ ਕਿ ਕੁੜੀਆਂ ਵਾਲਾ ਤੱਪੜ ਧੁੱਪ ਵਾਲੇ ਪਾਸਿਉਂ ਚੁੱਕ ਕੇ ਛਾਂਵੇਂ ਵਿਛਾ ਦਿੱਤਾ ਜਾਂਦਾ, ਛਾਂ ਵਿਚ ਬੈਠੇ ਮੁੰਡੇ ਵੀ ਆਪਣੇ ਦੋ ਤੱਪੜ ਘੜੀਸਣ ਲੱਗ ਪਏ। ਘੜੀਸਾ-ਘੜਾਸੀ ਪਿੱਛੋਂ ਜਦੋਂ ਟਿਕਟਿਕਾ ਹੋ ਗਿਆ ਤਾਂ ਮਾਸਟਰ ਨੇ ਇਕ ਬੱਚੇ ਤੋਂ ਕਿਤਾਬ ਮੰਗੀ। ਬੱਚਾ ਕਿਤਾਬ ਦੇ ਹੀ ਰਿਹਾ ਸੀ ਕਿ ਚੌਥੀ ਜਮਾਤ ਦਾ ਇਕ ਮੁੰਡਾ ਸਮੱਸਿਆ ਲੈ ਕੇ ਆ ਗਿਆ। ਖੋਲ੍ਹੀ ਹੋਈ ਕਿਤਾਬ ਮਾਸਟਰ ਮੂਹਰੇ ਕਰ ਕੇ ਉਹਨੇ ਪੁੱਛਿਆ, “ਮਾਸਟਰ ਜੀ, ਆਹ ਗੱਲ ਨੀ ਜੀ ਪਤਾ ਲੱਗੀ, ਬਈ ਧਰਤੀ ਘੁਕੀ ਕਿਵੇਂ ਜਾਂਦੀ ਐ!
ਮਾਸਟਰ ਸ਼ਸ਼ੋਪੰਜ ਵਿਚ ਪੈ ਗਿਆ। ਉਹਨੂੰ ਸਮਝ ਨਾ ਆਈ ਕਿ ਮੁੰਡੇ ਨੂੰ ਕੀ ਜਵਾਬ ਦੇਵੇ ਪਰ ਜਵਾਬ ਤਾਂ ਕੋਈ ਦੇਣਾ ਹੀ ਸੀ। ਸੋ ਦਿੱਤਾ, “ਤੂੰ ਇਉਂ ਕਰ, ਅਜੇ ਆਪੇ ਸਮਝਣ ਦੀ ਕੋਸ਼ਿਸ਼ ਕਰ, ਜੇ ਸਮਝ ਨਾ ਆਵੇ ਤਾਂ ਗੁਰਪਾਲ ਜਾਂ ਨਿਰਮਲਾ ਨੂੰ ਪੁੱਛ ਲਈਂ। ਜੇ ਫੇਰ ਵੀ ਸਮਝ ਨਾ ਆਈ ਤਾਂ ਮੈਂ ਸਮਝਾਦੂੰ। ਜਾਹ।”
ਮੁੰਡਾ ਪਾਠ ਉਤੇ ਨਜ਼ਰਾਂ ਗੱਡੀ, ਸਮਝਣ ਦੀ ਕੋਸ਼ਿਸ਼ ਵਿਚ ਸਿਰ ਹਿਲਾਉਂਦਾ ਮੁੜ ਗਿਆ। ਮਾਸਟਰ ਨੇ ਤੀਜੀ ਦੇ ਇਕ ਹੁਸ਼ਿਆਰ ਮੁੰਡੇ ਨੂੰ ਖੜ੍ਹਾ ਕੀਤਾ ਤੇ ਪਾਠ ਪੜ੍ਹਨ ਲਈ ਕਿਹਾ। ਮੁੰਡੇ ਨੇ ਜਦੋਂ ਇਕ ਪੈਰਾ ਮੁਕਾ ਲਿਆ ਤਾਂ ਮਾਸਟਰ ਪੈਰੇ ਦੀ ਵਿਆਖਿਆ ਕਰ ਕੇ ਸਮਝਾਉਣ ਲੱਗ ਪਿਆ। ਉਹਨੇ ਵਿਆਖਿਆ ਅਜੇ ਸ਼ੁਰੂ ਹੀ ਕੀਤੀ ਸੀ ਕਿ ਹਰਦਿਆਲ ਦੂਜੀ ਜਮਾਤ ਦੇ ਬਸੰਤ ਨੂੰ ਫੜ ਕੇ ਲੈ ਆਇਆ, “ਆਹ ਦੇਖੋ ਜੀ, ਆਵਦੀ ਥਾਂ ‘ਤੇ ਨੀ ਬਹਿੰਦਾ। ਕਦੇ ਕਿਸੇ ਦੀ ਕਤਾਬ-ਕਾਪੀ ਛੇੜਨ ਲੱਗ ਪੈਂਦੈ, ਕਦੇ ਕਿਸੇ ਕੁੜੀ ਦੀ ਗੁੱਤ ਖਿੱਚ ਦਿੰਦੈ।”
ਮਾਸਟਰ ਨੇ ਗੋਲ-ਮਟੋਲ ਜਿਹੇ ਬਸੰਤ ਦੀਆਂ ਗੋਰੀਆਂ ਗੱਲ੍ਹਾਂ ਉਤੇ ਦੋ ਚਪੇੜਾਂ ਜੜ ਦਿੱਤੀਆਂ ਤੇ ਕਿਹਾ, “ਜੇ ਹੁਣ ਤੂੰ ਚੌੜ ਕੀਤੀ ਤਾਂ ਦੇਖੀਂ ਫੇਰ!”
ਪੰਦਰਾਂ ਕੁ ਮਿੰਟ ਬੀਤੇ ਸਨ। ਮਾਸਟਰ ਨੇ ਤੀਜੀ ਜਮਾਤ ਦਾ ਹੱਥਲਾ ਪਾਠ ਅੱਧਾ ਕੁ ਮੁਕਾ ਲਿਆ ਸੀ। ਹਰਦਿਆਲ ਫੇਰ ਬਸੰਤ ਨੂੰ ਫੜ ਕੇ ਲੈ ਆਇਆ, “ਇਹ ਜੀ, ਅਜੇ ਵੀ ਨੀ ਹਟਿਆ। ਸਾਰਿਆਂ ਨੂੰ ਤੰਗ ਕਰੀ ਜਾਂਦੈ।”
ਮਾਸਟਰ ਨੇ ਗੁੱਸੇ ਵਿਚ ਤੇ ਬਹੁਤ ਸਜ਼ਾ ਦੇਣ ਦੇ ਰੌਂਅ ਵਿਚ ਬਸੰਤ ਵੱਲ ਦੇਖਿਆ। ਫੇਰ ਹਰਦਿਆਲ ਨੂੰ ਪੁੱਛਿਆ, “ਇਨ੍ਹਾਂ ਨੂੰ ਗਿਣਤੀ ਤੇ ਪਹਾੜੇ ਲਿਖਵਾਏ ਸੀ?”
“ਉਹ ਤਾਂ ਜੀ ਇਹਨੇ ਸਭ ਤੋਂ ਪਹਿਲਾਂ ਲਿਖ ਲੇ ਸੀ।”
“ਤੇ ਸੁਲੇਖ?”
“ਸੁਲੇਖ ਲਿਖਣ ਲੱਗਾ ਵੀ ਮਿੰਟ ਲਾਉਂਦੈ। ਆਵਦਾ ਕੰਮ ਛੇਤੀ-ਛੇਤੀ ਕਰ ਕੇ ਦੂਜਿਆਂ ਨੂੰ ਤੰਗ ਕਰਨ ਲੱਗ ਪੈਂਦੈ ਜੀ।”
ਮਾਸਟਰ ਬਸੰਤ ਨੂੰ ਸੰਬੋਧਤ ਹੋਇਆ, “ਤੂੰ ਇਉਂ ਕਰ ਓਏ! ਬਸਤਾ ਚੁੱਕ ਲਿਆ ਤੇ ਐਥੇ ਮੇਰੇ ਕੋਲ ਬੈਠ ਆ ਕੇ।”
ਬਸੰਤ ਹਰਦਿਆਲ ਦੇ ਪਿੱਛੇ-ਪਿੱਛੇ ਮੁੜ ਗਿਆ ਤੇ ਥੋੜ੍ਹੀ ਦੇਰ ਬਾਅਦ ਬਸਤਾ ਲੈ ਕੇ ਆ ਗਿਆ। ਮਾਸਟਰ ਨੇ ਉਹਨੂੰ ਆਪਣੀ ਕੁਰਸੀ ਦੇ ਕੋਲ, ਸੱਜੇ ਪਾਸੇ ਬਿਠਾ ਲਿਆ ਤੇ ਕਿਤਾਬ, ਕਾਪੀ ਤੇ ਪੈਨਸਿਲ ਕਢਵਾ ਕੇ ਲਿਖਣ ਦੇ ਕੰਮ ਲਾ ਦਿੱਤਾ। ਉਹਦੇ ਵੱਲੋਂ ਨਿਸਚਿੰਤ ਹੋ ਕੇ ਮਾਸਟਰ ਫੇਰ ਤੀਜੀ ਜਮਾਤ ਨੂੰ ਪੜ੍ਹਾਉਣ ਵਿਚ ਰੁੱਝ ਗਿਆ।
ਕੁਝ ਚਿਰ ਬਾਅਦ ਮਾਸਟਰ ਨੇ ਦੇਖਿਆ, ਬਸੰਤ ਕੁਰਸੀ ਕੋਲੋਂ ਖਿਸਕ ਕੇ ਮੂਹਰੇ ਬੈਠੀ ਇਕ ਕੁੜੀ ਦੀ ਕਾਪੀ ਉਲਟਣ-ਪਲਟਣ ਲੱਗਿਆ ਪਿਆ ਸੀ। ਮਾਸਟਰ ਨੇ ਉਹਨੂੰ ਕੰਨੋਂ ਫੜ ਕੇ ਕਿਹਾ, “ਓਏ, ਮੇਰੇ ਏਥੇ ਹੋਣ ਦਾ ਵੀ ਡਰ ਨਹੀਂ! ਏਥੇ ਵੀ ਪੰਗੇ ਲਈ ਜਾਨੈਂ। ਚੱਲ, ਦਫਤਰ ਮੂਹਰੇ, ਬਰਾਂਡੇ ਵਿਚ ਜਾ ਕੇ ਬੈਠ ਤੇ ਦਸ ਤਕ ਪਹਾੜੇ ਲਿਖ। ਮੈਂ ਹੁਣੇ ਆ ਕੇ ਦੇਖੂੰਗਾ।”
ਬਸੰਤ ਆਪਣਾ ਬਸਤਾ ਲੈ ਕੇ ਦਫਤਰ ਮੂਹਰੇ ਬਰਾਂਡੇ ਵਿਚ ਜਾ ਕੇ ਬੈਠ ਗਿਆ।
ਤੀਜੀ ਜਮਾਤ ਤੋਂ ਵਿਹਲੇ ਹੋ ਕੇ ਮਾਸਟਰ ਦਾ ਧਿਆਨ ਬਰਾਂਡੇ ਵੱਲ ਗਿਆ। ਉਹਨੂੰ ਲੱਗਿਆ, ਬਸੰਤ ਉਹਦੇ ਮੁਤਾਬਕ ਕੰਮ ਨਹੀਂ ਸੀ ਕਰ ਰਿਹਾ, ਕੁਝ ਹੋਰ ਕਰ ਰਿਹਾ ਸੀ। ਮਾਸਟਰ ਸ਼ਿਕਾਰੀ ਵਾਂਗ ਕੰਧ ਦੇ ਨਾਲ-ਨਾਲ ਛਹਿ ਕੇ ਤੁਰਦਾ, ਦਫਤਰ ਦੇ ਕੋਲੋਂ ਅਚਾਨਕ ਬਰਾਂਡੇ ਵਿਚ ਪਹੁੰਚ ਗਿਆ। ਉਹਨੇ ਦੇਖਿਆ, ਬਸੰਤ ਕਾਪੀ ਵਿਚੋਂ ਵਰਕੇ ਪਾੜ ਕੇ ਕਿਸ਼ਤੀਆਂ ਤੇ ਰਾਕੇਟ ਬਣਾ ਰਿਹਾ ਸੀ। ਮਾਸਟਰ ਨੂੰ ਗੁੱਸਾ ਆ ਗਿਆ, “ਤੂੰ ਅਜੇ ਵੀ ਸ਼ਰਾਰਤਾਂ ਕਰਨੋਂ ਨਹੀਂ ਹਟਿਆ। ਦਸ ਤਕ ਪਹਾੜੇ ਨਹੀਂ ਨਾ ਲਿਖੇ! ਤੂੰ ਐਵੇਂ ਸੂਤ ਨਹੀਂ ਆਉਣਾ!”
