ਨੈਲਸਨ ਮੰਡੇਲਾ ਅਤੇ ਅਧੂਰੇ ਖਵਾਬਾਂ ਦੀ ਵਿਰਾਸਤ

ਬੂਟਾ ਸਿੰਘ
ਫੋਨ: 91-94634-74342
ਸਿਆਹਫਾਮ (ਕਾਲੇ) ਲੋਕਾਂ ਦੀ ਆਜ਼ਾਦੀ ਦਾ ਮਹਾਂਨਾਇਕ ਨੈਲਸਨ ਮੰਡੇਲਾ 95 ਵਰ੍ਹੇ ਲੰਮੀ ਹਯਾਤੀ ਹੰਢਾਅ ਕੇ ਰੁਖ਼ਸਤ ਹੋ ਗਿਆ। ਉਹ ਆਪਣੇ ਪਿਛੇ ਨਸਲੀ ਵਿਤਕਰੇ ਅਤੇ ਹਰ ਤਰ੍ਹਾਂ ਦੀ ਨਾਬਰਾਬਰੀ ਖ਼ਿਲਾਫ਼ ਬਗ਼ਾਵਤ ਦੀ ਸ਼ਾਨਦਾਰ ਇਨਕਲਾਬੀ ਵਿਰਾਸਤ ਦੇ ਨਾਲ-ਨਾਲ ਅਧੂਰੇ ਖ਼ਵਾਬਾਂ ਦੇ ਰੂਪ ਵਿਚ ਉਹ ਪੀੜਾਂ ਛੱਡ ਗਿਆ ਹੈ ਜੋ ਕਾਲੇ ਲੋਕਾਂ ਦੇ ਦਿਲਾਂ ਨੂੰ ਉਦੋਂ ਤਕ ਪਿੰਜਦੀਆਂ ਰਹਿਣਗੀਆਂ ਜਦੋਂ ਤਕ ਉਨ੍ਹਾਂ ਨੂੰ ਸੱਚੇ ਮਾਅਨਿਆਂ ‘ਚ ਬਰਾਬਰੀ ਅਤੇ ਮਾਣ-ਸਨਮਾਨ ਵਾਲੀ ਜ਼ਿੰਦਗੀ ਹਾਸਲ ਨਹੀਂ ਹੋ ਜਾਂਦੀ।
ਮੰਡੇਲਾ ਨੇ ਆਪਣੀ ਸਿਆਸੀ ਜ਼ਿੰਦਗੀ ਦਾ ਆਗਾਜ਼ ਵਿਦਿਆਰਥੀ ਜ਼ਿੰਦਗੀ ਦੌਰਾਨ ਬਸਤੀਵਾਦ ਵਿਰੋਧੀ ਜੱਦੋਜਹਿਦ ਤੋਂ ਕੀਤਾ। ਉਹ 1948 ਦੀ ਸੱਤਾ-ਬਦਲੀ ਵਿਚੋਂ ਪੈਦਾ ਹੋਏ ਨੈਸ਼ਨਲ ਪਾਰਟੀ ਦੇ ਨਸਲਵਾਦੀ ਨਿਜ਼ਾਮ ਵਿਰੁੱਧ, ਕਾਲੇ ਲੋਕਾਂ ਦੇ ਬਰਾਬਰੀ ਲਈ ਸੰਗਰਾਮ ਦਾ ਹਿੱਸਾ ਬਣਿਆ। ਫਿਰ ਨਸਲਵਾਦੀ ਨਿਜ਼ਾਮ ਦੇ ਮੁਕੰਮਲ ਖ਼ਾਤਮੇ ਲਈ ਹਥਿਆਰਬੰਦ ਲੜਾਈ ਦਾ ਨਵਾਂ ਭਵਿੱਖ-ਨਕਸ਼ਾ ਦੇ ਕੇ ਇਤਿਹਾਸਕ ਲੜਾਈ ਦਾ ਮਹਾਂ-ਨਾਇਕ ਬਣ ਕੇ ਉਭਰਿਆ। ਲਹਿਰ ਚਾਹੇ ਸ਼ਾਂਤਮਈ ਸੀ ਜਾਂ ਹਥਿਆਰਬੰਦ, ਇਸ ਦੇ ਆਗੂਆਂ ਨੂੰ ਉਸੇ ਤਰ੍ਹਾਂ ‘ਰਾਜ-ਧ੍ਰੋਹ’ ਅਤੇ ‘ਰਾਜ ਵਿਰੁੱਧ ਜੰਗ ਛੇੜਨ’ ਦੇ ਮੁਕੱਦਮਿਆਂ ਦਾ ਸਾਹਮਣਾ ਕਰਨਾ ਪੈਂਦਾ ਸੀ ਜਿਵੇਂ ਹੁਣ ਭਾਰਤ ਵਿਚ ਤਬਦੀਲੀਪਸੰਦਾਂ ਨੂੰ ਕਰਨਾ ਪੈ ਰਿਹਾ ਹੈ। ਇਸੇ ਰਾਜਕੀ ਦਸਤੂਰ ਤਹਿਤ ਮੰਡੇਲਾ ਨੂੰ 1962 ਵਿਚ ਗ੍ਰਿਫ਼ਤਾਰ ਕਰ ਕੇ ਇਤਿਹਾਸਕ ਰਿਵੋਨੀਆ ਮੁਕੱਦਮੇ ਵਿਚ ਉਮਰ ਕੈਦ ਦੀ ਸਜ਼ਾ ਦੇ ਕੇ ਜੇਲ੍ਹ ਬੰਦ ਕੀਤਾ ਗਿਆ। ਤੱਥ ਦੱਸਦੇ ਹਨ ਕਿ 1962 ਵਿਚ ਮੰਡੇਲਾ ਦੀ ਗ੍ਰਿਫ਼ਤਾਰੀ ਅਮਰੀਕੀ ਸਟੇਟ ਦੇ ਇਸ਼ਾਰੇ ‘ਤੇ ਸੀæਆਈæਏæ ਅਤੇ ਨੈਸ਼ਨਲ ਸਕਿਉਰਿਟੀ ਏਜੰਸੀ ਵਲੋਂ ਮਿਲ ਕੇ ਕੀਤੇ ਖੁਫ਼ੀਆ ਓਪਰੇਸ਼ਨ ਨੇ ਸੰਭਵ ਬਣਾਈ ਸੀ। (ਅਫ਼ਰੀਕਨ ਨੈਸ਼ਨਲ ਕਾਂਗਰਸ ਅਮਰੀਕੀ ਸਟੇਟ ਵਲੋਂ ‘ਦਹਿਸ਼ਤਗਰਦ’ ਐਲਾਨੀਆਂ ਜਥੇਬੰਦੀਆਂ ਦੀ ਸੂਚੀ ਵਿਚ ਸ਼ਾਮਲ ਰਹੀ ਹੈ)। ਉਸ ਨੂੰ ਆਪਣੀ ਜ਼ਿੰਦਗੀ ਦੇ 27 ਬਿਹਤਰੀਨ ਵਰ੍ਹੇ ਬੰਦੀਖ਼ਾਨੇ ‘ਚ ਗੁਜ਼ਾਰਨੇ ਪਏ। ਕੁਲ ਆਲਮ ਵਿਚ ਉਸ ਦੀ ਰਿਹਾਈ ਲਈ ਲਗਾਤਾਰ ਮੁਹਿੰਮ ਦੇ ਦਬਾਅ ਦੀ ਬਦੌਲਤ 1990 ‘ਚ ਉਹ ਬਾਹਰ ਆਇਆ।
ਮੰਡੇਲਾ ਦੀ ਅਗਵਾਈ ਹੇਠ ਨਸਲਵਾਦੀ ਡੀæ ਕਲਾਰਕ ਹਕੂਮਤ ਨਾਲ ਨਸਲੀ ਵਿਤਕਰੇ ਦੇ ਖ਼ਾਤਮੇ ਲਈ ਸਿਆਸੀ ਗੱਲਬਾਤ ਦਾ ਲੰਮਾ ਅਮਲ ਚੱਲਿਆ। ਫਿਰ ਸਿਆਸੀ ਸਮਝੌਤੇ ਤਹਿਤ ਕਾਲੇ ਲੋਕਾਂ ਨੂੰ ਵੋਟ ਦਾ ਸਿਆਸੀ ਹੱਕ ਹਾਸਲ ਹੋਇਆ ਅਤੇ ਇਸ ‘ਇਨਕਲਾਬ’ ਦੇ ਸਿਖ਼ਰ ‘ਤੇ 1994 ਦੀਆਂ ‘ਬਹੁ-ਨਸਲੀ ਚੋਣਾਂ’ ਜ਼ਰੀਏ ਉਹ ਦੱਖਣੀ ਅਫ਼ਰੀਕਾ ਦਾ ਪਹਿਲਾ ਕਾਲਾ ਰਾਸ਼ਟਰਪਤੀ ਬਣਿਆ। ਉਹ ਪੰਜ ਸਾਲ ਇਸ ਅਹੁਦੇ ‘ਤੇ ਰਿਹਾ। ਦੁਨੀਆਂ ਭਰ ਵਿਚ ਉਸ ਨੂੰ ਨੋਬੇਲ ਸ਼ਾਂਤੀ ਇਨਾਮ ਸਮੇਤ 250 ਤੋਂ ਉਪਰ ਇਨਾਮਾਂ-ਸਨਮਾਨਾਂ ਨਾਲ ਨਵਾਜਿਆ ਗਿਆ। ਇਨਾਮਾਂ-ਸਨਮਾਨਾਂ ਦੀ ਬਖ਼ਸ਼ਿਸ਼ ਕਰਨ ਵਿਚ ਦੁਨੀਆਂ ਦੀਆਂ ਉਹ ਸਾਰੀਆਂ ਰਿਆਸਤਾਂ ਵੀ ਸ਼ਾਮਲ ਸਨ ਜਿਹੜੀਆਂ ਕਾਲੇ ਲੋਕਾਂ ਉੱਪਰ ਨਸਲੀ ਦਾਬੇ ਵਾਲੇ ਘੋਰ ਅਣਮਨੁੱਖੀ ਨਿਜ਼ਾਮ ਨੂੰ ਸਲਾਮਤ ਰੱਖਣ ‘ਚ ਹੱਥ ਵਟਾਉਂਦੀਆਂ ਰਹੀਆਂ ਸਨ। ਇਹ ਉਸ ਨੂੰ ‘ਮਾਰਕਸਵਾਦੀ ਦਹਿਸ਼ਤਗਰਦ’ ਆਖ ਕੇ ਭੰਡਦੀਆਂ ਵੀ ਰਹੀਆਂ ਸਨ। ਸਿਰਫ਼ 1992 ‘ਚ ਤੁਰਕੀ ਦੀ ਹਕੂਮਤ ਵਲੋਂ ਪੇਸ਼ ਸ਼ਾਂਤੀ ਇਨਾਮ ਨੂੰ ਮਨੁੱਖੀ ਹੱਕਾਂ ਦੇ ਘਾਣ ਦੀ ਵਜ੍ਹਾ ਨਾਲ ਆਰਜ਼ੀ ਤੌਰ ‘ਤੇ ਨਾਮਨਜ਼ੂਰ ਕਰਨਾ ਹੀ ਸ਼ਾਇਦ ਇਕੋ-ਇਕ ਮਿਸਾਲ ਸੀ ਜਿਸ ਨੂੰ ਮੰਡੇਲਾ ਨੇ ਨਹੀਂ ਸੀ ਸਵੀਕਾਰਿਆ। 1999 ਵਿਚ ਉਸ ਨੇ ਇਹ ਸਨਮਾਨ ਵੀ ਲੈ ਲਿਆ। ਅਮਰੀਕਾ ਦਾ ‘ਪ੍ਰੈਜ਼ੀਡੈਂਸ਼ੀਅਲ ਮੈਡਲ ਆਫ਼ ਫਰੀਡਮ’, ਭਾਰਤ ਦਾ ‘ਭਾਰਤ ਰਤਨ’, ਪਾਕਿਸਤਾਨ ਦਾ ‘ਨਿਸ਼ਾਨ-ਏ-ਪਾਕਿਸਤਾਨ’, ਇੰਡੋਨੇਸ਼ੀਆ ਦੇ ਬੁੱਚੜ ਜਰਨਲ ਸੁਹਾਰਤੋ ਤੋਂ 10 ਮਿਲੀਅਨ ਡਾਲਰ ਦੀ ਨਗ਼ਦ ‘ਸਹਾਇਤਾ’ ਸਮੇਤ ਹਰ ਜੰਗਬਾਜ਼, ਜਰਵਾਣੇ ਅਤੇ ਧੱਕੜ ਨਿਜ਼ਾਮ ਵਲੋਂ ਪੇਸ਼ ਸਨਮਾਨ ਉਸ ਨੇ ਕਬੂਲਿਆ। ਅੱਜ ਅਮਰੀਕਾ ਤੋਂ ਲੈ ਕੇ ਭਾਰਤ ਤਕ, ਦੂਹਰੇ ਮਿਆਰਾਂ ਵਾਲੀ ਹਰ ਰਿਆਸਤ ਦੇ ਮੁਖੀ ਮੰਡੇਲਾ ਦੇ ਕਸੀਦੇ ਪੜ੍ਹ ਰਹੇ ਹਨ ਅਤੇ ‘ਕੌਮੀ ਮਾਤਮ’ ਮਨਾ ਰਹੇ ਹਨ। ਇਹ ਹੈਰਤ-ਅੰਗੇਜ਼ ਨਹੀਂ ਕਿ ਉਸ ਦੇ ਨਾਂ ‘ਤੇ ਜਾਰੀ ਯੂæਐੱਨæਓæ ਦਾ ਛੇ ਕਰੋੜ ਡਾਲਰ ਦਾ ਫੰਡ ਦੁਨੀਆਂ ਭਰ ‘ਚ ਜੁਝਾਰੂ ਲੋਕਾਂ ਨਾਲ ਨਜਿੱਠਣ ਲਈ ਵਰਤਿਆ ਜਾ ਰਿਹਾ ਹੈ?
