ਭਾਰਤੀ ਜਨਤਾ ਪਾਰਟੀ ਦੀ ਸੂਝ ਤੋਂ ਸੱਖਣੇ ਮੋਦੀ ਉਤੇ ਟੇਕ

-ਜਤਿੰਦਰ ਪਨੂੰ
ਇਸ ਵਾਰੀ ਦਾ ਹਫਤਾਵਾਰੀ ਲੇਖ ਲਿਖਣ ਵੇਲੇ ਸਾਡੇ ਮਨ ਵਿਚ ਤਿੰਨ ਗੱਲਾਂ ਘੁੰਮ ਰਹੀਆਂ ਹਨ। ਇਨ੍ਹਾਂ ਵਿਚੋਂ ਪਹਿਲੀ ਉਹ ਹੈ, ਜਿਹੜੀ ਪ੍ਰਧਾਨ ਮੰਤਰੀ ਪੱਧਰ ਦੇ ਸਾਰੇ ਰੰਗਾਂ ਦੇ ਆਗੂਆਂ ਵਿਚ ਹੋਣੀ ਚਾਹੀਦੀ ਹੈ ਤੇ ਬਹੁਤਾ ਕਰ ਕੇ ਹੁੰਦੀ ਵੀ ਹੈ, ਪਰ ਇਸ ਕੁਰਸੀ ਦੇ ਸੁਫਨੇ ਲੈ ਰਹੇ ਨਰਿੰਦਰ ਮੋਦੀ ਵਿਚ ਨਹੀਂ ਹੈ। ਦੂਸਰੀ ਗੱਲ ਉਹ ਹੈ, ਜਿਹੜੀ ਉਨ੍ਹਾਂ ਸਭਨਾਂ ਵਿਚ ਵੀ ਹੈ ਸੀ, ਤੇ ਨਰਿੰਦਰ ਮੋਦੀ ਮੰਨੇ ਜਾਂ ਨਾ ਮੰਨੇ, ਉਸ ਦੇ ਵਿਚ ਵੀ ਮੌਜੂਦ ਹੈ। ਤੀਸਰੀ ਗੱਲ ਉਹ ਹੈ, ਜਿਹੜੀ ਸਾਡੇ ਮਨ ਵਿਚ ਵਾਰ-ਵਾਰ ਆ ਰਹੀ ਹੈ ਤੇ ਉਸ ਦਾ ਸਬੰਧ ਭਾਜਪਾ ਵੱਲੋਂ ਪ੍ਰਧਾਨ ਮੰਤਰੀ ਬਣਨ ਵਾਸਤੇ ਪੇਸ਼ ਕੀਤੇ ਗਏ ਇਸ ਇਕੱਲੇ ਬੰਦੇ ਨਾਲ ਹੈ। ਉਹ ਤੀਸਰੀ ਗੱਲ ਜ਼ਰਾ ਬਾਅਦ ਵਿਚ ਗੌਰ ਕਰਨ ਵਾਲੀ ਹੈ।
ਪਹਿਲੀ ਗੱਲ ਸਾਡੇ ਮਨ ਵਿਚ ਇਹ ਹੈ ਕਿ ਪ੍ਰਧਾਨ ਮੰਤਰੀ ਬਣਨ ਵਾਸਤੇ ਬੰਦੇ ਵਿਚ ਰਾਜਸੀ ਸੂਝ ਦੇ ਨਾਲ ਕੁਝ ਕੂਟਨੀਤਕ ਸਮਝ ਦਾ ਉਹ ਤੱਤ ਹੋਣਾ ਚਾਹੀਦਾ ਹੈ, ਜਿਸ ਵਾਸਤੇ ਅੰਗਰੇਜ਼ੀ ਵਿਚ ‘ਸਟੇਟਸਮੈਨਸ਼ਿਪ’ ਦਾ ਸ਼ਬਦ ਵਰਤਿਆ ਜਾਂਦਾ ਹੈ। ਅਠਾਰਵੀਂ ਸਦੀ ਵਿਚ ਹੋਏ ਫਰਾਂਸ ਦੇ ਇਨਕਲਾਬ ਦੀ ਵਿਆਖਿਆ ਕਰਦਿਆਂ ਆਇਰਲੈਂਡ ਦੇ ਉਘੇ ਚਿੰਤਕ ਐਡਮੰਡ ਬਰਕੇ ਨੇ ਇਸ ਸ਼ਬਦ ਦੀ ਵਿਆਖਿਆ ਇਹ ਕਹਿ ਕੇ ਕੀਤੀ ਸੀ ਕਿ ਬਹੁਤ ਕੁਝ ਜਾਣਦੇ ਹੋਏ ਵੀ ਜਾਣਕਾਰੀ ਨੂੰ ਅੰਦਰ ਹਜ਼ਮ ਕਰ ਸਕਣ, ਆਪਣੇ ਆਪ ਨੂੰ ਸੁਧਾਰ ਸਕਣ ਅਤੇ ਹੋਰ ਸਾਥੀਆਂ ਨੂੰ ਜੋੜ ਕੇ ਚੱਲ ਸਕਣ ਦੀ ਯੋਗਤਾ ਨੂੰ ਸਟੇਟਸਮੈਨਸ਼ਿਪ ਕਿਹਾ ਜਾਂਦਾ ਹੈ। ਇਹ ਕਲਾ ਪੰਡਿਤ ਜਵਾਹਰ ਲਾਲ ਨਹਿਰੂ ਕੋਲ ਹੁੰਦੀ ਸੀ, ਲਾਲ ਬਹਾਦਰ ਸ਼ਾਸਤਰੀ ਕੋਲ ਵੀ, ਜਿਸ ਨੇ ਪਿਤਾ ਦੀ ਮੌਤ ਮਗਰੋਂ ਘਰ ਬੈਠ ਚੁੱਕੀ ਇੰਦਰਾ ਗਾਂਧੀ ਨੂੰ ਆਪ ਜਾ ਕੇ ਵਾਪਸ ਆਉਣ ਤੇ ਵਜ਼ੀਰ ਬਣਨ ਨੂੰ ਕਿਹਾ ਸੀ, ਤੇ ਇੰਦਰਾ ਗਾਂਧੀ ਕੋਲ ਵੀ ਇਹ ਸੀ। ਬਾਅਦ ਵਿਚ ਆਏ ਮੁਰਾਰਜੀ ਭਾਈ ਡਿਸਾਈ ਵਿਚ ਇਸ ਦੀ ਅਣਹੋਂਦ ਸੀ ਤੇ ਇਸੇ ਲਈ ਆਪਣੇ ਵਰਗੇ ਚੌਧਰੀ ਚਰਨ ਸਿੰਘ ਨਾਲ ਪਏ ਰੱਫੜ ਨੂੰ ਉਹ ਲੋਕਾਂ ਵਿਚ ਲੈ ਗਿਆ ਸੀ। ਰਾਜੀਵ ਗਾਂਧੀ ਅਤੇ ਵੀ ਪੀ ਸਿੰਘ ਵਿਚ ਵੀ ਇਹ ਗੁਣ ਸਨ, ਭਾਜਪਾ ਆਗੂ ਅਟਲ ਬਿਹਾਰੀ ਵਾਜਪਾਈ ਵਿਚ ਵੀ ਸਨ ਅਤੇ ਡਾਕਟਰ ਮਨਮੋਹਨ ਸਿੰਘ ਦੇ ਪੱਲੇ ਵੀ ਕੁਝ ਕੁ ਹੈ। ਕੁਝ ਹੱਦ ਤੱਕ ਇਹ ਗੁਣ ਭਾਜਪਾ ਵੱਲੋਂ ਡਿਪਟੀ ਪ੍ਰਧਾਨ ਮੰਤਰੀ ਰਹਿ ਚੁੱਕੇ ਲਾਲ ਕ੍ਰਿਸ਼ਨ ਅਡਵਾਨੀ ਕੋਲ ਵੀ ਸੀ। ਇੰਦਰ ਕੁਮਾਰ ਗੁਜਰਾਲ ਨੂੰ ਅਸੀਂ ਇਸ ਵਿਚ ਇਸ ਲਈ ਨਹੀਂ ਗਿਣ ਰਹੇ ਕਿ ਉਹ ਪ੍ਰਧਾਨ ਮੰਤਰੀ ਬਣ ਕੇ ਵੀ ਪ੍ਰਧਾਨ ਮੰਤਰੀ ਘੱਟ ਤੇ ਵਿਦੇਸ਼ ਮੰਤਰੀ ਵੱਧ ਜਾਪਦਾ ਸੀ। ਨਰਿੰਦਰ ਮੋਦੀ ਦੇ ਪੱਲੇ ਇਸ ਹੁਨਰ ਦਾ ਜ਼ਰਾ ਜਿੰਨਾ ਅੰਸ਼ ਵੀ ਨਹੀਂ ਲੱਭਦਾ।
ਹਾਜ਼ਮੇ ਦੇ ਪੱਖ ਤੋਂ ਨਰਿੰਦਰ ਮੋਦੀ ਉਸ ਛੋਟੇ ਭਾਂਡੇ ਵਰਗਾ ਹੈ, ਜਿਸ ਵਿਚ ਇੱਕ ਦਮ ਉਬਾਲਾ ਆ ਸਕਦਾ ਹੈ ਤੇ ਉਹ ਕਿਸੇ ਬਾਰੇ ਕੁਝ ਵੀ ਕਹਿ ਜਾਂ ਕਰ ਅਤੇ ਕਰਵਾ ਸਕਦਾ ਹੈ। ਸਾਥੀਆਂ ਨੂੰ ਨਾਲ ਰੱਖਣ ਲਈ ਸਹਿਯੋਗ ਦਾ ਹੱਥ ਵਧਾਉਣ ਦੀ ਥਾਂ ਉਹ ਪਾਰਟੀ ਅੰਦਰ ਵੀ ਦਹਿਸ਼ਤ ਪਾ ਕੇ ਰੱਖਦਾ ਹੈ ਤੇ ਪਿਓ-ਦਾਦੇ ਦੀ ਉਮਰ ਵਾਲਿਆਂ ਲਈ ਵੀ ਕੋਈ ਲਿਹਾਜ ਨਹੀਂ ਵਿਖਾਉਂਦਾ। ਇੱਕ ਵਾਰੀ ਉਹ ਅਟਲ ਬਿਹਾਰੀ ਵਾਜਪਾਈ ਅਤੇ ਗਿਆਰਾਂ ਕੁ ਵਾਰੀ ਅਡਵਾਨੀ ਨੂੰ ਜਨਤਕ ਤੌਰ ਉਤੇ ਅੱਖਾਂ ਵਿਖਾ ਚੁੱਕਾ ਹੈ। ਰਹੀ ਗੱਲ ਹੋ ਗਈ ਗਲਤੀ ਨੂੰ ਸੁਧਾਰਨ ਦੀ, ਇਹ ਕੰਮ ਵਾਜਪਾਈ ਵੀ ਜਾਣਦਾ ਸੀ ਤੇ ਅਡਵਾਨੀ ਵੀ ਕਦੀ-ਕਦੀ ਕਰ ਲੈਂਦਾ ਸੀ। ਵਾਜਪਾਈ ਜਨਤਕ ਮੰਚ ਤੋਂ ਵੀ ਗਲਤੀ ਮੰਨ ਲੈਂਦਾ ਸੀ ਤੇ ਅਡਵਾਨੀ ਇਹ ਕੰਮ ਅੰਦਰ ਬੈਠ ਕੇ ਕਰਦਾ ਸੀ। ਮੋਦੀ ਨੇ ਮੰਨਣਾ ਸਿੱਖਿਆ ਹੀ ਨਹੀਂ। ਉਹ ਗਲਤੀ ਨੂੰ ਅੱਖੋਂ ਪਰੋਖੇ ਕਰ ਕੇ ਲੋਕਾਂ ਨੂੰ ਉਹ ਗਲਤੀ ਭੁੱਲਣ ਤੋਂ ਪਹਿਲਾਂ ਨਵੀਂ ਗਲਤੀ ਕਰਨ ਦਾ ਆਦੀ ਹੁੰਦਾ ਜਾ ਰਿਹਾ ਹੈ। ਪਿਛਲੇ ਦਿਨੀਂ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਤੋਂ ਸ਼ੁਰੂ ਕਰ ਕੇ ਉਸ ਨੇ ਹਰ ਮਾਮਲੇ ਵਿਚ ਇਹੋ ਕੁਝ ਕੀਤਾ ਤੇ ਹੁਣ ਜਦੋਂ ਜੰਮੂ-ਕਸ਼ਮੀਰ ਜਾ ਕੇ ਧਾਰਾ ਤਿੰਨ ਸੌ ਸੱਤਰ ਦਾ ਰਾਗ ਛੇੜਿਆ, ਓਥੇ ਮੂਲੋਂ ਹੀ ਗਲਤ ਗੱਲ ਕਰ ਆਇਆ ਹੈ।
ਜੰਮੂ-ਕਸ਼ਮੀਰ ਵਾਲੀ ਧਾਰਾ ਤਿੰਨ ਸੌ ਸੱਤਰ ਦੀ ਗੱਲ ਕਰਨ ਤੋਂ ਪਹਿਲਾਂ ਇਹ ਗੱਲ ਯਾਦ ਕਰਨੀ ਚਾਹੀਦੀ ਹੈ ਕਿ ਭਾਜਪਾ ਆਗੂ ਇਹ ਕਹਿ ਕੇ ਸੋਨੀਆ ਗਾਂਧੀ ਨੂੰ ਚਿੜਾਉਂਦੇ ਰਹੇ ਹਨ ਕਿ ਸਾਡੇ ਕੋਲ ਤਾਂ ਲੀਡਰ ਹਨ ਤੇ ਕਾਂਗਰਸ ਨੇ ‘ਰੀਡਰ’ ਲੈ ਆਂਦੀ ਹੈ, ਜਿਹੜੀ ਲਿਖੇ ਹੋਏ ਭਾਸ਼ਣ ਪੜ੍ਹਦੀ ਹੈ। ਪਿੱਛੋਂ ਇਹ ਗੱਲ ਸਾਬਤ ਹੋ ਗਈ ਸੀ ਕਿ ਭਾਜਪਾ ਲੀਡਰ ਵੀ ਅਸਲ ਅਰਥਾਂ ਵਿਚ ‘ਰੀਡਰ’ ਹੀ ਹਨ। ਪਾਕਿਸਤਾਨ ਜਾ ਕੇ ਮੁਹੰਮਦ ਅਲੀ ਜਿਨਾਹ ਬਾਰੇ ਬਿਆਨ ਦੇ ਕੇ ਜਦੋਂ ਲਾਲ ਕ੍ਰਿਸ਼ਨ ਅਡਵਾਨੀ ਫਸ ਗਿਆ, ਉਸ ਨੇ ਪਾਰਟੀ ਤੋਂ ਇਹ ਕਹਿ ਕੇ ਜਿੰਦ ਛੁਡਾਈ ਸੀ ਕਿ ਇਹ ਬਿਆਨ ਉਸ ਨੂੰ ਉਸ ਦੇ ਭਾਸ਼ਣ ਲੇਖਕ ਨੇ ਲਿਖ ਕੇ ਦਿੱਤਾ ਸੀ। ਭਾਂਡਾ ਉਦੋਂ ਸੁਧੇਂਦਰ ਕੁਲਕਰਨੀ ਦੇ ਸਿਰ ਭੱਜਾ ਸੀ। ਜਦੋਂ ਅਡਵਾਨੀ ਨੇ ਪਾਰਲੀਮੈਂਟ ਵਿਚ ਇਹ ਕਿਹਾ ਕਿ ਐਟਮੀ ਪਸਾਰ ਰੋਕੂ ਸੰਧੀ ਉਤੇ ਦਸਤਖਤ ਕਰਨ ਤੋਂ ਪੰਡਿਤ ਨਹਿਰੂ ਨੇ ਵੀ ਨਾਂਹ ਕਰ ਦਿੱਤੀ ਸੀ, ਅਤੇ ਪ੍ਰਣਬ ਮੁਖਰਜੀ ਨੇ ਪਾਰਲੀਮੈਂਟ ਵਿਚ ਇਹ ਕਹਿ ਕੇ ਠਿੱਠ ਕਰ ਦਿੱਤਾ ਕਿ ਪੰਡਿਤ ਨਹਿਰੂ ਦਾ ਦੇਹਾਂਤ 1964 ਵਿਚ ਹੋ ਗਿਆ ਸੀ ਅਤੇ ਐਟਮੀ ਪਸਾਰ ਰੋਕੂ ਸੰਧੀ ਛੇ ਸਾਲ ਪਿੱਛੋਂ 1970 ਵਿਚ ਬਣੀ ਸੀ, ਉਦੋਂ ਵੀ ਇਹੋ ਗੱਲ ਨਿਕਲੀ ਸੀ ਕਿ ਕਸੂਰ ਅਡਵਾਨੀ ਦਾ ਨਹੀਂ, ਉਸ ਦੇ ਭਾਸ਼ਣ ਲੇਖਕ ਦਾ ਸੀ।
