ਯੂਬਾ ਸਿਟੀ ਵਿਚ ਸਜਿਆ 33ਵਾਂ ਮਹਾਨ ਨਗਰ ਕੀਰਤਨ

ਯੂਬਾ ਸਿਟੀ (ਬਿਊਰੋ): ਗੁਰੂ ਗ੍ਰੰਥ ਸਾਹਿਬ ਦੇ ਗੁਰਗੱਦੀ ਦਿਵਸ ਨੂੰ ਸਮਰਪਿਤ 33ਵਾਂ ਮਹਾਨ ਨਗਰ ਕੀਰਤਨ ਇਥੇ ਲੰਘੇ ਐਤਵਾਰ ਨੂੰ ਸਜਾਇਆ ਗਿਆ ਜਿਸ ਵਿਚ ਵੱਖ ਵੱਖ ਅੰਦਾਜ਼ਿਆਂ ਮੁਤਾਬਕ 50 ਹਜ਼ਾਰ ਤੋਂ ਇਕ ਲੱਖ ਲੋਕ ਸ਼ਾਮਲ ਹੋਏ। ਪ੍ਰਬੰਧਕਾਂ ਵਲੋਂ ਇਹ ਵੀ ਦਾਅਵਾ ਕੀਤਾ ਗਿਆ ਕਿ ਇਸ ਵਾਰ ਪਿਛਲੇ ਸਾਲਾਂ ਦੇ ਮੁਕਾਬਲੇ ਦੁੱਗਣੀ ਸੰਗਤ ਨਗਰ ਕੀਰਤਨ ਵਿਚ ਸ਼ਾਮਲ ਹੋਈ। ਨਗਰ ਕੀਰਤਨ ਸਮਾਗਮਾਂ ਦੌਰਾਨ ਭਾਂਤ ਸੁਭਾਂਤੇ ਭੋਜਨ ਪਦਾਰਥਾਂ ਦੇ ਅਤੁੱਟ ਲੰਗਰ ਜਾਰੀ ਰਹੇ ਜਿਨ੍ਹਾਂ ਦਾ ਅਨੰਦ ਸੰਗਤਾਂ ਨੇ ਰੱਜ ਰੱਜ ਕੇ ਮਾਣਿਆ। ਵੱਖ ਵੱਖ ਤਰ੍ਹਾਂ ਦੀ ਖਰੀਦਦਾਰੀ ਦੇ ਸਟਾਲ ਵੀ ਲੱਗੇ ਜਿਨ੍ਹਾਂ ਤੋਂ ਲੋਕਾਂ ਨੇ ਆਪਣੀਆਂ ਮਨ ਪਸੰਦ ਦੀਆਂ ਚੀਜ਼ਾਂ ਦੀ ਭਰਵੀਂ ਖਰੀਦੋ-ਫਰੋਖਤ ਕੀਤੀ। ਚਾਰ ਨਵੰਬਰ ਐਤਵਾਰ ਨੂੰ ਨਜ਼ਾਰਾ ਕਿਸੇ ਧਾਰਮਿਕ ਸਮਾਗਮ ਨਾਲੋਂ ਕਿਤੇ ਵੱਧ ਮੇਲੇ ਵਾਲਾ ਜਾਪ ਰਿਹਾ ਸੀ।
ਨਗਰ ਕੀਰਤਨ ਸਮਾਗਮਾਂ ਦੌਰਾਨ ਸ਼ਬਦ ਕੀਰਤਨ ਦੇ ਪ੍ਰਵਾਹ ਵੀ ਚੱਲੇ, ਸਟੇਜ ਤੋਂ ਵੱਖ ਵੱਖ ਆਗੂਆਂ ਨੇ ਤਕਰੀਰਾਂ ਵੀ ਕੀਤੀਆਂ। ਪਰ ਗੁਰੂ ਗ੍ਰੰਥ ਸਾਹਿਬ ਦੇ ਗੁਰਤਾ ਗੱਦੀ ਨੂੰ ਸਮਰਪਿਤ ਇਸ ਨਗਰ ਕੀਰਤਨ ਤੋਂ ਲੋਕਾਂ ਤੀਕ ਕੋਈ ਗੁਰਮਤਿ ਸੁਨੇਹਾ ਵੀ ਪਹੁੰਚਿਆ? ਇਸ ਸਵਾਲ ਦਾ ਜਵਾਬ ਨਾਂਹ ਵਿਚ ਹੀ ਨਿਕਲਦਾ ਹੈ ਕਿਉਂਕਿ ਪ੍ਰਬੰਧਕਾਂ ਦੀ ਆਪਸੀ ਖਿੱਚੋਤਾਣ ਵੀ ਉਵੇਂ ਹੀ ਜਾਰੀ ਰਹੀ ਜਿਵੇਂ ਪਹਿਲਾਂ ਸੀ। ਇਸ ਦਾ ਸਬੂਤ ਸਥਾਨਕ ਬਜ਼ੁਰਗ ਆਗੂ ਅਤੇ ਗੁਰਦੁਆਰਾ ਟਾਇਰਾ ਬਿਊਨਾ ਦੇ ਸੰਸਥਾਪਕ ਸ਼ ਦੀਦਾਰ ਸਿੰਘ ਬੈਂਸ ਨੂੰ ਸਟੇਜ ਤੋਂ ਬੋਲਣ ਤੋਂ ਮਨ੍ਹਾਂ ਕੀਤੇ ਜਾਣ ਤੋਂ ਹੀ ਮਿਲ ਜਾਂਦਾ ਹੈ। ਇਸ ਵਾਰ ਭਾਵੇਂ ਕੋਈ ਵੱਡਾ ਲੜਾਈ-ਝਗੜਾ ਨਹੀਂ ਹੋਇਆ ਪਰ ਫਿਰ ਵੀ ਗੋਲੀ ਚੱਲਣ ਦੀਆਂ ਆਵਾਜ਼ਾਂ ਸੰਗਤ ਦੇ ਕੰਨੀਂ ਪੈਣ ਦੀਆਂ ਇਤਲਾਹਾਂ ਹਨ।
ਐਤਵਾਰ ਗੁਰਦੁਆਰਾ ਟਾਇਰਾ ਬਿਊਨਾ ਤੋਂ ਨਗਰ ਕੀਰਤਨ ਅਰੰਭ ਹੋਣ ਤੋਂ ਪਹਿਲਾਂ ਸਵੇਰੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਕਰੀਬ 12 ਵਜੇ ਅਰਦਾਸ ਉਪਰੰਤ ਜੈਕਾਰਿਆਂ ਦੀ ਗੂੰਜ ਵਿਚ ਗੁਰੂ ਗ੍ਰੰਥ ਸਾਹਿਬ ਦੀ ਸਰਪ੍ਰਸਤੀ ਅਤੇ ਪੰਜ ਪਿਆਰਿਆਂ ਤੇ ਨਿਸ਼ਾਨਚੀਆਂ ਦੀ ਅਗਵਾਈ ਹੇਠ ਨਗਰ ਕੀਰਤਨ ਦਾ ਅਰੰਭ ਹੋਇਆ। ਗੁਰੂ ਮਹਾਰਾਜ ਦੀ ਪਾਲਕੀ ਵਾਲੇ ਫਲੋਟ ਤੋਂ ਸ਼ਬਦ ਕੀਰਤਨ ਦੀਆਂ ਧੁਨਾਂ ਯੂਬਾ ਸਿਟੀ ਦੀ ਫਿਜ਼ਾ ਵਿਚ ਇਲਾਹੀ ਰੰਗ ਬਿਖੇਰ ਰਹੀਆਂ ਸਨ। ਮੁੱਖ ਫਲੋਟ ਦੇ ਨਾਲ ਵੱਖ ਵੱਖ ਸਿੱਖ ਆਗੂ ਚੱਲ ਰਹੇ ਸਨ। ਗਤਕਾ ਪਾਰਟੀਆਂ ਮਾਰਸ਼ਲ ਆਰਟ ਦੇ ਜੌਹਰ ਦਿਖਾ ਕੇ ਸੰਗਤਾਂ ਨੂੰ ਅਚੰਭਿਤ ਕਰ ਰਹੀਆਂ ਸਨ।
