ਕਾਨਾ ਸਿੰਘ ਨੇ ਸ਼ਾਇਰੀ ਵੀ ਕੀਤੀ ਹੈ ਅਤੇ ਕਹਾਣੀਆਂ ਵੀ ਲਿਖੀਆਂ ਹਨ। ਬਾਲ ਰਚਨਾਵਾਂ ਵੀ ਸਾਹਿਤ ਦੀ ਝੋਲੀ ਪਾਈਆਂ ਹਨ। ਹੋਰ ਵੀ ਕਈ ਕੁਝ, ਨਿੱਕ-ਸੁੱਕ; ਪਰ ਉਹਦੀ ਨਸਰ (ਵਾਰਤਕ) ਦਾ ਰੰਗ ਨਿਰਾਲਾ ਹੈ। ਰਸਦਾਰ, ਸੁਘੜ, ਚੁਸਤ, ਤੇ ਨਾਲ ਹੀ ਨੱਚ-ਨੱਚ ਫਾਵੀ ਹੁੰਦੀ। ਰਚਨਾ ‘ਚ ਲੋਹੜੇ ਦੀ ਰਵਾਨੀæææ। ਉਹਦੀ ਨਸਰ ਦਾ ਇਕ ਰੰਗ ‘ਮਰ ਜਾਣੇ ਜਿਉਣ ਜੋਗੇ’ ਆਪਣੇ ਪਾਠਕਾਂ ਲਈ ਪੇਸ਼ ਕਰ ਰਹੇ ਹਾਂ। ਉਹਦੀ ਨਸਰ ਦੀ ਕਿਤਾਬ ‘ਚਿਤ ਚੇਤਾ’ ਹੁਣੇ-ਹੁਣੇ ਛਪੀ ਹੈ। -ਸੰਪਾਦਕ
ਕਾਨਾ ਸਿੰਘ
ਕਾਂਵਾਂ ਨਾਲ ਮੇਰਾ ਬਚਪਨ ਤੋਂ ਹੀ ਵੈਰ ਸੀ ਜਿਸ ਦਾ ਮੁੱਖ ਕਾਰਨ ਸੀ ਉਨ੍ਹਾਂ ਦਾ ਕਾਲਾ ਰੰਗ। ਕਾਲੇ ਜਾਂ ਪੱਕੇ ਰੰਗ ਦੇ ਬਾਲਕਾਂ ਨੂੰ ਕਾਲੂ, ਕਾਲਾ, ਕਲੂਆ ਆਦਿ ਵਿਸ਼ੇਸ਼ਣਾਂ ਨਾਲ ਪੁਕਾਰਨਾ ਆਮ ਜਿਹੀ ਗੱਲ ਸੀ। ਮੈਥੋਂ ਸੱਤ ਸਾਲ ਵੱਡਾ ਪਾਲੀ ਵੀਰ ਸੀਗਾ ਤਾਂ ਸੁਨੱਖਾ ਤੇ ਸਭ ਦਾ ਚਹੇਤਾ ਵੀ ਪਰ ਉਸ ਨੂੰ ਕਾਲਾ, ਮੁਸੱਲੀ, ਮਰਾਸੀ ਜਾਂ ਮੁਸ਼ਕੀ ਕਰ ਕੇ ਵੀ ਛੇੜਿਆ ਜਾਂਦਾ ਸੀ। ਉਸ ਤੋਂ ਦੋ ਸਾਲ ਨਿੱਕਾ ਵੀਰ ਭਗਤੀ, ਗੋਰਾ ਸੀ। ਉਸ ਨੂੰ ਕੌਡਾ (ਕੌਡੀ ਵਰਗਾ ਗੋਰਾ), ਕੱਕਾ, ਗੋਂਗਲੂ ਤੇ ਸਾਹਿਬ ਕਰ ਕੇ ਬੁਲਾਇਆ ਜਾਂਦਾ। ਪਿਤਾ ਜੀ ਸਰਘੀ ਵੇਲੇ ਉਠਦਿਆਂ ਹੀ ਮੈਨੂੰ ਸੁੱਤੀ ਹੋਈ ਨੂੰ ਚੁੱਕ ਕੇ ਪਾਲੀ ਵੀਰ ਨਾਲ ਪਾ ਦਿੰਦੇ ਤੇ ਮੈਂ ਅੱਖ ਖੁਲ੍ਹਦਿਆਂ ਹੀ ਅੱਡੀਆਂ ਰਗੜ ਪਿੱਟਣਾ ਪਾ ਬਹਿੰਦੀ ਕਿ ਮੈਨੂੰ ਪਾਲੀ ਵੀਰ ਕੋਲ ਕਿਉਂ ਪਾ ਦਿੱਤਾ, ਮੈਂ ਕਾਲੀ ਹੋ ਜਾਵਾਂਗੀ।
‘ਥੂ ਪਾਲੀ ਕਾਲਾ, ਭੱਤੀ ਗੋਰਾ ਗੋਲ ਮੋਲ ਚਿੱਟਾ ਦੁੱਧ ਮੇਰੇ ਜਿਹਾ’ ਪੇਟ ਉਤੇ ਹੱਥ ਫੇਰ ਫੇਰ ਕੇ ਮੇਰੇ ਇੰਜ ਦੁਹਰਾਉਣ ਉਤੇ ਸਭ ਹੱਸਦੇ ਤੇ ਉਨ੍ਹਾਂ ਦੇ ਹੱਸਣ ਦਾ ਅਨੰਦ ਮਾਣਦੀ ਮੈਂ ਹੋਰ ਅਲਾਪ ਕਰਦੀ।
ਵੱਡਿਆਂ ਦੇ ਸਹਿਜ-ਸੁਭਾਅ ਨਿਕਲੇ ਸ਼ਬਦ ਬਾਲਕਾਂ ਲਈ ਇਲਾਹੀ ਬਾਣੀ ਹੁੰਦੇ ਹਨ।
‘ਕਾਂ ਕਰਾੜ ਕੁੱਤੇ ਦਾ, ਵਸਾਹ ਨਾ ਖਾਈਏ ਸੁੱਤੇ ਦਾ।’
ਬੇਜੀ ਦੇ ਅਕਸਰ ਉਚਾਰੇ ਇਸ ਅਖਾਣ ਵਿਚੋਂ ਮੈਂ ਆਪਣੇ ਮਤਲਬ ਦਾ ਇੰਨਾ ਹੀ ਅਰਥ ਕੱਢਦੀ ਸੀ ਕਿ ਕਾਂ ਖਤਰਨਾਕ ਜੀਵ ਹੈ, ਉਸ ਉਤੇ ਕਦੇ ਭਰੋਸਾ ਨਹੀਂ ਕਰਨਾ ਚਾਹੀਦਾ।
ਬਨੇਰੇ ਉਤੇ ਬੈਠੇ ਕਾਂ ਦੀ ਲਗਾਤਾਰ ਕਕਿਆਣ ਤੋਂ ਮਾਂ ਵੀ ਕਈ ਵੇਰਾਂ ਡਾਢੀ ਕਾਹਲੀ ਪੈਂਦੀ ਤੇ ‘ਰੱਬਾ ਖੈਰ-ਸਵੱਲੀ ਖ਼ਬਰ ਦੇਈਂ’ ਆਖਦੀ ‘ਸ਼ੀ ਸ਼ੀ’ ਕਰ ਕੇ ਕਾਂ ਨੂੰ ਉਡਾਣ ਦੀ ਕਰਦੀ। ਮਾਂ ਦਾ ਤੌਖਲਾ ਮੈਨੂੰ ਅਸੁਰੱਖਿਅਤ ਕਰਦਾ ਤੇ ਕਾਂ ਮੈਨੂੰ ਹੋਰ ਵੀ ਭੈੜਾ ਲਗਦਾ।
ਮੱਝਾਂ ਗਾਂਵਾਂ ਦੇ ਜ਼ਖਮਾਂ ਵਿਚ ਜਦੋਂ ਕਾਂਵਾਂ ਨੂੰ ਠੂੰਗੇ ਮਾਰਦਿਆਂ ਵੇਖਦੀ, ਤਾਂ ਬੜੀ ਦੁਖੀ ਹੁੰਦੀ ਤੇ ‘ਕਾਂ ਕਾਣੇ ਮੋਏ ਮਰ ਜਾਣੇ’ ਆਖਦੀ ਬੁੜ-ਬੁੜ ਕਰਦੀ ਆਪਣਾ ਕਲੇਜਾ ਠਾਰਦੀ।
ਕਾਂ ਦੇ ਕਾਣੇ ਹੋਣ ਦੀ ਕਥਾ ਮੈਂ ਮਾਂ ਦੇ ਘਰ ਦੇ ਕੰਮਾਂ ਵਿਚ ਮਦਦਗਾਰ ਮਾਸੀ ਰਾਮ ਪਿਆਰੀ ਤੋਂ ਸੁਣੀ ਹੋਈ ਸੀ। ਉਹ ਦੱਸਦੀ ਸੀ ਕਿ ਬਨਵਾਸ ਦੌਰਾਨ ਜੰਗਲ ਵਿਚ ਸੁੱਤੀ ਪਈ ਸੀਤਾ ਜੀ ਦੇ ਜ਼ਖ਼ਮੀ ਅੰਗੂਠੇ ਵਿਚ ਕਾਂ ਨੂੰ ਠੂੰਗੇ ਮਾਰਦੇ ਵੇਖ ਕੇ ਸ੍ਰੀ ਰਾਮਚੰਦਰ ਜੀ ਨੇ ਉਸ ਨੂੰ ਸਦਾ ਲਈ ਕਾਣੇ ਹੋ ਜਾਣ ਦਾ ਸਰਾਪ ਦੇ ਦਿੱਤਾ ਸੀ। ਇਸੇ ਕਰਕੇ ਕਾਂ ਇਕ ਵੇਰਾਂ ਕੇਵਲ ਇਕੋ ਅੱਖ ਨਾਲ ਵੇਖ ਸਕਦਾ ਹੈ। ਸੁਭਾਅ ਦੀ ਕਾਹਲੀ ਤੇ ਤ੍ਰਿੱਖੀ ਹੋਣ ਕਾਰਨ ਮੇਰੇ ਪੈਰ ਅਕਸਰ ਫਟੇ ਰਹਿੰਦੇ, ਜ਼ਖ਼ਮੋ-ਜ਼ਖ਼ਮ, ਤੇ ਸੱਟ ਲਗਦਿਆਂ ਹੀ ਮੇਰੇ ਅੰਦਰ ਦੀ ਸੀਤਾ ਸਹਿਮ ਜਾਂਦੀ ਕਿ ਕਿਧਰੇ ਕੋਈ ਕਾਂ ਠੂੰਗਾ ਹੀ ਨਾ ਮਾਰ ਦੇਵੇ। ਉਸ ਵੇਲੇ ਦੀ ਮੇਰੀ ਸਮਝ ਅਨੁਸਾਰ ਜ਼ਖ਼ਮਾਂ ਵਿਚ ਠੂੰਗੇ ਮਾਰਨਾ ਕਾਂਵਾਂ ਦੀ ਫ਼ਿਤਰਤ ਸੀ।
ਸਾਡੀ ਗਲੀ ਦੇ ਅੰਤ ਵਿਚ ਹੀ ਸੀ ਮਾਈ ਕਾਕੀ ਦਾ ਗੁਰਦੁਆਰਾ। ਲੰਮਾ ਗੇਰੂਆ ਚੋਲਾ ਪਾਈ, ਗਲ ਵਿਚ ਰੁਦਰਾਕਸ਼ ਦੀ ਮਾਲਾ, ਖੁਲ੍ਹੇ ਘੁੰਗਰਾਲੇ ਕੇਸ ਤੇ ਪੈਰਾਂ ਵਿਚ ਲੱਕੜ ਦੀਆਂ ਖੜਾਵਾਂ। ਖੁਲ੍ਹ-ਮੁ-ਖੁਲ੍ਹੇ ਵਿਹੜੇ ਵਿਚ ਇਕਲੌਤੇ ਪਿੱਪਲ ਦੇ ਰੁੱਖ ਵਾਲੇ ਇਸ ਗੁਰਦੁਆਰੇ ਵਿਚ ਕੱਲ-ਮ-ਕੱਲੀ ਹੀ ਰਹਿੰਦੀ ਸੀ ਮਾਈ ਕਾਕੀ। ਲਿਸ਼ਲਿਸ਼ ਕਰਦੇ ਚਿੱਟੇ ਦੰਦਾਂ ਵਿਚ ਇਕ ਸੱਜਾ ਸੋਨ-ਦੰਦ, ਡਾਢੇ ਸੂਹੇ ਗੱਲ੍ਹਾਂ ਵਿਚ ਡੂੰਘੇ ਟੋਏ ਸਦਾ ਮੁਸਕਰਾਂਦੇ ਤੇ ਮਾਈ ਕਾਕੀ ਦੀਆਂ ਮਮਤਾ ਦੀਆਂ ਸ਼ੁਆਵਾਂ ਸੁੱਟਦੀਆਂ ਅੱਖਾਂ-ਰਿਸ਼ਮਾਂ ਨਾਲ ਖੇਡਦੇ ਤੇ ਇਕਮਿਕ ਹੁੰਦੇ ਮੇਰੇ ਸੱਠ ਸਾਲਾਂ ਦੇ ਚੇਤੇ ਵਿਚ ਕੱਲ੍ਹ ਨਹੀਂ, ਅੱਜ ਤੇ ਹੁਣ ਵਾਂਗ ਟਿਕੇ ਹੋਏ ਹਨ। ਦੌੜਾਂ ਲਗਾਂਦੇ, ਛੱਪਣ ਛੋਤ ਖੇਡਦੇ, ਕਾਠ-ਕਠੱਊਆਂ ਜਾਂ ਕੋਕਲੇ ਵਾਹੁੰਦੇ ਅਸੀਂ ਬਾਲਕ ਜਾ ਵੜਦੇ ਮਾਈ ਕਾਕੀ ਦੇ ਗੁਰਦੁਆਰੇ। ਜੇ ਖੇਡ ਨਾ ਰਹੇ ਹੁੰਦੇ ਤਾਂ ਪਾਣੀ ਪੀਣ ਜਾਂ ਮੱਥਾ ਟੇਕਣ ਦੇ ਬਹਾਨੇ ਹੀ ਚਲੇ ਜਾਂਦੇ ਤੇ ਜਿੰਨੀ ਵੇਰਾਂ ਜਾਂਦੇ, ਉਨੀ ਵੇਰਾਂ ਹੀ ਹਸੂੰ-ਹਸੂੰ ਕਰਦੀ ਸਾਨੂੰ ਫੁੱਲੀਆਂ, ਪਤਾਸੇ ਜਾਂ ਮਖਾਣਿਆਂ ਦਾ ਪ੍ਰਸ਼ਾਦ ਦਿੰਦੀ ਅਤੇ ਸਾਡੇ ਸਿਰਾਂ ਉਤੇ ਹੱਥ ਫੇਰਦੀ ਮਾਈ ਕਾਕੀ। ਲਫ਼ਜ਼ ਉਹਦੇ ਕੋਈ ਯਾਦ ਨਹੀਂ। ਬਸ ਸਿਮਰਨ ਵਿਚ ਫਰਕਦੇ ਹੋਂਠ ਤੇ ਸ਼ਾਂਤ ਨਿਰਮਲ ਪ੍ਰਭਾਵ, ਖੇੜੇ ਦਾ ਅਵਤਾਰ ਸੀ ਮਾਈ ਕਾਕੀ।
ਕਈ ਵਾਰੀ ਰੁੱਖ ਉਤੇ ਅਛੋਪਲੇ ਹੀ ਚੜ੍ਹ ਕੇ ਕਿੰਨੀ-ਕਿੰਨੀ ਦੇਰ ਬੈਠੀ ਮੈਂ ਮਾਈ ਕਾਕੀ ਨੂੰ ਨਿਹਾਰਦੀ ਰਹਿੰਦੀ। ਖੂਹ ਲਾਗੇ ਠੰਢੀ-ਠੰਢੀ ਛਾਂ ਵਿਚ ਉਹ ਕੀੜੀਆਂ ਨੂੰ ਆਟਾ ਤੇ ਸ਼ੱਕਰ ਪਾਂਦੀ ਤੇ ਚਿੜੀਆਂ ਕਬੂਤਰਾਂ ਨੂੰ ਬਾਜਰਾ। ਚੀਂ-ਚੀਂ ਦਾ ਰਾਗ ਅਲਾਪਦੀਆਂ ਚਿੜੀਆਂ ਉਸ ਦੇ ਅੱਗੇ-ਪਿੱਛੇ ਫੁਦਕਦੀਆਂ। ਉਸ ਦੇ ਸਿਰ ਦੁਆਲੇ ਮੰਡਲਾਂਦੀਆਂ। ਉਹਦੇ ਮੋਢਿਆਂ ‘ਤੇ ਬਹਿ-ਬਹਿ, ਫੁਰ-ਫੁਰ ਕਰ ਕੇ ਉਸ ਦੇ ਮੂੰਹ-ਮੱਥੇ ਉਤੇ ਚੁੰਝਾਂ ਮਾਰਦੀਆਂ, ਮਾਨੋ ਉਸ ਨੂੰ ਚੁੰਮ ਰਹੀਆਂ ਹੋਣ।
‘ਵੱਡੀ ਹੋ ਕੇ ਮੈਂ ਵੀ ਮਾਈ ਕਾਕੀ ਬਣਾਂਗੀ’, ਮੇਰੇ ਬਚਪਨ ਦਾ ਸੁਪਨਾ ਸੀ।
ਉਧਰ ਮਾਈ ਕਾਕੀ ਦਰਬਾਰ ਸਾਹਿਬ ਦੀ ਤਾਬਿਆ ਵਿਚ ਬੈਠੀ ਪਾਠ ਵਿਚ ਮਗਨ ਹੁੰਦੀ ਤੇ ਇਧਰ ਮੈਂ ਘੁਗੂ-ਘੋੜੇ ਵੇਚਣ ਵਾਲੀਆਂ ਤੀਵੀਆਂ ਕੋਲੋਂ ਆਟੇ ਦੀ ਪੜੌਪੀ ਬਦਲੇ ਖਰੀਦੇ ਹੋਏ ਖਿਡੌਣਿਆਂ ਵਿਚੋਂ ਮਿੱਟੀ ਦਾ ਡੋਲਚੂ ਲੰਮੀ ਡੋਰ ਨਾਲ ਬੰਨ੍ਹ ਕੇ ਮਾਈ ਕਾਕੀ ਦੇ ਖੂਹ ਵਿਚ ਲਮਕਾਅ-ਲਮਕਾਅ ਕੇ ਲੰਮੀ ਹੇਕ ਨਾਲ ਗਾਉਂਦੀ, ਘੁਟ-ਘੁਟ ਪਾਣੀ ਭਰਦੀ ਤੇ ਪੀਂਦੀ ਰਹਿੰਦੀ। ਠੁਮਕ-ਠੁਮਕ ਚਿੜੀਆਂ, ਤੋਤੇ ਤੇ ਕਾਲੇ ਚਿੱਟੇ ਚਿਤਰ ਮੇਤਰੇ (ਪੋਠੋਹਾਰ ਵਿਚ ਚਿਤਕਬਰੇ ਕਬੂਤਰ ਹੀ ਹੁੰਦੇ ਸਨ। ਸਲੇਟੀ ਕਬੂਤਰ ਅਸਾਂ ਪੂਰਬੀ ਪੰਜਾਬ ਵਿਚ ਹੀ ਆ ਕੇ ਤੱਕੇ) ਅਤੇ ਕੋਈ ਕੋਈ ਝਾਂਜਰਦਾਰ ਕਬੂਤਰ ਵੀ ਚੋਗਾ ਚੁਗਦੇ, ਨਾਲੋ-ਨਾਲ ਤਾਲ ਦਿੰਦੇ। ਉਨ੍ਹਾਂ ਦਾ ਸਾਥ ਤੇ ਸੰਗੀਤ ਮਾਣ-ਮਾਣ ਖੀਵੀ ਹੋ ਰਹੀ ਹੁੰਦੀ ਦਾ ਸਾਰਾ ਉਲਹਾਸ ਉਦੋਂ ਖੇਰੂੰ-ਖੇਰੂੰ ਹੋ ਜਾਂਦਾ ਜਦੋਂ ਕਿਸੇ ਚਿੜੀ ਦੇ ਆਲ੍ਹਣੇ ਵਿਚੋਂ ਕੋਈ ਕਾਂ ਆਂਡਾ ਜਾਂ ਬੋਟ ਲੈ ਉਡਦਾ। ਉਦੋਂ ਚੀਂ-ਚੀਂ ਕਰਦੀਆਂ ਚਿੜੀਆਂ ਦੀ ਚਿਚਲਾਹਟ ਤੋਂ ਮੈਂ ਅਜਿਹੀ ਵਿਆਕੁਲ ਹੁੰਦੀ ਕਿ ਸ਼ੀ-ਸ਼ੀ ਕਰ ਕੇ ਕਾਂ ਉਡਾਉਂਦੀ ਦੇ ਹੱਥੋਂ ਡੋਰ ਛੁੱਟ ਜਾਂਦੀ ਤੇ ਡੋਲਚੂ ਸਿੱਧਾ ਖੂਹ ਵਿਚ ਜਾ ਡਿੱਗਦਾ।
‘ਕਾਂ ਕਾਣੇ ਮੋਏ ਮਰ ਜਾਣੇ, ਕਾਂ ਕਾਣੇ ਮੋਏ ਮਰ ਜਾਣੇ, ਕਾਂ ਕਾਣੇæææ’ ਨਫ਼ਰਤ ਨਾਲ ਪੈਰ ਪੁੱਟਦੀ ਮੈਂ ਕੂਕ ਉਠਦੀ। ਇਹ ਨਫ਼ਰਤ ਮੇਰੇ ਨਾਲ ਹੀ ਵਧਦੀ-ਵਧਦੀ ਦਿੱਲੀ ਵਿਚ ਜੁਆਨ ਹੋਈ ਅਤੇ ਮੁੰਬਈ ਵਿਚ ਵਿਆਹੀ ਵੀ ਗਈ। ਹੁਣ ਅਸੀਂ ਦੋਵੇਂ ਸਾਂ, ਬੰਬਈ ਦੀ ਪੱਛਮ-ਅੰਧੇਰੀ ਦੀ ਬਸਤੀ ਸੱਤ-ਬੰਗਲੇ ਦੇ ਸਾਗਰ ਤਟ ਉਤੇ, ਵਰਸੋਵਾ ਬੀਚ ਨਾਲ ਲਗਦੇ ਗਵਾਲੀਅਰ ਪੈਲੇਸ ਵਿਚ-ਨਫ਼ਰਤ ਤੇ ਮੈਂ, ਮੈਂ ਤੇ ਨਫ਼ਰਤ।
ਉਥੇ ਤਾਂ ਕਾਂ ਹੀ ਕਾਂ ਸਨ। ਗਵਾਲੀਅਰ ਮਹੱਲ ਉਤੇ ਮੰਡਲਾਂਦੇ। ਸਾਗਰ ਦੇ ਕੰਢੇ ਕਲੋਲ ਕਰਦੇ। ਡੁਬਕੀਆਂ ਮਾਰ ਮਾਰ ਕੇਕੜਿਆਂ, ਮੱਛੀਆਂ ਤੇ ਝੀਂਗਿਆਂ ਦਾ ਸ਼ਿਕਾਰ ਕਰਦੇ।
ਮੇਰੇ ਸੁਫ਼ੇ ਦੀਆਂ ਖਿੜਕੀਆਂ ਸਮੁੰਦਰ ਵੱਲ ਹੀ ਖੁਲ੍ਹਦੀਆਂ ਸਨ। ਠਾਠਾਂ ਮਾਰਦੇ ਸਾਗਰ ਦਾ ਕਲ-ਕਲ ਨਾਦ ਅਤੇ ਸ਼ਿਕਾਰ ਕਰਦੇ ਕਾਂਵਾਂ ਦਾ ਕਕਿਆਂਦਾ ਸਮੂਹਕ ਉਲਹਾਸ ਕਲ-ਮੁਕੱਲੀ ਜਿੰਦੜੀ ਦਾ ਕੁਝ-ਕੁਝ ਧਿਆਨ ਆਪਣੇ ਵੱਲ ਖਿੱਚਣ ਲੱਗਾ। ਹੌਲੀ-ਹੌਲੀ ਕਾਂਵਾਂ ਲਈ ਰਾਖਵੀਂ ਮੇਰੀ ਨਫ਼ਰਤ ਉਸਲਵੱਟੇ ਲੈਂਦੀ ਉਤਸੁਕਤਾ ਵਿਚ ਤਬਦੀਲ ਹੋਣ ਲੱਗੀ।
ਤਿੰਨ ਪਾਸਿਉਂ ਸਮੁੰਦਰ ਨਾਲ ਵਲ੍ਹੇਟਿਆ ਹੋਇਆ ਟਾਪੂਨੁਮਾ ਮੁੰਬਈ ਦਾ ਮਹਾਂਨਗਰ ਕਾਂਵਾਂ ਦੇ ਖਾਜੇ ਦਾ ਅਤੁੱਟ ਤੇ ਅਮੁੱਕ ਭੰਡਾਰ ਹੈ। ਉਂਜ ਤਾਂ ਮੁੰਬਈ ਦੇ ਬੇਪਨਾਹ ਕੂੜੇ ਦੇ ਢੇਰ ਅਤੇ ਜ਼ਿੰਦਾ ਅਰ ਮੁਰਦਾ ਮੱਛੀਆਂ ਹੀ ਕਾਫ਼ੀ ਨੇ ਕਾਂਵਾਂ ਦਾ ਪੇਟ ਭਰਨ ਲਈ, ਪਰ ਜੇ ਮੈਂ ਰਸੋਈ ਦੀ ਬਾਰੀ ‘ਚੋਂ ਰੋਟੀ ਦੀ ਇਕ-ਅੱਧ ਬੁਰਕੀ ਹੀ ਉਛਾਲ ਦਿੰਦੀ ਤਾਂ ਝਪਟਣ ਲਈ ਕਾਂ-ਕਾਂ ਕਰਦੇ ਉਹ ਝੱਟ ਹੀ ਆਪਣੀ ਸਾਰੀ ਬਿਰਾਦਰੀ ਇਕੱਠੀ ਕਰ ਲੈਂਦੇ। ‘ਵੰਡ ਖਾਈਏ ਖੰਡ ਖਾਈਏ’ ਦੇ ਪੱਕੇ ਪੈਰੋਕਾਰ। ਨਾਲ ਹੀ ਜਦੋਂ ਝੁੰਡ ਬਣ ਜਾਵੇ ਤਾਂ ਖੋਹ-ਖਾਣ ਦੀ ਖੇਡ ਦਾ ਵੀ ਪੂਰਾ ਅਨੰਦ ਲੈਂਦੇ। ਰੋਟੀ ਦੀ ਬੁਰਕੀ ਉਛਲਦਿਆਂ ਹੀ ਝੁੰਡ ਵਿਚੋਂ ਸਭ ਤੋਂ ਹੁਸ਼ਿਆਰ ਕਾਂ ਉਸ ਨੂੰ ਪੜੁੱਛਣ ਅਤੇ ਮੁਕਾਬਲੇ ਵਿਚ ਹੋਰ ਕਾਂਵਾਂ ਨੂੰ ਪਛਾੜਨ ਦੀ ਦੌੜ ਵਿਚ ਆ ਰਲਦਾ। ਇਸੇ ਤਰ੍ਹਾਂ ਮਾਸ-ਮੱਛੀ ਦੇ ਛਿਛੜਿਆਂ ਨੂੰ ਵੀ ਉਛਾਲ-ਉਛਾਲ ਕੇ ਮੈਂ ਕਾਂਵਾਂ ਦੀ ਖੋਹ-ਖੇਡ ਦਾ ਅਨੰਦ ਮਾਣਨ ਲੱਗੀ। ਬਾਹਲੇ ਤਾਂ ਹੱਥੋਂ ਹੀ ਖੋਹ ਲਿਜਾਂਦੇ, ਨਿਧੜਕ। ਇਸ ਖੇਡ ਦਾ ਲੁਤਫ਼ ਕੋਈ ਉਹ ਹੀ ਬਿਆਨ ਕਰ ਸਕਦਾ ਹੈ ਜਿਸ ਨੇ ਇਸ ਨੂੰ ਮਾਣਿਆ ਹੋਵੇ। ਮੇਰੇ ਵਾਂਗ, ਸਾਲਾਂ ਬੱਧੀ।
