‘ਪੰਜਾਬ ਟਾਈਮਜ਼’ ਦੇ 14 ਦਸੰਬਰ ਅਤੇ ਉਸ ਤੋਂ ਪਿਛਲੇ ਤਿੰਨ ਅੰਕਾਂ ਵਿਚ ਸ਼ ਗੁਰਬਚਨ ਸਿੰਘ ਭੁੱਲਰ ਦਾ ਮੈਕਸ ਆਰਥਰ ਮੈਕਾਲਿਫ ਬਾਰੇ ਲੰਮਾ ਲੇਖ ਪੜ੍ਹਿਆ, ਬੇਹੱਦ ਪੰਸਦ ਆਇਆ ਹੈ। ਲੇਖਕ ਦੀ ਵਾਰਤਕ ਸ਼ੈਲੀ, ਸੁਹਜ, ਸਹਿਜ, ਸ਼ੁੱਧਤਾ ਅਤੇ ਸਲੀਕਾ ਦਿਲ ਨੂੰ ਛੂਹ ਲੈਣ ਵਾਲਾ ਹੈ।
ਲੇਖਕ ਨੇ ਸਰਲ ਅਤੇ ਸਸ਼ਕਤ ਭਾਸ਼ਾ ਵਰਤੀ ਹੈ, ਤੇ ਆਪਣੀਆਂ ਯਾਦਾਂ ਦੇ ਝਰੋਖੇ ਵਿਚੋਂ ਬਹੁਤ ਸਾਰੀਆਂ ਗੱਲਾਂ ਜੋ ਉਨ੍ਹਾਂ ਨੇ ਆਪਣੇ ਪਿਤਾ ਜੀ ਤੋਂ ਨਿੱਕੇ ਹੁੰਦਿਆਂ ਸੁਣੀਆਂ ਸਨ, ਇਸ ਲੇਖ ‘ਚ ਸ਼ਾਮਲ ਕਰ ਕੇ ਪਾਠਕ ਦੀ ਦਿਲਚਸਪੀ ਹੋਰ ਵਧਾ ਦਿੱਤੀ ਹੈ। ਲੇਖਕ ਨੇ ਕਿਸੇ ਸੁਘੜ ਅਤੇ ਸਿਆਣੀ ਮਾਂ ਦੀ ਨਿਆਈਂ ਪੰਜਾਬੀ ਮਾਂ ਬੋਲੀ ‘ਚ ਕਈ ਥਾਂਵਾਂ ਤੇ ਹੋਰ ਭਾਸ਼ਾਵਾਂ ਦਾ ਉਲੱਥਾ ਕਰ ਕੇ ਪਾਠਕਾਂ ਨੂੰ ਇਹ ਲਿਖਤ ਪਰੋਸੀ ਹੈ। ਇਸ ਲਈ ਵੀ ਉਹ ਵਧਾਈ ਦੇ ਹੱਕਦਾਰ ਹਨ। ਪੰਜਾਬ ਟਾਈਮਜ਼ ਦਾ ਵੀ ਧੰਨਵਾਦ ਹੈ ਕਿ ਇਸ ਦੀ ਜਾਨਬ ਪਰਦੇਸਾਂ ‘ਚ ਬੈਠਿਆਂ ਨੂੰ ਇਹੋ ਜਿਹੇ ਅਰਥ ਭਰਪੂਰ ਲੇਖ ਪੜ੍ਹਨ ਨੂੰ ਮਿਲਦੇ ਹਨ।
ਇਸ ਲੇਖ ਨੇ ਮੇਰੇ ਦਿਲ ਵਿਚ ਸ਼ ਗੁਰਬਚਨ ਸਿੰਘ ਭੁੱਲਰ ਦੇ ਸਾਹਿਤਕ ਸਫਰ ਬਾਰੇ ਜਾਣਨ ਦੀ ਇੰਨੀ ਉਤਸੁਕਤਾ ਜਾਗਾਈ ਕਿ ਮੈਂ ਇਸ ਮੰਤਵ ਨਾਲ ਕੰਪਿਊਟਰ ‘ਤੇ ਖੋਜ ਕੀਤੀ। ਆਖਰ ਇੰਗਲਿਸ਼ ਟ੍ਰਿਬਿਊਨ ਵਿਚ ਛਪੀ ਸ਼ ਸੁਰਿੰਦਰ ਸਿੰਘ ਤੇਜ ਦੀ ਇਕ ਲਿਖਤ ‘ਸਬਲ ਐਂਡ ਸੈਂਸਟਿਵ ਸਟੋਰੀਟੈਲਰ’ (ਸੰਡੇ 8 ਜਨਵਰੀ, 2006) ਲੱਭ ਗਈ। ‘ਪੰਜਾਬ ਟਾਈਮਜ਼’ ਦੇ ਪਾਠਕਾਂ ਨਾਲ ਸ਼ ਤੇਜ ਦੀ ਇਸ ਲਿਖਤ ਦੇ ਜ਼ਰੀਏ ਮੈਂ ਸ਼ ਭੁੱਲਰ ਦਾ ਸਾਹਿਤਕ ਸਫਰ ਸਾਂਝਾ ਕਰਨਾ ਚਾਹੁੰਦਾ ਹਾਂ।
ਸਾਹਿਤ ਨਾਲ ਵਿਆਹੇ ਹੋਣ ਵਾਲਾ ਕਥਨ ਸਾਹਿਤਕਾਰ ਗੁਰਬਚਨ ਸਿੰਘ ਭੁੱਲਰ ‘ਤੇ ਵੀਹ ਵਿਸਵੇ ਢੁੱਕਦਾ ਹੈ। ਕਹਾਣੀ ਸੰਗ੍ਰਹਿ ‘ਅਗਨੀ ਕਲਸ’ ਲਈ ਉਨ੍ਹਾਂ ਨੂੰ ਸਾਹਿਤ ਅਕੈਡਮੀ ਅਵਾਰਡ-2005 ਨਾਲ ਸਨਮਾਨਿਆ ਗਿਆ ਸੀ। ਇਹ ਇਨਾਮ ਉਨ੍ਹਾਂ ਦੀ 2005 ਤਕ ਸਾਹਿਤ ਦੇ ਖੇਤਰ ਵਿਚ ਅੱਧੀ ਸਦੀ ਦੇ ਕਰੀਬ ਅਣਥੱਕ ਮਿਹਨਤ ਅਤੇ ਘਾਲਣਾ ਦਾ ਫਲ ਸੀ।
ਸ਼ ਭੁੱਲਰ ਜਰਖੇਜ ਸਾਹਿਤਕਾਰ ਹਨ ਜਿਨ੍ਹਾਂ ਉਰਦੂ, ਹਿੰਦੀ ਅਤੇ ਰੂਸੀ ਲੇਖਕਾਂ ਦੀਆਂ ਰਚਨਾਵਾਂ ਦਾ ਅਨੁਵਾਦ ਤੇ ਲਿਪੀਅੰਤਰ ਵੀ ਕੀਤਾ ਹੈ। ਦਿਲ ਦੀ ਡੂੰਘਿਆਈ ਤੋਂ ਮਾਨਵਵਾਦੀ, ਗੰਭੀਰ ਤੇ ਸੰਵੇਦਨਸ਼ੀਲ ਸ਼ ਭੁੱਲਰ ਦੀਆਂ ਲਿਖਤਾਂ ਉਨ੍ਹਾਂ ਦੀ ਆਪਣੀ ਸ਼ਖਸੀਅਤ ਦਾ ਪ੍ਰਤੀਬਿੰਬ ਹਨ। ਉਨ੍ਹਾਂ ਦੀਆਂ ਕਹਾਣੀਆਂ ਕਿਸੇ ਖਾਸ ਖਿੱਤੇ ਜਾਂ ਵਰਗ ਨਾਲ ਸਬੰਧਤ ਨਾ ਹੋ ਕੇ, ਵਰਤਮਾਨ ਸਮੇਂ ਦੇ ਵਿਸ਼ਾਲ ਚਿਤਰਪਟ ਨੂੰ ਆਪਣੇ ਕਲਾਵੇ ਵਿਚ ਲੈਂਦੀਆਂ ਹਨ। ਪੰਜਾਬੀ ਪੇਂਡੂ ਜੀਵਨ ਪੂਰੀ ਤਰ੍ਹਾਂ ਉਨ੍ਹਾਂ ਦੀ ਪਕੜ ਵਿਚ ਹੈ ਅਤੇ ਸ਼ਹਿਰਾਂ ਦੀ ਬੁਰਜ਼ੁਆਜੀ ਤੋਂ ਵੀ ਉਹ ਚੰਗੀ ਤਰ੍ਹਾਂ ਜਾਣੂ ਹਨ। ਇਸੇ ਕਰ ਕੇ ਉਹ ਆਪਣੀ ਰਚਨਾਵਾਂ ਵਿਚ ਇਨ੍ਹਾਂ ਸਾਰੇ ਰੰਗਾਂ ਨੂੰ ਸਹਿਜੇ ਹੀ ਪੇਸ਼ ਕਰ ਲੈਂਦੇ ਹਨ। ਉਨ੍ਹਾਂ ਦਾ ਇਹ ਹੁਨਰ ਸਭਿਆਚਾਰ ਤੇ ਖੇਤਰੀ ਹੱਦਾਂ ਬੰਨੇ ਪਾਰ ਕਰ ਜਾਂਦਾ ਹੈ। ਫੱਤੂ ਮਰਾਸੀ, ਓਪਰਾ ਮਰਦ, ਵੱਤਰ, ਤਾਮਰ ਪੱਤਰ, ਮੋਰਚੇ, ਅਗਨੀ ਕਲਸ ਤੇ ਤੀਜੀ ਗੱਲ ਕੁਝ ਇਕ ਅਜਿਹੀਆਂ ਵਧੀਆ ਕਹਾਣੀਆਂ ਹਨ ਜਿਨ੍ਹਾਂ ਵਿਚ ਸ਼ਬਦਾਂ ਤੇ ਬੁੱਧੀ ਦਾ ਬੇਟੋਕ ਪ੍ਰਵਾਹ ਚਲਦਾ ਹੈ। ਸੰਵੇਦਨਸ਼ੀਲਤਾ, ਪ੍ਰਗਟਾਵੇ ਦੀ ਸੰਖੇਪਤਾ ਤੇ ਢੁੱਕਵੇਂ ਸ਼ਬਦਾਂ ਦੀ ਚੋਣ ਦਾ ਇਹ ਮਿਸ਼ਰਨ ਉਨ੍ਹਾਂ ਦੀਆਂ ਲਿਖਤਾਂ ਨੂੰ ਅਸਾਧਾਰਨ ਬਣਾ ਦਿੰਦਾ ਹੈ।
1937 ਵਿਚ ਪਿੰਡ ਪਿਥੋ (ਹੁਣ ਜ਼ਿਲ੍ਹਾ ਮਾਨਸਾ) ਵਿਚ ਜਨਮੇ ਸ਼ ਭੁੱਲਰ ਨੂੰ ਸਾਹਿਤ ਦੀ ਲਗਨ ਬਚਪਨ ਤੋਂ ਹੀ ਲੱਗ ਗਈ ਸੀ। ਉਨ੍ਹਾਂ ਦੇ ਪਿਤਾ ਸ਼ ਹਜ਼ੂਰਾ ਸਿੰਘ ਸਾਬਕਾ ਫੌਜੀ ਸਨ। ਉਨ੍ਹਾਂ ਦੇ ਪਿਤਾ ਨੂੰ (ਜਿਵੇਂ ਭੁੱਲਰ ਦੀਆਂ ਲਿਖਤਾਂ ਤੋਂ ਵੀ ਟੋਹ ਲੱਗਦੀ ਹੈ) ਕਿਤਾਬਾਂ ਪੜ੍ਹਨ ਦੀ ਚੇਟਕ ਸੀ। ਘਰ ਵਿਚ ਹੀ ਉਸ ਸਮੇਂ ਦੇ ਮੁੱਖ ਸਾਹਿਤਕਾਰਾਂ, ਦੀਆਂ ਕਿਤਾਬਾਂ ਨਾਲ ਸਜੀ ਅਤੇ ਸ਼ਿੰਗਾਰੀ ਲਾਇਬ੍ਰੇਰੀ ਮੌਜੂਦ ਸੀ। ਇਥੇ ਹੀ ਬਸ ਨਹੀਂ, ਘਰ ਵਿਚ ਉਸ ਵੇਲੇ ਦੇ ਸਾਹਿਤਕ ਰਸਾਲੇ ਵੀ ਆਉਂਦੇ ਸਨ। ਘਰ ਦੇ ਮਾਹੌਲ ਨੇ ਉਨ੍ਹਾਂ ਨੂੰ ਕਾਵਿ-ਸਿਰਜਣਾ ਲਈ ਤਿਆਰ ਕਰ ਦਿੱਤਾ। 