ਜਤਿੰਦਰ ਮੌਹਰ
ਫੋਨ: 91-97799-34747
ਗੋਆ ਵਿਚ ਹੋਏ ਚੁਤਾਲੀਵੇਂ ਕੌਮਾਂਤਰੀ ਫ਼ਿਲਮ ਮੇਲੇ ਵਿਚ ਪੱਛਮੀ ਅਫ਼ਰੀਕਾ ਦੇ ਛੋਟੇ ਜਹੇ ਦੇਸ਼ ਗਿਨੀ-ਬਿਸਾਉ ਦੀ ਫ਼ਿਲਮ ‘ਦਿ ਬੈਟਲ ਔਫ ਟੋਬੈਟੋ’ ਦਿਖਾਈ ਗਈ। ਇਹ ਫ਼ਿਲਮ ਪਹਿਲੀ ਦੁਨੀਆਂ ਜਾਂ ਗ਼ੈਰ-ਯੂਰਪੀ ਦੇ ਨਜ਼ਰੀਏ ਤੋਂ ਸਮਕਾਲੀ ਅਫ਼ਰੀਕਾ ਦੀ ਤਸਵੀਰ ਪੇਸ਼ ਕਰਦੀ ਹੈ। ਅਫ਼ਰੀਕਾ ਮਹਾਂਦੀਪ ਸਦੀਆਂ ਤੋਂ ਬਸਤਾਨਾਂ ਦੀ ਲੁੱਟ ਦਾ ਸ਼ਿਕਾਰ ਹੈ। ਅਫ਼ਰੀਕੀਆਂ ਨੇ ਗ਼ੁਲਾਮੀ ਦੇ ਯੁੱਗ ਤਨ-ਮਨ ‘ਤੇ ਹੰਢਾਏ ਹਨ। ਇਹ ਗ਼ੁਲਾਮਾਂ ਦੀ ਮੰਡੀ ਦਾ ਕੇਂਦਰ ਰਿਹਾ ਹੈ। ਮੌਜੂਦਾ ਸਮਿਆਂ ‘ਚ ਆਲਮੀਕਰਨ ਦੇ ਨਾਮ ‘ਤੇ ਜ਼ਮੀਨ ਅਤੇ ਕੁਦਰਤੀ ਵਸੀਲਿਆਂ ਦੀ ਵੱਡੀ ਲੁੱਟ ਇਸ ਮਹਾਂਦੀਪ ਵਿਚ ਮਚਾਈ ਗਈ ਹੈ। ਇਹ ਮਹਾਂਦੀਪ ਬਿਮਾਰੀ ਅਤੇ ਭਿਆਨਕ ਖ਼ਾਨਾਜੰਗੀ ਦੀ ਮਾਰ ਹੇਠ ਹੈ। ਇਹ ਅਲਾਮਤਾਂ ਬਸਤਾਨਾਂ ਦੀ ਲੁੱਟ ਦੇ ਉਘੜਵੇਂ ਪ੍ਰਗਟਾਵੇ ਹਨ। ਗਿਨੀ-ਬਿਸਾਉ ਦੀ ਹਾਲਤ ਮਹਾਂਦੀਪ ਤੋਂ ਵੱਖਰੀ ਨਹੀਂ ਹੈ। ਦੁਨੀਆਂ ਦੇ ਸਭ ਤੋਂ ਗ਼ਰੀਬ ਮੁਲਕਾਂ ਵਿਚ ਇਹਦਾ ਪੰਜਵਾਂ ਦਰਜਾ ਹੈ।