ਗੁਰੂ ਮਹਾਰਾਜ ਦੀ ਮੁੱਖ ਪਾਲਕੀ ਦੇ ਮਗਰ ਸਭ ਤੋਂ ਪਹਿਲਾਂ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਦੇ ਮਾਡਲ ਦਾ ਫਲੋਟ ਸੀ ਅਤੇ ਉਸ ਪਿਛੋਂ ਵੱਖ ਵੱਖ ਜਥੇਬੰਦੀਆਂ ਅਤੇ ਗੁਰੂ ਘਰਾਂ ਦੇ ਫਲੋਟ ਚੱਲ ਰਹੇ ਸਨ। ਇਨ੍ਹਾਂ ਵਿਚ ਸਿੱਖ ਟੈਂਪਲ ਗੁਰਦੁਆਰਾ ਖਾਲਸਾ ਸਕੂਲ ਯੂਬਾ ਸਿਟੀ, ਗੁਰੂ ਰਾਮਦਾਸ ਖਾਲਸਾ ਸਕੂਲ, ਯੂਬਾ ਸਿਟੀ ਹਾਈ ਸਕੂਲ, ਰਿਵਰ ਵੈਲੀ ਹਾਈ ਸਕੂਲ, ਲਾਈਵ ਓਕ, ਯੂਬਾ ਕਾਲਜ, ਸੈਕਰਾਮੈਂਟੋ ਸਟੇਟ ਸਿੱਖ ਸਟੂਡੈਂਟ ਐਸੋਸੀਏਸ਼ਨ, ਸਿੱਖ ਯੂਥ ਆਫ ਅਮਰੀਕਾ, ਸਿੱਖ ਸਟੂਡੈਂਟ ਐਸੋਸੀਏਸ਼ਨ ਕੈਲੀਫੋਰਨੀਆ, ਦਸਮੇਸ਼ ਦਰਬਾਰ ਸੇਲਮ-ਓਰੇਗਾਨ, ਯੂਬਾ ਸਿਟੀ ਸਿੱਖ ਕਲੱਬ, ਗਤਕਾ ਪਾਰਟੀ, ਯੂਥ ਏਸ਼ੀਆ ਸਟੂਡੈਂਟ ਐਸੋਸੀਏਸ਼ਨ, ਸਿੱਖ ਯੂਥ ਅਕਾਲੀ ਦਲ, ਸਿੱਖ ਟੈਂਪਲ ਫਰੀਮਾਂਟ, ਸਾਹਿਬਜ਼ਾਦਾ ਅਜੀਤ ਸਿੰਘ ਕਲੱਬ, ਪੁਰਾਣੇ ਫ਼ੌਜੀਆਂ ਦਾ ਪਹਿਲੀ ਸੰਸਾਰ ਜੰਗ ਦਾ ਫਲੋਟ ਜੋ ਪੁਰਾਣੇ ਅਸਲੇ ਸਮੇਤ ਸੀ, ਸ਼ਬਦ ਸੁਰਤ ਕੇਂਦਰ ਵੈਨਕੂਵਰ, ਅਕਾਲ ਯੂਨੀਵਰਸਿਟੀ, ਵਰਲਡ ਸਿੱਖ ਕੌਂਸਲ, ਚੜ੍ਹਦੀ ਕਲਾ ਸਮੂਹ ਸੰਗਤ-ਯੂਬਾ ਸਿਟੀ, ਸ਼ਹੀਦ ਬਾਬਾ ਅਜੀਤ ਸਿੰਘ-ਯੂਬਾ ਸਿਟੀ, ਮੀਰੀ ਪੀਰੀ ਅਕੈਡਮੀ, ਸ਼੍ਰੋਮਣੀ ਅਕਾਲੀ ਦਲ, ਫੀਨਿਕਸ-ਐਰੀਜ਼ੋਨਾ ਦੀ ਸੰਗਤ ਦਾ ਫਲੋਟ, ਗੁਰਦੁਆਰਾ ਬਰਾਡਸ਼ਾਅ, ਗੁਰੂ ਨਾਨਕ ਸਿੱਖ ਸੁਸਾਇਟੀ, ਕਲਗੀਧਰ ਟਰੱਸਟ ਬੜੂ ਸਾਹਿਬ, ਗੁਰੂ ਰਵਿਦਾਸ ਟੈਂਪਲ ਰਿਓ ਲਿੰਡਾ, ਯੂਬਾ ਸਟਰ ਫੂਡ ਬੈਂਕ ਤੇ ਰੈਡਕਰਾਸ ਦਾ ਫਲੋਟ ਅਤੇ ਕਈ ਹੋਰ ਫਲੋਟ ਚੱਲ ਰਹੇ ਸਨ। ਨਗਰ ਕੀਰਤਨ ਦੌਰਾਨ ਅਮਰੀਕੀ ਆਮ ਚੋਣਾਂ ਦਾ ਅਸਰ ਵੀ ਨਜ਼ਰ ਆ ਰਿਹਾ ਸੀ। ਇਨ੍ਹਾਂ ਚੋਣਾਂ ਵਿਚ ਕੁਝ ਉਮੀਦਵਾਰਾਂ ਦੇ ਫਲੋਟ ਸ਼ਾਮਲ ਹੋਣਾ ਇਸ ਗੱਲ ਦਾ ਸਬੂਤ ਸੀ। ਵੱਖ ਵੱਖ ਫਲੋਟਾਂ ਤੋਂ ਢਾਡੀ ਜਥੇ ਢਾਡੀ ਵਾਰਾਂ ਨਾਲ ਸਿੱਖ ਇਤਿਹਾਸ ਸਰਵਣ ਕਰਵਾ ਰਹੇ ਸਨ ਤਾਂ ਵੱਖੋ ਵੱਖ ਜਥੇਬੰਦੀਆਂ ਵਲੋਂ ਆਪੋ ਆਪਣਾ ਪ੍ਰਚਾਰ ਵੀ ਕੀਤਾ ਜਾ ਰਿਹਾ ਸੀ।
ਨਗਰ ਕੀਰਤਨ ਦੇ ਰਾਸਤੇ ਵਿਚ ਜਗ੍ਹਾ ਜਗ੍ਹਾ ਉਤੇ ਲੰਗਰ ਦੇ ਸਟਾਲ ਲੱਗੇ ਹੋਏ ਸਨ। ਕਿਧਰੇ ਚਾਹ-ਪਾਣੀ ਵਰਤਾਇਆ ਜਾ ਰਿਹਾ ਸੀ ਤਾਂ ਕਿਧਰੇ ਗਰਮਾ ਗਰਮ ਜਲੇਬੀਆਂ, ਛੋਲੇ-ਭਠੂਰੇ, ਪਕੌੜੇ ਅਤੇ ਡੋਸੇ ਸੰਗਤ ਨੂੰ ਪਰੋਸੇ ਜਾ ਰਹੇ ਸਨ। ਤਾਜ਼ਾ ਭੁੱਜੀਆਂ ਛੱਲੀਆਂ ਅਤੇ ਗੰਨੇ ਦੇ ਰਸ ਦਾ ਵੀ ਸੰਗਤ ਅਨੰਦ ਮਾਣ ਰਹੀ ਸੀ। ਕਿਧਰੇ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਅਤੇ ਕਿਧਰੇ ਸੁੱਕੇ ਮੇਵਿਆਂ ਦਾ ਪ੍ਰਸ਼ਾਦ ਵੀ ਸੰਗਤ ਨੂੰ ਵਰਤਾਇਆ ਜਾ ਰਿਹਾ ਸੀ। ਜੇ ਸਥਾਨਕ ਅਖਬਾਰ ਅਪੀਲ ਡੈਮੋਕਰੇਟ ਦੀ ਰਿਪੋਰਟ ਦੇਖੀ ਜਾਵੇ ਤਾਂ ਬਹੁਤ ਸਾਰੇ ਲੋਕ ਸਿਰਫ ਭਾਂਤੇ ਸੁਭਾਂਤੇ ਭੋਜਨ ਪਦਾਰਥਾਂ ਦਾ ਅਨੰਦ ਮਾਨਣ ਲਈ ਹੀ ਪਹੁੰਚੇ ਹੋਏ ਸਨ।
ਨਗਰ ਕੀਰਤਨ ਕੋਈ ਚਾਰ ਕੁ ਮੀਲ ਦਾ ਪੈਂਡਾ ਤੈਅ ਕਰਨ ਉਪਰੰਤ ਸ਼ਾਮੀ ਪੰਜ ਕੁ ਵਜੇ ਵਾਪਸ ਗੁਰੂ ਘਰ ਆ ਕੇ ਸਮਾਪਤ ਹੋਇਆ।