ਬਾਲਕ ਸੰਨੀ ਨੇ ਹਾਲੇ ਮਸਾਂ ਬਹਿਣਾ ਹੀ ਸਿੱਖਿਆ ਸੀ ਕਿ ਕਾਂਵਾਂ ਪ੍ਰਤੀ ਮੇਰੀ ਨਫ਼ਰਤ ਉਤਸੁਕਤਾ ਦਾ ਸਫ਼ਰ ਤੈਅ ਕਰਦੀ ਹੋਈ ਮੋਹ ਵਿਚ ਦਾਖਲ ਹੋ ਗਈ। ਰੋਟੀ-ਟੁੱਕ ਕਰਨ ਵੇਲੇ ਮੈਂ ਸੰਨੀ ਨੂੰ ਰਸੋਈ ਸਾਹਮਣੇ ਲੌਬੀ ਵਿਚ ਵਿਛੀ ਚਟਾਈ ਉਪਰ ਬਿਠਾ ਕੇ ਗੱਲਾਂ ਲਾਈ ਰਖਦੀ ਤੇ ਨਾਲ ਹੀ ਉਸ ਅੱਗੇ ਫੁੱਲੀਆਂ ਕੁਰਮੁਰੇ ਵੀ ਬਖੇਰ ਦਿੰਦੀ, ਤਾਂ ਜੁ ਉਹ ਇਕ-ਇਕ ਦਾਣਾ ਚੁਗਣ ਦੇ ਆਹਰ ਵਿਚ ਲੱਗਾ ਰਹੇ ਤੇ ਮੈਂ ਆਪਣਾ ਕੰਮ ਨਿਬੇੜ ਲਵਾਂ। ਕਈ ਵੇਰਾਂ ਸੰਨੀ ਰੁੱਝ ਜਾਂਦਾ ਤੇ ਕਈ ਵੇਰਾਂ ਨਾ ਵੀ ਵਰਚਦਾ ਅਤੇ ਕੁੱਛੜ ਲੈਣ ਲਈ ਬਾਹਾਂ ਉਲਾਰਦਾ, ਰੋਂਦਾ ਤੇ ਜ਼ਿਦ ਕਰਦਾ। ਅਜਿਹੇ ਵੇਲੇ ਜੇ ਕੋਈ ਕਾਂ ਕੁਰਮੁਰੇ ਜਾਂ ਫੁੱਲੀਆਂ ਦੀ ਖਿੱਚ ਕਾਰਨ ਉਸ ਕੋਲ ਆ ਢੁਕਦਾ ਤਾਂ ਰੋਂਦਾ-ਰੋਂਦਾ ਸੰਨੀ ਚੁੱਪ ਕਰ ਜਾਂਦਾ। ਉਹ ਕਾਂ ਨੂੰ ਫੜਨ ਦੀ ਕਰਦਾ, ਕਾਂ ਅਗੇਰੇ ਹੋ ਜਾਂਦਾ। ਸੰਨੀ ਫੁੱਲੀਆਂ ਦੀ ਮੁੱਠ ਭਰ ਕੇ ਕਾਂ ਵੱਲ ਸੁੱਟਦਾ, ਕਾਂ ਚੁਗਣ ਲਗਦਾ। ਸੰਨੀ ਖੁਸ਼ੀ ਨਾਲ ਤਾੜੀਆਂ ਮਾਰਦਾ। ਉਹ ਜਿਉਂ ਹੀ ਕਾਂ ਨੂੰ ਪਕੜਨ ਦੀ ਕਰਦਾ, ਕਾਂ ਅੱਗੇ ਅਗੇਰੇ ਖਿਸਕਦਾ ਜਾਂਦਾ; ਮਾਨੋ ਪਕੜਾ-ਪਕੜੀ ਦੀ ਖੇਡ ਨਾਲ ਉਸ ਨੂੰ ਰਿੜ੍ਹਨਾ ਸਿਖਾ ਰਿਹਾ ਹੋਵੇ। ਹੁਣ ਤਾਂ ਮੈਨੂੰ ਸੰਨੀ ਨੂੰ ਪਰਚਾਉਣ ਲਈ ਸੌਖਾ ਰਾਹ ਲੱਭ ਪਿਆ। ਮੈਂ ਦੁਪਹਿਰੇ ਉਸ ਦੀ ਮਾਲਸ਼ ਕਰ ਕੇ ਉਸ ਨੂੰ ਬੰਗਲੇ ਦੇ ਦੂਰ ਤਕ ਫੈਲੇ ਹੋਏ, ਨਾਰੀਅਲ ਦੇ ਰੁੱਖਾਂ ਨਾਲ ਭਰੇ ਹੋਏ ਦਾਲਾਨ ਦੀ ਰੇਤ ਵਿਚ ਖੁੱਲ੍ਹਾ ਛੋੜ ਦਿੰਦੀ। ਉਸ ਨੂੰ ਵੇਖਦਿਆਂ ਹੀ ਕਾਂ-ਕਾਂ ਕਰਦੇ ਕਾਂ ਉਸ ਕੋਲ ਆ ਢੁਕਦੇ। ਕਿੰਨੇ ਹੀ। ਉਨ੍ਹਾਂ ਦੀ ਖੇਡ ਸ਼ੁਰੂ ਹੋ ਜਾਂਦੀ। ਡਿੱਗਦਾ ਢਹਿੰਦਾ, ਉਠਦਾ ਤੁਰਦਾ ਦੌੜਨ ਲਈ ਹੰਭਲੇ ਮਾਰਦਾ ਸੰਨੀ ਕਾਂਵਾਂ ਨਾਲ ਤੁਤਲਾਉਂਦਾ, ਖੇਡਦਾ ਵਿਗਸਦਾ ਵੇਖ-ਵੇਖ ਮੇਰੀ ਹਿੱਕ ਵਿਚ ਕਾਂਵਾਂ ਪ੍ਰਤੀ ਨਿੱਘ ਵਧਣ ਲੱਗਾ।
ਕਾਂ ਬੱਚੇ ਦਾ ਸਭ ਤੋਂ ਵਧੀਆ ਦੋਸਤ ਹੈ। ਦੋਸਤ ਹੀ ਨਹੀਂ, ਵੱਡ ਵੀਰ। ਸਿਆਣਾ ਬਿਆਣਾ, ਠਰ੍ਹੰਮੇਦਾਰ ਸਿਖਿਅਕ। ਕਲ-ਮੁਕੱਲੀ ਗ੍ਰਹਿਣੀ ਦਾ ਸੱਚਾ ਸਾਥੀ ਹੈ ਕਾਂ। ਆਣ ਬਨੇਰੇ ‘ਤੇ ਕਾਂ-ਕਾਂ ਕਰ ਕੇ ਹੈਲੋ ਕਰਦਾ, ਦੁੱਖ ਸੁੱਖ ਪੁੱਛਦਾ। ਨਿਮਾਣਾ ਜਿਹਾ ਪ੍ਰਾਹੁਣਾ ਇਕ-ਅੱਧ ਬੁਰਕੀ ਨਾਲ ਹੀ ਪਰਚ ਜਾਂਦਾ ਹੈ। ਜੇ ਉਜੜੇ ਘਰ, ਖੰਡਰ ਅਤੇ ਨਿਪੱਤਰੇ ਰੁੱਖ ਇੱਲਾਂ ਤੇ ਗਿੱਧਾਂ ਦਾ ਬਸੇਰਾ ਹੁੰਦੇ ਹਨ ਤਾਂ ਕਾਂ ਵਸਦੇ-ਰਸਦੇ, ਭਰੇ-ਭਕੁੰਨੇ ਘਰਾਂ ਅਤੇ ਘੁੱਗ ਵਸਦੇ ਸ਼ਹਿਰਾਂ ਅਰ ਮਹਾਂਨਗਰਾਂ ਨੂੰ ਭਾਗ ਲਾਉਂਦੇ ਹਨ। ਕਾਂ ਖੁਸ਼ਹਾਲੀ ਅਤੇ ਰੌਣਕ ਦੇ ਪ੍ਰਤੀਕ ਹਨ।
ਸੰਨੀ ਸੱਤ ਸਾਲਾਂ ਦਾ ਸੀ ਤੇ ਦੀਪੀ ਤਿੰਨਾਂ ਦਾ। ਸੰਨੀ ਚਾਰ-ਪੰਜ ਰੋਟੀਆਂ ਪਕਵਾ ਕੇ ਦੀਪੀ ਨੂੰ ਨਾਲ ਲੈਂਦਾ ਥੱਲੇ ਕੰਪਾਊਂਡ ਵਿਚ ਚਲਿਆ ਜਾਂਦਾ ਤੇ ਕਾਂਵਾਂ ਨੂੰ ਬੁਰਕੀਆਂ ਪਾ-ਪਾ ਕੇ ਆਪਣੇ ਨਿੱਕੇ ਵੀਰ ਨੂੰ ਉਨ੍ਹਾਂ ਦੇ ਕਰਤਬ ਦਸਦਾ। ਉਪਰੋਂ ਖਿੜਕੀ ਤੋਂ ਤੱਕ-ਤੱਕ ਕੇ ਮੈਂ ਪ੍ਰਸੰਨ ਹੁੰਦੀ ਤੇ ਮੇਰੀ ਰੂਹ ਕਾਂਵਾਂ ਦੇ ਸ਼ੁਕਰਾਨੇ ਵਿਚ ਜੁੜ ਜਾਂਦੀ।
ਰਾਜੇ ਨੇ ਸਾਡਾ ਘਰ ਗਵਾਲੀਅਰ ਪੈਲੇਸ ਕਿਸੇ ਗੁਜਰਾਤੀ ਸੇਠ ਪਟੇਲ ਭਾਈ ਅੱਗੇ ਵੇਚ ਦਿੱਤਾ। ਸੇਠ ਨੇ ਦੋਵੇਂ ਬੰਗਲੇ ਢਾਹ ਕੇ ਬਿਲਡਿੰਗਾਂ ਉਸਾਰਨੀਆਂ ਸਨ, ਫਲੈਟ-ਦਰ-ਫਲੈਟ। ਭਾਟੀਆ ਸਾਹਿਬ ਨੂੰ ਘਰ ਖਾਲੀ ਕਰਨ ਦਾ ਹੁਕਮ ਮਿਲ ਗਿਆ ਤੇ ਅਸੀਂ ਤਾਂ ਸੀ ਹੀ ਉਨ੍ਹਾਂ ਦੇ ਸਬ-ਟੈਨੇਂਟ, ਕਿਰਾਏਦਾਰਾਂ ਦੇ ਕਿਰਾਏਦਾਰ। ਅਸੀਂ ਪਹਿਲਾਂ ਤੋਂ ਬੁੱਕ ਕੀਤੇ ਆਪਣੇ ਫਲੈਟ ਵਿਚ, ਪੂਰਬੀ ਸਾਂਤਾ ਕਰੂਜ਼ ਦੀ ਬਸਤੀ ਵਿਚ ਆ ਗਏ। ਕੋਆਪਰੇਟਿਵ ਸੁਸਾਇਟੀਆਂ ਦੀ ਆਪਣੀ ਹੀ ਦੁਨੀਆਂ ਹੁੰਦੀ ਹੈ। ਇਕ ਅਹਾਤੇ ਵਿਚ ਕਿੰਨੀਆਂ ਹੀ ਬਿਲਡਿੰਗਾਂ ਤੇ ਸੈਂਕੜੇ ਹੀ ਫਲੈਟ। ਹਰ ਬਿਲਡਿੰਗ ਦਾ ਨਿਵੇਕਲਾ ਹੀ ਬਗੀਚਾ ਤੇ ਆਪਣਾ ਹੀ ਖੇਡ ਦਾ ਮੈਦਾਨ।
ਸਾਡੀ ਬਿਲਡਿੰਗ ਦੀ ਦੋ ਸੌ ਗਜ਼ ਦੀ ਵਿੱਥ ਉਤੇ ਹੀ ਸੀ ਮੱਛੀ-ਮੰਡੀ ਤੇ ਉਸ ਦੇ ਨਾਲ-ਨਾਲ ਹੀ ਵਗਦਾ ਗਟਰ। ਨਦੀ-ਨੁਮਾ ਗੰਦਾ ਨਾਲਾ। ਸੱਤ ਬੰਗਲੇ ਦੇ ਸਾਗਰ ਤਟ ਵਰਗੇ ਖੂਬਸੂਰਤ ਹਵਾਦਾਰ ਤੇ ਸਾਫ਼ ਸੁਥਰੇ ਇਲਾਕੇ ਦੇ ਮੁਕਾਬਲੇ ਵਿਚ ਇਹ ਘੁੱਗ ਵਸਦਾ ਭੀੜ-ਭੜੱਕੇ ਵਾਲਾ ਇਲਾਕਾ ਅਤੇ ਥਾਂ-ਥਾਂ ‘ਤੇ ਗੰਦਗੀ ਨਾਲ ਆਫ਼ਰ-ਆਫ਼ਰ ਪੈਂਦੇ ਕੂੜੇਦਾਨ। ਇਹ ਤਾਂ ਕਾਂਵਾਂ ਦਾ ਵੀ ਮਹਾਂਨਗਰ ਸੀ ਤੇ ਅਵਾਰਾ ਕੁੱਤਿਆਂ ਤੇ ਗਾਂਵਾਂ ਦਾ ਵੀ ਗੜ੍ਹ। ਇਥੇ ਕਾਂਵਾਂ ਦੀ ਭੀੜ ਤੇ ਉਨ੍ਹਾਂ ਦੇ ਪਸ਼ੂਆਂ ਨਾਲ ਝੇਡਾਂ ਲੈਣ ਦੇ ਖੁੱਲ੍ਹੇ ਦੀਦਾਰ ਹੁੰਦੇ। ਮੇਰੀ ਖੇਡ ਵੀ ਪਹਿਲਾਂ ਨਾਲੋਂ ਚਾਰ ਚੁੱਕੇ ਵਧ ਗਈ। ਮੈਨੂੰ ਵੇਖਦਿਆਂ ਹੀ ਕਾਂ ਮੇਰੇ ਦੁਆਲੇ ਹੋ ਜਾਂਦੇ। ਸਾਡੀ ਸੁੱਟ-ਝਪਟ ਦੀ ਖੇਡ ਸਾਰੀ ਸੁਸਾਇਟੀ ਦੀਆਂ ਤੀਵੀਂਆਂ ਤੇ ਬਾਲਕਾਂ ਦੇ ਮਨੋਰੰਜਨ ਦਾ ਅਖਾੜਾ ਬਣ ਗਈ। ਇਕ ਪਾਸੇ ਕਾਂਵਾਂ ਨੂੰ ਛਿਛੜੇ ਤੇ ਦੂਜੇ ਪਾਸੇ ਚਿੜੀਆਂ ਨੂੰ ਬਾਜਰਾ। ਨਾਲ ਕਬੂਤਰ ਵੀ ਆ ਰਲਦੇ। ਇਨ੍ਹਾਂ ਸਭਨਾਂ ਦੀ ਤਾਕ ਵਿਚ ਬਿੱਲੀਆਂ ਵੀ ਅੱਖਾਂ-ਮੀਚੀ ਤਾੜਨ ਆ ਬਹਿੰਦੀਆਂ।
ਇਹ ਨਜ਼ਾਰਾ ਬਾਲਕਾਂ ਲਈ ਬੜਾ ਦਿਲਚਸਪ ਹੁੰਦਾ ਤੇ ਬਾਲਕਾਂ ਦੀ ਦਿਲਚਸਪੀ ਵਿਚ ਮੇਰੀ ਦਿਲਚਸਪੀ। ਮੇਰੀ ਰਸੋਈ ਦਾ ਇਕ ਬੂਹਾ ਦਲਾਨ ਵਿਚ ਖੁੱਲ੍ਹਦਾ ਸੀ, ਉਹ ਖੁੱਲ੍ਹਾ ਹੀ ਰਹਿੰਦਾ। ਬੱਚੇ ਆਪੇ ਅੰਦਰ ਵੜਦੇ, ਗਲਾਸ ਚੁੱਕਦੇ, ਪਾਣੀ ਪੀਂਦੇ ਤੇ ਮੈਂ ਸਾਹਮਣੇ ਹੋਵਾਂ ਜਾਂ ਨਾ ‘ਥੈਂਕ ਯੂ ਆਂਟੀ, ਥੈਂਕ ਯੂ ਆਂਟੀ’ ਅਲਾਪਦੇ ਦੌੜ ਜਾਂਦੇ। ਸ਼ਾਮੀਂ ਮੈਂ ਉਨ੍ਹਾਂ ਨੂੰ ‘ਲੁਕ-ਛਿੱਪ ਜਾਣਾ, ਮਕੱਈ ਦਾ ਦਾਣਾ, ਰਾਜੇ ਦੀ ਬੇਟੀ ਆਈ ਜੇ’ ਜਾਂ ‘ਹਰਾ ਸਮੁੰਦਰ, ਗੋਪੀ ਚੰਦਰ, ਬੋਲ ਮੇਰੀ ਮਛਲੀ, ਕਿਤਨਾ ਕੁ ਪਾਣੀ’ ਦੀਆਂ ਖੇਡਾਂ ਖਿਡਾਂਦੀ। ਸਿੰਧੀ, ਗੁਜਰਾਤੀ, ਮਰਾਠੀ ਜਾਂ ਦੱਖਣ-ਭਾਰਤੀ, ਸਾਰੇ ਹੀ ਬਾਲਕ ਇਸ ਪੰਜਾਬੀ ਖੇਡ ਦੇ ਬੋਲਾਂ ਨੂੰ ਮੇਰੇ ਨਾਲ ਹੇਕ ਲਾ ਕੇ ਗਾਂਦੇ। ਮੇਰੇ ਅੰਦਰ ਦੀ ਮਾਈ ਕਾਕੀ ਉਨ੍ਹਾਂ ਸੰਗ ਖੇਡ-ਖੇਡ ਖੀਵੀ ਹੁੰਦੀ। ਕਾਂਵਾਂ ਤੋਂ ਫੈਲਦਾ ਵਧਦਾ ਮੇਰਾ ਸੰਸਾਰ ਚਿੜੀਆਂ, ਕਬੂਤਰਾਂ, ਬਿੱਲੀਆਂ ਤੇ ਕਤੂਰਿਆਂ ਨੂੰ ਵੀ ਆਪਣੇ ਕਲਾਵੇ ਵਿਚ ਲੈਂਦਾ, ਉਡੂੰ-ਉਡੂੰ ਕਰਦਾ। ਮੈਂ ਧੰਨ-ਧੰਨ ਹੁੰਦੀ। ਜ਼ਿੰਦਗੀ ਦੇ ਪੰਦਰਾਂ ਵਰ੍ਹੇ ਲੰਘ ਗਏ, ਪੰਦਰਾਂ ਦਿਨਾਂ ਵਾਂਗ।
ਵਕਤ ਕੋਈ ਖੜੋਂਦਾ ਥੋੜ੍ਹੇ ਹੀ ਹੈ ਤੇ ਨਾ ਹੀ ਰਹਿੰਦਾ ਹੈ ਪਹਿਲਾਂ ਜਿਹਾ। ਵਕਤ ਤਾਂ ਪਾਣੀ ਹੈ। ਅੱਗੇ-ਅੱਗੇ ਵਹਿੰਦਾ। ਕੁਝ ਛੱਡਦਾ ਤੇ ਕੁਝ ਲੈਂਦਾ। ਆਤੰਕਵਾਦ ਦਾ ਝੱਖੜ ਝੁੱਲਿਆ। ਪੂਰਬੀ ਸਾਂਤਾ ਕਰੂਜ਼ ਵਿਚ ਹੀ ਹੈ ਸ਼ਿਵਾ ਜੀ ਨਗਰ, ਸ਼ਿਵ ਸੇਨਾ ਦਾ ਗੜ੍ਹ। ਸਿੱਖਾਂ ਦੇ ਫਲੈਟਾਂ ਮੂਹਰੇ ਨਿਸ਼ਾਨਦੇਹੀ ਕਰ ਦਿੱਤੀ ਗਈ, ਗੁਰੂ ਗੋਬਿੰਦ ਸਿੰਘ ਦੀ ਤਸਵੀਰ ਦੇ ਪੋਸਟਰਾਂ ਸਣੇ। ਸ਼ਬਦ ਸਨ:
‘ਤੁਮਕੋ ਤੋ ਤਲਵਾਰ ਦੀ ਥੀ ਭਾਰਤ ਮਾਂ ਕੀ ਰਕਸ਼ਾ ਕਰਨੇ ਕੇ ਲੀਏ, ਤੁਮਨੇ ਤੋ ਮਾਂ ਕੋ ਹੀ ਮਾਰ ਡਾਲਾ’ ਤੇ ਥੱਲੇ ਭਾਰਤ ਦੇ ਨਕਸ਼ੇ ਵਿਚ ਕੰਨਿਆ ਕੁਮਾਰੀ ਤੋਂ ਹਿਮਾਲਾ ਦੀ ਚੋਟੀ ਤਕ ਖੱਬੇ ਹੱਥ ਵਿਚ ਤਿਰੰਗਾ ਫੜੀ ਦੂਰ ਪੂਰਬ ਤਕ ਬਾਂਹ ਫੈਲਾਈ ਖਲੋਤੀ ਵਿਖਾਈ ਸੀ ਇੰਦਰਾ ਗਾਂਧੀ। ਸਾਡੇ ਬੂਹੇ ਉਪਰ ਵੀ ਇਹ ਪੋਸਟਰ ਚਿਪਕਾ ਦਿੱਤਾ ਗਿਆ ਸੀ। ਕਿਸ਼ੋਰ ਅਵਸਥਾ ਦੇ ਸਾਡੇ ਜੇਠੇ ਪੁੱਤਰ ਸੰਨੀ ਉਪਰ ਹਮਲਾ ਵੀ ਹੋਇਆ ਸੀ, ਗੋਲੀਬਾਰੀ ਵਿਚ। ਗੁਆਂਢੀ ਬਾਲਕ, ਕਾਂ ਚਿੜੀਆਂ ਸਭ ਕੁਝ ਉਂਜ ਦਾ ਉਂਜ ਸੀ ਪਰ ਕੁਝ ਸੀ ਜੋ ਮਨਫ਼ੀ ਹੋ ਗਿਆ ਸੀ-ਅਕਹਿ ਤੇ ਅਸਹਿ। ਮੁੰਬਈ ਨੂੰ ‘ਅਲਵਿਦਾ’ ਆਖਣਾ ਪਿਆ। ਆਉਣਾ ਹੀ ਪਿਆ ਮੁਹਾਲੀ।
ਮੁਹਾਲੀ ਵਿਚ ਕਿਸੇ ਵਿਰਲੇ ਕਾਂ ਨੂੰ ਹੀ ਕਕਿਆਂਦਾ ਸੁਣਦੀ ਤੇ ਸਰਦੀਆਂ ਵਿਚ ਹੋਰ ਵੀ ਵਿਰਲੇਰਾ। ਆਤੰਕਵਾਦ ਦਾ ਸਾਇਆ। ਉਦਾਸ ਮੌਸਮ। ਉਬੜ-ਖਾਬੜ ਸੜਕਾਂ। ਹਨੇਰੇ ਹੀ ਹਨੇਰੇ। ਕਰਫਿਊ। ਚਾਰ ਚੁਫੇਰੇ ਚੁੱਪ, ਤੇ ਵਿਚ-ਵਿਚ ਠਾਹ-ਠਾਹ ਦਾ ਕੋਈ ਧਮਾਕਾ। ਮੇਰੀਆਂ ਬੁਰਕੀਆਂ ਦੇ ਉਛਾਲ ਉਪਰ ਕਾਂਵਾਂ ਦੀ ਬਰਾਦਰੀ ਦਾ ਜਮਘਟ ਵੇਖਣਾ ਨਸੀਬ ਨਾ ਹੁੰਦਾ। ਸਾਫ਼ ਸੁਥਰਾ ਆਲਾ-ਦੁਆਲਾ। ਨਾ ਕੂੜਾ-ਕਰਕਟ, ਨਾ ਮਾਸ-ਮੱਛੀ। ਖੁਲ੍ਹ-ਮੁ-ਖੁਲ੍ਹੀਆਂ ਕੋਠੀਆਂ ਵਿਚ ਇਕੱਲੇ-ਦੁਕੱਲੇ ਜੀਵ, ਆਪੋ-ਆਪਣੀ ਲਛਮਣ ਰੇਖਾ ਵਿਚ ਸਿਮਟੇ ਹੋਏ। ਕਾਂ ਵਿਚਾਰੇ ਕੀ ਕਰਨ? ਭੁੱਖੇ ਮਰਨ! ਕਣਕ ਤੇ ਝੋਨੇ ਦੇ ਖੇਤ, ਤੇ ਫਲਾਂ ਲੱਦੇ ਰੁੱਖ। ਇਥੋਂ ਦੀਆਂ ਚਿੜੀਆਂ ਵੀ ਮੈਨੂੰ ਰੱਜੀਆਂ-ਪੁੱਜੀਆਂ ਹੀ ਲੱਗੀਆਂ। ਬਾਜਰਾ ਉਂਜ ਦਾ ਉਂਜ ਹੀ ਛੱਤ ਦੇ ਵਾਧੇ ਉਪਰ ਬਿਖਰਿਆ ਪਿਆ ਰਹਿੰਦਾ। ਹੱਥ-ਪੜੁੱਛਣੀ ਦੀ ਖੇਡ ਸੰਭਵ ਨਾ ਹੋ ਸਕੀ। ਨਾ ਹੀ ਦਿਸਦੇ ਬਾਲਕ ਗਲੀਆਂ ਵਿਚ ਜਾਂ ਸੜਕਾਂ ਉਤੇ। ਬਸ ਬਾਗ ਵਿਚ ਹੀ ਖੇਡਦੇ ਦਿਸਦੇ, ਪਰ ਵਿਰਲੇ ਤੇ ਦਿਨੇ-ਦਿਨੇ, ਸਹਿਮੇ ਸਹਿਮੇ। ਕਰਫਿਊ ਲੱਗਣ ਤੋਂ ਪਹਿਲਾਂ ਹੀ ਘਰਾਂ ਵਿਚ ਦੁਬਕ ਜਾਂਦੇ। ਮੇਰੇ ਅੰਦਰ ਦੀ ਮਾਈ ਕਾਕੀ, ਉਦਾਸ ਹਉਕੇ ਭਰਦੀ। ਸਿਮਰਨ ਕਰਦੀ ਪਰ ਸਿਮਰ ਨਾ ਹੁੰਦਾ।
