ਚੰਡੀਗੜ੍ਹ: ਪੰਥਕ ਕਮੇਟੀ ਦੇ ਸਾਬਕਾ ਮੁਖੀ ਅਤੇ ਖ਼ਾਲਿਸਤਾਨ ਲਈ ਚੱਲੀ ਲਹਿਰ ਦੇ ਆਗੂ ਡਾæ ਸੋਹਨ ਸਿੰਘ (98 ਸਾਲ) ਦਾ ਦੇਹਾਂਤ ਗਿਆ। ਉਨ੍ਹਾਂ ਦੀ ਸਿਹਤ ਕਾਫੀ ਸਮੇਂ ਤੋਂ ਠੀਕ ਨਹੀਂ ਸੀ ਤੇ ਪਹਿਲੀ ਨਵੰਬਰ ਨੂੰ ਉਹ ਮੁਹਾਲੀ ਦੇ ਫੇਜ਼-2 ਸਥਿਤ ਆਪਣੇ ਘਰ ਵਿਚ ਅਚਾਨਕ ਡਿੱਗ ਕੇ ਬੇਹੋਸ਼ ਹੋ ਗਏ। ਪਰਿਵਾਰਕ ਮੈਂਬਰਾਂ ਵੱਲੋਂ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਡਾæ ਸੋਹਨ ਸਿੰਘ ਦਾ ਜਨਮ 27 ਮਾਰਚ, 1914 ਨੂੰ ਚੱਕ 464 ਜੀæਬੀæ ਸਮੁੰਦਰੀ, ਲਾਇਲਪੁਰ (ਪਾਕਿਸਤਾਨ) ਵਿਖੇ ਹੋਇਆ ਸੀ। ਉਹ ਪੰਜਾਬ ਸਿਹਤ ਵਿਭਾਗ ਵਿਚ ਡਾਇਰੈਕਟਰ ਦੇ ਅਹੁਦੇ ‘ਤੇ ਤਾਇਨਾਤ ਰਹੇ। ਜ਼ਿਕਰਯੋਗ ਹੈ ਕਿ ਖਾੜਕੂਵਾਦ ਦੇ ਸਮੇਂ ਦੌਰਾਨ ਪੰਜਾਬ ਪੁਲਿਸ ਨੇ ਉਨ੍ਹਾਂ ਨੂੰ 1993 ਵਿਚ ਗ੍ਰਿਫ਼ਤਾਰ ਕਰ ਲਿਆ ਸੀ। ਉਨ੍ਹਾਂ ਨੂੰ ਕਾਫੀ ਸਮਾਂ ਜੇਲ੍ਹ ਵਿਚ ਬਿਤਾਉਣਾ ਪਿਆ। ਤਕਰੀਬਨ ਤਿੰਨ ਸਾਲ ਬਾਅਦ ਅਦਾਲਤ ਨੇ ਉਨ੍ਹਾਂ ਨੂੰ ਦੋਸ਼ ਮੁਕਤ ਕਰਾਰ ਦੇ ਦਿੱਤਾ ਸੀ। ਉਨ੍ਹਾਂ ਦੇ ਚਾਰ ਪੁੱਤਰ ਹਨ ਜਿਨ੍ਹਾਂ ਵਿਚੋਂ ਐਸ਼ਐਸ਼ ਬੋਪਾਰਾਏ ਸੇਵਾਮੁਕਤ ਆਈæਏæਐਸ਼ ਅਧਿਕਾਰੀ ਹਨ, ਇੰਦਰਜੀਤ ਸਿੰਘ ਏਅਰ ਕਮਾਂਡਰ, ਤੇਜਵੰਤ ਸਿੰਘ ਤੇ ਚੌਥਾ ਬੇਟਾ ਜਗਜੀਤ ਸਿੰਘ ਅਮਰੀਕਾ ਵਿਚ ਰਹਿੰਦਾ ਹੈ। ਪੰਡਿਤ ਜਵਾਹਰ ਲਾਲ ਨਹਿਰੂ ਵਜ਼ਾਰਤ ਵਿਚ ਵਿਦੇਸ਼ ਮੰਤਰੀ ਰਹੇ ਸਰਦਾਰ ਸਵਰਨ ਸਿੰਘ ਦੀ ਬੇਟੀ ਉਨ੍ਹਾਂ ਦੇ ਵੱਡੇ ਬੇਟੇ ਸ਼ ਬੋਪਾਰਾਏ ਨੂੰ ਵਿਆਹੀ ਹੋਈ ਹੈ।
ਕਿਸੇ ਵੇਲੇ ਖਾਲਿਸਤਾਨ ਲਹਿਰ ਦੇ ਥੰਮ੍ਹ ਰਹੇ ਡਾæ ਸੋਹਨ ਸਿੰਘ ਖਾਲਿਸਤਾਨ ਪੱਖੀ ਪੰਥਕ ਕਮੇਟੀ ਦੇ ਮੁਖੀ ਵਜੋਂ ਜਾਣੇ ਜਾਂਦੇ ਸਨ। ਉਨ੍ਹਾਂ ਨੂੰ ਗਰਮਖਿਆਲ ਸਫ਼ਾਂ ਵਿਚ ਸਤਿਕਾਰ ਨਾਲ ਦੇਖਿਆ ਜਾਂਦਾ ਸੀ ਤੇ ਪੰਥ ਦਾ ਰੌਸ਼ਨ ਦਿਮਾਗ ਵੀ ਆਖਿਆ ਜਾਂਦਾ ਸੀ ਪਰ ਕੁਝ ਹਲਕਿਆਂ ਵਿਚ ਉਨ੍ਹਾਂ ਬਾਰੇ ਹਮੇਸ਼ਾਂ ਗ਼ਲਤਫਹਿਮੀ ਬਣੀ ਰਹੀ।
ਬੀਤੇ ਦਹਾਕੇ ਤੋਂ ਉਹ ਬਿਰਧ ਅਵਸਥਾ ਕਾਰਨ ਸਾਰੀਆਂ ਸਰਗਰਮੀਆਂ ਛੱਡ ਕੇ ਘਰ ਬੈਠ ਗਏ ਸਨ। ਗਰਮਖਿਆਲ ਸਫਾਂ ਨਾਲ ਜੁੜੇ ਆਗੂਆਂ ਨੂੰ ਅੱਜ ਵੀ ਉਹ ਸਮਾਂ ਯਾਦ ਹੈ ਜਦੋਂ ਡਾæ ਸੋਹਨ ਸਿੰਘ ਨੇ ਬੁੱਧੀਜੀਵੀ ਫੋਰਮ ਦਾ ਗਠਨ ਕੀਤਾ ਤੇ ਪਹਿਲੀ ਵਾਰ 80ਵਿਆਂ ਦੇ ਸ਼ੁਰੂ ਵਿਚ ਖਾਲਿਸਤਾਨ ਬਾਰੇ ਸੈਮੀਨਾਰ ਕਰਵਾਇਆ। ਉਸ ਵੇਲੇ ਉਹ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਨੇੜੇ ਵੀ ਰਹੇ ਪਰ ਉਹ ਸੰਤ ਭਿੰਡਰਾਂਵਾਲਿਆਂ ਨੂੰ ਆਪਣੀ ਵਿਚਾਰਧਾਰਾ ਵਿਚ ਨਹੀਂ ਰੰਗ ਸਕੇ। ਡਾæ ਸੋਹਨ ਸਿੰਘ ਚਾਹੁੰਦੇ ਸਨ ਕਿ ਖਾਲਿਸਤਾਨ ਦਾ ਐਲਾਨ ਕੀਤਾ ਜਾਵੇ ਪਰ ਇਸ ਮਾਮਲੇ ਵਿਚ ਉਨ੍ਹਾਂ ਨੂੰ ਉਸ ਵੇਲੇ ਸਮਰਥਨ ਨਹੀਂ ਮਿਲਿਆ। 26 ਜਨਵਰੀ 1986 ਨੂੰ ਦਮਦਮੀ ਟਕਸਾਲ ਵੱਲੋਂ ਸੱਦੇ ਗਏ ਸਰਬੱਤ ਖਾਲਸਾ ਵਿਚ ਵੀ ਉਨ੍ਹਾਂ ਨੇ ਖਾਲਿਸਤਾਨ ਦਾ ਐਲਾਨ ਕਰਾਉਣ ਦਾ ਯਤਨ ਕੀਤਾ ਪਰ ਅਜਿਹਾ ਨਹੀਂ ਹੋ ਸਕਿਆ। ਉਸ ਵੇਲੇ ਪੰਥਕ ਕਮੇਟੀ ਬਣਾਉਣ ਦਾ ਐਲਾਨ ਕਰ ਦਿੱਤਾ ਗਿਆ। ਇਸੇ ਪੰਥਕ ਕਮੇਟੀ ਨੇ ਅਪਰੈਲ 1986 ਵਿਚ ਸ੍ਰੀ ਅਕਾਲ ਤਖ਼ਤ ਤੋਂ ਖਾਲਿਸਤਾਨ ਦਾ ਐਲਾਨ ਕੀਤਾ ਸੀ। ਉਹ ਉਸ ਵੇਲੇ ਰੂਪੋਸ਼ ਹੋ ਗਏ ਪਰ 1987 ਵਿਚ ਸਮਾਨਅੰਤਰ ਇਕ ਹੋਰ ਪੰਥਕ ਕਮੇਟੀ ਬਣ ਗਈ ਜਿਸ ਨੂੰ ਬੱਬਰ ਖਾਲਸਾ ਅਤੇ ਕੇæਐਲ਼ਐਫ਼ ਦਾ ਸਮਰਥਨ ਪ੍ਰਾਪਤ ਸੀ। ਡਾæ ਸੋਹਨ ਸਿੰਘ ਇਸ ਪੰਥਕ ਕਮੇਟੀ ਦੇ ਮੈਂਬਰ ਸਨ ਤੇ ਬਾਅਦ ਵਿਚ ਉਨ੍ਹਾਂ ਨੂੰ ਇਸ ਕਮੇਟੀ ਦਾ ਮੁਖੀ ਵੀ ਕਿਹਾ ਜਾਂਦਾ ਰਿਹਾ। ਉਸ ਸਮੇਂ ਗਰਮਖਿਆਲ ਸਫ਼ਾਂ ਵਿਚ ਉਨ੍ਹਾਂ ਦਾ ਵੱਡਾ ਬੋਲਬਾਲਾ ਸੀ। ਉਨ੍ਹਾਂ ਨੇ ਭਾਵੇਂ ਖੁਦ ਕਿਸੇ ਹਿੰਸਕ ਕਾਰਵਾਈ ਵਿਚ ਸ਼ਮੂਲੀਅਤ ਨਹੀਂ ਕੀਤੀ ਪਰ ਉਨ੍ਹਾਂ ਦੇ ਨਾਂ ਦਾ ਸਿੱਕਾ ਚੱਲਦਾ ਸੀ ਤੇ ਉਸ ਵੇਲੇ ਪੰਥਕ ਕਮੇਟੀ ਸਿਖ਼ਰਾਂ ‘ਤੇ ਸੀ। ਉਹ 1990 ਵਿਚ ਮਰਹੂਮ ਪ੍ਰਧਾਨ ਮੰਤਰੀ ਚੰਦਰ ਸ਼ੇਖਰ ਵੱਲੋਂ ਗੱਲਬਾਤ ਦੀ ਕੀਤੀ ਪੇਸ਼ਕਸ਼ ਦੇ ਵੀ ਹਾਮੀ ਸਨ ਅਤੇ 1992 ਵਿਚ ਹੋਈਆਂ ਵਿਧਾਨ ਸਭਾ ਚੋਣਾਂ ਲੜਨ ਦੇ ਵੀ ਹਾਮੀ ਸਨ ਪਰ ਉਨ੍ਹਾਂ ਦਾ ਦੂਜੀਆਂ ਧਿਰਾਂ ਨੇ ਸਮਰਥਨ ਨਹੀਂ ਕੀਤਾ ਜਿਸ ਦੇ ਸਿੱਟੇ ਵਜੋਂ ਉਹ ਆਪਣੇ ਮਕਸਦ ਵਿਚ ਸਫਲ ਨਾ ਹੋ ਸਕੇ। ਇਸੇ ਕਾਰਨ ਉਹ 1992 ਵਿਚ ਪੰਥਕ ਕਮੇਟੀ ਤੋਂ ਵੱਖ ਹੋ ਗਏ ਤੇ ਰੂਪੋਸ਼ ਹੋ ਗਏ। ਫਿਰ ਉਹ ਨੇਪਾਲ ਚਲੇ ਗਏ ਤੇ 1993 ਵਿਚ ਉਨ੍ਹਾਂ ਨੂੰ ਉਥੋਂ ਹੀ ਗ੍ਰਿਫ਼ਤਾਰ ਕਰ ਕੇ ਭਾਰਤ ਲਿਆਂਦਾ ਗਿਆ। ਉਨ੍ਹਾਂ ਨੂੰ ਨਾਸਾ ਐਕਟ ਹੇਠ ਤਿੰਨ ਸਾਲ ਦੀ ਕੈਦ ਹੋਈ। ਇਸ ਕੈਦ ਦੌਰਾਨ ਉਹ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿਚ ਬੰਦ ਰਹੇ। 1995 ਵਿਚ ਰਿਹਾਈ ਮਗਰੋਂ ਉਨ੍ਹਾਂ ਇਕ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਲੜਨ ਦਾ ਵੀ ਯਤਨ ਕੀਤਾ ਪਰ ਸਫਲ ਨਹੀਂ ਹੋਏ। ਇਸ ਪਿੱਛੋਂ ਉਨ੍ਹਾਂ ਆਪਣੀਆਂ ਸਰਗਰਮੀਆਂ ਘੱਟ ਕਰ ਦਿੱਤੀਆਂ ਤੇ ਮੁਹਾਲੀ ਵਿਖੇ ਰਹਿਣ ਲੱਗ ਪਏ। ਸੰਨ 2000 ਤੋਂ ਬਾਅਦ ਉਨ੍ਹਾਂ ਦਲ ਖਾਲਸਾ ਜਥੇਬੰਦੀ ਦੇ ਕੁਝ ਸਮਾਗਮਾਂ ਵਿਚ ਸ਼ਿਰਕਤ ਕੀਤੀ। ਉਨ੍ਹਾਂ ਦੇ ਅੰਤਿਮ ਸੰਸਕਾਰ ਵੇਲੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਪੁੱਜੇ ‘ਪੰਥ ਦਰਦੀਆਂ’ ਦੀ ਗਿਣਤੀ ਬਹੁਤੀ ਨਹੀਂ ਸੀ। ਉਨ੍ਹਾਂ ਦੇ ਸਸਕਾਰ ਵੇਲੇ ਜ਼ਿਆਦਾ ਗਿਣਤੀ ਰਿਸ਼ਤੇਦਾਰ ਹੀ ਪੁੱਜੇ ਹੋਏ ਸਨ।
Leave a Reply