ਇਹੋ ਕੁਝ ਹੁਣ ਨਰਿੰਦਰ ਮੋਦੀ ਬਾਰੇ ਕਿਹਾ ਜਾਂਦਾ ਹੈ। ਉਸ ਨੇ ਕਈ ਗਲਤੀਆਂ ਕੀਤੀਆਂ ਹਨ। ਛੱਤੀਸਗੜ੍ਹ ਜਾ ਕੇ ਉਸ ਨੇ ਕਿਹਾ ਕਿ ਡਾਲਰ ਦਾ ਮੁੱਲ ਭਾਰਤ ਦੇ ਸੱਤਰ ਰੁਪਏ ਹੋ ਗਿਆ ਹੈ, ਪਰ ਇਹ ਮੁੱਲ ਇੱਕ ਹਫਤਾ ਪਹਿਲਾਂ ਦਾ ਸੀ, ਉਸ ਦਿਨ ਡਾਲਰ ਡਿੱਗ ਕੇ ਬਾਹਠ ਰੁਪਏ ਰਹਿ ਗਿਆ ਸੀ। ਭਾਸ਼ਣ ਲੇਖਕ ਨੇ ਜਿਹੜਾ ਭਾਸ਼ਣ ਇੱਕ ਹਫਤਾ ਪਹਿਲਾਂ ਲਿਖਿਆ ਸੀ, ਛੱਤੀਸਗੜ੍ਹ ਆਏ ਮੋਦੀ ਨੂੰ ਸੋਧਣ ਤੋਂ ਬਿਨਾਂ ਫੜਾ ਦਿੱਤਾ ਅਤੇ ਬਹੁਤੇ ਸਿਆਣੇ ਮੋਦੀ ਨੇ ਚੈਕ ਕੀਤੇ ਬਿਨਾਂ ਪੜ੍ਹ ਦਿੱਤਾ ਸੀ। ਬਿਹਾਰ ਵਿਚ ਉਸ ਨੇ ਸਿਕੰਦਰ ਬਾਦਸ਼ਾਹ ਨੂੰ ਗੰਗਾ ਵਿਚ ਡੁੱਬ ਗਿਆ ਕਹਿ ਦਿੱਤਾ, ਜਦ ਕਿ ਸਿਕੰਦਰ ਪੰਜਾਬ ਦੇ ਬਿਆਸ ਦਰਿਆ ਤੋਂ ਪਿੱਛੇ ਮੁੜਨ ਨੂੰ ਮਜਬੂਰ ਹੋ ਗਿਆ ਸੀ। ਪੁਰਾਣੇ ਸਮਿਆਂ ਦੀ ਤਕਸ਼ਿਲਾ ਯੂਨੀਵਰਸਿਟੀ ਨੂੰ ਮੋਦੀ ਨੇ ਬਿਹਾਰ ਦੀ ਆਖ ਦਿੱਤਾ, ਜਦ ਕਿ ਉਹ ਉਸ ਖੇਤਰ ਵਿਚ ਸੀ, ਜਿਹੜਾ ਹੁਣ ਪਾਕਿਸਤਾਨ ਵਿਚ ਹੈ। ਸਾਰੀਆਂ ਗੱਲਾਂ ਨਾਲ ਉਸ ਦਾ ਮਜ਼ਾਕ ਉਡਣ ਮਗਰੋਂ ਕਾਰਨ ਇਹੋ ਨਿਕਲਿਆ ਕਿ ਨਰਿੰਦਰ ਮੋਦੀ ‘ਇੱਲ ਦਾ ਨਾਂ ਕੋਕੋ’ ਨਹੀਂ ਜਾਣਦਾ ਤੇ ਲਿਖੇ ਹੋਏ ਭਾਸ਼ਣ ਪੜ੍ਹ ਛੱਡਦਾ ਹੈ। ਨਰਿੰਦਰ ਮੋਦੀ ਨੂੰ ਇਹ ਵੀ ਚੇਤੇ ਨਹੀਂ ਕਿ ਸਵਿਟਜ਼ਰਲੈਂਡ ਵਿਚੋਂ ਜਿਹੜੇ ਦੇਸ਼ ਭਗਤ ਸ਼ਿਆਮਜੀ ਦੀਆਂ ਅਸਥੀਆਂ ਉਸ ਦੀ ਆਪਣੀ ਸਰਕਾਰ ਵੇਲੇ ਆਈਆਂ ਸਨ, ਉਹ ਹੋਰ ਹੁੰਦਾ ਸੀ ਤੇ ਉਸ ਦੀ ਆਪਣੀ ਪਾਰਟੀ ਭਾਜਪਾ ਤੋਂ ਪਹਿਲਾਂ ਜਨ ਸੰਘ ਬਣਾਉਣ ਵਾਲਾ ਸ਼ਿਆਮਾ ਪ੍ਰਸਾਦ ਮੁਕਰਜੀ ਹੋਰ ਸੀ। ਏਡੇ ਅਕਲ ਦੇ ਊਣੇ ਬੰਦੇ ਨੂੰ ਪ੍ਰਧਾਨ ਮੰਤਰੀ ਬਣਾਉਣਾ ਚਾਹੁੰਦੀ ਹੈ ਭਾਜਪਾ!