ਦਰਅਸਲ, ਮੰਡੇਲਾ ਦੀ ਰਿਹਾਈ ਦੇ ਪਿਛੋਕੜ ਵਿਚ ਇਕ ਹੋਰ ਅਮਲ ਵੀ ਕਾਰਜਸ਼ੀਲ ਸੀ। ਮੰਡੇਲਾ ਦੇ ਜਾਨਸ਼ੀਨ ਅਫ਼ਰੀਕਨ ਨੈਸ਼ਨਲ ਕਾਂਗਰਸ (ਏæਐੱਨæਸੀæ) ਦੇ ਮੁਖੀ ਥਾਬੋ ਮਬੇਕੀ ਨਾਲ ਰਲ ਕੇ ਆਲਮੀ ਕਾਰਪੋਰੇਟ ਸਰਮਾਏਦਾਰੀ ਨੇ ਇਸ ਸ਼ਾਨਾਮੱਤੀ ਲਹਿਰ ਨੂੰ ਅਗਵਾ ਕਰ ਲਿਆ ਸੀ। ਫਿਰ ਇਸ ਨੂੰ ਆਪਣੇ ਕਾਰਪੋਰੇਟ ਏਜੰਡੇ ਦੇ ਅਨੁਸਾਰ ਇੰਝ ਢਾਲਿਆ ਕਿ ਪੂਰੀ ਪਾਰਟੀ ਵਿਚ ਕਿਸੇ ਦੇ ਇਹ ਚਿੱਤ-ਚੇਤੇ ਵੀ ਨਹੀਂ ਸੀ ਕਿ ਉਨ੍ਹਾਂ ਨਾਲ ਕਦੇ ਇਉਂ ਵੀ ਹੋ ਸਕਦਾ ਹੈ! ਕਾਲੇ ਅਫ਼ਰੀਕਨ ਤਾਂ ਆਪਣੇ ਰਾਹਨੁਮਾ ਦੇ ਉਸ ਪੈਗ਼ਾਮ ਦੀ ਭਾਵਨਾ ਨੂੰ ਹਕੀਕਤ ਮੰਨ ਕੇ ਨਸਲਵਾਦੀ ਨਿਜ਼ਾਮ ਨੂੰ ਆਖਰੀ ਸੱਟ ਮਾਰਨ ਦੀ ਤਿਆਰੀ ਵਿਚ ਜੁੱਟੇ ਹੋਏ ਸਨ ਜੋ ਉਸ ਨੇ ਜਨਵਰੀ 1990 ਵਿਚ ਜੇਲ੍ਹ ਵਿਚੋਂ ਭੇਜਿਆ ਸੀ। ਪਾਰਟੀ ਵਿਚ ਚੱਲ ਰਹੀ ਬਹਿਸ ਬਾਰੇ ਭੇਜੇ ਗਏ ਸਵਾਲ ਦੇ ਜਵਾਬ ਵਿਚ ਉਸ ਨੇ ਆਪਣੇ ਆਰਥਿਕ ਪੋਗਰਾਮ ਉਪਰ ਅਡੋਲ ਰਹਿਣ ਦਾ ਸਪਸ਼ਟ ਅਹਿਦ ਮੁੜ ਦੁਹਰਾਇਆ ਸੀ: “ਖਾਣਾਂ, ਬੈਂਕਾਂ ਅਤੇ ਅਜਾਰੇਦਾਰੀ ਵਾਲੀਆਂ ਸਨਅਤਾਂ ਦਾ ਕੌਮੀਕਰਨ ਏæਐੱਨæਸੀæ ਦੀ ਨੀਤੀ ਹੈ। ਇਸ ਬਾਰੇ ਸਾਡੇ ਵਿਚਾਰ ਬਦਲਣ ਦੀ ਗੱਲ ਸੋਚੀ ਵੀ ਨਹੀਂ ਜਾ ਸਕਦੀ।”
ਪਰ ਡੀæ ਕਲਾਰਕ ਹਕੂਮਤ ਨਾਲ ਏæਐੱਨæਸੀæ ਦੇ ਮੁੱਖ ਰਾਜਸੀ ਏਜੰਡੇ ਉੱਪਰ ਗੱਲਬਾਤ ਦੇ ਅਖ਼ੀਰ ‘ਚ ਜੋ ਠੋਸ ਨਤੀਜਾ ਸਾਹਮਣੇ ਆਇਆ, ਉਹ ਇਸ ਤੋਂ ਵੱਖਰੀ ਤਰ੍ਹਾਂ ਦਾ ਸੀ। ਕੁਝ ਆਗੂਆਂ ਨੂੰ ਛੱਡ ਕੇ ਕਿਸੇ ਨੂੰ ਮਬੇਕੀ ਦੀ ਗੁਪਤ ਕਾਰਪੋਰੇਟ ਯੋਜਨਾ ਦੀ ਭਿਣਕ ਤਕ ਨਹੀਂ ਸੀ। ਮਬੇਕੀ ਨੇ ਮੰਡੇਲਾ ਨੂੰ ਪੁਰਾਣੀ ਖੱਬੀ ਵਿਰਾਸਤ ਛੱਡਣ ਲਈ ਰਜ਼ਾਮੰਦ ਕਰ ਲਿਆ। ਸਮਝੌਤੇ ਵਿਚ ਏæਐੱਨæਸੀæ ਦੀ ਨਸਲਵਾਦੀ ਸਟੇਟ ਨੂੰ ਖ਼ਤਮ ਕਰਨ ਅਤੇ ਕਾਲੇ ਲੋਕਾਂ ਨੂੰ ਬਰਾਬਰ ਸਿਆਸੀ ਹੱਕ ਦੇਣ ਦੀ ਮੰਗ ਤਾਂ ਤਸਲੀਮ ਕਰ ਲਈ ਗਈ ਸੀ ਜੋ ਆਪਣੇ ਆਪ ਵਿਚ ਬਹੁਤ ਵੱਡੀ ਇਤਿਹਾਸਕ ਪ੍ਰਾਪਤੀ ਸੀ, ਪਰ ਕਾਲੇ ਅਫ਼ਰੀਕਨਾਂ ਦੀਆਂ ਰਾਜਸੀ ਰੀਝਾਂ ਅਤੇ ਭਾਵਨਾਵਾਂ ਦੀ ਨੁਮਾਇੰਦਗੀ ਕਰਦੇ ਇਤਿਹਾਸਕ ਆਜ਼ਾਦੀ ਚਾਰਟਰ ਵਿਚਲੇ ਆਰਥਿਕ ਪ੍ਰੋਗਰਾਮ ਨੂੰ ਤਿਲਾਂਜਲੀ ਦੇ ਦਿੱਤੀ ਗਈ। ਆਜ਼ਾਦੀ ਚਾਰਟਰ ਦੇ ਇਸ ਅਨਿੱਖੜ ਹਿੱਸੇ ਨੇ ਕਾਲੇ ਲੋਕਾਂ ਨੂੰ ਸੰਤਾਪੀ ਹੋਈ ਜ਼ਿੰਦਗੀ ‘ਚੋਂ ਕੱਢ ਕੇ ਸੱਚੀ ਬੰਦ-ਖ਼ਲਾਸੀ ਦੀ ਬੁਨਿਆਦ ਬਣਨਾ ਸੀ; ਕਿਉਂਕਿ ਆਰਥਿਕਤਾ ਉੱਪਰ ਗੋਰੇ ਅਫ਼ਰੀਕਨਾਂ ਅਤੇ ਚਿੱਟੀ ਚਮੜੀ ਵਾਲੀਆਂ ਸਰਮਾਏਦਾਰ ਤਾਕਤਾਂ ਦਾ ਗ਼ਲਬਾ ਸੀ ਅਤੇ ਕਾਲਿਆਂ ਨੂੰ ਜਾਇਦਾਦ ਰੱਖਣ ਜਾਂ ਬਣਾਉਣ ਦਾ ਹੱਕ ਵੀ ਨਹੀਂ ਸੀ। ਇਸ ਦੇ ਮੱਦੇਨਜ਼ਰ ਏæਐੱਨæਸੀæ ਵਲੋਂ ਆਜ਼ਾਦੀ ਚਾਰਟਰ ਵਿਚ ਬੈਂਕਾਂ, ਖਾਣਾਂ, ਸਨਅਤਾਂ ਆਦਿ ਦੇ ਕੌਮੀਕਰਨ ਅਤੇ ਜ਼ਮੀਨ ਦੀ ਮੁੜ ਵੰਡ ਵਰਗੇ ਬੁਨਿਆਦੀ ਆਰਥਿਕ ਸੁਧਾਰਾਂ ਨੂੰ ਆਪਣੇ ਆਰਥਿਕ ਪ੍ਰੋਗਰਾਮ ਦਾ ਧੁਰਾ ਬਣਾਇਆ ਗਿਆ ਸੀ। ਮੰਡੇਲਾ ਵਲੋਂ ਜੇਲ੍ਹ ਵਿਚੋਂ ਭੇਜੇ ਪੈਗ਼ਾਮ ਦੀ ਮੂਲ ਭਾਵਨਾ ਨੂੰ ਸਿਆਸੀ ਸਮਝੌਤੇ ਵਕਤ ਦਰ-ਕਿਨਾਰ ਕਰ ਦਿੱਤਾ ਗਿਆ। ਬਕੌਲ ਮੰਡੇਲਾ “ਨੈਸ਼ਨਲ ਪਾਰਟੀ ਸਾਡੀ ਰਜ਼ਾਮੰਦੀ ਨਾਲ ਗੋਰਿਆਂ ਦੀ ਸਰਵੋਤਮ ਹੈਸੀਅਤ ਨੂੰ ਬਰਕਰਾਰ ਰੱਖਣ ਦੀ ਵਾਹ ਲਾ ਰਹੀ ਸੀ”।