ਤੇ ਮਾਸਟਰ ਬਸੰਤ ਨੂੰ ਉਹਦਾ ਬਸਤਾ ਚੁਕਵਾ ਕੇ, ਸਟੋਰ ਵਾਲੇ ਪਾਸੇ ਦੇ ਵੱਡੇ ਕਮਰੇ ਵਿਚ ਲੈ ਆਇਆ। ਇਹ ਕਮਰਾ ਬਹੁਤ ਕਰ ਕੇ ਵਿਹਲਾ ਤੇ ਬੰਦ ਹੀ ਰਹਿੰਦਾ ਸੀ। ਤੱਪੜ ਤੇ ਹੋਰ ਨਿਕ-ਸੁਕ ਸਟੋਰ ਵਿਚ ਰੱਖ ਦਿੱਤਾ ਜਾਂਦਾ ਸੀ। ਕੁਰਸੀਆਂ ਤੇ ਮੇਜ਼ ਦਫਤਰ ਵਿਚ ਟਿਕ ਜਾਂਦੇ ਸਨ। ਕਦੇ ਕਦਾਈਂ ਮੀਂਹ-ਕਣੀ ਵੇਲੇ ਇਕ ਦੋ ਜਮਾਤਾਂ ਇਸ ਕਮਰੇ ਵਿਚ ਬਿਠਾ ਦਿੱਤੀਆਂ ਜਾਂਦੀਆਂ ਸਨ। ਜਾਂ ਫੇਰ ਇਹ ਕਮਰਾ ਉਦੋਂ ਵਰਤਿਆ ਜਾਂਦਾ ਸੀ ਜਦੋਂ ਕਿਸੇ ਸ਼ਰਾਰਤੀ ਬੱਚੇ ਨੂੰ ਇਕੱਲ ਭੋਗਣ ਦੀ ਸਜ਼ਾ ਦਿੱਤੀ ਜਾਣੀ ਹੁੰਦੀ ਸੀ। ਤੇ ਅੱਜ ਇਹ ਸਜ਼ਾ ਦੂਜੀ ਜਮਾਤ ਦੇ ਬਸੰਤ ਨੂੰ ਮਿਲੀ ਸੀ।
ਮਾਸਟਰ ਨੇ ਉਹਨੂੰ ਕਮਰੇ ਅੰਦਰ ਵਾੜ ਕੇ ਕਿਹਾ, “ਬੰਦਾ ਬਣ ਕੇ ਏਥੇ ਬੈਠ। ਜਦੋਂ ਚੌੜ ਕਰਨੋਂ ਹਟੇਂਗਾ, ਮਾਫ਼ੀ ਮੰਗੇਂਗਾ, ਉਦੋਂ ਕੱਢੂੰਗਾ। ਹੁਣ ਤਕ ਤੂੰ ਦੂਜਿਆਂ ਨੂੰ ਤੰਗ ਕਰਦਾ ਰਿਹੈਂ, ਹੁਣ ਆਪ ਤੰਗ ਹੋ।”
ਵੱਡੇ ਸਾਰੇ ਸੁੰਨੇ ਕਮਰੇ ਦੇ ਫ਼ਰਸ਼ ਉਤੇ ਡੌਰ-ਭੌਰ ਹੋਇਆ ਖੜ੍ਹਾ ਬਸੰਤ ਮਾਸਟਰ ਵੱਲ ਇੰਜ ਬਿਟਰ-ਬਿਟਰ ਤੱਕ ਰਿਹਾ ਸੀ ਜਿਵੇਂ ਉਹਨੂੰ ਸਮਝ ਨਾ ਆ ਰਹੀ ਹੋਵੇ ਕਿ ਉਹਦੇ ਕੋਲੋਂ ਕਿਹੜੀ ਇੰਨੀ ਵੱਡੀ ਗਲਤੀ ਹੋ ਗਈ ਸੀ ਜਿਸ ਕਰ ਕੇ ਉਹਨੂੰ ਇਕਾਂਤਵਾਸ ਦੀ ਸਜ਼ਾ ਦਿੱਤੀ ਜਾ ਰਹੀ ਸੀ ਪਰ ਉਹ ਬੋਲਿਆ ਕੁਝ ਨਹੀਂ। ਕੀ ਪਤਾ, ਬੋਲਣ ਕਰ ਕੇ ਮਾਸਟਰ ਉਹਨੂੰ ਕੰਨ ਫੜਨ ਦੀ ਸਜ਼ਾ ਦੇ ਦੇਵੇ।
ਮਾਸਟਰ ਬਸੰਤ ਨੂੰ ਕਮਰੇ ਅੰਦਰ ਛੱਡ ਕੇ, ਬਾਹਰੋਂ ਕੁੰਡਾ ਲਾ ਕੇ ਬਾਕੀ ਸਕੂਲ ਸੰਭਾਲਣ ਚਲਿਆ ਗਿਆ।
ਬਸੰਤ ਨੂੰ ਸਕੂਲ ਦੀ ਸਾਰੀ ਰੌਣਕ ਦਿਸਣੋਂ ਹਟ ਗਈ। ਉਹਨੇ ਪਿਛਲੇ ਪਾਸੇ ਦੇਖਿਆ। ਉਧਰ ਖੇਤਾਂ ਵੱਲ ਦੀਆਂ ਦੋਵੇਂ ਖਿੜਕੀਆਂ ਵੀ ਬੰਦ ਸਨ। ਉਨ੍ਹਾਂ ਦੀਆਂ ਚਿਟਕਣੀਆਂ ਇੰਨੀਆਂ ਉਚੀਆਂ ਸਨ ਕਿ ਨਿੱਕੇ ਜਿਹੇ ਬਸੰਤ ਵਾਸਤੇ ਇਨ੍ਹਾਂ ਤਕ ਅੱਪੜਨਾ ਸੰਭਵ ਨਹੀਂ ਸੀ। ਉਹਨੇ ਬੰਦ ਖਿੜਕੀਆਂ ਵੱਲ ਇੰਜ ਦੇਖਿਆ ਜਿਵੇਂ ਸੋਚ ਰਿਹਾ ਹੋਵੇ, ‘ਕਾਸ਼! ਜੇ ਇਹ ਖੁੱਲ੍ਹੀਆਂ ਹੁੰਦੀਆਂ ਤਾਂ ਖੇਤਾਂ ਵੱਲ ਦੇ ਨਜ਼ਾਰੇ ਹੀ ਦੇਖਣ ਨੂੰ ਮਿਲ ਜਾਂਦੇ!’ ਫੇਰ ਉਹਨੇ ਖਿੜਕੀਆਂ ਵੱਲੋਂ ਇਕ ਦਮ ਧਿਆਨ ਹਟਾ ਲਿਆ, ਜਿਵੇਂ ਉਹਨੂੰ ਖ਼ਿਆਲ ਆ ਗਿਆ ਹੋਵੇ ਕਿ ਉਹਨੂੰ ਇਸ ਗੱਲ ਦੀ ਤਾਂ ਸਜ਼ਾ ਮਿਲੀ ਸੀ ਕਿ ਉਹਦਾ ਧਿਆਨ ਇਧਰ-ਉਧਰ ਬਹੁਤਾ ਰਹਿੰਦਾ ਸੀ ਤੇ ਉਹ ਟਿਕ ਕੇ ਨਹੀਂ ਸੀ ਬੈਠਦਾ। ਤੇ ਉਹ ਬਲੈਕ-ਬੋਰਡ ਵਾਲੇ ਪਾਸੇ ਦੀ ਖਿੜਕੀ ਦੇ ਹੇਠਾਂ ਕੰਧ ਨਾਲ ਲੱਗ ਕੇ, ਟਿਕ ਕੇ ਬੈਠ ਗਿਆ। ਉਹਨੇ ਬਸਤੇ ਵਿਚੋਂ ਸਾਰਾ ਸਮਾਨ ਕੱਢ ਕੇ ਬਾਹਰ ਰੱਖ ਲਿਆ, ਜਿਵੇਂ ਮਾਸਟਰ ਨੂੰ ਦਿਖਾਉਣਾ ਚਾਹੁੰਦਾ ਹੋਵੇ ਕਿ ਉਹਨੇ ਕਮਰੇ ਵਿਚ ਬੰਦ ਰਹਿ ਕੇ ਸ਼ਰਾਰਤਾਂ ਨਹੀਂ ਸਨ ਕੀਤੀਆਂ, ਪੜ੍ਹਾਈ ਕੀਤੀ ਸੀ।
ਉਹਨੇ ਕਾਪੀ ਵਿਚ ਪੈਨਸਿਲ ਨਾਲ ਦਸ ਤਕ ਦੇ ਪਹਾੜੇ ਸੋਹਣੇ-ਸੋਹਣੇ ਕਰ ਕੇ ਲਿਖ ਲਏ। ਫੇਰ ਉਹਨੇ ਪੰਜਾਬੀ ਦੀ ਕਿਤਾਬ ਵਿਚੋਂ ਦੇਖ ਕੇ ਸੁਲੇਖ ਲਿਖ ਲਿਆ। ਗਿਣਤੀ ਅਤੇ ਪਹਾੜੇ ਉਹਨੇ ਸਲੇਟ ਉਤੇ ਵੀ ਲਿਖ ਲਏ। ਲਿਖਣ ਦਾ ਕੰਮ ਕਰ ਕੇ ਉਹ ਕਿਤਾਬ ਪੜ੍ਹਨ ਲੱਗ ਪਿਆ। ਸ਼ਾਇਦ ਉਹਦਾ ਖ਼ਿਆਲ ਸੀ, ਜਦੋਂ ਮਾਸਟਰ ਉਹਨੂੰ ਬਾਹਰ ਕੱਢਣ ਲਈ ਬੂਹਾ ਖੋਲ੍ਹੇਗਾ ਤਾਂ ਉਹਨੂੰ ਪੜ੍ਹਦੇ ਨੂੰ ਦੇਖ ਕੇ ਬਹੁਤ ਖੁਸ਼ ਹੋਏਗਾ ਪਰ ਉਹਦੀ ਇਕਾਗਰਤਾ ਵਾਰ-ਵਾਰ ਭੰਗ ਹੋ ਰਹੀ ਸੀ। ਸਕੂਲ ਦੀਆਂ ਸਰਗਰਮੀਆਂ ਕੰਨਾਂ ਰਾਹੀਂ ਉਹਨੂੰ ਬੰਦ ਦਰਵਾਜ਼ੇ ਵਿਚੋਂ ਦੀ ਵੀ ਦਿਖਾਈ ਦੇ ਰਹੀਆਂ ਸਨ। ਕਈ ਵਾਰ ਬੱਚੇ ਦਗੜ-ਦਗੜ ਕਰਦੇ ਇਧਰੋਂ ਉਧਰ ਭੱਜ ਕੇ ਜਾਂਦੇ ਸਨ। ਮਾਸਟਰ ਉਚੀ ਦੇਣੇ ਕਦੇ ਕਿਸੇ ਨੂੰ ਝਿੜਕਦਾ ਸੀ, ਕਦੇ ਆਵਾਜ਼ ਮਾਰਦਾ ਸੀ। ਕਦੇ ਕੋਈ ਬੱਚਾ ਉਚੀ ਆਵਾਜ਼ ਵਿਚ ਸ਼ਿਕਾਇਤ ਕਰਦਾ ਸੀ, “ਆਹ ਦੋਖੋ ਜੀ, ਹਟਦਾ ਨੀ!”