1956 ਵਿਚ ਉਨ੍ਹਾਂ ਆਪਣੀ ਕਵਿਤਾ ‘ਪ੍ਰੀਤਲੜੀ’ ਰਸਾਲੇ ਵਿਚ ਛਪਣ ਲਈ ਭੇਜੀ। ਪਰਚੇ ਦੇ ਸੰਪਾਦਕ ਸ਼ ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਝੱਟ ਉਹ ਕਵਿਤਾ ਛਾਪ ਕੇ ਹੌਸਲਾ-ਅਫਜ਼ਾਈ ਕੀਤੀ। ਬਸ ਫਿਰ ਕੀ ਸੀ, ਸ਼ ਗੁਰਬਖਸ਼ ਸਿੰਘ ਪ੍ਰੀਤਲੜੀ ਤੋਂ ਐਸੀ ਪ੍ਰੇਰਨਾ ਤੇ ਥਾਪੜਾ ਮਿਲਿਆ ਕਿ ਉਨ੍ਹਾਂ ਅਗਲੇਰੇ ਤਿੰਨ ਸਾਲ ਕਵਿਤਾਵਾਂ ਦਾ ਪ੍ਰਵਾਹ ਚਲਾ ਦਿੱਤਾ। ਤਦ ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਉਹ ਆਪਣੀ ਸਿਰਜਣਾਤਮਕ ਯੋਗਤਾ ਨੂੰ ਵਾਰਤਕ ਵਿਚ ਵਧੇਰੇ ਚੰਗੀ ਤਰ੍ਹਾਂ ਪ੍ਰਗਟਾ ਸਕਦੇ ਹਨ। ਇਸ ਫੁਰਨੇ ਤੋਂ ਬਾਅਦ, ਉਨ੍ਹਾਂ ਕਹਾਣੀਆਂ ਲਿਖੀਆਂ। ਉਨ੍ਹਾਂ ਨੂੰ ਸੋਵੀਅਤ ਦੂਤਾਵਾਸ ‘ਚ ਪੰਜਾਬੀ ਪਰਚੇ ਦੇ ਸੰਪਾਦਕ ਵਜੋਂ ਕੰਮ ਕਰਨ ਦਾ ਮੌਕਾ ਵੀ ਮਿਲਿਆ। ਫਿਰ ਉਨ੍ਹਾਂ ਦਾ ਸਿੱਧਾ ਵਾਹ ਅਖਬਾਰੀ ਪੱਤਰਕਾਰੀ ਨਾਲ ਵੀ ਪਿਆ। ਉਹ 1998-99 ਵਿਚ ਦੋ ਸਾਲ ‘ਪੰਜਾਬੀ ਟ੍ਰਿਬਿਊਨ’ ਦੇ ਸੰਪਾਦਕ ਰਹੇ। ਉਸ ਵੇਲੇ ਉਨ੍ਹਾਂ ਦੀਆਂ ਲਿਖੀਆਂ ਸੰਪਾਦਕੀਆਂ ਸਾਹਿਤਕ ਰਸ, ਸੁਹਜ ਸੁਆਦ ਨਾਲ ਭਰਪੂਰ ਸਨ। ਇਹ ਸਾਰੀਆਂ ਸੰਪਾਦਕੀਆਂ ‘ਕਲਮ ਕਟਾਰ’ ਨਾਮੀ ਕਿਤਾਬ ਵਿਚ ਸ਼ਾਮਲ ਹਨ।
