ਗੁਰਭਗਤ ਸਿੰਘ
ਫੋਨ: 91-94658-29654
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 439 ਉਤੇ ਰਾਗ ਆਸਾ ਵਿਚ ਗੁਰੂ ਨਾਨਕ ਦੇਵ ਜੀ ਦਾ ਮਹਾਂਵਾਕ ਹੈ: ਨਦੀਆ ਵਾਹ ਵਿਛੁੰਨਿਆ ਮੇਲਾ ਸੰਜੋਗੀ ਰਾਮ॥ ਵਾਕ ਕੇਵਲ ਵਿਆਕਰਣਕ ਅਰਥ ਤਕ ਸੀਮਤ ਰਹਿੰਦਾ ਹੈ। ਮਹਾਂਵਾਕ ਵਿਚ ਹੋਰ ਕਈ ਪਾਸਾਰ ਸ਼ਾਮਲ ਹੁੰਦੇ ਹਨ। ਉਸ ਤੋਂ ਸ੍ਰਿਸ਼ਟੀ ਦੇ ਗੁੰਝਲਦਾਰ ਅਤੇ ਬਹੁ-ਪਾਸਾਰੀ ਮਸਲਿਆਂ ਬਾਰੇ ਵੀ ਗਿਆਨ ਪ੍ਰਾਪਤ ਕੀਤਾ ਜਾ ਸਕਦਾ ਹੈ।
ਆਧੁਨਿਕ ਅਤੇ ਉੱਤਰ-ਆਧੁਨਿਕ ਦੌਰਾਂ ਵਿਚ ਜੋ ਨਵੇਂ ਗਿਆਨ ਅਤੇ ਵਿਗਿਆਨ ਹੋਂਦ ਵਿਚ ਆਏ, ਉਨ੍ਹਾਂ ਦੀ ਰੌਸ਼ਨੀ ਵਿਚ ਇਸ ਮਹਾਂਵਾਕ ਦੀ ਵੀ ਬਹੁ-ਪੱਖੀ ਵਿਆਖਿਆ ਹੋ ਸਕਦੀ ਹੈ। ਇਹ ਵਾਕ ਕੇਵਲ ਨਦੀਆਂ/ਦਰਿਆਵਾਂ ਦੇ ਵਿਲੱਖਣ ਵਹਾਵਾਂ ਅਤੇ ਸਮੁੰਦਰ ਬਾਰੇ ਹੀ ਗਿਆਨ ਨਹੀਂ ਦਿੰਦਾ, ਬਲਕਿ ਇਸ ਵਿਚ ਵਿਅਕਤੀ ਅਤੇ ਸਭਿਆਚਾਰ/ਸਭਿਅਤਾ ਦੀਆਂ ਪ੍ਰਕਿਰਿਆਵਾਂ ਅਤੇ ਲਖ਼ਸ਼ ਬਾਰੇ ਵੀ ਚਿੰਤਨ ਸਾਂਭਿਆ ਹੋਇਆ ਹੈ। ਮਨੁੱਖੀ ਭੂਤ, ਵਰਤਮਾਨ ਅਤੇ ਭਵਿੱਖ ਦੇ ਵਰਤਾਰੇ ਬਾਰੇ ਵੀ ਕੁਝ ਆਖਿਆ ਗਿਆ ਹੈ। ਇਸ ਬਹੁ-ਪਾਸਾਰੀ ਚਰਿੱਤਰ ਕਾਰਨ ਹੀ ਇਹ ਮਹਾਂਵਾਕ ਹੈ।
ਵਿਅਕਤੀ, ਸਭਿਆਚਾਰ, ਨਦੀਆਂ ਆਪਣੇ ਮੂਲ ਤੋਂ ਵਿਛੜਦੇ ਹਨ। ਮੂਲ ਇਕ ਵਿਸ਼ੇਸ਼ ਇਤਿਹਾਸਕ ਜਾਂ ਉਪਰ ਇਤਿਹਾਸਕ ਹਾਲਤ ਹੈ ਜਿਸ ਵਿਚ ਕੋਈ ਵਿਅਕਤੀ ਜਾਂ ਸਭਿਆਚਾਰ ਜਨਮ ਲੈਂਦਾ ਹੈ। ਜੇ ਇਸ ਬਹਿਸ ਨੂੰ ਸਭਿਆਚਾਰ ਤਕ ਸੀਮਤ ਰੱਖੀਏ ਤਾਂ ਇਹ ਕਹਿ ਸਕਦੇ ਹਾਂ ਕਿ ਹਰ ਸਭਿਆਚਾਰ ਆਪਣੀ ਇਤਿਹਾਸਕ ਜਨਮ ਹਾਲਤ ਅਨੁਸਾਰ ਵਿਸ਼ੇਸ਼ ਹੈ। ਉਸ ਦੀ ਸੰਰਚਨਾ ਅਤੇ ਲਖਸ਼ ਉਸ ਵੇਲੇ ਦੇ ਸ਼ਕਤੀ-ਰਿਸ਼ਤਿਆਂ ਨੇ ਨਿਸ਼ਚਿਤ ਕੀਤੇ ਹੋਏ ਹਨ ਪਰ ਨਦੀਆਂ ਸ਼ਕਤੀਆਂ ਉਭਰਨ ਨਾਲ ਉਹ ਲਖਸ਼ ਤਬਦੀਲ ਵੀ ਹੁੰਦੇ ਹਨ। ਇਸ ਤਬਦੀਲੀ ਦਾ ਇਹ ਅਰਥ ਨਹੀਂ ਕਿ ਕਿਸੇ ਸਭਿਆਚਾਰ ਦੀ ਹਸਤੀ ਬਿਲਕੁਲ ਆਰਜ਼ੀ ਹੈ। ਸਭਿਆਚਾਰਕ ਹਸਤੀ ਸ਼ਕਤੀਆਂ ਦੇ ਭੇੜ ਵਿਚੋਂ ਨਿਕਲਦੀ ਹੈ। ਇਹ ਉਸ ਭੇੜ ਦਾ ਤੀਬਰ ਪ੍ਰਭਾਵ ਵੀ ਹੈ ਅਤੇ ਮਨੁੱਖ ਅਤੇ ਸ੍ਰਿਸ਼ਟੀ ਬਾਰੇ ਗ੍ਰਹਿਣ ਕੀਤਾ ਕੋਈ ਤੱਤ ਵੀ ਜੋ ਬਾਕੀ ਸੱਭਿਆਚਾਰਾਂ ਦੇ ਗਿਆਨ, ਵਰਤਾਰੇ ਅਤੇ ਚਰਿੱਤਰ ਨੂੰ ਹੋਰ ਰਮਣੀਕ ਕਰਦਾ ਹੈ; ਜਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰਾਂ ਨੇ ਸ੍ਰਿਸ਼ਟੀ ਦੇ ਵਿਸਮਾਦੀ ਪਾਸਾਰ ਨੂੰ ਅਨੁਭਵ ਅਤੇ ਚੇਤਨਤਾ ਰਾਹੀਂ ਪ੍ਰਕਾਸ਼ਮਾਨ ਕੀਤਾ। ਇਸ ਨਾਲ ਬਾਣੀਕਾਰਾਂ ਨੇ ਆਪਣੇ ਸਭਿਆਚਾਰ ਨੂੰ ਹੀ ਅਮੀਰ ਨਹੀਂ ਕੀਤਾ ਸਗੋਂ ਹੋਰਾਂ ਸਭਿਆਚਾਰਾਂ ਨੂੰ ਅਮੀਰ ਕਰਨ ਲਈ ਵੀ ਯੋਗਦਾਨ ਪਾਇਆ।
ਜੇ ਬ੍ਰਾਹਮਣੀ ਅਤੇ ਮੁਗ਼ਲ ਇਕਸਾਰਵਾਦ ਦਾ ਦਮਨ ਜਾਂ ਭੀਖਣ ਵਿਰੋਧ ਨਾ ਹੁੰਦੇ ਤਾਂ ਹੋ ਸਕਦਾ ਹੈ ਕਿ ਵਿਸਮਾਦ ਦੀ ਮੌਲਿਕਤਾ ਨੂੰ ਪ੍ਰਕਾਸ਼ਮਾਨ ਹੋਣ ਵਿਚ ਹੋਰ ਦੇਰ ਲੱਗ ਜਾਂਦੀ। ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਜਿਸ ਸਭਿਆਚਾਰ ਨੂੰ ਹੋਂਦ ਵਿਚ ਲਿਆਂਦਾ, ਉਸ ਦੀ ਹਸਤੀ ਵਿਸਮਾਦੀ ਹੈ। ਇਹ ਸਭਿਆਚਾਰ ਅਜੇ ਰਚਨਾ ਦੀ ਪ੍ਰਕਿਰਿਆ ਵਿਚ ਹੀ ਹੈ। ਇਸ ਦੀਆਂ ਪੂਰੀਆਂ ਸੰਭਾਵਨਾਵਾਂ ਅਜੇ ਅਮਲ ਵਿਚ ਨਹੀਂ ਲਿਆਂਦੀਆਂ ਗਈਆਂ। ਵਿਸਮਾਦੀ ਬ੍ਰਹਿਮੰਡ, ਵਿਸਮਾਦੀ ਵਿਅਕਤੀ, ਵਿਸਮਾਦੀ ਸੰਗਤ/ਸਮਾਜ ਦਾ ਮਾਡਲ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਮੌਜੂਦ ਹੈ। ਜੇ ਇਸ ਮਾਡਲ ਵਿਚ ਅਭਿਆਸੀ ਪੂਰਨਤਾ ਨਾ ਹੁੰਦੀ ਤਾਂ ਇਹ ਨਵਾਂ ਸਮਾਜ ਹੋਂਦ ਵਿਚ ਨਾ ਲਿਆਉਂਦਾ ਅਤੇ ਨਾ ਹੀ ਇੰਨੇ ਬਾਣੀਕਾਰ, ਵਿਆਖਿਆਕਾਰ, ਸਿਆਸਤਦਾਨ, ਚਿੰਤਕ ਅਤੇ ਸ਼ਹੀਦ ਇਸ ਨੂੰ ਅੱਗੇ ਤੋਰਨ ਦਾ ਯਤਨ ਕਰਦੇ। ਕਿਸੇ ਮਾਡਲ ਦੀ ਵਿਸ਼ੇਸ਼ਤਾ ਇਹੀ ਹੁੰਦੀ ਹੈ ਕਿ ਉਸ ਦਾ ਅਨੁਕਰਨ ਹੋ ਸਕੇ।
ਇਹ ਇਤਿਹਾਸਕ ਸੱਚ ਹੈ ਕਿ ਵਿਸਮਾਦ ਹਾਸ਼ੀਅਤ ਚਿੰਤਕਾਂ ਦੀ ਲੱਭਤ ਹੈ। ਹਾਸ਼ੀਆ ਕੇਵਲ ਇਕੱਲ ਜਾਂ ਵਿਯੋਗ ਨਹੀਂ, ਇਹ ਦਬਾਉ ਜਾਂ ਦਮਨ ਦੇ ਪ੍ਰਭਾਵ ਅਧੀਨ ਨਵੀਂ ਖੋਜ ਲੱਭਤ ਵੀ ਹੈ, ਨਵੇਂ ਰਾਹ ਦਾ ਦਰਸ਼ਨ ਵੀ ਹੈ। ਫਰਾਂਸੀਸੀ ਮਨੋਵਿਗਿਆਨੀ ਅਤੇ ਮਾਨਵ-ਸ਼ਾਸਤਰੀ ਲਾਕਾਂ ਨੇ ਦੱਸਿਆ ਹੈ ਕਿ ਕੋਈ ਆਤਮ ਕਿਵੇਂ ਬਣਦਾ ਹੈ। ਇਸ ਦਾ ਸਬੰਧ ਦਮਨ ਕਰਨ ਵਾਲੀ ਸ਼ਕਤੀ ਦੇ ਪੈਦਾ ਕੀਤੇ ਸੰਕਟ ਨਾਲ ਹੈ। ਇਵੇਂ ਹੀ ਕੋਈ ਸਭਿਆਚਾਰ ਵੀ ਆਪਣੀ ਮੌਲਿਕ ਪਰਿਭਾਸ਼ਾ ਦਮਨ-ਸੰਕਟ ਨੂੰ ਹੱਲ ਕਰਨ ਲਈ ਲੱਭੇ ਵਿਚਾਰ ਜਾਂ ਸਿਧਾਂਤ ਨਾਲ ਹੀ ਜੋੜਦਾ ਹੈ। ਵਿਸਮਾਦ, ਉਸ ਵੇਲੇ ਦੇ ਭਾਰਤੀ ਦਮਨ ਨੂੰ ਸੋਧ ਕੇ ਉਸਾਰਿਆ ਸਿਰਜਣਾਤਮਕ ਪੱਖ ਹੈ ਜਿਸ ਦੀ ਵਿਸ਼ਵ-ਅਰਥੀ ਵਿਸ਼ੇਸ਼ਤਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਲਾਕਾਂ ਅਤੇ ਸਟੂਅਰਟ ਹਾਲ ਨੇ ਇਹ ਵੀ ਕਿਹਾ ਹੈ ਕਿ ਆਤਮ ਦੇ ਸੰਕਟ ਹੱਲ ਨਾਲ ਬਣੀ ਮਾਨਸਿਕਤਾ ਆਤਮ ਨੂੰ ਕੁਝ ਕਲਪਨਾਮੁਖੀ ਵੀ ਬਣਾਉਂਦੀ ਹੈ।
