ਰੂਸੀ ਇਨਕਲਾਬ ਵਿਚ ਲਿਓਨ ਤ੍ਰਾਤਸਕੀ (1879-1940) ਦਾ ਵੱਡਾ ਯੋਗਦਾਨ ਰਿਹਾ ਹੈ। ਇਨਕਲਾਬ ਤੋਂ ਬਾਅਦ ਉਸ ਨੇ ਲਾਲ ਫੌਜ ਦੀ ਜਿਸ ਢੰਗ ਨਾਲ ਅਗਵਾਈ ਕੀਤੀ ਅਤੇ ਉਲਟ-ਇਨਕਲਾਬ ਦੇ ਖਦਸ਼ੇ ਨਾਲ ਜਿਸ ਤਰ੍ਹਾਂ ਕਰੜੇ ਹੱਥੀਂ ਨਜਿੱਠਿਆ, ਉਸ ਦੀ ਸੰਸਾਰ ਭਰ ਵਿਚ ਕਿਤੇ ਕੋਈ ਮਿਸਾਲ ਨਹੀਂ ਲੱਭਦੀ। ਉਂਜ, ਉਸ ਦੇ ਕੁਝ ਵਿਚਾਰ ਪਹਿਲਾਂ ਰੂਸੀ ਇਨਕਲਾਬ ਦੇ ਪਿਤਾਮਾ ਲੈਨਿਨ ਅਤੇ ਮਗਰੋਂ ਸਤਾਲਿਨ ਨਾਲ ਇੰਨੇ ਜ਼ਿਆਦਾ ਖਹਿਸਰੇ ਕਿ ਅਖੀਰ ਇਕ-ਦੂਜੇ ਦੇ ਵਿਰੋਧੀ ਹੋ ਨਿਬੜੇ। ਇਸ ਵਿਚਾਰਧਾਰਕ ਭੇੜ ਵਿਚ ਤ੍ਰਾਤਸਕੀ ਨੂੰ ਪਰਿਵਾਰਕ ਤੌਰ ‘ਤੇ ਬਹੁਤ ਵੱਡੀ ਕੀਮਤ ਤਾਰਨੀ ਪਈ। ਇਸ ਕੋਣ ਤੋਂ ਸਤਾਲਿਨ ਦੀ ਅੱਜ ਤੱਕ ਨੁਕਤਾਚੀਨੀ ਹੋ ਰਹੀ ਹੈ ਜਿਸ ਨੇ ਆਪਣੇ ਵਿਰੋਧੀਆਂ ਖਿਲਾਫ ਸਫਾਏ ਦੀ ਮੁਹਿੰਮ ਵਿੱਢ ਦਿੱਤੀ ਸੀ। ਇਸ ਲੇਖ ਵਿਚ ਡਾæ ਅੰਮ੍ਰਿਤਪਾਲ ਸਿੰਘ ਨੇ ਤ੍ਰਾਤਸਕੀ ਦੇ ਵਿਚਾਰਾਂ ਦੀ ਵਿਸਥਾਰ ਸਹਿਤ ਪੁਣ-ਛਾਣ ਕੀਤੀ ਹੈ। ਨਾਲ ਹੀ ਉਨ੍ਹਾਂ ਕਾਰਨਾਂ ਦੀ ਨਿਸ਼ਾਨਦੇਹੀ ਕਰਨ ਦਾ ਯਤਨ ਵੀ ਕੀਤਾ ਹੈ ਜਿਨ੍ਹਾਂ ਕਰਕੇ ਲੈਨਿਨ ਅਤੇ ਸਤਾਲਿਨ ਦੇ ਮੁਕਾਬਲੇ ਤ੍ਰਾਤਸਕੀ ਪਛੜਦਾ-ਪਛੜਦਾ ਪਛੜ ਗਿਆ। ਇਹ ਲੇਖ ਅਸੀਂ ਆਪਣੇ ਪਾਠਕਾਂ ਲਈ ਦੋ ਕਿਸ਼ਤਾਂ ਵਿਚ ਛਾਪ ਰਹੇ ਹਾਂ। -ਸੰਪਾਦਕ
ਡਾæ ਅੰਮ੍ਰਿਤਪਾਲ ਸਿੰਘ
ਤ੍ਰਾਤਸਕੀ ਦੇ ਨਾਂ ਦਾ ਜ਼ਿਕਰ ਪੰਜਾਬ ਦੇ ਬੌਧਿਕ ਹਲਕਿਆਂ ਵਿਚ ਅਕਸਰ ਆਉਂਦਾ ਰਹਿੰਦਾ ਹੈ ਅਤੇ ਕਦੇ-ਕਦੇ ਸਿਆਸੀ ਹਲਕਿਆਂ ਵਿਚ ਵੀ ਇਹਦੇ ਹਮਦਰਦ ਮਿਲ ਜਾਂਦੇ ਹਨ ਜੋ ਉਸ ਦੇ ਸਿਧਾਂਤਾਂ ਦੇ ਕਾਇਲ ਹੋਣ ਦੀ ਥਾਂ ਆਮ ਤੌਰ ‘ਤੇ ਸਤਾਲਿਨ ਤੋਂ ‘ਤਪੇ’ ਹੋਏ ਹੋਣ ਕਰ ਕੇ ਹੀ ਤ੍ਰਾਤਸਕੀਵਾਦੀ ਬਣੇ ਹੁੰਦੇ ਹਨ। ਕੋਈ ਵਿਦਵਾਨ ‘ਗੌਤਮ ਤੋਂ ਤਾਸਕੀ’ ਲਿਖ ਮਾਰਦਾ ਹੈ; ਕੋਈ ਹੋਰ ਤ੍ਰਾਤਸਕੀ ਨੂੰ ਰੂਸੀ ਇਨਕਲਾਬ ਦਾ ਸੂਤਰਧਾਰ ਬਣਾ ਧਰਦਾ ਹੈ; ਕੋਈ ਬਾਲਸ਼ਵਿਕ ਪਾਰਟੀ ਦਾ ਨਿਰਮਾਤਾ। ਕਈ ਵਿਚਾਰੇ ਤਾਂ ਉਂਜ ਹੀ ਜਲੰਧਰ ਦੇ ਵਿਦਵਾਨਾਂ ਦੀ ‘ਰੇਂਜ’ ਫੜਨ ਲੱਗਦੇ ਹਨ ਤੇ ਤ੍ਰਾਤਸਕੀ ਲਈ ਕਸੀਦਾਕਾਰੀ ਸ਼ੁਰੂ ਕਰ ਬਹਿੰਦੇ ਹਨ। ਇਨ੍ਹਾਂ ਸਭ ਵਿਚ ਸਾਂਝਾ ਹੁੰਦਾ ਹੈ- ਤ੍ਰਾਤਸਕੀ ਦੇ ਸਿਧਾਂਤਾਂ ਤੋਂ ਪਾਸਾ ਵੱਟਣਾ ਅਤੇ ਉਸ ਦੀ ਸਿਆਸੀ ਜ਼ਿੰਦਗੀ ਬਾਰੇ ਗੱਲ ਗੋਲ ਕਰਦਿਆਂ ਸੁਣੇ-ਸੁਣਾਏ ਕੁਝ ਕੁ ਜੁਮਲਿਆਂ ਨੂੰ ਸਮੁੱਚ ਬਣਾ ਕੇ ਪੇਸ਼ ਕਰਨਾ। ਹੱਥਲੇ ਲੇਖ ਦਾ ਮੁੱਖ ਨੁਕਤਾ ਤ੍ਰਾਤਸਕੀ ਦੇ ਸਿਧਾਤਾਂ ਅਤੇ ਉਸ ਦੀ ਸਿਆਸੀ ਜ਼ਿੰਦਗੀ ਦੀ ਪੜਚੋਲ ਕਰਦਿਆਂ ਇਹ ਦੇਖਣਾ ਹੈ ਕਿ ਕਿਸ ਤਰ੍ਹਾਂ ਬਹੁਤ ਸਾਰੇ ਆਪੂੰ ਬਣੇ ‘ਕਥਾਵਾਚਕ’ ਕਿਸਮ ਦੇ ਬੁੱਧੀਜੀਵੀ ਰੂਸੀ ਪਾਰਟੀ, ਨੇਤਾਵਾਂ ਅਤੇ ਇਨਕਲਾਬ ਦੇ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕਰਦੇ ਹਨ।
ਤ੍ਰਾਤਸਕੀਵਾਦ ਦੇ ਮੁੱਖ ਨੁਕਤੇ: ਤ੍ਰਾਤਸਕੀਵਾਦ ਦੇ ਸਭ ਤੋਂ ਉਘੜਵੇਂ ਨੁਕਤਿਆਂ ਵਿਚ ਹੈ ‘ਸਥਾਈ ਇਨਕਲਾਬ’ ਦਾ ਸਿਧਾਂਤ। ਇਸ ਤੋਂ ਬਾਅਦ ਆਉਂਦੀਆਂ ਹਨ ਤ੍ਰਾਤਸਕੀ ਦੀਆਂ ਇਕ ਦੇਸ਼ ਵਿਚ ਸਮਾਜਵਾਦ ਉਸਾਰਨ, ਬਸਤੀਆਂ/ਅਰਧ-ਬਸਤੀਆਂ ਬਣੇ ਮੁਲਕਾਂ ਵਿਚ ਇਨਕਲਾਬ ਦੇ ਸਵਾਲ, ਸਮਾਜਵਾਦ ਅਤੇ ਖਾਸ ਤੌਰ ‘ਤੇ ਸੋਵੀਅਤ ਸਮਾਜਵਾਦ, ਪਾਰਟੀ ਨਿਰਮਾਣ, ਜਮਹੂਰੀ ਕੇਂਦਰਵਾਦ ਤੇ ਨੌਕਰਸ਼ਾਹੀ ਬਾਰੇ ਪੁਜ਼ੀਸ਼ਨਾਂ। ਇਨ੍ਹਾਂ ਬਾਰੇ ਇਕ-ਇਕ ਕਰ ਕੇ ਚਰਚਾ ਕਰਦੇ ਹਾਂ।
‘ਸਥਾਈ ਇਨਕਲਾਬ’ ਦਾ ਸਿਧਾਂਤ: ਇਹ ਸਿਧਾਂਤ ਤ੍ਰਾਤਸਕੀਵਾਦ ਦੀ ਬੁਨਿਆਦ ਹੈ। ਕਿਹਾ ਜਾਵੇ ਤਾਂ ਇਹ ਉਹ ‘ਸ਼ੁਰੂਆਤੀ ਪਾਪ’ ਹੈ ਜਿਸ ਉਪਰ ਸਾਰੀ ਜ਼ਿੰਦਗੀ ਤ੍ਰਾਤਸਕੀ ਅੜਿਆ ਰਿਹਾ ਅਤੇ ਇਸ ‘ਰਾਖੀ’ ਦੀ ਬਦੌਲਤ ਤ੍ਰਾਤਸਕੀ ਇਨਕਲਾਬ ਪੱਖੀ ਬੁੱਧੀਜੀਵੀ ਤੋਂ ਉਲਟ-ਇਨਕਲਾਬੀ ਵਿਚ ਬਦਲ ਗਿਆ। ਤ੍ਰਾਤਸਕੀ ਦੇ ਇਸ ਸਿਧਾਂਤ ਦਾ ਅਸਲੀ ਜਨਮਦਾਤਾ ਰੂਸੀ ਸੋਸ਼ਲ-ਡੈਮੋਕਰੈਟ ਅਲੈਗਜ਼ੈਂਡਰ ਹੇਲਫੰਡ ਸੀ ਜਿਸ ਨੂੰ ਆਮ ਤੌਰ ‘ਤੇ ਪਾਰਵੁਸ ਕਰਕੇ ਜਾਣਿਆ ਜਾਂਦਾ ਹੈ। 1904 ਵਿਚ ਤ੍ਰਾਤਸਕੀ ਪਾਰਵੁਸ ਨੂੰ ਮਿਉਨਿਖ ਵਿਚ ਮਿਲਿਆ ਅਤੇ ਫਰਵਰੀ 1905 ਤੱਕ ਉਸ ਨਾਲ ਰਿਹਾ। ਇਸ ਦੌਰਾਨ ਪਾਰਵੁਸ ਨੇ ਤ੍ਰਾਤਸਕੀ ਦੀ ਕਿਤਾਬ ‘ਸਾਡੇ ਸਿਆਸੀ ਕਾਰਜ’ ਦੀ ਭੂਮਿਕਾ ਵੀ ਲਿਖੀ ਜੋ 1905 ਦੇ ਇਨਕਲਾਬ ਦੇ ਸ਼ੁਰੂ ਹੋਣ ਸਮੇਂ ਛਪੀ। ਪਾਰਵੁਸ ਵੀ ਤ੍ਰਾਤਸਕੀ ਵਾਂਗ ਖੁਦ ਨੂੰ ਰੂਸੀ ਪਾਰਟੀ ਦੇ ਮੈਨਸ਼ਵਿਕ ਅਤੇ ਬਾਲਸ਼ਵਿਕ ਧੜਿਆਂ ਤੋਂ ‘ਉਪਰ’ ਸਮਝਦਾ ਸੀ ਅਤੇ ਅਕਸਰ ਮੈਨਸ਼ਵਿਕ ਪੱਖੀ ਪੈਂਤੜਾ ਲੈਂਦਾ ਸੀ।
ਤ੍ਰਾਤਸਕੀ ਦੇ ਸਥਾਈ ਇਨਕਲਾਬ ਦੇ ਸਿਧਾਂਤ ਅਨੁਸਾਰ ਰੂਸ ਦਾ ਵਿਕਾਸ ਇਸ ਤਰ੍ਹਾਂ ਹੋਇਆ ਹੈ ਕਿ ਪਛੜਿਆ ਹੋਣ ਦੇ ਬਾਵਜੂਦ ਇਨਕਲਾਬ ਦੇ ਹਾਲਾਤ ਜ਼ਿਆਦਾ ਢੁਕਵੇਂ ਸਨ। ਰੂਸ ਦੀ ਬੁਰਜੂਆ (ਸਰਮਾਏਦਾਰ) ਜਮਾਤ ਬੁਰਜੂਆ-ਜਮਹੂਰੀ ਇਨਕਲਾਬ ਦੀ ਅਗਵਾਈ ਕਰਨ ਤੋਂ ਅਸਮਰੱਥ ਹੈ। ਦੂਜੇ ਪਾਸੇ ਨਿੱਕ-ਬੁਰਜੂਆ ਜਮਾਤ (ਛੋਟੇ ਸਰਮਾਏਦਾਰ) ਤੇ ਕਿਸਾਨੀ ਵੀ ਖੁਦ ਨੂੰ ਇਕ ਪਾਰਟੀ ਵਿਚ ਜਥੇਬੰਦ ਨਹੀਂ ਕਰ ਸਕਦੀ ਅਤੇ ਨਾ ਹੀ ਆਉਣ ਵਾਲੇ ਬੁਰਜੂਆ-ਜਮਹੂਰੀ ਇਨਕਲਾਬ ਨੂੰ ਅਗਵਾਈ ਦੇ ਸਕਦੀ ਹੈ। ਸਿੱਟੇ ਵਜੋਂ, ਸਿਰਫ਼ ਮਜ਼ਦੂਰ ਜਮਾਤ ਹੀ ਹੈ ਜੋ ਇਨਕਲਾਬ ਨੂੰ ਅਗਵਾਈ ਦੇ ਸਕਦੀ ਹੈ। ਮਜ਼ਦੂਰ ਜਮਾਤ, ਕਿਸਾਨੀ ਦੀ ਹਮਾਇਤ ਨਾਲ ਇਨਕਲਾਬ ਕਰਨ ਵਿਚ, ਕਬਜ਼ਾ ਕਰਨ ਵਿਚ ਸਫ਼ਲ ਹੋ ਜਾਵੇਗੀ ਅਤੇ ਸਿੱਧਾ ‘ਪ੍ਰੋਲੇਤਾਰੀ ਦੀ ਤਾਨਾਸ਼ਾਹੀ’ ਕਾਇਮ ਕਰਨ ਵੱਲ ਵਧੇਗੀ। ਇਸ ਤੋਂ ਬਾਅਦ ਬੁਰਜੂਆ-ਜਮਹੂਰੀ ਇਨਕਲਾਬ ਤੇ ਸਮਾਜਵਾਦੀ ਇਨਕਲਾਬ ਦੇ ਕਾਰਜ ਇਕੋ ਸਮੇਂ ਪੂਰੇ ਕੀਤੇ ਜਾਣਗੇ।
ਤ੍ਰਾਤਸਕੀ ਦਾ ਤਰਕ ਸੀ ਕਿ ‘ਹਾਥੀ ਦੇ ਪੈਰ ਵਿਚ ਸਭ ਦੇ ਪੈਰ ਆ ਹੀ ਜਾਂਦੇ ਹਨ’, ਭਾਵ ਸਮਾਜਵਾਦੀ ਇਨਕਲਾਬ ਦਾ ਪ੍ਰੋਗਰਾਮ ਉਹ ਪ੍ਰੋਗਰਾਮ ਹੈ ਜਿਸ ਵਿਚ ਬੁਰਜੂਆ-ਜਮਹੂਰੀ ਇਨਕਲਾਬ ਦਾ ਪ੍ਰੋਗਰਾਮ ਸ਼ਾਮਿਲ ਹੈ। ਇਸ ਲਈ ਦੋਵਾਂ ਨੂੰ ਵੱਖ-ਵੱਖ ਪੜਾਅ ਮੰਨ ਕੇ ਵੱਖਰੇ ਤੌਰ ‘ਤੇ ਅੰਜ਼ਾਮ ਦਿੰਦਿਆਂ ਅੱਗੇ ਵਧਣ ਦੀ ਕੋਈ ਲੋੜ ਨਹੀਂ। ‘ਪ੍ਰੋਲੇਤਾਰੀ ਦੀ ਤਾਨਾਸ਼ਾਹੀ’ ਕਾਇਮ ਹੋਣ ਤੋਂ ਬਾਅਦ ਮਜ਼ਦੂਰ ਜਮਾਤ ਆਪਣਾ ਏਜੰਡਾ ਲਾਗੂ ਕਰਨ ਲਈ ਫੈਕਟਰੀਆਂ ਦੀ ਜ਼ਬਤੀ ਤੇ ਸਮਾਜੀਕਰਨ ਕਰੇਗੀ; ਖੇਤੀ ਖੇਤਰ ਵਿਚ ਕੌਮੀਕਰਨ ਤੇ ਜ਼ਮੀਨ ਵੰਡਣ ਦੀ ਥਾਂ ਸਮੂਹੀਕਰਨ ਵੱਲ ਵਧਿਆ ਜਾਵੇਗਾ। ਸਿੱਟੇ ਵਜੋਂ ਮਜ਼ਦੂਰ ਜਮਾਤ ਤੇ ਕਿਸਾਨੀ ਵਿਚਾਲੇ ਲਾਜ਼ਮੀ ਤੌਰ ‘ਤੇ ਵਿਰੋਧ ਖੜ੍ਹਾ ਹੋਵੇਗਾ ਅਤੇ ਕਿਸਾਨੀ, ਮਜ਼ਦੂਰ ਜਮਾਤ ਦਾ ਸਾਥ ਛੱਡ ਜਾਵੇਗੀ। ਅਜਿਹੀ ਹਾਲਤ ਵਿਚ ਮਜ਼ਦੂਰ ਜਮਾਤ ਦੀ ਸੱਤਾ, ਉਲਟ-ਇਨਕਲਾਬੀ ਤਾਕਤਾਂ ਦੁਆਰਾ ਬਹੁਤ ਜਲਦੀ ਕੁਚਲ ਦਿੱਤੀ ਜਾਵੇਗੀ। ਮਜ਼ਦੂਰ ਰਾਜ ਕੇਵਲ ਇਕ ਹਾਲਤ ਵਿਚ ਹੀ ਬਚ ਸਕਦਾ ਹੈ, ਉਹ ਹੈ ਯੂਰਪ ਦੇ ਬਾਕੀ ਵਿਕਸਿਤ ਦੇਸ਼ਾਂ ਵਿਚ ਉਸੇ ਸਮੇਂ ਇਨਕਲਾਬ ਹੋਣਾ ਅਤੇ ਉਥੋਂ ਦੀ ਮਜ਼ਦੂਰ ਸੱਤਾ ਦੁਆਰਾ ਰੂਸੀ ਮਜ਼ਦੂਰ ਜਮਾਤ ਨੂੰ ਸਹਾਇਤਾ ਦੇਣਾ। ਇਸ ਤਰ੍ਹਾਂ ਰੂਸ ਦੇ ਇਨਕਲਾਬ ਦੀ ਕਿਸਮਤ ਵਿਕਸਿਤ ਯੂਰਪੀ ਦੇਸ਼ਾਂ ਨਾਲ ਜੁੜੀ ਹੋਈ ਹੈ ਜਿਸ ਤੋਂ ਬਿਨਾਂ ਰੂਸ ਦੇ ਇਨਕਲਾਬ ਦਾ ਟਿਕਣਾ ਅਸੰਭਵ ਹੈ। ਇਸ ਸਿਧਾਂਤ ਦੇ ਜੋ ਸਿੱਧੇ ਸਿੱਟੇ ਨਿਕਲਦੇ ਹਨ, ਉਹ ਹਨ-
ਪਹਿਲਾ, ਤ੍ਰਾਤਸਕੀ ਅਨੁਸਾਰ ਮਜ਼ਦੂਰਾਂ ਤੇ ਕਿਸਾਨਾਂ ਦੀ ਸਾਂਝੀ ਜਮਹੂਰੀ ਤਾਨਾਸ਼ਾਹੀ ਦੀ ਸਥਾਪਨਾ ਅਸੰਭਵ ਹੈ। ਇਨਕਲਾਬ ਤੋਂ ਬਾਅਦ ਹਰ ਹਾਲ ਵਿਚ ਸਿਰਫ਼ ਪ੍ਰੋਲੇਤਾਰੀ ਦੀ ਤਾਨਾਸ਼ਾਹੀ ਹੀ ਕਾਇਮ ਹੋ ਸਕਦੀ ਹੈ। ਇਹ ਵਿਚਾਰ ਉਸ ਦੀ ਜਮਹੂਰੀ ਇਨਕਲਾਬ ਅਤੇ ਸਮਾਜਵਾਦੀ ਇਨਕਲਾਬ ਦੇ ਪੜਾਵਾਂ ਨੂੰ ਨਾ ਸਮਝਣ ਦੀ ਕਮਜ਼ੋਰੀ ਵਿਚੋਂ ਪੈਦਾ ਹੁੰਦਾ ਹੈ। ਹੋਰ ਤਾਂ ਹੋਰ, ਤ੍ਰਾਤਸਕੀ ਅਨੁਸਾਰ ਅਜਿਹੀ ਤਾਨਸ਼ਾਹੀ ਤਾਂ ਹੀ ਸੰਭਵ ਹੋ ਸਕਦੀ ਹੈ, ਜੇ ‘ਬੁਰਜੂਆ ਪਾਰਟੀਆਂ ਵਿਚੋਂ ਇਕ ਦਾ ਕਿਸਾਨੀ ਉਤੇ ਪ੍ਰਭਾਵ ਹੋਵੇਗਾ, ਜਾਂ ਫਿਰ ਕਿਸਾਨੀ ਆਪਣੀ ਖੁਦ ਤਾਕਤਵਰ ਪਾਰਟੀ ਕਾਇਮ ਕਰ ਲਵੇਗੀ’ ਜਿਨ੍ਹਾਂ ਨਾਲ ਪ੍ਰੋਲੇਤਾਰੀ ਦੀ ਪਾਰਟੀ ਸਾਂਝਾ ਮੋਰਚਾ ਬਣਾਏਗੀ; ‘ਪਰ ਜਿਵੇਂ ਅਸੀਂ ਦਿਖਾਇਆ ਹੈ ਕਿ ਇਨ੍ਹਾਂ ਵਿਚੋਂ ਕੁਝ ਵੀ ਸੰਭਵ ਨਹੀਂ ਹੈ’। (ਤ੍ਰਾਤਸਕੀ, ਰਿਜਲਟਸ ਐਂਡ ਪ੍ਰਾਸਪੈਕਟਸ, ਚੈਪਟਰ-4, ਇੰਟਰਨੈਟ ਐਡੀਸ਼ਨ)। ਇਹ ਹੈ ਤ੍ਰਾਤਸਕੀ ਦੀ ਜਮਾਤਾਂ ਦੇ ਸਾਂਝੇ ਮੋਰਚੇ ਦੀ ਸਮਝ। ਉਹ ਜਮਾਤਾਂ ਦੇ ਸਾਂਝੇ ਮੋਰਚੇ ਨੂੰ ਪਾਰਟੀਆਂ ਦੇ ਸਾਂਝੇ ਮੋਰਚੇ ਦੇ ਬਰਾਬਰ ਲਿਆ ਧਰਦਾ ਹੈ।
ਇਕ ਹੋਰ ਨੁਕਤੇ ਨੂੰ ਲੈ ਕੇ ਅਕਸਰ ਤ੍ਰਾਤਸਕੀਪੰਥੀ ਰੌਲਾ ਪਾਉਂਦੇ ਰਹਿੰਦੇ ਹਨ। ਉਨ੍ਹਾਂ ਅਨੁਸਾਰ ਲੈਨਿਨ ਨੇ ਤ੍ਰਾਤਸਕੀ ਦਾ 1905 ਦਾ ਨਾਅਰਾ ‘ਜ਼ਾਰ ਨਹੀਂ, ਮਜ਼ਦੂਰਾਂ ਦਾ ਰਾਜ’ ਚੋਰੀ ਕਰ ਲਿਆ ਸੀ ਅਤੇ 1917 ਵਿਚ ਆਪਣਾ 1905 ਦਾ ਜਮਹੂਰੀ ਤਾਨਸ਼ਾਹੀ ਦਾ ਨਾਅਰਾ ਬਦਲ ਕੇ ਇਹ ਲਾਗੂ ਕਰ ਦਿੱਤਾ ਸੀ। ਇਥੇ ਵੀ ਤ੍ਰਾਤਸਕੀਵਾਦੀ ਇਤਿਹਾਸਕ ਤੱਥਾਂ ਦੀ ਪੁਣ-ਛਾਣ ਕਰਨ ਦੀ ਥਾਂ ਸ਼ਬਦਜਾਲ ਦਾ ਸਹਾਰਾ ਲੈਂਦੇ ਹਨ। ਪਹਿਲੀ ਗੱਲ, ਇਹ ਦੇਖਣਾ ਪਵੇਗਾ ਕਿ 1905 ਦੇ ਹਾਲਾਤ ਅਨੁਸਾਰ ਤ੍ਰਾਤਸਕੀ ਦਾ ਨਾਅਰਾ ਠੀਕ ਸੀ ਜਾਂ ਲੈਨਿਨ ਦਾ। ਦੂਜੀ ਗੱਲ, ਲੈਨਿਨ ਨੇ ‘ਸਾਰੀ ਸੱਤਾ ਸੋਵੀਅਤਾਂ ਨੂੰ’ ਦਾ ਨਾਅਰਾ ਦਿੱਤਾ ਸੀ ਜਿਸ ਵਿਚ ਮਜ਼ਦੂਰਾਂ ਤੇ ਫੌਜੀਆਂ ਦੀਆਂ ਸੋਵੀਅਤਾਂ ਸ਼ਾਮਿਲ ਸਨ। ਲੈਨਿਨ ਅਨੁਸਾਰ ਨਵੇਂ ਹਾਲਾਤ ਵਿਚ ਸੋਵੀਅਤਾਂ ਦਾ ਮਾਡਲ ਹੀ ਉਹ ਰੂਪ ਹੈ ਜਿਸ ਰਾਹੀਂ ਮਜ਼ਦੂਰਾਂ ਅਤੇ ਕਿਸਾਨਾਂ ਦੀ ਤਾਨਾਸ਼ਾਹੀ ਕਾਇਮ ਹੋਵੇਗੀ, ਕਿਉਂਕਿ ਫੌਜੀਆਂ ਵਿਚੋਂ ਵੱਡੀ ਗਿਣਤੀ ਕਿਸਾਨਾਂ ਦੀ ਹੈ। ਇਸ ਤਰ੍ਹਾਂ ਲੈਨਿਨ ਨੇ ਆਪਣਾ ਨਾਅਰਾ ਹਾਲਾਤ ਦੇ ਠੋਸ ਵਿਸ਼ਲੇਸ਼ਣ ਰਾਹੀਂ ਦਿੱਤਾ ਸੀ; ਇਹ ਨਹੀਂ ਕਿ ਡੇਢ ਦਹਾਕਾ ਪਹਿਲਾਂ ਹੀ ਉਨ੍ਹਾਂ ਨੂੰ ਕੋਈ ਇਲਹਾਮ ਹੋ ਗਿਆ ਸੀ। ਇਸ ਤੋਂ ਬਿਨਾਂ, ਮਜ਼ਦੂਰ ਜਮਾਤ ਦੀ ਅਗਵਾਈ ਵਿਚ ਇਨਕਲਾਬ ਤੋਂ ਤੁਰੰਤ ਬਾਅਦ ਸਮਾਜਵਾਦੀ ਪ੍ਰੋਗਰਾਮ ਨਹੀਂ, ਸਗੋਂ ਜਮਹੂਰੀ ਇਨਕਲਾਬ ਦਾ ਪ੍ਰੋਗਰਾਮ ਲਾਗੂ ਕੀਤਾ ਗਿਆ ਸੀ ਜੋ ਤ੍ਰਾਤਸਕੀ ਦੇ ਸਥਾਈ ਇਨਕਲਾਬ ਤੋਂ ਬਿਲਕੁਲ ਉਲਟਾ ਹੈ।
