ਚੰਡੀਗੜ੍ਹ: ਸ਼ਹੀਦ ਊਧਮ ਸਿੰਘ ਨੇ ਵੈਸਟਮਿੰਸਟਰ (ਲੰਡਨ) ਦੇ ਕੈਕਸਟਨ ਹਾਲ ਵਿਚ ਮਾਈਕਲ ਓ ਡਾਇਰ ਤੇ ਤਿੰਨ ਹੋਰਾਂ ‘ਤੇ ਗੋਲੀਆਂ ਦਾਗਣ ਤੋਂ ਤਿੰਨ ਸਾਲ ਪਹਿਲਾਂ ਗ਼ਦਰ ਪਾਰਟੀ ਦੀ ਵਿੱਤੀ ਮਦਦ ਲਈ ਦੋ ਅੰਗਰੇਜ਼ੀ ਫ਼ਿਲਮਾਂ ਵਿਚ ਕੰਮ ਕੀਤਾ ਸੀ। ਇਹ ਖੁਲਾਸਾ ਊਧਮ ਸਿੰਘ ਦੇ ਜੀਵਨ ਬਾਰੇ ਨਵੇਂ ਇਤਿਹਾਸਕ ਤੱਥਾਂ ਤੋਂ ਹੋਇਆ ਹੈ। ਇਹ ਫ਼ਿਲਮਾਂ ਐਲੀਫੈਂਟਬੁਆਏ (1937) ਤੇ ‘ਦਿ ਫੋਰ ਫੀਦਰਜ਼’ (1939) ਸਨ।
ਇਨ੍ਹਾਂ ਫ਼ਿਲਮਾਂ ਦੇ ਨਿਰਦੇਸ਼ਕ ਤੇ ਪ੍ਰੋਡਿਊਸਰ ਹਾਲੀਵੁੱਡ ਦੇ ਮਸ਼ਹੂਰ ਫ਼ਿਲਮ ਪ੍ਰੋਡਿਊਸਰ ਅਲੈਗਜ਼ੈਂਡਰ ਕੋਰਡਾ ਤੇ ਜ਼ੌਲਟਨ ਕੋਰਡਾ ਸਨ। ਪ੍ਰਸਿੱਧ ਬਰਤਾਨਵੀ ਲੇਖਕ ਰੋਜਰ ਪਰਕਿਨਜ਼ ਨੇ ਪਹਿਲੀ ਵਾਰ ਇਹ ਖੁਲਾਸਾ 1989 ਵਿਚ ਲਿਖੀ ਆਪਣੀ ਕਿਤਾਬ ‘ਦਿ ਅੰਮ੍ਰਿਤਸਰ ਲੈਗੇਸੀ’ ਵਿਚ ਕੀਤਾ ਹੈ। ਲੰਡਨ ਵਿਚ ਗ਼ਦਰ ਪਾਰਟੀ ਦੇ ਪ੍ਰਤੀਨਿਧਾਂ ਕੋਲ ਕੰਮਕਾਜ ਜਾਰੀ ਰੱਖਣ ਲਈ ਪੈਸੇ ਦੀ ਵੱਡੀ ਘਾਟ ਹੋਣ ‘ਤੇ ਊਧਮ ਸਿੰਘ ਨੇ ਇਨ੍ਹਾਂ ਫ਼ਿਲਮਾਂ ਵਿਚ ਗ਼ੈਰ-ਯੂਰਪੀ ਸਹਾਇਕ ਕਲਾਕਾਰ ਤੇ ਐਕਸਟਰਾ ਵਜੋਂ ਕੰਮ ਕੀਤਾ ਸੀ।
‘ਐਲੀਫੈਂਟ ਬੁਆਏ’ ਫ਼ਿਲਮ ਯੂਟਿਊਬ ‘ਤੇ ਉਪਲਬਧ ਹੈ। ‘ਐਲੀਫੈਂਟ ਬੁਆਏ’ ਬਰਤਾਨਵੀ ਸਾਹਸੀ ਫ਼ਿਲਮ ਸੀ ਜੋ ਭਾਰਤ ਤੇ ਲੰਡਨ ਵਿਚ ਫਿਲਮਾਈ ਗਈ ਸੀ। ਵੈਨਿਸ ਫ਼ਿਲਮ ਮੇਲੇ ਵਿਚ ਇਸ ਨੂੰ ਸਰਵੋਤਮ ਨਿਰਦੇਸ਼ਕ ਪੁਰਸਕਾਰ ਮਿਲਿਆ ਸੀ। ਰੁਡਯਾਰਡ ਕਿਪਲਿੰਗਜ਼ ਦੀ ਜੰਗਲ ਬੁੱਕ ਵਿਚਲੀ ਕਹਾਣੀ ‘ਤੂਮਾਈ ਆਫ ਦਿ ਐਲੀਫੈਂਟ’ ‘ਤੇ ਆਧਾਰਤ ਇਹ ਕਹਾਣੀ ਲੰਡਨ ਫ਼ਿਲਮ ਸਟੂਡੀਓਜ਼ (ਡੇਨਹਾਮ) ਤੇ ਮੈਸੂਰ ਵਿਚ ਫਿਲਮਾਈ ਗਈ ਸੀ। ਨੌਂ ਅਪਰੈਲ 1937 ਨੂੰ ਇੰਗਲੈਂਡ ਵਿਚ ਰਿਲੀਜ਼ ਹੋਈ ਇਹ ਫ਼ਿਲਮ ਭਾਰਤ ਵਿਚ ਕਦੇ ਰਿਲੀਜ਼ ਨਹੀਂ ਹੋਈ। ਇਹ ਹੋਰ 14 ਮੁਲਕਾਂ ਵਿਚ ਵੀ ਰਿਲੀਜ਼ ਹੋਈ ਸੀ।
ਆਪਣੀ ਪੁਸਤਕ ‘ਆਜ਼ਾਦੀ ਦੀ ਸ਼ਮ੍ਹਾਂ ਦਾ ਪ੍ਰਵਾਨਾ’ ਮਹਾਨ ਗ਼ਦਰੀ ਇਨਕਲਾਬੀ, ਸ਼ਹੀਦ ਊਧਮ ਸਿੰਘ ਵਿਚ ਰਾਕੇਸ਼ ਕੁਮਾਰ (ਸੀਨੀਅਰ ਸੈਕਸ਼ਨ ਇੰਜਨੀਅਰ, ਭਾਰਤੀ ਰੇਲਵੇ) ਨੇ ਸ਼ਹੀਦ ਬਾਰੇ ਵਿਲੱਖਣ ਇਤਿਹਾਸਕ ਪਹਿਲੂ ਪੇਸ਼ ਕੀਤੇ ਹਨ। ਬਰਤਾਨਵੀ ਸਰਕਾਰੀ ਦਸਤਾਵੇਜ਼ਾਂ ਦੇ ਆਧਾਰ ‘ਤੇ ਰਾਕੇਸ਼ ਕੁਮਾਰ ਨੇ ਸ਼ਹੀਦ ਬਾਰੇ ਕੀਤੇ ਆਪਣੇ ਰਿਸਰਚ ਦੇ ਕਾਰਜ ਵਿਚ ਦਾਅਵਾ ਕੀਤਾ ਹੈ ਕਿ ਊਧਮ ਸਿੰਘ ਨੇ ਓ ਡਾਇਰ ਨੂੰ ਮਾਰਨ ਲਈ ਜਲ੍ਹਿਆਂ ਵਾਲਾ ਬਾਗ ਦੇ ਸਾਕੇ ਤੋਂ ਮਾਤਰ ਭਾਵੁਕ ਹੋ ਕੇ ਕਾਰਵਾਈ ਨਹੀਂ ਕੀਤੀ ਸੀ ਬਲਕਿ ਉਹ ਲੰਮੇ ਸਮੇਂ ਤੋਂ ਬਰਤਾਨਵੀ ਸਾਮਰਾਜ ਖ਼ਿਲਾਫ਼ ਜੱਦੋ-ਜਹਿਦ ਕਰ ਰਿਹਾ ਸੀ। ਇਸ ਫਾਇਰਿੰਗ ਵਿਚ ਤਿੰਨ ਬਰਤਾਨਵੀ ਅਧਿਕਾਰੀ ਜ਼ਖ਼ਮੀ ਵੀ ਹੋਏ ਸਨ।
ਇਹ ਗੋਲੀਆਂ ਤਾਂ ਉਸ ਨੇ ਬਰਤਾਨਵੀ ਸਰਕਾਰ ਨੂੰ ਝਟਕਾ ਦੇਣ ਲਈ ਚਲਾਈਆਂ ਸਨ। ਊਧਮ ਸਿੰਘ ਨੇ ਵੱਡੇ ਕੈਲੀਬਰ ਵਾਲੇ ਰਿਵਾਲਵਰ ਨਾਲ ਓ ਡਾਇਰ ਨੂੰ ਮਾਰਨ ਦੇ ਨਾਲ-ਨਾਲ ਤਿੰਨ ਹੋਰ ਅੰਗਰੇਜ਼ ਅਧਿਕਾਰੀਆਂ ‘ਤੇ ਵੀ ਗੋਲੀ ਚਲਾਈ ਸੀ, ਜੋ ਮਸਾਂ ਬਚੇ ਸਨ। ਬਰਤਾਨਵੀ ਦਸਤਾਵੇਜ਼ਾਂ ਵਿਚ ਹੀ ਇਹ ਵੀ ਖ਼ੁਲਾਸਾ ਕੀਤਾ ਗਿਆ ਸੀ ਕਿ ਕੈਕਸਟਨ ਹਾਲ ਦੀ ਘਟਨਾ ਤੋਂ 13 ਸਾਲ ਪਹਿਲਾਂ 30 ਅਗਸਤ 1927 ਵਿਚ ਊਧਮ ਸਿੰਘ ਨੂੰ ਅੰਮ੍ਰਿਤਸਰ ਪੁਲਿਸ ਨੇ ਲਾਇਸੈਂਸ ਤੋਂ ਬਿਨਾਂ ਹਥਿਆਰ ਰੱਖਣ ਦੇ ਸ਼ੱਕ ਵਿਚ ਫੜਿਆ ਸੀ ਤੇ ਉਸ ਤੋਂ ਹਥਿਆਰਾਂ ਦੇ ਨਾਲ-ਨਾਲ ‘ਗ਼ਦਰ ਦੀ ਗੂੰਜ’ ਦੀਆਂ ਕਾਪੀਆਂ ਮਿਲੀਆਂ ਸਨ। ਉਸ ਨੂੰ ਆਰਮਜ਼ ਐਕਟ ਦੇ ਸੈਕਸ਼ਨ 20 ਅਧੀਨ ਪੰਜ ਸਾਲ ਦੀ ਸਜ਼ਾ ਹੋਈ ਸੀ।
ਰਾਕੇਸ਼ ਕੁਮਾਰ ਨੇ ਡਾਇਰੈਕਟਰ ਇੰਟੈਲੀਜੈਂਸ ਬਿਊਰੋ ਹੋਮ ਡਿਪਾਰਟਮੈਂਟ ਭਾਰਤ ਸਰਕਾਰ ਦੀ 1934 ਵਿਚ ਛਾਪੀ ਗ਼ਦਰ ਡਾਇਰੈਕਟਰੀ ਵਿਚ ਗ਼ਦਰ ਲਹਿਰ ਵਿਚ ਹਿੱਸਾ ਲੈਣ ਵਾਲਿਆਂ ਦੇ ਨਾਂ ਛਾਪੇ ਸਨ ਜਿਨ੍ਹਾਂ ਵਿਚ ਊਧਮ ਸਿੰਘ ਦਾ ਨਾਂ 267 ਪੰਨੇ (ਐਸ-44) ‘ਤੇ ਸ਼ੇਰ ਸਿੰਘ ਉਰਫ਼ ਉਦੇ ਸਿੰਘ ਉਰਫ਼ ਫਰੈਂਕ ਬ੍ਰਾਜ਼ੀਲ ਵਜੋਂ ਦਰਜ ਹੈ।
ਬਰਤਾਨਵੀ ਦਸਤਾਵੇਜ਼ਾਂ ਮੁਤਾਬਕ 31 ਜੁਲਾਈ 1940 ਨੂੰ ਫਾਂਸੀ ਲਾਏ ਜਾਣ ਤੋਂ ਪਹਿਲਾਂ ਊਧਮ ਸਿੰਘ 42 ਦਿਨਾ (26 ਅਪਰੈਲ ਤੋਂ ਪੰਜ ਜੂਨ 1940) ਤੱਕ ਭੁੱਖ ਹੜਤਾਲ ‘ਤੇ ਰਿਹਾ ਸੀ। ਪੰਜ ਜੂਨ 1940 ਨੂੰ ਉਸ ਨੇ ਜੱਜ ਸਾਹਮਣੇ ਕਿਹਾ ਸੀ ਕਿ ਉਸ ਨੂੰ ਮੌਤ ਦੀ ਪ੍ਰਵਾਹ ਨਹੀਂ ਹੈ। ਅਦਾਲਤ ਨੇ ਉਸ ਨੂੰ ਹੱਥੀਂ ਲਿਖਿਆ ਅੱਠ ਸਫ਼ਿਆਂ ਦਾ ਨੋਟ ਪੜ੍ਹਨ ਦੀ ਆਗਿਆ ਨਹੀਂ ਦਿੱਤੀ ਸੀ ਤੇ ਉਸ ਨੇ ਇਹ ਪਾੜ ਦਿੱਤਾ ਸੀ।
Leave a Reply