ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਆਉਂਦੀਆਂ ਲੋਕ ਸਭਾ ਚੋਣਾਂ ਦੇ ‘ਸੈਮੀਫਾਈਨਲ’ ਵਿਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੇ ਕੌਮੀ ਜਮਹੂਰੀ ਗੱਠਜੋੜ ਨੇ ਬਾਜ਼ੀ ਮਾਰ ਲਈ ਹੈ। ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੇ ਕੌਮੀ ਸਿਆਸਤ ਵਿਚ ਭਾਜਪਾ ਦੀ ਚੜ੍ਹਤ ਅਤੇ ਕਾਂਗਰਸ ਦੇ ਨਿਘਾਰ ਦੀਆਂ ਪੇਸ਼ੀਨਗੋਈਆਂ ਦੀ ਪੁਸ਼ਟੀ ਕਰ ਦਿੱਤੀ ਹੈ। ਰਾਜਸਥਾਨ, ਮੱਧ ਪ੍ਰਦੇਸ਼ ਤੇ ਛੱਤੀਗੜ੍ਹ ਦੇ ਚੋਣ ਨਤੀਜਿਆਂ ਨਾਲ ਜਿਥੇ ਭਾਜਪਾ ਦਾ ਹੌਸਲਾ ਬੁਲੰਦ ਹੋਇਆ ਹੈ, ਉਥੇ ਕਾਂਗਰਸ ਵਿਚ ਆਪਣੀਆਂ ਨਕਾਮੀਆਂ ਬਾਰੇ ਨਵੀਂ ਬਹਿਸ ਵੀ ਛਿੜ ਗਈ ਹੈ। ਕਾਂਗਰਸ ਨੂੰ ਸਿਰਫ ਮਿਜ਼ੋਰਮ ਤੋਂ ਖੁਸ਼ਖ਼ਬਰੀ ਮਿਲੀ ਹੈ ਜਿਥੇ ਪਾਰਟੀ ਨੇ 40 ਮੈਂਬਰੀ ਵਿਧਾਨ ਸਭਾ ਵਿਚ 27 ਸੀਟਾਂ ਜਿੱਤ ਕੇ ਦੋ ਤਿਹਾਈ ਬਹੁਮਤ ਹਾਸਲ ਕੀਤਾ ਹੈ।
ਕਾਂਗਰਸ ਨੂੰ ਸਭ ਤੋਂ ਵੱਡਾ ਧੱਕਾ ਰਾਜਸਥਾਨ ਵਿਚ ਲੱਗਾ ਹੈ ਜਿਥੇ 200 ਮੈਂਬਰਾਂ ਵਾਲੀ ਵਿਧਾਨ ਸਭਾ ਵਿਚ ਭਾਜਪਾ ਨੇ 162 ਸੀਟਾਂ ਜਿੱਤੀਆਂ ਹਨ ਜਦਕਿ ਕਾਂਗਰਸ 21 ਸੀਟਾਂ ‘ਤੇ ਸਿਮਟ ਗਈ ਹੈ। ਕਾਂਗਰਸ ਦੇ 19 ਵਿਚੋਂ ਤਿੰਨ ਮੰਤਰੀਆਂ ਨੂੰ ਛੱਡ ਕੇ ਬਾਕੀ ਸਾਰੇ ਚੋਣ ਹਾਰ ਗਏ। ਮੱਧ ਪ੍ਰਦੇਸ਼ ਵਿਚ ਭਾਜਪਾ ਨੇ ਤੀਜੀ ਵਾਰ ਸਰਕਾਰ ਬਣਾਈ ਹੈ ਜਿਥੇ 230 ਵਿਚੋਂ 165 ਸੀਟਾਂ ‘ਤੇ ਕਬਜ਼ਾ ਕੀਤਾ। ਉਥੇ ਕਾਂਗਰਸ ਦੇ ਪੱਲੇ ਸਿਰਫ 58 ਸੀਟਾਂ ਪਈਆਂ। ਛੱਤੀਸਗੜ੍ਹ ਵਿਚ ਭਾਜਪਾ ਦੀ ਸਾਖ ਭਾਵੇਂ ਘਟੀ ਹੈ ਪਰ ਇਹ ਸਰਕਾਰ ਬਣਾਉਣ ਵਿਚ ਸਫਲ ਰਹੀ ਹੈ। 90 ਮੈਂਬਰੀ ਵਿਧਾਨ ਸਭਾ ਵਿਚ ਭਾਜਪਾ ਨੂੰ 49 ਤੇ ਕਾਂਗਰਸ ਨੂੰ 39 ਸੀਟਾਂ ਮਿਲੀਆਂ ਹਨ।