ਬਸੰਤ ਨੇ ਸੁਣਿਆ, ਮਾਸਟਰ ਕਿਸੇ ਜਮਾਤ ਨੂੰ ਕਹਿ ਰਿਹਾ ਸੀ, “ਛੁੱਟੀਆਂ ਵਿਚ ਲਿਖ ਕੇ ਲਿਆਇਓ। ਸਵਾਲ ਕੱਢ ਕੇ ਲਿਆਇਓ।”
ਛੁੱਟੀਆਂ ਦੀ ਗੱਲ ਸੁਣ ਕੇ ਬਸੰਤ ਦੇ ਚਿਹਰੇ ‘ਤੇ ਰੌਣਕ ਆ ਗਈ। ਪਰਸੋਂ ਉਹਦੀ ਬੇਬੇ ਆਖ ਰਹੀ ਸੀ, ‘ਛੁੱਟੀਆਂ ਵਿਚ ਆਪਾਂ ਨਾਨੀ ਕੋਲ ਚੱਲਾਂਗੇæææ।’
ਨਾਨਕੇ ਜਾਣ ਦਾ ਸਾਰਾ ਪ੍ਰੋਗਰਾਮ ਉਹਦੀਆਂ ਅੱਖਾਂ ਅੱਗਿਉਂ ਦੀ ਘੁੰਮ ਗਿਆ। ਪਿੰਡੋਂ ਉਹ ਬੱਸ ‘ਤੇ ਜਾਣਗੇ। ਫੇਰ ਸਟੇਸ਼ਨ ਤੋਂ ਰੇਲ ਗੱਡੀ ਵਿਚ ਬੈਠਣਗੇ। ਰੇਲ ਗੱਡੀ ਛੁਕ-ਛੁਕ ਕਰਦੀ ਜਾਏਗੀ। ਖੇਤ, ਖੇਤਾਂ ਵਿਚ ਕੰਮ ਕਰਦੇ ਲੋਕ, ਪਸ਼ੂ, ਪੰਛੀ ਸਭ ਪਿੱਛੇ ਰਹਿੰਦੇ ਜਾਣਗੇ। ਤਾਰਾਂ ਵਾਲੇ ਖੰਭੇ ਤੇ ਦਰਖ਼ਤ ਤੇਜ਼-ਤੇਜ਼ ਪਿੱਛੇ ਨੂੰ ਭੱਜਣਗੇ। ਕਿੰਨਾ ਸੁਆਦ ਆਏਗਾ! ਮਾਮਾ ਸਾਨੂੰ ਲੈਣ ਆਏਗਾ। ਮਾਮਾ ਮੈਨੂੰ ਘੋੜੀ ‘ਤੇ ਬਿਠਾ ਕੇ ਖੇਤ ਲਿਜਾਇਆ ਕਰੇਗਾ। ਸਾਡੇ ਤਾਂ ਏਥੇ ਘੋੜੀ ਵੀ ਹੈਨੀ। ਮੈਂ ਬਾਪੂ ਨੂੰ ਆਖੂੰਗਾ, ਬਾਪੂ, ਆਪਾਂ ਵੀ ਘੋੜੀ ਲਿਆਈਏ।
“ਮਾਸਟਰ ਜੀ, ਆਹ ਮੰਗਾ ਬਿਨਾਂ ਪੁੱਛੇ ਪਾਣੀ ਪੀਣ ਚਲਾ ਗਿਆ ਜੀ।” ਹਰਦਿਆਲ ਨੇ ਉਚੀ ਆਵਾਜ਼ ਵਿਚ ਮੰਗੇ ਦੀ ਸ਼ਿਕਾਇਤ ਕੀਤੀ। ਬਸੰਤ ਦਾ ਧਿਆਨ ਨਾਨਕਿਆਂ ਵੱਲੋਂ ਮੁੜ ਆਇਆ। ਉਹਨੇ ਸੋਚਿਆ, ‘ਹੁਣ ਮੰਗੇ ਨੂੰ ਕੁੱਟ ਪਏਗੀ। ਮੈਂ ਬੇਬੇ ਨੂੰ ਆਖ ਕੇ ਹੜਦਿਆਲ-ਸ਼ੜਦਿਆਲ ਨੂੰ ਕੁੱਟ ਪੁਆਊਂਗਾ। ਇਹ ਸਾਰਿਆਂ ਦੀਆਂ ਸ਼ਕੈਤਾਂ ਲਾਉਂਦਾ ਰਹਿੰਦੈ, ਸ਼ਕੈਤੀ ਟੱਟੂ।’
“ਮਾਸ਼ਟਰ ਜੀ, ਪਾਣੀ ਪੀ ਆਵਾਂ ਜੀ?” ਤੀਜੀ ਚੌਥੀ ਦਾ ਕੋਈ ਮੁੰਡਾ ਛੁੱਟੀ ਮੰਗ ਰਿਹਾ ਸੀ।
ਬਸੰਤ ਨੂੰ ਵੀ ਤੇਹ ਲੱਗ ਆਈ। ਉਹ ਮਾਸਟਰ ਤੋਂ ਛੁੱਟੀ ਮੰਗਣ ਵਾਸਤੇ ਦਰਵਾਜ਼ੇ ਤਕ ਆਇਆ ਪਰ ਦਰਵਾਜ਼ਾ ਖੜਕਾਇਆ ਨਹੀਂ। ਕੀ ਪਤਾ, ਮਾਸਟਰ ਗੁੱਸੇ ਹੋ ਜਾਵੇ ਤੇ ਉਹਨੂੰ ਹੋਰ ਬਹੁਤ ਚਿਰ ਅੰਦਰੇ ਡੱਕੀ ਰੱਖੇ!
ਉਹ ਪਰਤ ਕੇ ਫੇਰ ਆਪਣੇ ਖਿੱਲਰੇ ਪਏ ਬਸਤੇ ਕੋਲ ਬੈਠ ਗਿਆ। ਉਹ ਕੋਸ਼ਿਸ਼ ਕਰਨ ਲੱਗਾ ਕਿ ਚੰਗਾ ਬਣ ਕੇ ਦਿਖਾਵੇ ਤਾਂ ਜੋ ਮਾਸਟਰ ਜਦੋਂ ਬੂਹਾ ਖੋਲ੍ਹੇ ਤਾਂ ਖੁਸ਼ ਹੋ ਕੇ ਉਹਦੀ ਸਜ਼ਾ ਖਤਮ ਕਰ ਦੇਵੇ।
ਉਹ ਚੁਪ ਕਰ ਕੇ, ਸਾਊ ਬਣ ਕੇ ਕੁਝ ਨਾ ਕੁਝ ਅਜਿਹਾ ਕਰਨ ਲੱਗ ਪਿਆ ਜਿਸ ਨੂੰ ਪੜ੍ਹਾਈ ਕਹਿੰਦੇ ਹਨ ਪਰ ਉਹਦਾ ਧਿਆਨ ਵਾਰ-ਵਾਰ ਬਾਹਰ ਵੱਲ ਖਿੱਚਿਆ ਜਾ ਰਿਹਾ ਸੀ। ਉਹਨੂੰ ਤੇਹ ਲੱਗੀ ਹੋਈ ਸੀ। ਕਮਰੇ ਵਿਚ ਗਰਮੀ ਵੀ ਬਹੁਤ ਸੀ। ਬਾਹਰ ਬੱਚਿਆਂ ਦਾ ਰੌਲਾ ਸੁਣਾਈ ਦੇ ਰਿਹਾ ਸੀ। ਬਸੰਤ ਕਮਰੇ ਵਿਚੋਂ ਨਿਕਲ ਕੇ ਉਸ ਰੌਲੇ ਵਿਚ ਰਲ ਜਾਣਾ ਚਾਹੁੰਦਾ ਸੀ ਪਰ ਬੂਹਾ ਬਾਹਰੋਂ ਬੰਦ ਸੀ। ਉਹਨੂੰ ਮਾਸਟਰ ਹੀ ਖੋਲ੍ਹ ਸਕਦਾ ਸੀ।
ਬੱਚਿਆਂ ਦਾ ਰੌਲਾ ਇਕ ਦਮ ਕਾਂਵਾਂ-ਰੌਲੀ ਵਿਚ ਬਦਲ ਗਿਆ। ਛੁੱਟੀ ਦੀ ਘੰਟੀ ਵੱਜ ਗਈ ਸੀ। ਬੱਚਿਆਂ ਨੇ ਸਾਰਾ ਸਕੂਲ ਸਿਰ ‘ਤੇ ਚੁੱਕ ਲਿਆ, ਸਕੂਲ ਤਾਂ ਉਹ ਹਰ ਸਨਿਚਰਵਾਰ ਵੀ ਸਿਰ ‘ਤੇ ਚੁੱਕ ਲੈਂਦੇ ਸਨ ਜਦੋਂ ਅਗਲੇ ਦਿਨ ਐਤਵਾਰ ਦੀ ਛੁੱਟੀ ਹੋਣੀ ਹੁੰਦੀ ਸੀ; ਅੱਜ ਤਾਂ ਦੋ ਮਹੀਨਿਆਂ ਦੀਆਂ ਛੁੱਟੀਆਂ ਹੋ ਰਹੀਆਂ ਸਨ!
æææ
ਦੁਪਹਿਰ ਬਾਅਦ ਬੱਚੇ ਆਪੋ ਆਪਣੇ ਘਰੀਂ ਪੁੱਜ ਗਏ। ਘਰ ਦੇ ਕੰਮਾਂ ਧੰਦਿਆਂ ਵਿਚ ਰੁੱਝੀ ਬਸੰਤ ਦੀ ਬੇਬੇ ਨੂੰ ਕਾਫ਼ੀ ਦੇਰ ਬਾਅਦ ਖ਼ਿਆਲ ਆਇਆ ਕਿ ਬਸੰਤ ਅਜੇ ਘਰ ਨਹੀਂ ਸੀ ਆਇਆ। ਉਹਨੇ ਆਂਢ-ਗੁਆਂਢੋਂ ਪਤਾ ਕੀਤਾ। ਰੁਲੀਆ ਰਾਮ ਕੀ ਛਿੰਦੋ ਆ ਗਈ ਸੀ। ਨਛੱਤਰ ਦਾ ਗੋਲੂ ਵੀ ਆ ਚੁੱਕਿਆ ਸੀ। ਉਹਨੇ ਛਿੰਦੋ ਤੇ ਗੋਲੂ ਨੂੰ ਪੁੱਛਿਆ, “ਸਾਡਾ ਬਸੰਤ ਕਿੱਥੇ ਰਹਿ ਗਿਆ? ਅੱਗੇ ਤਾਂ ਥੋਡੇ ਨਾਲ ਆ ਜਾਂਦਾ ਹੁੰਦਾ ਸੀ!”
ਛਿੰਦੋ ਤੇ ਗੋਲੂ ਨੂੰ ਬਸੰਤ ਬਾਰੇ ਕੁਝ ਵੀ ਪਤਾ ਨਹੀਂ ਸੀ। ਉਥੋਂ ਬੇਬੇ ਬਸੰਤ ਨਾਲ ਪੜ੍ਹਦੇ ਨਰੈਣੇ ਕੇ ਬਿੱਕਰ ਨੂੰ ਪੁੱਛਣ ਗਈ। ਬਿੱਕਰ ਨੇ ਦੱਸਿਆ, “ਬਸੰਤ ਚੌੜ ਕਰਦਾ ਸੀ। ਮਾਸ਼ਟਰ ਨੇ ਤੀਜੀ ਵਿਚ ਆਪਣੇ ਕੋਲ ਬਠਾ ਲਿਆ ਸੀ। ਤੀਜੀ ਵਾਲਿਆਂ ਨਾਲ ਹੀ ਆ ਗਿਆ ਹੋਊ। ਜਾਂ ਫੇਰ ਮਾਸਟਰ ਜੀ ਕੋਲ ਬੈਠਾ ਹੋਊ। ਮਾਸ਼ਟਰ ਜੀ ਹਜੇ ਸਕੂਲੇ ਈ ਸੀਗੇ।”
‘ਆਪ ਜਾ ਕੇ ਦੇਖਦੀ ਆਂ।’ ਬਸੰਤ ਦੀ ਬੇਬੇ ਨੇ ਸੋਚਿਆ। ਤੇ ਫੇਰ ਉਹ ਘਰ ਨੂੰ, ਰਸੋਈ ਨੂੰ ਤੇ ਛੋਟੀ ਗੁੱਡੀ ਨੂੰ ਸੱਸ ਦੇ ਸਪੁਰਦ ਕਰ ਕੇ ਸਕੂਲ ਵੱਲ ਤੁਰ ਪਈ।
ਜਾ ਕੇ ਦੇਖਿਆ, ਸਕੂਲ ਬੰਦ ਸੀ। ਮੂਹਰਲੇ ਗੇਟ ਨੂੰ ਜਿੰਦਰਾ ਲੱਗਿਆ ਹੋਇਆ ਸੀ। ਸਕੂਲ ਨੇੜੇ ਨਾ ਬੰਦਾ, ਨਾ ਬੰਦੇ ਦੀ ਜਾਤ।
‘ਤਾਂ ਫੇਰ ਮੇਰਾ ਪੁੱਤ ਗਿਆ ਕਿਧਰ!’ ਬਸੰਤ ਦੀ ਬੇਬੇ ਸੋਚਣ ਲੱਗੀ, ਕੀ ਪਤਾ ਕਿਸੇ ਦੇ ਆਖੇ ਗੁਰਦੁਆਰੇ ਵੰਨੀ ਚਲਿਆ ਗਿਆ ਹੋਵੇ! ਤੇ ਉਹ ਛੱਪੜ ਦੇ ਪਰਲੇ ਪਾਸੇ ਗੁਰਦੁਆਰੇ ਵੱਲ ਤੁਰ ਪਈ। ਗੁਰਦੁਆਰੇ ਦਾ ਭਾਈ ਜੀ ਨਲਕੇ ਕੋਲ, ਪਿੱਪਲ ਹੇਠ ਮੰਜਾ ਡਾਹ ਕੇ ਸੁੱਤਾ ਪਿਆ ਸੀ। ਉਹਨੂੰ ਜਗਾ ਕੇ ਬਸੰਤ ਦੀ ਬੇਬੇ ਨੇ ਪੁੱਛਿਆ, “ਭਾਈ ਜੀ, ਇਧਰ ਖੇਡਦੇ-ਖੇਡਦੇ ਕੋਈ ਨਿੱਕੇ ਨਿਆਣੇ ਤਾਂ ਨੀ ਆਏ।”
ਅੱਖਾਂ ਮਲਦੇ ਭਾਈ ਜੀ ਨੇ ਨਾਂਹ ਵਿਚ ਸਿਰ ਹਿਲਾਇਆ। ਬੇਬੇ ਨੇ ਸੋਚਿਆ, ‘ਕਿਤੇ ਛੱਪੜ ਕੰਢੇ ਪਰਲੇ ਬੋਹੜ ਹੇਠ ਖੇਡਣ ਨਾ ਤੁਰ ਗਿਆ ਹੋਵੇ।’
ਤੇ ਉਹ ਇਕ ਤਰ੍ਹਾਂ ਨਾਲ ਭੱਜਦੀ ਹੋਈ ਬੋਹੜ ਤਕ ਗਈ। ਬੋਹੜ ਹੇਠ ਸੁੱਤੇ ਪਏ ਦੋ ਮੰਗਤੇ ਤੇ ਵੱਗ ਚਾਰਨ ਵਾਲੇ ਦੋ-ਤਿੰਨ ਮੁੰਡੇ ਹੀ ਦਿਸੇ। ਉਨ੍ਹਾਂ ਵਿਚ ਉਹਦਾ ਬਸੰਤ ਜਾਂ ਸਕੂਲ ਪੜ੍ਹਨ ਵਾਲਾ ਕੋਈ ਬੱਚਾ ਕਿਧਰੇ ਨਹੀਂ ਸੀ।
‘ਸ਼ੈਦ ਘਰੇ ਪਹੁੰਚ ਗਿਆ ਹੋਵੇ।’ ਇਹ ਸੋਚ ਕੇ ਉਹ ਘਰ ਵੱਲ ਭੱਜ ਪਈ। ਘਰ ਜਾ ਕੇ ਦੇਖਿਆ, ਬਸੰਤ ਅਜੇ ਨਹੀਂ ਸੀ ਆਇਆ। ਉਹਨੂੰ ਫ਼ਿਕਰ ਲੱਗ ਗਿਆ, ਛੁੱਟੀ ਹੋਈ ਨੂੰ ਤਾਂ ਦੋ ਘੰਟੇ ਹੋ ਗਏ, ਬਸੰਤ ਕਿਧਰ ਚਲਿਆ ਗਿਆ!’
ਉਹ ਰੋਣਹਾਕੀ ਹੋ ਗਈ। ਕੀ ਕਰੇ, ਕੀ ਨਾ ਕਰੇ! ਇਹ ਸੋਚ ਕੇ ਕਿ ਖ਼ਬਰੇ ਨਿਆਣਾ ਆਵਦੇ ਬਾਪੂ ਵੱਲ ਈ ਤੁਰ ਗਿਆ ਹੋਵੇ, ਉਹਨੇ ਆਪਣੇ ਜੇਠ ਦੇ ਮੁੰਡੇ ਪੀਤੂ ਨੂੰ ਖੇਤ ਵੱਲ ਭਜਾਇਆ।
“ਭਾਈ ਬਹੂ, ਖੇਤੋਂ ਤਾਂ ਜਦੋਂ ਪਤਾ ਲੱਗੂ, ਉਦੋਂ ਲੱਗੂ ਆਪਾਂ ਤਾਂ ਭੱਜ-ਨੱਠ ਕਰੀਏ। ਤੀਜਾ ਪਹਿਰ ਢਲਣ ਵਾਲਾ ਐ! ਭੁੱਖਣ-ਭਾਣਾ ਨਿਆਣਾ ਵਿਚਾਰਾ ਪਤਾ ਨੀ ਕਿਨ੍ਹਾਂ ਹਾਲਾਂ ‘ਚ ਐ! ਤੂੰ ਲਾਗੇ-ਚਾਗੇ ਪਤਾ ਕਰ ਤੇ ਨੰਬਰਦਾਰਾਂ ਦੀ ਪੱਤੀ ਜਾਹ। ਮੈਂ ਰਣੀਏ ਕੇ ਅਗਵਾੜ ਜਾਨੀ ਆਂ।” ਤੇ ਬਸੰਤ ਦੀ ਦਾਦੀ ਖੂੰਡੀ ਟੇਕਦੀ ਰਣੀਏ ਕੇ ਅਗਵਾੜ ਵੱਲ ਚੱਲ ਪਈ। ਛੋਟੀ ਗੁਡੀ ਨੂੰ ਕੁੱਛੜ ਚੁੱਕ ਕੇ ਬਸੰਤ ਦੀ ਬੇਬੇ ਘਰ-ਘਰ ਪੁੱਛਣ ਤੁਰ ਪਈ। ਉਹਨੇ ਸਕੂਲ ਪੜ੍ਹਦੇ ਇਕ-ਇਕ ਬੱਚੇ ਨੂੰ ਪੁੱਛਿਆ ਪਰ ਕੋਈ ਕੁਝ ਨਾ ਦੱਸ ਸਕਿਆ। ਕੁਝ ਕੁ ਬੱਚਿਆਂ ਨੂੰ ਬਸੰਤ ਦੇ ਮਾਸਟਰ ਦੀ ਕੁਰਸੀ ਕੋਲ ਬੈਠੇ ਹੋਣ ਦਾ ਪਤਾ ਸੀ। ਇਕ-ਦੋ ਜਣਿਆਂ ਨੇ ਉਹਨੂੰ ਬਰਾਂਡੇ ਵਿਚ ਬੈਠੇ ਨੂੰ ਵੀ ਦੇਖਿਆ ਸੀ। ਇਨ੍ਹਾਂ ਦੇਖਣ ਵਾਲਿਆਂ ਵਿਚ ਪਹਿਲੀ ਤੇ ਦੂਜੀ ਜਮਾਤ ਨੂੰ ਸੰਭਾਲਣ ਵਾਲਾ ਹਰਦਿਆਲ ਵੀ ਸ਼ਾਮਲ ਸੀ।
ਬਸੰਤ ਦੀ ਬੇਬੇ ਹਰਦਿਆਲ ਨੂੰ ਤੇ ਪੰਜ ਸੱਤ ਹੋਰ ਵੱਡੇ ਮੁੰਡਿਆਂ ਨੂੰ ਨਾਲ ਲੈ ਕੇ ਫੇਰ ਸਕੂਲ ਵੱਲ ਗਈ।
ਮੁੰਡੇ ਸਕੂਲ ਦਾ ਗੇਟ ਟੱਪ ਕੇ ਅੰਦਰ ਵੜੇ। ਉਨ੍ਹਾਂ ਬਸੰਤ ਨੂੰ ਆਵਾਜ਼ਾਂ ਮਾਰੀਆਂ, “ਬਸੰਤੇ! ਬਸੰਤ ਓਏ!” ਉਨ੍ਹਾਂ ਨੇ ਬਰਾਂਡੇ ਦਾ ਗੇੜਾ ਦਿੱਤਾ, ਝਾੜੀਆਂ ਓਹਲੇ ਦੇਖਿਆ। ਕਮਰਿਆਂ ਦੇ ਪਿਛਲੇ ਪਾਸੇ ਵੱਲ ਗਏ। ਹਰਦਿਆਲ ਨੇ ਤੇ ਇਕ ਦੋ ਹੋਰ ਦੋ ਮੁੰਡਿਆਂ ਨੇ ਖਿੜਕੀਆਂ ਦੇ ਉਤਲੇ ਸ਼ੀਸ਼ਿਆਂ ਵਿਚੋਂ ਦੀ ਤੇ ਝੀਥਾਂ ਵਿਚੋਂ ਦੀ ਅੰਦਰ ਦੇਖਿਆ। ਉਨ੍ਹਾਂ ਦੀਆਂ ਨਜ਼ਰਾਂ ਸਾਹਮਣੇ ਦਰਵਾਜ਼ੇ ਅਤੇ ਕੰਧਾਂ ਨਾਲ ਟਕਰਾ ਕੇ ਮੁੜ ਆਈਆਂ। ਹਰਦਿਆਲ ਨੇ ਕਿਹਾ, “ਏਥੇ ਤਾਂ ਕਿਤੇ ਦਿਸਦਾ ਨੀ।” ਦੂਜਾ ਮੁੰਡਾ ਬੋਲਿਆ, “ਨਾ, ਹੈਨੀ ਕਿਤੇ!”
ਲੱਭ-ਲੱਭ ਥੱਕ ਕੇ ਰੋਂਦੀ-ਕੁਰਲਾਉਂਦੀ ਬਸੰਤ ਦੀ ਬੇਬੇ ਘਰ ਮੁੜ ਆਈ। ਬਸੰਤ ਦਾ ਬਾਪੂ ਵੀ ਖੇਤੋਂ ਆ ਗਿਆ। ਰਣੀਏ ਕੇ ਅਗਵਾੜ ਗਈ ਦਾਦੀ ਦੇ ਹੱਥ-ਪੱਲੇ ਵੀ ਕੁਝ ਨਹੀਂ ਸੀ ਪਿਆ। ਬੇਬੇ ਤੇ ਬਾਪ ਨੇ ਘਰ ਸਾਹ ਵੀ ਨਾ ਲਿਆ। ਛੋਟੀ ਗੁੱਡੀ ਨੂੰ ਦਾਦੀ ਦੀ ਬੁੱਕਲ ਵਿਚ ਬਿਠਾ ਕੇ ਦੋਵੇਂ ਜੀਅ ਫੇਰ ਬਾਹਰ ਨੂੰ ਤੁਰ ਪਏ। ਪਿੰਡ ਦੇ ਬਹੁਤ ਸਾਰੇ ਲੋਕ ਤੇ ਸ਼ਰੀਕੇ-ਕਬੀਲੇ ਵਾਲੇ ਵੀ ਉਨ੍ਹਾਂ ਦੇ ਨਾਲ ਹੋ ਤੁਰੇ। ਦੇਖੀਆਂ ਹੋਈਆਂ ਥਾਂਵਾਂ ਦੁਬਾਰਾ ਦੇਖੀਆਂ ਗਈਆਂ। ਪਿੰਡ ਦੇ ਗੱਭਰੂ ਦੂਰ-ਦੂਰ ਤਕ ਖੇਤਾਂ ਦਾ ਗੇੜਾ ਮਾਰਨ ਨਿਕਲ ਪਏ। ਦੂਰ-ਦੂਰ ਤਕ ਵਣਾਂ, ਕਰੀਰਾਂ ਤੇ ਝਿੜੀਆਂ ਦੀ ਛਾਣ-ਬੀਣ ਕੀਤੀ ਗਈ।
ਸੱਥ ਵਿਚ ਇਕ ਤਰ੍ਹਾਂ ਨਾਲ ਸਾਰਾ ਪਿੰਡ ਇਕੱਠਾ ਹੋ ਗਿਆ। ਸਿਆਣਿਆਂ ਨੇ ਸਲਾਹ ਕੀਤੀ ਕਿ ਮਾਸਟਰ ਵੱਲ ਕਿਸੇ ਨੂੰ ਭੇਜਿਆ ਜਾਏ। ਖ਼ਬਰੇ, ਉਸੇ ਤੋਂ ਮੁੰਡੇ ਦਾ ਕੋਈ ਥਹੁ-ਪਤਾ ਮਿਲ ਜਾਏ!