ਮੁਹਾਲੀ ਤੋਂ ਚੰਡੀਗੜ੍ਹ ਜਾਂਦਿਆਂ ਰਾਹ ਵਿਚ ਖੜ੍ਹੇ ਰੁੰਡ-ਮਰੁੰਡ ਦਰਖਤਾਂ ਉਪਰ ਗਿੱਧ ਬਥੇਰੇ ਨਜ਼ਰ ਆਉਂਦੇ। ਮੁੰਬਈ ਵਿਚ ਸ਼ਹਿਰੋਂ ਬਾਹਰ ਜਾਂ ਮਾਲਾਬਾਰ ਸਥਿਤ ਪਾਰਸੀਆਂ ਦੀ ਅਗਿਆਰੀ ਉਪਰ ਹੀ ਗਿੱਧ ਮੰਡਲਾਂਦੇ ਵੇਖੀਦੇ ਸੀ। ਪਾਰਸੀ ਲੋਕ ਮੁਰਦਿਆਂ ਨੂੰ ਸਾੜਦੇ ਨਹੀਂ। ਨਾ ਹੀ ਦਫ਼ਨਾਂਦੇ ਹਨ। ਉਹ ਇਬਾਦਤ ਦੇ ਉਚੇ ਮੀਨਾਰ ਉਪਰ ਮੁਰਦੇ ਪਾ ਦਿੰਦੇ ਹਨ, ਇੱਲਾਂ ਗਿੱਧਾਂ ਦੀ ਖੁਰਾਕ ਵਜੋਂ। ਲਗਭਗ ਵੀਹ ਸਾਲ ਗੁਜ਼ਰ ਗਏ ਹਨ। ਹੁਣ ਮੁਹਾਲੀ ਜ਼ਿਲ੍ਹਾ ਬਣ ਗਿਆ ਹੈ ਤੇ ਉਸ ਦੀ ਆਬਾਦੀ ਦਿਨੋ-ਦਿਨ ਮਹਾਂਨਗਰੱਈਆ ਹੁੰਦੀ ਜਾ ਰਹੀ ਹੈ। ਕੋਠੀਆਂ ਦੇ ਨਾਲ-ਨਾਲ ਫਲੈਟੀ ਸਭਿਆਚਾਰ ਦਿਨ ਦੂਣੀ, ਰਾਤ ਚੌਗੁਣੀ ਉਨਤੀ ਕਰ ਰਿਹਾ ਹੈ। ਨਾ ਕੂੜੇਦਾਨਾਂ ਦਾ ਘਾਟਾ ਹੈ ਤੇ ਨਾ ਹੀ ਇੰਦਰਾ ਅਤੇ ਨਹਿਰੂ ਕਾਲੋਨੀਆਂ ਦੀਆਂ ਝੋਪੜ ਪੱਟੀਆਂ ਦਾ। ਮੁਹਾਲੀ ਵਿਚ ਪ੍ਰਵੇਸ਼ ਕਰਦਿਆਂ ਹੀ ਗੰਦਾ ਨਾਲਾ ਸਾਡਾ ਰਾਹ ਕੱਟਦਾ ਹੈ। ਘਰ ਮੂਹਰੇ ਅਵਾਰਾ ਕੁੱਤਿਆਂ ਦਾ ਰਾਜ ਹੈ ਤੇ ਸਾਹਮਣੇ ਪੈਂਦੇ ਕੂੜੇਦਾਨ ਵਿਚ ਗਾਂਵਾਂ, ਮੱਝਾਂ ਤੇ ਕੁੱਤਿਆਂ ਨਾਲ ਖਹਿਬੜਦੇ ਕਾਂ ਵੀ ਬਥੇਰੇ ਨੇ। ਹੁਣ ਉਹ ਮੇਰੀਆਂ ਬੁਰਕੀਆਂ ਦੇ ਮੁਥਾਜ ਨਹੀਂ ਤੇ ਨਾ ਹੀ ਹੁਣ ਮੈਨੂੰ ਵੀ ਕਾਂਵਾਂ ਦਾ ਹੇਰਵਾ ਹੈ।
ਕਿਸੇ ਵੀ ਸ਼ਹਿਰ ਵਿਚ ਨਵਾਂ-ਨਵਾਂ ਪ੍ਰਵੇਸ਼ ਕਰਨ ‘ਤੇ ਅਸੀਂ ਉਸ ਦੇ ਖਾਸ ਵੱਖਰੇ ਨਕਸ਼ ਨੋਟ ਕਰਦੇ ਹਾਂ। ਫਿਰ ਸਹਿਜੇ-ਸਹਿਜੇ ਆਦੀ ਹੋ ਜਾਂਦੇ ਹਾਂ। ਪਿੱਛਾ ਪਿੱਛੇ ਰਹਿ ਜਾਂਦਾ ਹੈ ਤੇ ਧੁੰਦਲਦਾ-ਧੁੰਦਲਦਾ ਅਸਲੋਂ ਹੀ ਮਨਫ਼ੀ ਹੋ ਜਾਂਦਾ ਹੈ। ਅੱਗਾ ਉਸ ਦੀ ਥਾਂ ਲੈ ਲੈਂਦਾ ਹੈ। ਗਿੱਧ ਕਦੋਂ ਤੇ ਕਿਵੇਂ ਗ਼ਾਇਬ ਹੋ ਗਏ, ਪਤਾ ਹੀ ਨਾ ਲੱਗਾ। ਉਹ ਰੁੰਡ ਮਰੁੰਡ ਬਿਰਖ ਵੀ ਤਾਂ ਨਹੀਂ ਰਹੇ। ਸੜਕਾਂ ਦੇ ਕਿਨਾਰੇ ਲੱਗੇ ਉਦੋਂ ਦੇ ਨਿੱਕੇ-ਨਿੱਕੇ ਬੂਟੇ ਹੁਣ ਸੰਘਣੇ ਰੁੱਖ ਹੋ ਗਏ ਹਨ, ਕੱਦਾਵਾਰ ਤੇ ਹਰੇ ਭਰੇ। ਉਜਾੜ ਰਾਹ ਘੁੱਗ ਬਸਤੀਆਂ ਦੇ ਲਾਂਘੇ ਬਣ ਗਏ ਹਨ। ਸ਼ਾਇਦ ਗਿੱਧ ਕੂਚ ਕਰ ਗਏ ਹਨ, ਉਜਾੜਾਂ ਦੀ ਭਾਲ ਵਿਚ।
ਸ਼ੁਰੂ-ਸ਼ੁਰੂ ਵਿਚ ਆਈ ਨੂੰ ਪੰਜਾਬ ਦੇ ਕਾਂ ਮਹਾਂਰਾਸ਼ਟਰ ਦੇ ਕਾਂਵਾਂ ਨਾਲੋਂ ਘੱਟ ਕਾਲੇ ਲੱਗੇ ਸਨ। ਮੁੰਬਈ ਦੇ ਕਾਂ ਸ਼ਾਹ ਕਾਲੇ ਤੇ ਕੱਦਾਵਾਰ ਵੀ ਵਧੇਰੇ ਹਨ। ਉਨ੍ਹਾਂ ਦੀ ਕਾਂ-ਕਾਂ ਉਤਰੀ ਕਾਂਵਾਂ ਦੀ ਕਕਿਆਣ ਨਾਲੋਂ ਵਧੇਰੇ ਸੁਰੀਲੀ ਹੈ। ਇਧਰ ਦੇ ਕਾਂਵਾਂ ਦਾ ਸੰਘਾ ਖਰਾਸਿਆ ਜਿਹਾ ਲਗਦਾ ਹੈ। ਮੁਹਾਲੀ ਆਉਣ ਮਗਰੋਂ ਛੇਤੀ ਹੀ ਮੇਰਾ ਰੂਸ ਜਾਣ ਦਾ ਸਬੱਬ ਬਣ ਗਿਆ। ਨਵੰਬਰ ਦੀ ਠੰਢ ਸੀ। ਵੋਲਗਾ ਦਰਿਆ ਜੰਮਿਆ ਹੋਇਆ ਸੀ। ਸਾਰੇ ਮਾਸਕੋ ਵਿਚ ਮਸਾਂ ਦੋ ਕਾਂ ਹੀ ਤੱਕੇ, ਬਰਫ਼ੀਲੀ ਨਦੀ ‘ਚੋਂ ਕੀੜੇ-ਮਕੌੜਿਆਂ ਲਈ ਠੂੰਗੇ ਮਾਰਦੇ। ਉਹ ਪੰਜਾਬੀ ਕਾਂਵਾਂ ਨਾਲੋਂ ਤਗੜੇ ਲੱਗੇ ਪਰ ਘੱਟ ਕਾਲੇ ਤੇ ਸੰਘਾ ਵੀ ਬੈਠਿਆ ਹੋਇਆ। ਅਜਿਹਾ ਕਿਉਂ?
