ਅੰਗਰੇਜ਼ ਵਿਦਵਾਨ ਮੈਕਸ ਆਰਥਰ ਮੈਕਾਲਿਫ (10 ਸਤੰਬਰ 1841-15 ਮਾਰਚ 1913) 1862 ਵਿਚ ਆਈæ ਸੀæ ਐਸ਼ ਅਫਸਰ ਬਣਿਆ ਅਤੇ ਫਰਵਰੀ 1864 ਵਿਚ ਪੰਜਾਬ ਆਇਆ। ਉਹ 1893 ਵਿਚ ਆਈæ ਸੀæ ਐਸ਼ ਅਫਸਰ ਵਜੋਂ ਰਿਟਾਇਰ ਹੋਇਆ। ਉਹ ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਦਰਸ਼ਨ ਕਰ ਕੇ ਇੰਨਾ ਨਿਹਾਲ ਹੋਇਆ ਕਿ ਉਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੁਨੇਹਾ ਯੂਰਪ ਵਿਚ ਪੁੱਜਦਾ ਕਰਨ ਲਈ ਇਸ ਦਾ ਅੰਗਰੇਜ਼ੀ ‘ਚ ਤਰਜਮਾ ਕਰਨਾ ਅਰੰਭਿਆ। ਉਸ ਨੂੰ ਇਸ ਮਾਮਲੇ ਵਿਚ ਉਸ ਦੇ ਆਪਣੇ ਈਸਾਈ ਭਾਈਚਾਰੇ ਵਲੋਂ ਵਿਰੋਧ ਦਾ ਸਾਹਮਣਾ ਤਾਂ ਕਰਨਾ ਹੀ ਪਿਆ, ਸਿੱਖ ਭਾਈਚਾਰੇ ਨੇ ਵੀ ਉਸ ਦੇ ਰਾਹ ਵਿਚ ਕਈ ਤਰ੍ਹਾਂ ਦੀਆਂ ਅੜਿਚਣਾਂ ਡਾਹੀਆਂ। ਅੱਜ ਗੁਰੂ ਗ੍ਰੰਥ ਸਾਹਿਬ ਦੇ ਤਰਜਮੇ ਕਰ ਕੇ ਸਿੱਖ ਪੰਥ ਵਿਚ ਉਹਦਾ ਬਹੁਤ ਇੱਜ਼ਤ-ਮਾਣ ਹੈ। ਮੈਕਾਲਿਫ ਦੀ ਸੌਵੀਂ ਬਰਸੀ ਮੌਕੇ ਉਘੇ ਕਹਾਣੀਕਾਰ ਤੇ ਪੱਤਰਕਾਰ (ਪੰਜਾਬੀ ਟ੍ਰਿਬਿਊਨ ਦੇ ਸਾਬਕਾ ਸੰਪਾਦਕ) ਗੁਰਬਚਨ ਸਿੰਘ ਭੁੱਲਰ ਵੱਲੋਂ ਲਿਖੀ ਲੇਖ ਲੜੀ ਦੀ ਚੌਥੀ ਅਤੇ ਆਖਰੀ ਕਿਸ਼ਤ ਛਾਪ ਰਹੇ ਹਾਂ। -ਸੰਪਾਦਕ
ਗੁਰਬਚਨ ਸਿੰਘ ਭੁੱਲਰ
ਫੋਨ: 91-11-65736868
ਮੈਕਾਲਿਫ ਜਦੋਂ ਆਪਣੀ ਛੇ-ਜਿਲਦੀ ਅੰਗਰੇਜ਼ੀ ਪੁਸਤਕ ‘ਦਿ ਸਿੱਖ ਰਿਲੀਜਨ’ ਲੈ ਕੇ ਹਿੰਦੁਸਤਾਨ ਪਰਤਿਆ, ਉਹਨੂੰ ਪਤਾ ਲੱਗਿਆ ਕਿ ਨੇੜ-ਭਵਿੱਖ ਵਿਚ ਰਾਵਲਪਿੰਡੀ ਵਿਚ ਸਿੱਖ ਵਿਦਿਅਕ ਕਾਨਫਰੰਸ ਹੋਣ ਵਾਲੀ ਹੈ। ਉਹਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ। ਉਹਨੂੰ ਲਗਿਆ ਜਿਵੇਂ ਪੜ੍ਹੇ-ਲਿਖੇ ਸਿੱਖਾਂ ਦਾ ਇਹ ਇਕੱਠ ਉਹਦੇ ਭਾਗਾਂ ਨੂੰ ਹੀ ਜੁੜ ਰਿਹਾ ਹੋਵੇ। ਉਹਦੇ ਉਤਸ਼ਾਹ ਦਾ ਕਾਰਨ ਇਹ ਵੀ ਸੀ ਕਿ ਉਹ ਸਿੱਖਾਂ ਕੋਲ ਕਿਸੇ ਮਾਇਕ ਜਾਂ ਹੋਰ ਸਹਾਇਤਾ ਦੀ ਮੰਗ ਨਾਲ ਨਹੀਂ ਸੀ ਜਾ ਰਿਹਾ। ਉਹਦੇ ਲਈ ਇਹ ਦੌਰ ਲੰਘ ਚੁੱਕਿਆ ਸੀ। ਆਪਣੀ ਜਾਇਦਾਦ ਦਾ ਇਕ ਹਿੱਸਾ ਵੇਚ ਕੇ ਉਹਨੇ ਛਪਾਈ ਸਮੇਂ ਦੇ ਆਪਣੇ ਖਰਚੇ ਨਿਭਾ ਲਏ ਸਨ। ਹੁਣ ਉਹਨੂੰ ਮਾਇਆ ਦੀ ਨਹੀਂ, ਮਨਜ਼ੂਰੀ ਦੀ ਲੋੜ ਸੀ। ਉਹਦਾ ਉਦੇਸ਼ ਬੜਾ ਸਰਲ-ਸਾਧਾਰਨ ਤੇ ਸੌਖਾ ਸੀ। ਬੱਸ ਸਿੱਖ ਉਹਦੀ ਘਾਲਣਾ ਉਤੇ ਪ੍ਰਵਾਨਗੀ ਅਤੇ ਪ੍ਰਸ਼ੰਸਾ ਦੀ ਮੋਹਰ ਲਾ ਦੇਣ! ਉਹਨੂੰ ਮਾਣ ਸੀ ਕਿ ਨਾਲੋ-ਨਾਲ ਸਮਰੱਥ ਵਿਅਕਤੀਆਂ ਦੀ ਨਿਰਖ-ਪਰਖ ਵਿਚੋਂ ਲੰਘਿਆ ਹੋਣ ਸਦਕਾ ਉਹਦੇ ਕੀਤੇ ਅਨੁਵਾਦ ਉਤੇ ਕੋਈ ਕਿੰਤੂ-ਪ੍ਰੰਤੂ ਨਹੀਂ ਹੋ ਸਕੇਗਾ। ਉਹਦੇ ਅਨੁਵਾਦ ਵਿਚ ਕਾਵਿਕਤਾ ਜਾਂ ਭਾਸ਼ਾਈ ਉਡਾਣ ਦੀ ਕੁਛ ਕਸਰ ਦਾ ਜ਼ਿਕਰ ਕਰਨ ਵਾਲੇ ਵੀ ਇਹ ਸਮਝਦੇ ਸਨ ਕਿ ਸਿੱਖਾਂ ਦੀ ਸ਼ਰਧਾ-ਭਾਵਨਾ ਬਾਰੇ ਪੂਰੀ ਤਰ੍ਹਾਂ ਸਚੇਤ ਰਹਿੰਦਿਆਂ ਅਤੇ ਮੂਲ ਦੇ ਵੱਧ ਤੋਂ ਵੱਧ ਅਨੁਸਾਰ ਰਹਿੰਦਿਆਂ ਇਹ ਵਧੀਆ ਅਨੁਵਾਦ ਹੈ। ਬਹੁਤ ਸਾਰੇ ਸਿੱਖ ਵਿਦਵਾਨਾਂ ਨੂੰ ਇਹ ਸੰਤੋਖ ਵੀ ਸੀ ਕਿ ਮੈਕਾਲਿਫ ਨੇ ਕਥਾ-ਵਿਆਖਿਆ ਦੀ ਮੌਖਿਕ ਪਰੰਪਰਾ ਨੂੰ, ਜਿਸ ਕਾਰਨ ਗਿਆਨ ਦੀਆਂ ਗੱਲਾਂ ਕਈ ਵਾਰ ਸਮੇਂ ਦੀ ਧੁੰਦ ਵਿਚ ਗੁਆਚ ਹੀ ਜਾਂਦੀਆਂ ਸਨ, ਕਲਮਬੰਦ ਕਰਨ ਦਾ ਪਹਿਲੀ ਵਾਰ ਉਦਮ ਕੀਤਾ ਸੀ।
ਉਹਨੂੰ ਯਕੀਨ ਸੀ ਕਿ ਉਹਦੀ ਇਹ ਮੰਗ ਏਨੀ ਨਿਰਵਿਵਾਦ ਹੈ ਕਿ ਇਸ ਨੂੰ ਮੰਨੇ ਜਾਣ ਵਿਚ ਕੋਈ ਰੁਕਾਵਟ ਨਹੀਂ ਆਉਣ ਲੱਗੀ। ਉਹਦੀ ਸੁਹਿਰਦਤਾ ਦਾ ਅੰਦਾਜ਼ਾ ਇਥੋਂ ਲਾਇਆ ਜਾ ਸਕਦਾ ਹੈ ਕਿ ਅਨੁਵਾਦ ਦੇ ਆਪਣੇ ਕੰਮ ਦਾ ਆਕਾਰ ਦੇਖਦਿਆਂ 1893 ਵਿਚ ਉਹਨੇ ਨੌਕਰੀ ਤੋਂ ਅਸਤੀਫਾ ਇਸ ਕਾਰਨ ਦਿੱਤਾ ਸੀ ਤਾਂ ਜੋ ਉਹ ਆਪਣਾ ਪੂਰਾ ਸਮਾਂ ਇਧਰ ਲਾ ਸਕੇ ਅਤੇ ਸਿੱਖ ਧਰਮ ਦੇ ਮੰਨਣ ਵਾਲਿਆਂ ਨੂੰ ਇਹ ਅਨਮੋਲ ਸੁਗਾਤ ਖਾਲਸੇ ਦੀ ਸਿਰਜਣਾ ਦੀ 200ਵੀਂ ਵਰ੍ਹੇਗੰਢ ਸਮੇਂ 1899 ਵਿਚ ਭੇਟ ਕਰ ਸਕੇ। ਇਹ ਅਨੁਵਾਦ ਵਿਚ ਆਉਂਦੀਆਂ ਰਹੀਆਂ ਅਣਕਿਆਸੀਆਂ ਮੁਸ਼ਕਲਾਂ ਅਤੇ ਵੱਸੋਂ ਬਾਹਰੀਆਂ ਆਰਥਕ ਤੰਗੀਆਂ ਸਨ ਜਿਨ੍ਹਾਂ ਨੇ ਉਹਦੀ ਇਹ ਇੱਛਾ ਪੂਰੀ ਨਾ ਹੋਣ ਦਿੱਤੀ। ਦਸ-ਬਾਰਾਂ ਸਾਲ ਪਛੜ ਕੇ ਹੀ ਸਹੀ, ਆਖਰ ਉਹਦੀ ਰੀਝ ਤੇ ਮਨੋਕਾਮਨਾ ਪੂਰੀ ਹੋਣ ਲੱਗੀ ਸੀ, ਉਹਦੇ ਲਈ ਇਹ ਕੋਈ ਛੋਟੀ ਗੱਲ ਨਹੀਂ ਸੀ।
1911 ਵਾਲੀ ਸਿੱਖ ਵਿਦਿਅਕ ਕਾਨਫਰੰਸ ਦੀਆਂ ਤਾਰੀਖਾਂ ਤੈਅ ਹੋਈਆਂ ਤਾਂ ਮੈਕਾਲਿਫ ਨੇ ਪ੍ਰਬੰਧਕਾਂ ਨੂੰ ਆਪਣੇ ਪਹੁੰਚਣ ਦੀ ਤਾਰ ਸਮੇਂ ਸਿਰ ਭੇਜ ਦਿੱਤੀ। ਇਸ ਅਗੇਤੀ ਸੂਚਨਾ ਦੇ ਬਾਵਜੂਦ ਉਹਨੂੰ ਸਟੇਸ਼ਨ ਤੋਂ ਲੈਣ ਕੋਈ ਨਾ ਪਹੁੰਚਿਆ। ਉਹਦੇ ਸਾਰੇ ਕਾਰਜ ਵਿਚ ਭਾਈ ਕਾਨ੍ਹ ਸਿੰਘ ਤੋਂ ਇਲਾਵਾ ਜਿਸ ਦੂਜੇ ਸਿੱਖ ਆਗੂ ਤੇ ਵਿਦਵਾਨ ਨੇ ਲਗਾਤਾਰ ਮਦਦ ਕੀਤੀ ਸੀ, ਉਹ ਸੀ ਭਗਤ ਲਛਮਣ ਸਿੰਘ। ਮੈਕਾਲਿਫ ਨੇ ਟਾਂਗਾ ਲਿਆ ਤੇ ਭਗਤ ਜੀ ਦੇ ਨਿਵਾਸ ਪੁੱਜ ਗਿਆ। ਪ੍ਰਿੰਸੀਪਲ ਤੇਜਾ ਸਿੰਘ ਸਵੈਜੀਵਨੀ ‘ਆਰਸੀ’ ਵਿਚ ਇਸ ਸਾਰੀ ਘਟਨਾ ਦਾ ਦੁਖਦਾਈ ਹਾਲ ਖੋਲ੍ਹ ਕੇ ਲਿਖਦੇ ਹਨ ਅਤੇ ਇਹਦੇ ਇਕ ਇਕ ਵੇਰਵੇ ਦੇ ਪੂਰਨ ਸੱਚ ਦੇ ਸਬੂਤ ਵਜੋਂ ਇਹ ਵੀ ਸਪੱਸ਼ਟ ਕਰਦੇ ਹਨ ਕਿ “ਇਹ ਸਾਰੀ ਗੱਲ ਮੈਨੂੰ ਭਗਤ ਜੀ ਦੀ ਜ਼ਬਾਨੀ ਮਲੂਮ ਹੋਈ ਸੀ।” ਭਗਤ ਜੀ ਮੈਕਾਲਿਫ ਨੂੰ ਅਚਾਨਕ ਪੁੱਜਿਆ ਦੇਖ ਕੇ ਹੈਰਾਨ ਰਹਿ ਗਏ ਕਿਉਂਕਿ ਪ੍ਰਬੰਧਕਾਂ ਨੇ ਉਨ੍ਹਾਂ ਨੂੰ ਉਹਦੇ ਆਉਣ ਦੀ ਕੋਈ ਜਾਣਕਾਰੀ ਹੀ ਨਹੀਂ ਸੀ ਦਿੱਤੀ। ਤੇਜਾ ਸਿੰਘ ਲਿਖਦੇ ਹਨ, “ਰਾਤ ਦੋਹਾਂ ਨੇ ਗੱਲਾਂ ਕਰਦਿਆਂ ਕੱਟੀ। ਮੈਕਾਲਿਫ ਨੇ ਆਪਣੇ ਆਉਣ ਦਾ ਸਬੱਬ ਇਹ ਦੱਸਿਆ ਕਿ ਸਰਕਾਰ ਆਪਣਾ ਵਾਅਦਾ ਮੁਕਰ ਗਈ ਹੈ। ਮੈਂ ਸਰਕਾਰ ਤੋਂ ਰੁਪਿਆ ਲੈਣੋਂ ਨਾਂਹ ਕਰ ਦਿੱਤੀ ਹੈ। ਸਿੱਖਾਂ ਕੋਲੋਂ ਵੀ ਮੈਂ ਰੁਪਿਆ ਨਹੀਂ ਮੰਗਦਾ। ਮੈਂ ਕੇਵਲ ਇਹ ਚਾਹੁੰਦਾ ਹਾਂ ਕਿ ਕਾਨਫਰੰਸ ਇਸ ਕੰਮ ਦੀ ਪ੍ਰਸ਼ੰਸਾ ਦਾ ਮਤਾ ਪਾਸ ਕਰ ਦੇਵੇ ਅਤੇ ਇਸ ਕਿਤਾਬ ਦੀ ਵਿਕਰੀ ਲਈ ਸਿੱਖਾਂ ਪਾਸ ਸਿਫਾਰਸ਼ ਕਰੇ।”
ਭਗਤ ਜੀ ਨੇ ਇਸ ਨੂੰ ਮਾਮੂਲੀ ਜਿਹੀ ਗੱਲ ਕਿਹਾ ਅਤੇ ਬੜੇ ਭਰੋਸੇ ਨਾਲ ਆਖਿਆ ਕਿ ਭਲਕੇ ਉਹ ਆਪ ਇਸ ਭਾਵ ਦਾ ਮਤਾ ਸਬਜੈਕਟਸ ਕਮੇਟੀ ਵਿਚ ਪੇਸ਼ ਕਰਨਗੇ ਅਤੇ ਪਾਸ ਕਰਵਾ ਲੈਣਗੇ। ਪਰ ਕਮੇਟੀ ਨੇ ਭਗਤ ਜੀ ਦਾ ਇਹ ਮਤਾ ਪਾਸ ਕਰਨੋਂ ਇਨਕਾਰ ਕਰ ਦਿੱਤਾ। ਜਦੋਂ ਮੈਕਾਲਿਫ ਨੂੰ ਆਸ ਦੇ ਬਿਲਕੁਲ ਉਲਟ ਅਚਾਨਕ ਇਹ ਜਾਣਕਾਰੀ ਭਗਤ ਜੀ ਤੋਂ ਮਿਲੀ, ਉਹਦੇ ਮਨ ਦੀ ਹਾਲਤ ਦਾ ਅੰਦਾਜ਼ਾ ਲਾਉਣਾ ਕੋਈ ਔਖਾ ਨਹੀਂ। ਉਹ ਟੁੱਟੇ ਹੋਏ ਦਿਲ ਨਾਲ ਰਾਵਲਪਿੰਡੀ ਛਾਉਣੀ ਦੇ ਆਪਣੇ ਹੋਟਲ ਦੇ ਕਮਰੇ ਵਿਚ ਉਦਾਸ-ਨਿਰਾਸ ਇਕੱਲਾ ਜਾ ਬੈਠਾ। ਖਾਣਾ ਖਾਣ ਵਾਸਤੇ ਵੀ ਉਹ ਹੋਟਲ ਦੇ ਹਾਲ ਵਿਚ ਨਹੀਂ ਗਿਆ। ਸਾਥੀ ਅੰਗਰੇਜ਼ ਪਹਿਲਾਂ ਹੀ ਉਹਨੂੰ ‘ਸਿੱਖ ਬਣਿਆ’ ਆਖ ਕੇ ਚੰਗਾ ਨਹੀਂ ਸਨ ਸਮਝਦੇ। ਹੁਣ ਸਿੱਖਾਂ ਨੇ ਵੀ ਉਹਨੂੰ ਕੱਖੋਂ ਹੌਲਾ ਕਰ ਦਿੱਤਾ ਸੀ। ਉਹਨੂੰ ਇਹ ਵੀ ਡਰ ਸੀ ਕਿ ਜਦੋਂ ਇਹ ਖਬਰ ਅੰਗਰੇਜ਼ ਅਧਿਕਾਰੀਆਂ ਤੱਕ ਪੁੱਜ ਗਈ, ਉਹ ਕਿਸ ਮੂੰਹ ਨਾਲ ਉਨ੍ਹਾਂ ਦੇ ਮਿਹਣਿਆਂ ਦਾ ਟਾਕਰਾ ਕਰ ਸਕੇਗਾ! ਉਹਦਾ ਇਹ ਕਾਰਜ ਉਹਨੂੰ ਪਹਿਲਾਂ ਵੀ ਕਈ ਅੰਗਰੇਜ਼ਾਂ ਨਾਲ ਟਕਰਾਉ ਵਿਚ ਲਿਆਉਂਦਾ ਰਿਹਾ ਸੀ ਪਰ ਉਦੋਂ ਉਸ ਦੇ ਝੁਕਣ ਦਾ ਕੋਈ ਕਾਰਨ ਨਹੀਂ ਸੀ। ਹੁਣ ਹੌਸਲਾ ਉਹਦਾ ਸਾਥ ਛੱਡ ਗਿਆ ਸੀ।
ਇਸੇ ਮਾਨਸਿਕ ਹਾਲਤ ਵਿਚ ਉਹ ਵਲਾਇਤ ਪਰਤ ਗਿਆ। ਉਹਦੇ ਨਾਲ ਬੱਸ ਉਹਦਾ ਪੰਜਾਬੀ ਸੇਵਕ ਮੁਹੰਮਦ ਸੀ। 15 ਮਾਰਚ 1913 ਨੂੰ ਲੰਡਨ ਵਿਚ ਉਹ ਪੂਰਾ ਹੋ ਗਿਆ। ਆਪਣੀ ਬਾਕੀ ਜਾਇਦਾਦ ਰਿਸ਼ਤੇਦਾਰਾਂ ਦੇ ਨਾਂ ਕਰਨ ਲੱਗਿਆਂ ਉਹ ਇਕ ਹਿੱਸਾ ਮੁਹੰਮਦ ਦੇ ਨਾਂ ਕਰਨਾ ਵੀ ਨਹੀਂ ਭੁੱਲਿਆ। ਸ਼ਾਇਦ ਈਸਾਈ ਰਹਿ ਕੇ, ਭਾਵ ਸਿੰਘ ਸਜੇ ਬਿਨਾਂ ਸਿੱਖ ਧਰਮ ਲਈ ਕੀਤੇ ਵੱਡੇ ਕਾਰਜ ਦਾ ਮੁੱਲ ਮੈਕਾਲਿਫ ਤੋਂ ਅਜੇ ਮੌਤ ਨਾਲ ਵੀ ਦਿੱਤਾ ਨਹੀਂ ਸੀ ਜਾ ਸਕਿਆ। ਪੰਜਾਬੀਆਂ ਦੀ ਇਕ ਬੜੀ ਭੈੜੀ ਗਾਲ਼ ਹੈ, ਤੇਰਾ ਮੁਰਦਾ ਖਰਾਬ ਹੋਵੇ! ਅਜੇ ਮੈਕਾਲਿਫ ਦਾ ਮੁਰਦਾ ਖਰਾਬ ਹੋਣਾ ਬਾਕੀ ਸੀ!
ਉਹਦੀ ਦੇਹ ਸਮੇਟਣ ਦੀ ਸੂਚਨਾ ਦੇ ਜਵਾਬ ਵਿਚ ਈਸਾਈਆਂ ਦਾ ਕਹਿਣਾ ਸੀ ਕਿ ਇਹ ਤਾਂ ਕਦੋਂ ਦਾ ਆਪਣਾ ਮੂਲ ਧਰਮ ਤਿਆਗ ਕੇ ਸਿੱਖ ਬਣ ਚੁੱਕਿਆ ਸੀ। ਸ਼ਾਇਦ ਉਨ੍ਹਾਂ ਦਾ ਇਹ ਵਿਚਾਰ ਕਈ ਅੰਗਰੇਜ਼ ਲੇਖਕਾਂ ਦੀਆਂ ਉਨ੍ਹਾਂ ਲਿਖਤਾਂ ਦੇ ਆਧਾਰ ਉਤੇ ਬਣਿਆ ਸੀ ਜਿਨ੍ਹਾਂ ਵਿਚ ਉਹ ਆਖਦੇ ਰਹੇ ਸਨ ਕਿ ਮੈਕਾਲਿਫ ਨੇ ਤਾਂ 1860ਵਿਆਂ ਵਿਚ ਹੀ ਸਿੱਖ ਧਰਮ ਧਾਰਨ ਕਰ ਲਿਆ ਸੀ। ਉਹਦਾ ਸਿੱਖ ਧਰਮ ਦੀ ਖੋਜ ਅਤੇ ਉਨ੍ਹਾਂ ਦੇ ਧਰਮ ਗ੍ਰੰਥ ਦੇ ਅਨੁਵਾਦ ਦਾ ਕਾਰਜ ਹੱਥ ਲੈਣਾ ਅਜਿਹੇ ਲੇਖਕਾਂ ਲਈ ਸਿੱਖ ਬਣ ਜਾਣਾ ਸੀ। ਕਿਸੇ ਦਾ ਇਹ ਮੱਤ ਅਗਿਆਨ ਕਾਰਨ ਹੋ ਸਕਦਾ ਹੈ ਤੇ ਕਿਸੇ ਦਾ ਸ਼ਰਾਰਤ ਕਾਰਨ! ਇਸੇ ਪ੍ਰਕਾਰ ਉਥੋਂ ਦੇ ਉਸ ਸਮੇਂ ਦੇ ਥੋੜ੍ਹੇ ਜਿਹੇ ਸਿੱਖਾਂ ਦਾ ਕਹਿਣਾ ਸੀ ਕਿ ਉਹ ਕੇਸਾਧਾਰੀ ਸਿੱਖ ਨਹੀਂ ਸੀ ਜਿਸ ਕਰਕੇ ਅਸੀਂ ਉਹਦਾ ਸਸਕਾਰ ਨਹੀਂ ਕਰਾਂਗੇ। ਸ਼ਾਇਦ ਉਨ੍ਹਾਂ ਨੂੰ ਬਾਕਾਇਦਾ ਅੰਮ੍ਰਿਤ ਛਕ ਕੇ ਉਹਦਾ ਪੰਜ-ਕੱਕਾਰੀ ਨਾ ਹੋਣਾ ਤਾਂ ਦਿਸਦਾ ਸੀ ਪਰ ਸਿੱਖ ਧਰਮ ਲਈ ਉਹਦੀ ਅਥਾਹ ਸ਼ਰਧਾ ਤੇ ਅਨਮੋਲ ਸੇਵਾ ਨਹੀਂ ਸੀ ਦਿਸਦੀ। ਹੋ ਸਕਦਾ ਹੈ, ਉਹ ਇਹ ਵੀ ਸੋਚਦੇ ਹੋਣ ਕਿ ਜਦੋਂ ਸਾਡੇ ਹਾਕਮਾਂ ਦਾ ਧਰਮ ਇਹਦੀ ਮਿੱਟੀ ਸਮੇਟਣ ਲਈ ਤਿਆਰ ਨਹੀਂ, ਅਸੀਂ ਇਹ ਕੰਮ ਕਰ ਕੇ ਉਨ੍ਹਾਂ ਦੇ ਉਲਟ ਚੱਲਣ ਦਾ ਪੰਗਾ ਕਿਉਂ ਲਈਏ! ਅੱਗੇ ਭਗਤ ਲਛਮਣ ਸਿੰਘ ਦਾ ਦੱਸਿਆ ਤੇ ਪ੍ਰਿੰਸੀਪਲ ਤੇਜਾ ਸਿੰਘ ਦਾ ਲਿਖਿਆ ਹੀ ਪੜ੍ਹ ਲਵੋ, “ਅੰਤ ਫੈਸਲਾ ਇਹ ਹੋਇਆ ਕਿ ਮੈਕਾਲਿਫ ਦਾ ਸਰੀਰ ਤਾਬੂਤ ਵਿਚ ਪਾ ਕੇ ਪੰਜ ਮਿੰਟ ਲਈ ਕਬਰ ਵਿਚ ਰਖਿਆ ਜਾਵੇ, ਅਤੇ ਉਪਰੰਤ ਦਾਹ ਦਿੱਤਾ ਜਾਵੇ। ਸੋ ਇਉਂ ਹੀ ਕੀਤਾ ਗਿਆ।”
ਪੰਜਾਬ ਵਿਚ ਇਹ ਸੋਗੀ ਖਬਰ ਭਾਈ ਕਾਨ੍ਹ ਸਿੰਘ ਨੂੰ ਮੁਹੰਮਦ ਦੀ ਚਿੱਠੀ ਰਾਹੀਂ ਪਹੁੰਚੀ। ਇਹ ਚਿੱਠੀ ਸਵਰਗੀ ਇਤਿਹਾਸਕਾਰ ਡਾæ ਗੰਡਾ ਸਿੰਘ ਦੇ ਕਾਗਜ਼-ਪੱਤਰ ਵਿਚ ਸ਼ਾਮਲ ਹੈ। ਲਗਦਾ ਹੈ, ਉਹ ਪੰਜਾਬੀ ਤੇ ਉਰਦੂ ਪੱਖੋਂ ਕੋਰਾ ਹੀ ਸੀ ਜਿਸ ਕਰਕੇ ਉਹਨੇ ਅਜਿਹੀ ਓਪਰੀ ਤੇ ਬੇਤੁਕੀ ਅੰਗਰੇਜ਼ੀ ਦਾ ਸਹਾਰਾ ਲਿਆ ਜੋ ਉਥੋਂ ਦੇ ਸਮਾਜ ਵਿਚ ਗੱਲ ਸਮਝਣ-ਸਮਝਾਉਣ ਦੇ ਮੰਤਵ ਨਾਲ ਉਹਨੇ ਰੋਜ਼ ਰੋਜ਼ ਦੇ ਕਾਰ-ਵਿਹਾਰ ਸਮੇਂ ਸੁਤੇਸਿਧ ਹੀ ਸਿੱਖੀ ਸੀ। ਉਹਦੀ ਅੰਗਰੇਜ਼ੀ ਦਾ ਇਹ ਹਾਲ ਸੀ ਕਿ ਉਹਨੇ ਟੂਡੇ ਅਤੇ ਟੂਨਾਈਟ ਦੇ ਟੂ ਨੂੰ ਟੀ ਓ ਲਿਖਣ ਦੀ ਥਾਂ ਟੀ ਡਵਲਯੂ ਓ ਲਿਖਿਆ ਹੋਇਆ ਸੀ। ਚਿੱਠੀ ਦੇ ਮੂਲ ਰੂਪ ਨੂੰ ਪੰਜਾਬੀ ਵਿਚ ਪੇਸ਼ ਕਰਨਾ ਹੈ ਤਾਂ ਅਸੰਭਵ ਪਰ ਉਹ ਕੁਛ ਇਉਂ ਹੈ, “1913 ਮਾਰਚ ਅੱਜ ਸ਼ੁੱਕਰਵਾਰ 21 ਸਰ ਪਿਆਰੇ ਮਿਸਟਰ ਕਾਨ੍ਹ ਸਿੰਘ ਗੁੱਡ ਮਾਰਨਿੰਗ ਬਹੁਤ ਚੰਗੇਰੇ ਦਿਸਦੇ ਹੋ ਤੁਸੀਂ ਮੈਨੂੰ ਅਫ਼ਸੋਸ ਹੈ ਤੁਸੀਂ ਹੁਣ ਪਿਆਰਾ ਮਿੱਤਰ ਬਹੁਤ ਚੰਗਾ ਪਿਆਰਾ ਹਿੰਦੁਸਤਾਨ ਨਹੀਂ ਆਊ ਤੇ ਮੈਨੂੰ ਅਫਸੋਸ ਹੈ ਸਨਿਚਰਵਾਰ 15 ਅੱਜ ਰਾਤ ਆਖਰੀ ਵਾਰ ਹੁਣ 8 ਬੱਜ ਕੇ 10 ਮਿੰਟ ਹੋਏ ਹਨ ਗੁਆ ਲਏ ਸਰ ਪਿਆਰੇ ਗੁਆ ਲਏ ਮਿਸਟਰ ਮੈਕਾਲਿਫ ਸੁੱਤੇ ਲੰਡਨ ਹੁਣ ਤੇ ਮੈਨੂੰ ਅਫਸੋਸ ਹੈæææ!” (1913 ਮਾਰਚ ਟੂਡੇ ਫਰਾਈਡੇ 21 ਸਰ ਡੀਅਰ ਮਿਸਟਰ ਕਾਨ੍ਹ ਸਿੰਘ ਗੁੱਡ ਮਾਰਨਿੰਗ ਮੱਚ ਬੈਟਰ ਯੂ ਲੁੱਕ ਆਈ ਐਮ ਸੌਰੀ ਯੂ ਨਾਊ ਡੀਅਰ ਫਰੈਂਡ ਵੈਰੀ ਗੁੱਡ ਡੀਅਰ ਨਾਟ ਕਮ ਇੰਡੀਆ ਐਂਡ ਆਈ ਐਮ ਸੌਰੀ ਸੈਚਰਡੇ 15 ਟੂਨਾਈਟ ਲਾਸਟ ਟਾਈਮ ਇਟ ਇਜ਼ 8 ਓਕਲਾਕ ਪਾਸਟ 10 ਮਿਨਟਸ ਲੌਸਟ ਸਰ ਡੀਅਰ ਲੌਸਟ ਮਿਸਟਰ ਮੈਕਾਲਿਫ਼ ਏ ਸਲੀਪ ਲੰਡਨ ਨਾਊ ਐਂਡ ਆਈ ਐਮ ਸੌਰੀæææ)। ਇਸ ਚਿੱਠੀ ਵਿਚ ਮੁਹੰਮਦ ਨੇ ਇਹ ਵੀ ਲਿਖਿਆ ਕਿ ਅੰਤਲਾ ਸਵਾਸ ਲੈਣ ਤੋਂ ਕੇਵਲ ਦਸ ਮਿੰਟ ਪਹਿਲਾਂ ਮੈਕਾਲਿਫ ਜਪੁਜੀ ਸਾਹਿਬ ਦਾ ਪਾਠ ਕਰ ਰਿਹਾ ਸੀ!
