ਨਿਵੇਸ਼ਕਾਰਾਂ ਨੂੰ ਬਾਦਲ ਸਰਕਾਰ ਤੋਂ ਸਾਵਧਾਨ ਰਹਿਣ ਦੀ ਸਲਾਹ

ਚੰਡੀਗੜ੍ਹ: ਪੰਜਾਬ ਕਾਂਗਰਸ ਨੇ ਨਿਵੇਸ਼ਕਾਰਾਂ ਨੂੰ ਸੂਬਾ ਸਰਕਾਰ ਵੱਲੋਂ ਬੀਤੀ 9 ਤੇ 10 ਦਸੰਬਰ ਨੂੰ ਮੁਹਾਲੀ ਵਿਖੇ ਕਰਵਾਏ ਗਏ ਪੰਜਾਬ ਨਿਵੇਸ਼ਕਾਰ ਸੰਮੇਲਨ (ਪ੍ਰੋਗਰੈਸਿਵ ਪੰਜਾਬ ਇਨਵੈਸਟਰ ਸਮਿੱਟ) ਵਿਚ ਦਿੱਤੀਆਂ ਤਸੱਲੀਆਂ ਤੋਂ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ। ਕਾਂਗਰਸ ਨੇ ਦੋਸ਼ ਲਾਇਆ ਕਿ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਆਪਣੀ ਨਵੀਂ ਉਦਯੋਗਕ ਨੀਤੀ ਰਾਹੀਂ ਮਹਿਜ਼ ਬਾਹਰੀ ਧਨਾਂਢ ਉਦਯੋਗਪਤੀਆਂ ਨੂੰ ਮੋਟੀਆਂ ਛੋਟਾਂ ਨਾਲ ਨਿਵਾਜਣ ਤੇ ਬਾਦਲ ਪਰਿਵਾਰ ਦੇ ਨਿੱਜੀ ਪ੍ਰਾਜੈਕਟਾਂ ਨੂੰ ਪ੍ਰਫੁੱਲਤ ਕਰਨ ਤੱਕ ਹੀ ਸੀਮਤ ਹਨ।
ਇਸ ਨੀਤੀ ਰਾਹੀਂ ਪੰਜਾਬ ਵਿਚ ਕਈ ਸਾਲਾਂ ਤੋਂ ਬਿਜਲੀ ਦੀ ਘਾਟ, ਭ੍ਰਿਸ਼ਟਾਚਾਰ ਤੇ ਟੈਕਸ ਦੇ ਬੋਝ ਹੇਠ ਦੱਬ ਕੇ ਬੰਦ ਹੋ ਰਹੇ ਲਘੂ, ਦਰਮਿਆਨੇ ਤੇ ਵੱਡੇ ਉਦਯੋਗਿਕ ਯੂਨਿਟਾਂ ਨੂੰ ਕੋਈ ਰਾਹਤ ਨਹੀਂ ਦਿੱਤੀ ਗਈ। ਪੰਜਾਬ ਕਾਂਗਰਸ ਵੱਲੋਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਤੋਂ ਮੰਡੀ ਗੋਬਿੰਦਗੜ੍ਹ ਦੇ ਉਦਯੋਗ ਬਾਰੇ ਆਰæਟੀæਆਈ ਰਾਹੀਂ ਹਾਸਲ ਕੀਤੀ ਜਾਣਕਾਰੀ ਬੜੀ ਹੈਰਾਨੀਜਨਕ ਹੈ ਜਿਸ ਵਿਚ ਸਥਾਨਕ 31 ਰੋਲਿੰਗ ਮਿੱਲਾਂ ਤੇ ਫਰਨੈਸਾਂ ਪਿਛਲੇ ਛੇ ਮਹੀਨਿਆਂ ਦੌਰਾਨ ਆਪਣੇ ਬਿਜਲੀ ਦੇ ਕੁਨੈਕਸ਼ਨ ਕਟਵਾ ਚੁੱਕੀਆਂ ਹਨ।
ਮੰਡੀ ਗੋਬਿੰਦਗੜ੍ਹ ਵਿਚ ਕੁੱਲ 345 ਰੋਲਿੰਗ ਮਿੱਲਾਂ ਤੇ ਫਰਨੈਸਾਂ ਹਨ। ਇਨ੍ਹਾਂ ਅੰਕੜਿਆਂ ਵਿਚ ਦੱਸਿਆ ਗਿਆ ਹੈ ਕਿ ਸਾਲ 2005-06 ਦੌਰਾਨ ਪੰਜਾਬ ਵਿਚ ਕੁੱਲ 2,05,422 ਸਮਾਲ ਸਕੇਲ ਯੂਨਿਟ ਸਨ ਜੋ ਘਟ ਕੇ 1,70,500 ਰਹਿ ਗਏ ਹਨ। ਇਸੇ ਤਰ੍ਹਾਂ ਸਾਲ 2005-06 ਦੌਰਾਨ 525 ਦਰਮਿਆਨੇ ਤੇ ਵੱਡੇ ਉਦਯੋਗਿਕ ਯੂਨਿਟ ਸਨ ਜੋ ਘੱਟ ਕੇ ਤਕਰੀਬਨ 450 ਰਹਿ ਗਏ ਹਨ। ਪੰਜਾਬ ਕਾਂਗਰਸ ਨੇ ਸਰਕਾਰ ਵੱਲੋਂ ਕਰਵਾਏ ਦੋ ਰੋਜ਼ਾ ਪੰਜਾਬ ਨਿਵੇਸ਼ਕਾਰ ਸੰਮੇਲਨ ਨੂੰ ਇਕ ਸ਼ੋਸ਼ਾ ਦੱਸਿਆ।