ਦੂਜਾ, ਤ੍ਰਾਤਸਕੀ ਬੁਰਜੂਆ-ਜਮਹੂਰੀ ਇਨਕਲਾਬ ਦੇ ਪੜਾਅ ਨੂੰ ਛਾਲ ਮਾਰ ਕੇ ਲੰਘਣਾ ਚਾਹੁੰਦਾ ਹੈ। ਨਾ ਸਿਰਫ਼ ਰੂਸ ਦੇ ਮਾਮਲੇ ਵਿਚ, ਸਗੋਂ ਉਹ ਆਪਣਾ ਇਹ ਥੀਸਿਸ ਬਸਤੀਆਂ ‘ਤੇ ਵੀ ਲਾਗੂ ਕਰਦਾ ਹੈ। ਉਸ ਦਾ ਕਹਿਣਾ ਹੈ ਕਿ ਜਿਵੇਂ ਹੀ ਮਜ਼ਦੂਰ ਜਮਾਤ ਸੱਤਾ ਵਿਚ ਆਉਂਦੀ ਹੈ, ਉਹ ਆਪਣੇ ਏਜੰਡੇ ਨੂੰ ਘੱਟੋ-ਘੱਟ ਪ੍ਰੋਗਰਾਮ ਅਤੇ ਵੱਧੋ ਵੱਧ (ਪੂਰੇ) ਪ੍ਰੋਗਰਾਮ ਵਿਚ ਨਹੀਂ ਵੰਡਦੀ, ਸਗੋਂ ਸੱਤਾ ਸੰਭਾਲਣ ਸਾਰ ਆਪਣਾ ਸਮਾਜਵਾਦੀ ਪ੍ਰੋਗਰਾਮ ਲਾਗੂ ਕਰਦੀ ਹੈ; ਚਾਹੇ ਜ਼ਮੀਨੀ ਹਾਲਾਤ ਕੁਝ ਵੀ ਹੋਣ। ਜੇ ਅਜਿਹਾ ਹੁੰਦਾ ਹੈ ਤਾਂ ਸੁਭਾਵਿਕ ਹੀ ਕਿਸਾਨੀ, ਮਜ਼ਦੂਰਾਂ ਦਾ ਸਾਥ ਇਕਦਮ ਛੱਡ ਜਾਵੇਗੀ। ਇਸ ਗਲਤ ਧਾਰਨਾ ਦੀ ਬੁਨਿਆਦ ਤ੍ਰਾਤਸਕੀ ਦੀ ਸਮਾਜ ਦੇ ਵੱਖ-ਵੱਖ ਵਰਗਾਂ ਵਿਚਲੇ ਵਿਰੋਧਾਂ ਨੂੰ ਸਮਝਣ ਦੀ ਕਮਜ਼ੋਰੀ ਹੈ। ਉਸ ਲਈ ਬੱਸ ਕਿਰਤ ਤੇ ਸਰਮਾਏ ਵਿਚਲਾ ਵਿਰੋਧ ਹੀ ਉਹ ਵਿਰੋਧ ਹੈ ਜੋ ਹਰ ਸਮੇਂ ਬੁਨਿਆਦੀ ਵੀ ਤੇ ਪ੍ਰਧਾਨ ਵਿਰੋਧ ਵੀ ਬਣਿਆ ਰਹਿੰਦਾ ਹੈ। ਉਹ ਮਜ਼ਦੂਰ ਤੇ ਕਿਸਾਨੀ ਵਿਚਾਲੇ ਵਿਰੋਧ ਨੂੰ ਦੁਸ਼ਮਣਾਨਾ ਮੰਨਦਾ ਹੈ ਜੋ ਇਨਕਲਾਬ ਤੋਂ ਬਾਅਦ ਹੋਰ ਤਿੱਖਾ ਹੋ ਜਾਂਦਾ ਹੈ ਤੇ ਖੁੱਲ੍ਹਮ-ਖੁੱਲ੍ਹਾ ਜਮਾਤੀ ਲੜਾਈ ਵਿਚ ਬਦਲ ਜਾਂਦਾ ਹੈ; ਜਦਕਿ ਲੈਨਿਨ ਦੀ ਪਾਰਟੀ ਅਤੇ ਬਾਅਦ ਦੀਆਂ ਕਮਿਊਨਿਸਟ ਪਾਰਟੀਆਂ ਨੇ ਵੀ, ਇਹ ਸਪਸ਼ਟ ਦਿਖਾਇਆ ਕਿ ਕਿਸਾਨੀ ਤੇ ਮਜ਼ਦੂਰਾਂ ਵਿਚਲੇ ਵਿਰੋਧ ਨੂੰ ਅਮਨਮਈ ਤਰੀਕੇ ਨਾਲ ਆਪਸੀ ਸਮਝਦਾਰੀ ਵਿਕਸਤ ਕਰਦਿਆਂ ਨਜਿੱਠਿਆ ਜਾ ਸਕਦਾ ਹੈ।
ਤ੍ਰਾਤਸਕੀ ਜ਼ਮੀਨ ਦੇ ਸਵਾਲ ਦੇ ਹੱਲ ਲਈ ਜ਼ਮੀਨ ਦੀ ਮੁੜ-ਵੰਡ ਅਤੇ ਕੌਮੀਕਰਨ ਦੇ ਕਦਮਾਂ ਤੋਂ ਉਕਾ ਇਨਕਾਰੀ ਹੈ ਕਿਉਂਕਿ ਇਹ ਸਮਾਜਵਾਦੀ ਇਨਕਲਾਬ ਦੇ ਨਹੀਂ, ਸਗੋਂ ਜਮਹੂਰੀ ਇਨਕਲਾਬ ਦੇ ਕੰਮ ਹਨ। ਇਹ ਵੀ ਇਕ ਕਾਰਨ ਹੈ ਕਿ ਉਹ ਕਿਸਾਨੀ ਤੇ ਮਜ਼ਦੂਰਾਂ ਵਿਚਾਲੇ ਵਿਰੋਧ ਨੂੰ ਇਨਕਲਾਬ ਤੋਂ ਬਾਅਦ ਦੁਸ਼ਮਣਾਨਾ ਵਿਰੋਧ ਵਿਚ ਬਦਲ ਜਾਣ ਤੋਂ ਬਿਨਾਂ ਹੋਰ ਕਿਸੇ ਤਰੀਕੇ ਨਾਲ ਦੇਖ ਹੀ ਨਹੀਂ ਸਕਦਾ। ਉਹ ਕਿਸਾਨੀ ਨੂੰ ਮਜ਼ਦੂਰ ਸੱਤਾ ਦੁਆਰਾ ਕਿਸੇ ਵੀ ਕਿਸਮ ਦੀ ਰਿਆਇਤ ਦੇਣ ਤੋਂ ਇਨਕਾਰੀ ਹੈ; ਜਦਕਿ ਲੈਨਿਨ ਮਜ਼ਦੂਰਾਂ ਤੇ ਕਿਸਾਨਾਂ ਦੀ ਸਾਂਝ ਨੂੰ ਲਗਾਤਾਰ ਮਜ਼ਬੂਤ ਬਣਾਉਂਦੇ ਜਾਣ ਲਈ ਕਿਸਾਨੀ ਨੂੰ ਰਿਆਇਤਾਂ ਦੇਣ ਦੀ ਗੱਲ ਕਰਦਾ ਹੈ।
ਤੀਜਾ, ਤ੍ਰਾਤਸਕੀ ਕਿਸਾਨੀ ਦੀ ਇਨਕਲਾਬ ਵਿਚ ਭੂਮਿਕਾ ਨੂੰ ਬਹੁਤ ਘੱਟ ਕਰ ਕੇ ਦੇਖਦਾ ਹੈ। ਉਸ ਅਨੁਸਾਰ ਕਿਸਾਨੀ ਮਜ਼ਦੂਰ ਜਮਾਤ ਨਾਲ ਉਸੇ ਤਰ੍ਹਾਂ ਹੀ ਆਪਣੀ ਪਛੜੀ ਚੇਤਨਾ ਕਾਰਨ ਆ ਜੁੜਦੀ ਹੈ ਜਿਵੇਂ ਇਹ ਕਿਸੇ ਬੁਰਜੂਆ ਪਾਰਟੀ ਦੀ ਪੂਛ ਬਣ ਜਾਂਦੀ ਹੈ। “ਪੇਂਡੂ ਖੇਤਰਾਂ ਦੇ ਕਿਰਤੀ ਲੋਕ ਸਿਰਫ਼ ਇਨਕਲਾਬ ਤੋਂ ਬਾਅਦ ਜਦ ਸ਼ਹਿਰੀ ਪ੍ਰੋਲੇਤਾਰੀ ਸੱਤਾ ‘ਤੇ ਕਬਜ਼ਾ ਕਰ ਚੁੱਕਾ ਹੁੰਦਾ ਹੈ, ਉਦੋਂ ਹੀ ਇਨਕਲਾਬ ਵੱਲ ਖਿੱਚੇ ਜਾਣਗੇ ਤੇ ਸਿਆਸੀ ਆਧਾਰ ‘ਤੇ ਜਥੇਬੰਦ ਹੋਣਗੇ। ਇਨਕਲਾਬੀ ਲਾਮਬੰਦੀ ਤੇ ਜਥੇਬੰਦੀ ਰਾਜ ਦੀ ਮਦਦ ਨਾਲ ਕੀਤੀ ਜਾਵੇਗੀ?”