ਮੌਤ ਦੀ, ਖਾਸ ਕਰਕੇ ਉਹਦੀ ਮਿੱਟੀ ਖੁਆਰ ਹੋਣ ਦੀ ਖਬਰ ਨਾਲ ਉਹਦੇ ਕੰਮ ਦਾ ਸਿੱਖ ਧਰਮ ਲਈ ਸਦੀਵੀ ਮਹੱਤਵ ਸਮਝਣ ਵਾਲੇ ਪੰਜਾਬੀਆਂ ਨੂੰ, ਖਾਸ ਕਰਕੇ ਉਸ ਨਾਲ ਕੰਮ ਕਰ ਚੁੱਕੇ ਵਿਦਵਾਨਾਂ ਨੂੰ ਭਾਰੀ ਦੁੱਖ ਹੋਣਾ ਸੁਭਾਵਿਕ ਸੀ। ਕੁਛ ਸੱਜਣਾਂ ਨੇ ਮਿਲ ਕੇ ਫੈਸਲਾ ਕੀਤਾ ਕਿ ਉਹਦੀ ਯਾਦ ਵਿਚ ‘ਮੈਕਾਲਿਫ ਮੈਮੋਰੀਅਲ ਫੰਡ’ ਸ਼ੁਰੂ ਕਰ ਕੇ ਕੇਂਦਰੀ ਲਾਇਬਰੇਰੀ ਕਾਇਮ ਕੀਤੀ ਜਾਵੇ। ਇਸ ਮੰਤਵ ਲਈ ਫੰਡ ਇਕੱਠਾ ਕੀਤਾ ਜਾਣ ਲੱਗਿਆ ਤਾਂ ਬੜੇ ਜਤਨਾਂ ਦੇ, ਸਗੋਂ ਤੇਜਾ ਸਿੰਘ ਜੀ ਦੇ ਸ਼ਬਦਾਂ ਵਿਚ ‘ਸਾਡੀਆਂ ਹਜ਼ਾਰ ਲਿਲ੍ਹਕਣੀਆਂ ਦੇ’ ਬਾਵਜੂਦ ਮਸਾਂ ਕੋਈ ਦੋ ਕੁ ਹਜ਼ਾਰ ਰੁਪਇਆ ਇਕੱਠਾ ਹੋਇਆ। ਲਾਇਬਰੇਰੀ ਦਾ ਇਰਾਦਾ ਛੱਡ ਕੇ ਇਹ ਰਕਮ ਪੰਜਾਬ ਯੂਨੀਵਰਸਿਟੀ ਲਾਹੌਰ ਨੂੰ ਸੌਂਪ ਦੇਣ ਬਾਰੇ ਸੋਚਿਆ ਗਿਆ ਜੋ ਹਰ ਸਾਲ ਵਿਆਜ ਨਾਲ ਮੈਕਾਲਿਫ ਦੇ ਨਾਂ ਦਾ ਲੇਖ ਮੁਕਾਬਲਾ ਕਰਵਾ ਕੇ ਜੇਤੂ ਵਿਦਿਆਰਥੀ ਨੂੰ ਤਮਗਾ ਭੇਟ ਕਰ ਦਿਆ ਕਰੇ। ਇਕ ਸ਼ਰਤ ਇਹ ਰੱਖੀ ਗਈ ਕਿ ਮੁਕਾਬਲਾ ਕੇਵਲ ਸਿੱਖ ਵਿਦਿਆਰਥੀਆਂ ਤੱਕ ਸੀਮਤ ਰੱਖਿਆ ਜਾਵੇ। ਯੂਨੀਵਰਸਿਟੀ ਨੇ ਇਹ ਧਰਮ-ਆਧਾਰਤ ਸ਼ਰਤ ਮੰਨਣ ਤੋਂ ਨਾਂਹ ਕਰ ਦਿੱਤੀ।
ਤੇਜਾ ਸਿੰਘ ਜੀ ਦਸਦੇ ਹਨ, “ਥੋੜੇ ਚਿਰ ਪਿਛੋਂ ਮੈਂ ਅੰਮ੍ਰਿਤਸਰ ਚਲਾ ਗਿਆ, ਅਤੇ ਇਹ ਰੁਪਇਆ ਖਾਲਸਾ ਕਾਲਜ ਨੂੰ ਦਿੱਤਾ ਗਿਆ। ਉਥੇ ਹੁਣ ਇਸ ਫੰਡ ਦੇ ਸੂਦ ਵਿਚੋਂ ਹਰ ਸਾਲ ਸੌ ਰੁਪਏ ਦਾ ਤਕਮਾ ਇਕ ਚੰਗਾ ਲੇਖ ਲਿਖਣ ਲਈ ਦਿੱਤਾ ਜਾਂਦਾ ਹੈ।” ਉਸ ਸਮੇਂ ਤੱਕ ਵੀ ਇਹ ਰਕਮ 3,245 ਰੁਪਏ ਤੱਕ ਹੀ ਪੁੱਜ ਸਕੀ ਸੀ! ਦਿਲਚਸਪ ਗੱਲ ਇਹ ਹੈ ਕਿ ਇਸ ਫੰਡ ਦੀ ਵਰਤਮਾਨ ਹਾਲਤ ਜਾਨਣ ਦੇ ਜਤਨਾਂ ਤੋਂ ਕੁਛ ਵੀ ਹੱਥ-ਪੱਲੇ ਨਹੀਂ ਪਿਆ। ਸੁਣਿਆ ਹੈ, ਖਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰਾਸਪੈਕਟਸ ਵਿਚ ਹਰ ਸਾਲ ਮੱਖੀ ਉਤੇ ਮੱਖੀ ਮਾਰਦਿਆਂ ਮੈਕਾਲਿਫ ਇਨਾਮ ਬਾਰੇ ਛਾਪ ਦਿੱਤਾ ਜਾਂਦਾ ਹੈ, ਪਰ ਇਹ ਇਨਾਮ ਨਾ ਤਾਂ ਦਿੱਤਾ ਜਾ ਰਿਹਾ ਹੈ ਅਤੇ ਨਾ ਹੀ ਫੰਡ ਦੀ ਵਰਤਮਾਨ ਸਥਿਤੀ ਤੇ ਉਹਦੀ ਰਕਮ ਬਾਰੇ ਉਥੇ ਕਿਸੇ ਨੂੰ ਕੋਈ ਜਾਣਕਾਰੀ ਹੈ।
(ਸਮਾਪਤ)
Leave a Reply