ਕੁੰਢੀਆਂ ਦੇ ਸਿੰਗ ਤੇ ਮੇਰਾ ਦਾਅ

ਛਾਤੀ ਅੰਦਰਲੇ ਥੇਹ (15)
ਗੁਰਦਿਆਲ ਦਲਾਲ ਬੁਨਿਆਦੀ ਰੂਪ ਵਿਚ ਗਲਪਕਾਰ ਹੈ। ਹੁਣੇ-ਹੁਣੇ ਉਨ੍ਹਾਂ ਦਾ ਵੱਡ-ਆਕਾਰੀ ਨਾਵਲ ‘ਪੈੜਾਂ’ ਛਪਿਆ ਹੈ। ‘ਛਾਤੀ ਅੰਦਰਲੇ ਥੇਹ’ ਲੇਖ-ਲੜੀ ਵਿਚ ਉਨ੍ਹਾਂ ਆਪਣੇ ਜੀਵਨ ਅਤੇ ਤਜਰਬੇ ਨੂੰ ਆਧਾਰ ਬਣਾ ਕੇ ਕੁਝ ਗੱਲਾਂ ਵੱਖਰੇ ਢੰਗ ਨਾਲ ਕੀਤੀਆਂ ਹਨ ਜਿਹੜੀਆਂ ਅਸੀਂ ਆਪਣੇ ਪਾਠਕਾਂ ਨਾਲ ਸਾਂਝੀਆਂ ਕਰ ਰਹੇ ਹਾਂ। ਇਨ੍ਹਾਂ ਗੱਲਾਂ ਦੀਆਂ ਤੰਦਾਂ, ਬੰਦੇ ਦੇ ਬੰਦਾ ਹੋਣ ਨਾਲ ਗਹਿਰੀਆਂ ਜੁੜੀਆਂ ਹੋਈਆਂ ਹਨ। ਆਸ ਹੈ, ਧੜਕਦੇ ਦਿਲ ਨਾਲ ਕੀਤੀਆਂ ਇਹ ਗੱਲਾਂ ਪਾਠਕਾਂ ਨੂੰ ਆਪਣੀਆਂ ਹੀ ਗੱਲਾਂ ਲੱਗਣਗੀਆਂ। -ਸੰਪਾਦਕ

ਗੁਰਦਿਆਲ ਦਲਾਲ
ਫੋਨ: 91-98141-85363
ਸੰਨ 1969 ਵਿਚ ਬੀæਐਡæ ਕਰਨ ਮਗਰੋਂ ਮੈਂ ਦੋਰਾਹੇ ਆ ਗਿਆ। ਉਥੇ ਬੇਬੇ ਕਈ ਸਾਲਾਂ ਤੋਂ ਇਕੱਲੀ ਰਹਿ ਰਹੀ ਸੀ। ਸਾਡੇ ਲਈ ਉਸ ਨੇ ਜੋ ਮੁਸੀਬਤਾਂ ਕੱਟੀਆਂ ਸਨ, ਉਨ੍ਹਾਂ ਦਾ ਥੋੜ੍ਹਾ ਬਹੁਤ ਮੁੱਲ ਚੁਕਾਉਣ ਦਾ ਸਮਾਂ ਆ ਗਿਆ ਸੀ ਪਰ ਅਜੇ ਮਹੀਨਾ ਵੀ ਨਹੀਂ ਸੀ ਲੰਘਿਆ ਕਿ ਜੀæਏæਵੀæ ਹਾਇਰ ਸੈਕੰਡਰੀ ਸਕੂਲ, ਕਾਂਗੜਾ (ਹਿਮਾਚਲ) ਤੋਂ ਨਿਯੁਕਤੀ ਪੱਤਰ, ਬਿਨਾਂ ਇੰਟਰਵਿਊ ਦਿੱਤੇ ਹੀ ਘਰ ਪਹੁੰਚਿਆ ਤੇ ਬੇਬੇ ਨੂੰ ਫਿਰ ਇਕੱਲੀ ਛੱਡ ਮੈਂ ਕਾਂਗੜੇ ਜਾ ਕੇ ਜੁਆਇਨ ਕਰ ਲਿਆ। ਸਕੂਲ ਵਾਲਿਆਂ ਨੇ ਵੱਡਾ ਸਾਰਾ ਕੱਚਾ ਮਕਾਨ ਮੁਫਤ ਵਿਚ ਹੀ ਮੈਨੂੰ ਦੇ ਦਿੱਤਾ। ਮੈਂ ਸਟੋਵ ਅਤੇ ਰਸੋਈ ਦਾ ਬਾਕੀ ਸਮਾਨ ਲਿਆ ਕੇ ਰੋਟੀ ਆਪ ਬਣਾਉਣੀ ਸ਼ੁਰੂ ਕਰ ਦਿੱਤੀ ਪਰ ਉਥੇ ਬਹੁਤ ਇਕੱਲ ਸੀ।
