ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਨੇ ਕਾਂਗਰਸ ਦੇ ਪੈਰਾਂ ਹੇਠੋਂ ਇਕ ਤਰ੍ਹਾਂ ਨਾਲ ਜ਼ਮੀਨ ਕੱਢ ਦਿੱਤੀ ਹੈ। ਅਗਲੇ ਸਾਲ ਲੋਕ ਸਭਾ ਚੋਣਾਂ ਸਿਰ ਉਤੇ ਹਨ ਕਿ ਇਨ੍ਹਾਂ ਚੋਣਾਂ ਵਿਚ ਪਾਰਟੀ ਮੂਧੇ ਮੂੰਹ ਜਾ ਡਿੱਗੀ ਹੈ। ਉਤਰ-ਪੂਰਬੀ ਸੂਬੇ ਮਨੀਪੁਰ, ਜਿਥੋਂ ਦੇ ਲੋਕ ਸਟੇਟ ਖਿਲਾਫ ਚਿਰਾਂ ਤੋਂ ਲੜਾਈ ਲੜ ਰਹੇ ਹਨ, ਦੀ ਜਿੱਤ ਨੇ ਕਾਂਗਰਸ ਦੀ ਮਾੜੀ-ਮੋਟੀ ਲਾਜ ਰੱਖ ਲਈ ਹੈ।ਬਾਕੀ ਚਾਰ ਸੂਬਿਆਂ-ਦਿੱਲੀ, ਰਾਜਸਥਾਨ, ਮੱਧ ਪ੍ਰਦੇਸ਼ ਤੇ ਛਤੀਸਗੜ੍ਹ ਵਿਚ ਪਾਰਟੀ ਹਾਰ ਗਈ ਹੈ। ਇਨ੍ਹਾਂ ਚਾਰਾਂ ਸੂਬਿਆਂ ਵਿਚ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਦੇ ਲਾਡਲੇ ਪੁੱਤਰ ਅਤੇ ਪਾਰਟੀ ਵੱਲੋਂ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਵੱਡੇ ਦਾਅਵੇਦਾਰ ਰਾਹੁਲ ਗਾਂਧੀ ਨੇ ਦੱਬ ਕੇ ਪ੍ਰਚਾਰ ਕੀਤਾ ਸੀ। ਬਹੁਤ ਥਾਈਂ ਤਾਂ ਉਹ ਭਾਰਤੀ ਜਨਤਾ ਪਾਰਟੀ ਵੱਲੋਂ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਐਲਾਨੇ ਉਮੀਦਵਾਰ, ਨਰੇਂਦਰ ਮੋਦੀ ਦੀ ਰੀਸੇ ਚੋਣ ਪ੍ਰਚਾਰ ਲਈ ਕੁੱਦਿਆ ਰਿਹਾ ਪਰ ਜਿਸ ਤਰ੍ਹਾਂ ਪਹਿਲਾਂ ਹੋਈਆਂ ਚੋਣਾਂ ਵਿਚ ਉਹ ਸਿਫਰ ਹੁੰਦਾ ਰਿਹਾ ਹੈ, ਇਨ੍ਹਾਂ ਚੋਣਾਂ ਵਿਚ ਵੀ ਉਹ ਆਪਣੀ ਕੋਈ ਛਾਪ ਛੱਡਣ ਵਿਚ ਨਾਕਾਮ ਰਿਹਾ। ਅਸਲ ਵਿਚ ਕਾਂਗਰਸ ਜਿਸ ਤਰ੍ਹਾਂ ਭ੍ਰਿਸ਼ਟਾਚਾਰ, ਮਹਿੰਗਾਈ ਅਤੇ ਅਜਿਹੇ ਹੋਰ ਮੁੱਦਿਆਂ, ਜਿਹੜੇ ਸਿੱਧੇ ਆਮ ਲੋਕਾਂ ਨਾਲ ਜੁੜੇ ਹੋਏ ਹਨ, ਕਾਰਨ ਜਿੱਦਾਂ ਬੁਰੀ ਤਰ੍ਹਾਂ ਫਸੀ ਪਈ ਹੈ, ਉਸ ਵਿਚੋਂ ਨਿਕਲਣ ਲਈ ਇਸ ਨੂੰ ਰਾਹ ਕੋਈ ਨਹੀਂ ਲੱਭ ਰਿਹਾ। ਉਪਰੋਂ ਮੀਡੀਆ ਵੀ ਸਾਥ ਛੱਡ ਰਿਹਾ ਪ੍ਰਤੀਤ ਹੁੰਦਾ ਹੈ। ਪਿਛਲੇ ਦਸ ਸਾਲਾਂ ਦੇ ਰਾਜ ਤੋਂ ਬਆਦ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਬਾਰੇ ਭੁਲੇਖੇ ਵੀ ਹੁਣ ਦੂਰ ਹੋ ਚੁੱਕੇ ਹਨ। ਇਸ ਸ਼ਖਸ ਨੇ ਉਦੋਂ ਕਾਂਗਰਸ ਨੂੰ ਲੀਡਰਸ਼ਿਪ ਵਾਲੇ ਸੰਕਟ ਵਿਚੋਂ ਤਾਂ ਕੱਢ ਲਿਆ ਸੀ, ਪਰ ਪਾਰਟੀ ਜਾਂ ਦੇਸ਼ ਨੂੰ ਵਕਤ ਮੁਤਾਬਕ ਲੀਹ ਉਤੇ ਪਾਉਣ ਵਿਚ ਨਾਕਾਮ ਹੀ ਰਿਹਾ ਹੈ। ਜੇ ਸਮੁੱਚੇ ਹਾਲਾਤ ਉਤੇ ਤਰਦੀ ਜਿਹੀ ਨਿਗ੍ਹਾ ਵੀ ਮਾਰੀ ਜਾਵੇ, ਤਾਂ ਵੀ ਸਪਸ਼ਟ ਹੋ ਜਾਂਦਾ ਹੈ ਕਿ ਡਾæ ਮਨਮੋਹਨ ਸਿੰਘ ਦੇਸ਼ ਦੀ ਅਗਵਾਈ ਕਰ ਸਕਣ ਦੀ ਸਥਿਤੀ ਵਿਚ ਕਦੀ ਵੀ ਨਹੀਂ ਸਨ। ਉਨ੍ਹਾਂ ਦੀ ਛਾਲ ਬੱਸ, ਅੰਕੜਿਆਂ ਰਾਹੀਂ ਹਾਲਾਤ ਦੀ ਵਿਆਖਿਆ ਕਰਨ ਜੋਗੀ ਹੀ ਸੀ। ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਆਗੂ ਸ਼ਰਦ ਪਵਾਰ ਨੇ ਭਾਵੇਂ ਬਹੁਤ ਦੇਰ ਨਾਲ ਕਿਹਾ ਹੈ ਪਰ ਸਹੀ ਕਿਹਾ ਹੈ ਕਿ ਦੇਸ਼ ਨੂੰ ਚਲਾ ਰਹੀ ਲੀਡਰਸ਼ਿਪ ਬਹੁਤ ਕਮਜ਼ੋਰ ਹੈ; ਹਾਲਾਂਕਿ ਉਨ੍ਹਾਂ ਉਤੇ ਇਹ ਮੋੜਵਾਂ ਸਵਾਲ ਬਣਦਾ ਹੈ ਕਿ ਪੂਰੇ ਦਸ ਸਾਲ ਤਾਂ ਉਹ ਇਸੇ ਕਮਜ਼ੋਰ ਲੀਡਰਸ਼ਿਪ ਦੀ ਕਮਾਨ ਹੇਠ ਅਹਿਮ ਮੰਤਰਾਲਾ ਸੰਭਾਲੀ ਬੈਠੇ ਹਨ, ਪਹਿਲਾਂ ਉਨ੍ਹਾਂ ਕੁਝ ਕਿਉਂ ਨਾ ਕਿਹਾ? ਖੈਰ! ਚੋਣ ਨਤੀਜਿਆਂ ਤੋਂ ਬਾਅਦ ਹੁਣ ਕਾਂਗਰਸੀ ਆਗੂਆਂ ਦੇ ਨਿੱਤ ਨਵੇਂ ਬਿਆਨ ਆ ਰਹੇ ਹਨ। ਉਧਰ, ਵਿਰੋਧੀ ਧਿਰ ਵਿਚ ਬੈਠੀ ਭਾਜਪਾ ਜੋ ਅਗਲੀ ਵਾਰ ਸਰਕਾਰ ਬਣਾਉਣ ਦੀਆਂ ਗੋਂਦਾਂ ਗੁੰਦ ਰਹੀ ਹੈ, ਕਾਂਗਰਸ ਦੀ ਨਾਕਾਮੀ ਅਤੇ ਆਪਣੀ ਪਾਰਟੀ ਦੀ ਜਿੱਤ ਦੀ ਵਿਆਖਿਆ ਆਪਣੇ ਢੰਗ ਨਾਲ ਕਰ ਰਹੀ ਹੈ। ਇਸ ਪਾਰਟੀ ਦੀ ਸੇਵਾ ਵਿਚ ਜੁਟੇ ਮੀਡੀਆ ਦੇ ਇਕ ਹਿੱਸੇ ਨੇ ਤਾਂ ਇਸ ਜਿੱਤ ਨੂੰ ‘ਮੋਦੀ ਲਹਿਰ’ ਵਜੋਂ ਪੇਸ਼ ਕਰਨ ਦਾ ਯਤਨ ਵੀ ਕੀਤਾ ਹੈ।
