ਬਲਜੀਤ ਬਾਸੀ
ਸਾਨੂੰ ਪੰਜਾਬੀਆਂ ਨੂੰ ਆਪ ਸ਼ਾਇਦ ਇਸ ਗੱਲ ਦਾ ਪਤਾ ਨਹੀਂ ਕਿ ਗੈਰ-ਪੰਜਾਬੀਆਂ ਨੂੰ ਸਾਡੇ ਕੁਝ ਬਹੁਤ ਸੁਣਾਈ ਦੇਣ ਵਾਲੇ ਵਾਕੰਸ਼ਾਂ ਵਿਚੋਂ ਇਕ ਹੈ, ਕੀ ਗੱਲ ਹੈ? ਹਿੰਦੀ ਫਿਲਮ ‘ਜਾਨੇਮਨ’ ਦਾ ਗਾਣਾ ਹੈ,
ਅਜੀ ਕੀ ਗੱਲ ਹੈ? ਕੋਈ ਨਹੀਂ,
ਤੇਰੀ ਆਖੋਂ ਸੇ ਲਗਤਾ ਹੈ ਕਿ ਤੂੰ
ਕਲ੍ਹ ਰਾਤ ਕੋ ਸੋਈ ਨਹੀਂ।
ਇਕੱਲੇ ਗੱਲ ਸ਼ਬਦ ਦੀ ਤਾਂ ਪੰਜਾਬੀ ਪਰਿਵੇਸ਼ ਤੋਂ ਬਾਹਰ ਵਿਆਪਕ ਪ੍ਰਤੀਤੀ ਦੇਖਣ ਨੂੰ ਮਿਲਦੀ ਹੈ। ਸੋ ਸਪਸ਼ਟ ਹੈ ਕਿ ਅਸੀਂ ਇਸ ਸ਼ਬਦ ਦੀ ਭਿਆਨਕ ਹੱਦ ਤੀਕ ਵਰਤੋਂ ਕਰਦੇ ਹਾਂ। ਅਸੀਂ ਤਾਂ ਕਈ ਵਾਰੀ ਗੱਲ ਸ਼ੁਰੂ ਹੀ ਇਥੋਂ ਕਰਦੇ ਹਾਂ, “ਗੱਲ ਇਹ ਹੈ ਕਿæææ।” ਹੋ ਸਕਦਾ ਹੈ ਅਸੀਂ ਗੱਲਾਂ ਵੀ ਬਹੁਤ ਕਰਦੇ ਹੋਈਏ ਯਾਨਿ ਗੱਲਾਂ ਦਾ ਹੀ ਖੱਟਿਆ ਖਾਂਦੇ ਹੋਈਏ। ਦਰਅਸਲ ਗੱਲ ਇਕ ਅਜਿਹੀ ਚੀਜ਼ ਹੈ ਜੋ ਆਪਣੇ ਆਪ ਨੂੰ ਹੀ ਜਨਮ ਦਿੰਦੀ ਹੈ ਕਿਉਂਕਿ ਗੱਲ ਨਿਕਲਦੀ ਹੀ ਗੱਲ ਵਿਚੋਂ ਹੈ। ਇਥੇ ਮੈਂ ਚੀਜ਼ ਸ਼ਬਦ ਬੋਲਿਆ ਹੈ, ਜਾਂ ਕਹਾਂ ਚੀਜ਼ ਸ਼ਬਦ ਦੀ ਗੱਲ ਕੀਤੀ ਹੈ। ਪੰਜਾਬੀ, ਹਿੰਦੀ, ਉਰਦੂ ਵਿਚ ਚੀਜ਼ ਸ਼ਬਦ ਦੀ ਵਰਤੋਂ ਵੀ ਗੱਲ ਵਾਂਗ ਹੁੰਦੀ ਹੈ। ‘ਕੀ ਚੀਜ਼?’ ਦਾ ਮਤਲਬ ‘ਕੀ ਗੱਲ?’ ਹੈ। ਪਰ ਇਸ ਵੇਲੇ ਗੱਲ ਐਵੇਂ ਵਧਾਈਏ ਨਾ, ਕੰਮ ਦੀ ਗੱਲ ਕਰੀਏ।