ਉਸ ਨੇ ਨਿਵੇਸ਼ਕਾਰਾਂ ਨੂੰ ਸੁਚੇਤ ਕੀਤਾ ਕਿ ਕਿਸੇ ਤਰ੍ਹਾਂ ਦੀ ਗਲਤਫ਼ਹਿਮੀ ਵਿਚ ਆ ਕੇ ਸਰਕਾਰ ਦੇ ਵੱਡੇ ਦਾਅਵਿਆਂ ਦੇ ਸ਼ਿਕਾਰ ਹੋਣ ਤੋਂ ਬਚਿਆ ਜਾਵੇ। ਪੰਜਾਬ ਕਾਂਗਰਸ ਦੇ ਬੁਲਾਰੇ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਦੇ ਉਦਯੋਗ ਖੇਤਰ ਨਾਲ ਸਬੰਧਤ ਲੰਮੇ-ਚੌੜੇ ਅੰਕੜੇ ਪੇਸ਼ ਕਰਕੇ ਇਹ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਨਵੀਂ ਉਦਯੋਗਿਕ ਨੀਤੀ ਬਾਦਲ ਪਰਿਵਾਰ ਦੇ ਵਪਾਰਕ ਹਿੱਤ ਪਾਲਣ ਦੇ ਆਧਾਰਤ ਹੈ। ਚੰਡੀਗੜ੍ਹ ਦੇ ਨੇੜੇ ਪਿੰਡ ਪੱਲਣਪੁਰ ਵਿਖੇ ਬਾਦਲ ਪਰਿਵਾਰ ਵੱਲੋਂ ਮੈਟਰੋ ਈਕੋ ਗਰੀਨਜ਼ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਨਾਂਅ ਹੇਠ ਬਣਾਏ ਜਾ ਰਹੇ ਸੱਤ ਤਾਰਾ ਲਗਜ਼ਰੀ ਰਿਜ਼ੋਰਟ ਨੂੰ ਲਾਭ ਪਹੁੰਚਾਉਣ ਲਈ ਹੀ ਸਰਕਾਰ ਨੇ ਨਵੀਂ ਉਦਯੋਗਿਕ ਨੀਤੀ ਵਿਚ ਸੈਰ-ਸਪਾਟਾ ਖੇਤਰ ਨੂੰ ਵੱਡੀਆਂ ਰਿਆਇਤਾਂ ਦਿੱਤੀਆਂ ਹਨ।
ਉਨ੍ਹਾਂ ਇਸ ਨਵੀਂ ਉਦਯੋਗਿਕ ਨੀਤੀ ਨੂੰ ਰੱਦ ਕਰਦਿਆਂ ਦੋਸ਼ ਲਾਇਆ ਕਿ ਬਾਦਲ ਪਰਿਵਾਰ ਖੁਦ ਹੋਟਲਾਂ, ਟਰਾਂਸਪੋਰਟ, ਕੇਬਲ, ਮਨੋਰੰਜਨ ਉਦਯੋਗ ਤੇ ਰੀਅਲ ਅਸਟੇਟ ਡਿਵੈਲਪਰ ਦਾ ਵਪਾਰ ਕਰਦਾ ਹੈ, ਇਸ ਲਈ ਨਿਵੇਸ਼ਕਾਰਾਂ ਨੂੰ ਪੰਜਾਬ ਸਰਕਾਰ ਦੀਆਂ ਗੱਲਾਂ ਵਿਚ ਆਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਸ਼ ਖਹਿਰਾ ਨੇ ਇਸ ਮੌਕੇ ਮੰਡੀ ਗੋਬਿੰਦਗੜ੍ਹ, ਬਟਾਲਾ, ਗੋਰਾਇਆ, ਲੁਧਿਆਣਾ, ਜਲੰਧਰ ਤੇ ਮੁਹਾਲੀ ਜਿਹੇ ਛੇ ਮਹੱਤਵਪੂਰਨ ਸਨਅਤੀ ਕੇਂਦਰਾਂ ਦੇ ਅੰਕੜੇ ਪੇਸ਼ ਕੀਤੇ। ਉਨ੍ਹਾਂ ਕਿਹਾ ਕਿ ਇਨ੍ਹਾਂ ਤੱਥਾਂ ਤੋਂ ਅਕਾਲੀ-ਭਾਜਪਾ ਸਰਕਾਰ ਦੇ ਵੱਡੇ ਦਾਅਵੇ ਝੂਠੇ ਸਾਬਤ ਹੁੰਦੇ ਹਨ।
ਜ਼ਿਕਰਯੋਗ ਹੈ ਕਿ ਉਪ ਮੁੱਖ ਮੰਤਰੀ ਸ਼ ਬਾਦਲ ਦਾਅਵਾ ਕਰ ਰਹੇ ਹਨ ਕਿ ਇਸ ਨਿਵੇਸ਼ਕਾਰ ਮਿਲਣੀ ਨਾਲ ਸੂਬੇ ਦੀ ਆਰਥਿਕਤਾ ਨੂੰ ਵੱਡਾ ਹੁਲਾਰਾ ਮਿਲੇਗਾ ਤੇ ਤਕਰੀਬਨ ਢਾਈ ਦਰਜਨ ਵੱਡੀਆਂ ਕੰਪਨੀਆਂ ਇਸ ਦੌਰਾਨ ਪੰਜਾਬ ਸਰਕਾਰ ਨਾਲ ਸਮਝੌਤੇ ਕਰਨਗੀਆਂ, ਜਿਸ ਨਾਲ ਅਗਲੇ ਮਹੀਨਿਆਂ ਦੌਰਾਨ ਸੂਬੇ ਨੂੰ 50 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਹੋਣ ਦੇ ਆਸਾਰ ਹਨ।

Be the first to comment

Leave a Reply

Your email address will not be published.