ਲੈਨਿਨ ਨੇ ਬਿਲਕੁਲ ਉਲਟ ਪੁਜ਼ੀਸ਼ਨ ਲਈ। ਉਸ ਅਨੁਸਾਰ ਕਿਸਾਨੀ ਦੀ ਇਨਕਲਾਬੀ ਲਾਮਬੰਦੀ ਤੇ ਮਜ਼ਦੂਰ ਜਮਾਤ ਦੀ ਅਗਵਾਈ ਵਿਚ ਉਸ ਨਾਲ ਸਾਂਝਾ ਮੋਰਚਾ ਇਨਕਲਾਬ ਦੀ ਜਿੱਤ ਲਈ ਲਾਜ਼ਮੀ ਸ਼ਰਤ ਹੈ। ਨਾਲ ਹੀ, ਕਿਸਾਨੀ ਦਾ ਅਗਿਆਨ ਤੇ ਤੁਅੱਸਬੀ ਮਾਨਸਿਕਤਾ ਵਿਚ ਬਣੇ ਰਹਿਣਾ ਮਜ਼ਦੂਰ ਜਮਾਤ ਲਈ ਕਿਸੇ ਵੀ ਤਰ੍ਹਾਂ ਸਹੀ ਨਹੀਂ; ਕਿਸਾਨੀ ਨੂੰ ਸਿੱਖਿਅਤ ਕਰਨਾ ਪ੍ਰੋਲੇਤਾਰੀ ਦੇ ਮੁੱਖ ਕੰਮਾਂ ਵਿਚੋਂ ਇਕ ਹੈ। ਲੈਨਿਨ ਦੀ ਇਸ ਧਾਰਨਾ ਨੂੰ ਇਤਿਹਾਸ ਦੇ ਘਟਨਾਕ੍ਰਮ ਨੇ, ਖਾਸ ਕਰ ਕੇ ਬਸਤੀਆਂ/ਅਰਧ-ਬਸਤੀਆਂ ਵਿਚ ਹੋਏ ਦੇਸ਼ਾਂ ਵਿਚ ਇਨਕਲਾਬਾਂ ਨੇ ਸਪੱਸ਼ਟ ਕਰ ਦਿੱਤਾ।
ਚੌਥਾ, ਤ੍ਰਾਤਸਕੀ ਰੂਸ ਵਿਚ ਇਨਕਲਾਬ ਦੀ ਕਾਮਯਾਬੀ ਅਤੇ ਮਜ਼ਦੂਰ ਸੱਤਾ ਦੇ ਟਿਕ ਪਾਉਣ ਨੂੰ ਯੂਰਪੀ ਮੁਲਕਾਂ ਵਿਚ ਨਾਲੋ-ਨਾਲ ਹੋਣ ਵਾਲੇ ਇਨਕਲਾਬ ਨਾਲ ਨੱਥੀ ਕਰ ਦਿੰਦਾ ਹੈ। ਸਰਮਾਏਦਾਰੀ ਦੇ ਸਾਮਰਾਜੀ ਦੌਰ ਵਿਚ ਦਾਖਲੇ ਤੋਂ ਪਹਿਲਾਂ ਭਾਵੇਂ ਦੁਨੀਆਂ ਭਰ ਦੇ ਕਮਿਊਨਿਸਟ ਇਹੀ ਸਮਝਦੇ ਸਨ ਕਿ ਇਨਕਲਾਬ ਵਿਕਸਤ ਸਰਮਾਏਦਾਰ ਦੇਸ਼ਾਂ ਵਿਚ ਨਾਲੋ-ਨਾਲ ਹੋਵੇਗਾ, ਖੁਦ ਮਾਰਕਸ-ਏਂਗਲਜ਼ ਵੀ ਇਹੀ ਸਮਝਦੇ ਸਨ ਪਰ ਲੈਨਿਨ ਨੇ ਪਹਿਲੀ ਸੰਸਾਰ ਜੰਗ ਵੇਲੇ ਹੀ ਇਸ ਤੋਂ ਅਲੱਗ ਸੋਚਣਾ ਸ਼ੁਰੂ ਕਰ ਦਿੱਤਾ। ਫਿਰ ਉਸ ਨੇ 1915 ਵਿਚ ਜੰਗ-ਵਿਰੋਧੀ ‘ਸੰਯੁਕਤ ਰਾਜ ਯੂਰਪ’ ਦੇ ਨਾਅਰੇ ਦੀ ਪੜਚੋਲ ਕਰਦਿਆਂ ਪਹਿਲੀ ਵਾਰ ਕਿਹਾ ਕਿ ਇਨਕਲਾਬ ਦੀ ਜਿੱਤ ਤੇ ਸਮਾਜਵਾਦ ਦੀ ਉਸਾਰੀ ਇਕ ਦੇਸ਼ ਵਿਚ ਵੀ ਸੰਭਵ ਹੈ। ਉਹ ਉਸ ਸਮੇਂ ਸਾਮਰਾਜਵਾਦ ਅਤੇ ਸਰਮਾਏਦਾਰੀ ਦੇ ਅਸਾਂਵੇਂ ਵਿਕਾਸ ਦੇ ਸਿਧਾਤ ਉਪਰ ਕੰਮ ਕਰ ਰਿਹਾ ਸੀ ਜਿਸ ਨੂੰ ਉਸ ਨੇ ‘ਸਾਮਰਾਜਵਾਦ- ਸਰਮਾਏਦਾਰੀ ਦਾ ਸਿਖਰ’ ਕਿਤਾਬ ਵਿਚ ਪੇਸ਼ ਕੀਤਾ। ਉਹਨੇ ਦਿਖਾਇਆ ਕਿ ਇਨਕਲਾਬ ਸੰਸਾਰ ਸਰਮਾਏਦਾਰੀ ਦੀ ਕਮਜ਼ੋਰ ਕੜੀ ਬਣਨ ਵਾਲੇ ਇਕ ਜਾਂ ਵੱਧ ਦੇਸ਼ਾਂ ਵਿਚ ਪਹਿਲਾਂ ਹੋਵੇਗਾ ਅਤੇ ਇਹ ਇਨਕਲਾਬ ਸਫਲ ਵੀ ਹੋ ਸਕਦਾ ਹੈ। ਤ੍ਰਾਤਸਕੀ ਨੇ 1915 ਵਿਚ ਹੀ ਲੈਨਿਨ ਦੇ ਲੇਖ ਦਾ ਵਿਰੋਧ ਕੀਤਾ ਅਤੇ ਇਹਨੂੰ ਸਮਾਜਕ ਦੇਸ਼ਭਗਤੀ ਤੇ ਕੌਮੀ ਤੰਗਨਜ਼ਰੀ ਗਰਦਾਨ ਦਿੱਤਾ। ਨਾ ਸਿਰਫ਼ ਉਹ ਇਸ ਬਦਲਾਅ ਨੂੰ ਸਮਝ ਨਾ ਸਕਿਆ, ਸਗੋਂ ਉਹ 1917 ਦੇ ਇਨਕਲਾਬ ਦੇ ਕਾਮਯਾਬ ਹੋਣ ਅਤੇ ਨਵੀਂ ਇਨਕਲਾਬੀ ਸੱਤਾ ਦੇ ਟਿਕ ਜਾਣ ਪਿਛੋਂ ਵੀ ਆਪਣੇ ਸੰਸਾਰ ਇਨਕਲਾਬ ਦੇ ਸਿਧਾਂਤ ਨਾਲ ਚਿੰਬੜਿਆ ਰਿਹਾ।
ਜਿਵੇਂ ਲੈਨਿਨ ਨੇ ਕਿਹਾ ਹੈ, ਤ੍ਰਾਤਸਕੀ ਮੈਨਸ਼ਵਿਕਾਂ ਤੋਂ ਕਿਸਾਨੀ ਦੀ ਭੂਮਿਕਾ ਨੂੰ ਘੱਟ ਕਰ ਕੇ ਦੇਖਣ ਦਾ ਨੁਕਤਾ ਅਤੇ ਬਾਲਸ਼ਵਿਕਾਂ ਤੋਂ ਮਜ਼ਦੂਰ ਜਮਾਤ ਦੀ ਆਗੂ ਭੂਮਿਕਾ ਦਾ ਨੁਕਤਾ ਉਧਾਰ ਲੈਂਦਾ ਹੈ ਅਤੇ ਖੁਦ ਨੂੰ ਦੋਹਾਂ ਤੋਂ ‘ਉਪਰ’ ਬਿਰਾਜਮਾਨ ਕਰ ਲੈਂਦਾ ਹੈ; ਉਂਜ ਤੱਤ ਰੂਪ ਵਿਚ ਉਹ ਮੈਨਸ਼ਵਿਕ ਹੀ ਰਹਿੰਦਾ ਹੈ ਕਿਉਂਕਿ ਦੋਹਾਂ ਦੇ ਸਿਧਾਂਤਾਂ ਦਾ ਨਤੀਜਾ ਕਿਸਾਨੀ ਨੂੰ ਕ੍ਰਾਂਤੀ ਲਈ ਲਾਮਬੰਦ ਕਰਨ ਤੋਂ ਭੱਜ ਨਿਕਲਣ ਵਿਚ ਹੀ ਨਿਕਲਦਾ ਹੈ। ਮੈਨਸ਼ਵਿਕ ਅਜਿਹਾ ਕਰਦੇ ਹੋਏ ਸਪਸ਼ਟ ਮੌਕਾਪ੍ਰਸਤੀ ਦਿਖਾਉਂਦੇ ਹਨ ਅਤੇ ਤ੍ਰਾਤਸਕੀ ਇਹਨੂੰ ਖੱਬੇ-ਪੱਖੀ ਲਫ਼ਾਜ਼ੀ ਥੱਲੇ ਛੁਪਾਉਂਦਾ ਹੈ।