ਮੈਂ ਗੱਲ ਇਹ ਕਰਨ ਲੱਗਾ ਸਾਂ ਕਿ ਆਲੂ ਦੀ ਤਰ੍ਹਾਂ ਪੰਜਾਬੀ ਬੋਲਚਾਲ ਵਿਚ ‘ਗੱਲ’ ਇਕ ਖੁਲ੍ਹਾ ਸ਼ਬਦ ਬਣ ਚੁੱਕਾ ਹੈ। ਕਿੰਨੇ ਹੀ ਅਰਥਾਂ, ਸਥਿਤੀਆਂ ਤੇ ਸੰਦਰਭਾਂ ਵਿਚ ਇਸ ਦੀ ਵਰਤੋਂ ਹੋ ਸਕਦੀ ਹੈ। ਮੁਢਲੇ ਤੌਰ ‘ਤੇ ਗੱਲ ਇਕ ਤੋਂ ਵੱਧ ਵਿਅਕਤੀਆਂ ਵਿਚਕਾਰ ਜ਼ੁਬਾਨੀ ਵਟਾਂਦਰਾ ਹੈ। ਸਿੱਟੇ ਵਜੋਂ ਇਸ ਸ਼ਬਦ ਵਿਚ ਇਕ ਤੋਂ ਵੱਧ ਵਿਅਕਤੀਆਂ ਵਿਚਕਾਰ ਕਿਸੇ ਨਾ ਕਿਸੇ ਤਰ੍ਹਾਂ ਦੇ ਸਬੰਧਾਂ ਦੇ ਅਰਥ ਧਾਰਨ ਕਰਨ ਦੀ ਸਮਰਥਾ ਹੈ। ਬਹੁਤਿਆਂ ਦਾ ਆਪਸ ਵਿਚ ਗੱਲ ਕਰਦੇ ਹੋਣ ਦਾ ਮਤਲਬ ਹੈ-ਉਨ੍ਹਾਂ ਦੀ ਸੁਰ ਰਲਦੀ ਹੈ। ਐਵੇਂ ਨਹੀਂ ‘ਮੁੰਡਿਆਂ ਤੇ ਕੁੜੀਆਂ ਦੀ ਗੱਲ ਬਣ ਗਈ’ ਕਿਹਾ ਜਾਂਦਾ। ਭਰਜਾਈਆਂ ਰਾਂਝੇ ਨੂੰ ਇਸੇ ਅਰਥ ਵਿਚ ਗੱਲ ਬਣਾਉਣ ਲਈ ਤਾਅਨੇ ਦਿੰਦੀਆਂ ਹਨ,
ਭਾਬੀ ਆਖਦੀ ਗੁੰਡਿਆ ਮੁੰਡਿਆ ਵੇ,
ਅਸਾਂ ਨਾਲ ਕੀ ਰਿੱਕਤਾਂ ਚਾਈਆਂ ਨੀ।
ਅਲੀ ਜੇਠ ਤੇ ਜਿਨ੍ਹਾਂ ਦੇ ਫੱਤੂ ਦੇਵ,
ਡੁੱਬ ਮੋਈਆਂ ਉਹ ਭਰਜਾਈਆਂ ਨੀ।
ਘਰੋ ਘਰੀ ਵਿਚਾਰਦੇ ਲੋਕ ਸਾਰੇ,
ਸਾਨੂੰ ਕੇਹੀਆਂ ਫਾਹੀਆਂ ਪਾਈਆਂ ਨੀ।
ਤੇਰੀ ਗੱਲ ਨਾ ਬਣੇਗੀ ਨਾਲ ਸਾਡੇ,
ਪਰਨਾ ਲਿਆ ਸਿਆਲਾਂ ਦੀਆਂ ਜਾਈਆਂ ਨੀ।
ਇਥੇ ਗੱਲ ਬਣਨ ਦਾ ਅਰਥ ‘ਦਾਲ ਗਲਣਾ’ ਵੀ ਲਿਆ ਜਾ ਸਕਦਾ ਹੈ। ਬੁਲ੍ਹੇ ਸ਼ਾਹ ਹਮੇਸ਼ਾ ਮੁੱਕਦੀ ਗੱਲ ਕਰਦੇ ਹਨ, ਜ਼ਰਾ ਸੁਣ ਲਈਏ,
ਮੱਕੇ ਗਿਆਂ ਗੱਲ ਮੁਕਦੀ ਨਾਹੀਂ
ਭਾਵੇਂ ਸੌ ਸੌ ਜੁਮੇ ਪੜ ਆਈਏ।
ਗੰਗਾ ਗਿਆਂ ਗੱਲ ਮੁਕਦੀ ਨਾਹੀਂ
ਭਾਵੇਂ ਸੌ ਸੌ ਗੋਤੇ ਖਾਈਏ।
ਗਯਾ ਗਿਆਂ ਗੱਲ ਮੁਕਦੀ ਨਾਹੀਂ
ਭਾਵੇਂ ਸੌ ਸੌ ਪੰਡ ਪੜ੍ਹਾਈਏ।
ਬੁਲੇ ਸ਼ਾਹ ਗੱਲ ਤਾਂਹੀਓਂ ਮੁਕਦੀ
ਜਦੋਂ ਮੈਂ ਨੂੰ ਦਿਲੋਂ ਗਵਾਈਏæææ।