ਧਰਤੀ, ਜਲਵਾਯੂ, ਖੁਰਾਕ ਜ਼ਰੂਰ ਸਾਰੇ ਰਲੇ-ਮਿਲੇ ਹੀ ਕਾਰਨ ਹੋਣੇ ਨੇ। ਮਹਾਂਰਾਸ਼ਟਰ ਦੀ ਕਾਲੀ ਮਿੱਟੀ, ਸਾਗਰ ਦਾ ਮਛੀਲਾ ਭੋਜਨ, ਗਗਨ ਚੁੰਬੀ ਨਾਰੀਅਲ ਅਤੇ ਤਾੜ ਦੇ ਫਲਾਂ ਲੱਦੇ ਬਿਰਛਾਂ ਦਾ ਖਾਜਾ, ਠਾਠਾਂ ਮਾਰਦੇ ਅਰਬ ਸਾਗਰ ਉਪਰੋਂ ਰੁਮਕਦੀਆਂ ਹਵਾਵਾਂ ਦਾ ਸੁਰ-ਨਾਦ। ਅਜਿਹੇ ਵਾਤਾਵਰਨ ਵਿਚ ਜਿਉਂਦੇ-ਵਿਚਰਦੇ ਕਾਂ ਸੁਰੀਲੇ ਕੀਕੂੰ ਨਾ ਹੋਣ? ਕਿਤੇ ਇਹੀ ਰਾਜ਼ ਤਾਂ ਨਹੀਂ ਕੌਤੁਕੀ ਕੰਠ ਵਾਲੀਆਂ ਮੰਗੇਸ਼ਕਰ ਭੈਣਾਂ ਦੇ ਸੁਰੀਲੇਪਣ ਦਾ? ਪੰਜਾਬ ਦੀਆਂ ਕੋਇਲਾਂ ਉਪਰ ਸਾਨੂੰ ਨਾਜ਼ ਹੈ ਪਰ ਕੋਈ ਵੀ ਪੰਜਾਬੀ ਇਸਤਰੀ-ਕੰਠ ਮਰਹੱਟਣ ਭੈਣਾਂ ਦੀ ਸੁਰ ਕੋਮਲਤਾ ਦਾ ਸਾਨੀ ਨਹੀਂ ਹੋ ਸਕਿਆ। ਦੂਜੇ ਪਾਸੇ ਭਾਰੇ ਭਰਵੇਂ ਮਰਦਾਵੇਂ ਘੜਾਂਗੇ ਵਾਲਾ ਵੀ ਕੋਈ ਕੇਦਾਰਨਾਥ ਸਹਿਗਲ, ਮੁਹੰਮਦ ਰਫ਼ੀ ਜਾਂ ਮੁਕੇਸ਼ ਹੀ ਹੋਇਆ ਹੈ। ਜਿਉਂ-ਜਿਉਂ ਅਸੀਂ ਸਾਗਰ ਤਟ ਤੋਂ ਉਤਰ ਵੱਲ ਆਂਦੇ ਜਾਂਦੇ ਹਾਂ, ਬਦਨ ਦੇ ਨਾਲ-ਨਾਲ ਆਵਾਜ਼ ਵੀ ਭਾਰੀ ਹੁੰਦੀ ਜਾਂਦੀ ਹੈ, ਜ਼ਨਾਨਾ ਵੀ ਤੇ ਮਰਦਾਨਾ ਵੀ। ਪੰਜਾਬ ਦਾ ਮਰਦਾਨਾ ਸੰਘਾ ਸਾਡੇ ਫਿਲਮ ਸੰਗੀਤ ਲਈ ਵਰਦਾਨ ਹੈ।
ਮੇਰੇ ਵਿਹੜੇ ਵਿਚ ਅੰਗੂਰਾਂ ਦੀ ਵੇਲ ਹੈ। ਹਰ ਸਾਲ ਅੰਗੂਰ ਲੱਗਣ ਤੋਂ ਪਹਿਲਾਂ-ਪਹਿਲਾਂ ਹੀ ਅਪਰੈਲ, ਮਈ ਵਿਚ ਬੁਲਬੁਲਾਂ ਉਸ ਵੇਲ ਉਪਰ ਆਲ੍ਹਣਾ ਪਾ ਲੈਂਦੀਆਂ ਹਨ। ਆਂਡੇ ਦੇ ਕੇ ਵਿਸਾਹ ਨਹੀਂ ਖਾਂਦੀਆਂ। ਅਸੀਂ ਆਪਣੇ ਹੀ ਵਿਹੜੇ ਵਿਚ ਪੈਰ ਪਾਈਏ ਸਹੀ, ਉਹ ਸਾਡੇ ਸਿਰਾਂ ‘ਤੇ ਠੂੰਗੇ ਮਾਰਦੀਆਂ ਚੀਂ-ਚੀਂ ਕਰਦੀਆਂ ਬੇਚੈਨ ਹੋ ਜਾਂਦੀਆਂ ਹਨ। ਵਿਹੜੇ ਦੇ ਬਾਹਰ ਸਫੈਦੇ ਦੇ ਦੋ ਬਿਰਖ ਹਨ। ਬੁਲਬੁਲਾਂ ਉਨ੍ਹਾਂ ਉਪਰ ਬਹਿ ਕੇ ਆਪਣੇ ਬੋਟਾਂ ਦੀ ਰਾਖੀ ਕਰਦੀਆਂ ਹਨ। ਬੋਟਾਂ ਦੀ ਤਾਕ ਵਿਚ ਕੋਈ ਕਾਂ ਬਨੇਰੇ ਉਤੇ ਬੈਠਾ ਨਹੀਂ ਕਿ ਬੁਲਬੁਲਾਂ ਨੇ ਚੀਕ ਚਿਹਾੜੇ ਨਾਲ ਅਸਮਾਨ ਸਿਰ ਉਤੇ ਚੁੱਕਿਆ ਨਹੀਂ। ਮੈਂ ਦੌੜ-ਦੌੜ ਕੇ ‘ਸ਼ੀ ਸ਼ੀ’ ਕਰਦੀ ਕਾਂ ਉਡਾਂਦੀ ਹਾਂ ਤੇ ਫੇਰ ਕੂਕ ਉਠਦੀ ਹਾਂ: ‘ਕਾਂ ਕਾਣੇ ਕਾਂ ਕਾਣੇæææ’ ਪਰ ਇਸ ਤੋਂ ਅੱਗੇ ਮੈਥੋਂ ਕੁਝ ਨਹੀਂ ਕਹਿ ਹੁੰਦਾ। ਮੇਰੇ ਅੰਦਰ ਦੀ ਮਾਈ ਕਾਕੀ ਬੋਲ ਪੈਂਦੀ ਹੈ, ‘ਜਿਉਣ ਜੋਗੇ ਜਿਉਣ ਜੋਗੇ।’
ਪਉਣ ਪਾਣੀ, ਵਣ ਤ੍ਰਿਣ, ਜੀਵ ਜੰਤੂ, ਹਰ ਕੋਈ ਆਪਣੇ ਹੀ ਕਰਮ ਧਰਮ ਵਿਚ ਬੱਝਿਆ ਹੋਇਆ ਹੈ। ਜੇ ਘੋੜਾ ਘਾਹ ਨਾਲ ਦੋਸਤੀ ਕਰੇਗਾ ਤਾਂ ਕੀਕੂੰ ਜੀਵੇਗਾ?
ਮੈਂ ਅੰਤਰ ਧਿਆਨ ਹੋ ਮਾਈ ਕਾਕੀ ਦੇ ਵਿਹੜੇ ਵਿਚ ਜਾ ਲੱਥਦੀ ਹਾਂ। ਕੀੜੀਆਂ ਦੀ ਕਤਾਰ ਜਾ ਰਹੀ ਹੈ ਚੀਨੀ ਦੀ ਢੇਰੀ ਵੱਲ। ਠੱਪ-ਟੱਪ ਕਰਦਾ ਕੋਈ ਕਾਂ ਆਉਂਦਾ ਹੈ ਤੇ ਇਕ-ਇਕ ਕਰ ਕੇ ਕੀੜੀਆਂ ਚੁਗਣ ਲਗਦਾ ਹੈ। ਚਿੜੀਆਂ ਦੇ ਬੋਟ ਮਸਾਂ ਚਚਿਆਉਂਦੇ ਹੀ ਨੇ ਕਿ ਕਾਂ ਉਨ੍ਹਾਂ ਉਤੇ ਝਪਟ ਪੈਂਦਾ ਹੈ। ਚਿੜੀਆਂ ਰੋਂਦੀਆਂ ਹਨ ਤੇ ਫੇਰ ਸ਼ਾਂਤ ਹੋ ਜਾਂਦੀਆਂ ਹਨ। ਮੁੜ ਨਵੇਂ ਆਲ੍ਹਣੇ ਲਈ ਤਿਣਕੇ ਬਟੋਰਦੀਆਂ, ਮੁੜ ਨਵੀਂ ਗ੍ਰਹਿਸਥੀ ਦੀ ਸ਼ੁਰੂਆਤ ਲਈ ਤਿਆਰ। ਤਿਆਰ-ਬਰ-ਤਿਆਰ। ਮੁੜ ਚਿੜੀ ਤੇ ਚਿੜਾ ਗੁਟਕ-ਗੁਟਕ ਚੁੰਝਾਂ ਲੜਾਂਦੇ ਕਲੋਲ ਕਰਦੇ ਨੇ। ਮਾਈ ਕਾਕੀ ਸਭ ਕੁਝ ਵੇਖਦੀ-ਭਾਖਦੀ ਕੀੜੀਆਂ ਨੂੰ ਖੰਡ ਪਾਈ ਜਾਂਦੀ ਹੈ, ਚਿੜੀਆਂ ਨੂੰ ਬਾਜਰਾ ਵੀ ਤੇ ਕਾਂਵਾਂ ਨੂੰ ਰੋਟੀ ਵੀ; ਉਸੇ ਤਰ੍ਹਾਂ ਸਿਮਰਨ ਕਰਦੀ, ਬਾਲਕਾਂ ਨੂੰ ਪ੍ਰਸ਼ਾਦ ਵੰਡਦੀ, ਸਿਰ ਪਲੋਸਦੀ, ਮੁਸ-ਮੁਸ ਅਸੀਸਾਂ ਦਿੰਦੀ। ਮੈਂ ਵਿਸਮਾਦੋ-ਵਿਸਮਾਦ ਹੋਈ ਬੋਲ ਉਠਦੀ ਹਾਂ,
ਵਾਹ ਮਾਈ ਕਾਕੀ! ਸਦਕੇ! ਸੁਬ੍ਹਾਨ ਅੱਲਾ! ਕੁਰਬਾਨ!
Leave a Reply