ਲਿਹਾਜ਼ਾ, 1994 ਦੀਆਂ ਚੋਣਾਂ ਸਮੇਂ ਕਾਲੇ ਅਫ਼ਰੀਕਨਾਂ ਵਲੋਂ ਵੋਟ ਦੇ ਸਿਆਸੀ ਹੱਕ ਦੇ ਇਸਤੇਮਾਲ ਨਾਲ ਓੜਕ ਕਾਲਾ ਪਤਵੰਤਾ ਵਰਗ ਸੱਤਾ ‘ਚ ਆ ਗਿਆ ਪਰ ਅਵਾਮ ਦੀ ਸੰਤਾਪੀ ਹਾਲਤ ਵਿਚ ਕੋਈ ਫ਼ਰਕ ਪੈਣ ਵਾਲਾ ਨਹੀਂ ਸੀ। ਜਦੋਂ ਏæਐੱਨæਸੀæ ਦੇ ਆਗੂ ਸੰਸਦ ਉਪਰ ਕਬਜ਼ਾ ਯਕੀਨੀ ਬਣਾਉਣ ਦੇ ਯਤਨਾਂ ਵਿਚ ਮਸਰੂਫ਼ ਸਨ, ਉਸ ਵਕਤ ਨਸਲਵਾਦੀ ਜੁੰਡਲੀ ਆਰਥਿਕਤਾ ਨੂੰ ਵੱਧ ਤੋਂ ਵੱਧ ਜੱਫਾ ਮਾਰ ਰਹੀ ਸੀ। ਸਮਝੌਤੇ ਵਿਚ ‘ਨਿੱਜੀ ਜਾਇਦਾਦ ਦੀ ਹਿਫ਼ਾਜ਼ਤ’ ਦੀ ਮੱਦ ਸ਼ਾਮਲ ਕਰਾ ਲਈ ਗਈ। ਆਰਥਿਕਤਾ ਦੇ ਹਰ ਖੇਤਰ ਨੂੰ ਆਲਮੀ ਕਾਰਪੋਰੇਟ ਏਜੰਡੇ ਅਨੁਸਾਰ ਵਿਉਂਤ ਕੇ ਹਰ ਅਹਿਮ ਆਰਥਿਕ ਸਰਗਰਮੀ ਉਪਰ ਨਸਲਵਾਦੀ ਨਿਜ਼ਾਮ ਦੇ ਵਫ਼ਾਦਾਰ, ਮੁੜ ਕਾਬਜ਼ ਹੋ ਗਏ। ਕੇਂਦਰੀ ਬੈਂਕ ਦਾ ਮੁਖੀ ਹੁਣ ਵੀ ਕ੍ਰਿਸ ਸਟਾਲਸ ਸੀ ਅਤੇ ਗੋਰਾ ਦੈਰਕ ਕੀਜ਼ ਵਿੱਤ ਮੰਤਰੀ ਸੀ। ਪਹਿਲੇ ਨਸਲਵਾਦੀ ਨਿਜ਼ਾਮ ਵਿਚ ਉਹੀ ਇਨ੍ਹਾਂ ਅਹੁਦਿਆਂ ਉੱਪਰ ਸਨ। ਸਿਰਫ਼ ਨਸਲੀ ਵਿਤਕਰੇ ਨੂੰ ਖ਼ਤਮ ਕਰਨ ਨੂੰ ਸਹਿਮਤੀ ਦਿੱਤੀ ਗਈ ਸੀ, ਕਾਲਿਆਂ ਦੀ ਕੀਮਤ ‘ਤੇ ਉਸਰੇ ਧੜਵੈਲ ਕਾਰੋਬਾਰਾਂ ਨੂੰ ਕੋਈ ਆਂਚ ਨਹੀਂ ਆਈ ਸੀ। ਦੌਲਤ ਦੀ ਮੁੜ-ਵੰਡ ਦੀ ਬਜਾਏ ਨਸਲਵਾਦੀ ਹਕੂਮਤ ਦੀਆਂ ਕੁਲ ਦੇਣਦਾਰੀਆਂ ਅਤੇ ਕਰਜ਼ੇ ਮੰਡੇਲਾ ਹਕੂਮਤ ਦੇ ਗਲ ਮੜ੍ਹ ਦਿੱਤੇ ਗਏ। ਸਮਝੌਤੇ ਵਕਤ ਤਾਂ ਇਹ ਕਹਿ ਕੇ ਆਗੂਆਂ ਨੇ ਮਨ ਨੂੰ ਧਰਵਾਸ ਦੇ ਲਿਆ ਕਿ ਕੁਝ ਨਾ ਕੁਝ ਛੱਡ-ਛਡਾਅ ਤਾਂ ਕਰਨਾ ਹੀ ਪੈਂਦਾ ਹੈ ਪਰ ਪੈਰਾਂ ਨੂੰ ਪਾਏ ਜੂੜ ਦਾ ਅਹਿਸਾਸ ਉਨ੍ਹਾਂ ਨੂੰ ਉਦੋਂ ਹੋਇਆ ਜਦੋਂ ਉਨ੍ਹਾਂ ਨੇ ਸਮਾਜ ਭਲਾਈ ਯੋਜਨਾਵਾਂ ਨੂੰ ਅਮਲ ਵਿਚ ਲਿਆਉਣਾ ਚਾਹਿਆ। ਉਦੋਂ ਉਹ ਕੋਈ ਵੀ ਕਦਮ ਚੁੱਕਣ ਦੀ ਹਾਲਤ ਵਿਚ ਨਹੀਂ ਸਨ। ਪੁਰਾਣੇ ਨਸਲਵਾਦ ਵਿਰੋਧੀ ਘੁਲਾਟੀਏ ਰਸੂਲ ਸਨਾਈਮਨ ਦੇ ਲਫ਼ਜ਼ਾਂ ਵਿਚ “ਉਨ੍ਹਾਂ ਨੇ ਸਾਨੂੰ ਕਦੇ ਵੀ ਮੁਕਤ ਨਹੀਂ ਕੀਤਾ। ਬੱਸ, ਸਾਡੇ ਗਲ ਤੋਂ ਸੰਗਲ ਲਾਹ ਕੇ ਗਿੱਟਿਆਂ ਨੂੰ ਪਾ ਦਿੱਤਾ ਸੀ।”
ਪੰਜ ਸਾਲ ਰਾਸ਼ਟਰਪਤੀ ਰਹਿ ਕੇ ਨੈਲਸਨ ਮੰਡੇਲਾ ਨੇ ਸਰਗਰਮ ਸਿਆਸਤ ਤੋਂ ਕਿਨਾਰਾ ਕਰ ਲਿਆ। ਸ਼ਾਇਦ ਆਪਣੀ ਨਿਸੱਤੇਪਣ ਦੀ ਹਾਲਤ ਉਸ ਨੇ ਸਮਝ ਲਈ ਸੀ। ਆਜ਼ਾਦੀ ਅਤੇ ਬਰਾਬਰੀ ਦਾ ਪ੍ਰਤੀਕ ਜਾਂਬਾਜ਼, ਪਾਲਤੂ ਸ਼ੇਰ ਬਣ ਕੇ ਰਹਿ ਗਿਆ। ਹੁਣ ਉਹ ਬੱਸ ਕੋਸੋਵੋ, ਇਰਾਕ ਆਦਿ ਮੁਲਕਾਂ ਉੱਪਰ ਅਮਰੀਕੀ ਸਟੇਟ ਦੀ ਬਦਮਾਸ਼ੀ ਅਤੇ ਧਾੜਵੀ ਹਮਲਿਆਂ ਦੀ ਨਿਖੇਧੀ ਕਰਨ ਜੋਗਾ ਰਹਿ ਗਿਆ ਸੀ। ‘ਵਾਲ ਸਟਰੀਟ ਜਰਨਲ’ ਨੇ ਲਿਖਿਆ: “ਭਾਵੇਂ ਏæਐੱਨæਸੀæ ਅਜੇ ਵੀ ਮਜ਼ਬੂਤ ਖੱਬੇਪੱਖੀ ਜਥੇਬੰਦੀ ਹੈ ਪਰ ਪਿਛਲੇ ਕੁਝ ਸਮੇਂ ਤੋਂ ਮੰਡੇਲਾ ਦੀ ਸੁਰ ਸਮਾਜਵਾਦੀ ਇਨਕਲਾਬੀ ਨਾਲੋਂ ਮਾਰਗਰੇਟ ਥੈਚਰ ਨਾਲ ਵੱਧ ਮਿਲਦੀ ਹੈ। ਕਦੇ ਉਸ ਨੂੰ ਸਮਾਜਵਾਦੀ ਇਨਕਲਾਬੀ ਹੀ ਮੰਨਿਆ ਜਾਂਦਾ ਸੀ”।
ਏæਐੱਨæਸੀæ ਦਾ ਰਾਜ ਕਾਲੇ ਲੋਕਾਂ ਦੀ ਜ਼ਿੰਦਗੀ ਵਿਚ ਕੋਈ ਬਿਹਤਰੀ ਨਹੀਂ ਲਿਆ ਸਕਿਆ। ‘ਸੱਚ ਅਤੇ ਨਿਪਟਾਰਾ ਕਮਿਸ਼ਨ’ ਨਸਲਵਾਦੀ ਦੌਰ ਦੇ ਜ਼ੁਲਮਾਂ ਨੂੰ ਪ੍ਰਭਾਵਸ਼ਾਲੀ ਰੂਪ ‘ਚ ਮੁਖ਼ਾਤਬ ਹੋਣ ਵਿਚ ਨਾਕਾਮ ਰਿਹਾ। ਨਵਾਂ ਨਿਜ਼ਾਮ ਏਡਜ਼ ਦੀ ਲਪੇਟ ਵਿਚ ਆਏ ਅਵਾਮ ਨੂੰ ਰਾਹਤ ਵੀ ਨਾ ਦਿਵਾ ਸਕਿਆ। 