ਇਕ ਦੇਸ਼ ਵਿਚ ਸਮਾਜਵਾਦ: ਪਹਿਲੀ ਸੰਸਾਰ ਜੰਗ ਦੌਰਾਨ ਹੀ ਜਦੋਂ ਰੂਸ ਅੰਦਰ ਇਨਕਲਾਬ ਦਾ ਵਿਸਫੋਟ ਹੋ ਗਿਆ ਤਾਂ ਦੁਨੀਆਂ ਭਰ ਕਮਿਊਨਿਸਟਾਂ ਵਿਚ ਸਮੇਤ ਬਾਲਸ਼ਵਿਕਾਂ ਦੇ, ਇਹ ਉਮੀਦ ਜਾਗ ਪਈ ਕਿ ਹੁਣ ਯੂਰਪੀ ਮੁਲਕਾਂ ਅੰਦਰ ਵੀ ਇਨਕਲਾਬ ਸ਼ੁਰੂ ਹੋ ਜਾਣਗੇ ਪਰ ਜੰਗ ਖਤਮ ਹੋਣ ਬਾਅਦ ਅਤੇ ਰੂਸ ਵਿਚ ਖਾਨਾਜੰਗੀ ਖਤਮ ਹੋਣ ਤੱਕ ਇਹ ਸਾਫ਼ ਹੋ ਗਿਆ ਕਿ ਇਨਕਲਾਬ ਦਾ ਜਵਾਰ ਹੁਣ ਉਤਰਾਅ ਵਿਚ ਹੈ। ਯੂਰਪੀ ਦੇਸ਼ਾਂ ਵਿਚ ਦੂਜੀ ਇੰਟਰਨੈਸ਼ਨਲ ਦੇ ਆਗੂਆਂ ਦੀ ਗੱਦਾਰੀ ਕਾਰਨ ਇਨਕਲਾਬ ਜਾਂ ਤਾਂ ਅਸਫਲ ਰਹੇ, ਜਾਂ ਟਿਕ ਨਹੀਂ ਸਕੇ। ਹੁਣ ਬਾਲਸ਼ਵਿਕਾਂ ਅੱਗੇ ਸਵਾਲ ਸੀ ਕਿ ਅੱਗੇ ਕਿਵੇਂ ਵਧਿਆ ਜਾਵੇ। 1921 ਵਿਚ ‘ਨਵੀਂ ਆਰਥਕ ਨੀਤੀ’ ਤਹਿਤ ਲੈਨਿਨ ਦੀ ਅਗਵਾਈ ਵਿਚ ਬਾਲਸ਼ਵਿਕ ਪਾਰਟੀ ਨੇ ਤਬਾਹ-ਬਰਬਾਦ ਹੋ ਚੁੱਕੇ ਦੇਸ਼ ਦੀ ਆਰਥਿਕ ਉਸਾਰੀ ਦਾ ਕੰਮ ਅਰੰਭਿਆ। ਫਿਰ 1924 ਵਿਚ ਲੈਨਿਨ ਦੀ ਮੌਤ ਹੋ ਗਈ ਅਤੇ ਸਮਾਜਵਾਦ ਦੀ ਉਸਾਰੀ ਦੇ ਸਵਾਲ ਨੇ ਪਾਰਟੀ ਵਿਚ ਬਹਿਸ ਛੇੜ ਦਿੱਤੀ। ਬਾਲਸ਼ਵਿਕ ਪਾਰਟੀ ਅੱਗੇ ਤਿੰਨ ਰਸਤੇ ਸਨ। ਪਹਿਲਾ, ਹੱਥ ਉਤੇ ਹੱਥ ਧਰ ਕੇ ਬੈਠੇ ਰਹਿਣਾ ਤੇ ਸੰਸਾਰ ਇਨਕਲਾਬ ਦਾ ਇੰਤਜ਼ਾਰ ਕਰਨਾ। ਦੂਜਾ, ਕੁਝ ਸਮਾਜਵਾਦੀ ਕਦਮ ਉਠਾਉਂਦੇ ਹੋਏ ਸੰਸਾਰ ਇਨਕਲਾਬ ਨੂੰ ਉਡੀਕਣਾ। ਤੇ ਤੀਜਾ, ਇਸ ਨਿਸ਼ਚੇ ਨਾਲ ਕਿ ਇਕ ਦੇਸ਼ ਵਿਚ ਸਮਾਜਵਾਦ ਦੀ ਉਸਾਰੀ ਸੰਭਵ ਹੈ, ਸਮਾਜਵਾਦ ਦਾ ਨਿਰਮਾਣ ਕਰਨ ਲਈ ਜੁਟਣਾ। ਸਤਾਲਿਨ ਨੇ ਲੈਨਿਨਵਾਦੀ ਪੈਂਤੜਾ ਅਪਨਾਉਂਦੇ ਹੋਏ ਦਿਖਾਇਆ ਕਿ ਤੀਜਾ ਰਾਹ ਹੀ ਸਹੀ ਸਟੈਂਡ ਹੈ ਅਤੇ ਇਕ ਦੇਸ਼ ਵਿਚ ਸਮਾਜਵਾਦ ਦੀ ਉਸਾਰੀ ਸਬੰਧੀ ਬਹਿਸ ਨੂੰ ‘ਸਾਹਿਤਕ ਬਹਿਸ’ ਕਹਿ ਕੇ ਖਾਰਜ ਕਰ ਦਿੱਤਾ।
ਇਸ ਤੋਂ ਬਾਅਦ ਪਾਰਟੀ ਨੇ ਸਮਾਜਵਾਦ ਦੀ ਉਸਾਰੀ ਦਾ ਰਾਹ ਫੜਿਆ ਅਤੇ ਪਹਿਲੀ ਪੰਜ ਸਾਲਾ ਯੋਜਨਾ ਉਲੀਕ ਕੇ ਇਸ ਇਤਿਹਾਸਕ ਕੰਮ ਵਿਚ ਜੁਟ ਗਈ। ਇੱਥੇ ਇਹ ਗੱਲ ਨੋਟ ਕਰਨੀ ਚਾਹੀਦੀ ਹੈ ਕਿ ਇਕ ਦੇਸ਼ ਵਿਚ ਸਮਾਜਵਾਦੀ ਉਸਾਰੀ ਦੇ ਸੰਭਵ ਹੋਣ ਦਾ ਮਤਲਬ ਇਹ ਨਹੀਂ ਕਿ ਉਸ ਦੇਸ਼ ਵਿਚ ਸਮਾਜਵਾਦ ਦੀ ‘ਅੰਤਿਮ’ ਜਿੱਤ ਸੰਭਵ ਹੈ। ਇਸ ਬਾਰੇ ਨਾ ਲੈਨਿਨ ਅਤੇ ਨਾ ਹੀ ਸਤਾਲਿਨ ਨੇ ਕਦੇ ਦਾਅਵਾ ਕੀਤਾ ਸੀ। ਸਤਾਲਿਨ ਨੇ ਅੰਤਿਮ ਜਿੱਤ ਨੂੰ ਤਾਂ ਹੀ ਸੰਭਵ ਮੰਨਿਆ ਸੀ ਜਦੋਂ ਸਮਾਜਵਾਦੀ ਦੇਸ਼ ਨੂੰ ਬਾਹਰੋਂ ਹਮਲੇ ਦਾ ਖਤਰਾ ਨਾ ਰਹੇ; ਭਾਵ ਬਹੁਤ ਸਾਰੇ ਦੇਸ਼ਾਂ ਵਿਚ ਇਨਕਲਾਬ ਹੋ ਚੁੱਕਿਆ ਹੋਵੇ। ਇੱਥੇ ਜ਼ਰੂਰ ਸਤਾਲਿਨ ਦੀ ਬਾਹਰੀ ਹਮਲੇ ਦੇ ਪੱਖ ‘ਤੇ ਜ਼ਿਆਦਾ ਜ਼ੋਰ ਦੇਣਾ ਗਲਤੀ ਦਿਖਦੀ ਹੈ ਕਿਉਂਕਿ ਸਰਮਾਏਦਾਰੀ ਦੀ ਬਹਾਲੀ ਦਾ ਖਤਰਾ ਸਿਰਫ਼ ਬਾਹਰੋਂ ਹਮਲੇ ਕਰ ਕੇ ਹੀ ਨਹੀਂ, ਸਮਾਜਵਾਦੀ ਦੇਸ਼ ਅੰਦਰ ਚੱਲ ਰਹੇ ਜਮਾਤੀ ਸੰਘਰਸ਼ ਵਿਚ ਸਰਮਾਏਦਾਰੀ ਮਾਰਗੀਆਂ ਵੱਲੋਂ ਸੱਤਾ ‘ਤੇ ਕਬਜ਼ਾ ਕਰਨ ਨਾਲ ਵੀ ਹੋ ਸਕਦੀ ਹੈ। ਅਜਿਹਾ ਸੋਵੀਅਤ ਸੰਘ ਤੇ ਚੀਨ ਵਿਚ ਹੋਇਆ ਵੀ।
