ਹਰਿਮੰਦਰ ਸਾਹਿਬ ਵਿਚ ਕੰਧ ਕਲਾ ਦੀ ਸੰਭਾਲ ਦਾ ਕਾਰਜ ਅਰੰਭ

ਅੰਮ੍ਰਿਤਸਰ: ਦਿੱਲੀ ਦੀ  ਕੰਪਨੀ ਦੇ ਮਾਹਰਾਂ ਨੇ ਸ੍ਰੀ ਹਰਿਮੰਦਰ ਸਾਹਿਬ ਅੰਦਰ ਖ਼ਰਾਬ ਹੋਈ ਕੰਧ ਕਲਾ ਤੇ ਸੋਨੇ ਦੇ ਪੱਤਰਿਆਂ ਦੀ ਚਮਕ ਨੂੰ ਮੁੜ ਪਹਿਲਾਂ ਵਾਂਗ ਬਣਾਉਣ ਤੇ ਇਸ ਦੀ ਸਾਂਭ-ਸੰਭਾਲ ਲਈ ਕੰਮ ਸ਼ੁਰੂ ਕਰ ਦਿੱਤਾ ਹੈ। ਮਾਹਰਾਂ ਦੀ ਟੀਮ ਵੱਲੋਂ ਇਹ ਕੰਮ ਸ੍ਰੀ ਹਰਿਮੰਦਰ ਸਾਹਿਬ ਦੀ ਪਹਿਲੀ ਮੰਜ਼ਿਲ ਤੋਂ ਸ਼ੁਰੂ ਕੀਤਾ ਗਿਆ ਹੈ ਤੇ ਪਹਿਲੇ ਪੜਾਅ ਵਿਚ ਖਰਾਬ ਹੋਈ ਕੰਧ ਕਲਾ ਨੂੰ ਠੀਕ ਕਰਨ ਦਾ ਕੰਮ ਹੋਵੇਗਾ ਜਦੋਂਕਿ ਦੂਜੇ ਪੜਾਅ ਵਿਚ ਖਰਾਬ ਹੋਏ ਸੋਨੇ ਦੇ ਪੱਤਰਿਆਂ ਨੂੰ ਠੀਕ ਕਰਨ ਦਾ ਕੰਮ ਕੀਤਾ ਜਾਵੇਗਾ।
ਇਸ ਬਾਰੇ ਮਾਹਰਾਂ ਵੱਲੋਂ ਪਹਿਲੀ ਮੰਜ਼ਿਲ ‘ਤੇ ਛੱਤ ਕੋਲ ਖ਼ਰਾਬ ਹੋਈ ਕੰਧ ਕਲਾ ਦੇ ਪ੍ਰਭਾਵਿਤ ਖੇਤਰ ਦੀ ਸਾਫ਼ ਸਫ਼ਾਈ ਕੀਤੀ ਜਾ ਰਹੀ ਹੈ। ਇਸ ਬਾਰੇ ਉਨ੍ਹਾਂ ਵੱਲੋਂ ਸਾਫ਼-ਸਫ਼ਾਈ ਲਈ ਰਸਾਇਣ ਤੇ ਹੋਰ ਵੱਖ ਵੱਖ ਵਸਤਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਪ੍ਰਭਾਵਿਤ ਖੇਤਰ ਨੂੰ ਪਹਿਲਾਂ ਬੁਰਸ਼ ਨਾਲ ਸਾਫ਼ ਕਰਨ ਮਗਰੋਂ ਇਸ ਦੇ ਕਾਲੇ ਹੋਏ ਰੰਗ ਨੂੰ ਸਾਫ਼ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਜਿਨ੍ਹਾਂ ਥਾਵਾਂ ਤੋਂ ਕੰਧ ਕਲਾ ਦੇ ਰੰਗ ਅਲੋਪ ਹੋ ਚੁੱਕੇ ਹਨ, ਉਥੇ ਨਵੇਂ ਰੰਗਾਂ ਦੀ ਵਰਤੋਂ ਕੀਤੀ ਜਾਵੇਗੀ। ਇਸ ਵਿਚ ਲੰਮਾ ਸਮਾਂ ਲੱਗਣ ਦੀ ਸੰਭਾਵਨਾ ਹੈ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਦੱਸਿਆ ਕਿ ਇਸ ਰੂਹਾਨੀ ਅਸਥਾਨ ਦੇ ਅੰਦਰੂਨੀ ਹਿੱਸੇ ਵਿਚ ਹੋਈ ਇਸ ਬਹੁਮੁੱਲੀ ਕੰਧ ਕਲਾ, ਨਕਾਸ਼ੀ, ਜੜਤ ਵਰਕ ਤੇ ਸੋਨੇ ਦੇ ਕੰਮ ਦੀ ਸੰਭਾਲ ਲਈ ਮਾਹਰਾਂ ਦੀ ਮਦਦ ਲਈ ਗਈ ਹੈ ਤੇ ਮਾਹਰ ਕੰਪਨੀ ਦੇ ਨੁਮਾਇੰਦਿਆਂ ਨੇ ਕੰਮ ਸ਼ੁਰੂ ਕਰ ਦਿੱਤਾ ਹੈ। ਮਾਹਰਾਂ ਵੱਲੋਂ ਪਹਿਲਾਂ ਪ੍ਰਭਾਵਿਤ ਖੇਤਰ ‘ਤੇ ਤਜਰਬੇ ਵਜੋਂ ਕੰਮ ਕੀਤਾ ਗਿਆ ਸੀ ਜਿਸ ਦੀ ਪ੍ਰਯੋਗਸ਼ਾਲਾ ਵਿਚ ਜਾਂਚ ਕੀਤੀ ਗਈ ਤੇ ਨਤੀਜੇ ਠੀਕ ਆਉਣ ‘ਤੇ ਹੁਣ ਪੱਕੇ ਤੌਰ ‘ਤੇ ਕੰਮ ਸ਼ੁਰੂ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਪੁਰਾਤਨ ਕੰਧ ਕਲਾ ਨਾਲ ਕੋਈ ਛੇੜ ਛਾੜ ਨਹੀਂ ਕੀਤੀ ਜਾਵੇਗੀ। ਸਿਰਫ਼ ਉਨ੍ਹਾਂ ਥਾਵਾਂ ‘ਤੇ ਹੀ ਨਵੀਂ ਕੰਧ ਕਲਾ ਹੋਵੇਗੀ ਜਿਥੇ ਪੂਰੀ ਤਰ੍ਹਾਂ ਕੰਧ ਕਲਾ ਖ਼ਤਮ ਹੋ ਚੁੱਕੀ ਹੈ। ਇਸੇ ਤਰ੍ਹਾਂ ਪੁਰਾਣੇ ਸੋਨੇ ਦੇ ਪੱਤਰਿਆਂ ਨੂੰ ਹੀ ਠੀਕ ਕੀਤਾ ਜਾਵੇਗਾ। ਸਿਰਫ਼ ਉਨ੍ਹਾਂ ਥਾਵਾਂ ‘ਤੇ ਹੀ ਨਵੇਂ ਸੋਨੇ ਦੇ ਪੱਤਰੇ ਵਰਤੇ ਜਾਣਗੇ ਜਿਥੇ ਪੁਰਾਣੇ ਖਰਾਬ ਹੋ ਚੁੱਕੇ ਹਨ ਤੇ ਉਨ੍ਹਾਂ ਨੂੰ ਦਰੁਸਤ ਨਹੀਂ ਕੀਤਾ ਜਾ ਸਕਦਾ।
ਸ਼੍ਰੋਮਣੀ ਕਮੇਟੀ ਵੱਲੋਂ ਯਤਨ ਕੀਤਾ ਜਾ ਰਿਹਾ ਹੈ ਕਿ ਇਸ ਪੁਰਾਤਨ ਤੇ ਬਹੁਮੁੱਲੀ ਕਲਾ ਨੂੰ ਪੁਰਾਤਨ ਸਰੂਪ ਵਿਚ ਹੀ ਸੰਭਾਲ ਕੇ ਰੱਖਿਆ ਜਾਵੇ। ਦੱਸਣਯੋਗ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਅੰਦਰ ਪਹਿਲੀ ਮੰਜ਼ਿਲ ਤੇ ਮੁੱਖ ਅਸਥਾਨ ‘ਤੇ ਬਹੁਮੁੱਲੀ ਕੰਧ ਕਲਾ, ਨਕਾਸ਼ੀ ਤੇ ਸੋਨੇ ਦੇ ਪੱਤਰਿਆਂ ‘ਤੇ ਵਿਸ਼ੇਸ਼ ਕਲਾ ਦਾ ਕੰਮ ਕੀਤਾ ਹੋਇਆ ਹੈ ਜੋ ਤਕਰੀਬਨ ਸਦੀ ਤੋਂ ਵਧੇਰੇ ਪੁਰਾਣਾ ਹੈ। ਪ੍ਰਦੂਸ਼ਣ ਕਾਰਨ ਇਹ ਕੰਧ ਕਲਾ ਖਰਾਬ ਹੋ ਰਹੀ ਹੈ ਤੇ ਸੋਨੇ ਦੇ ਪੱਤਰੇ ਕਾਲੇ ਪੈ ਗਏ ਹਨ। ਇਸੇ ਤਰ੍ਹਾਂ ਖਾਸ ਕਰਕੇ ਉਪਰਲੀ ਮੰਜ਼ਿਲ ਨੂੰ ਜਾਣ ਵਾਲੀਆਂ ਪੌੜੀਆਂ ‘ਤੇ ਸ਼ਰਧਾਲੂਆਂ ਦੇ ਹੱਥ ਲੱਗਣ ਕਾਰਨ ਕੰਧ ਕਲਾ ਖਤਮ ਹੋ ਚੁੱਕੀ ਹੈ।
ਉਪਰਲੀ ਮੰਜ਼ਲ ਵਿਚ ਹੀ ਕੰਧ ਕਲਾ ਨੂੰ ਬਚਾਉਣ ਦੇ ਮੰਤਵ ਨਾਲ ਸ਼੍ਰੋਮਣੀ ਕਮੇਟੀ ਵੱਲੋਂ ਇਸ ਦੇ ਅੱਗੇ ਸ਼ੀਸ਼ੇ ਲਾ ਦਿੱਤੇ ਗਏ ਸਨ ਜਿਸ ਨਾਲ ਇਸ ਕੰਧ ਕਲਾ ਨੂੰ ਹਵਾ ਆਦਿ ਨਾ ਮਿਲਣ ਕਾਰਨ ਹੋਰ ਪ੍ਰਭਾਵਿਤ ਹੋਈ ਹੈ। ਇਹ ਕੰਧ ਕਲਾ ਤੇ ਸੋਨੇ ਦੇ ਪੱਤਰੇ ਲਾਉਣ ਦਾ ਕੰਮ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਹੋਇਆ ਸੀ। ਉਨ੍ਹਾਂ ਵੱਲੋਂ ਹੀ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਵੀ ਸੋਨੇ ਦੇ ਪੱਤਰੇ ਲਵਾਏ ਗਏ ਸਨ। ਇਨ੍ਹਾਂ ਪੱਤਰਿਆਂ ਨੂੰ ਪਹਿਲੀ ਵਾਰ 1995 ਵਿਚ ਇੰਗਲੈਂਡ ਦੀ ਸਿੱਖ ਜਥੇਬੰਦੀ ਗੁਰੂ ਨਾਨਕ ਨਿਸ਼ਕਾਮ ਸੇਵਾ ਜਥਾ ਬਰਮਿੰਘਮ ਵੱਲੋਂ ਸੇਵਾ ਦੇ ਰੂਪ ਵਿਚ ਬਦਲਿਆ ਗਿਆ ਸੀ ਪਰ ਇਹ ਪੱਤਰੇ ਜਲਦੀ ਹੀ ਪ੍ਰਦੂਸ਼ਣ ਕਾਰਨ ਖਰਾਬ ਹੋਣ ਲੱਗ ਪਏ ਹਨ ਤੇ ਇਨ੍ਹਾਂ ਦੀ ਸਾਂਭ ਸੰਭਾਲ ਲਈ ਸ਼੍ਰੋਮਣੀ ਕਮੇਟੀ ਵੱਲੋਂ ਹਰ ਵਰ੍ਹੇ ਇਨ੍ਹਾਂ ਦੀ ਵਿਸ਼ੇਸ਼ ਰਸਾਇਣ ਨਾਲ ਧੁਆਈ ਕਰਵਾਈ ਜਾਂਦੀ ਹੈ।

Be the first to comment

Leave a Reply

Your email address will not be published.