ਸਾਢੇ 10 ਸਾਲ ਤੋਂ ਲੈ ਕੇ 14 ਸਾਲ ਤਕ ਕੈਦ
ਲੰਡਨ (ਪੰਜਾਬ ਟਾਈਮਜ਼ ਬਿਊਰੋ): ਸਾਕਾ ਨੀਲਾ ਤਾਰਾ ਦੀ ਕਾਰਵਾਈ ਵੇਲੇ ਭਾਰਤੀ ਫੌਜ ਦੀ ਅਗਵਾਈ ਕਰਨ ਵਾਲੇ ਲੈਫਟੀਨੈਂਟ ਜਨਰਲ (ਸੇਵਾਮੁਕਤ) ਕੁਲਦੀਪ ਸਿੰਘ ਬਰਾੜ ‘ਤੇ ਲੰਡਨ ਵਿਚ ਹਮਲਾ ਕਰਨ ਦੇ ਇਲਜ਼ਾਮ ਵਿਚ ਇਥੋਂ ਦੀ ਅਦਾਲਤ ਨੇ ਇਕ ਔਰਤ ਸਣੇ ਚਾਰ ਸਿੱਖਾਂ ਨੂੰ ਸਾਢੇ 10 ਸਾਲ ਤੋਂ ਲੈ ਕੇ 14 ਸਾਲ ਤਕ ਕੈਦ ਦੀ ਸਜ਼ਾ ਸੁਣਾਈ ਹੈ।
ਇਸ ਕੇਸ ਵਿਚ ਅਦਾਲਤ ਨੇ ਲੰਡਨ ਵਾਸੀ ਹਰਜੀਤ ਕੌਰ (38), ਮਨਦੀਪ ਸਿੰਘ ਸੰਧੂ (34), ਦਿਲਬਾਗ ਸਿੰਘ (36) ਤੇ ਬਰਜਿੰਦਰ ਸਿੰਘ ਸੰਘਾ (33) ਨੂੰ ਦੋਸ਼ੀ ਕਰਾਰ ਦੇ ਦਿੱਤਾ ਸੀ। ਸਾਊਥਵਰਕ ਕਰਾਊਨ ਕੋਰਟ ਲੰਡਨ ਵਿਚ ਦੋ ਘੰਟੇ ਚੱਲੀ ਅਦਾਲਤੀ ਕਾਰਵਾਈ ਦੌਰਾਨ ਜਨਰਲ ਬਰਾੜ ‘ਤੇ ਹਮਲਾ ਕਰਨ ਦੇ ਦੋਸ਼ ਵਿਚ ਅਦਾਲਤ ਨੇ ਹਰਜੀਤ ਕੌਰ ਨੂੰ 11 ਸਾਲ, ਬਰਜਿੰਦਰ ਸਿੰਘ ਸੰਘਾ ਨੂੰ 10 ਸਾਲ 6 ਮਹੀਨੇ, ਮਨਦੀਪ ਸਿੰਘ ਸੰਧੂ ਤੇ ਦਿਲਬਾਗ ਸਿੰਘ ਨੂੰ 14-14 ਸਾਲ ਕੈਦ ਦੀ ਸਜ਼ਾ ਸੁਣਾਈ। ਇਹ ਘਟਨਾ 30 ਸਤੰਬਰ 2012 ਨੂੰ ਕੇਂਦਰੀ ਲੰਡਨ ਦੀ ਓਲਡ ਕਿਊਬਕ ਸਟਰੀਟ ‘ਤੇ ਉਦੋਂ ਵਾਪਰੀ ਸੀ ਜਦੋਂ ਜਨਰਲ ਬਰਾੜ ਅਤੇ ਉਨ੍ਹਾਂ ਦੀ ਪਤਨੀ ਮੀਨਾ ਬਰਾੜ ਇੰਗਲੈਂਡ ਆਏ ਹੋਏ ਸਨ।
ਦੂਜੇ ਪਾਸੇ ਅਦਾਲਤ ਦੇ ਇਸ ਫੈਸਲੇ ਕਰ ਕੇ ਸਿੱਖਾਂ ਵਿਚ ਰੋਸ ਹੈ। ਅਦਾਲਤ ਦੇ ਬਾਹਰ ਮੌਜੂਦ ਸਿੱਖਾਂ ਨੇ ਫ਼ੈਸਲੇ ‘ਤੇ ਨਿਰਾਸ਼ਾ ਪ੍ਰਗਟ ਕਰਦਿਆਂ ਰੋਸ ਵਜੋਂ ਨਾਅਰੇਬਾਜ਼ੀ ਕੀਤੀ ਤੇ ਕਿਹਾ ਕਿ ਇਹ ਫ਼ੈਸਲਾ ਭਾਰਤ ਦੇ ਦਬਾਅ ਹੇਠ ਕੀਤਾ ਗਿਆ ਹੈ। ਉਨ੍ਹਾਂ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਵੀ ਲਾਏ ਤੇ ਕਿਹਾ ਕਿ ਸਿੱਖਾਂ ਨੂੰ ਕਿਧਰੇ ਵੀ ਇਨਸਾਫ਼ ਨਹੀਂ ਮਿਲ ਰਿਹਾ। ਯੂਨਾਈਟਡ ਖਾਲਸਾ ਦਲ ਦੇ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ, ਅਕਾਲੀ ਦਲ ਮਾਨ ਦੇ ਭਾਈ ਸਰਬਜੀਤ ਸਿੰਘ, ਸਤਿੰਦਰਪਾਲ ਸਿੰਘ ਮੰਗੂਵਾਲ, ਸਿੱਖ ਫੈਡਰੇਸ਼ਨ ਯੂæਕੇæ ਦੇ ਭਾਈ ਹਰਦੀਸ਼ ਸਿੰਘ ਸਮੇਤ 200 ਦੇ ਕਰੀਬ ਸਿੱਖ ਬੱਸਾਂ ਰਾਹੀਂ ਬਰਮਿੰਘਮ, ਵਾਲਸਾਲ, ਲੰਡਨ, ਕਵੈਂਟਰੀ ਸਮੇਤ ਸਮੁੱਚੇ ਬਰਤਾਨੀਆ ਤੋਂ ਇਥੇ ਪਹੁੰਚੇ ਹੋਏ ਸਨ।
ਕੇਸ ਦੀ ਸੁਣਵਾਈ ਦੌਰਾਨ ਜਨਰਲ ਬਰਾੜ ਨੇ ਵੀਡੀਓ ਕਾਨਫਰੰਸ ਰਾਹੀਂ ਗਵਾਹੀ ਦਿੰਦਿਆਂ ਕਿਹਾ ਸੀ ਕਿ ਖਾਲਿਸਤਾਨ ਪੱਖੀ ਵੈਬਸਾਈਟ ਨੇ ਉਨ੍ਹਾਂ ਨੂੰ ਸਿੱਖਾਂ ਦਾ ਨੰਬਰ ਵਨ ਦੁਸ਼ਮਣ ਐਲਾਨਿਆ ਹੋਇਆ ਸੀ। ਉਨ੍ਹਾਂ ਮੁਤਾਬਕ ਇਕ ਹੋਰ ਧਮਕੀ ਵਿਚ ਕਿਹਾ ਗਿਆ ਸੀ ਕਿ ਉਨ੍ਹਾਂ ਨੂੰ ਮਾਰ ਮੁਕਾਉਣ ਦੇ ਸੱਤ ਯਤਨ ਸਫ਼ਲ ਨਹੀਂ ਹੋਏ ਪਰ ਅੱਠਵਾਂ ਖਾਲੀ ਨਹੀਂ ਜਾਵੇਗਾ।
ਹਰਜੀਤ ਕੌਰ ਨੂੰ ਜਨਰਲ ਬਰਾੜ ਅਤੇ ਉਨ੍ਹਾਂ ਦੀ ਪਤਨੀ ਦੇ ਥਹੁ-ਪਤੇ ਬਾਰੇ ਹਮਲਾਵਰਾਂ ਨੂੰ ਜਾਣਕਾਰੀ ਦੇਣ ਲਈ ਦੋਸ਼ੀ ਠਹਿਰਾਇਆ ਗਿਆ ਹੈ। ਬਰਜਿੰਦਰ ਸਿੰਘ ਵੱਲੋਂ ਆਪਣਾ ਗੁਨਾਹ ਪਹਿਲਾਂ ਹੀ ਕਬੂਲ ਲੈਣ ਕਰ ਕੇ ਉਸ ਦੀ ਸਜ਼ਾ ਵਿਚ ਕਟੌਤੀ ਕਰਨ ਦੇ ਵੀ ਹੁਕਮ ਸੁਣਾਏ ਗਏ ਜਿਸ ਤਹਿਤ ਉਸ ਦੀ ਸਜ਼ਾ ਅੱਠ ਸਾਲ ਛੇ ਮਹੀਨੇ ਰਹਿ ਜਾਵੇਗੀ। ਸਾਰਿਆਂ ਨੂੰ ਘੱਟੋ-ਘੱਟ ਅੱਧੀ ਸਜ਼ਾ ਜੇਲ੍ਹ ਵਿਚ ਕੱਟਣੀ ਪਵੇਗੀ ਤੇ ਬਾਅਦ ਵਿਚ ਉਨ੍ਹਾਂ ਨੂੰ ਲਾਇਸੰਸ ‘ਤੇ ਰਿਹਾ ਕੀਤਾ ਜਾ ਸਕਦਾ ਹੈ। ਜੱਜ ਨੇ ਸਜ਼ਾ ਸੁਣਾਉਂਦੇ ਹੋਏ ਕਿਹਾ ਕਿ ਹਮਲਾ ਗੰਭੀਰ ਰੂਪ ਵਿਚ ਜ਼ਖ਼ਮੀ ਕਰਨ ਦੀ ਸ਼੍ਰੇਣੀ ਵਿਚ ਆਉਂਦਾ ਹੈ ਤੇ ਬਰਾੜ ਜੋੜੇ ਨੂੰ ਮਾਨਸਿਕ ਤੌਰ ‘ਤੇ ਪੁੱਜੇ ਨੁਕਸਾਨ ਨੂੰ ਧਿਆਨ ਵਿਚ ਰੱਖਿਆ ਗਿਆ ਹੈ। ਇਹ ਹਮਲਾ ਸਪਸ਼ਟ ਰੂਪ ਵਿਚ ਬਰਾੜ ਵੱਲੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਕੀਤੀਆਂ ਕਾਰਵਾਈਆਂ ਦਾ ਬਦਲਾ ਲੈਣ ਲਈ ਕੀਤਾ ਗਿਆ ਸੀ।
ਜ਼ਿਕਰਯੋਗ ਹੈ ਕਿ ਇਸ ਹਮਲੇ ਵਿਚ ਜਨਰਲ ਬਰਾੜ ਦੇ ਗਲੇ ‘ਤੇ ਤੇਜ਼ਧਾਰ ਚਾਕੂ ਨਾਲ ਵਾਰ ਕੀਤਾ ਗਿਆ ਸੀ ਜਦਕਿ ਬਰਾੜ ਦੀ ਪਤਨੀ ਮੀਨਾ ਬਰਾੜ ਨੂੰ ਵੀ ਧੱਕਾ ਮਾਰਿਆ ਸੀ।
Leave a Reply