ਇਉਂ ਸਭਿਆਚਾਰ ਦੀ ਹਸਤੀ ਵੀ, ਇਸ ਸੋਚ ਅਨੁਸਾਰ ਕੁਝ ਕਲਪਨਾਮੁਖੀ ਹੈ। ਇਸ ਵਿਚਾਰ ਦਾ ਇਹ ਪੱਖ ਵਿਸਮਾਦ ਬਾਰੇ ਸੱਚ ਨਹੀਂ। ਇਹ ਅਨੁਭਵ ਉਤੇ ਅਤੇ ਚੇਤਨਤਾ ਉਤੇ ਆਧਾਰਿਤ ਹੈ। ਉਨ੍ਹਾਂ ਮਹਾਂ-ਅਨੁਭਵੀਆਂ ਦੇ ਅਨੁਭਵ ਅਤੇ ਚੇਤਨਤਾ ਉਤੇ ਜਿਨ੍ਹਾਂ ਦੀ ਸਰਬ-ਯਥਾਰਥਕ ਜਾਂ ਅਤਰਿਕਤ-ਯਥਾਰਥਕ ਪਹੁੰਚ ਸੀ। ਇਸ ਲਈ ਵਿਸਮਾਦ ਨੂੰ ਕਲਪਨਾ ਅਤੇ ਫੈਂਟੇਸੀ ਦੇ ਖੇਤਰ ਤੋਂ ਅਲੱਗ ਹੋ ਕੇ ਸਮਝਣਾ ਪਵੇਗਾ। ਪੱਛਮ ਦਾ ਹਰ ਪਰਵਰਗ ਉਵੇਂ ਹੀ ਪੂਰਬੀ ਅਨੁਭਵਾਂ ਅਤੇ ਚੇਤਨਤਾ ਨੂੰ ਸਮਝਣ ਲਈ ਪੂਰੀ ਤਰ੍ਹਾਂ ਸਮਰੱਥ ਨਹੀਂ।
ਇਥੇ ਇਹ ਦੁਹਰਾਉਣਾ ਵੀ ਬਣਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਸਭਿਆਚਾਰ ਅਤੇ ਵਿਅਕਤੀ ਲਈ ਜੋ ਮਾਡਲ ਅਧਿਆਤਮ-ਪ੍ਰਕਾਸ਼ ਰਾਹੀਂ ਦਿੱਤਾ ਹੈ, ਉਸ ਦਾ ਅਟੁੱਟ ਸਬੰਧ ਹਾਸ਼ੀਏ ਨਾਲ ਹੈ। ਬ੍ਰਾਹਮਣਵਾਦ, ਇਸਲਾਮ ਅਤੇ ਜਾਗੀਰਦਾਰੀ ਦੇ ਇਕਸਾਰਵਾਦ ਨੇ ਆਮ ਲੋਕਾਂ ਨੂੰ (ਸਮੇਤ ਨਿਗੂਣੇ ਮੱਧ ਵਰਗ ਦੇ) ਜ਼ਿੰਦਗੀ ਦੀ ਭਰਪੂਰਤਾ ਉਤੇ ਵੱਡੀ ਸੱਟ ਮਾਰੀ ਹੋਈ ਸੀ। ਜੀਵਨ ਦਾ ਰਹੱਸ, ਇਸ ਦਾ ਬ੍ਰਹਮੰਡੀ ਸੰਗੀਤ ਅਤੇ ਅਧਿਆਤਮ, ਦਮਨ ਦਾ ਸ਼ਿਕਾਰ ਹਨ। ਵਿਸਮਾਦ, ਇਸ ਦਮਨ ਅਤੇ ਇਸ ਦਬਾਉ ਵਿਰੁੱਧ ਪ੍ਰਤੀਕਰਮ ਤੋਂ ਅੱਗੇ ਲੰਘ ਕੇ ਸਿਰਜਣਾਤਮਕ ਅਤੇ ਹਾਂ-ਪੱਖੀ, ਅਤਰਿਕਤੀ ਸ਼ਕਤੀ-ਪ੍ਰਕਾਸ਼ ਸੀ।
ਹਾਸ਼ੀਆ, ਕੇਂਦਰ ਨਾਲ ਟਕਰਾਉ ਤੋਂ ਉਪਜਦਾ ਹੈ। ਹਾਸ਼ੀਏ ਵਿਚ ਬੈਠੇ ਲੋਕ ਅਤੇ ਉਨ੍ਹਾਂ ਦੇ ਵਿਕਾਸਮੁਖੀ ਨਾਇਕ-ਚਿੰਤਕ ਦੂਹਰੀ ਜ਼ਿੰਮੇਵਾਰੀ ਨਿਭਾਉਂਦੇ ਹਨ। ਇਕ ਪਾਸੇ ਕ੍ਰਾਂਤੀਕਾਰੀ ਨਵੀਨਤਾ ਨੂੰ ਸਾਂਭਦੇ ਹਨ ਅਤੇ ਦੂਜੇ ਪਾਸੇ ਸੰਘਰਸ਼ ਵਿੱਢਦੇ ਹਨ। ਇਹ ਤਣਾਉ ਦੀ ਹਾਲਤ ਹੈ। ਸਿਰਜਣਾ, ਪ੍ਰਤੀਕਰਮ ਤੋਂ ਉਪਜੀ ਸ਼ਿੱਦਤ ਵਿਚੋਂ ਕਈ ਪਰਮ ਜਾਂ ਬ੍ਰਹਮ ਪ੍ਰਤੀਕ ਜਨਮ ਲੈਂਦੇ ਹਨ ਜੋ ਇਕ ਨਵੇਂ ਸਭਿਆਚਾਰ ਦਾ ਮੁਹਾਂਦਰਾ ਸਾਜਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਰਮ/ਬ੍ਰਹਮ ਪ੍ਰਤੀਕ ḔਵਾਹਿਗੁਰੂḔ ਹੈ। ਇਹ ਪ੍ਰਤੀਕ ਬ੍ਰਾਹਮਣਵਾਦ ਅਤੇ ਸੁਲਤਾਨੀ ਇਸਲਾਮ ਦੇ ਇਕਸਾਰਵਾਦੀ, ਸ਼ਕਤੀ ਹਥਿਆਉਣ ਵਾਲੇ ਪ੍ਰਤੀਕਾਂ ਦੇ ਬਰਾਬਰ ਸਥਾਪਤ ਕੀਤਾ ਪਰਮ ਪ੍ਰਤੀਕ ਹੈ। ਵਾਹਿਗੁਰੂ ਜੀਵਨ ਦੀ ਬਹੁਲਤਾ ਦੀ ਪੇਸ਼ਕਾਰੀ ਹੈ।
ਪੱਛਮ ਨੇ ਦੋ ਸੰਸਾਰ ਜੰਗਾਂ ਤੋਂ ਪਿਛੋਂ ਆਪਣੇ ਤਰਕ ਅਤੇ ਤਕਨਾਲੋਜੀ ਆਧਾਰਿਤ ਸਭਿਆਚਾਰਾਂ ਦਾ ਵਿਸ਼ਲੇਸ਼ਣ ਕਰਦਿਆਂ ਵਿਸ਼ਾਲ ਜੀਵਨ ਜਾਂ ਬ੍ਰਹਿਮੰਡੀ ਵਰਤਾਰੇ ਵਿਚ ਮੌਜੂਦ ਅਤਰਿਕਤਾ ਜਾਂ ਬਹੁਲਤਾ ਨੂੰ ਲੱਭਿਆ। ਇਸ ਨੂੰ ਮੁੜ ਵਿਆਪਕ ਬਣਾ ਕੇ ਵਿਅਕਤੀ ਅਤੇ ਸਭਿਆਚਾਰ ਦਾ ਨਵ-ਨਿਰਮਾਣ ਕਰਨ ਦਾ ਚਿੰਤਕ ਰਚਿਆ। ਇਸ ਚਿੰਤਨ ਦਾ ਵੱਡਾ ਪ੍ਰਤੀਕ ਤੇ ਫਿਲਾਸਫਰ ਬਾਤਈ ਹੈ। ਉਸ ਦੇ ਚਿੰਤਨ ਪਿੱਛੇ ਫਰਾਇਡੀ, ਨਵ-ਫਰਾਇਡੀ, ਮਾਰਕਸੀ ਚਿੰਤਨ ਵੀ ਕ੍ਰਿਆਵੰਤ ਹਨ। ਅਸੀਂ ਕਾਫ਼ੀ ਸਮਾਂ ਪਹਿਲਾਂ ਵਿਸਮਾਦੀ ਬਹੁਲਤਾ ਦਾ ਅਨੁਭਵ ਅਤੇ ਚੇਤਨਤਾ ਪ੍ਰਕਾਸ਼ਮਾਨ ਕਰ ਚੁੱਕੇ ਹਾਂ। ਸ੍ਰੀ ਗੁਰੂ ਗ੍ਰੰਥ ਸਾਹਿਬ ਇਸ ਵਿਸਮਾਦੀ ਬਹੁਲਤਾ ਦੀ ਪਰਮ ਅਭਿਵਿਅਕਤੀ ਹੈ।
ਵਿਸਮਾਦੀ ਬਹੁਲਤਾ ਦੇ ਪ੍ਰਕਾਸ਼ਕਾਰਾਂ ਨੇ ਇਸ ਨੂੰ ਕੁੱਲ ਸ੍ਰਿਸ਼ਟੀ ਦੇ ਬੁਨਿਆਦੀ ਮਹਾਂ ਪ੍ਰੇਮ ਭਾਵ ਰਾਹੀਂ ਪ੍ਰਕਾਸ਼ਮਾਨ ਕੀਤਾ। ਵਾਹਿਗੁਰੂ ਇਸ ਮਹਾਂ-ਪ੍ਰੇਮ ਭਾਵ ਦਾ ਪ੍ਰਤੀਕ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਸਪਸ਼ਟ ਤੌਰ Ḕਤੇ ਫਰਮਾਇਆ ਹੈ: ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੁ ਪਾਇਓ। ਵਾਹਿਗੁਰੂ ਦੀ ਸਿਰਜਾਣਤਮਕ ਬਹੁਤਲਤਾ ਅਤੇ ਅਨੇਕਤਾ ਤਾਂ ਹੀ ਗ੍ਰਹਿਣ ਕੀਤੀ ਜਾ ਸਕਦੀ ਹੈ ਜੇ ਵਿਅਕਤੀ ਅਤੇ ਸਭਿਆਚਾਰ ਪਹਿਲਾਂ ਪ੍ਰੇਮ ਨਾਲ ਪ੍ਰੇਰਿਤ ਹੋਣ।