ਫ਼ਿਲਮ ਦੇ ਹਦਾਇਤਕਾਰ ਜਾਉ ਵਿਆਨਾ ਮੁਤਾਬਕ ਗਿਨੀ-ਬਿਸਾਉ ਬਸਤਾਨਾਂ ਦੀ ਬਸਤੀ ਬਣਨ ਵਾਲਾ ਅਫ਼ਰੀਕਾ ਦਾ ਪਹਿਲਾ ਮੁਲਕ ਸੀ। ਪੁਰਤਗਾਲੀ ‘ਖੋਜੀ’ ਨੂਨੋ ਟਰਿਸਟੋ ਪਹਿਲਾ ਯੂਰਪੀ ਸੀ ਜੋ 1446 ਵਿਚ ਗਿਨਿਆ-ਬਿਸਾਉ ਦੇ ਬਸ਼ਿੰਦਿਆਂ ਦੇ ਸੰਪਰਕ ਵਿਚ ਆਇਆ। ਉਹਦੀ ਆਮਦ ਤੋਂ ਬਾਅਦ ਇਹ ਮੁਲਕ ਪੁਰਤਗਾਲੀਆਂ ਦੇ ਗ਼ੁਲਾਮ-ਵਪਾਰ ਦਾ ਕੇਂਦਰ ਬਣ ਗਿਆ ਅਤੇ ਇਸ ਮੁਲਕ ਨੂੰ ‘ਗ਼ੁਲਾਮ ਕੰਢੇ’ ਦੇ ਨਾਮ ਨਾਲ ਜਾਣਿਆ ਜਾਣ ਲੱਗਾ। ਪੁਰਤਗਾਲੀਆਂ ਦਾ ਵਧੇਰੇ ਅਸਰ ਗਿਨੀ-ਬਿਸਾਉ ਦੇ ਪ੍ਰਸ਼ਾਤ ਮਹਾਂਸਾਗਰ ਨਾਲ ਲਗਦੇ ਕੰਢਿਆਂ ਅਤੇ ਦਰਿਆਵਾਂ ‘ਤੇ ਸੀ। ਅੰਦਰਲੀ ਧਰਤੀ ਵਿਚ ਪੁਰਤਗਾਲੀਆਂ ਨੇ ਦਿਲਚਸਪੀ ਨਹੀਂ ਦਿਖਾਈ ਸੀ। ਉਨੀਵੀਂ ਸਦੀ ਵਿਚ ਅੰਦਰਲੀ ਧਰਤੀ ਨੂੰ ਫਰੋਲਿਆ ਗਿਆ। 1956 ਵਿਚ ਖੱਬੇ ਪੱਖੀ ਅਫ਼ਰੀਕੀ ਪਾਰਟੀ ਨੇ ਬਸਤਾਨਾਂ ਵਿਰੁਧ ਹਥਿਆਰਬੰਦ ਸੰਘਰਸ਼ ਦੀ ਸ਼ੁਰੂਆਤ ਕੀਤੀ। ਇਸ ਪਾਰਟੀ ਦੀ ਅਗਵਾਈ ਵਿਚ ਕੌਮੀ ਮੁਕਤੀ ਲਹਿਰ ਛੇਤੀ ਹੀ ਪੱਕੇ ਪੈਰੀਂ ਹੋ ਗਈ। ਪਾਰਟੀ ਨੂੰ ਕਿਊਬਾ, ਚੀਨ ਅਤੇ ਸੋਵੀਅਤ ਯੂਨੀਅਨ ਦੀ ਹਮਾਇਤ ਹਾਸਲ ਸੀ। ਅਠਾਰਾਂ ਸਾਲ ਦੇ ਖ਼ੂਨੀ ਸੰਘਰਸ਼ ਤੋਂ ਬਾਅਦ ਮੁਲਕ ਨੂੰ ਆਜ਼ਾਦੀ ਹਾਸਲ ਹੋਈ। ਲੂਈਸ ਕਾਬਰਲ ਆਜ਼ਾਦ ਮੁਲਕ ਦੀ ਪਹਿਲੀ ਸਰਕਾਰ ਦਾ ਮੁਖੀ ਬਣਿਆ। ਉਹਨੇ ਮੁਲਕ ਦਾ ਅਰਥਚਾਰਾ ਸਰਕਾਰੀ ਅਖਤਿਆਰ ਹੇਠ ਰੱਖਿਆ ਸੀ। ਛੇ ਸਾਲ ਬਾਅਦ 1980 ਵਿਚ ਫ਼ੌਜੀ ਜਰਨੈਲ ਜਾਉ ਵਿਆਰਾ ਨੇ ਲੂਈਸ ਕਾਬਰਲ ਸਰਕਾਰ ਦਾ ਤਖਤਾ ਪਲਟ ਦਿੱਤਾ। ਜਰਨੈਲ ਵਿਆਰਾ ਨੇ ਮੁਲਕ ਦਾ ਅਰਥਚਾਰਾ ਖੁੱਲ੍ਹੀ ਮੰਡੀ ਨਾਲ ਨੱਥੀ ਕਰ ਦਿੱਤਾ। ਉਹਦੇ ਉੱਤੇ ਤਾਨਾਸ਼ਾਹੀ, ਭ੍ਰਿਸ਼ਟਾਚਾਰ ਅਤੇ ਕੁਨਬਾਪ੍ਰਸਤ-ਸਰਮਾਏਦਾਰੀ ਦੇ ਦੋਸ਼ ਲੱਗੇ। ਜਰਨੈਲ ਵਿਆਰਾ ਦੇ ਫ਼ੌਜੀ ਰਾਜਪਲਟੇ ਤੋਂ ਬਾਅਦ ਗਿਨੀ-ਬਿਸਾਉ ਲਗਾਤਾਰ ਖ਼ਾਨਾਜੰਗੀ ਅਤੇ ਰਾਜ ਪਲਟਿਆਂ ਨਾਲ ਝੰਬਿਆ ਗਿਆ। ਬਾਹਰਲੀ ਦਖ਼ਲਅੰਦਾਜ਼ੀ ਹੋਰ ਵਧ ਗਈ ਅਤੇ ਹਾਲਾਤ ਬਦ ਤੋਂ ਬਦਤਰ ਹੁੰਦੇ ਗਏ। ਫ਼ਿਲਮ ਦੇ ਹਦਾਇਤਕਾਰ ਮੁਤਾਬਕ ਪਿਛਲੇ ਕੁਝ ਸਾਲਾਂ ਵਿਚ ਸੱਤ ਰਾਸ਼ਟਰਪਤੀ ਕਤਲ ਕਰ ਦਿੱਤੇ ਗਏ ਹਨ। ਕੋਈ ਰਾਸ਼ਟਰਪਤੀ ਚਾਰ ਸਾਲ ਦੀ ਮਿਆਦ ਪੂਰੀ ਨਹੀਂ ਕਰ ਸਕਿਆ। ਕਤਲਾਂ ਦੀ ਫ਼ਹਿਰਿਸਤ ਵਿਚ ਫ਼ੌਜੀ ਜਰਨੈਲ ਜਾਉ ਵਿਆਰਾ ਦਾ ਨਾਮ ਵੀ ਸ਼ਾਮਲ ਹੈ। ਅੱਜਕੱਲ੍ਹ ਇਹ ਮੁਲਕ ਕੌਮਾਂਤਰੀ ਮਾਲੀ ਕੋਸ਼ (ਆਈæਐਮæਐਫ਼) ਦੇ ਤੰਦੂਆ ਜਾਲ ਵਿਚ ਫਸ ਕੇ ਵਿਦੇਸ਼ੀ ਕਰਜ਼ੇ ਦੇ ਪੈਸੇ ਨਾਲ ਡੰਗ ਟਪਾ ਰਿਹਾ ਹੈ।
ਇਸ ਮੁਲਕ ਦਾ ਅਰਥਚਾਰਾ ਕਾਜੂਆਂ ਦੀ ਬਰਾਮਦ ‘ਤੇ ਟਿਕਿਆ ਹੋਇਆ ਹੈ। ਦੂਜਾ, ਇਹ ਮੁਲਕ ਕੋਕੀਨ ਦੀ ਤਸਕਰੀ ਦਾ ਮੁੱਖ ਅੱਡਾ ਹੈ। ਦੱਖਣੀ ਅਮਰੀਕਾ ਤੋਂ ਕੋਕੀਨ ਇਸ ਮੁਲਕ ਵਿਚ ਪਹੁੰਚਦੀ ਹੈ ਅਤੇ ਉਥੋਂ ਯੂਰਪ ਨੂੰ ਭੇਜੀ ਜਾਂਦੀ ਹੈ। ਇਸ ਧੰਦੇ ਵਿਚ ਮੁਲਕ ਦੇ ਵੱਡੇ ਸਿਆਸਤਦਾਨ ਅਤੇ ਫ਼ੌਜੀ ਜਰਨੈਲ ਸ਼ਾਮਲ ਹਨ। ਕੋਕੀਨ ਦੇ ਤਸਕਰਾਂ ਲਈ ਮੁਲਕ ਦੇ ਹੰਗਾਮੀ ਹਾਲਾਤ ਸਾਜ਼ਗਾਰ ਹਨ। ਮੁਲਕ ਵਿਚ ਅਮਨ-ਚੈਨ ਬਹਾਲ ਹੋਣ ਦਾ ਸਿੱਧਾ ਨੁਕਸਾਨ ਕੋਕੀਨ ਦੇ ਤਸਕਰਾਂ ਨੂੰ ਹੋਵੇਗਾ। ਇਸ ਕਰ ਕੇ ਉਹ ਬਦਇੰਤਜ਼ਾਮੀ ਨੂੰ ਹਵਾ ਦਿੰਦੇ ਰਹਿੰਦੇ ਹਨ। ਬਸਤਾਨਾਂ ਦੀ ‘ਪਾੜੋ ਤੇ ਰਾਜ ਕਰੋ’ ਦੀ ਨੀਤੀ ਤਸਕਰਾਂ ਦੇ ਸੂਤ ਬੈਠ ਰਹੀ ਹੈ। ਉਹ ਮੁਲਕ ਦੇ ਨਸਲੀ ਗਰੁੱਪਾਂ ਅਤੇ ਕਬੀਲਿਆਂ ਨੂੰ ਆਪਸ ਵਿਚ ਉਲਝਾਈ ਰੱਖਦੇ ਹਨ। 2012 ਦੇ ਰਾਜਪਲਟੇ ਤੋਂ ਬਾਅਦ ਕੋਕੀਨ ਦੀ ਤਸਕਰੀ ਵਿਚ ਹੋਰ ਤੇਜ਼ੀ ਆਈ ਹੈ ਜਿਸ ਨਾਲ ਭੁੱਖ, ਬਿਮਾਰੀ ਅਤੇ ਹਿੰਸਾ ਦੇ ਝੰਬੇ ਇਸ ਮੁਲਕ ਦੇ ਹਾਲਾਤ ਹੋਰ ਵਿਗੜਨ ਦਾ ਖ਼ਦਸ਼ਾ ਹੈ। ਅਮੀਰ ਅਤੇ ਗ਼ਰੀਬ ਵਿਚਕਾਰ ਵੱਡਾ ਪਾੜਾ ਹੈ ਜੋ ਲਗਾਤਾਰ ਹੋਰ ਵਧ ਰਿਹਾ ਹੈ। ਕੋਕੀਨ ਦੀ ਤਸਕਰੀ ਨਾਲ ਅਮੀਰ ਹੋਏ ਡਾਢਿਆਂ ਦੇ ਘਰਾਂ ਵਿਚ ਹਵਾਈ ਪੱਟੀਆਂ ਬਣੀਆਂ ਹੋਈਆਂ ਹਨ ਜਿੱਥੇ ਕੋਕੀਨ ਦੇ ਭਰੇ ਜ਼ਹਾਜ਼ ਸਿੱਧੇ ਉੱਤਰਦੇ ਹਨ। ਦੂਜੇ ਪਾਸੇ ਆਮ ਲੋਕ ਭੁੱਖਮਰੀ ਅਤੇ ਜਬਰੀ ਥੋਪੀ ਗਈ ਹਿੰਸਾ ਨਾਲ ਜਾਨਾਂ ਗੁਆ ਰਹੇ ਹਨ। ਅਫ਼ਰੀਕਾ ਵਿਚ ਨਾਬਰਾਬਰੀ ਦੇ ਮੰਜ਼ਰ ਆਮ ਹਨ। ਅਫ਼ਰੀਕਾ ਦੀ ਧਰਤੀ ‘ਤੇ ਬਹੁ-ਗਿਣਤੀ ਅਤਿ ਦੀ ਗਰਮੀ ਵਿਚ ਧੁੱਪ ਵਿਚ ਸੜਦੀ ਹੈ। ਕੁਝ ਚੋਣਵੇਂ ਲੋਕ ਉਨ੍ਹਾਂ ਹੀ ਸੜਕਾਂ ‘ਤੇ ਯੂਰਪ ਦੀ ਠੰਢ ਨੂੰ ਮਾਤ ਪਾਉਂਦੀਆਂ ਏæਸੀæ ਕਾਰਾਂ ਵਿਚ ਝੂਟੇ ਲੈਂਦੇ ਹਨ।
ਲੇਖਕ ਅਤੇ ਹਦਾਇਤਕਾਰ ਜਾਉ ਵੀਆਨਾ ਦੀ ਫ਼ਿਲਮ ‘ਦਿ ਬੈਟਲ ਔਫ ਟੋਬੈਟੋ’ ਉੱਪਰ ਬਿਆਨ ਕੀਤੇ ਅਣਮਨੁੱਖੀ ਹਾਲਾਤ ਵਿਚ ਜੀਅ ਰਹੇ ਕਿਰਦਾਰਾਂ ਦੀ ਕਹਾਣੀ ਹੈ। ਫ਼ਿਲਮ ਜੰਗਬਾਜ਼ ਬਸਤਾਨਾਂ ਨੂੰ ਸੰਬੋਧਤ ਹੁੰਦੇ ਅਫ਼ਰੀਕੀ ਦੇ ਹਥਲੇ ਸੰਵਾਦ ਨਾਲ ਸ਼ੁਰੂ ਹੁੰਦੀ ਹੈ, “ਪੰਤਾਲੀ ਸੌ ਸਾਲ ਪਹਿਲਾਂ ਤੁਸੀਂ ਜਦੋਂ ਜੰਗ ਭੜਕਾ ਰਹੇ ਸੀ æææ ਅਸੀਂ ਉਦੋਂ ਖੇਤੀਬਾੜੀ ਦੀ ਖੋਜ ਕਰ ਰਹੇ ਸੀ। ਦੋ ਹਜ਼ਾਰ ਸਾਲ ਪਹਿਲਾਂ ਜਦੋਂ ਤੁਸੀਂ ਜੰਗ ਭੜਕਾ ਰਹੇ ਸੀ æææ ਅਸੀਂ ਇਨਸਾਫ਼ਪਸੰਦ ਸਰਕਾਰ ਬਣਾਉਣ ਵਿਚ ਮਸਰੂਫ ਸਾਂ। ਇਕ ਹਜ਼ਾਰ ਸਾਲ ਪਹਿਲਾਂ ਜਦੋਂ ਤੁਸੀਂ ਜੰਗ ਭੜਕਾ ਰਹੇ ਸੀ æææ ਅਸੀਂ ਰੈਗੇ ਅਤੇ ਜ਼ੈਜ਼ ਸੰਗੀਤ ਦੀ ਖੋਜ ਕਰ ਰਹੇ ਸੀ। ਅੱਜ ਤੁਸੀਂ ਜੰਗ ਵਿਚ ਸਾਡੇ ਨਾਲ ਮੱਥਾ ਲਾ ਰਹੇ ਹੋ æææ ਅਸੀਂ ਤੁਹਾਨੂੰ ਅਮਨ-ਚੈਨ ਨਾਲ ਜਿਉਣ ਵਿਚ ਮਦਦ ਕਰਾਂਗੇ।” ਫ਼ਿਲਮ ਖਤਮ ਵੀ ਇਸੇ ਸੰਵਾਦ ਨਾਲ ਹੁੰਦੀ ਹੈ। ਇਹ ਸੰਵਾਦ ਸ਼ਿਕਾਰ ਅਤੇ ਸ਼ਿਕਾਰੀਆਂ ਦੇ ਇਤਿਹਾਸ ਦੀ ਲੁਕਵੀਂ ਘੁੰਡੀ ਖੋਲ੍ਹਦਾ ਹੈ। ਜਦੋਂ ਸ਼ਿਕਾਰ ਦਾ ਇਤਿਹਾਸ ਸ਼ਿਕਾਰੀ ਲਿਖਦੇ ਹਨ ਤਾਂ ਮਹਿਮਾ ਸ਼ਿਕਾਰੀ ਦੀ ਗਾਈ ਜਾਂਦੀ ਹੈ। ਇਹ ਫ਼ਿਲਮ ਸ਼ਿਕਾਰ ਹੋਇਆਂ ਦੀ ਵੇਦਨਾ ਹੈ ਜੋ ਕਿਰਦਾਰਾਂ ਦੀ ਮਾਨਸਿਕਤਾ ਵਿਚੋਂ ਝਲਕਦੀ ਹੈ।
ਫ਼ਿਲਮ ਦੀ ਕਹਾਣੀ ਮੁਤਾਬਕ ਪੁਰਤਗਾਲੀਆਂ ਨਾਲ ਚਾਲੀ ਸਾਲ ਪਹਿਲਾਂ ਕੌਮੀ ਮੁਕਤੀ ਦੀ ਜੰਗ ਲੜਨ ਵਾਲਾ ਛਾਪਾਮਾਰ ਯੋਧਾ ਬਾਇਉ ਯੂਰਪ ਤੋਂ ਗਿਨੀ-ਬਿਸਾਉ ਪਰਤਦਾ ਹੈ। ਉਹਦੀ ਧੀ ਫਾਤੂ ਦਾ ਵਿਆਹ ਮਸ਼ਹੂਰ ਲੋਕ ਗਾਇਕ ਇਦਰੀਸਾ ਨਾਲ ਹੋਣ ਵਾਲਾ ਹੈ। ਧੀ ਸ਼ਗਨਾਂ ਵਾਲੇ ਦਿਨ ਪਿਉ ਦੀ ਮੌਜੂਦਗੀ ਲੋਚਦੀ ਹੈ। ਵਿਆਹ ਦੀਆਂ ਰਸਮਾਂ ਸੰਗੀਤਕਾਰਾਂ ਦੇ ਪਿੰਡ ‘ਟੋਬੈਟੋ’ ਵਿਚ ਹੋਣੀਆਂ ਹਨ। ਬਾਇਉ ਜਿਉਂ ਹੀ ਪੁਰਾਣੀਆਂ ਥਾਵਾਂ ਦੀ ਯਾਤਰਾ ਕਰਨੀ ਸ਼ੁਰੂ ਕਰਦਾ ਹੈ, ਤਾਂ ਉਹਦੀਆਂ ਜੰਗ ਨਾਲ ਸੰਬੰਧਤ ਡਰਾਉਣੀਆਂ ਯਾਦਾਂ ਸਿਰ ਚੁੱਕ ਲੈਂਦੀਆਂ ਹਨ। ਕਲਾਕਾਰ ਇਦਰੀਸਾ ਅਤੀਤ ਦੀਆਂ ਡਰਾਉਣੀਆਂ ਯਾਦਾਂ ਤੋਂ ਸਹੁਰੇ ਦਾ ਖਹਿੜਾ ਛੁਡਾਉਣ ਲਈ ‘ਟੋਬੈਟੋ’ ਨੂੰ ਆਖ਼ਰੀ ਜੰਗ ਦੀ ਥਾਂ ਵਜੋਂ ਚੁਣਦਾ ਹੈ। ਹਦਾਇਤਕਾਰ ਤ੍ਰਾਸਦੀਆਂ ਦਾ ਹੱਲ ਕਲਾ ਵਿਚੋਂ ਲੱਭਦਾ ਹੈ। ਬਾਇਉ ਦੀ ਬਹਾਲੀ ਲਈ ਫ਼ਿਲਮ ਦੇ ਅੰਤ ਵਿਚ ਉਹ ਸੰਗੀਤ ਨੂੰ ਦਵਾਈ ਵਜੋਂ ਪੇਸ਼ ਕਰਦਾ ਹੈ। ਇਸ ਵਿਚਾਰ ਨੂੰ ਆਖ਼ਰੀ ਫ਼ੈਸਲੇ ਦੀ ਥਾਂ ਉਹਦੀ ਨਿੱਜੀ ਸਮਝ ਦੇ ਰੂਪ ਵਿਚ ਦੇਖਿਆ ਜਾ ਸਕਦਾ ਹੈ। ਮਨੁੱਖ ਨੂੰ ਸੰਵੇਦਨਸ਼ੀਲ ਬਣਾਉਣ ਵਿਚ ਕਲਾ ਦੀ ਅਹਿਮ ਭੂਮਿਕਾ ਹੈ ਪਰ ਮਸਲੇ ਦੀਆਂ ਬਾਕੀ ਤੰਦਾਂ ਨੂੰ ਅੱਖੋਂ ਉਹਲੇ ਨਹੀਂ ਕੀਤਾ ਜਾ ਸਕਦਾ। ਫ਼ਿਲਮ ਦਿਖਾਉਂਦੀ ਹੈ ਕਿ ਜੰਗ ਅਤੇ ਗ਼ਰੀਬੀ ਬੰਦੇ ਦੀ ਮਾਨਸਿਕਤਾ ਨੂੰ ਕਿਵੇਂ ਅਸਹਿਜ ਅਤੇ ਖੰਡਤ ਕਰਦੀ ਹੈ। ਕਲਾ, ਕਿਰਤ ਅਤੇ ਇਨਸਾਫ਼ ਲਈ ਬਣੇ, ਧਰਤੀ ਦੇ ਮਾਣਮੱਤੇ ਜੀਅ ਬੇਕਿਰਕ ਹਿੰਸਾ ਦਾ ਖਾਜਾ ਬਣ ਗਏ ਹਨ।
ਇਸ ਫ਼ਿਲਮ ਦੀ ਮੁਕਾਮੀ ਲੋਕਾਂ ਤੱਕ ਪਹੁੰਚ ਬਾਬਤ ਅਹਿਮ ਨੁਕਤਾ ਵਿਚਾਰਨਾ ਬਣਦਾ ਹੈ। ਹਦਾਇਤਕਾਰ ਮੁਤਾਬਕ ਇਹ ਫ਼ਿਲਮ ਦੁਨੀਆਂ ਭਰ ਵਿਚ ਦਿਖਾਈ ਜਾ ਰਹੀ ਹੈ ਪਰ ਗਿਨੀ-ਬਿਸਾਉ ਦੇ ਲੋਕਾਂ ਨੂੰ ਇਹ ਫ਼ਿਲਮ ਦੇਖਣੀ ਨਸੀਬ ਨਹੀਂ ਹੋਈ। ਤ੍ਰਾਸਦੀ ਨੂੰ ਹੱਡੀ ਹੰਢਾਉਣ ਵਾਲਿਆਂ ਨੂੰ ਉਨ੍ਹਾਂ ਦੀ ਅਪਣੀ ਕਹਾਣੀ ‘ਤੇ ਬਣੀ ਫ਼ਿਲਮ ਦਿਖਾਉਣ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਇਹ ਰੁਝਾਨ ਪੀੜਤਾਂ ਨੂੰ ਚਿੜੀਆਘਰ ਦੇ ਜਾਨਵਰਾਂ ਵਾਂਗ ਵਰਤਣ ਵੱਲ ਇਸ਼ਾਰਾ ਕਰਦਾ ਹੈ ਜਿਹਦੀ ਝਲਕ ਸਾਡੇ ਸਿਨੇਮੇ ਵਿਚ ਵੀ ਦਿਖਾਈ ਦਿੰਦੀ ਹੈ। ਫ਼ਿਲਮਸਾਜ਼ਾਂ ਨੂੰ ਇਸ ਮਸਲੇ ‘ਤੇ ਧਿਆਨ ਦੇਣ ਦੀ ਲੋੜ ਹੈ।
ਕਲਾ ਦੀ ਕੋਈ ਬੋਲੀ ਨਹੀਂ ਹੁੰਦੀ। ਇਹ ਤਾਂ ਆਪਣੇ ਆਪ ਇਕ ਬੋਲੀ ਹੈ। ਫ਼ਿਲਮ ਕਲਾ ਦਾ ਮੁੱਖ ਕੰਮ ਮਨੁੱਖ ਨੂੰ ਮਨੁੱਖ ਦੇ ਨੇੜੇ ਲੈ ਕੇ ਆਉਣਾ ਹੈ। ‘ਦਿ ਬੈਟਲ ਔਫ ਟੋਬੈਟੋ’ ਇਹਦੀ ਉਘੜਵੀਂ ਮਿਸਾਲ ਹੈ ਜੋ ਅਫ਼ਰੀਕੀ ਲੋਕਧਾਰਾ ਅਤੇ ਸਿਆਸੀ ਇਤਿਹਾਸ ਨੂੰ ਨਵੀਂ ਰੌਸ਼ਨੀ ਵਿਚ ਆਲਮ ਅੱਗੇ ਰੱਖਦੀ ਹੈ। ਇਹ ਫ਼ਿਲਮ ਉਨ੍ਹਾਂ ਲੋਕਾਂ ਨਾਲ ਸੰਵਾਦ ਦਾ ਰਾਹ ਖੋਲ੍ਹਦੀ ਹੈ ਜੋ ਸਿਨੇਮੇ ਨੂੰ ਸਿਆਸੀ ਹੱਦਾਂ ਅਤੇ ਬੋਲੀਆਂ ਦੇ ਘੇਰੇ ਵਿਚ ਸੁੰਗੇੜ ਕੇ ਦੇਖਦੇ ਹਨ। ਉਹ ਖੇਤਰੀ ਸਿਨੇਮੇ ਨੂੰ ਆਲਮੀ ਸਿਨੇਮੇ ਦੀ ਕੜੀ ਵਜੋਂ ਮੰਨਣ ਤੋਂ ਇਨਕਾਰੀ ਹਨ। ਸਿਨੇਮਾ ਸਾਂਝੀ ਆਲਮੀ ਵਿਰਾਸਤ ਦੇ ਵਿਚਾਰ ਨੂੰ ਜਿਉਂਦਾ ਰੱਖਣ ਦਾ ਅਹਿਮ ਮਾਧਿਅਮ ਹੈ।
Leave a Reply