ਉਂਜ, ਇਨ੍ਹਾਂ ਚੋਣਾਂ ਦੇ ਸਭ ਤੋਂ ਦਿਲਚਸਪ ਨਤੀਜੇ ਦਿੱਲੀ ਵਿਧਾਨ ਸਭਾ ਦੇ ਆਏ ਹਨ। ਨਾ ਕਾਂਗਰਸ, ਨਾ ਭਾਜਪਾ ਅਤੇ ਹੀ ਕਿਸੇ ਸਿਆਸੀ ਵਿਸ਼ਲੇਸ਼ਕ ਦੇ ਚਿੱਤ ਚੇਤੇ ਸੀ ਕਿ ਅਰਵਿੰਦ ਕੇਜਰੀਵਾਲ ਦੀ ਨਵ-ਗਠਿਤ ਜਥੇਬੰਦੀ ‘ਆਮ ਆਦਮੀ ਪਾਰਟੀ’ ਜੋ ‘ਆਪ’ ਵਜੋਂ ਮਸ਼ਹੂਰ ਹੋ ਗਈ, ਇੰਨੀ ਵੱਡੀ ਜਿੱਤ ਹਾਸਲ ਕਰੇਗੀ। ਪੰਜਾਬ ਦੇ ਵਿਸ਼ਲੇਸ਼ਕ ਤਾਂ ਇਹ ਵੀ ਕਹਿ ਰਹੇ ਸਨ ਕਿ ਦਿੱਲੀ ਵਿਚ ਅਰਵਿੰਦ ਕੇਜਰੀਵਾਲ ਦਾ ਉਹੋ ਹਾਲ ਹੋਣਾ ਹੈ ਜੋ ਪੰਜਾਬ ਵਿਚ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਮਨਪ੍ਰੀਤ ਸਿੰਘ ਬਾਦਲ ਦਾ ਹੋਇਆ ਸੀ ਪਰ ‘ਆਪ’ ਨੇ ਸਭ ਸਿਆਸੀ ਸਮੀਕਰਨ ਉਲਟਾ ਦਿੱਤੇ। ਹੁਣ ਸਿਆਸੀ ਵਿਸ਼ਲੇਸ਼ਕ ਅਤੇ ਟੀæਵੀæ ਚੈਨਲਾਂ ਵਾਲੇ ‘ਆਪ’ ਦੀ ਚੜ੍ਹਤ ਬਾਰੇ ਵਿਸ਼ਲੇਸ਼ਣ ਕਰ ਰਹੇ ਹਨ। ਅਸਲ ਵਿਚ ਹੁਣ ਤਕ ਸਿਆਸੀ ਪਾਰਟੀਆਂ ਦੀ ਚਾਂਦੀ ਇਸੇ ਕਰ ਕੇ ਹੋਈ ਜਾਂਦੀ ਹੈ ਕਿ ਵੋਟਰਾਂ ਕੋਲ ਇਨ੍ਹਾਂ ਪਾਰਟੀਆਂ ਦਾ ਤੋੜ ਹੀ ਕੋਈ ਨਹੀਂ ਹੁੰਦਾ। ਰਵਾਇਤੀ ਪਾਰਟੀਆਂ ਤਕਰੀਬਨ ਸਾਰੇ ਸੂਬਿਆਂ ਵਿਚ ਬਦਲ-ਬਦਲ ਕੇ ਸੱਤਾ ਦੇ ਸੁੱਖ ਮਾਣ ਰਹੀਆਂ ਹਨ। ਐਤਕੀਂ ਲੋਕਾਂ ਨੂੰ ਜਦੋਂ ਇਨ੍ਹਾਂ ਰਵਾਇਤੀ ਪਾਰਟੀਆਂ ਤੋਂ ਬਾਹਰ ਕੋਈ ਬਦਲ ਦਿਸਿਆ ਤਾਂ ਉਸੇ ਦੀ ਗੁੱਡੀ ਅਸਮਾਨੀਂ ਜਾ ਚੜ੍ਹੀ। ਪਹਿਲਾਂ ਇਹ ਵਿਸ਼ਲੇਸ਼ਣ ਬਹੁਤ ਵਾਰ ਆ ਚੁੱਕੇ ਹਨ ਕਿ ਭਾਰਤ ਦੇ ਲੋਕ, ਰਵਾਇਤੀ ਪਾਰਟੀਆਂ ਤੋਂ ਬਹੁਤ ਅੱਕੇ ਪਏ ਹਨ। ਇਸ ਲਈ ਜਿਥੇ ਕਿਤੇ ਲੋਕਾਂ ਨੂੰ ਕੋਈ ਬਦਲ ਦਿਸਦਾ ਹੈ, ਉਹ ਉਸ ਪਾਸੇ ਭੁਗਤਦੇ ਹਨ। ਮਾਓਵਾਦੀਆਂ ਦੇ ਅਸਰ ਵਾਲੇ ਇਲਾਕਿਆਂ ਵਿਚ ਜੇ ਇਕ ਲੱਖ ਤੋਂ ਵੱਧ ਸੁਰਖਿਆ ਮੁਲਾਜ਼ਮ ਲਾਉਣ ਦੇ ਬਾਵਜੂਦ ਲੋਕ ਉਥੇ ਮਾਓਵਾਦੀਆਂ ਦਾ ਸਾਥ ਦੇ ਰਹੇ ਤਾਂ ਸਿਰਫ ਇਸ ਲਈ ਕਿ ਉਨ੍ਹਾਂ ਲੋਕਾਂ ਨੂੰ ਇੰਨੇ ਸਾਲਾਂ ਪਿੱਛੋਂ ਰਵਾਇਤੀ ਅਤੇ ਝੂਠੀਆਂ ਪਾਰਟੀ ਦਾ ਬਦਲ ਲੱਭਿਆ ਹੈ ਜੋ ਉਨ੍ਹਾਂ ਦੀ ਜ਼ਿੰਦਗੀ ਨੂੰ ਹੁਲਾਰਾ ਦੇ ਰਿਹਾ ਹੈ। ‘ਆਪ’ ਨੂੰ ਸ਼ਾਬਾਸ਼ ਇਸ ਲਈ ਵੀ ਹੈ ਕਿ ਇੰਨੇ ਭ੍ਰਿਸ਼ਟ ਚੋਣ-ਢਾਂਚੇ ਵਿਚ ਵੀ ਇਸ ਨੇ ਉਹ ਕੁਝ ਕਰ ਦਿਖਾਇਆ ਜੋ ਅਗਾਂਹ ਸੱਚੀ ਅਤੇ ਸਹੀ ਸਿਆਸਤ ਲਈ ਰਾਹ ਦਸੇਰਾ ਬਣ ਸਕਦਾ ਹੈ। ਹੁਣ ਚੋਣ ਵਿਸ਼ਲੇਸ਼ਕ ਤਾਂ ਲੋਕ ਸਭਾ ਚੋਣਾਂ ਵਿਚ ‘ਆਪ’ ਦੀ ਭੂਮਿਕਾ ਬਾਰੇ ਚਰਚਾ ਵੀ ਕਰਨ ਲੱਗ ਪਏ ਹਨ। ਇਸੇ ਪ੍ਰਸੰਗ ਵਿਚ ਇਹ ਹੁਣ ‘ਆਪ’ ਦੀ ਲੀਡਰਸ਼ਿਪ ਲਈ ਪਰਖ ਦੀਆਂ ਘੜੀਆਂ ਹਨ। ਜੇ ਇਹ ਲੀਡਰਸ਼ਿਪ ਦੇਸ਼ ਪੱਧਰ ਉਤੇ ਗੈਰ-ਕਾਂਗਰਸੀ ਅਤੇ ਗੈਰ-ਭਾਜਪਾਈ ਪਾਰਟੀਆਂ ਨੂੰ ਇਕ ਮੰਚ ਉਤੇ ਲਿਆਉਣ ਵਿਚ ਸਫਲ ਹੋ ਜਾਂਦੀ ਹੈ ਤਾਂ ਅਗਲੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਦੇ ਹਾਲਾਤ ਕੁਝ ਹੋਰ ਹੋਣਗੇ। ਹੁਣ ਵਾਲੇ ਭਾਰਤੀ ਢਾਂਚੇ ਵਿਚ ਵੱਡੀ ਛਾਲ ਤਾਂ ਅਜੇ ਸ਼ਾਇਦ ਸੰਭਵ ਨਾ ਹੋਵੇ ਪਰ ਇਸ ਛਾਲ ਲਈ ਰਾਹ ਤਾਂ ਪੱਧਰਾ ਹੋ ਹੀ ਸਕਦਾ ਹੈ। ਜੇ ਇਹ ਰਾਹ ਖੁੱਲ੍ਹਦਾ ਹੈ ਤਾਂ ਇਹ ਵੀ ਕੋਈ ਛੋਟੀ ਗੱਲ ਨਹੀਂ ਹੋਵੇਗੀ, ਕਿਉਂਕਿ ਇਹ ਸਿਆਸਤ ਰਵਾਇਤੀ ਪਾਰਟੀਆਂ ਦੀ ਸਿਤਮਜ਼ਰੀਫੀ ਤੋਂ ਕੁਝ ਕੁ ਤਾਂ ਮੁਕਤ ਹੋਵੇਗੀ ਹੀ।
Leave a Reply