ਜਦੋਂ ਤ੍ਰਾਤਸਕੀ ਜੁਲਾਈ, 1917 ਵਿਚ ਬਾਲਸ਼ਵਿਕ ਪਾਰਟੀ ਵਿਚ ਸ਼ਾਮਿਲ ਹੋ ਗਿਆ ਤਾਂ ਲੋਕਾਂ ਨੇ ਸੋਚਿਆ ਕਿ ਉਸ ਨੇ ਆਪਣੇ ‘ਸਥਾਈ ਇਨਕਲਾਬ’ ਦੇ ਸਿਧਾਂਤ ਨੂੰ ਅਲਵਿਦਾ ਆਖ ਦਿੱਤੀ ਹੈ, ਪਰ ਅਜਿਹਾ ਨਹੀਂ ਸੀ। ਜਦੋਂ ਇਹ ਬਹਿਸ ਛਿੜੀ ਤਾਂ ਉਹ ਆਪਣੇ ਸਿਧਾਂਤ ਦੀ ਰਾਖੀ ਲਈ ਅਖਾੜੇ ਵਿਚ ਕੁੱਦ ਪਿਆ। ਪਹਿਲਾਂ ਉਸ ਨੇ ਕਿਹਾ ਸੀ ਕਿ ਯੂਰਪੀ ਦੇਸ਼ਾਂ ਵਿਚ ਇਨਕਲਾਬ ਤੋਂ ਬਿਨਾਂ ਅਤੇ ਉਥੋਂ ਦੇ ਜੇਤੂ ਪ੍ਰੋਲੇਤਾਰੀ ਦੀ ਮਦਦ ਤੋਂ ਬਿਨਾਂ ਰੂਸ ਵਿਚ ਮਜ਼ਦੂਰ ਜਮਾਤੀ ਸੱਤਾ ਟਿਕੀ ਨਹੀਂ ਰਹਿ ਸਕਦੀ। ਉਸ ਦੇ ਇਸ ਦਾਅਵੇ ਨੂੰ ਇਤਿਹਾਸ ਨੇ ਟਿਕਾਣੇ ਲਾ ਦਿੱਤਾ ਸੀ। ਹੁਣ ਉਸ ਨੇ ਆਪਣੇ ਇਸੇ ਸਿਧਾਂਤ ਨੂੰ ਨਵੇਂ ਕੱਪੜੇ ਪਵਾ ਕੇ ਇਹ ਕਿਹਾ ਕਿ ਸੰਸਾਰ ਇਨਕਲਾਬ ਤੋਂ ਬਿਨਾਂ ਕਿਸੇ ਇਕ ਦੇਸ਼ ਵਿਚ ਸਮਾਜਵਾਦ ਦੀ ਉਸਾਰੀ ਸੰਭਵ ਨਹੀਂ। ਉਸ ਅਨੁਸਾਰ ਕਿਸੇ ਪਛੜੇ ਦੇਸ਼ ਵਿਚ ਮਜ਼ਦੂਰ ਜਮਾਤੀ ਸੱਤਾ ਅਤੇ ਕਿਸਾਨੀ ਬਹੁਗਿਣਤੀ ਵਿਚ ਪੈਦਾ ਹੋਏ ਵਿਰੋਧ ਨੂੰ ਕੌਮਾਂਤਰੀ ਪੱਧਰ ‘ਤੇ ਹੀ ਨਜਿੱਠਿਆ ਜਾ ਸਕਦਾ ਹੈ, ਸੰਸਾਰ ਇਨਕਲਾਬ ਦੇ ਅਖਾੜੇ ਵਿਚ। ਰੂਸ ਵਿਚ ਵੀ ਅਰਥਚਾਰਾ ਸਹੀ ਰੂਪ ਵਿਚ ਸਮਾਜਵਾਦੀ ਲੀਹ ‘ਤੇ ਤਾਂ ਹੀ ਅੱਗੇ ਵਧ ਸਕੇਗਾ, ਜੇ ਯੂਰਪ ਦੇ ਅਹਿਮ ਮੁਲਕਾਂ ਵਿਚ ਮਜ਼ਦੂਰ ਜਮਾਤ ਦੀ ਸੱਤਾ ਸਥਾਪਤ ਹੁੰਦੀ ਹੈ? ਇਸ ਦਾ ਸਤਾਲਿਨ ਨੇ ਜਵਾਬ ਦਿੱਤਾ, “ਇਸ ਦਲੀਲ ਦਾ ਸਿੱਧਾ ਜਿਹਾ ਮਤਲਬ ਇਹ ਹੈ ਕਿ ਸਾਡੇ ਲਈ ਕੋਈ ਰਾਹ ਨਹੀਂ, ਸਿਵਾਏ ਆਪਸੀ ਵਿਰੋਧਾਂ ਵਿਚ ਫਸ ਕੇ ਛਟਪਟਾਉਣ ਦੇ ਅਤੇ ਸੰਸਾਰ ਇਨਕਲਾਬ ਦੀ ਉਡੀਕ ਕਰਦੇ ਹੋਏ ਮਰ-ਖਪ ਜਾਣ ਦੇ।” ਸਮਾਜਵਾਦੀ ਉਸਾਰੀ ਸ਼ੁਰੂ ਹੋ ਜਾਣ ਤੋਂ ਬਾਅਦ ਵੀ ਤ੍ਰਾਤਸਕੀ ਸਨਅਤੀਕਰਨ ਨੂੰ ਤਦ ਤੱਕ ਦੇ ਹੰਗਾਮੀ ਉਪਾਅ ਹੀ ਕਹਿੰਦਾ ਰਿਹਾ (ਉਹ ਵੀ ਮਜਬੂਰੀਵੱਸ), ਜਦੋਂ ਤੱਕ ਸੰਸਾਰ ਇਨਕਲਾਬ ਰੂਸੀ ਇਨਕਲਾਬ ਨੂੰ ਆ ਕੇ ਬਚਾ ਨਹੀਂ ਲੈਂਦਾ।
ਉਂਜ, ਤ੍ਰਾਤਸਕੀ ਦਾ ਖਹਿੜਾ ਇੱਥੇ ਹੀ ਨਹੀਂ ਛੁੱਟਿਆ। 1932-33 ਤੱਕ ਸੋਵੀਅਤ ਸੰਘ ਵਿਚ ਸਮਾਜਵਾਦੀ ਪੈਦਾਵਾਰੀ ਰਿਸ਼ਤਿਆਂ ਦੀ ਉਸਾਰੀ ਦਾ ਕੰਮ ਲੱਗਭੱਗ ਪੂਰਾ ਹੋ ਗਿਆ ਸੀ। ਤ੍ਰਾਤਸਕੀ ਨੂੰ ਇਕ ਵਾਰ ਫਿਰ ਆਪਣੇ ਸੰਸਾਰ ਇਨਕਲਾਬ ਦੇ ਸਿਧਾਂਤ ‘ਤੇ ਗੌਰ ਕਰਨ ਦੀ ਲੋੜ ਪਈ ਕਿਉਂਕਿ ਹੁਣ ਬਿਨਾਂ ਸੰਸਾਰ ਇਨਕਲਾਬ ਦੇ ਇਕ ਦੇਸ਼ ਵਿਚ ਸਮਾਜਵਾਦੀ ਉਸਾਰੀ ਦਾ ਕੰਮ ਵੀ ਨੇਪਰੇ ਚੜ੍ਹ ਚੱਲਿਆ ਸੀ। ਹੁਣ ਉਹਦੇ ਸਾਹਮਣੇ ਇਕ ਹੀ ਤਰੀਕਾ ਬਚਿਆ ਸੀ, ਉਹ ਸੀ ਸਮਾਜਵਾਦ ਦੀ ਪਰਿਭਾਸ਼ਾ ਨੂੰ ਬਦਲ ਦੇਣਾ ਤੇ ਇਹੀ ਉਸ ਨੇ ਕੀਤਾ। ਉਸ ਨੇ ਪੈਦਾਵਾਰੀ ਰਿਸ਼ਤਿਆਂ ਦੀ ਥਾਂ ਪੈਦਾਵਾਰੀ ਤਾਕਤਾਂ ਦੇ ਵਿਕਾਸ ਨੂੰ ਆਪਣੀ ਪਰਿਭਾਸ਼ਾ ਦਾ ਆਧਾਰ ਬਣਾਇਆ ਅਤੇ ਇਹ ਸਿਧਾਂਤ ਘੜ ਦਿੱਤਾ ਕਿ ਕਿਸੇ ਦੇਸ਼ ਦੇ ਸਮਾਜ ਨੂੰ ਉਦੋਂ ਹੀ ਸਮਾਜਵਾਦੀ ਕਿਹਾ ਜਾ ਸਕਦਾ ਹੈ ਜਦੋਂ ਉਸ ਵਿਚ ਤਕਨੀਕੀ ਵਿਕਾਸ, ਸਭਿਆਚਾਰ ਤੇ ਜੀਵਨ ਦਾ ਪੱਧਰ ਸਭ ਤੋਂ ਵਿਕਸਤ ਸਰਮਾਏਦਾਰ ਦੇਸ਼ ਨਾਲੋਂ ਅੱਗੇ ਲੰਘ ਜਾਵੇ। ਆਪਣੀ ਇਸ ਨਵੀਂ ਪਰਿਭਾਸ਼ਾ ਦੇ ਆਧਾਰ ‘ਤੇ ਤ੍ਰਾਤਸਕੀ ਸੋਵੀਅਤ ਸੰਘ ਨੂੰ ਸਮਾਜਵਾਦੀ ਦੇਸ਼ ਮੰਨਣ ਤੋਂ ਇਨਕਾਰੀ ਹੋ ਗਿਆ ਅਤੇ ਸੋਵੀਅਤ ਸੰਘ ਨੂੰ ਸਰਮਾਏਦਾਰੀ ਤੇ ਸਮਾਜਵਾਦ ਵਿਚਾਲੇ ਕਿਸੇ ਥਾਂ ਲਟਕਦਾ ਦੇਸ਼ ਦੱਸਣ ਲੱਗ। ਇਹ ਹੈ ਤ੍ਰਾਤਸਕੀ ਦਾ ਮਾਰਕਸਵਾਦ ਨੂੰ ‘ਉਨਤ’ ਧਰਾਤਲ ਦਾ ਪਹੁੰਚਾਉਣਾ! ਇਹ ਤਰਕ ਖਰੁਸ਼ਚੇਵ ਦੇ ਤਰਕਾਂ ਨਾਲ ਵੀ ਮੇਲ ਖਾਂਦਾ ਹੈ ਜਿਸ ਦਾ ਕਹਿਣਾ ਸੀ ਕਿ ਜਦੋਂ ਲੋਕੀਂ ਸਮਾਜਵਾਦ ਵਿਚ ਪ੍ਰਤੀ ਵਿਅਕਤੀ ਖਪਤ ਨੂੰ ਸਰਮਾਏਦਾਰੀ ਦੇਸ਼ਾਂ ਤੋਂ ਵੱਧ ਦੇਖਣਗੇ ਤਾਂ ਸਮਾਜਵਾਦ ਲਈ ‘ਵੋਟ’ ਪਾਉਣਗੇ।
ਬਾਅਦ ਦੇ ਤ੍ਰਾਤਸਕੀਪੰਥੀਆਂ ਨੇ ਇਸੇ ਗੱਲ ਨੂੰ ਹੋਰ ਤਰੀਕੇ ਨਾਲ ਕਹਿਣ ਦੀ ਕੋਸ਼ਿਸ਼ ਕੀਤੀ। ਅਰਨੈਸਟ ਮੈਂਡਲ ਨੇ ਪ੍ਰਚਾਰਿਆ, “ਤ੍ਰਾਤਸਕੀ ਨੇ ਤਾਂ ਇੰਨਾ ਹੀ ਕਿਹਾ ਸੀ ਕਿ ਪੂਰੀ ਤਰ੍ਹਾਂ ਵਿਕਸਤ ਸਮਾਜਵਾਦੀ ਸਮਾਜ, ਭਾਵ ਇਕ ਸਮਾਜ ਜਿਸ ਵਿਚ ਜਮਾਤਾਂ, ਜਿਣਸਾਂ, ਮੁਦਰਾ ਤੇ ਰਾਜਸੱਤਾ ਦੀ ਹੋਂਦ ਨਹੀਂ ਰਹੇਗੀ, ਇਕ ਰਾਜ ਦੀਆਂ ਹੱਦਾਂ ਅੰਦਰ ਸਥਾਪਤ ਕਰਨਾ ਸੰਭਵ ਨਹੀਂ ਹੈ।” ਮੈਂਡਲ ਬੜੀ ਚਲਾਕੀ ਨਾਲ ਕਮਿਊਨਿਜ਼ਮ ਦੀ ਪਰਿਭਾਸ਼ਾ ਨੂੰ ਸਮਾਜਵਾਦ ਦੀ ਪਰਿਭਾਸ਼ਾ ਦੀ ਥਾਂ ਰੱਖਣ ਦੀ ਕੋਸ਼ਿਸ਼ ਕਰਦਾ ਹੈ, ਉਹ ਵੀ 1968 ਵਿਚ ਆ ਕੇ, ਜਦੋਂ ਸਮਾਜਵਾਦ ਦੀ ਪਰਿਭਾਸ਼ਾ ਚੋਖੀ ਤਰ੍ਹਾਂ ਸਪਸ਼ਟ ਹੋ ਚੁੱਕੀ ਸੀ।
ਤ੍ਰਾਤਸਕੀ ਖੁਦ ਅਤੇ ਉਸ ਦੇ ਪੈਰੋਕਾਰ ਇਹ ਪ੍ਰਚਾਰਦੇ ਰਹੇ ਹਨ ਕਿ ਇਕ ਦੇਸ਼ ਵਿਚ ਸਰਮਾਏਦਾਰੀ ਉਸਾਰੀ ਸੰਭਵ ਮੰਨਣ ਪਿੱਛੇ ਅਸਲ ਵਿਚ ਕੌਮੀ ਤੰਗਦਿਲੀ ਅਤੇ ਦੂਜੇ ਦੇਸ਼ਾਂ ਦੇ ਇਨਕਲਾਬੀ ਪ੍ਰੋਲੇਤਾਰੀ ਦੀ ਮਦਦ ਕਰਨ ਤੋਂ ਭੱਜਣ ਦਾ ਬਹਾਨਾ ਹੈ, ਪਰ ਇਸ ਮਾਮਲੇ ਵਿਚ ਵੀ ਸਤਾਲਿਨ, ਤ੍ਰਾਤਸਕੀ ਦੀਆਂ ਖਿਆਲੀ ਉਡਾਰੀਆਂ ਦੇ ਮੁਕਾਬਲੇ ਕਿਤੇ ਵੱਧ ਵਿਹਾਰਕ ਹੈ ਜਦੋਂ ਉਹ ਕਹਿੰਦਾ ਹੈ, “ਇਹ ਸੱਚ ਹੈ ਕਿ ਸਮਾਜਵਾਦ ਦੀ ਅੰਤਿਮ ਜਿੱਤ ਕਈ ਦੇਸ਼ਾਂ ਵਿਚ ਪ੍ਰੋਲੇਤਾਰੀ ਦੀ ਜਿੱਤ ਹੋਣ ‘ਤੇ ਹੀ ਸੰਭਵ ਹੈ, ਪਰ ਇਹ ਵੀ ਸੱਚ ਹੈ ਕਿ ਸੰਸਾਰ ਇਨਕਲਾਬ ਦਾ ਵਿਕਾਸ ਵੱਧ ਤੇਜ਼ ਤੇ ਡੂੰਘਾ ਹੋਵੇਗਾ, ਜੇ ਉਹਦੀ ਮਦਦ ਲਈ ਪਹਿਲੇ ਤੋਂ ਹੀ ਇਕ ਸਮਾਜਵਾਦੀ ਦੇਸ਼ ਮੌਜੂਦ ਹੋਵੇਗਾ?” ਲੈਨਿਨ ਨੇ ਵੀ ਇਹੀ ਕਿਹਾ ਸੀ ਕਿ “ਪਹਿਲਾ ਸਮਾਜਵਾਦੀ ਦੇਸ਼ ਦੂਜੇ ਮੁਲਕਾਂ ਨੂੰ ਜਾਬਰਾਂ ਖਿਲਾਫ਼ ਫੌਜੀ ਮਦਦ ਤੱਕ ਦੇਵੇਗਾ।” ਇਹ ਸਾਰਾ ਕੁਝ ਤਾਂ ਹੀ ਸੰਭਵ ਹੋਵੇਗਾ, ਜੇ ਉਸ ਦੇਸ਼ ਸਮਾਜਵਾਦ ਦੀ ਉਸਾਰੀ ਕੀਤੀ ਜਾਵੇਗੀ ਜਿਸ ਤੋਂ ਤ੍ਰਾਤਸਕੀ ਮੁਨਕਰ ਰਿਹਾ। ਇਤਿਹਾਸ ਨੇ ਇਕ ਵਾਰ ਫਿਰ ਇਸ ਨੁਕਤੇ ‘ਤੇ ਤ੍ਰਾਤਸਕੀ ਦਾ ਕੋਈ ਲਿਹਾਜ਼ ਨਾ ਕੀਤਾ।
(ਚਲਦਾ)
Leave a Reply