ਬੇਬੇ ਧਨਕੁਰ ਕੰਬਦੀ ਤੇ ਰੋਂਦੀ ਜਿਹੀ ਆਵਾਜ਼ ਵਿਚ ਬੋਲੀ, “ਵੇ ਮਾਸ਼ਟਰ ਵਚਾਰੇ ਨੂੰ ਕੀ ਪਤਾ ਹੋਊ ਭਾਈ। ਉਹ ਤਾਂ ਛੁੱਟੀਆਂ ਕਰ ਕੇ ਆਵਦੇ ਘਰ ਨੂੰ ਚਲਿਆ ਗਿਆ। ਜੇ ਤੁਰੇ ਆਉਂਦੇ ਨਿਆਣੇ ਨੂੰ ਕੋਈ ਕੁਸ਼ ਸੁੰਘਾ ਕੇ ਚੁੱਕ ਲਜਾਵੇ ਤਾਂ ਮਾਸ਼ਟਰ ਵਿਚਾਰਾ ਕੀ ਕਰੂ! ਦੱਸੋ ਮੈਨੂੰ!”
ਬੇਬੇ ਧਨਕੁਰ ਦੀ ਗੱਲ ਮੁੱਕੀ ਹੀ ਸੀ ਕਿ ਨੰਬਰਦਾਰਾਂ ਦਾ ਸ਼ਹਿਰ ਪੜ੍ਹਦਾ ਮੁੰਡਾ ਬਲਵਿੰਦਰ ਬੋਲਿਆ, “ਪੰਚੈਤ ਸੱਦ ਕੇ ਇਕ ਫ਼ੈਸਲਾ ਤਾਂ ਇਹ ਕਰੋ, ਬਈ ਪਿੰਡ ‘ਚ ਮੰਗਤਾ ਜਾਂ ਸਾਧ ਨਹੀਂ ਕੋਈ ਵੜਨ ਦੇਣਾ। ਝੋਟਿਆਂ ਵਰਗੇ ਮੰਗਤੇ ਸਾਧ ਸਾਰਾ ਦਿਨ ਪਿੰਡ ‘ਚ ਹਰਲ-ਹਰਲ ਕਰਦੇ ਫਿਰਦੇ ਐ।”
“ਤੁਸੀਂ ਭਾਈ, ਝਬੇਲਪੁਰੇ ਦੇ ਸਾਧੂ ਰਾਮ ਪਾਧੇ ਤੋਂ ਟੇਵਾ ਲੁਆਓ।” ਮੀਰਾਅਬ ਪਾਲਾ ਸਿੰਘ ਦੀ ਮਾਂ ਬੋਲੀ, “ਪਾਧਾ ਥੋਨੂੰ ਸਾਰਾ ਸ੍ਹਾਬ ਲਾ ਕੇ ਦੱਸ ਦੂ ਬੀ ਨਿਆਣਾ ਕਿੱਧਰ ਨੂੰ ਗਿਐ ਤੇ ਕਦੋਂ ਮੁੜੂ!”
“ਗੱਲਾਂ ਪਿੱਛੋਂ ਕਰਿਓ, ਪਹਿਲਾਂ ਮਾਸਟਰ ਵੱਲ ਕਿਸੇ ਨੂੰ ਭੇਜਣ ਦੀ ਗੱਲ ਕਰੋ।” ਸਰਪੰਚ ਬਚਿੱਤਰ ਸਿੰਘ ਨੇ ਇਕ ਤਰ੍ਹਾਂ ਨਾਲ ਫ਼ੈਸਲਾ ਸੁਣਾਇਆ।
ਮਾਸਟਰ ਨਾਲ ਬਹੁਤਾ ਬਹਿਣ-ਉਠਣ ਵਾਲੇ ਸੰਧੂਆਂ ਦੇ ਜਗੀਰੇ ਨੂੰ ਤੇ ਪੰਡਤਾਂ ਦੇ ਕਿੱਛੀ ਨੂੰ ਮੋਟਰਸਾਈਕਲ ਉਤੇ ਮਾਸਟਰ ਦੇ ਸ਼ਹਿਰ ਵੱਲ ਤੋਰ ਦਿੱਤਾ ਗਿਆ। ਉਨ੍ਹਾਂ ਨੂੰ ਤੋਰ ਕੇ ਸਰਪੰਚ ਨੇ ਕਿਹਾ, “ਮਾਸਟਰ ਦਾ ਸ਼ਹਿਰ ਐ ਐਥੋਂ ਨੱਬੇ ਮੀਲ। ਏਸ ਹਿਸਾਬ, ਜੇ ਮੁੰਡੇ ਤੇਜ਼-ਤੇਜ਼ ਵੀ ਮੋਟਰਸੈਕਲ ਚਲਾਉਣ ਤਾਂ ਵੀ ਉਨ੍ਹਾਂ ਨੂੰ ਮੁੜਦਿਆਂ ਰਾਤ ਦੇ ਇਕ-ਦੋ ਤਾਂ ਵੱਜ ਈ ਜਾਣਗੇ। ਹੁਣ ਆਪਾਂ ਇਕ ਤਾਂ ਸਦਰ ਥਾਣੇ ਰਪਟ ਲਿਖਾ ਆਈਏ, ਨਾਲੇ ਭਾਲ ਜਾਰੀ ਰੱਖੀਏ।”
ਸਰਪੰਚ ਸਮੇਤ, ਪਿੰਡ ਦੇ ਮੁਹਤਬਰ ਬੰਦੇ ਬਸੰਤ ਦੇ ਬਾਪੂ ਨਾਲ ਸ਼ਹਿਰ, ਸਦਰ ਥਾਣੇ ਵੱਲ ਚੱਲ ਪਏ। ਗੁਰਦੁਆਰੇ ਦੇ ਭਾਈ ਜੀ ਨੂੰ ਲਾਊਡ ਸਪੀਕਰ ਰਾਹੀਂ ਸੂਚਨਾ ਦੇਣ ਲਈ ਕਹਿ ਦਿੱਤਾ ਗਿਆ। ਦਿਨ ਢਲ ਰਿਹਾ ਸੀ। ਪਹਿਲਾਂ ਤੋਂ ਲੱਭਣ ਨਿਕਲੇ ਕਈ ਗੱਭਰੂ ਮੁੜ ਆਏ ਸਨ। ਉਹ ਤੇ ਕੁਝ ਹੋਰ ਮੁੰਡੇ ਬੈਟਰੀਆਂ ਤੇ ਲਾਲਟੈਣਾਂ ਦਾ ਪ੍ਰਬੰਧ ਕਰ ਕੇ ਦੁਬਾਰਾ ਖੇਤਾਂ, ਝਿੜੀਆਂ ਵੱਲ, ਖੂਹ-ਟੋਭਿਆਂ ਵੱਲ ਤੇ ਨੇੜੇ-ਤੇੜੇ ਦੇ ਪਿੰਡਾਂ ਵੱਲ ਨਿਕਲ ਤੁਰੇ।
ਪਿੰਡ ਦੇ ਬਹੁਤੇ ਘਰਾਂ ਵਿਚ ਚੁਲ੍ਹੇ ਨਹੀਂ ਬਲੇ। ਜੇ ਬਲੇ ਤਾਂ ਸਿਰਫ਼ ਬੱਚਿਆਂ ਦੀ ਖ਼ਾਤਰ।
æææ
ਛੁੱਟੀ ਹੋਈ ਦਾ ਰੌਲਾ ਪਿਆ ਤਾਂ ਬਸੰਤ ਨੇ ਬਾਹਰਲੀ ਸਰਗਰਮੀ ਤੋਂ ਅੰਦਾਜ਼ਾ ਲਾਇਆ ਕਿ ਬੱਚੇ ਘਰਾਂ ਨੂੰ ਜਾ ਰਹੇ ਸਨ। ਕੁਝ ਬੱਚੇ ਤੱਪੜ ਤੇ ਕਾਲੇ ਫੱਟੇ ਸਟੋਰ ਵਿਚ ਰੱਖ ਰਹੇ ਸਨ। ਮਾਸਟਰ ਜੀ ਦਾ ਮੇਜ਼ ਤੇ ਕੁਰਸੀਆਂ ਦਫ਼ਤਰ ਵਿਚ ਟਿਕਾਈਆਂ ਜਾ ਰਹੀਆਂ ਸਨ।
ਜਦੋਂ ਟਿਕਟਿਕਾ ਹੋ ਗਿਆ ਤਾਂ ਬਸੰਤ ਨੇ ਸੁਣਿਆ, ਮਾਸਟਰ ਕਹਿ ਰਿਹਾ ਸੀ, “ਇਉਂ ਕਰ ਓਏ ਮਹਿੰਦਰਾ, ਸਟੋਰ ਨੂੰ ਤੇ ਦੋਵਾਂ ਕਮਰਿਆਂ ਨੂੰ ਜਿੰਦਰਾ ਲਾ ਦੇ।”
ਬਸੰਤ ਨੇ ਬਰਾਂਡੇ ਵਿਚ ਹੁੰਦੀ ਹਿਲਜੁਲ ਤੋਂ ਮਹਿਸੂਸ ਕੀਤਾ ਕਿ ਮਹਿੰਦਰ ਨੇ ਸਟੋਰ ਨੂੰ ਜਿੰਦਰਾ ਲਾਇਆ ਸੀ। ਫੇਰ ਉਹਨੇ ਉਸ ਕਮਰੇ ਨੂੰ ਵੀ ਲਾ ਦਿੱਤਾ ਜਿਸ ਵਿਚ ਬਸੰਤ ਬੰਦ ਸੀ। ਬਸੰਤ ਨੇ ਸੋਚਿਆ, ‘ਹੁਣੇ ਮਾਸਟਰ ਜਿੰਦਰਾ ਖੁਲ੍ਹਵਾਏਗਾ ਤੇ ਉਹਨੂੰ ਬਾਹਰ ਕੱਢੇਗਾ ਪਰ ਕੁਝ ਦੇਰ ਬਾਅਦ ਉਸ ਨੇ ਮਹਿਸੂਸ ਕੀਤਾ ਕਿ ਉਹਦੀ ਬੰਦਖ਼ਲਾਸੀ ਤਾਂ ਕਿਸੇ ਨੇ ਵੀ ਨਹੀਂ ਕੀਤੀ। ਬੱਚੇ ਤੇ ਮਾਸਟਰ ਸਾਰੇ ਸਕੂਲ ਨੂੰ ਜਿੰਦਰੇ ਮਾਰ ਕੇ ਚਲੇ ਗਏ ਸਨ। ਹੁਣ ਤਕ ਬਸੰਤ ਇਹੀ ਸੋਚ ਕੇ ਚੁੱਪ ਰਿਹਾ ਸੀ ਕਿ ਮਾਸਟਰ ਜ਼ਰੂਰ ਬੂਹਾ ਖੋਲ੍ਹੇਗਾ ਤੇ ਉਹਦੇ ਲਿਖੇ ਦਸ ਤਕ ਦੇ ਪਹਾੜੇ ਤੇ ਸੁਲੇਖ ਦੇਖ ਕੇ, ਖੁਸ਼ ਹੋ ਕੇ ਉਹਦੀ ਸਜ਼ਾ ਖ਼ਤਮ ਕਰ ਦੇਵੇਗਾ। ਇਸੇ ਉਡੀਕ ਵਿਚ ਉਹਨੂੰ ਸੁਝਿਆ ਹੀ ਨਹੀਂ ਕਿ ਜਦੋਂ ਜਿੰਦਰੇ ਲਾਏ ਜਾ ਰਹੇ ਸਨ ਤਾਂ ਆਵਾਜ਼ ਮਾਰ ਕੇ ਆਖਦਾ, ਮੈਨੂੰ ਬਾਹਰ ਕੱਢੋ।
ਤੇ ਜਦੋਂ ਉਹਨੇ ਆਵਾਜ਼ ਮਾਰੀ ਤੇ ਨਿੱਕੇ-ਨਿੱਕੇ ਹੱਥਾਂ ਨੇ ਬੂਹਾ ਖੜਕਾਇਆ ਤਾਂ ਨੇੜੇ ਤੇੜੇ ਸੁਣਨ ਵਾਲਾ ਕੋਈ ਨਹੀਂ ਸੀ। ਸਾਰੀ ਹਿਲਜੁਲ ਖ਼ਤਮ ਹੋ ਗਈ ਸੀ ਤੇ ਸਕੂਲ ਵਿਚ ਚਾਰੇ ਪਾਸੇ ਚੁੱਪ ਵਰਤ ਗਈ ਸੀ।
ਬਸੰਤ ਨੇ ਬਹੁਤ ਆਵਾਜ਼ਾਂ ਮਾਰੀਆਂ, ਬਹੁਤ ਬੂਹਾ ਖੜਕਾਇਆ ਪਰ ਕਿਸੇ ਪਾਸਿਓਂ ਕੋਈ ਹੁੰਗਾਰਾ ਨਹੀਂ ਆਇਆ; ਉਹਨੂੰ ਬਾਹਰ ਕੱਢਣ ਲਈ ਕੋਈ ਨਾ ਬਹੁੜਿਆ।
ਬੂਹਾ ਖੜਕਾ ਕੇ, ਆਵਾਜ਼ਾਂ ਮਾਰ ਕੇ, ਥੱਕ-ਹਾਰ ਕੇ ਬਸੰਤ ਵੀ ਸਕੂਲ ਵਿਚ ਪਸਰੀ ਚੁੱਪ ਵਿਚ ਸ਼ਾਮਲ ਹੋ ਗਿਆ। ਕੁਝ ਪਲ ਉਹ ਬੂਹੇ ਕੋਲ ਖੜ੍ਹਾ ਰਿਹਾ। ਉਹ ਸੋਚਣ ਲੱਗਾ, ‘ਮਾਸਟਰ ਜੀ ਜਾਣ-ਬੁੱਝ ਕੇ ਜਿੰਦਰਾ ਲਾ ਕੇ ਗਏ ਐ। ਉਹ ਹੁਣੇ ਮੁੜ ਕੇ ਆਉਣਗੇ ਤੇ ਜਿੰਦਰਾ ਖੋਲ੍ਹ ਕੇ ਮੈਨੂੰ ਕੱਢਣਗੇ।’ ਤੇ ਬਸੰਤ ਨੇ ਚੁੱਪ-ਚਾਪ ਉਡੀਕ ਕਰਨ ਦਾ ਫੈਸਲਾ ਕੀਤਾ। ਉਹ ਖਿੜਕੀ ਕੋਲ ਖਿੱਲਰੇ ਪਏ ਬਸਤੇ ਕੋਲ ਜਾ ਬੈਠਾ ਤੇ ਕਾਪੀ ਉਤੇ ਦਸ ਤਕ ਦੇ ਪਹਾੜੇ ਦੁਬਾਰਾ ਲਿਖਣ ਲੱਗ ਪਿਆ। ਪਹਾੜੇ ਮੁਕਾ ਕੇ ਉਹਨੇ ਸੌ ਤਕ ਗਿਣਤੀ ਵੀ ਲਿਖ ਲਈ। ਉਹਨੇ ਸੋਚਿਆ, ‘ਮਾਸਟਰ ਜੀ ਜਦੋਂ ਪਹਾੜੇ ਤੇ ਗਿਣਤੀ ਦੇਖਣਗੇ ਤਾਂ ਸ਼ਾਬਾਸ਼ ਦੇਣਗੇ। ਮੈਂ ਉਨ੍ਹਾਂ ਨੂੰ ਆਖਾਂਗਾ, ਮਾਸਟਰ ਜੀ ਅੱਗੇ ਤੋਂ ਮੈਂ ਚੌੜ ਨਹੀਂ ਕਰਾਂਗਾ।’
ਇਹ ਕੁਝ ਸੋਚਦੇ ਹੋਏ ਉਹਨੇ ਦੂਜੀ ਕਾਪੀ ਚੁੱਕ ਲਈ ਤੇ ਕਿਤਾਬ ਵਿਚੋਂ ਦੇਖ-ਦੇਖ ਕੇ ਸੁਲੇਖ ਲਿਖਣ ਲੱਗ ਪਿਆ। ਉਹਦੇ ਸਾਹਮਣੇ ਕਵਿਤਾ ਦਾ ਪੰਨਾ ਖੁੱਲ੍ਹਾ ਸੀ। ਉਹਨੇ ਪਹਿਲੀ ਪੰਕਤੀ ਲਿਖੀ: ਕਾਲੇ-ਕਾਲੇ ਬੱਦਲ ਆਏ, ਮਿੱਠਾ-ਮਿੱਠਾ ਪਾਣੀ ਲਿਆਏ।
ਤੇ ਬਸੰਤ ਨੂੰ ਫੇਰ ਤੇਹ ਲੱਗ ਆਈ। ਹੁਣ ਤਕ ਉਹ ਕੰਮ ਕਰਕੇ ਚੰਗਾ ਬਣ ਕੇ ਦਿਖਾਉਣ ਦੇ ਚੱਕਰ ਵਿਚ ਤੇਹ ਭੁੱਲ ਗਿਆ ਸੀ।
ਉਹ ਕਾਪੀ-ਪੈਨਸਿਲ ਫਰਸ਼ ‘ਤੇ ਰੱਖ ਕੇ ਬੂਹੇ ਵੱਲ ਤੁਰ ਪਿਆ ਪਰ ਪਾਣੀ ਤਾਂ ਬੰਦ ਬੂਹੇ ਤੋਂ ਬਾਹਰ ਸੀ। ਤੇ ਬਾਹਰ ਜਿੰਦਰਾ ਲੱਗਿਆ ਹੋਇਆ ਸੀ। ਉਹਨੇ ਬੂਹਾ ਖੜਕਾਇਆ। ਬਾਹਰ ਕੋਈ ਹਿਲ ਜੁਲ ਨਾ ਹੋਈ। ਕੋਈ ਬੂਹਾ ਖੋਲ੍ਹਣ ਨਾ ਆਇਆ। ਸੱਜੀ ਕੰਧ ਦੇ ਨਾਲੋਂ ਲੰਘਦੇ ਪਹੇ ‘ਤੇ ਕਿਸੇ ਦੀ ਬਿੜਕ ਸੁਣਾਈ ਦਿੱਤੀ। ਬਸੰਤ ਨੇ ਹੋਰ ਜ਼ੋਰ ਨਾਲ ਬੂਹਾ ਖੜਕਾਇਆ, ਹੋਰ ਉਚੀ ਆਵਾਜ਼ਾਂ ਮਾਰੀਆਂ, “ਬੂਹਾ ਖੋਲ੍ਹੋ! ਮੈਨੂੰ ਕੱਢੋ! ਮੈਂ ਪਾਣੀ ਪੀਣੈ! ਮਾਸਟਰ ਜੀ, ਮੈਂ ਫੇਰ ਚੌੜ ਨੀ ਕਰਦਾ! ਮੈਨੂੰ ਕੱਢੋ! ਮੈਂ ਪਾਣੀ ਪੀਣੈ! ਤੇਹ ਲੱਗੀ ਐ! ਬੇਬੇ ਮੈਨੂੰ ਲੈ ਜਾ! ਬੇਬੇ, ਤੇਹ ਲੱਗੀ ਐ, ਭੁੱਖ ਵੀ ਲੱਗੀ ਐ! ਬਾਪੂæææ!”
ਉਹਨੇ ਪੂਰਾ ਜ਼ੋਰ ਲਾ ਕੇ ਬੂਹਾ ਖੜਕਾਇਆ। ਖੜਕਾਉਂਦਾ-ਖੜਕਾਉਂਦਾ ਰੋਣ ਲੱਗ ਪਿਆ। ਉਹਦੇ ਨਿੱਕੇ-ਨਿੱਕੇ, ਗੋਲ-ਗੋਲ ਤੇ ਗੋਰੇ-ਗੋਰੇ ਹੱਥ ਬੂਹੇ ਨਾਲ ਵੱਜ-ਵੱਜ ਕੇ ਲਾਲ ਹੋ ਗਏ, ਦੁਖਣ ਲੱਗ ਪਏ! ਹੰਝੂਆਂ ਦੀਆਂ ਘਰਾਲਾਂ ਨਾਲ ਗੋਰੀਆਂ ਗੱਲ੍ਹਾਂ ਘਸਮੈਲੀਆਂ ਹੋ ਗਈਆਂ।
ਕਾਫ਼ੀ ਦੇਰ ਉਹ ਬੂਹਾ ਖੜਕਾਉਂਦਾ ਰਿਹਾ, ਰੋਂਦਾ ਰਿਹਾ; ਮਾਸਟਰ ਤੋਂ ਮਾਫੀਆਂ ਮੰਗਦਾ ਰਿਹਾ; ਬੇਬੇ ਤੇ ਬਾਪੂ ਨੂੰ ਆਵਾਜ਼ਾਂ ਮਾਰਦਾ ਰਿਹਾ ਤੇ ਭੁੱਖ-ਤੇਹ ਦੇ ਵਾਸਤੇ ਪਾਉਂਦਾ ਰਿਹਾ। ਫੇਰ ਉਹ ਥੱਕ ਗਿਆ, ਹੰਭ ਗਿਆ ਤੇ ਨਿਢਾਲ ਹੋ ਕੇ ਬੂਹੇ ਦੇ ਕੋਲ ਹੀ ਬੈਠ ਗਿਆ।
ਖੇਤਾਂ ਵਾਲੇ ਪਾਸਿਓਂ ਕੋਈ ਆਵਾਜ਼ ਸੁਣਾਈ ਦਿੱਤੀ। ਬਸੰਤ ਬੂਹੇ ਕੋਲੋਂ ਉਠ ਕੇ ਖਿੜਕੀ ਵੱਲ ਆ ਗਿਆ ਤੇ ਖਿੜਕੀ ਖੜਕਾਉਣ ਲੱਗ ਪਿਆ। ਲੋਹੇ ਦੀ ਗਰਿੱਲ ਵਿਚੋਂ ਹੀ ਖੜਕਾਉਂਦਿਆਂ ਉਹਦੇ ਹੱਥ ਹੋਰ ਦੁਖਣ ਲੱਗ ਪਏ। ਉਹਨੇ ਹੇਠਾਂ ਬਸਤੇ ਕੋਲ ਪਈ ਸਲੇਟ ਚੁੱਕ ਲਈ। ਉਹ ਸਲੇਟ ਨਾਲ ਖਿੜਕੀ ਭੰਨਣ ਲੱਗ ਪਿਆ। ਇਸ ਸਾਰੀ ਜਦੋਜਹਿਦ ਦਾ ਵੀ ਕੋਈ ਨਤੀਜਾ ਨਾ ਨਿਕਲਿਆ ਸਗੋਂ ਉਹ ਹੋਰ ਵਧੇਰੇ ਥੱਕ ਗਿਆ, ਹੰਭ ਗਿਆ, ਹਾਰ ਗਿਆ। ਉਹਦੀ ਤੇਹ ਹੋਰ ਵਧ ਗਈ, ਗਲਾ ਖੁਸ਼ਕ ਹੋ ਗਿਆ। ਉਹਨੂੰ ਸਾਹ ਚੜ੍ਹ ਗਿਆ। ਸਲੇਟ ਵਾਲਾ ਉਹਦਾ ਹੱਥ ਢਿੱਲਾ ਪੈ ਗਿਆ। ਸਲੇਟ ਉਹਦੇ ਹੱਥੋਂ ਡਿੱਗ ਪਈ। ਉਹਨੇ ਦੋਵੇਂ ਹੱਥਾਂ ਨਾਲ ਲੋਹੇ ਦੀ ਗਰਿੱਲ ਫੜ ਲਈ। ਉਹਦਾ ਸਿਰ ਖਿੜਕੀ ਦੇ ਹੇਠਾਂ ਕੰਧ ਨਾਲ ਲੱਗ ਗਿਆ। ਕੁਝ ਦੇਰ ਬਾਅਦ ਉਹਦੇ ਹੱਥਾਂ ਦੀ ਪਕੜ ਵੀ ਢਿੱਲੀ ਪੈ ਗਈ। ਉਹ ਤੋਰੀ ਦੀ ਉਸ ਵੇਲ ਵਾਂਗ ਕੰਧ ਦੇ ਨਾਲ ਘਸਰਦਾ ਹੇਠਾਂ ਨੂੰ ਢਿਲਕ ਗਿਆ ਜੀਹਨੂੰ ਦਰਖ਼ਤ, ਵਾੜ ਜਾਂ ਕੰਧ ਦਾ ਮਿਲਿਆ ਸਹਾਰਾ ਖੋਹ ਲਿਆ ਗਿਆ ਹੋਵੇ। ਉਹਦੇ ਅੰਦਰ ਬੈਠੇ ਰਹਿਣ ਦੀ ਵੀ ਹਿੰਮਤ ਨਹੀਂ ਸੀ ਬਚੀ। ਉਹ ਨਿਢਾਲ ਹੋ ਕੇ ਲੰਮਾ ਪੈ ਗਿਆ। ਉਹਦਾ ਸਿਰ ਸਹਿਜ-ਸੁਭਾਅ ਹੀ ਬਸਤੇ ਉਤੇ ਜਾ ਟਿਕਿਆ। ਪਏ ਪਏ ਉਸ ਨੂੰ ਪਤਾ ਨਹੀਂ, ਕਦੋਂ ਨੀਂਦ ਆ ਗਈ, ਗੂੜ੍ਹੀ ਨੀਂਦ।
æææ
ਸਕੂਲੋਂ ਉਹ ਘਰ ਨੂੰ ਤੁਰਿਆ ਜਾ ਰਿਹਾ ਸੀ। ਖੇਤੋਂ ਮੁੜਦੇ ਉਹਦੇ ਬਾਪੂ ਨੇ ਉਹਨੂੰ ਗੱਡੇ ਉਤੇ ਬਿਠਾ ਲਿਆ। ਗੱਡੇ ਦੇ ਪਹੀਏ ਚੀਂਅ-ਚੀਂਅ ਕਰ ਰਹੇ ਸਨ। ਬਲਦਾਂ ਦੇ ਗਲੀਂ ਘੁੰਗਰੂ ਛਣਕ ਰਹੇ ਸਨ। ਬਾਪੂ ਬਲਦਾਂ ਨੂੰ ਹੱਕ ਰਿਹਾ ਸੀ “ਤੱਅ-ਤੱਅ-ਤੱਅ, ਚੱਲ ਛੇਰਾ ਚੱਲ ਬਈ।” ਫੇਰ ਉਹ ਮਾਮੇ ਦੀ ਘੋੜੀ ਉਤੇ ਚੜ੍ਹ ਗਿਆ। ਨਾਨਕੇ-ਘਰ ਉਹ ਘੋਲੂ, ਭਿੰਦੀ ਤੇ ਨੰਦੀ ਨਾਲ ਲੁਕ-ਮਿਚਾਈ ਖੇਡ ਰਿਹਾ ਸੀ। ਉਹ ਤੂੜੀ ਵਾਲੇ ਕੋਠੇ ਵਿਚ ਲੁਕ ਗਿਆ ਸੀ। ਘੋਲੂ ਉਹਨੂੰ ਲੱਭ ਰਿਹਾ ਸੀ ਤੇ ਆਵਾਜ਼ਾਂ ਮਾਰ ਰਿਹਾ ਸੀ, “ਬਸੰਤੇ!” ਫੇਰ ਭਿੰਦੀ ਦੀ ਆਵਾਜ਼ ਆਈ, “ਬਸੰਤੇ ਓਏ!” ਹਰਦਿਆਲ ਕਹਿ ਰਿਹਾ ਸੀ, “ਏਥੇ ਤਾਂ ਕਿਤੇ ਦਿਸਦਾ ਨੀ।” ਫੇਰ ਭਿੰਦੀ ਬੋਲਿਆ, “ਨਾ, ਹੈਨੀ ਕਿਤੇ!”
ਤੇ ਬਸੰਤ ਚੁੱਪ ਕੀਤਾ ਲੁਕਿਆ ਰਿਹਾ। ਲੁਕੇ-ਲੁਕੇ ਨੂੰ ਉਹਨੂੰ ਤੇਹ ਲੱਗੀ। ਉਹ ਸੂਏ ਦੇ ਕੰਢੇ ਬੈਠ ਗਿਆ। ਉਹਨੇ ਪਾਣੀ ਦੀ ਚੁਲੀ ਭਰੀ। ਮੂੰਹ ਨੂੰ ਲਾਈ ਤਾਂ ਚੁਲੀ ਖਾਲੀ ਸੀ। ਉਹ ਸੂਏ ਵਿਚ ਡਿੱਗ ਪਿਆ। ਸੂਆ ਨਹੀਂ, ਉਹ ਤਾਂ ਵੱਡੀ ਨਹਿਰ ਸੀ। ਉਹ ਡੁੱਬਣ ਲੱਗਾ। ਉਹਨੇ ਨਿਕਲਣ ਲਈ ਜ਼ੋਰ ਲਾਇਆ, ਬਹੁਤ ਹੱਥ-ਪੈਰ ਮਾਰੇ ਪਰ ਉਹ ਨਿਕਲ ਨਹੀਂ ਸਕਿਆ। ਉਹਦਾ ਗਲਾ ਖ਼ੁਸ਼ਕ ਹੋ ਗਿਆ। ਉਹਦਾ ਸਾਹ ਘੁੱਟਣ ਲੱਗਿਆ। ਉਹਨੇ ਜ਼ੋਰ ਦੀ ਚੀਕ ਮਾਰੀ, “ਬੇਬੇæææ!”
ਤੇ ਉਹ ਉਠ ਕੇ ਬੈਠ ਗਿਆ। ਇਧਰ-ਉਧਰ ਦੇਖਿਆ ਘੋੜੀ ਨਹੀਂ ਸੀ, ਗੱਡਾ ਨਹੀਂ ਸੀ। ਉਹਦੇ ਨਾਲ ਲੁਕ-ਮਿਚਾਈ ਖੇਡਣ ਵਾਲੇ ਘੋਲੂ, ਭਿੰਦੀ, ਹਰਦਿਆਲ ਵੀ ਉਥੇ ਨਹੀਂ ਸਨ। ਸਾਰੇ ਜਣੇ ਕਿਧਰੇ ਗਾਇਬ ਹੋ ਗਏ ਸਨ। ਵੱਡੇ ਸਾਰੇ ਕਮਰੇ ਵਿਚ ਉਹ ਇਕੱਲਾ ਸੀ। ਪਹੇ ਉਤੋਂ ਲੋਕ ਲੰਘ ਰਹੇ ਸਨ- ਖੇਤੋਂ ਪੱਠੇ ਲੈ ਕੇ, ਗੱਡੇ ਲੈ ਕੇ, ਤੇ ਵੱਗ ਹੱਕਦੇ ਹੋਏ। ਬਸੰਤ ਨੂੰ ਉਨ੍ਹਾਂ ਦੀਆਂ ਆਵਾਜ਼ਾਂ, ਬਲਦਾਂ ਦੇ ਗਲਾਂ ਵਿਚ ਪਏ ਘੁੰਗਰੂਆਂ ਦੀ ਛਣਕਾਰ, ਕਦੇ ਮੱਧਮ ਕਦੇ ਸਾਫ਼ ਸੁਣਾਈ ਦੇ ਰਹੀ ਸੀ। ਉਹਨੇ ਬੈਠੇ-ਬੈਠੇ ਨੇ ਲੰਘਣ ਵਾਲਿਆਂ ਨੂੰ ਆਵਾਜ਼ ਦਿੱਤੀ ਪਰ ਤੇਹ ਦੇ ਭੰਨੇ ਖ਼ੁਸ਼ਕ ਗਲੇ ਵਿਚੋਂ ਉਹਦੀ ਆਵਾਜ਼ ਭਰੜਾ ਕੇ ਨਿਕਲੀ ਤੇ ਕਮਰੇ ਦੀਆਂ ਕੰਧਾਂ ਨਾਲ ਹੀ ਟਕਰਾ ਕੇ ਰਹਿ ਗਈ। ਫੇਰ ਉਹ ਹਿੰਮਤ ਕਰ ਕੇ ਉਠਿਆ। ਸਲੇਟ ਲੈ ਕੇ ਫੇਰ ਬੂਹਾ ਭੰਨਣ ਲੱਗ ਪਿਆ। ਉਹਨੇ ਖੇਤਾਂ ਵੱਲ ਦੀਆਂ ਖਿੜਕੀਆਂ ਵੀ ਖੜਕਾਈਆਂ ਪਰ ਉਹਦੀ ਕੋਈ ਕੋਸ਼ਿਸ਼ ਕਿਸੇ ਦਾ ਧਿਆਨ ਨਾ ਖਿੱਚ ਸਕੀ।
ਹੌਲੀ-ਹੌਲੀ ਖੇਤਾਂ ਵਾਲਿਆਂ ਦੀ ਆਵਾਜਾਈ ਵੀ ਖਤਮ ਹੋ ਗਈ। ਖਿੜਕੀਆਂ ਦੇ ਉਤਲੇ ਸ਼ੀਸ਼ਿਆਂ ਅਤੇ ਰੋਸ਼ਨਦਾਨਾਂ ਵਿਚੋਂ ਦੀ ਵੜਿਆ ਸ਼ਾਮ ਦਾ ਘੁਸਮੁਸਾ ਹਨੇਰੇ ਵਿਚ ਬਦਲ ਗਿਆ। ਬਸੰਤ ਦਾ ਬਸਤਾ, ਬਸਤੇ ਦਾ ਖਿਲਰਿਆ ਸਮਾਨ, ਸਭ ਕੁਝ ਹਨੇਰੇ ਵਿਚ ਸਮਾ ਗਿਆ। ਖਿੜਕੀਆਂ ਤੇ ਰੌਸ਼ਨਦਾਨਾਂ ਵਿਚੋਂ ਦੀ ਤਾਰਿਆਂ ਦੀ ਮੱਧਮ ਜਿਹੀ ਲੋਅ ਦਿਖਾਈ ਦੇ ਰਹੀ ਸੀ। ਪਿਛਲੇ ਪਾਸੇ ਲੱਗੇ ਸਫ਼ੈਦਿਆਂ ਦੀਆਂ ਟਾਹਣੀਆਂ ਦੇ ਝੌਲੇ ਜਿਹੇ ਪੈ ਰਹੇ ਸਨ। ਉਹ ਬਸੰਤ ਨੂੰ ਭੂਤ ਪ੍ਰੇਤ ਜਾਪ ਰਹੇ ਸਨ।
ਛੱਪੜ ਦੇ ਪਰਲੇ ਪਾਸਿਉਂ, ਗੁਰਦੁਆਰੇ ਦੇ ਸਪੀਕਰ ਵਿਚੋਂ ਆਵਾਜ਼ ਸੁਣਾਈ ਦਿੱਤੀ, “ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ!”
ਬਸੰਤ ਬੂਹੇ ਬਾਰੀਆਂ ਖੜਕਾਉਣੇ ਬੰਦ ਕਰ ਕੇ ਸਪੀਕਰ ਦੀ ਆਵਾਜ਼ ਸੁਣਨ ਲੱਗ ਪਿਆ। ਭਾਈ ਜੀ ਕਹਿ ਰਿਹਾ ਸੀ, “ਸਾਧ-ਸੰਗਤ ਜੀ, ਜਿਵੇਂ ਕਿ ਆਪ ਜੀ ਨੂੰ ਪਹਿਲਾਂ ਵੀ ਸੂਚਨਾ ਦਿੱਤੀ ਜਾ ਚੁੱਕੀ ਹੈ ਕਿ ਆਪਣੇ ਪਿੰਡ ਦੇ ਸਰਦਾਰ ਦਲਜੀਤ ਸਿੰਘ ਦਾ ਦੂਜੀ ਵਿਚ ਪੜ੍ਹਦਾ ਸਪੁੱਤਰ ਬਸੰਤ ਸਿੰਘ ਸਕੂਲੋਂ ਛੁੱਟੀ ਹੋਣ ਉਪਰੰਤ ਘਰ ਨਹੀਂ ਅਪੜਿਆ। ਜਿਸ ਮਾਈ-ਭਾਈ ਨੁੰ ਉਹਦੀ ਸੂਹ ਲੱਗੇ, ਤੁਰੰਤ ਸੂਚਨਾ ਦੇਣ ਦੀ ਖੇਚਲ ਕਰੇ। ਬਾਲਕ ਦੇ ਮਾਤਾ-ਪਿਤਾ ਤੇ ਉਹਦੀ ਬਿਰਧ ਦਾਦੀ ਉਹਨੂੰ ਲੱਭਦੇ ਹਾਲੋਂ ਬੇਹਾਲ ਹੋਏ ਪਏ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ!”
