ਪ੍ਰਸ਼ਾਦ ਦੀ ਸਿੱਖ ਧਰਮ ਵਿਚ ਬਹੁਤ ਅਹਮੀਅਤ ਹੈ। ਗੁਰਬਾਣੀ ਵਿਚ ‘ਪਰਸਾਦੁ’ ਸ਼ਬਦ ਕਈ ਥਾਂਈਂ ਆਇਆ ਹੈ, ਜਿਸ ਗੁਰੁ ਪੂਰਾ ਪੂਰਾ ਪਰਸਾਦੁ॥੨॥ (ਅੰਗ 1143) ਇਹ ਸਭ ਕੁਝ ਪੂਰਾ ਗੁਰੂ ਹੀ ਕਰਨ ਵਾਲਾ ਹੈ, ਇਹ ਪੂਰੇ ਗੁਰੂ ਦੀ ਹੀ ਮਿਹਰ ਹੋਈ ਹੈ। ਹੋਰ ਵੀ ਪ੍ਰਮਾਣ ਹਨ, ‘ਗੁਰੁ ਪਰਸਾਦੁ ਕਰੇ ਨਾਮੁ ਦੇਵੈ ਨਾਮੇ ਨਾਮਿ ਸਮਾਵਣਿਆ॥੨॥ (ਅੰਗ 130) ਅਰਥਾਤ ਜਿਸ ਮਨੁੱਖ ਉਤੇ ਗੁਰੂ ਕਿਰਪਾ ਕਰਦਾ ਹੈ, ਉਸ ਨੂੰ ਤੇਰਾ ਨਾਮ ਬਖ਼ਸ਼ਦਾ ਹੈ, ਉਹ ਮਨੁੱਖ ਤੇਰੇ ਨਾਮ ਵਿਚ ਹੀ ਮਸਤ ਰਹਿੰਦਾ ਹੈ। ਗੁਰਬਾਣੀ ਵਿਚ ਗੁਰੂ ਦੀ ਕਿਰਪਾ ਨੂੰ ਹੀ ਪ੍ਰਸ਼ਾਦ ਕਿਹਾ ਗਿਆ ਹੈ।
ਸੰਗਤ ਵਿਚ ਪ੍ਰਸ਼ਾਦ ਵਰਤਾਉਣ ਦੀ ਪਰੰਪਰਾ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਚਲਦੀ ਦਸਦੇ ਹਨ। ਇਸ ਦਾ ਇਕ ਮਕਸਦ ਸੀ, ਬਿਨਾ ਕਿਸੇ ਭੇਦਭਾਵ ਤੋਂ ਸਾਰੇ ਇਕੱਠੇ ਬੈਠ ਕੇ ਛਕਣ। ਦੂਸਰਾ, ਸਿੱਖ ‘ਤੇ ਖੁਸ਼ੀ ਆਏ, ਚਾਹੇ ਗਮੀ-ਸਿੱਖ ਨੇ ਰੱਬ ਦਾ ਭਾਣਾ ਮੰਨ ਕੇ ਪ੍ਰਸ਼ਾਦ ਹੀ ਛਕਣਾ ਹੈ। ਜਦੋਂ ਵੀ ਸਿੱਖ ਗੁਰਦੁਆਰੇ ਆਵੇ, ਪ੍ਰਸ਼ਾਦ ਛਕੇ ਅਤੇ ਵਾਹਿਗੁਰੂ ਦੇ ਗੁਣ ਗਾਵੇ। ਪ੍ਰਸ਼ਾਦ ਦੀ ਪਰੰਪਰਾ ਸਿਰਫ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿਚ ਸੰਗਤਾਂ ਵਲੋਂ ਸਿਰਫ ਬੈਠ ਕੇ ਛਕਣ ਦੀ ਹੈ। ਹੁਣ ਤੁਸੀਂ ਸੋਚੋਗੇ ਪ੍ਰਸ਼ਾਦ ਭਾਵ ਦੇਗ ਬਾਰੇ ਤਾਂ ਸਭ ਨੂੰ ਪਤਾ ਹੀ ਹੈ, ਇਸ ਬਾਰੇ ਇਹ ਦਸਣ ਦੀ ਕੀ ਜਰੂਰਤ ਸੀ।