ਇਸ ਵਾਰ ਸਭ ਤੋਂ ਦਿਲਚਸਪ ਨਤੀਜੇ ਦਿੱਲੀ ਵਿਚ ਰਹੇ ਜਿਥੇ ਤਿੰਨ ਵਾਰ ਸੱਤਾ ‘ਤੇ ਕਾਬਜ਼ ਰਹੀ ਕਾਂਗਰਸ ਨੂੰ ਹੂੰਝਾ ਫਿਰ ਗਿਆ। ਉਂਜ, ਕਿਸੇ ਵੀ ਧਿਰ ਨੂੰ ਬਹੁਮਤ ਨਾ ਮਿਲ ਸਕਿਆ। ਦਿੱਲੀ ਵਿਚ ਆਮ ਆਦਮੀ ਪਾਰਟੀ ਨੇ ਨਵਾਂ ਇਤਿਹਾਸ ਸਿਰਜਿਆ ਹੈ। ਸਾਲ ਕੁ ਪਹਿਲਾਂ ਬਣੀ ਇਸ ਪਾਰਟੀ ਨੇ ਕਾਂਗਰਸ ਨੂੰ ਅੱਠ ਸੀਟਾਂ ‘ਤੇ ਸੀਮਤ ਕਰਦਿਆਂ 28 ਸੀਟਾਂ ਜਿੱਤ ਲਈਆਂ ਹਨ। ਪਾਰਟੀ ਦੇ ਆਗੂ ਅਰਵਿੰਦ ਕੇਜਰੀਵਾਲ ਨੇ ਨਵੀਂ ਦਿੱਲੀ ਸੀਟ ਤੋਂ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਨੂੰ 25000 ਵੋਟਾਂ ਦੇ ਫ਼ਰਕ ਨਾਲ ਹਰਾਇਆ। 70 ਮੈਂਬਰੀ ਵਿਧਾਨ ਸਭਾ ਵਿਚ ਭਾਜਪਾ ਤੇ ਭਾਈਵਾਲਾਂ ਕੋਲ 32 ਸੀਟਾਂ ਹਨ ਤੇ ਸਰਕਾਰ ਬਣਾਉਣ ਲਈ ਉਸ ਨੂੰ ਚਾਰ ਹੋਰ ਸੀਟਾਂ ਦੀ ਲੋੜ ਹੈ। ਦਿੱਲੀ ਵਿਚ ਸਿਰਫ ਦੋ ਆਜ਼ਾਦ ਉਮੀਦਵਾਰ ਜਿੱਤੇ ਹਨ ਜਿਸ ਕਰਕੇ ਹਾਲਤ ਬੇਹੱਦ ਦਿਲਚਸਪ ਬਣ ਗਈ ਹੈ। ਇਨ੍ਹਾਂ ਚੋਣਾਂ ਦਾ ਅਹਿਮ ਪੱਖ ਆਮ ਆਦਮੀ ਪਾਰਟੀ (ਆਪ) ਦਾ ਸਿਆਸੀ ਦ੍ਰਿਸ਼ਾਵਲੀ ‘ਤੇ ਉਭਾਰ ਹੈ। ਇਸ ਨੇ ਦਿੱਲੀ ਵਿਚ ਜਿਥੇ ਕਾਂਗਰਸ ਨੂੰ ਨਮੋਸ਼ੀ ਭਰੀ ਹਾਰ ਦੇਣ ਵਿਚ ਮੁੱਖ ਭੂਮਿਕਾ ਨਿਭਾਈ, ਉਥੇ ਭਾਜਪਾ ਦੀ ਚੜ੍ਹਤ ਠੱਲ੍ਹਣ ਵਿਚ ਵੀ ਅਹਿਮ ਰੋਲ ਅਦਾ ਕੀਤਾ।