ਮੇਰੇ ਗੁਆਂਢ ਵਿਚ ਇਕ ਔਰਤ ਅਤੇ ਉਸ ਦੀਆਂ ਦੋ ਕੁੜੀਆਂ ਰਹਿੰਦੀਆਂ ਸਨ। ਔਰਤ ਕੁੜੀਆਂ ਨੂੰ ਹਮੇਸ਼ਾ ਅੰਦਰ ਤਾੜ ਕੇ ਰੱਖਦੀ। ਮੇਰਾ ਸਮਾਂ ਨਾ ਲੰਘਦਾ ਤਾਂ ਮੈਂ ਖਿਝ ਜਾਂਦਾ। ਮੈਂ ਉਸ ਨੌਕਰੀ ਤੋਂ ਵੀ ਸੰਤੁਸ਼ਟ ਨਹੀਂ ਸਾਂ। ਸਕੂਲ ਵਿਚ ਮਾਸਟਰਾਂ ਦੇ ਦੋ ਧੜੇ ਬਣੇ ਹੋਏ ਸਨ। ਦੋਨੋਂ ਹੀ ਅਲੱਗ-ਅਲੱਗ ਪ੍ਰਿੰਸੀਪਲ ਨਾਲ ਲੜਦੇ ਰਹਿੰਦੇ। ਮੈਂ ਅਖ਼ਬਾਰਾਂ ਵਿਚ ਪੜ੍ਹ ਕੇ ਨਿੱਤ ਹੀ ਨੌਕਰੀਆਂ ਲਈ ਅਰਜ਼ੀਆਂ ਭੇਜਦਾ ਰਹਿੰਦਾ।
ਦਸੰਬਰ ਦੀਆਂ ਛੁੱਟੀਆਂ ਵਿਚ ਮੈਂ ਦੋਰਾਹੇ ਗਿਆ ਤਾਂ ਸੀæਆਰæ ਕਾਲਜ ਆਫ ਐਜੂਕੇਸ਼ਨ, ਹਿਸਾਰ (ਹਰਿਆਣਾ) ਤੋਂ ਲੈਕਚਰਾਰ ਦੀ ਪੋਸਟ ਲਈ ਇੰਟਰਵਿਊ ਪੱਤਰ ਆਇਆ ਪਿਆ ਸੀ ਪਰ ਮੈਂ ਇੰਟਰਵਿਊ ‘ਤੇ ਜਾਣਾ ਠੀਕ ਨਾ ਸਮਝਿਆ। ਉਥੇ ਨੌਕਰੀ ਮਿਲਣ ਦੀ ਕੋਈ ਸੰਭਾਵਨਾ ਨਹੀਂ ਸੀ। ਫਿਰ ਬੇਬੇ ਵੀ ਚਾਹੁੰਦੀ ਸੀ ਕਿ ਮੈਂ ਨੌਕਰੀ ਪੰਜਾਬ ਵਿਚ ਹੀ ਕਰਾਂ। ਜਿਸ ਦਿਨ ਮੈਂ ਵਾਪਸ ਕਾਂਗੜੇ ਜਾਣਾ ਸੀ, ਉਸੇ ਦਿਨ ਹੀ ਸ਼ਾਮੀਂ ਤਿੰਨ ਵਜੇ ਹਿਸਾਰ ਇੰਟਰਵਿਊ ਸੀ।
ਮੈਂ ਸਵੇਰੇ ਹੀ ਕਾਂਗੜੇ ਜਾਣ ਲਈ ਭਾਰੀ ਟਰੰਕ ਅਤੇ ਬਿਸਤਰਾ ਲੈ ਕੇ ਲੁਧਿਆਣੇ ਬੱਸ ਅੱਡੇ ਵੜਿਆ ਤਾਂ ਉਥੇ ਹਿਸਾਰ ਨੂੰ ਜਾਣ ਵਾਲੀ ਬੱਸ ਲੱਗੀ ਹੋਈ ਸੀ। ਕੰਡਕਟਰ ਨੇ ਦੱਸਿਆ ਕਿ ਬੱਸ ਦੋ ਵਜੇ ਹਿਸਾਰ ਪੁੱਜਦੀ ਹੈ। ਮੈਂ ਹਿਸਾਰ ਇੰਟਰਵਿਊ ‘ਤੇ ਜਾਣ ਦਾ ਫੈਸਲਾ ਕਰ ਲਿਆ। ਸਮਾਨ ਉਤੇ ਚੜ੍ਹਾਇਆ ਤੇ ਬੱਸ ਵਿਚ ਜਾ ਬੈਠਾ। ਹਿਸਾਰ ਪੁੱਜ, ਸਾਮਾਨ ਰਿਕਸ਼ੇ ਵਿਚ ਲੱਦਿਆ ਤੇ ਸੀæਆਰæ ਕਾਲਜ ਜਾ ਪਹੁੰਚਿਆ। ਇੰਟਰਵਿਊ ਦੇਣ ਲਈ ਕਾਫੀ ਉਮੀਦਵਾਰ ਆਏ ਹੋਏ ਸਨ। ਮੈਂ ਚਪੜਾਸੀ ਨੂੰ ਕਹਿ ਕੇ ਆਪਣਾ ਟਰੰਕ ਅਤੇ ਬਿਸਤਰਾ ਸਟਾਫ ਰੂਮ ਵਿਚ ਹੀ ਰਖਵਾ ਲਿਆ। ਹਰਿਆਣਵੀ ਭਾਈ ਹੱਸਣ ਲੱਗੇ ਤੇ ਮੇਰੀ ਇੰਟਰਵਿਊ ਲੈਣ ਲੱਗ ਪਏ। ਇਕ ਬੋਲਿਆ, “ਭਈ ਸਰਦਾਰ ਜੀ, ਆਪ ਕੀ ਅਪੁਆਇੰਟਮੈਂਟ ਤੋਂ ਪਹਿਲਾਂ ਹੀ ਹੋਈ ਲਾਗੈ ਸੈ।”
“ਹਾਂ-ਹਾਂ ਕਿਉਂ ਨਹੀਂ, ਕੱਲ੍ਹ ਜੁਆਇਨ ਕਰ ਲੇਂਗੇ।” ਮੈਂ ਹੱਸ ਕੇ ਕਿਹਾ।
“ਕਿੱਤਾ ਪੜ੍ਹੇ-ਲਿਖੇ ਹੋ ਸਰਦਾਰ ਜੀ?” ਇਕ ਨੇ ਪੁੱਛਿਆ।
“ਡਬਲ ਐਮæਏæ ਐਮæਐਡæ ਹੂੰ ਭਾਈ। ਤੀਨ ਸਾਲ ਕਾ ਟਰੇਨਿੰਗ ਕਾਲਜ ਮੈਂ ਪੜ੍ਹਾਨੇ ਕਾ ਐਕਸਪੀਰੀਐਂਸ ਹੈ। ਕਹੀਏ?” ਮੈਂ ਨਿਰਾ ਝੂਠ ਬੋਲਿਆ ਤਾਂ ਪੁੱਛਣ ਵਾਲੇ ਦੀ ਜਿਵੇਂ ਹਵਾ ਹੀ ਨਿਕਲ ਗਈ। ਸਾਰੇ ਚੁੱਪ ਕਰ ਗਏ। ਸ਼ਾਇਦ ਸੋਚਣ ਲੱਗੇ, ਐਨਾ ਪੜ੍ਹਿਆ-ਲਿਖਿਆ ਸ਼ਰੀਕ ਕਿੱਥੋਂ ਆ ਟਪਕਿਆ।