ਇਸ ਬਾਰੇ ਚਰਚਾ ਕਰਨੀ ਜਰੂਰੀ ਹੈ ਕਿਉਂਕਿ ਅੱਜ ਕੁਝ ਲੋਕਾਂ ਨੇ ਪ੍ਰਸ਼ਾਦ ਦੀ ਰੂਪ ਰੇਖਾ ਹੀ ਬਦਲ ਦਿਤੀ ਹੈ। ਗੁਰਮਤਿ ਵਿਚ ਸਿਰਫ ਕੜਾਹ ਪ੍ਰਸ਼ਾਦ ਨੂੰ ਹੀ ਪ੍ਰਵਾਨਗੀ ਹੈ ਪਰ ਅਜ ਕਲ ਬਹੁਤੇ ਡੇਰਿਆਂ ਵਿਚ ਮਿਸ਼ਰੀ, ਲੱਡੂ ਅਤੇ ਹੋਰ ਮਿਠਾਈਆਂ ਨੂੰ ਵੀ ਪ੍ਰਸ਼ਾਦ ਆਖ ਕੇ ਵਰਤਾਇਆ ਜਾਂਦਾ ਹੈ। ਕਈ ਡੇਰਿਆਂ ਵਿਚ ਤਾਂ ਸ਼ਰਾਬ ਵੀ ਪ੍ਰਸ਼ਾਦ ਆਖ ਕੇ ਵਰਤਾਈ ਜਾਂਦੀ ਹੈ। ਨਿਹੰਗ ਸਿੰਘ ਭੰਗ ਅਤੇ ਮੀਟ ਨੂੰ ਵੀ ਪ੍ਰਸ਼ਾਦ ਦਾ ਨਾਂ ਦਿੰਦੇ ਹਨ ਜੋ ਗੁਰਮਤਿ ਦੇ ਉਲਟ ਹੈ ਅਤੇ ਪ੍ਰਸ਼ਾਦ ਦੇ ਨਾਂ ‘ਤੇ ਸੰਗਤਾਂ ਨਾਲ ਧੋਖਾ ਹੈ। ਅੱਜ ਕੱਲ ਪ੍ਰਸ਼ਾਦ ਦੇ ਨਾਂ ‘ਤੇ ਬਹੁਤ ਵੱਡਾ ਧੰਦਾ ਚੱਲ ਰਿਹਾ ਹੈ। ਬਹੁਤੇ ਸਾਧ ਨਵੇਂ ਡੇਰੇ ਵੱਡੀਆਂ ਸੜਕਾਂ ਦੇ ਨੇੜੇ ਬਣਾਉਂਦੇ ਹਨ। ਇਸ ਦਾ ਕਾਰਨ ਹੈ ਦੇਗ ਅਤੇ ਚਾਹ ਤੋਂ ਵੱਡੀ ਕਮਾਈ। ਡੇਰੇ ਦੇ ਨੇੜੇ ਤੇੜੇ ਇਹ ਗੱਲ ਫੈਲਾ ਦਿਤੀ ਜਾਂਦੀ ਹੈ ਕਿ ਜਿਹੜਾ ਇਥੇ ਰੁਕ ਕੇ ਨਾ ਗਿਆ, ਉਸ ਨੂੰ ਅੱਗੇ ਜਾ ਕੇ ਹਾਦਸਾ ਪੇਸ਼ ਆ ਸਕਦਾ ਹੈ। ਕੀ ਕਦੇ ਅਸੀਂ ਸੋਚਿਆ ਹੈ ਕਿ ਗੁਰੂ ਸਾਡੇ ਨਾਲ ਇਸ ਤਰ੍ਹਾਂ ਕਰ ਸਕਦਾ ਹੈ? ਇਨ੍ਹਾਂ ਠੱਗਾਂ ਨੇ ਗੁਰੂ ਨੂੰ ਇਕ ਡਰਾਉਣ ਵਾਲੀ ਚੀਜ ਬਣਾ ਦਿਤਾ ਹੈ। ਮਿਸਾਲ ਵਜੋਂ ਮੋਗੇ ਨੇੜੇ ਦਾਮੁ ਸ਼ਾਹ ਦੀ ਦਰਗਾਹ, ਜਗਰਾਓਂ ਨੇੜੇ ਨਾਨਕਸਰ-ਜਿਥੇ ਸੜਕ ‘ਤੇ ਬੈਰੀਕੇਡ ਲਾ ਕੇ ਜਬਰਦਸਤੀ ਲੋਕਾਂ ਨੂੰ ਰੋਕਿਆ ਜਾਂਦਾ ਹੈ; ਸੰਗਰੂਰ ਨੇੜੇ ਮਸਤੂਆਣਾ ਅਤੇ ਅੰਮ੍ਰਿਤਸਰ ਤੇ ਤਰਨਤਾਰਨ ਵਿਚਕਾਰ ਬਾਬਾ ਦੀਪ ਸਿੰਘ ਦਾ ਗੁਰਦੁਆਰਾ। ਹੋਰ ਅਨੇਕਾਂ ਗੁਰਦੁਆਰਿਆਂ ਬਾਰੇ ਜਿਥੇ ਮਿਥ ਬਣਾਈ ਹੋਈ ਹੈ ਕਿ ਹਰ ਇਕ ਗੱਡੀ ਨੇ ਇਥੇ ਰੁਕ ਕੇ ਜਾਣਾ ਹੈ। ਜਿਹੜਾ ਵੀ ਰੁਕੇ ਦੋ, ਚਾਰ, ਦਸ ਰੁਪਈਏ ਚੜ੍ਹਾ ਕੇ ਵੀ ਜਾਂਦਾ ਹੈ ਅਤੇ ਉਸ ਨੂੰ ਪ੍ਰਸ਼ਾਦ ਵੀ ਦਿਤਾ ਜਾਂਦਾ ਹੈ, ਭਾਵੇਂ ਉਸ ਦਾ ਸਿਰ ਨੰਗਾ ਹੈ, ਭਾਵੇਂ ਉਸ ਨੇ ਜੁਤੀ ਪਾਈ ਹੋਈ ਹੈ। ਉਸ ਨੂੰ ਸੰਗਤੀ ਰੂਪ ਵਿਚ ਬੈਠਣ ਦੀ ਲੋੜ ਨਹੀਂ, ਬੱਸ ਦੂਰੋਂ ਪੈਸੇ ਚਲਾ ਕੇ ਮਾਰੋ ਅਤੇ ਪ੍ਰਸ਼ਾਦ ਲੈ ਕੇ ਖਾਂਦੇ ਜਾਵੋ।
ਇਸ ਤਰ੍ਹਾਂ ਧਰਮ ਦੇ ਨਾਂ ‘ਤੇ ਬਹੁਤ ਵੱਡਾ ਗੋਰਖ-ਧੰਦਾ ਚਲਾ ਲਿਆ ਹੈ, ਚਲਾਕ ਲੋਕਾਂ ਨੇ। ਇਕ ਵਾਰ ਅਸੀਂ ਕਿਰਾਏ ਦੀ ਗੱਡੀ ਵਿਚ ਦਿੱਲੀ ਜਾਂਦੇ ਸਾਂ ਅਤੇ ਡਰਾਈਵਰ ਨੇ ਮਸਤੁਆਣਾ ਡੇਰੇ ਅੱਗੇ ਗੱਡੀ ਰੋਕ ਲਈ। ਮੈਂ ਕਿਹਾ, ਕੀ ਹੋਇਆ? ਕਹਿੰਦਾ, ਬਾਈ ਜੀ ਦੇਗ ਕਰਵਾ ਦੇਈਏ। ਇਕ ਛੋਟਾ ਜਿਹਾ ਕਮਰਾ ਬਣਿਆ ਹੋਇਆ ਸੀ। ਨਿਕੀ ਜਿਹੀ ਬਾਰੀ ਵਿਚੋਂ ਡਰਾਈਵਰ ਨੇ ਦਸ ਰੁਪਈਏ ਦਿੱਤੇ ਅਤੇ ਭਾਈ ਨੇ ਪੱਤੇ ਉਪਰ ਥੋੜਾ ਜਿਹਾ ਪ੍ਰਸ਼ਾਦ ਪਾ ਕੇ ਦੇ ਦਿਤਾ। ਮੈਂ ਵੀ ਆਦਤ ਤੋਂ ਮਜਬੂਰ ਪਿਛੇ ਚਲਾ ਗਿਆ ਅਤੇ ਕਿਹਾ ਮੱਥਾ ਟੇਕਣਾ ਹੈ, ਗੁਰੂ ਗ੍ਰੰਥ ਸਾਹਿਬ ਕਿਥੇ ਹੈ? ਕਹਿੰਦਾ, ਬਾਈ ਜੀ, ਉਹ ਤਾਂ ਕਾਫੀ ਪਿਛੇ ਗੁਰਦੁਆਰਾ ਸਾਹਿਬ ਵਿਚ ਹੈ। ਮੈਂ ਭਾਈ ਨੂੰ ਕਿਹਾ, ਫੇਰ ਤੂੰ ਇਥੇ ਦੇਗ ਕਿਹੜੀ ਖੁਸ਼ੀ ਵਿਚ ਦੇਈ ਜਾਂਦਾ ਹੈ? ਜਦੋਂ ਗੁਰੂ ਗ੍ਰੰਥ ਸਾਹਿਬ ਤਾਂ ਇਥੇ ਸੁਸ਼ੋਭਿਤ ਨਹੀਂ ਹਨ। ਉਹ ਮੇਰੇ ਮੂੰਹ ਵੱਲ ਦੇਖੇ। ਅਜਿਹੀਆਂ ਹਜਾਰਾਂ ਮਿਸਾਲਾਂ ਹਨ ਜਿਥੇ ਪ੍ਰਸ਼ਾਦ ਦੁਕਾਨਾਂ ਦੀ ਤਰ੍ਹਾਂ ਵੇਚ ਕੇ ਪੈਸਾ ਕਮਾਇਆ ਜਾ ਰਿਹਾ ਹੈ।
ਹੁਣ ਗੱਲ ਕਰਦੇ ਹਾਂ, ਸ਼੍ਰੋਮਣੀ ਕਮੇਟੀ ਦੇ ਅਧੀਨ ਗੁਰਦੁਆਰਿਆਂ ਵਿਚ ਪ੍ਰਸ਼ਾਦ ਦੇ ਨਾਮ ‘ਤੇ ਕੀਤੀ ਜਾਂਦੀ ਕਮਾਈ ਅਤੇ ਘਪਲਿਆਂ ਦੀ। ਜਿਹੜੇ ਇਨ੍ਹਾਂ ਗੁਰਦੁਆਰਿਆਂ ਵਿਚ ਦੇਗ ਦੀਆਂ ਪਰਚੀਆਂ ਕਟਦੇ ਹਨ, ਉਨ੍ਹਾਂ ਨੇ ਸਿਰਫ ਪਰਚੀਆਂ ਕੱਟ ਕੱਟ ਕੇ ਲੱਖਾਂ ਰੁਪਈਏ ਕਮਾਏ ਹਨ। ਸਵਾਲ ਹੈ, ਪਰਚੀ ਕਟਣ ਵਾਲੇ ਨੇ ਇੰਨੇ ਪੈਸੇ ਕਿਵੇਂ ਕਮਾਏ? ਇਹ ਕਮਾਈ ਇਸ ਤਰ੍ਹਾਂ ਕਰਦੇ ਹਨ ਕਿ ਜੇ ਕਿਸੇ ਨੇ ਸੌ ਰੁਪਈਏ ਦੀ ਦੇਗ ਕਾਰਵਾਈ, ਇਨ੍ਹਾਂ ਨੇ ਸੌ ਦੀ ਇਕ ਪਰਚੀ ਨਹੀਂ ਕੱਟਣੀ, ਦਸਾਂ ਦਸਾਂ ਦੀਆਂ ਨੌਂ ਪਰਚੀਆਂ ਕਟ ਕੇ ਦੇਗ ਦੇ ਵਿਚ ਖੁਭੋ ਦੇਣੀਆਂ ਹਨ। ਪ੍ਰਸ਼ਾਦ ਦੇ ਘਿਓ ਨਾਲ ਲਥ ਪਥ ਇਹ ਪਰਚੀਆ ਪੜ੍ਹਨ ਯੋਗ ਨਹੀ ਰਹਿੰਦੀਆਂ। ਆਪਣੇ ਵਿਚੋਂ ਬਹੁਤੇ ਲੋਕ ਇਧਰ ਧਿਆਨ ਹੀ ਨਹੀਂ ਦਿੰਦੇ। ਜਦੋਂ ਅੱਗੇ ਜਾ ਕੇ ਇਕ ਹੋਰ ਸਿੰਘ ਖੜਾ ਹੁੰਦਾ ਹੈ, ਉਹ ਪਰਚੀਆਂ ਚੁੱਕ ਕੇ ਇਕ ਕੂੜੇਦਾਨ ਵਿਚ ਆਪ ਹੀ ਪਾ ਦਿੰਦਾ ਹੈ। ਹੋ ਗਈ ਨਾ ਦਸ ਰੁਪਈਆਂ ਦੀ ਕਮਾਈ।
