ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਅਖਤਿਆਰੀ ਫੰਡ ਵੰਡਣ ਦੇ ਮਾਮਲੇ ਵਿਚ ਸਮੁੱਚੇ ਰਾਜ ਨੂੰ ਇਕ ਅੱਖ ਨਾਲ ਨਹੀਂ ਦੇਖਦੇ ਤੇ ਸਿਰਫ ਆਪਣੇ ਇਲਾਕਿਆਂ ‘ਤੇ ਹੀ ਮਿਹਰਬਾਨ ਹਨ। ਇਨ੍ਹਾਂ ਸੀਨੀਅਰ ਆਗੂਆਂ ਨੇ ਸਰਕਾਰ ਦੇ ਪਹਿਲੇ ਡੇਢ ਸਾਲ ਦੇ ਕਾਰਜਕਾਲ ਦੌਰਾਨ ਆਪਣੇ ਜ਼ਿਲ੍ਹਿਆਂ ਨਾਲ ਸਬੰਧਤ ਖੇਤਰ ਤੋਂ ਬਾਹਰ ਜਾ ਕੇ ਗ੍ਰਾਂਟਾਂ ਵੰਡਣ ਵਿਚ ਕੰਜੂਸੀ ਦਿਖਾਈ ਹੈ।
ਗੈਰਸਰਕਾਰੀ ਸੰਸਥਾ ‘ਹਿਊਮਨ ਐਮਪਾਵਰਮੈਂਟ ਲੀਗ ਆਫ ਪੰਜਾਬ’ (ਹੈਲਪ) ਦੇ ਨੁਮਾਇੰਦੇ ਪਰਵਿੰਦਰ ਕਿੱਤਣਾ ਵੱਲੋਂ ਸੂਚਨਾ ਅਧਿਕਾਰ ਕਾਨੂੰਨ ਤਹਿਤ ਹਾਸਲ ਜਾਣਕਾਰੀ ਵਿਚ ਸਾਹਮਣੇ ਆਇਆ ਹੈ ਕਿ ਮੁੱਖ ਮੰਤਰੀ ਨੇ ਤਾਂ 90 ਫੀਸਦੀ ਤੋਂ ਜ਼ਿਆਦਾ ਪੈਸਾ ਆਪਣੇ ਜੱਦੀ ਜ਼ਿਲ੍ਹੇ ਮੁਕਤਸਰ ਤੇ ਵਿਧਾਨ ਸਭਾ ਹਲਕੇ ਲੰਬੀ ਵਿਚ ਹੀ ਵੰਡਿਆ ਹੈ। ਉਪ ਮੁੱਖ ਮੰਤਰੀ ਨੇ ਹਲਕਾ ਜਲਾਲਾਬਾਦ, ਜ਼ਿਲ੍ਹਾ ਮੁਕਤਸਰ ਤੇ ਆਪਣੀ ਪਤਨੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦੇ ਪਾਰਲੀਮਾਨੀ ਹਲਕੇ ਤੋਂ ਬਾਹਰ ਜਾ ਕੇ ਗ੍ਰਾਂਟਾਂ ਵੰਡਣ ਦੀ ਬਹੁਤ ਘੱਟ ਦਲੇਰੀ ਦਿਖਾਈ ਹੈ। ਪਰਮਿੰਦਰ ਸਿੰਘ ਢੀਂਡਸਾ ਨੇ ਵੀ ਅਖਤਿਆਰੀ ਫੰਡ ਦੀ ਵਰਤੋਂ ਦੇ ਮਾਮਲੇ ਵਿਚ ਆਪਣੇ ਆਪ ਨੂੰ ਸੰਗਰੂਰ ਜ਼ਿਲ੍ਹੇ ਤੱਕ ਹੀ ਮਹਿਦੂਦ ਰੱਖਿਆ ਹੈ।
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵਿੱਤੀ ਸਾਲ 2012-13 ਦੌਰਾਨ ਆਪਣੇ ਅਖਤਿਆਰੀ ਕੋਟੇ ਵਿਚੋਂ 9æ03 ਕਰੋੜ ਰੁਪਏ ਵੰਡੇ। ਇਸ ਵਿਚੋਂ 14æ71 ਲੱਖ ਰੁਪਏ ਬਠਿੰਡਾ ਜ਼ਿਲ੍ਹੇ ਦੇ ਹਿੱਸੇ ਆਏ ਤੇ ਬਾਕੀ ਦੀ ਰਾਸ਼ੀ ਮੁਕਤਸਰ ਜ਼ਿਲ੍ਹੇ ਦੇ ਪਿੰਡਾਂ ਵਿਚ ਹੀ ਵੰਡੀ ਗਈ। ਮੁੱਖ ਮੰਤਰੀ ਦੀ ਕਿਰਪਾ ਦ੍ਰਿਸ਼ਟੀ ਕੁਝ ਖਾਸ ਪਿੰਡਾਂ ‘ਤੇ ਜ਼ਿਆਦਾ ਰਹੀ। ਇਸ ਸੂਚਨਾ ਮੁਤਾਬਕ ਮੁੱਖ ਮੰਤਰੀ ਵੱਲੋਂ ਆਪਣੇ ਹਲਕੇ ਦੇ ਪਿੰਡਾਂ ਨੂੰ ਗ੍ਰਾਂਟਾਂ ਦੇ ਖੁੱਲ੍ਹੇ ਗੱਫੇ ਦਿੱਤੇ ਜਾਂਦੇ ਹਨ ਤੇ ਦੂਜੇ ਜ਼ਿਲ੍ਹਿਆਂ ਵਿਚ ਹੱਥ ਘੁੱਟ ਲਿਆ ਜਾਂਦਾ ਹੈ। ਮਿਸਾਲ ਦੇ ਤੌਰ ‘ਤੇ ਚਲੰਤ ਮਾਲੀ ਸਾਲ ਦੌਰਾਨ 10 ਕਰੋੜ ਰੁਪਏ ਵਿਚੋਂ 1æ81 ਕਰੋੜ ਰੁਪਏ ਗੁਰਦਾਸਪੁਰ ਜ਼ਿਲ੍ਹੇ ਦੇ 80 ਪਿੰਡਾਂ ਵਿਚ ਸੰਗਤ ਦਰਸ਼ਨ ਪ੍ਰੋਗਰਾਮਾਂ ਦੌਰਾਨ ਵੰਡੇ ਗਏ।
ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਅਖਤਿਆਰੀ ਫੰਡ ਤਿੰਨ ਕਰੋੜ ਰੁਪਏ ਸਾਲਾਨਾ ਹੈ। ਇਸ ਵਿਚੋਂ ਲੰਘੇ ਵਿੱਤੀ ਵਰ੍ਹੇ ਦੌਰਾਨ ਉਪ ਮੁੱਖ ਮੰਤਰੀ ਨੇ ਆਪਣੇ ਵਿਧਾਨ ਸਭਾ ਹਲਕੇ ਨਾਲ ਸਬੰਧਤ ਜ਼ਿਲ੍ਹਾ ਫਾਜ਼ਿਲਕਾ ਵਿਚ 1æ37 ਕਰੋੜ ਰੁਪਏ, ਮੁਕਤਸਰ ਜ਼ਿਲ੍ਹੇ ਵਿਚ 40 ਲੱਖ, ਬਠਿੰਡਾ ਜ਼ਿਲ੍ਹੇ ਵਿਚ 52æ95 ਲੱਖ ਰੁਪਏ ਵੰਡੇ। ਚਲੰਤ ਮਾਲੀ ਸਾਲ ਦੌਰਾਨ ਵੀ ਉਪ ਮੁੱਖ ਮੰਤਰੀ ਨੇ 3 ਕਰੋੜ ਵਿਚੋਂ ਦੋ ਕਰੋੜ ਰੁਪਏ ਤੋਂ ਜ਼ਿਆਦਾ ਰਾਸ਼ੀ ਆਪਣੇ ਪਤਨੀ ਦੇ ਪਾਰਲੀਮਾਨੀ ਹਲਕੇ ਬਠਿੰਡਾ ਵਿਚ ਹੀ ਵੰਡੀ। ਫਾਜ਼ਿਲਕਾ ਦੇ ਹਿੱਸੇ 42æ33 ਲੱਖ ਤੇ ਫਿਰੋਜ਼ਪੁਰ ਦੇ ਹਿੱਸੇ ਸਿਰਫ਼ 11 ਲੱਖ ਰੁਪਏ ਆਏ। ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਪਿਛਲੇ ਵਿੱਤੀ ਵਰ੍ਹੇ ਦੇ ਆਪਣੇ ਦੋ ਕਰੋੜ ਦੇ ਅਖਤਿਆਰੀ ਫੰਡ ਵਿਚੋਂ 1æ95 ਕਰੋੜ ਰੁਪਏ ਦੀ ਗ੍ਰਾਂਟ ਸਿਰਫ਼ ਸੰਗਰੂਰ ਜ਼ਿਲ੍ਹੇ ਵਿਚ ਵੰਡੀ। ਮੁੱਖ ਮੰਤਰੀ ਵੱਲੋਂ ਸਾਲ 2007 ਤੋਂ 2012 ਤੱਕ ਦੇ ਸਮੇਂ ਦੌਰਾਨ 52 ਕਰੋੜ ਰੁਪਏ ਦੇ ਅਖਤਿਆਰੀ ਫੰਡ ਵਿਚੋਂ 66 ਫੀਸਦੀ ਪੈਸਾ ਮੁਕਤਸਰ ਜ਼ਿਲ੍ਹੇ ਨੂੰ ਦਿੱਤਾ ਗਿਆ ਹੈ। ਪਿੰਡ ਮਿੱਡੂ ਖੇੜਾ ਨੂੰ ਮੁੱਖ ਮੰਤਰੀ ਨੇ ਪਿਛਲੇ ਸਾਲ 29 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਹੈ। ਇਸੇ ਪਿੰਡ ਨੂੰ ਪਿਛਲੇ ਕਾਰਜਕਾਲ ਦੌਰਾਨ 34 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਗਈ ਸੀ। ਗ੍ਰਾਂਟਾਂ ਵੰਡਣ ਦੇ ਮਾਮਲੇ ਵਿਚ ਆਪਣੇ ਖੇਤਰ ਨੂੰ ਪਹਿਲ ਦੇਣ ਤੋਂ ਸਪਸ਼ਟ ਹੈ ਕਿ ਵਿਸ਼ੇਸ਼ ਵਿਅਕਤੀਆਂ ਲਈ ਗ੍ਰਾਂਟਾਂ ਦੇ ਮਾਮਲੇ ਵਿਚ ਪੰਜਾਬ ਦੇ ਬਾਕੀ ਖੇਤਰ ਤਰਜੀਹੀ ਨਹੀਂ ਹਨ।
ਮੁੱਖ ਮੰਤਰੀ ਵੱਲੋਂ ਸਾਲ 2007 ਤੋਂ 2012 ਤੱਕ ਦੇ ਸਮੇਂ ਦੌਰਾਨ 52 ਕਰੋੜ ਰੁਪਏ ਦੇ ਅਖਤਿਆਰੀ ਫੰਡ ਵਿਚੋਂ 66 ਫੀਸਦੀ ਪੈਸਾ ਮੁਕਤਸਰ ਜ਼ਿਲ੍ਹੇ ਨੂੰ ਦਿੱਤਾ ਗਿਆ ਹੈ। ਪਿੰਡ ਮਿੱਡੂ ਖੇੜਾ ਨੂੰ ਮੁੱਖ ਮੰਤਰੀ ਨੇ ਪਿਛਲੇ ਸਾਲ 29 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਹੈ। ਇਸੇ ਪਿੰਡ ਨੂੰ ਪਿਛਲੇ ਕਾਰਜਕਾਲ ਦੌਰਾਨ 34 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਗਈ ਸੀ। ਗ੍ਰਾਂਟਾਂ ਵੰਡਣ ਦੇ ਮਾਮਲੇ ਵਿਚ ਆਪਣੇ ਖੇਤਰ ਨੂੰ ਪਹਿਲ ਦੇਣ ਤੋਂ ਸਪਸ਼ਟ ਹੈ ਕਿ ਵਿਸ਼ੇਸ਼ ਵਿਅਕਤੀਆਂ ਲਈ ਗ੍ਰਾਂਟਾਂ ਦੇ ਮਾਮਲੇ ਵਿਚ ਪੰਜਾਬ ਦੇ ਬਾਕੀ ਖੇਤਰ ਤਰਜੀਹੀ ਨਹੀਂ ਹਨ।
Leave a Reply