ਸੂਚਨਾ ਸੁਣਦਿਆਂ ਹੀ ਬਸੰਤ ਭਰੜਾਈ ਆਵਾਜ਼ ਵਿਚ ਚੀਕ ਉਠਿਆ, “ਬੇਬੇ, ਬਾਪੂ, ਮੈਂ ਐਥੇ ਹਾਂ, ਸਕੂਲ ‘ਚ! ਮੈਨੂੰ ਲੈ ਜਾਓ! ਮੈਨੂੰ ਤੇਹ ਲੱਗੀ ਐ, ਭੁੱਖ ਵੀ ਲੱਗੀ ਐ! ਬੇਬੇ ਮੈਨੂੰ ਡਰ ਲਗਦੈ, ਭੂਤ ਫਿਰਦੇ ਐ, ਮੈਨੂੰ ਬਹੁਤ ਡਰ ਲਗਦੈ, ਬਾਪੂ ਮੈਨੂੰ ਲੈ ਜਾ। ਮੈਂ ਪਾਣੀ ਪੀਣੈ। ਮਾਸਟਰ ਜੀ ਨੂੰ ਆਖੀਂ, ਹੁਣ ਮੈਂ ਚੌੜ ਨਹੀਂ ਕਰਦਾ। ਮੈਂ ਭਾੜੇ ਲਿਖ ਲੇ ਗਿਣਤੀ ਵੀ ਲਿਖ ਲੀ। ਮੈਂ ਕੰਮ ਕਰਿਆ ਕਰੂੰਗਾ ਕਿਸੇ ਨੂੰ ਤੰਗ ਨੀ ਕਰਦਾ।”
ਗੁਰਦੁਆਰੇ ਦਾ ਸਪੀਕਰ ਦੋ-ਤਿੰਨ ਵਾਰ ਸੂਚਨਾ ਦੇ ਕੇ ਚੁੱਪ ਕਰ ਗਿਆ। ਬਸੰਤ ਦੀ ਬੈਠੀ ਆਵਾਜ਼ ਉਹਦੇ ਤਕ ਹੀ ਰਹਿ ਗਈ। ਸਪੀਕਰ ਤੋਂ ਬਾਅਦ ਕਿਧਰੋਂ ਆਵਾਜ਼ ਨਾ ਆਈ। ਕਦੇ-ਕਦਾਈਂ ਪਹੇ ਤੋਂ ਲੰਘਦੀ ਮੱਧਮ ਜਿਹੀ ਕੋਈ ਆਵਾਜ਼ ਸੁਣਾਈ ਦਿੰਦੀ। ਬਸੰਤ ਦਾ ਕਿਸੇ ਵੀ ਆਵਾਜ਼ ਨਾਲ ਕੋਈ ਰਾਬਤਾ ਕਾਇਮ ਨਾ ਹੋ ਸਕਿਆ। ਉਹ ਇਸ ਚੁੱਪ ਚਾਨ ਤੋਂ ਹੋਰ ਡਰ ਗਿਆ। ਭੁੱਖ-ਤੇਹ ਨੇ ਉਹਨੂੰ ਬਹੁਤ ਨਿਢਾਲ ਕਰ ਦਿੱਤਾ ਸੀ। ਉਹਦੇ ਮੂੰਹ ਦਾ ਲੁਆਬ ਕਦੋਂ ਦਾ ਸੁੱਕ ਚੁੱਕਾ ਸੀ। ਖ਼ੁਸ਼ਕ ਹੋ ਕੇ ਖੁਰਦਰੀ ਹੋ ਚੁੱਕੀ ਉਹਦੀ ਜੀਭ ਨੂੰ ਜਿਵੇਂ ਕੋਈ ਪਿੱਛੇ ਖਿੱਚ ਰਿਹਾ ਸੀ। ਹੌਲੀ-ਹੌਲੀ ਉਹਦੀ ਹਾਲਤ ਇਹ ਹੋ ਗਈ ਜਦੋਂ ਉਹ ਬੇਬੇ ਬਾਪੂ ਨੂੰ ਸੱਦਣ ਲਈ ਮੂੰਹ ਖੋਲ੍ਹਦਾ ਤਾਂ ਉਹਦੀ ਆਵਾਜ਼ ਗਲੇ ਤੋਂ ਬਾਹਰ ਨਾ ਨਿਕਲਦੀ।
ਰੋਸ਼ਨਦਾਨ ਵਿਚ ਰੈਣ-ਬਸੇਰਾ ਕਰਦੇ ਕਿਸੇ ਪੰਛੀ ਨੇ ਖੰਭ ਫੜਫੜਾਏ ਤਾਂ ਬਸੰਤ ਥਰ-ਥਰ ਕੰਬਣ ਲੱਗਾ। ਉਹਨੂੰ ਜਾਪਿਆ, ਉਹਨੂੰ ਖਾਣ ਲਈ ਕੋਈ ਭੂਤ ਰੋਸ਼ਨਦਾਨ ਵਿਚ ਆ ਬੈਠਾ ਹੈ। ਭੂਤ ਤੋਂ ਬਚਣ ਲਈ ਉਹ ਬਸਤੇ ਦੇ ਕੋਲ ਖੂੰਜੇ ਵਿਚ ਕੁੰਗੜ ਕੇ ਬੈਠ ਗਿਆ। ਉਹਦਾ ਨਿੱਕਾ ਜਿਹਾ ਦਿਲ ਜ਼ੋਰ-ਜ਼ੋਰ ਦੀ ਧੜਕ ਰਿਹਾ ਸੀ। ਘੁੱਪ ਹਨੇਰੇ ਵਿਚ ਚੁੱਪ ਨੂੰ ਤੋੜਦਾ ਕੋਈ ਮਾਮੂਲੀ ਜਿਹਾ ਖੜਕਾ ਇਸ ਧੜਕਣ ਨੂੰ ਹੋਰ ਵਧਾ ਦਿੰਦਾ ਸੀ।
ਪਿੱਪਲ ਦੇ ਟਾਹਣਿਆਂ ਵਿਚ ਅਚਾਨਕ ਖੜ-ਖੜ ਹੋਈ। ਬਸੰਤ ਦੀ ਭਰੜਾਈ ਚੀਕ ਨਿਕਲ ਗਈ। ਸ਼ਾਇਦ ਪਿੱਪਲ ਉਤੇ ਕੋਈ ਚਮਗਿੱਦੜ ਜਾਂ ਉਲੂ ਆ ਕੇ ਬੈਠਿਆ ਸੀ ਜਾਂ ਸ਼ਾਇਦ ਉਡਿਆ ਸੀ। ਬਸੰਤ ਨੇ ਡਰ ਕੇ ਗੋਡਿਆਂ ਵਿਚ ਮੂੰਹ ਲੁਕੋ ਲਿਆ ਤੇ ਸਿਰ ਉਤੋਂ ਦੀ ਬਾਹਾਂ ਵਲ ਲਈਆਂ। ਆਲੇ-ਦੁਆਲੇ ਫੇਰ ਇਕ ਡਰਾਉਣੀ ਚੁੱਪ ਸੀ, ਗੂੜ੍ਹਾ ਹਨੇਰਾ ਸੀ। ਬਸੰਤ ਨੂੰ ਲੱਗ ਰਿਹਾ ਸੀ, ਹੁਣੇ ਕੋਈ ਭੂਤ ਰੋਸ਼ਨਦਾਨ ਵਿਚੋਂ ਦੀ ਛਾਲ ਮਾਰੇਗਾ ਤੇ ਉਹਨੂੰ ਫੜ ਲਵੇਗਾ।
ਕੁਝ ਪਲ ਇਸੇ ਸਥਿਤੀ ਵਿਚ ਬੀਤੇ। ਫੇਰ ਅਚਾਨਕ ਨੇੜੇ ਦੇ ਖੇਤਾਂ ਵਿਚ ਗਿੱਦੜ ਹੁਆਂਕ ਉਠੇ। ਪਹਿਲਾਂ ਇਕ, ਫੇਰ ਦੋ, ਫੇਰ ਕਈ। ਬਸੰਤ ਨੂੰ ਲੱਗਿਆ, ਰੋਸ਼ਨਦਾਨਾਂ ਵਿਚੋਂ ਬਹੁਤ ਸਾਰੇ ਭੂਤ ਉਹਦੇ ਉਤੇ ਟੁੱਟ ਪਏ ਹਨ। ਉਹ ਦਹਿਲ ਗਿਆ। ਸਿਰ ਦੁਆਲੇ ਵਲੀਆਂ ਬਾਹਾਂ ਖੁਲ੍ਹ ਗਈਆਂ। ਉਹਦੇ ਹੱਥ ਇਕ ਦਮ ਉਪਰ ਨੂੰ ਇੰਜ ਫੈਲ ਗਏ ਜਿਵੇਂ ਰੋਸ਼ਨਦਾਨਾਂ ਵੱਲੋਂ ਆਉਂਦੀ ਕਿਸੇ ਬਲਾ ਨੂੰ ਰੋਕ ਰਹੇ ਹੋਣ। ਉਹਦੀ ਭਰੜਾਈ ਚੀਕ ਨਾਲ ਹਨੇਰਾ ਕਮਰਾ ਗੂੰਜ ਉਠਿਆ। ਉਹਨੇ ਲੇਰ ਮਾਰੀ, “ਬੇਬੇ æææ!” ਤੇ ਉਹ ਇਕ ਪਾਸੇ ਨੂੰ ਢੇਰੀ ਹੋ ਗਿਆ।
æææ
ਅੱਧੀ ਰਾਤ ਤੋਂ ਪਿਛੋਂ ਲੋਕਾਂ ਨੇ ਪਿੰਡ ਵੱਲ ਆਉਂਦੀ ਮੋਟਰ ਸਾਈਕਲ ਦੀ ਆਵਾਜ਼ ਸੁਣੀ। ਸਾਰੇ ਛੱਪੜ ਕੋਲ, ਪਿੰਡ ਨੂੰ ਆਉਂਦੇ ਰਾਹ ਉਤੇ, ਆ ਇਕੱਠੇ ਹੋਏ। ਸੰਧੂਆਂ ਦੇ ਜਗੀਰੇ ਤੇ ਪੰਡਤਾਂ ਦੇ ਕਿੱਛੀ ਨੂੰ ਮਾਸਟਰ ਨੇ ਚਾਬੀਆਂ ਦੇ ਕੇ ਮੋੜ ਦਿੱਤਾ ਸੀ। ਉਹ ਛੱਪੜ ਕੋਲ ਰੁਕੇ ਨਹੀਂ, ਸਿੱਧੇ ਸਕੂਲ ਵੱਲ ਵਧ ਗਏ। ਪਿੰਡ ਵਾਲੇ ਵੀ ਭੱਜ ਕੇ ਸਕੂਲ ਅੱਪੜ ਗਏ। ਉਹ ਪੁੱਛ ਰਹੇ ਸਨ, “ਮਾਸਟਰ ਤੋਂ ਕੁਸ਼ ਪਤਾ ਚੱਲਿਆ?” “ਆਹੋ” ਕਹਿ ਕੇ ਜਗੀਰੇ ਨੇ ਕਾਹਲੀ-ਕਾਹਲੀ ਗੇਟ ਖੋਲ੍ਹਿਆ ਤੇ ਫੇਰ ਕਮਰੇ ਦਾ ਬੂਹਾ। ਬੈਟਰੀਆਂ ਦੇ ਚਾਨਣ ਵਿਚ ਸਭ ਨੇ ਦੇਖਿਆ, ਬਸੰਤ ਬਸਤੇ ਉਤੇ ਸਿਰ ਟਿਕਾਈ ਪਿਆ ਸੀ। ਉਹਦੀ ਬੇਬੇ ਨੇ ਧਾਹ ਕੇ ਬੁੱਕਲ ਵਿਚ ਲੈ ਲਿਆ; ਛਾਤੀ ਨਾਲ ਘੁੱਟਿਆ; ਜਗਾਉਣ ਲਈ ਬੁਲਾਇਆ, ਹਿਲਾਇਆ, ਚੁੰਮਿਆ। ਚੁੰਮਦਿਆਂ ਉਹ ਅਚਾਨਕ ਰੁਕ ਗਈ। ਉਹਦਾ ਸੱਜਾ ਕੰਨ ਬੱਚੇ ਦੀ ਨਿੱਕੀ ਜਿਹੀ ਹਿੱਕ ਉਤੇ ਟਿਕ ਗਿਆ। ਉਹਦੇ ਹੱਥ ਬੱਚੇ ਦੀਆਂ ਨਬਜ਼ਾਂ ਟੋਹਣ ਲੱਗੇ। ਫੇਰ ਉਹਨੇ ਆਕਾਸ਼ ਤਕ ਨੂੰ ਚੀਰ ਸੁੱਟਣ ਵਾਲੀ ਧਾਹ ਮਾਰੀ, “ਵੇ ਮੇਰਿਆ ਪੜ੍ਹਾਕੂਆ ਪੁੱਤਾæææ!” ਤੇ ਉਹ ਜਿੱਥੇ ਬੈਠੀ ਸੀ, ਬਸੰਤ ਨੂੰ ਹਿੱਕ ਨਾਲ ਘੁੱਟੀ, ਪਛਾੜ ਖਾ ਕੇ ਉਥੇ ਹੀ ਡਿੱਗ ਪਈ।

Be the first to comment

Leave a Reply

Your email address will not be published.