ਨਗਰ ਕੀਰਤਨ ਦੇ ਕਰੀਬ ਪੰਦਰਾਂ ਦਿਨ ਚੱਲੇ ਧਾਰਮਿਕ ਸਮਾਗਮਾਂ ਦੌਰਾਨ 20 ਅਕਤੂਬਰ ਨੂੰ ਬੱਚਿਆਂ ਵੱਲੋਂ ਕੀਰਤਨ ਦਰਬਾਰ ਕਰਵਾਇਆ ਗਿਆ ਸੀ। 31 ਅਕਤੂਬਰ ਨੂੰ ਭਾਈ ਬੇਅੰਤ ਸਿੰਘ ਅਤੇ ਭਾਈ ਸਤਵੰਤ ਸਿੰਘ ਦਾ ਸ਼ਹੀਦੀ ਦਿਵਸ ਮਨਾਇਆ ਗਿਆ। 2 ਨਵੰਬਰ ਨੂੰ ਆਤਿਸ਼ਬਾਜ਼ੀ ਦਾ ਦਿਲਕਸ਼ ਨਜ਼ਾਰਾ ਸੰਗਤ ਨੂੰ ਦੇਖਣ ਨੂੰ ਮਿਲਿਆ। ਇਕ ਸੈਮੀਨਾਰ ਵੀ ਡਾæ ਜਸਬੀਰ ਸਿੰਘ ਕੰਗ ਦੇ ਉਦਮ ਨਾਲ ਕਰਵਾਇਆ ਗਿਆ, ਜਿਸ ਵਿਚ ਵੱਖ-ਵੱਖ ਪੰਜਾਬੀ ਅਤੇ ਅਮਰੀਕਨ ਬੁਲਾਰਿਆਂ ਨੇ ਹਾਜ਼ਰੀ ਦਿੱਤੀ। ਡਾæ ਰਾਜਵੰਤ ਸਿੰਘ ਨੇ ਵੀ ਆਪਣੇ ਵਿਚਾਰ ਰੱਖੇ। ਇਸੇ ਦੌਰਾਨ ਇਕ ਪੰਜਾਬੀ ਫ਼ਿਲਮ ‘ਮਿੱਤਰ ਪਿਆਰੇ ਨੂੰ’ ਵੀ ਦਿਖਾਈ ਗਈ।
3 ਨਵੰਬਰ ਨੂੰ ਅੰਮ੍ਰਿਤ ਸੰਚਾਰ ਹੋਇਆ। ਰੈਣ ਸਬਾਈ ਕੀਰਤਨ ਵੀ ਹੋਇਆ। ਸਨਿਚਰਵਾਰ ਰਾਤ ਦੇ ਦੀਵਾਨਾਂ ਵਿਚ ਸਿੱਖ ਵਿਦਵਾਨਾਂ ਅਤੇ ਸਥਾਨਕ ਸਿਆਸੀ ਲੋਕਾਂ ਨੇ ਆਪੋ-ਆਪਣੇ ਵਿਚਾਰ ਰੱਖੇ। ਬੁਲਾਰਿਆਂ ਵਿਚ ਡਾæ ਰਾਜਵੰਤ ਸਿੰਘ ਵਾਸ਼ਿੰਗਟਨ ਡੀæ ਸੀæ, ਡਾæ ਪ੍ਰਿਤਪਾਲ ਸਿੰਘ ਕੋਆਰਡੀਨੇਟਰ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਡਾæ ਅਮਰਜੀਤ ਸਿੰਘ ਵਾਸ਼ਿੰਗਟਨ ਅਤੇ ਭਾਈ ਜਸਵੰਤ ਸਿੰਘ ਹੋਠੀ ਆਦਿ ਸ਼ਾਮਿਲ ਸਨ।
ਇਨ੍ਹਾਂ ਸਮਾਗਮਾਂ ਦੌਰਾਨ ਜਿਹੜੇ ਰਾਗੀ ਅਤੇ ਢਾਡੀ ਜਥਿਆਂ ਨੇ ਹਾਜ਼ਰੀ ਲਵਾਈ ਉਨ੍ਹਾਂ ਵਿਚ ਭਾਈ ਹਰਪ੍ਰੀਤ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਭਾਈ ਦਵਿੰਦਰ ਸਿੰਘ ਸੋਢੀ, ਭਾਈ ਮਨਜੀਤ ਸਿੰਘ ਪਠਾਨਕੋਟ ਵਾਲੇ, ਭਾਈ ਗੁਰਪ੍ਰੀਤ ਸਿੰਘ ਮੋਹਾਲੀ, ਭਾਈ ਤਾਰਾ ਸਿੰਘ ਨਾਨਕਮਤੇ ਵਾਲੇ, ਭਾਈ ਜੋਗਿੰਦਰ ਸਿੰਘ ਚੰਦਨ, ਭਾਈ ਗੁਰਮੀਤ ਸਿੰਘ ਨਿਮਾਣਾ, ਭਾਈ ਹਰਪਾਲ ਸਿੰਘ ਰੀਨੋ, ਭਾਈ ਇਕਬਾਲ ਸਿੰਘ ਲਾਈਵ ਓਕ, ਕਵੀਸ਼ਰ ਭਾਈ ਗੁਰਦੇਵ ਸਿੰਘ ਸਾਹੋਕੇ ਅਤੇ ਉਚੇਚੇ ਤੌਰ ‘ਤੇ ਪੰਜਾਬ ਤੋਂ ਪਹੁੰਚੇ ਗਿਆਨੀ ਹਰਬੰਸ ਸਿੰਘ ਬਿਲਗੇ ਵਾਲਿਆਂ ਦੇ ਢਾਡੀ ਜਥੇ ਤੋਂ ਇਲਾਵਾ ਗਿਆਨੀ ਗੁਰਨਾਮ ਸਿੰਘ ਭੰਡਾਲ, ਗਿਆਨੀ ਪਾਲ ਸਿੰਘ ਨਿਹੰਗ ਦੇ ਢਾਡੀ ਜਥੇ ਸ਼ਾਮਲ ਸਨ।
ਨਗਰ ਕੀਰਤਨ ਸਮਾਗਮਾਂ ਦੌਰਾਨ ਵੱਖ-ਵੱਖ ਜਥੇਬੰਦੀਆਂ ਵਲੋਂ ਵੀ ਆਪੋ ਆਪਣੇ ਸਟਾਲ ਲਾਏ ਗਏ ਜਿਨ੍ਹਾਂ ਵਿਚ ਸਿੱਖਸ ਫਾਰ ਜਸਟਿਸ ਦਾ ਸਟਾਲ, ਪੰਜਾਬੀ ਰੇਡੀਓ ਯੂæ ਐਸ਼ ਏæ, ਵਰਲਡ ਸਿੱਖ ਫੈਡਰੇਸ਼ਨ, ਗੁਰਦੁਆਰਾ ਫਰੀਮਾਂਟ ਵਲੋਂ ਸਿੱਖ ਨਸਲਕੁਸ਼ੀ ਬਾਰੇ ਲਾਇਆ ਗਿਆ ਸਟਾਲ ਵੀ ਸ਼ਾਮਲ ਸਨ। ਹਾਲ ਹੀ ਵਿਚ ਈਸਟ ਕੋਸਟ ਵਿਚ ਆਏ ਸੈਂਡੀ ਤੁਫਾਨ ਦੇ ਪੀੜਤਾਂ ਲਈ ਸਹਾਇਤਾ ਇਕੱਠੀ ਕਰਨ ਲਈ ਯੂਨਾਈਟਿਡ ਸਿੱਖਸ ਵੱਲੋਂ ਵੀ ਇਕ ਵਿਸ਼ੇਸ਼ ਸਟਾਲ ਲਾਇਆ ਗਿਆ ਸੀ। ਕੈਨੇਡਾ ਤੋਂ ਮੋਟਰ ਸਾਈਕਲਾਂ ‘ਤੇ ਇਥੇ ਪਹੁੰਚਿਆ ਜਥਾ ਵੀ ਖਿੱਚ ਦਾ ਕੇਂਦਰ ਬਣਿਆ ਰਿਹਾ। ਹਰਿਆਣਾ ਅਮਰੀਕਨ ਐਸੋਸੀਏਸ਼ਨ ਨੇ ਵੀ ਹਾਜ਼ਰੀ ਲਵਾਈ।