ਇੰਟਰਵਿਊ ਸ਼ੁਰੂ ਹੋਈ ਤਾਂ ਮੈਂ ਬਾਹਰ ਉਮੀਦਵਾਰਾਂ ਵਿਚ ਬੈਠ ਗਿਆ ਤੇ ਆਪਣੀ ਵਾਰੀ ਦੀ ਉਡੀਕ ਕਰਨ ਲੱਗਾ। ਕਾਲਜ ਦੇ ਪ੍ਰਿੰਸੀਪਲ ਬਾਹਰ ਆਏ ਤਾਂ ਕੋਈ ਜਣਾ ਬੋਲਿਆ, “ਇਸ ਬੁੱਢੇ ਕੀ ਚਲਤੀ ਹੈ ਯਹਾਂ। ਜੋ ਕਹੇਗਾ, ਵੋਹੀ ਹੋਗਾ।” ਮੈਂ ਗਹੁ ਨਾਲ ਦੇਖਿਆ, ਉਹ ਤਾਂ ਪ੍ਰੋਫੈਸਰ ਐਸ਼ਐਸ਼ ਭਾਟੀਆ ਸਨ ਜੋ 1964 ਵਿਚ ਸਰਕਾਰੀ ਕਾਲਜ ਰੋਪੜ ਵਿਚ ਪੜ੍ਹਾਉਂਦੇ ਸਨ ਅਤੇ ਮੇਰੇ ਟਿਊਟੋਰੀਅਲ ਗਰੁੱਪ ਦੇ ਇੰਚਾਰਜ ਸਨ। ਬੜੇ ਜ਼ਿੰਦਾ ਦਿਲ, ਲਤੀਫਿਆਂ ਦੀ ਖਾਣ ਤੇ ਹਾਸਿਆਂ ਦੇ ਬਾਦਸ਼ਾਹ। ਉਹ ਨੰਗੇ ਪੈਰੀਂ ਲਾਅਨ ਵੱਲ ਲੰਘ ਗਏ। ਮੈਂ ਉਠਿਆ ਤੇ ਉਨ੍ਹਾਂ ਦੇ ਮਗਰ ਚਲਾ ਗਿਆ। ਉਨ੍ਹਾਂ ਦੇ ਪੈਰ ਛੂਹੇ, ਤੁਆਰਫ਼ ਕਰਵਾਇਆ ਤੇ ਆਉਣ ਦਾ ਮਕਸਦ ਦੱਸਿਆ। ਉਹ ਹੱਸੇ ਤੇ ਬੋਲੇ, “ਕਮਲਿਆ, ਤੂੰ ਐਥੇ ਕਿੱਥੇ ਆ ਗਿਆ। ਐਥੇ ਤੈਨੂੰ ਕੌਣ ਪੁੱਛੂ?”
“ਸਰ, ਤੁਸੀਂ ਵੀ ਤਾਂ ਪੰਜਾਬ ਤੋਂ ਹੀ ਆਏ ਹੋ। ਉਵੇਂ ਮੈਂ ਆ ਗਿਆ। ਸਰ, ਸੁਣ ਲਉ ਗਰੀਬ ਦੀ। ਮਾਰ ਦਿਉ ਕੋਈ ਰੇਖ ‘ਚ ਮੇਖ। ਤੁਸੀਂ ਚਾਹੋ ਤਾਂ ਕੀ ਨਹੀਂ ਹੋ ਸਕਦਾ?” ਮੈਂ ਤਰਲਾ ਕੀਤਾ।
“ਅੰਦਰ ਤਾਂ ਭਰਾਵਾ ਜਾਟਾਂ ਦੇ ਭੇੜ ਹੋਣ ਡਹੇ ਆ। ਇਕ ਧੜਾ ਕਹਿੰਦਾ ਏ ਸਾਡਾ ਰੱਖੋ, ਦੂਜਾ ਕਹਿੰਦਾ ਏ ਸਾਡਾ। ਇੰਟਰਵਿਊ ਤਾਂ ਅੱਖਾਂ ਪੂੰਝਣ ਵਾਸਤੇ ਹੀ ਆ। ਤੂੰ ਆਪਣਾ ਨਿਕਲ ਜਾ।” ਉਨ੍ਹਾਂ ਨੇ ਕਿਹਾ ਤੇ ਮੁੜ ਅੰਦਰ ਚਲੇ ਗਏ।
ਮੈਂ ਨਿਰਾਸ਼ਾ ਹੋ ਕੇ ਮੁੜ ਉਮੀਦਵਾਰਾਂ ਵਿਚ ਆ ਬੈਠਾ। ਸੋਚਿਆ, ਵਾਪਸ ਜਾਣ ਦਾ ਤਾਂ ਹੁਣ ਕੋਈ ਟਾਇਮ ਨਹੀਂ ਰਿਹਾ; ਇੰਟਰਵਿਊ ਦੇ ਦਿੰਦੇ ਹਾਂ। ਨਹੀਂ ਰੱਖਦੇ ਨਾ ਰੱਖਣ। ਘਰ ਨੂੰ ਜਾਣ ਤੋਂ ਥੋੜ੍ਹੀ ਰੋਕ ਲੈਣਗੇ।