ਇਸ ਮਹਾਂ-ਪ੍ਰੇਮ ਭਾਵ ਦਾ ਪ੍ਰਤੀਕ ਵਾਹਿਗੁਰੂ “ਬੇ-ਪ੍ਰਵਾਹ” ਹੈ। ਵਾਹਿਗੁਰੂ ਦੀ ਬੇ-ਪ੍ਰਵਾਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਬਹੁਤ ਵਾਰ ਦੁਹਰਾਈ ਗਈ ਹੈ। ਇਸ ਬੇ-ਪ੍ਰਵਾਹੀ ਦਾ ਅਰਥ ਤਰਕ ਅਤੇ ਗਿਣਤੀ-ਮਿਣਤੀ ਤੋਂ ਅੱਗੇ ਲੰਘਣਾ ਹੈ। ਜਿਸ ਪਰਮ-ਪ੍ਰਤੀਕ ਦੇ ਮਾਡਲ ਹੋ ਕੇ ਨਵੇਂ ਸਭਿਆਚਾਰ ਦੀ ਸਿਰਜਣਾ ਕਰਨੀ ਹੈ, ਉਸ ਵਿਚ ਉਹ ਸਭ ਵਿਸ਼ੇਸ਼ਤਾਈਆਂ ਹੁੰਦੀਆਂ ਹਨ ਜਿਨ੍ਹਾਂ ਨੇ ਲੋਕਾਂ ਨੂੰ ਨਵੇਂ ਸਿਰਿਉਂ ਸੰਗਠਿਤ ਕਰਦਾ ਹੈ। ḔਵਾਹਿਗੁਰੂḔ ਏਕ ਅਤੇ ਅਨੇਕ ਦਾ ਸੰਯੋਗ ਹੈ। ਉਸ ਦੇ ਅਨੇਕਾਂ ਨਾਮ ਹਨ। ਵਾਹਿਗੁਰੂ ਇਕ ਛਤਰੀ ਹੈ ਜਿਸ ਥੱਲੇ ਅਣਗਿਣਤ ਨਾਮ ਕੰਮ ਕਰਦੇ ਹਨ। ਨਿਸ਼ਚੇ ਹੀ ਇਹ ਅਨੇਕਮੁਖੀ, ਅਤਿਅੰਤ ਸੁੰਦਰ ਵਾਹਿਗੁਰੂ ਇਕਸਾਰਵਾਦ ਅਤੇ ਉਸ ਦੇ ਪਰਮ ਪ੍ਰਤੀਕਾਂ ਦਾ ਵਿਰੋਧ ਹੈ। ਇਕ ਨਵੇਂ ਬਹੁ-ਪਾਸਾਰੀ ਯਥਾਰਥ ਦੀ ਸਥਾਪਤੀ ਹੈ। ਪੱਛਮ ਨੇ ḔਰੱਬḔ ਨੂੰ ਇਕ ਪਰਮ ਪ੍ਰਤੀਕ ਵਜੋਂ ਸਥਾਪਤ ਕੀਤਾ। ਮੁੱਖ ਤੌਰ Ḕਤੇ ਉਸ ਰੱਬ ਦਾ ਚਰਿੱਤਰ ਤਰਕ ਨੂੰ ਮੰਨਿਆ। ਇਸ ਤਰਕ ਨੂੰ ḔਲੋਮੋਸḔ ਆਖਿਆ ਗਿਆ ਹੈ। ਪੱਛਮ ਦੀਆਂ ਭਾਸ਼ਾਵਾਂ, ਸੰਸਥਾਵਾਂ, ਚਿੰਨ੍ਹ-ਵਿਧਾਨ ਤਰਕ-ਅਰਥ ਨਾਲ ਭਰ ਦਿੱਤੇ ਗਏ। ਇਸ ਅਨੁਸ਼ਾਸਨ ਅਤੇ ਸੰਸਥਾਵਾਂ ਨੇ ਇਕਸਾਰਵਾਦ ਨੂੰ ਜਨਮ ਦਿੱਤਾ। ਗ਼ੈਰ-ਪੱਛਮੀ ਸੱਭਿਆਚਾਰਾਂ ਦੀ ਸਵੀਕ੍ਰਿਤੀ ਜਾਂ ਅਸਵੀਕ੍ਰਿਤੀ ਇਸ ਤਰਕ ਜਾਂ ਇਸ ਦੇ ਵਿਸਤ੍ਰਿਤ ਅਰਥਾਂ ਰਾਹੀਂ ਹੋਣ ਲੱਗੀ।