ਪਿਛਲੇ ਕੁਝ ਸਾਲਾਂ ਵਾਂਗ ਇਸ ਵਾਰ ਕੋਈ ਵੱਡੇ ਪੱਧਰ ‘ਤੇ ਲੜਾਈ ਝਗੜਾ ਤਾਂ ਨਹੀਂ ਹੋਇਆ ਪਰ ਪ੍ਰਬੰਧਕਾਂ ਵਿਚ ਤਣਾਓ ਵਾਲਾ ਮਾਹੌਲ ਬਰਾਬਰ ਬਣਿਆ ਰਿਹਾ। ਗੁਰਦੁਆਰਾ ਟਾਇਰਾ ਬਿਊਨਾ ਦੇ ਸੰਸਥਾਪਕ ਤੇ ਬਜ਼ੁਰਗ ਸਿੱਖ ਆਗੂ ਸ਼ ਦੀਦਾਰ ਸਿੰਘ ਬੈਂਸ ਨੂੰ ਸਟੇਜ ‘ਤੇ ਬੋਲਣ ਤੋਂ ਰੋਕਿਆ ਗਿਆ ਪਰ ਸ਼ ਦੀਦਾਰ ਸਿੰਘ ਬੈਂਸ ਸੰਗਤਾਂ ਵਿਚ ਬੈਠੇ ਰਹੇ। ਸੰਗਤਾਂ ਨੇ ਮੌਜੂਦਾ ਪ੍ਰਬੰਧਕਾਂ ਦੀ ਇਸ ਜ਼ਿਆਦਤੀ ਦਾ ਜੈਕਾਰਿਆਂ ਨਾਲ ਜਵਾਬ ਦਿੱਤਾ। ਦੋਵਾਂ ਧਿਰਾਂ ਵਿਚ ਤਣਾਅ ਵਾਲਾ ਮਾਹੌਲ ਨਗਰ ਕੀਰਤਨ ਤੋਂ ਪਹਿਲਾਂ ਸ਼ੁੱਕਰਵਾਰ, ਸਨਿਚਰਵਾਰ ਅਤੇ ਐਤਵਾਰ ਦੇ ਦੀਵਾਨਾਂ ਦੌਰਾਨ ਵੀ ਦੇਖਿਆ ਗਿਆ। ਇਕ ਵਾਰ ਤਾਂ ਇਸ ਰੌਲੇ-ਰੱਪੇ ਦਾ ਪੰਜਾਬੀ ਰੇਡੀਓ ਯੂæ ਐਸ਼ ਏæ ਤੋਂ ਸਿੱਧਾ ਪ੍ਰਸਾਰਣ ਵੀ ਹੋਇਆ ਪਰ ਬਾਅਦ ਵਿਚ ਇਹ ਰੋਕ ਦਿੱਤਾ ਗਿਆ। ਸੰਗਤਾਂ ਨੇ ਸ਼ੁੱਕਰਵਾਰ ਨੂੰ ਹੀ ਗੁਰਦੁਆਰੇ ਦੇ ਬਾਹਰ ਗੋਲੀ ਚੱਲਣ ਦੀ ਆਵਾਜ਼ ਵੀ ਸੁਣੀ ਪਰ ਇਹ ਪੁਲਿਸ ਰਿਕਾਰਡ ਵਿਚ ਨਹੀਂ ਆਈ। ਜ਼ਿਕਰਯੋਗ ਹੈ 2010 ਦੇ ਨਗਰ ਕੀਰਤਨ ਦੌਰਾਨ ਕਾਫੀ ਲੜਾਈ-ਝਗੜਾ ਹੋਇਆ ਸੀ। ਇਸ ਵਾਰ ਪ੍ਰਬੰਧਕਾਂ ਵਿਚ ਚੱਲ ਰਹੀ ਖਿੱਚੋਤਾਣ ਕਰਕੇ ਹੀ ਕੁਲ 75 ਮੌਜੂਦਾ ਡਾਇਰੈਕਟਰਾਂ ਵਿਚੋਂ ਕਰੀਬ 30 ਡਾਇਰੈਕਟਰ ਪ੍ਰਬੰਧਾਂ ਤੋਂ ਦੂਰ ਹੀ ਰਹੇ ਜਾਂ ਉਨ੍ਹਾਂ ਨੂੰ ਪ੍ਰਬੰਧਾਂ ‘ਚ ਸ਼ਾਮਿਲ ਨਹੀਂ ਕੀਤਾ ਗਿਆ।

Be the first to comment

Leave a Reply

Your email address will not be published.