ਹੁਣ ਆਈਏ ਨਰਿੰਦਰ ਮੋਦੀ ਦੇ ਉਸ ਭਾਸ਼ਣ ਵੱਲ, ਜਿਹੜਾ ਉਸ ਨੇ ਜੰਮੂ-ਕਸ਼ਮੀਰ ਜਾ ਕੇ ਦਿੱਤਾ ਤੇ ਇਸ ਨਾਲ ਦੂਸਰੇ ਆਗੂਆਂ ਨੂੰ ਚਾਂਦਮਾਰੀ ਕਰਨ ਦਾ ਮੌਕਾ ਮਿਲ ਗਿਆ ਹੈ। ਗਲਤ-ਬਿਆਨੀ ਨਰਿੰਦਰ ਮੋਦੀ ਨੇ ਇਸ ਹੱਦ ਤੀਕ ਕੀਤੀ ਹੈ ਕਿ ਉਸ ਦੀ ਆਪਣੀ ਪਾਰਟੀ ਨੂੰ ਵੀ ਜੰਮੂ-ਕਸ਼ਮੀਰ ਦੇ ਲੋਕਾਂ ਦੇ ਸਾਹਮਣੇ ਜਾ ਕੇ ਜਵਾਬ ਦੇਣ ਵਿਚ ਔਖ ਮਹਿਸੂਸ ਹੋ ਰਹੀ ਹੈ, ਕਿਉਂਕਿ ਸਥਾਨਕ ਲੋਕਾਂ ਨੂੰ ਸੱਚ ਬਾਰੇ ਪਤਾ ਹੈ।
ਪਹਿਲਾਂ ਤਾਂ ਇਸ ਧਾਰਾ 370 ਦੇ ਬਾਰੇ ਇਹ ਗਲਤ ਪ੍ਰਭਾਵ ਦਿੱਤਾ ਜਾ ਰਿਹਾ ਹੈ ਕਿ ਸਿਰਫ ਜੰਮੂ ਤੇ ਕਸ਼ਮੀਰ ਨੂੰ ਬਾਕੀਆਂ ਤੋਂ ਵਿਸ਼ੇਸ਼ ਰਾਜ ਦਾ ਦਰਜਾ ਹਾਸਲ ਹੈ। ਅਸਲੀਅਤ ਇਹ ਹੈ ਕਿ ਵਿਸ਼ੇਸ਼ ਦਰਜੇ ਦੀ ਇਹੋ ਜਿਹੀ ਧਾਰਾ ਦਾ ਪ੍ਰਬੰਧ ਵਿਸ਼ੇਸ਼ ਹਾਲਾਤ ਦੇ ਕਾਰਨ ਸਿਰਫ ਜੰਮੂ-ਕਸ਼ਮੀਰ ਲਈ ਨਹੀਂ, ਕੁਝ ਹੋਰ ਰਾਜਾਂ ਲਈ ਵੀ ਹੈ। ਧਾਰਾ 370 ਦੇ ਬਾਅਦ ਧਾਰਾ 371 ਵਿਚ ਮਹਾਰਾਸ਼ਟਰ ਤੇ ਗੁਜਰਾਤ ਲਈ ਵਿਸ਼ੇਸ਼ ਪ੍ਰਬੰਧ ਹਨ, ਭਾਵੇਂ ਇਹ ਉਨ੍ਹਾਂ ਦੋਂਹ ਰਾਜਾਂ ਨੂੰ ਹੋਰਨਾਂ ਤੋਂ ਬਹੁਤੇ ਵੱਖਰੇ ਨਹੀਂ ਕਰਦੇ। ਇਸ ਪਿੱਛੋਂ ਧਾਰਾ 371-ਏ ਵਿਚ ਨਾਗਾਲੈਂਡ ਦੇ ਲੋਕਾਂ ਦੇ ਸੱਭਿਆਚਾਰ ਦੇ ਵਿਸ਼ੇਸ਼ ਪੱਖਾਂ ਬਾਰੇ ਕੁਝ ਗੱਲਾਂ ਹਨ, ਜਿਨ੍ਹਾਂ ਨਾਲ ਉਨ੍ਹਾਂ ਨੂੰ ਸਿਰਫ ਧਾਰਮਿਕ ਤੇ ਸਮਾਜੀ ਪ੍ਰਬੰਧ ਲਈ ਨਹੀਂ, ਨਾਗਾ ਰਵਾਇਤਾਂ ਮੁਤਾਬਕ ਦੀਵਾਨੀ ਤੇ ਫੌਜਦਾਰੀ ਕੇਸਾਂ ਦੇ ਨਿਪਟਾਰੇ ਦਾ ਉਹ ਹੱਕ ਵੀ ਮਿਲ ਜਾਂਦਾ ਹੈ, ਜਿਹੜਾ ਹੋਰ ਰਾਜਾਂ ਵਿਚ ਓਦਾਂ ਦਾ ਨਹੀਂ ਹੈ। ਧਾਰਾ 371-ਬੀ ਵਿਚ ਆਸਾਮ ਦੇ ਲੋਕਾਂ ਲਈ ਇਹੋ ਜਿਹੇ ਕੁਝ ਪ੍ਰਬੰਧ ਹਨ, ਧਾਰਾ 371-ਸੀ ਮਨੀਪੁਰ ਦੇ ਲੋਕਾਂ ਲਈ, ਧਾਰਾ 371-ਐਫ ਸਿੱਕਮ ਦੇ ਲੋਕਾਂ ਤੇ ਧਾਰਾ 371-ਜੀ ਮਿਜ਼ੋਰਮ ਦੇ ਲੋਕਾਂ ਲਈ ਇਹੋ ਜਿਹੇ ਗਾਰੰਟੀ ਦੇਣ ਦੇ ਪ੍ਰਬੰਧ ਕਰਦੀ ਹੈ। ਅਰੁਣਾਚਲ ਪ੍ਰਦੇਸ਼ ਨੂੰ ਚੀਨ ਨੇ ਕਦੀ ਵੀ ਭਾਰਤ ਦਾ ਅੰਗ ਨਹੀਂ ਮੰਨਿਆ ਤੇ ਉਥੋਂ ਦੇ ਲੋਕਾਂ ਨੂੰ ਭਾਰਤ ਨਾਲ ਜੋੜੀ ਰੱਖਣ ਲਈ ਇਹੋ ਜਿਹੇ ਕੁਝ ਪ੍ਰਬੰਧ ਧਾਰਾ 371-ਐਚ ਰਾਹੀਂ ਕੀਤੇ ਗਏ ਹਨ ਤੇ ਜਿਸ ਗੋਆ ਨੂੰ ਭਾਰਤ ਦੀ ਆਜ਼ਾਦੀ ਤੋਂ ਬਾਅਦ ਪੁਰਤਗਾਲ ਤੋਂ ਆਜ਼ਾਦ ਕਰਾਉਣ ਦੀ ਲੜਾਈ ਵਿਚ ਸਾਡੇ ਪੰਜਾਬ ਦਾ ਕਰਨੈਲ ਸਿੰਘ ਈਸੜੂ ਸ਼ਹੀਦ ਹੋਇਆ ਸੀ, ਉਸ ਰਾਜ ਦੇ ਲੋਕਾਂ ਨੂੰ ਭਾਰਤ ਦੀ ਨੇਕ-ਨੀਤੀ ਦਾ ਵਿਸ਼ਵਾਸ ਦੇਣ ਲਈ ਧਾਰਾ 371-ਆਈ ਵਿਚ ਕੁਝ ਖਾਸ ਪ੍ਰਬੰਧ ਕੀਤੇ ਹੋਏ ਹਨ।
ਉਨ੍ਹਾਂ ਸਭਨਾਂ ਪ੍ਰਬੰਧਾਂ ਤੇ ਧਾਰਾਵਾਂ ਨੂੰ ਅੱਖੋਂ ਪਰੋਖੇ ਕਰ ਕੇ ਕੁਝ ਲੋਕਾਂ ਨੂੰ ਸਿਰਫ ਜੰਮੂ-ਕਸ਼ਮੀਰ ਚੁਭਦਾ ਹੈ, ਜਿਸ ਵਿਚ ਹਾਲਾਤ ਇਨੇ ਵਿਸ਼ੇਸ਼ ਹਨ ਕਿ ਉਸ ਦੀ ਵਿਧਾਨ ਸਭਾ ਦੀਆਂ ਚੋਣਾਂ ਕਮਿਸ਼ਨ ਪਹਿਲਾਂ ਇੱਕ ਸੌ ਸੀਟਾਂ ਮਿੱਥ ਕੇ ਸਿਰਫ 76 ਦੀ ਚੋਣ ਕਰਵਾਉਂਦਾ ਹੁੰਦਾ ਸੀ ਅਤੇ ਹੁਣ 111 ਸੀਟਾਂ ਮਿਥ ਕੇ ਇਸ ਵਿਚੋਂ 87 ਦੀ ਚੋਣ ਕਰਵਾ ਕੇ ਬਾਕੀ ਚੌਵੀ ਸੀਟਾਂ ਨੂੰ ਪਾਕਿਸਤਾਨ ਦੇ ਨਾਜਾਇਜ਼ ਕਬਜ਼ੇ ਵਾਲੇ ਖੇਤਰ ਦੇ ਲੋਕਾਂ ਲਈ ਇਹ ਸੋਚ ਕੇ ਖਾਲੀ ਰੱਖ ਲੈਂਦਾ ਹੈ ਕਿ ਕਿਸੇ ਦਿਨ ਹਾਲਾਤ ਬਦਲ ਕੇ ਇਹੋ ਜਿਹੇ ਵੀ ਬਣ ਸਕਦੇ ਹਨ ਕਿ ਉਹ ਖੇਤਰ ਅਤੇ ਉਹ ਲੋਕ ਇਸ ਰਾਜ ਵਿਚ ਵਾਪਸ ਆ ਸਕਦੇ ਹਨ।
ਨਰਿੰਦਰ ਮੋਦੀ ਨਾ ਗੁਜਰਾਤ ਦੇ ਇਤਿਹਾਸ ਤੋਂ ਜਾਣੂ ਹੈ, ਨਾ ਦੇਸ਼ ਦੇ ਇਤਿਹਾਸ ਤੋਂ ਅਤੇ ਜੰਮੂ-ਕਸ਼ਮੀਰ ਵਿਚ ਜਾ ਕੇ ਧਾਰਾ 370 ਦਾ ਵਿਰੋਧ ਕਰਦਿਆਂ ਇੱਕ ਨਵਾਂ ਸ਼ੋਸ਼ਾ ਛੱਡ ਆਇਆ ਹੈ। ਉਸ ਨੇ ਇਹ ਕਹਿ ਦਿੱਤਾ ਕਿ ਜਿਹੜੇ ਹੱਕ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੂੰ ਪ੍ਰਾਪਤ ਹਨ, ਉਹ ਉਸ ਦੀ ਭੈਣ ਸਾਰਾ ਨੂੰ ਨਹੀਂ, ਕਿਉਂਕਿ ਉਹ ਇਸ ਰਾਜ ਤੋਂ ਬਾਹਰ ਦੇ ਮੁੰਡੇ ਨਾਲ ਵਿਆਹੀ ਗਈ ਹੈ।
ਜੰਮੂ-ਕਸ਼ਮੀਰ ਦੇ ਇੱਕ ਆਗੂ ਦਾ ਨਾਂ ਪ੍ਰੋਫੈਸਰ ਭੀਮ ਸਿੰਘ ਹੈ ਤੇ ਉਹ ਚੜ੍ਹਦੀ ਜਵਾਨੀ ਦੇ ਦਿਨੀਂ ਪੰਡਿਤ ਜਵਾਹਰ ਲਾਲ ਨਹਿਰੂ ਤੋਂ ਲੈ ਕੇ ਹੁਣ ਤੱਕ ਹਰ ਪ੍ਰਧਾਨ ਮੰਤਰੀ ਨੂੰ ਮਿਲਦੇ ਰਹੇ ਹਨ। ਉਸ ਰਾਜ ਦੀ ਕੋਈ ਵੀ ਗੱਲ ਉਨ੍ਹਾਂ ਤੋਂ ਵੱਧ ਕੋਈ ਨਹੀਂ ਜਾਣ ਸਕਦਾ। ਨਰਿੰਦਰ ਮੋਦੀ ਦੇ ਇਸ ਭਾਸ਼ਣ ਮਗਰੋਂ ਇਹ ਗੱਲ ਪ੍ਰੋਫੈਸਰ ਭੀਮ ਸਿੰਘ ਨੇ ਸਪੱਸ਼ਟ ਕੀਤੀ ਹੈ ਕਿ ਪਹਿਲਾਂ ਇਹੋ ਵਿਵਸਥਾ ਹੁੰਦੀ ਸੀ ਕਿ ਇਸ ਰਾਜ ਤੋਂ ਬਾਹਰ ਵਿਆਹੀ ਜਾ ਰਹੀ ਕੁੜੀ ਨੂੰ ਇਸ ਰਾਜ ਦੇ ਨਾਗਰਿਕਾਂ ਦੇ ਵਿਸ਼ੇਸ਼ ਹੱਕਾਂ ਤੋਂ ਵਾਂਝਾ ਹੋਣਾ ਪੈਂਦਾ ਸੀ। ਇਸ ਦੇ ਵਿਰੁਧ ਕੁਝ ਕੁੜੀਆਂ, ਜਿਨ੍ਹਾਂ ਵਿਚ ਇਥੋਂ ਦੇ ਇੱਕ ਸਾਬਕਾ ਪ੍ਰਧਾਨ ਮੰਤਰੀ ਬਖਸ਼ੀ ਗੁਲਾਮ ਮੁਹੰਮਦ (ਪਹਿਲਾਂ ਉਥੇ ਮੁੱਖ ਮੰਤਰੀ ਨੂੰ ਪ੍ਰਧਾਨ ਮੰਤਰੀ ਕਿਹਾ ਜਾਂਦਾ ਸੀ) ਦੀ ਧੀ ਰੁਬੀਨਾ ਵੀ ਸ਼ਾਮਲ ਸੀ, ਨੇ ਇਸੇ ਰਾਜ ਦੀ ਹਾਈ ਕੋਰਟ ਵਿਚ ਇੱਕ ਪਟੀਸ਼ਨ ਕੀਤੀ ਸੀ। ਸਾਲ 2001 ਵਿਚ ਹਾਈ ਕੋਰਟ ਦੇ ਫੁੱਲ ਬੈਂਚ, ਜਿਸ ਵਿਚ ਸਾਰੇ ਜੱਜ ਬੈਠਦੇ ਹਨ, ਨੇ ਇਸ ਪਟੀਸ਼ਨ ਦੀ ਸੁਣਵਾਈ ਵੇਲੇ ਇਸ ਵਿਵਸਥਾ ਨੂੰ ਬਦਨੀਤੀ ਭਰੀ ਕਹਿ ਕੇ ਰੱਦ ਕਰ ਦਿੱਤਾ ਸੀ।