ਮੈਕਾਲਿਫ ਦੇ ਲੇਖਾਂ ਬਾਰੇ ਉਨ੍ਹਾਂ ਨਾਲ ਫੋਨ ਉਤੇ ਗੱਲਬਾਤ ਹੋਈ। ਇੰਨੇ ਨਿਰਮਾਣ ਤੇ ਮਿੱਠ ਬੋਲੜੇ ਕਿ ਰੂਹ ਸਰਸ਼ਾਰ ਹੋ ਗਈ। ਇੰਨੀਆਂ ਸਾਹਿਤਕ ਬੁਲੰਦੀਆਂ ਛੂਹ ਕੇ ਵੀ ਉਹ ਆਜਿਜ਼ (ਡਾਊਨ-ਟੂ-ਅਰਥ) ਸ਼ਖ਼ਸੀਅਤ ਦੇ ਮਾਲਕ ਹਨ। ਸ਼ਾਲਾ! ਆਉਣ ਵਾਲੇ ਸਮੇਂ ਵਿਚ ਵੀ ਉਹ ਆਪਣੀਆਂ ਲਿਖਤਾਂ ਰਾਹੀਂ ਪੰਜਾਬੀ ਸਾਹਿਤ ਦੀ ਝੋਲੀ ਭਰਦੇ ਰਹਿਣ। ਰੱਬ ਉਨ੍ਹਾਂ ਨੂੰ ਲੰਮੇ ਤੇ ਸਿਹਤਮੰਦ ਉਮਰ ਬਖਸ਼ੇ।
-ਕੁਲਦੀਪ ਸਿੰਘ
ਯੂਨੀਅਨ ਸਿਟੀ, ਕੈਲੀਫੋਰਨੀਆ।
——————————
ਰਾਜਮੋਹਨ ਗਾਂਧੀ ਦਾ ਪੰਜਾਬ
ਸ਼ ਹਰਪਾਲ ਸਿੰਘ ਪੰਨੂੰ ਦਾ ਰਾਜਮੋਹਨ ਗਾਂਧੀ ਦੀ ਕਿਤਾਬ ‘ਪੰਜਾਬ: ਏ ਹਿਸਟਰੀ ਫਰਾਮ ਔਰੰਗਜ਼ੇਬ ਟੂ ਮਾਉਂਟਬੈਟਨ’ ਬਾਰੇ ਦੋ ਕਿਸ਼ਤਾਂ ਵਿਚ ਛਪਿਆ ਲੇਖ ਪੜ੍ਹਿਆ। ਕਈ ਮਾਮਲਿਆਂ ਵਿਚ ਸੱਚਮੁੱਚ ਰਾਜਮੋਹਨ ਗਾਂਧੀ ਨੇ ਪਹਿਲ ਕੀਤੀ ਹੈ। ਕਿਤਾਬ ਕਾਫੀ ਉਤੇਜਨਾ ਵਾਲੀ ਹੈ ਪਰ ਸ਼ ਪੰਨੂੰ ਵਧਾਈ ਦੇ ਬਹੁਤੇ ਹੱਕਦਾਰ ਹਨ ਜਿਨ੍ਹਾਂ ਨੇ ਕੁੱਜੇ ਵਿਚ ਸਮੁੰਦਰ ਬੰਦ ਕਰਨ ਵਾਂਗ ਇਸ ਕਿਤਾਬ ਬਾਰੇ ‘ਰਾਜਮੋਹਨ ਗਾਂਧੀ ਦਾ ਪੰਜਾਬ’ ਲੇਖ ਲਿਖਿਆ ਹੈ। ਮੈਂ ਪਹਿਲਾਂ ਵੀ ਸ਼ ਪੰਨੂੰ ਦੀਆਂ ਬਹੁਤ ਸਾਰੀਆਂ ਲਿਖਤਾਂ ਪੜ੍ਹੀਆਂ ਹਨ। ਉਹ ਭਾਸ਼ਾ ਦਾ ਵੱਖਰਾ ਹੀ ਰੰਗ ਸਿਰਜਦੇ ਹਨ। ਔਖੇ ਵਿਸ਼ਿਆਂ ਬਾਰੇ ਵੀ ਉਹ ਇਸ ਢੰਗ-ਹਿਸਾਬ ਨਾਲ ਦੱਸਦੇ ਹਨ ਕਿ ਰਚਨਾ, ਪਾਣੀ ਉਤੇ ਸੁੱਟੀ ਠੀਕਰੀ ਵਾਂਗ ਦੂਰ ਤੱਕ ਤਿਲਕਦੀ/ਤਰਦੀ ਜਾਂਦੀ ਹੈ।
ਰਾਜਮੋਹਨ ਦੀ ਕਿਤਾਬ ਦੀ ਇਕ ਹੋਰ ਸਿਫਤ ਇਹ ਹੈ ਕਿ ਉਸ ਨੇ ਲਾਂਭੇ ਖੜ੍ਹੋ ਕੇ ਇਤਿਹਾਸ ਉਤੇ ਝਾਤੀ ਮਾਰਨ ਦਾ ਯਤਨ ਕੀਤਾ ਹੈ। ਆਮ ਕਰ ਕੇ ਇਤਿਹਾਸਕਾਰ ਬਹੁਤੀਆਂ ਗੱਲਾਂ ਕਿਸੇ ਦੇ ਹੱਕ ਵਿਚ ਅਤੇ ਕਿਸੇ ਦੇ ਵਿਰੋਧ ਵਿਚ ਭੁਗਤਾਉਣ/ਜੋੜਨ ਲਈ ਲੱਭ-ਲੱਭ ਲਿਆਉਂਦੇ ਹਨ। ਇਸ ਮਾਮਲੇ ਵਿਚ ਰਾਜਮੋਹਨ ਇਮਾਨਦਾਰ ਲਗਦਾ ਹੈ। ਹੁਣ ਸਾਨੂੰ ਇਸ ਤੱਥ ਨੂੰ ਵੀ ਵਜ਼ਨ ਦੇਣਾ ਚਾਹੀਦਾ ਹੈ ਕਿ ਦੂਜੇ ਸਾਡੇ ਬਾਰੇ ਕਿੰਜ ਸੋਚਦੇ ਹਨ।
-ਭੀਮ ਸਿੰਘ ਮਿੱਠਾ
ਡਬਲਿਨ (ਓਹਾਇਓ)
—————————–
ਮਰਜਾਣੀ ਕਾਨਾ ਸਿੰਘ
ਪੰਜਾਬ ਟਾਈਮਜ਼ ਦੇ 14 ਦਸੰਬਰ ਵਾਲੇ ਅੰਕ ਵਿਚ ਕਾਨਾ ਸਿੰਘ ਦੀ ਯਾਦ ‘ਮਰ ਜਾਣੇ ਜਿਉਣ ਜੋਗੇ’ ਪੜ੍ਹ ਕੇ ਅਨੰਦ ਹੀ ਆ ਗਿਆ। ਕਾਂਵਾਂ ਦੇ ਬਹਾਨੇ ਉਹ ਆਪਣੀਆਂ ਕਿੰਨੀਆਂ ਹੀ ਗੱਲਾਂ ਸੁਣਾ ਗਈ ਹੈ। ਇਹ ਗੱਲਾਂ ਪੜ੍ਹ ਕੇ ਆਪਣੀਆਂ ਹੀ ਲੱਗੀਆਂ ਹਨ। ਜ਼ਿੰਦਗੀ ਦੇ ਕਈ ਸੱਚ ਉਸ ਨੇ ਇੰਨੇ ਸਹਿਜ ਸੁਭਾਅ ਅੱਖਰਾਂ ਵਿਚ ਝਰੀਟੇ ਹਨ ਕਿ ਪਤਾ ਹੀ ਨਹੀਂ ਲੱਗਦਾ ਕਿ ਕਦੋਂ ਇਹ ਸਾਡੀ ਰੂਹ ਵਿਚ ਸਮਾ ਜਾਂਦੇ ਹਨ। ਮੈਂ ਵੀ ਕੁਝ ਸਮਾਂ ਮੁੰਬਈ ਰਹਿ ਕੇ ਆਈ ਹਾਂ। ਕਾਨਾ ਸਿੰਘ ਦੀ ਕਹਾਣੀ ਪੜ੍ਹ ਕੇ ਲੱਗਿਆ, ਮੇਰਾ ਵੀ ਮੁੰਬਈ ਦਾ ਗੇੜਾ ਲੱਗ ਗਿਆ ਹੈ। ਇੰਨਾ ਸੁਹਣਾ ਲਿਖਣ ਵਾਲੀਏ ਕਾਨਾ ਸਿੰਘ! ਜਿਉਂਦੀ ਰਹੁ ਮਰ ਜਾਣੀਏਂ!
