ਪਟਿਆਲਾ: ਸਿੰਥੈਟਿਕ ਡਰੱਗ ਤਸਕਰ ਗਰੋਹ ਦੇ ਮੁੱਖ ਸਰਗਨਾ ਤੇ ਦਿੱਲੀ ਦੇ ਵੱਡੇ ਵਪਾਰੀ ਦੇਵ ਬਹਿਲ ਦਾਊਦ ਇਬਰਾਹਿਮ ਤੇ ਉਸ ਦੇ ਭਰਾ ਅਨੀਸ਼ ਨਾਲ ਮਿਲ ਕੇ ਸੋਨੇ ਦੀ ਤਸਕਰੀ ਵੀ ਕਰਦਾ ਸੀ ਤੇ ਇਹ ਗਰੋਹ ਹੁਣ ਤੱਕ 2000 ਕਰੋੜ ਤੋਂ ਵੀ ਵੱਧ ਕੀਮਤ ਦੇ ਰਸਾਇਣ ਤੇ ਸਿੰਥੈਟਿਕ ਡਰੱਗਜ਼ ਦੀ ਕੌਮਾਂਤਰੀ ਬਾਜ਼ਾਰ ਵਿਚ ਤਸਕਰੀ ਕਰ ਚੁੱਕਿਆ ਹੈ। ਇਹ ਖੁਲਾਸਾ ਪੁਲਿਸ ਵੱਲੋਂ ਕੀਤੀ ਗਈ ਪੁੱਛਗਿੱਛ ਦੌਰਾਨ ਹੋਇਆ ਹੈ।
ਐਸ਼ਐਸ਼ਪੀ ਹਰਦਿਆਲ ਸਿੰਘ ਮਾਨ ਮੁਤਾਬਕ 50 ਸਾਲਾ ਦੇਵ ਬਹਿਲ 1983 ਤੋਂ 1988 ਤੱਕ ਦਾਊਦ ਇਬਰਾਹਿਮ ਦੇ ਹੁਕਮਾਂ ‘ਤੇ ਉਸ ਦੇ ਭਰਾ ਅਨੀਸ਼ ਨਾਲ ਮਿਲ ਕੇ ਕੌਮਾਂਤਰੀ ਪੱਧਰ ‘ਤੇ ਸੋਨੇ ਦੀ ਤਸਕਰੀ ਦਾ ਸਿੰਡੀਕੇਟ ਚਲਾਉਂਦਾ ਰਿਹਾ ਹੈ, ਜਿਸ ਦੌਰਾਨ ਉਹ ਕਈ ਵਾਰ ਦਾਊਦ ਇਬਰਾਹਿਮ ਤੇ ਅਨੀਸ਼ ਨੂੰ ਮਿਲਿਆ। ਉਸ ਨੇ 1988 ਵਿਚ ਆਪਣੀ ਵਪਾਰਕ ਸਾਂਝੇਦਾਰੀ ਖ਼ਤਮ ਕਰਨ ਤੋਂ ਬਾਅਦ ਵੀ ਦਾਊਦ ਨਾਲ ਸਮਾਜਕ ਰਿਸ਼ਤੇ ਬਣਾਈ ਰੱਖੇ ਤੇ ਉਹ ਦਾਊਦ ਨੂੰ ਮਿਲਣ ਦੁਬਈ ਵੀ ਗਿਆ। ਉਹ ਇਕ ਮਹੀਨੇ ਵਿਚ ਔਸਤਨ ਅੱਠ ਤੋਂ 10 ਕਿਲੋ ਤੱਕ ਸੋਨੇ ਦੀ ਤਸਕਰੀ ਕਰਦਾ ਸੀ।
ਉਸ ਨੇ ਅਨੀਸ਼ ਨਾਲ ਵਪਾਰਕ ਮਤਭੇਦ ਹੋਣ ‘ਤੇ ਇਹ ਧੰਦਾ ਛੱਡ ਕੇ ਕਮਾਈ ਹੋਈ ਦੌਲਤ ਨੂੰ ਸਫ਼ੈਦ ਬਣਾਉਣ ਲਈ ਪੁਰਾਣੀਆਂ ਕਾਰਾਂ ਦੀ ਖ਼ਰੀਦ-ਵੇਚ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਸੀ। ਫਿਰ 2000 ਵਿਚ ਉਸ ਨੇ ਨਸ਼ਿਆਂ ਦਾ ਕਾਰੋਬਾਰ ਸ਼ੁਰੂ ਕੀਤਾ ਤੇ ਇਹ ਧੰਦਾ ਵੀ ਵੱਡੇ ਪੱਧਰ ‘ਤੇ ਚਲਾਇਆ। ਦੇਵ ਬਹਿਲ ਨੇ 15 ਕੁਇੰਟਲ ਰਸਾਇਣਾਂ ਨੂੰ ਹਿਮਾਚਲ ਪ੍ਰਦੇਸ਼ ਤੇ ਹੋਰਨੀ ਥਾਈਂ ਫ਼ੈਕਟਰੀਆਂ ਵਿਚ ਆਈਸ ਡਰੱਗ ਬਣਾਉਣ ਲਈ ਵਰਤਿਆ ਤੇ ਇਸ ਨਸ਼ੇ ਨੂੰ ਅੱਗੇ ਕੈਨੇਡਾ ਭੇਜਿਆ। 2004 ਵਿਚ ਉਸ ਨੇ ਹੈਦਰਾਬਾਦ ਤੋਂ ਸੱਤ ਕੁਇੰਟਲ ਸੂਡੋਐਫ਼ੇਡਰਾਈਨ ਹਾਸਲ ਕਰ ਕੇ ਆਈਸ ਬਣਾ ਕੇ ਕੌਮਾਂਤਰੀ ਮੰਡੀ ਵਿਚ ਵੇਚਿਆ। ਹੁਣ ਉਹ 1500 ਕਰੋੜ ਦੇ ਆਈਸ ਨਸ਼ੇ ਨੂੰ ਨੈਰੋਬੀ, ਕੀਨੀਆ ਤੇ ਅਫ਼ਰੀਕਾ ਰਾਹੀਂ ਭੇਜਣ ਦੀ ਫ਼ਿਰਾਕ ਵਿਚ ਸੀ ਪਰ ਇਸ ਤੋਂ ਪਹਿਲਾਂ ਹੀ ਪੰਜਾਬ ਪੁਲਿਸ ਦੇ ਹੱਥੇ ਚੜ੍ਹ ਗਿਆ।
_____________________________________
ਕਦੇ ਨਸ਼ਿਆਂ ਖਿਲਾਫ ਲਾਮਬੰਦੀ ਲਈ ਸਰਗਰਮ ਸੀ ਭੋਲਾ
ਚੰਡੀਗੜ੍ਹ: ਕੌਮਾਂਤਰੀ ਪੱਧਰ ‘ਤੇ ਨਸ਼ਾ ਤਸਕਰੀ ਦੇ ਦੋਸ਼ ਵਿਚ ਪੁਲਿਸ ਦੇ ਹੱਥੇ ਚੜ੍ਹਿਆ ਪਹਿਲਵਾਨ ਤੇ ਬਰਖ਼ਾਸਤ ਡੀæਐਸ਼ਪੀ ਜਗਦੀਸ਼ ਭੋਲਾ ਕਿਸੇ ਵੇਲੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਣ ਲਈ ਪ੍ਰੇਰਦਾ ਸੀ। ਜਾਣਕਾਰੀ ਮੁਤਾਬਕ ਭੋਲਾ ਸਾਲ 2000 ਤੋਂ 2009 ਤੱਕ ਖੰਨੇ ਦੀ ਜਗਤ ਕਾਲੋਨੀ ਵਿਚ ਰਿਹਾ। ਇਸ ਤੋਂ ਬਾਅਦ ਉਹ ਘਰ ਵੇਚ ਕੇ ਇਥੋਂ ਚਲਾ ਗਿਆ। ਇਸ ਕਾਲੋਨੀ ਵਿਚ ਬਣੇ ਮੀਰੀ ਪੀਰੀ ਹਰਗੋਬਿੰਦ ਸਾਹਿਬ ਕੁਸ਼ਤੀ ਅਖਾੜੇ ਨੂੰ ਸਥਾਪਤ ਕਰਨ ਵਿਚ ਜਗਦੀਸ਼ ਭੋਲੇ ਦਾ ਵੱਡਾ ਯੋਗਦਾਨ ਸੀ।
ਖੰਨੇ ਵਿਚ ਅੱਜ ਵੀ ਇਹ ਅਖਾੜਾ ਚੱਲ ਰਿਹਾ ਹੈ, ਜਿਸ ਵਿਚ ਤਕਰੀਬਨ 50 ਛੋਟੇ-ਵੱਡੇ ਪਹਿਲਵਾਨ ਸਿਖਲਾਈ ਲਈ ਆਉਂਦੇ ਹਨ। ਇਸ ਅਖਾੜੇ ਨੂੰ ਹੁਣ ਇਕ ਸੰਸਥਾ ਚਲਾ ਰਹੀ ਹੈ।
ਜਗਦੀਸ਼ ਭੋਲੇ ਨੇ 2007 ਵਿਚ ਬਣੀ ਪੰਜਾਬੀ ਫਿਲਮ ਰੁਸਤਮ-ਏ-ਹਿੰਦ ਵਿਚ ਵੀ ਅਹਿਮ ਭੂਮਿਕਾ ਨਿਭਾਈ ਸੀ, ਜਿਸ ਵਿਚ ਉਸ ਦਾ ਕਿਰਦਾਰ ਨਸ਼ਾ ਵਿਰੋਧੀ ਵਿਅਕਤੀ ਵਾਲਾ ਸੀ। ਇਸ ਫਿਲਮ ਨੂੰ ਸਰਬਜੀਤ ਸਿੰਘ ਬੈਣੀਵਾਲ ਤੇ ਜੇæਐਸ ਚੀਮਾ ਨੇ ਬਣਾਇਆ ਸੀ। 2007 ਵਿਚ ਇਸ ਫਿਲਮ ਦੇ ਪ੍ਰਮੋਸ਼ਨ ਮੌਕੇ ਖੰਨਾ ਦੇ ਅਦਰਸ਼ ਸਿਨੇਮਾ ਵਿਚ ਪ੍ਰੈਸ ਮਿਲਣੀ ਦੌਰਾਨ ਜਗਦੀਸ਼ ਭੋਲਾ ਵੀ ਉਚੇਚੇ ਰੂਪ ਵਿਚ ਹਾਜ਼ਰ ਸੀ। ਨੌਜਵਾਨਾਂ ਨੂੰ ਚੰਗੀ ਸੇਧ ਦੇਣ ਵਾਲੇ ਪਹਿਲਵਾਨ ਜਗਦੀਸ਼ ਭੋਲੇ ਦੇ ਡਰੱਗ ਤਸਕਰੀ ਦੇ ਰਾਹ ‘ਤੇ ਜਾਣ ਨਾਲ ਉਸ ਵੱਲੋਂ ਸਥਾਪਤ ਕੀਤੇ ਅਖਾੜੇ ਦੇ ਪਹਿਲਵਾਨ ਅਤੇ ਨੌਜਵਾਨ ਨਿਰਾਸ਼ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਭੋਲੇ ਨੇ ਪਹਿਲਵਾਨਾਂ ਦੀ ਪਿੱਠ ਲੁਆ ਦਿੱਤੀ ਹੈ।
Leave a Reply