ਤਰਕ-ਕੇਂਦਿਰਤ ਪਹੁੰਚ ਨੇ ਜੋ ਊਣਾ ਲਿਆਂਦੀਆਂ ਅਤੇ ਜਿਵੇਂ ਸਾਮਰਾਜੀ ਜਾਂ ਪਰ-ਤੰਤਰੀ ਚਿੰਤਨ ਅਤੇ ਅਭਿਆਸਾਂ ਨੂੰ ਉਭਾਰਿਆ, ਉਸ ਦਾ ਬੜੀ ਸ਼ਿੱਦਤ ਨਾਲ ਅਹਿਸਾਸ ਪੱਛਮ ਦੇ ਚਿੰਤਕਾਂ ਨੂੰ ਹੋ ਚੁੱਕਾ ਹੈ। ਇਸ ਹਾਲਤ ਨੂੰ ਬਦਲਣ ਲਈ ਫੈਨਨ, ਹੋਮੀ ਭਾਭਾ, ਐਡਵਰਡ ਸੱਯਦ, ਚਾਰਲਸ ਟੇਲਰ ਆਦਿ ਨੇ ਯਤਨ ਕੀਤੇ ਹਨ।
ਉਪਰ ਦਿੱਤੇ ਮਹਾਂ-ਵਾਕ ਦੇ ਅਰਥ-ਗੌਰਵ ਨੂੰ ਅੱਗੇ ਲਿਜਾਂਦਿਆਂ ਇਹ ਕਹਿ ਸਕਦੇ ਹਾਂ ਕਿ ਹਰ ਸਭਿਆਚਾਰ ਦੀ ਆਪਣੀ ਯਾਤਰਾ ਹੈ। ਦਰਿਆਵਾਂ ਦੇ ਵਿਲੱਖਣ ਵਹਿਣਾਂ ਵਾਂਗ ਸਭਿਆਚਾਰ ਆਪਣਾ ਰਾਹ ਬਣਾਉਂਦਾ ਹੈ। ਆਪਣੇ ਮੂਲ ਨਾਲੋਂ ਟੁੱਟ ਕੇ ਅਥਾਹ ਪਰਾਂ ਜਾਂ ਦੂਜਿਆਂ ਨੂੰ ਮਿਲਦਾ ਹੈ, ਉਨ੍ਹਾਂ ਨਾਲ ਟਕਰਾਉ ਵਿਚ ਵੀ ਆਉਂਦਾ ਹੈ ਪਰ ਅੰਤ ਉਸ ਦਾ ਲਖਸ਼ ਗਲੋਬਲ ਮੇਲ ਹੈ। ਸੰਵਾਦ ਰਚਨਾ ਹੈ ਜਿਸ ਨਾਲ ਸਭਿਆਚਾਰ ਦੀ ਹਸਤੀ ਵੀ ਰਹੇ ਅਤੇ ਉਹ ਦੂਜੇ ਪਰਾਂ ਦੇ ਅਨੁਭਵ ਅਤੇ ਚੇਤਨਤਾਵਾਂ ਨੂੰ ਗ੍ਰਹਿਣ ਕਰ ਕੇ ਆਪਣੇ ਆਪ ਨੂੰ ਅਮੀਰ ਵੀ ਕਰੇ। Ḕਮੇਲਾ ਸੰਜੋਗੀ ਰਾਮḔ, ਗਲੋਬਲ ਬ੍ਰਹਮੰਡੀ ਮੇਲ ਸਮੁੰਦਰ ਵਿਚ ਸ਼ਾਮਲ ਹੋਣਾ ਹੈ। ਕੁੱਲ ਸ੍ਰਿਸ਼ਟੀ ਦੀ ਸਿਰਜਣਾਤਮਕ ਪ੍ਰਕਿਰਿਆ ਦਾ ਹਿੱਸਾ ਬਣਨਾ ਹੈ। ਸਮੁੰਦਰ ਇਕ ਹੈ ਪਰ ਇਸ ਵਿਚ ਅਨੇਕਾਂ ਜਜ਼ੀਰੇ, ਜੀਵ ਜੰਤੂ, ਵਣ ਤ੍ਰਿਣ ਹਨ ਜਿਨ੍ਹਾਂ ਦੀਆਂ ਹਸਤੀਆਂ ਵੀ ਕਾਇਮ ਹਨ। ਸਮੁੰਦਰ ਉਨ੍ਹਾਂ ਨੂੰ ਖੁਰਾਕ ਦਿੰਦਾ ਹੈ। ਕੁਦਰਤ ਪਲਦੀ ਹੈ। ਸਮੁੰਦਰ ਦਾ ਕੋਈ ਕੇਂਦਰ ਨਹੀਂ, ਕੇਵਲ ਅਨੰਤ ਪਾਸਾਰ ਹੈ।