-ਕੁਲਵੰਤ ਕੌਰ ਸਾਹਨੀ
ਗਾਰਲੈਂਡ, ਟੈਕਸਸ।
——————————
ਸਿੱਖਾਂ ਨੂੰ ਸਜ਼ਾ
‘ਪੰਜਾਬ ਟਾਈਮਜ਼’ (ਅੰਕ 50, 14 ਦਸੰਬਰ 2013) ਦੀ ਸੁਰਖੀ ‘ਜਨਰਲ ਬਰਾੜ ਕੇਸ ਵਿਚ ਚਾਰ ਬਰਤਾਨਵੀ ਸਿੱਖਾਂ ਨੂੰ ਸਜ਼ਾ’ ਪੜ੍ਹ ਕੇ ਬੇਵੱਸ ਜਿਹਾ ਮਹਿਸੂਸ ਕੀਤਾ। ਬ੍ਰਿਟਿਸ਼ ਅਦਾਲਤ ਨੇ ਕਿੰਨੀ ਛੇਤੀ ਅਤੇ ਕਿੰਨੀ ਬੇਕਿਰਕ ਹੋ ਕੇ ਫੈਸਲਾ ਸੁਣਾ ਦਿੱਤਾ। ਦੋਸ਼ੀ ਠਹਿਰਾਏ ਸਿੱਖ ਨੌਜਵਾਨਾਂ ਬਾਰੇ ਸੋਚ ਕੇ ਵੀ ਮਨ ਖਰਾਬ ਹੋਇਆ। ਓਪਰੇਸ਼ਨ ਬਲੂ ਸਟਾਰ ਨੇ ਸਿੱਖ ਮਨ ਅੱਜ ਤੱਕ ਤਪਾਏ ਹੋਏ ਹਨ। ਇਹ ਨੌਜਵਾਨ ਉਸ ਹਮਲੇ ਵੇਲੇ ਛੋਟੇ-ਛੋਟੇ ਹੋਣਗੇ। ਇਨ੍ਹਾਂ ਦੇ ਮਨਾਂ ਉਤੇ ਅਕਾਲ ਤਖਤ ਢਹਿ ਜਾਣ ਦਾ ਦੁੱਖ ਕਿੰਨਾ ਭਾਰ ਪਾਉਂਦਾ ਹੋਵੇਗਾ, ਇਹ ਸੋਚਣ-ਵਿਚਾਰਨ ਦਾ ਮਾਮਲਾ ਹੈ। ਇਨ੍ਹਾਂ ਨੌਜਵਾਨਾਂ ਨੇ ਤਾਂ ਖੁੱਲ੍ਹੇ ਆਕਾਸ਼ ਵਿਚ ਉਡਾਰੀਆਂ ਮਾਰਨੀਆਂ ਸਨ। ਕੀ ਕਾਰਨ ਹੈ ਕਿ ਇਨ੍ਹਾਂ ਦੇ ਹਿੱਸੇ ਸੀਖਾਂ ਆ ਗਈਆਂ ਹਨ। ਅਸਲ ਦੋਸ਼ੀ ਇਹ ਸਿੱਖ ਨੌਜਵਾਨ ਨਹੀਂ ਸਗੋਂ ਉਹ ਸਿਸਟਮ ਹੈ ਜਿਸ ਦਾ ਮੋਹਰਾ ਬਣ ਕੇ ਜਨਰਲ ਬਰਾੜ ਨੇ ਸਿੱਖ ਹਿਰਦੇ ਲੂਹਣ ਵਾਲਾ ਸਾਕਾ ਨੀਲਾ ਤਾਰਾ ਵਰਤਾਉਣ ਵਿਚ ਮੋਹਰੀ ਭੂਮਿਕਾ ਨਿਭਾਈ। ਸਾਡੇ ਅਖੌਤੀ ਆਗੂ ਤਾਂ ਇਸ ਪਾਸੇ ਸੋਚ ਹੀ ਨਹੀਂ ਰਹੇ। ਫਿਰ ਇਸ ਪਾਸੇ ਕੌਣ ਸੋਚੇਗਾ? ਇਹੀ ਸੋਚ ਕੇ ਬੇਵੱਸ ਜਿਹਾ ਮਹਿਸੂਸ ਹੋਇਆ। ਮੇਰੀਆਂ ਇਹ ਚਾਰ ਲਾਈਨਾਂ ਜੇ ਤੁਸੀਂ ਆਪਣੇ ਪਰਚੇ ਵਿਚ ਛਾਪ ਦਿਉ ਤਾਂ ਮਿਹਰਬਾਨੀ ਹੋਵੇਗੀ।
-ਗੁਰਮੁਖ ਸਿੰਘ ਥਿੰਦ
ਸਿਨਸਿਨੈਟੀ, ਓਹਾਇਓ।
Leave a Reply