ਮੇਰੀ ਵਾਰੀ ਆਈ ਤਾਂ ਉਨ੍ਹਾਂ ਸਰਟੀਫਿਕੇਟਾਂ ‘ਤੇ ਸਰਸਰੀ ਜਿਹੀ ਨਜ਼ਰ ਘੁਮਾਈ ਤੇ ਮੈਥੋਂ ਅਗਲੇ ਨੂੰ ਸੱਦ ਲਿਆ। ਮੈਂ ਕਾਲਜ ਵਿਚ ਰਾਤ ਕੱਟਣ ਲਈ ਪੰਜ ਰੁਪਏ ਚੌਕੀਦਾਰ ਨੂੰ ਪਹਿਲਾਂ ਹੀ ਫੜਾਏ ਹੋਏ ਸਨ। ਇਸ ਲਈ ਇੰਟਰਵਿਊ ਮੁੱਕਣ ਤੱਕ ਬਾਹਰ ਬੈਠਾ ਰਿਹਾ। ਇੰਟਰਵਿਊ ਖ਼ਤਮ ਹੋਈ ਤਾਂ ਦਫ਼ਤਰ ਵਿਚ ਕਾਫੀ ਸ਼ੋਰ ਮਚ ਗਿਆ। ਜਦੋਂ ਗੱਲ ਕਿਸੇ ਸਿੱਟੇ ‘ਤੇ ਨਾ ਪੁੱਜੀ ਤਾਂ ਪ੍ਰਿੰਸੀਪਲ ਨੇ ਦੋਹਾਂ ਧਿਰਾਂ ਨੂੰ ਕਿਹਾ, “ਦੇਖੋ, ਆਪਾਂ ਨੂੰ ਓæਟੀæ ਕਲਾਸਾਂ ਪੜ੍ਹਾਉਣ ਲਈ ਪੰਜਾਬੀ ਟੀਚਰ ਦੀ ਵੀ ਲੋੜ ਹੈ। ਦੋਨੋਂ ਪਾਸੇ ਜੋੜੀ ਰੱਖਾਂਗੇ, ਸਰਦਾਰ ਨੂੰ ਰੱਖ ਲਉ।”
ਮੈਨੂੰ ਫਿਰ ਅੰਦਰ ਸੱਦਿਆ ਗਿਆ। ਪ੍ਰਿੰਸੀਪਲ ਨੇ ਮੈਨੂੰ ਪੁੱਛਿਆ ਤਾਂ ਮੈਂ ਕਿਹਾ, “ਸਰ ਪੰਜਾਬੀ ਕੀ, ਤੁਸੀਂ ਜਿਹੜਾ ਮਰਜ਼ੀ ਸਬਜੈਕਟ ਮੈਨੂੰ ਦੇ ਦੇਣਾ। ਮੈਂ ਪੜ੍ਹਾ ਦਿਆਂਗਾ।”
ਕਾਲਜ ਦੇ ਸੈਕਟਰੀ ਡੀæਐਸ਼ ਲਾਂਬਾ (ਜੋ ਮੁੱਖ ਮੰਤਰੀ ਬੰਸੀ ਲਾਲ ਦੇ ਭਰਾ ਲਗਦੇ ਸਨ ਤੇ ਮਗਰੋਂ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਐਡਵੋਕੇਟ ਜਨਰਲ ਵੀ ਬਣੇ) ਮੈਨੂੰ ਇਕ ਪਾਸੇ ਲਿਜਾ ਕੇ ਕਹਿਣ ਲੱਗੇ, “ਮੇਰੇ ਦੋ ਬੱਚੇ ਹਨ, ਕੀ ਤੁਸੀਂ ਮੇਰੀ ਕੋਠੀ ਆ ਕੇ ਉਨ੍ਹਾਂ ਨੂੰ ਪੰਜਾਬੀ ਪੜ੍ਹਨੀ ਲਿਖਣੀ ਸਿਖਾ ਦਿਓਗੇ?”