ਵਿਸ਼ੇਸ਼ ਗੱਲ ਇਹ ਹੈ ਕਿ ਜਿਸ ਮਾਰਗ ਰਾਹੀਂ ਨਦੀ ਸਮੁੰਦਰ ਤਕ (ਗਲੋਬਲ ਬ੍ਰਹਿਮੰਡੀ ਅਸਲੀਅਤ) ਪਹੁੰਚਦੀ ਹੈ, ਉਹ ਮਾਰਗ ਵੀ ਮਹੱਤਵਪੂਰਨ ਹੈ। ਉਹ ਮਾਰਗ ਮਿਟਦਾ ਨਹੀਂ। ਮਾਰਗ ਉੱਤੇ ਆਉਣ ਵਾਲੀਆਂ ਅਨੇਕਾਂ ਵਸਤਾਂ ਨਾਲ ਸੰਵਾਦ ਜਾਂ ਟਕਰਾਉ ਹੋਣਾ ਹੈ। ਵਹਾ ਨਾਲ ਚੱਲਣ ਵਾਲੀਆਂ ਹਸਤੀਆਂ ਨਾਲ ਚੱਲ ਪੈਣਗੀਆਂ। ਕਮਜ਼ੋਰ ਅਸਲੀਅਤਾਂ ਹਸਤੀ ਗੁਆ ਲੈਣਗੀਆਂ। ਸਭਿਆਚਾਰ ਦਾ ਇਕ ਮੂਲ ਤੋਂ ਜਨਮ, ਵਿਛੋੜਾ, ਆਪਣੇ ਮਾਰਗ ਉੱਤੇ ਆਏ ਅਸਤਿਤਵਾਂ ਨਾਲ ਸੰਵਾਦ ਜਾਂ ਟਕਰਾਉ ਅਤੇ ਮੁੜ ਮੂਲ ਨਾਲ ਜੁੜਨਾ, ਇਹ ਸਭਿਆਚਾਰ ਦੀ ਯਾਤਰਾ ਹੈ। ਜਦੋਂ ਯਾਤਰਾ ਦੇ ਇੱਥੇ ਦੱਸੇ ਅੰਤਲੇ ਪੜਾਅ ਉੱਤੇ ਮੂਲ ਨਾਲ ਜੋ ਮੇਲ ਹੁੰਦਾ ਹੈ, ਉਹ ਦੁਹਰਾਉ ਨਹੀਂ; ਉਹ ਪੇਚੀਦਾ ਜਾਂ ਅਮੀਰ ਯਾਤਰਾ ਦਾ ਸੰਗ੍ਰਹਿ ਹੈ ਜਿਸ ਨਾਲ ਨਵੀਆਂ ਸੰਭਾਵਨਾਵਾਂ ਦਾ ਪ੍ਰਵੇਸ਼ ਹੁੰਦਾ ਹੈ।
ਅੱਜ ਦੇ ਮਨੋਵਿਗਿਆਨ ਨੇ ਸਾਨੂੰ ਇਹ ਵੀ ਸਿਖਾਇਆ ਹੈ ਕਿ ਸ਼ਬਦ ਜਾਂ ਚਿੰਨ੍ਹ ਆਪਣੇ ਨਾਲ ਮਿਲਦੇ-ਜੁਲਦੇ ਹੋਰਾਂ ਸ਼ਬਦਾਂ ਅਤੇ ਚਿੰਨ੍ਹਾਂ ਨੂੰ ਵੀ ਮਨ ਵਿਚ ਲਿਆਉਂਦੇ ਹਨ। ਨਦੀਆਂ ਦਾ ḔਵਾਹḔ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿਸਮਾਦ ਨਾਲ ਜੁੜਿਆ ਸ਼ਬਦ/ਸੰਕਲਪ/ਅਨੁਭਵ ḔਵਾਹੁḔ ਮਨ ਵਿਚ ਲਿਆਉਂਦਾ ਹੈ। ḔਵਾਹੁḔ ਵਾਹਿਗੁਰੂ ਦੀ ਹੀ ਵਿਸ਼ੇਸ਼ਤਾ ਹੈ। ਇਸ ਦਾ ਸਾਧਾਰਨ ਅਰਥ ਬਹੁਲਤਾ ਤੋਂ ਉੱਚੀ ਅਸਚਰਜਤਾ ਹੈ। ਵਾਹ ਅਤੇ ਵਾਹੁ ਮਿਲ ਕੇ ਚਿੰਤਨ ਅਤੇ ਅਨੁਭਵ ਦੇ ਅਮੀਰੀ ਵਧਾਉਂਦੇ ਹਨ। ਵਾਹ ਨੂੰ ਵਾਹੁ ਦੇ ਪਰਿਪੇਖ ਵਿਚ ਸਮਝਣ ਲਈ ਮਨ ਨੂੰ ਤਿਆਰ ਕਰਦੇ ਹਨ। ਮਨ ਗਿਣਤੀ-ਮਿਣਤੀ ਤੋਂ ਅੱਗੇ ਲੰਘ ਕੇ ਸੰਯੋਗੀ ਬਹੁਲਤਾ ਦਾ ਅਨੁਭਵ/ਚੇਤਨਤਾ ਪ੍ਰਾਪਤ ਕਰਦਾ ਹੈ। Ḕਨਦੀਆ ਵਾਹ ਵਿਛੁੰਨਿਆ ਮੇਲ ਸੰਜੋਗੀ ਰਾਮ॥Ḕ
Leave a Reply