2006 ਵਿਚ ਵੀ 70 ਫ਼ੀ ਸਦੀ ਜ਼ਮੀਨ ਉੱਪਰ ਗੋਰਿਆਂ ਦੀ ਅਜਾਰੇਦਾਰੀ ਸੀ ਜਿਨ੍ਹਾਂ ਦੀ ਅਬਾਦੀ ਮਹਿਜ਼ 10 ਫ਼ੀ ਸਦੀ ਹੈ। ‘ਜਮਹੂਰੀਅਤ’ ਦੇ ਪਹਿਲੇ ਦਹਾਕੇ ਵਿਚ 10 ਲੱਖ ਕਾਲਿਆਂ ਨੂੰ ਜ਼ਮੀਨਾਂ ਤੋਂ ਬੇਦਖ਼ਲ ਕੀਤਾ ਗਿਆ। ਜੌਹਨਸਬਰਗ ਸਟਾਕ ਐਕਸਚੇਂਜ ਵਿਚ ਰਜਿਸਟਰਡ ਕੰਪਨੀਆਂ ਦੇ ਮਹਿਜ਼ 4 ਫ਼ੀ ਸਦੀ ਹਿੱਸੇ ਦੇ ਮਾਲਕ ਕਾਲੇ ਲੋਕ ਸਨ। ਬੇਰੁਜ਼ਗਾਰਾਂ ਨੂੰ ਰੁਜ਼ਗਾਰ ਅਤੇ ਬੇਘਰਿਆਂ ਨੂੰ ਘਰ ਦੇਣ ਦੀ ਸਮੱਸਿਆ ਅਣ-ਸੁਲਝੀ ਪਈ ਹੈ। ਉਲਟਾ ਬੇਰੁਜ਼ਗਾਰੀ 23 ਫ਼ੀ ਸਦੀ ਤੋਂ 48 ਫ਼ੀ ਸਦੀ ਹੋ ਗਈ। 18 ਲੱਖ ਲੋਕਾਂ ਨੂੰ ਘਰ ਬਣਾ ਕੇ ਦਿੱਤੇ ਗਏ ਪਰ ਇਸੇ ਦੌਰਾਨ 20 ਲੱਖ ਲੋਕ ਘਰਾਂ ਤੋਂ ਵਾਂਝੇ ਹੋਏ।
ਦੱਖਣੀ ਅਫ਼ਰੀਕੀ ਸਮਾਜ ਵਿਚ ਭਾਰੀ ਬੇਚੈਨੀ ਹੈ ਜਿਸ ਦਾ ਇਜ਼ਹਾਰ ਕਾਲਿਆਂ ਦੇ ਹਕੂਮਤ ਵਿਰੁੱਧ ਸੰਘਰਸ਼ਾਂ ਦੇ ਰੂਪ ‘ਚ ਹੋ ਰਿਹਾ ਹੈ। ਸਤੰਬਰ 2012 ਵਿਚ ਮਾਰੀਕਾਨਾ ਵਿਚ ਪੁਲਿਸ ਵਲੋਂ ਪਲੈਟੀਨਮ ਖਾਣ ਦੇ 34 ਹੜਤਾਲੀ ਮਜ਼ਦੂਰਾਂ ਦਾ ਕਤਲੇਆਮ ਨਸਲਵਾਦੀ ਦੌਰ ਦੇ ਸ਼ਾਰਪਵਿਲੇ ਅਤੇ ਸਵੇਟੋ ਕਤਲੇਆਮ ਤੋਂ ਕਿਸੇ ਵੀ ਤਰ੍ਹਾਂ ਵੱਖਰਾ ਨਹੀਂ ਸੀ। ਜਿਸ ਰਾਜਸੀ ਬਦਲਾਅ ਵਿਚ ਆਰਥਿਕ ਅਤੇ ਸਮਾਜੀ ਕਾਇਆਕਲਪ ਸ਼ਾਮਲ ਨਹੀਂ, ਉਸ ਦਾ ਹਸ਼ਰ ਇਹੀ ਹੁੰਦਾ ਹੈ। ਮੰਡੇਲਾ ਦੀ ਨਸਲਵਾਦ ਵਿਰੁੱਧ ਸ਼ਾਨਾਮੱਤੇ ਸੰਗਰਾਮ ਦੀ ਅਮਿੱਟ ਵਿਰਾਸਤ ਹੈ ਪਰ ਉਨਾ ਹੀ ਮੂੰਹ-ਜ਼ੋਰ ਹੈ ਉਸ ਦੇ ਅਧੂਰੇ ਇਨਕਲਾਬ ਦਾ ਸੱਚ। ਅਲਵਿਦਾ ਨੈਲਸਨ ਮੰਡੇਲਾ!

Be the first to comment

Leave a Reply

Your email address will not be published.