“ਸਰ, ਜੇ ਨੌਕਰੀ ਦੇ ਦਿਉਗੇ ਤਾਂ ਜ਼ਰੂਰ ਸਿਖਾ ਦਿਆਂਗਾ”, ਮੈਂ ਕਿਹਾ।
ਪ੍ਰਿੰਸੀਪਲ ਵੀ ਸਹਿਮਤ, ਸੈਕਟਰੀ ਵੀ ਸਹਿਮਤ। ਦੋਨੋਂ ਧਿਰਾਂ ਠੰਢੀਆਂ ਹੋ ਗਈਆਂ। ਮੇਰਾ ਅਪੁਆਇੰਟਮੈਂਟ ਲੈਟਰ ਟਾਈਪ ਹੋ ਕੇ ਆ ਗਿਆ। ਤਨਖਾਹ ਸੀ 466 ਰੁਪਏ ਮਹੀਨਾ। ਮੈਂ ਭਮੱਤਰ ਗਿਆ ਅਤੇ ਖੁਸ਼ੀ ‘ਤੇ ਸਵਾਰ ਹੋ ਕੇ ਬਾਹਰ ਆਇਆ।
ਜੇæਬੀæਟੀæ ਵਿੰਗ ਦੇ ਇੰਚਾਰਜ ਪ੍ਰੋæ ਡੀæਆਰæ ਪਹੂਜਾ ਰਿਕਸ਼ੇ ਵਿਚ ਸਾਮਾਨ ਲਦਵਾ ਕੇ ਮੈਨੂੰ ਆਪਣੇ ਘਰ ਲੈ ਗਏ ਤੇ ਬੋਲੇ, “ਸਰਦਾਰ ਜੀ, ਜਿੰਨੀ ਦੇਰ ਕੋਈ ਵਧੀਆ ਮਕਾਨ ਨਹੀਂ ਮਿਲਦਾ, ਮੇਰੇ ਕੋਲ ਟਿਕ ਜਾਉ।”
ਮੈਂ ਕਾਲਜ ਜਾਣਾ ਸ਼ੁਰੂ ਕੀਤਾ ਤਾਂ ਅੱਧੇ ਮੁੰਡੇ-ਕੁੜੀਆਂ ਉਮਰ ਵਿਚ ਮੈਥੋਂ ਵੱਡੇ। ਕਈ ਤਾਂ ਚਿੱਟੇ ਵਾਲਾਂ ਵਾਲੇ ਬੀæਐਡæ ਕਰਨ ਆਏ ਹੋਏ ਸਨ। ਰਤੀਆ ਪਿੰਡ ਦੇ ਕਈ ਸਰਦਾਰ ਅਤੇ ਪੰਜਾਬੀ ਮੁੰਡੇ ਉਸ ਕਾਲਜ ਦੇ ਸਟੂਡੈਂਟ ਸਨ। ਹਰਨੇਕ ਸਿੰਘ ਅਤੇ ਮੁਖਤਿਆਰ ਸਿੰਘ ਮੇਰਾ ਸਾਮਾਨ ਜਬਰੀ ਚੁੱਕ ਕੇ ਸ਼ਹਿਰ ਵਿਚ ਵੱਡੀ ਸਾਰੀ ਹਵੇਲੀ ਵਿਚ ਲੈ ਗਏ ਜਿੱਥੇ ਬੀæਐਡæ, ਓæਟੀæ, ਜੇæਬੀæਟੀæ ਕਰਨ ਵਾਲੇ ਸਾਰੇ ਪੰਜਾਬੀ ਮੁੰਡੇ ਰਹਿੰਦੇ ਸਨ। ਮੈਨੂੰ ਲੱਗਾ ਜਿਵੇਂ ਮੈਂ ਪੰਜਾਬ ਵਿਚ ਆ ਗਿਆ ਹੋਵਾਂ।
ਮੈਂ ਇਸ ਕਾਲਜ ਵਿਚ ਤਿੰਨ ਸਾਲ ਪੜ੍ਹਾਇਆ। ਓæਟੀæ ਕਲਾਸ ਦੇ ਚਾਰ ਸੌ ਤੋਂ ਵੱਧ ਮੁੰਡੇ ਕੁੜੀਆਂ ਨੂੰ ਪੰਜਾਬੀ ਪੜ੍ਹਨੀ-ਲਿਖਣੀ ਸਿਖਾਈ। ਮੈਂ ਤਿੰਨੇ ਸਾਲ ਕਾਲਜ ਮੈਗਜ਼ੀਨ ਦੇ ਪੰਜਾਬੀ ਸੈਕਸ਼ਨ ਦਾ ਸੰਪਾਦਕ ਵੀ ਰਿਹਾ। ਸ਼ਾਇਦ ਉਹ ਜ਼ਿੰਦਗੀ ਦਾ ਸਭ ਤੋਂ ਸੁਨਹਿਰੀ ਸਮਾਂ ਸੀ।
(ਚਲਦਾ)

Be the first to comment

Leave a Reply

Your email address will not be published.