ਚੋਣ ਨਤੀਜਿਆਂ ਤੋਂ ਜਿਥੇ ਭਾਜਪਾ ਦੇ ਖੇਮੇ ਵਿਚ ਖੁਸ਼ੀ ਹੋਣੀ ਸੁਭਾਵਕ ਹੈ, ਉਥੇ ਪਾਰਟੀ ਵੱਲੋਂ ਜਿੱਤ ਦਾ ਸਿਹਰਾ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਦਾਅਵੇਦਾਰ ਨਰਿੰਦਰ ਮੋਦੀ ਸਿਰ ਬੰਨ੍ਹਿਆ ਜਾ ਰਿਹਾ ਹੈ। ਦੂਜੇ ਪਾਸੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਨਤੀਜਿਆਂ ਨੂੰ ਮਾਯੂਸਕੁਨ ਦੱਸਦਿਆਂ ਵਾਅਦਾ ਕੀਤਾ ਹੈ ਕਿ ਪਾਰਟੀ ਆਪਣਾ ਕੰਮ-ਢੰਗ ਸੁਧਾਰ ਕੇ ਲੋਕਾਂ ਦਾ ਵਿਸ਼ਵਾਸ ਜਿੱਤਣ ਦਾ ਮੁੜ ਯਤਨ ਕਰੇਗੀ।
ਅਕਾਲੀਆਂ ਵੱਲੋਂ ਦਿੱਲੀ ਫਤਿਹ
ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣੇ ਕੋਟੇ ਦੀਆਂ ਚਾਰ ਸੀਟਾਂ ਵਿਚੋਂ ਤਿੰਨ ਸੀਟਾਂ ਜਿੱਤਣ ਵਿਚ ਸਫਲਤਾ ਪ੍ਰਾਪਤ ਕੀਤੀ ਹੈ। ਰਾਜੌਰੀ ਗਾਰਡਨ ਦੀ ਸੀਟ ਤੱਕੜੀ ਉਪਰ ਜਿੱਤ ਕੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਵਿਚ ਖਾਤਾ ਖੋਲ੍ਹਣ ਵਿਚ ਸਫਲ ਰਿਹਾ ਹੈ। ਅਕਾਲੀ ਦਲ ਦੇ ਉਮੀਦਵਾਰਾਂ ਨੇ ਦੋ ਸੀਟਾਂ ਭਾਜਪਾ ਦੇ ਚੋਣ ਨਿਸ਼ਾਨ ਕਮਲ ਜਦਕਿ ਦੋ ਸੀਟਾਂ ਤੱਕੜੀ ਨਿਸ਼ਾਨ ‘ਤੇ ਲੜੀਆਂ ਸਨ। ਰਾਜੌਰੀ ਗਾਰਡਨ ਹਲਕੇ ਤੋਂ ਤੱਕੜੀ ਨਿਸ਼ਾਨ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਮਨਜਿੰਦਰ ਸਿੰਘ ਸਿਰਸਾ (41721) ਨੇ ਕਾਂਗਰਸ ਦੀ ਧਨਵੰਤੀ ਚੰਦੀਲਾ (30713) ਨੂੰ 11008 ਵੋਟਾਂ ਦੇ ਫਰਕ ਨਾਲ ਹਰਾਇਆ ਤੇ ਇਥੇ ਤੀਜੇ ਨੰਬਰ ‘ਤੇ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਪ੍ਰਿਤਪਾਲ ਸਿੰਘ ਸਲੂਜਾ ਨੂੰ 17022 ਵੋਟਾਂ ਮਿਲੀਆ। ਇਸੇ ਤਰ੍ਹਾਂ ਕਮਲ ਨਿਸ਼ਾਨ ‘ਤੇ ਚੋਣ ਲੜਨ ਵਾਲੇ ਵਿਧਾਨ ਸਭਾ ਹਲਕਾ ਕਾਲਕਾਜੀ ਤੋਂ ਅਕਾਲੀ-ਭਾਜਪਾ ਦੇ ਉਮੀਦਵਾਰ ਹਰਮੀਤ ਸਿੰਘ ਕਾਲਕਾ (30683) ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਧਰਮਵੀਰ ਸਿੰਘ (28639) ਨੂੰ 2053 ਵੋਟਾਂ ਦੇ ਫਰਕ ਨਾਲ ਹਰਾਇਆ, ਤੀਜੇ ਨੰਬਰ ‘ਤੇ ਰਹੇ ਕਾਂਗਰਸ ਦੇ ਸੁਭਾਸ਼ ਚੋਪੜਾ ਨੂੰ 25787 ਵੋਟਾਂ ਪ੍ਰਾਪਤ ਹੋਈਆਂ।
ਸ਼ਾਹਦਰਾ ਤੋਂ ਅਕਾਲੀ-ਭਾਜਪਾ ਦੇ ਉਮੀਦਵਾਰ ਜਤਿੰਦਰ ਸਿੰਘ ਸ਼ੰਟੀ (45364) ਨੇ ਕਾਂਗਰਸ ਦੇ ਨਰੇਂਦਰ ਨਾਥ (30247) ਨੂੰ 15117 ਵੋਟਾਂ ਦੇ ਫਰਕ ਨਾਲ ਹਰਾਇਆ। ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਬੀਰ ਸਿੰਘ 23512 ਵੋਟਾਂ ਪ੍ਰਾਪਤ ਕਰਕੇ ਤੀਜੇ ਨੰਬਰ ‘ਤੇ ਰਹੇ। ਤੱਕੜੀ ਨਿਸ਼ਾਨ ‘ਤੇ ਲੜੀ ਗਈ ਹਰੀ ਨਗਰ ਸੀਟ ‘ਤੇ ਅਕਾਲੀ ਦਲ ਦੇ ਉਮੀਦਵਾਰ ਸ਼ਿਆਮ ਸ਼ਰਮਾ ਨੂੰ ਹਾਰ ਦਾ ਮੁੰਹ ਵੇਖਣਾ ਪਿਆ ਹੈ। ਹਰੀ ਨਗਰ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਜਗਦੀਪ ਸਿੰਘ (38912) ਨੇ ਸ਼੍ਰੋਮਣੀ ਅਕਾਲੀ ਦਲ ਦੇ ਸ਼ਿਆਮ ਸ਼ਰਮਾ (30036) ਨੂੰ 8876 ਵੋਟਾਂ ਦੇ ਫਰਕ ਨਾਲ ਹਰਾਇਆ ਜਦ ਕਿ ਜਦਕਿ ਕਾਂਗਰਸ ਦੇ ਹਰਸ਼ਰਨ ਸਿੰਘ ਬੱਲੀ 23111 ਵੋਟਾਂ ਲੈ ਕੇ ਤੀਜੇ ਨੰਬਰ ‘ਤੇ ਰਹੇ।
ਦਿੱਲੀ ਵਿਚ ਨੌਂ ਸਿੱਖ ਵਿਧਾਇਕ ਬਣੇ
ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ ਵਿਚ ਇਸ ਵਾਰ ਪਿਛਲੀ ਵਾਰ ਨਾਲੋਂ ਵੱਧ ਸਿੱਖ ਵਿਧਾਇਕ ਨਜ਼ਰ ਆਉਣਗੇ। 