ਇਹ ਸਿਰਫ ਇਕ ਮਿਸਾਲ ਹੈ। ਪ੍ਰਸ਼ਾਦ ਦੀਆਂ ਪਰਚੀਆ ਕੱਟਣ ਵਾਲੇ ਹਜਾਰਾਂ ਰੁਪਏ ਜੇਬ ਵਿਚ ਪਾ ਕੇ ਉਠਦੇ ਹਨ, ਹਰ ਰੋਜ। ਹੁਣ ਦਰਬਾਰ ਸਾਹਿਬ ਵਿਚ ਪ੍ਰਸ਼ਾਦ ਭਾਵ ਦੇਗ ਦਾ ਠੇਕਾ ਇਕ ਪ੍ਰਾਈਵੇਟ ਕੰਪਨੀ ਕੋਲ ਹੈ। ਪਹਿਲਾਂ ਜਿਹੜੇ ਲੋਕ ਦਰਬਾਰ ਸਾਹਿਬ ਜਾਂਦੇ ਸੀ, ਜਦੋਂ ਉਹ ਪ੍ਰਸ਼ਾਦ ਲੈ ਕੇ ਜਾਂਦੇ ਤਾਂ ਅੱਗੇ ਖੜ੍ਹਾ ਸੇਵਾਦਾਰ ਅਧੀ ਦੇਗ ਰਖ ਕੇ ਅੱਧੀ ਮੋੜ ਦਿੰਦਾ ਸੀ ਪਰ ਹੁਣ ਜਦੋਂ ਤੁਸੀਂ ਜਾਓਗੇ ਉਹ ਤੁਹਾਨੂੰ ਥੋੜੀ ਜਿਹੀ ਦੇਗ ਵਾਪਸ ਕਰਨਗੇ, ਬਾਕੀ ਰੱਖ ਲੈਣਗੇ ਕਿਉਂਕਿ ਉਹੀ ਦੇਗ ਵਾਪਿਸ ਫੇਰ ਪਰਚੀਆਂ ਕੱਟਣ ਵਾਲਿਆਂ ਕੋਲ ਚਲੀ ਜਾਂਦੀ ਹੈ। ਇਸ ਤਰ੍ਹਾਂ ਦੂਹਰੀ ਕਮਾਈ ਕਰ ਰਹੀ ਹੈ ਇਹ ਕੰਪਨੀ। ਕਰੇ ਵੀ ਕਿਉਂ ਨਾ? ਅਗਲਿਆਂ ਨੇ ਠੇਕਾ ਨਹੀਂ ਦਿੱਤਾ। ਇਹ ਕੰਪਨੀ ਦੇਗ ਵੀ ਇਸ ਤਰ੍ਹਾਂ ਤਿਆਰ ਕਰਦੀ ਹੈ ਕਿ ਪਹਿਲਾਂ ਆਟਾ ਪੂਰੀ ਤਰ੍ਹਾਂ ਬਿਨਾ ਘਿਓ ਤੋਂ ਹੀ ਭੁੰਨਦੇ ਹਨ, ਅਖੀਰ ਵਿਚ ਘਿਓ ਪਾਉਂਦੇ ਹਨ। ਇਸ ਤਰ੍ਹਾਂ ਆਟਾ ਜਿਆਦਾ ਘਿਓ ਨਹੀਂ ਪੀਂਦਾ। ਤੁਸੀਂ ਦੇਖਿਆ ਹੋਵੇਗਾ ਕਿ ਦੇਗ ਵਿਚ ਘਿਓ ਅਲੱਗ ਹੀ ਫਿਰਦਾ ਹੁੰਦਾ ਹੈ। ਸਾਨੂੰ ਲਗਦਾ ਹੈ, ਦੇਖੋ ਦੇਗ ਵਿਚ ਕਿੰਨਾ ਘਿਓ ਹੈ? ਅਸਲ ਵਿਚ ਇਹ ਟ੍ਰਿਕ ਹੈ ਘਿਓ ਦੀ ਬਚਤ ਕਰਨ ਦਾ। ਇਸ ਤਰ੍ਹਾਂ ਸ਼੍ਰੋਮਣੀ ਕਮੇਟੀ ਨੇ ਪੈਸਾ ਕਮਾਉਣ ਦੀ ਖਾਤਿਰ ਇਹ ਠੇਕਾ ਦਿਤਾ ਹੋਇਆ ਹੈ। ਹੁਣ ਤਾਂ ਹਿੰਦੂ ਤੀਰਥ ਅਸਥਾਨਾਂ ਦੀ ਤਰ੍ਹਾਂ ਪਿੰਨੀ ਪ੍ਰਸ਼ਾਦ ਵੀ ਵੇਚਿਆ ਜਾ ਰਿਹਾ ਹੈ ਅਤੇ ਜੇਕਰ ਕਿਸੇ ਨੇ ਡਾਕ ਰਾਹੀਂ ਪ੍ਰਸ਼ਾਦ ਮੰਗਵਾਉਣਾ ਹੈ, ਉਹ ਵੀ ਮੰਗਵਾਇਆ ਜਾ ਸਕਦਾ ਹੈ।
ਜਿਸ ਮਕਸਦ ਵਾਸਤੇ ਬਾਬੇ ਨਾਨਕ ਨੇ ਪ੍ਰਸ਼ਾਦ ਦੀ ਪਰੰਪਰਾ ਚਲਾਈ ਸੀ, ਉਸ ਨੂੰ ਧਰਮ ਦੇ ਇਨ੍ਹਾਂ ਠੇਕੇਦਾਰਾਂ ਨੇ ਕਮਾਈ ਦਾ ਸਾਧਨ ਬਣਾ ਲਿਆ ਹੈ। ਪ੍ਰਸ਼ਾਦ ਦਾ ਉਹੀ ਹੈ ਜੋ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਸੰਗਤੀ ਰੂਪ ਵਿਚ ਵਰਤੇ। ਸੜਕਾਂ ਤੋਂ ਖਰੀਦਿਆ ਪ੍ਰਸ਼ਾਦ ਨਹੀਂ, ਇਕ ਮਿਠਾਈ ਹੈ, ਹੋਰ ਕੁਝ ਨਹੀਂ। ਸੰਗਤਾਂ ਨੂੰ ਬੇਨਤੀ ਹੈ, ਇਸ ਨੂੰ ਵਹਿਮ ਜਾਂ ਕਰਮਕਾਂਡ ਨਾ ਬਣਾਓ ਅਤੇ ਇਨ੍ਹਾਂ ਚੀਜਾਂ ਪਿਛੇ ਆਪਣੀ ਲੁਟ ਨਾ ਕਰਵਾਓ। ਸਾਡਾ ਮਕਸਦ ਪ੍ਰਸ਼ਾਦ ‘ਤੇ ਕਿੰਤੂ ਕਰਨਾ ਨਹੀਂ, ਸਿਰਫ ਸੰਗਤਾਂ ਨੂੰ ਜਾਣਕਾਰੀ ਦੇਣਾ ਹੈ ਕਿ ਕਿਸ ਤਰ੍ਹਾਂ ਧਰਮ ਦੇ ਪੁਜਾਰੀ ਗੁਰੂ ਵਲੋਂ ਦਿਤੀ ਹਰ ਇਕ ਚੀਜ ਨੂੰ ਕਰਮਕਾਂਡ ਬਣਾ ਕੇ ਲੋਕਾਂ ਦੇ ਦਿਲਾਂ ਵਿਚ ਵਹਿਮ-ਭਰਮ ਬਿਠਾ ਕੇ ਕਮਾਈ ਕਰਦੇ ਹਨ। ਸਾਡਾ ਉਦੇਸ਼ ਹੈ, ਲੋਕਾਂ ਨੂੰ ਕਹਿਣਾ-ਜਾਗਦੇ ਰਹੋ ਜਾਗਦੇ ਰਹੋ।
-ਦਲਜੀਤ ਸਿੰਘ ਇੰਡੀਆਨਾ
Leave a Reply