ਅਗਲੇ ਸਾਲ ਜੰਮੂ-ਕਸ਼ਮੀਰ ਵਿਧਾਨ ਸਭਾ ਵਿਚ ਪੀ ਡੀ ਪੀ ਪਾਰਟੀ ਦੀ ਆਗੂ ਮਹਿਬੂਬਾ ਮੁਫਤੀ ਦੀ ਅਗਵਾਈ ਹੇਠ ਇੱਕ ਬਿੱਲ ਪਾਸ ਕਰ ਕੇ ਪੁਰਾਣਾ ਪ੍ਰਬੰਧ ਚਾਲੂ ਕਰਨ ਦੀ ਕੋਸ਼ਿਸ਼ ਕੀਤੀ ਗਈ, ਤੇ ਉਹ ਬਿੱਲ ਕਾਹਲੀ ਵਿਚ ਬਿਨਾਂ ਬਹਿਸ ਤੋਂ ਪਾਸ ਕਰ ਦਿੱਤਾ ਗਿਆ, ਪਰ ਦੂਸਰੇ ਹਾਊਸ ਵਿਧਾਨ ਪ੍ਰੀਸ਼ਦ ਤੋਂ ਸਿਰਫ ਇੱਕ ਵੋਟ ਦੀ ਘਾਟ ਕਾਰਨ ਪਾਸ ਹੋਣ ਤੋਂ ਰਹਿ ਗਿਆ ਸੀ। ਵਿਰੋਧ ਵਿਚ ਪਾਈ ਇਹ ਇੱਕ ਵੋਟ ਪ੍ਰੋæ ਭੀਮ ਸਿੰਘ ਦੀ ਸੀ। ਪ੍ਰੋæ ਭੀਮ ਸਿੰਘ ਪੁੱਛਦਾ ਹੈ ਕਿ ਜਿਹੜੀ ਵਿਵਸਥਾ 2001 ਵਿਚ ਰੱਦ ਹੋ ਗਈ ਸੀ, ਉਸ ਦੀ ਕਹਾਣੀ ਨਰਿੰਦਰ ਮੋਦੀ ਨੇ ਹੁਣ ਕਾਹਦੇ ਲਈ ਪਾ ਦਿੱਤੀ ਹੈ?
ਇਥੇ ਆਣ ਕੇ ਉਹ ਤੀਸਰੀ ਗੱਲ ਅਸੀਂ ਕਹਿਣੀ ਚਾਹੁੰਦੇ ਹਾਂ, ਜਿਹੜੀ ਇਹ ਲੇਖ ਲਿਖਣ ਵੇਲੇ ਵੀ ਸਾਡੇ ਮਨ ਵਿਚ ਘੁੰਮ ਰਹੀ ਸੀ। ਅਸੀਂ ਮੇਲਿਆਂ ਵਿਚ ਕੁਝ ਮਸਖਰੇ ਵੇਖੇ ਹਨ। ਉਹ ਆਪਣਾ ਕੱਦ ਹੋਰ ਲੋਕਾਂ ਨਾਲੋਂ ਉਚਾ ਦਿਖਾਉਣ ਲਈ ਪੈਰਾਂ ਨਾਲ ਬਾਂਸ ਬੰਨ੍ਹ ਕੇ ਭੀੜ ਵਿਚ ਨਿਕਲ ਤੁਰਦੇ ਹਨ, ਪਰ ਉਨ੍ਹਾਂ ਦੀ ਤੋਰ ਏਨੀ ਬੇਢੰਗੀ ਹੁੰਦੀ ਹੈ ਕਿ ਵੇਖਣ ਵਾਲਿਆਂ ਦਾ ਹਾਸਾ ਨਿਕਲ ਜਾਂਦਾ ਹੈ। ਨਰਿੰਦਰ ਮੋਦੀ ਨੂੰ ਵੀ ਇਹੋ ਚਸਕਾ ਹੈ। ਉਸ ਦਾ ਦਿਲ ਕਰਦਾ ਹੈ ਕਿ ਉਹ ਦੇਸ਼ ਦੇ ਬਾਕੀ ਸਾਰੇ ਆਗੂਆਂ ਤੋਂ ਵੱਖਰਾ-ਨਿਆਰਾ ਦਿੱਸਣਾ ਚਾਹੀਦਾ ਹੈ। ਇਸ ਮਕਸਦ ਲਈ ਉਹ ਇਹੋ ਜਿਹੇ ਸ਼ੋਸ਼ੇ ਛੱਡੀ ਜਾਂਦਾ ਹੈ, ਜਿਹੜੇ ਪੜ੍ਹਨ-ਸੁਣਨ ਤੋਂ ਬਾਅਦ ਕੋਈ ਵੀ ਇਹ ਸੋਚਣ ਲਈ ਮਜਬੂਰ ਹੋ ਸਕਦਾ ਹੈ ਕਿ ਇਹ ਬੰਦਾ, ਜਿਸ ਦੇ ਪੱਲੇ ਨਾ ‘ਸਟੇਟਸਮੈਨਸ਼ਿਪ’ ਹੈ, ਨਾ ਦੇਸ਼ ਦੇ ਇਤਿਹਾਸ ਅਤੇ ਆਮ ਸੱਭਿਆਚਾਰ ਬਾਰੇ ਕੋਈ ਸਿੱਕੇਬੰਦ ਸੂਝ ਹੀ ਹੈ, ਉਸ ਨੂੰ ਅੱਗੇ ਲਾ ਕੇ ਦੇਸ਼ ਨੂੰ ਲਿਜਾਣਾ ਕਿੱਥੇ ਚਾਹੁੰਦੀ ਹੈ ਭਾਰਤੀ ਜਨਤਾ ਪਾਰਟੀ?

Be the first to comment

Leave a Reply

Your email address will not be published.