2013 ਦੀਆਂ ਵਿਧਾਨ ਸਭਾ ਚੋਣਾਂ ਵਿਚ ਦਿੱਲੀ ਦੀਆਂ ਤਿੰਨੋਂ ਮੁੱਖ ਸਿਆਸੀਆਂ ਪਾਰਟੀਆਂ ਭਾਜਪਾ, ਕਾਂਗਰਸ ਤੇ ਆਮ ਆਦਮੀ ਪਾਰਟੀ ਵੱਲੋਂ ਉਤਾਰੇ ਕੁੱਲ ਨੌਂ ਸਿੱਖ ਉਮੀਦਵਾਰ ਜੇਤੂ ਰਹੇ। ਪਿਛਲੀ ਵਿਧਾਨ ਸਭਾ ਵਿਚ ਕੁੱਲ ਛੇ ਸਿੱਖ ਵਿਧਾਇਕ ਸਨ ਜਿਨ੍ਹਾਂ ਵਿਚ ਇਕ ਭਾਜਪਾ ਤੇ ਪੰਜ ਕਾਂਗਰਸ ਦੇ ਵਿਧਾਇਕ ਬਣ ਕੇ ਆਏ ਸਨ।
ਕਾਂਗਰਸ ਨੇ ਇਸ ਵਾਰ ਛੇ ਸਿੱਖ ਉਮੀਦਵਾਰ ਚੋਣ ਮੈਦਾਨ ਵਿਚ ਉਤਾਰੇ ਸਨ ਪਰ ਜਿੱਤੇ ਸਿਰਫ਼ ਪ੍ਰਹਿਲਾਦ ਸਿੰਘ ਸਾਹਨੀ (ਚਾਂਦਨੀ ਚੌਕ) ਤੇ ਅਰਵਿੰਦਰ ਸਿੰਘ ਲਵਲੀ (ਗਾਂਧੀਨਗਰ) ਹਨ। ਕਾਂਗਰਸ ਦੇ ਹਾਰਨ ਵਾਲੇ ਉਮੀਦਵਾਰਾਂ ਵਿਚ ਹਰਸ਼ਰਨ ਸਿੰਘ ਬੱਲੀ, ਅਰਵਿੰਦਰ ਸਿੰਘ ਲਵਲੀ (ਬੂਟਾ ਸਿੰਘ ਦਾ ਪੁੱਤਰ) ਸੁਰਿੰਦਰ ਸਿੰਘ ਬਿੱਟੂ ਤੇ ਤਰਵਿੰਦਰ ਸਿੰਘ ਮਾਰਵਾਹ ਸ਼ਾਮਲ ਹਨ। ਅਕਾਲੀ ਦਲ ਤੇ ਭਾਜਪਾ ਦੇ ਮਨਜਿੰਦਰ ਸਿੰਘ ਸਿਰਸਾ (ਰਾਜੌਰੀ ਗਾਰਡਨ), ਹਰਮੀਤ ਸਿੰਘ ਕਾਲਕਾ (ਕਾਲਕਾ ਜੀ) ਜਤਿੰਦਰ ਸਿੰਘ ਸ਼ੰਟੀ (ਸ਼ਾਹਦਰਾ), ਉਹ ਜਿੱਤੇ ਹੋਏ ਸਿੱਖ ਉਮੀਦਵਾਰ ਹਨ ਜੋ ਪਹਿਲੀ ਵਾਰ ਵਿਧਾਨ ਸਭਾ ਵਿਚ ਜਾਣਗੇ। ਭਾਜਪਾ ਦੇ ਆਪਣੇ ਕੋਟੇ ਵਿਚੋਂ ਆਰæਪੀæ ਸਿੰਘ ਰਾਜਿੰਦਰ ਨਗਰ ਤੋਂ ਜਿੱਤੇ ਹਨ।
ਆਮ ਆਦਮੀ ਪਾਰਟੀ ਦੇ ਨੌਜਵਾਨ ਆਗੂ ਜਰਨੈਲ ਸਿੰਘ (ਤਿਲਕ ਨਗਰ) ਨੇ ਰਾਜੀਵ ਬੱਬਰ (ਭਾਜਪਾ) ਨੂੰ ਤੇ ਹਰੀਨਗਰ ਤੋਂ ਇਸ ਦੇ ਉਮੀਦਵਾਰ ਜਗਦੀਪ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਸ਼ਿਆਮ ਸ਼ਰਮਾ ਨੂੰ ਹਰਾਇਆ। ਆਪ ਦੇ ਉਮੀਦਵਾਰ ਮਨਿੰਦਰ ਸਿੰਘ ਧੀਰ ਨੇ ਚਾਰ ਵਾਰੀ ਜੇਤੂ ਰਹੇ ਤਰਵਿੰਦਰ ਸਿੰਘ ਮਾਰਵਾਹ ਨੂੰ ਹਰਾ ਕੇ ਜੰਗਪੁਰਾ ਹਲਕਾ ਜਿੱਤਿਆ ਹੈ।
Leave a Reply