ਆਮ ਤੌਰ ‘ਤੇ ਅਜਿਹੇ ਖੁਲ੍ਹੇ ਸ਼ਬਦਾਂ ਨਾਲ ਕਿੰਨੀਆਂ ਸਾਰੀਆਂ ਮੁਢਲੀਆਂ ਕ੍ਰਿਆਵਾਂ ਲਾਉਣ ਨਾਲ ਢੇਰ ਸਾਰੇ ਅਰਥ-ਭੇਦ ਪੈਦਾ ਕਰ ਲਏ ਜਾਂਦੇ ਹਨ ਜਿਨ੍ਹਾਂ ਵਿਚੋਂ ਬਹੁਤ ਸਾਰੇ ਮੁਹਾਵਰਿਆਂ ਦਾ ਰੂਪ ਹੀ ਧਾਰ ਲੈਂਦੇ ਹਨ। ਕੁਝ ਮਿਸਾਲਾਂ ਪੇਸ਼ ਹਨ-ਗੱਲ ਕਰਨਾ, ਗੱਲ ਚੁੱਕਣਾ, ਗੱਲ ਬਣਨਾ, ਗੱਲ ਤੋਰਨਾ, ਗੱਲ ਸੁਣਨਾ ਜਾਂ ਸੁਣਾਉਣਾ, ਗੱਲ ਉਡਾਉਣਾ, ਗੱਲ ਖੋਹਣਾ, ਗੱਲ ਟੁੱਕਣਾ, ਗੱਲ ਦੱਬਣਾ ਆਦਿ। ਫਿਰ ਗੱਲ ਭੁੰਜੇ ਨਾ ਪੈਣ ਦੇਣਾ, ਗੱਲ ਗੱਲ ਵਿਚ, ਵਿਚਲੀ ਗੱਲ, ਆਪਣੀ ਗੱਲ, ਆਈ ਗਈ ਗੱਲ, ਗੱਲ ਸੁੱਕਣੇ ਪਾਉਣਾ, ਗੱਲ ਗਰਮ ਹੋਣਾ, ਗੱਲ ਠੰਡੀ ਹੋਣਾ, ਗੱਲ ਠੰਡੀ ਨਾ ਪੈਣ ਦੇਣਾ, ਗੱਲਾਂ ਵਿਚ ਆਉਣਾ-ਗੱਲ ਕੀ ਸੂਚੀ ਜਿੰਨੀ ਮਰਜ਼ੀ ਲੰਮੀ ਕਰ ਲਓ। ਗੱਲ ਦੇ ਨਾਲ ਹੀ ਗੱਲ ਦੇ ਅਰਥ ਵਾਲਾ ਸ਼ਬਦ ਬਾਤ ਲਾ ਕੇ ਗੱਲਬਾਤ ਸ਼ਬਦ ਬਣਾਇਆ ਗਿਆ ਹੈ ਜਿਸ ਦਾ ਮਤਲਬ ਵਾਰਤਾਲਾਪ ਹੋ ਗਿਆ। ਹਾਲਾਂ ਕਿ ਹਿੰਦੀ ਵਿਚ ਬਾਤ ਦਾ ਅਰਥ ਗੱਲ ਹੈ ਤੇ ਅੱਜ ਕਲ੍ਹ ਪੰਜਾਬੀ ਵਿਚ ਲੰਮੀ ਕਹਾਣੀ।
ਉਂਜ ਹਿੰਦੀ ਬਾਤ ਵੀ ਗੱਲ ਵਾਂਗ ਖੁੱਲਾ-ਡੁੱਲਾ ਸ਼ਬਦ ਹੈ। ਪੰਜਾਬੀ ਵਿਚ ਵੀ ਕਈ ਖੇਤਰਾਂ ਵਿਚ ਬਾਤ ਦਾ ਅਰਥ ਗੱਲ ਜਾਂ ਚੀਜ਼ ਵਸਤ ਹੈ। ਗੁਰੂ ਗ੍ਰੰਥ ਸਾਹਿਬ ਵਿਚ ਹੀ ਦੇਖੋ, “ਝੂਠ ਬਾਤ ਸਾ ਸਚਕਰਿ ਜਾਤੀ॥” -ਗੁਰੂ ਅਰਜਨ ਦੇਵ; “ਸਾਚਾ ਸਾਹਿਬੁ ਸਾਚੀ ਨਾਈ ਪਰਖੈ ਗੁਰ ਕੀ ਬਾਤ ਖਰੀ॥” -ਗੁਰੂ ਨਾਨਕ ਦੇਵ। ਇਸ ਤੋਂ ਬਿਨਾ ਗੱਲ-ਕੱਥ ਸ਼ਬਦ ਜੁੱਟ ਵੀ ਚਲਦਾ ਹੈ। ਗਲਾਧੜ, ਗਾਲ੍ਹੜ ਤੇ ