ਸੁਰਿੰਦਰ ਸਿੰਘ ਤੇਜ
ਫੋਨ: 91-98555-01488
ਅੱਜ ਦੇ ਯੁੱਗ ਦੇ ਸੰਗੀਤ ਪ੍ਰੇਮੀਆਂ ਦਾ ਕਮਲ ਬਾਰੋਟ ਨਾਲ ਤੁਆਰੁਫ਼ ਕਰਵਾਉਣਾ ਬਹੁਤਾ ਔਖਾ ਨਹੀਂ। ਸਿਰਫ ਇੰਨਾ ਹੀ ਕਹਿਣਾ ਬਹੁਤ ਹੈ ਕਿ ਕਮਲ ਬਾਰੋਟ ਉਹ ਗਾਇਕਾ ਸੀ ਜਿਸ ਨੇ ਆਸ਼ਾ ਭੋਸਲੇ ਨਾਲ ਮਿਲ ਕੇ ‘ਦਾਦੀ ਅੰਮਾ ਦਾਦੀ ਅੰਮਾ, ਮਾਨ ਜਾਓ’ ਗੀਤ ਗਾਇਆ। ਇਹ ਉਹ ਗੀਤ ਹੈ ਜਿਹੜਾ ਪਿਛਲੀਆਂ ਤਿੰਨ ਪੀੜ੍ਹੀਆਂ ਦੇ ਪਸੰਦੀਦਾ ਬਾਲ ਗੀਤਾਂ ਵਿਚ ਸ਼ੁਮਾਰ ਰਿਹਾ ਹੈ। ਫ਼ਿਲਮ ‘ਘਰਾਣਾ’ (1961) ਲਈ ਇਹ ਗੀਤ ਰਚਣ ਲੱਗਿਆਂ ਨਾ ਤਾਂ ਗੀਤਕਾਰ ਸ਼ਕੀਲ ਬਦਾਯੂੰਨੀ ਨੇ ਇਹ ਸੋਚਿਆ ਹੋਵੇਗਾ ਕਿ ਇਸ ਗੀਤ ਦੀ ਉਮਰ ਇੰਨੀ ਲੰਮੇਰੀ ਰਹੇਗੀ ਅਤੇ ਨਾ ਹੀ ਸੰਗੀਤਕਾਰ ਰਵੀ ਨੇ। ਆਸ਼ਾ ਭੋਸਲੇ ਲਈ ਵੀ ਇਹ ਗੀਤ ਰੁਟੀਨ ਗੀਤ ਹੀ ਹੋਵੇਗਾ, ਪਰ ਕਮਲ ਬਾਰੋਟ ਲਈ ਇਹ ਗੀਤ ਉਸ ਦੀ ਸਦੀਵੀ ਪਛਾਣ ਬਣ ਗਿਆ। ਗੀਤ ਵਿਚ ਆਸ਼ਾ ਦੀ ਚੁਲਬੁਲੀ ਆਵਾਜ਼ ਨੂੰ ਕਮਲ ਬਾਰੋਟ ਦੀ ਬੱਚਿਆਂ ਵਰਗੀ ਆਵਾਜ਼ ਨੇ ਅਜਿਹਾ ਸਹਾਰਾ ਦਿੱਤਾ ਕਿ ਗੀਤ, ਸਥਾਈ ਬਾਲ ਗੀਤ ਵਜੋਂ ਅਮਰ ਹੋ ਗਿਆ।
ਕਮਲ ਬਾਰੋਟ ਨੇ ਜਦੋਂ ਇਹ ਗੀਤ ਰਿਕਾਰਡ ਕਰਵਾਇਆ, ਉਸ ਦੀ ਉਮਰ 17 ਸਾਲ ਸੀ। ਗੀਤ ਸੁਣ ਕੇ ਜਾਪਦਾ ਹੈ ਜਿਵੇਂ ਛੇ ਸਾਲਾਂ ਦੀ ਬੱਚੀ ਗੀਤ ਗਾ ਰਹੀ ਹੋਵੇ। ਆਵਾਜ਼ ਵਿਚਲੇ ਇਸੇ ਬਚਪਨੇ ਨੇ ਹਿੰਦੀ ਫ਼ਿਲਮ ਸੰਗੀਤ ਵਿਚ ਕਮਲ ਦੇ ਦਾਖ਼ਲੇ ਦਾ ਰਾਹ ਪੱਧਰਾ ਕੀਤਾ, ਪਰ ਨਾਲ ਹੀ ਇਸ ਗੁਜਰਾਤੀ ਗਾਇਕਾ ਦੀ ਪ੍ਰਤਿਭਾ ਨੂੰ ਦੋਗਾਣਿਆਂ-ਤਿਗਾਣਿਆਂ-ਚੌਗਾਣਿਆਂ ਤਕ ਸੀਮਿਤ ਕਰ ਦਿੱਤਾ। ਸੰਗੀਤਕਾਰਾਂ ਨੇ ਉਸ ਦੀ ਆਵਾਜ਼ ਦੀ ਪੈਮਾਇਸ਼ ਤੇ ਪਰਖ਼ ਉਸ ਅੰਦਰਲੇ ਬਾਲਪੁਣੇ ਨਾਲ ਹੀ ਕੀਤੀ, ਇਸ ਆਵਾਜ਼ ਨੂੰ ਨਵੀਂ ਦਿਸ਼ਾ ਦੇਣ ਜਾਂ ਇਸ ਅੰਦਰਲੇ ਨਿਵੇਕਲੇਪਣ ਨੂੰ ਵੱਧ ਸੰਵਾਰ ਕੇ ਪੇਸ਼ ਕਰਨ ਦਾ ਯਤਨ ਨਹੀਂ ਕੀਤਾ। ਲਿਹਾਜ਼ਾ, ਕਮਲ ਨੂੰ ਸੋਲੋ ਗੀਤ ਗਾਉਣ ਦਾ ਮੌਕਾ ਬਹੁਤ ਘੱਟ ਮਿਲਿਆ। ਉਸ ਦਾ ‘ਹੰਸਤਾ ਹੂਆ ਨੂਰਾਨੀ ਚਿਹਰਾ’ ਢਾਈ ਦਰਜਨ ਤੋਂ ਵੱਧ ਸੰਗੀਤਕਾਰਾਂ ਨਾਲ ਕੰਮ ਕਰਨ ਦੇ ਬਾਵਜੂਦ ਫ਼ਿਲਮ ਸੰਗੀਤ ਜਗਤ ਦੇ ਹਾਸ਼ੀਏ ‘ਤੇ ਵਿਚਰਦੇ ਰਹਿਣ ਤਕ ਹੀ ਮਹਿਦੂਦ ਹੋ ਕੇ ਰਹਿ ਗਿਆ।
ਕਮਲ ਬਾਰੋਟ ਨੇ ਹਿੰਦੀ ਫ਼ਿਲਮਾਂ ਵਿਚ 250 ਦੇ ਕਰੀਬ ਗੀਤ ਗਾਏ, ਪਰ ਇਨ੍ਹਾਂ ਵਿਚੋਂ ਸੋਲੋ ਸ਼ਾਇਦ 10 ਤੋਂ ਵੱਧ ਨਹੀਂ ਸਨ। ਜਿਹੜਾ ਸੋਲੋ ਬਿਨਾਕਾ ਗੀਤ ਮਾਲਾ ਦਾ ਸ਼ਿੰਗਾਰ ਬਣ ਸਕਿਆ, ਉਹ ਸੀ ‘ਸੁਨਾ ਹੈ ਜਬ ਸੇ ਮੌਸਮ ਹੈ ਪਿਆਰ ਕੇ ਕਾਬਿਲ, ਧੜਕ ਰਹੇ ਹੈਂ ਅਰਮਾਂ ਧੜਕ ਰਹਾ ਹੈ ਦਿਲ’ (ਰਾਮੂ ਦਾਦਾ, 1964)। ਇਸ ਤੋਂ ਇਲਾਵਾ ‘ਬਿਜਲੀ ਹੈ ਮੇਰੇ ਪਾਂਵ ਮੇਂ’ (ਰਾਕੇਟ ਗਰਲ, 1962) ਨੂੰ ਵੀ ਕੁਝ ਕਾਮਯਾਬੀ ਮਿਲੀ। ‘ਕਹੀਏ ਜਨਾਬ ਕੈਸਾ ਹਾਲ’ (ਸੰਜੂ, 1965), ‘ਸਜਨਾ ਓ ਸਜਨਾ’ (ਰੁਸਤਮ-ਏ-ਹਿੰਦ, 1966) ਅਤੇ ‘ਝੂਮ ਕੇ ਚਲੇ ਤਾਰਾਮਤੀ’ (ਫਲਾਈਂਗ ਸਰਕਸ, 1969) ਮੁੱਖ ਤੌਰ ‘ਤੇ ਕਮਜ਼ੋਰ ਧੁਨਾਂ ਕਾਰਨ ਰੁਲ ਕੇ ਰਹਿ ਗਏ।
ਅਜਿਹੇ ਆਲਮ ਵਿਚ ਦੋਗਾਣਿਆਂ-ਤਿਗਾਣਿਆਂ ਨੇ ਕਮਲ ਬਾਰੋਟ ਦੀ ਹਸਤੀ ਨੂੰ ਬਰਕਰਾਰ ਰੱਖਣ ਵਿਚ ਮੁਖ ਮਦਦ ਦਿੱਤੀ। ਫ਼ਿਲਮ ‘ਸਤੀ ਸਵਿੱਤਰੀ’ (1964) ਵਿਚ ਕਮਲ ਵੱਲੋਂ ਲਤਾ ਤੇ ਊਸ਼ਾ ਮੰਗੇਸ਼ਕਰ ਦੀ ਸੰਗਤ ਵਿਚ ਗਾਏ ਗੀਤ ‘ਇਤਨੀ ਜਲਦੀ ਕਿਆ ਹੈ ਗੋਰੀ ਸਾਜਨ ਕੇ ਘਰ ਜਾਨੇ ਕੀ’ ਦੀ ਕਾਮਯਾਬੀ ਨੇ ਲਕਸ਼ਮੀਕਾਂਤ-ਪਿਆਰੇਲਾਲ ਨੂੰ ਅਗਲੇ ਸਾਲ ‘ਪਾਰਸਮਣੀ’ (1963) ਵਿਚ ਲਤਾ ਤੇ ਕਮਲ ਦੀਆਂ ਆਵਾਜ਼ਾਂ ਦੇ ਸੁਮੇਲ ਰਾਹੀਂ ‘ਹੰਸਤਾ ਹੂਆ ਨੂਰਾਨੀ ਚਿਹਰਾ’ ਵਰਗੀ ਅਮਰ ਧੁਨ ਰਚਣ ਦੇ ਰਾਹ ਪਾਇਆ। ਲਤਾ ਦੀ ਰੇਸ਼ਮੀ, ਲਹਿਰੀਏਦਾਰ ਆਵਾਜ਼ ਅਤੇ ਕਮਲ ਬਾਰੋਟ ਦੇ ਗਲੇ ਦੀ ਕਿਸ਼ੋਰੀਆਂ ਵਾਲੀ ਖਣਕ ਇਸ ਗੀਤ ਦੀ ਜਿੰਦ-ਜਾਨ ਸਾਬਤ ਹੋਈਆਂ ਅਤੇ ਇਸ ਨੂੰ ਸਦੀਵੀ ਬਣਾ ਗਈਆਂ।
ਉਂਝ, ਲਤਾ ਤੇ ਕਮਲ ਬਾਰੋਟ ਦੇ ਅੱਡੋ-ਅੱਡਰੇ ਧਵਨੀ-ਗੁਣਾਂ ਨੂੰ ਸੁਮੇਲ ਦਾ ਰੂਪ ਦੇਣ ਦੀ ਕਲਾ ਦਾ ਸਿਹਰਾ ਕਲਿਆਣਜੀ-ਆਨੰਦਜੀ ਦੀ ਜੋੜੀ ਨੂੰ ਜਾਂਦਾ ਹੈ। ਉਨ੍ਹਾਂ ਫ਼ਿਲਮ ‘ਮਦਾਰੀ’ (1959) ਦੇ ਗੀਤ ‘ਅਕੇਲੀ ਮੋਹੇ ਛੋੜ ਨਾ ਜਾਨਾ’ ਰਾਹੀਂ ਦਰਸਾਇਆ ਸੀ ਕਿ ਦੋ ਤੁਲਨਾਤਮਿਕ ਸਵਰ-ਗੁਣਾਂ ਵਾਲੀਆਂ ਗਾਇਕਾਵਾਂ ਨਾਲ ਉਦਮਾਦੀ ਧੁਨ ਕਿਵੇਂ ਰਚੀ ਜਾ ਸਕਦੀ ਹੈ। ਕਲਿਆਣਜੀ-ਆਨੰਦਜੀ ਨੇ ਬਾਅਦ ਵਿਚ ‘ਸੁਨਹਿਰੀ ਨਾਗਿਨ’ (1963) ਵਿਚ ਇਹੀ ਤਜਰਬਾ ਅਗਾਂਹ ਵਧਾਇਆ ਅਤੇ ਲਤਾ, ਮੁਬਾਰਕ ਬੇਗ਼ਮ ਤੇ ਕਮਲ ਬਾਰੋਟ ਦੀਆਂ ਆਵਾਜ਼ਾਂ ਵਿਚ ‘ਮੈਂ ਤੋ ਹੋ ਗਈ ਰੇ ਬਦਨਾਮ’ ਅਤੇ ‘ਯੂੰ ਨਾ ਅਕੜੀਏ, ਯੂੰ ਨਾ ਬਿਗੜੀਏ’ ਗੀਤ ਰਿਕਾਰਡ ਕਰਵਾਏ। ਤਜਰਬੇ ਦੇ ਰੂਪ ਵਿਚ ਇਹ ਗੀਤ ਸੁਣਨ ਨੂੰ ਚੰਗੇ ਲੱਗਦੇ ਹਨ, ਪਰ ਮਿਠਾਸ ਪੱਖੋਂ ਇਨ੍ਹਾਂ ਵਿਚ ‘ਅਕੇਲੀ ਮੋਹੇ’ ਵਾਲੀ ਗੱਲ ਨਹੀਂ ਬਣੀ।
ਜਿੱਥੇ ਲਤਾ ਤੇ ਕਮਲ ਬਾਰੋਟ ਦੀ ਜੁਗਲਬੰਦੀ ਕਾਮਯਾਬ ਰਹੀ, ਉੱਥੇ ਮੁਕੇਸ਼ ਤੇ ਕਮਲ ਦੀ ਜੁਗਲਬੰਦੀ ਨੇ ਵੀ ਸੰਗੀਤ ਪ੍ਰੇਮੀਆਂ ਲਈ ਨਵਾਂ ਜ਼ਾਇਕਾ ਪੇਸ਼ ਕੀਤਾ। ਇਹ ਤਜਰਬਾ 1961 ਵਿਚ ‘ਰਾਕੇਟ ਗਰਲ’ ਵਿਚ ਚਿਤ੍ਰਗੁਪਤ ਨੇ ਕੀਤਾ। ਸੁਦੇਸ਼ ਕੁਮਾਰ ਤੇ ਨਾਜ਼ ਦੀਆਂ ਮੁੱਖ ਭੂਮਿਕਾਵਾਂ ਵਾਲੀ ਇਸ ‘ਬੀ’ ਗਰੇਡ ਫ਼ਿਲਮ ਵਿਚ ਮੁਕੇਸ਼ ਦੀ ਅਨੁਨਾਦੀ ਗਲੇ ਤੇ ਕਮਲ ਬਾਰੋਟ ਦੀ ਕਿਸ਼ੋਰੀਆਂ ਵਾਲੀ ਆਵਾਜ਼ ਦੇ ਸੁਮੇਲ ਨੇ ‘ਨਾ ਜਾਨੇ ਚਾਂਦ ਕੈਸਾ ਹੋਗਾ, ਤੁਮਸਾ ਹਸੀਂ ਤੋਂ ਨਹੀਂ’ ਗੀਤ ਨੂੰ ਨਿਹਾਇਤ ਅਰਥਪੂਰਨ ਬਣਾ ਦਿੱਤਾ। ਇਕ ਸਾਲ ਬਾਅਦ ‘ਜਬ ਸੇ ਹਮ ਤੁਮ ਬਹਾਰੋਂ ਮੇਂ’ (ਮੈਂ ਸ਼ਾਦੀ ਕਰਨੇ ਚਲਾ) ਰਾਹੀਂ ਚਿਤ੍ਰਗੁਪਤ ਨੇ ਮੁਕੇਸ਼ ਤੇ ਕਮਲ ਬਾਰੋਟ ਦੀ ਜੁਗਲਬੰਦੀ ਨੂੰ ਵੱਧ ਮਿਕਨਾਤੀਸੀ ਰੂਪ ਵਿਚ ਪੇਸ਼ ਕੀਤਾ। ਇਹ ਗੀਤ ਅੱਜ ਵੀ ਵਿਵਿਧ ਭਾਰਤੀ ‘ਤੇ ਵੱਜਦਾ ਰਹਿੰਦਾ ਹੈ। ਚਿਤ੍ਰਗੁਪਤ ਨੇ ਇਸ ਗੀਤ ਨੂੰ ਰਫ਼ੀ ਤੇ ਸੁਮਨ ਕਲਿਆਣਪੁਰ ਦੀਆਂ ਆਵਾਜ਼ਾਂ ਵਿਚ ਵੀ ਰਿਕਾਰਡ ਕਰਵਾਇਆ ਅਤੇ ਇਹ ਫ਼ਿਲਮ ਵਿਚ ਵੀ ਮੌਜੂਦ ਹੈ, ਪਰ ਇਸ ਨੂੰ ਜ਼ਿਆਦਾ ਮਕਬੂਲੀਅਤ ਨਹੀਂ ਮਿਲੀ।
ਕਮਲ ਬਾਰੋਟ ਨੇ ਮੁਕੇਸ਼ ਤੋਂ ਇਲਾਵਾ ਮੁਹੰਮਦ ਰਫ਼ੀ, ਮਹਿੰਦਰ ਕਪੂਰ, ਮੰਨਾ ਡੇ ਤੇ ਰੌਬਿਨ ਬੈਨਰਜੀ ਨਾਲ ਵੀ ਡੂਏਟ ਗਾਏ। ਇੰਝ ਹੀ ਗਾਇਕਾਵਾਂ ਵਿਚੋਂ ਸੁਮਨ ਕਲਿਆਣਪੁਰ, ਆਸ਼ਾ ਭੋਸਲੇ, ਮੁਬਾਰਕ ਬੇਗ਼ਮ, ਸ਼ਮਸ਼ਾਦ ਬੇਗ਼ਮ, ਊਸ਼ਾ ਤਿਮੋਥੀ, ਕ੍ਰਿਸ਼ਨਾ ਕੱਲੇ ਅਤੇ ਊਸ਼ਾ ਮੰਗੇਸ਼ਕਰ ਨਾਲ ਉਸ ਨੇ ਦੋਗਾਣੇ ਵੀ ਗਾਏ ਅਤੇ ਤਿਗਾਣੇ ਵੀ। ਸੰਗੀਤਕਾਰ ਊਸ਼ਾ ਖੰਨਾ ਨੇ ਵੀ ਘੱਟੋ-ਘੱਟ ਤਿੰਨ ਗੀਤਾਂ ਵਿਚ ਕਮਲ ਬਾਰੋਟ ਦਾ ਸਾਥ ਦਿੱਤਾ। ਫ਼ਿਲਮ ‘ਨਤੀਜਾ’ (1969) ਵਿਚ ਊਸ਼ਾ ਖੰਨਾ ਦੇ ਹੀ ਸੰਗੀਤ ਨਿਰਦੇਸ਼ਨ ਹੇਠ ‘ਐ ਸਪਨੋਂ ਕੇ ਰਾਜਾ ਮਿਲਨੇ ਆਜਾ’ ਗੀਤ ਸ਼ਮਸ਼ਾਦ ਬੇਗ਼ਮ, ਕਮਲ ਬਾਰੋਟ, ਊਸ਼ਾ ਤਿਮੋਥੀ ਤੇ ਊਸ਼ਾ ਖੰਨਾ ਦੀਆਂ ਆਵਾਜ਼ਾਂ ਵਿਚ ਹੋਣ ਕਾਰਨ ਆਪਣੇ ਆਪ ਵਿਚ ਅਨੂਠਾ ਤਜਰਬਾ ਹੈ। ਊਸ਼ਾ ਖੰਨਾ ਨੇ ਹੀ ‘ਖ਼ੂਨ ਕਾ ਖ਼ੂਨ’ (1966) ਫ਼ਿਲਮ ਵਿਚ ਐਸ਼ ਐਚæ ਬਿਹਾਰੀ ਦਾ ਕੱਵਾਲੀਨੁਮਾ ਗੀਤ ‘ਅਦਾ ਕੇ ਤੀਰ ਲਾਖੋਂ ਹੈਂ’ ਆਪਣੀ, ਕਮਲ ਤੇ ਭੁਪਿੰਦਰ ਸਿੰਘ ਦੀਆਂ ਆਵਾਜ਼ਾਂ ਵਿਚ ਰਿਕਾਰਡ ਕਰਵਾਉਣ ਦਾ ਤਜਰਬਾ ਵੀ ਕੀਤਾ। ਕਿਸ਼ੋਰ ਕੁਮਾਰ ਨੇ ‘ਬਾਗ਼ੀ ਸ਼ਹਿਜ਼ਾਦਾ’ (1967) ਵਿਚ ਬਿਪਿਨ ਦੱਤ ਦੇ ਬੈਟਨ ਹੇਠ ਨੂਰ ਦੇਵਾਸੀ ਦਾ ਗੀਤ ‘ਯਿਹ ਨਜ਼ਰਾਨਾ ਮੁਹੱਬਤ ਕਾ’ ਕਮਲ ਬਾਰੋਟ ਦੇ ਨਾਲ ਗਾਇਆ।
(ਪੰਜਾਬੀ ਟ੍ਰਿਬਿਊਨ ਤੋਂ ਧੰਨਵਾਦ ਸਹਿਤ)
Leave a Reply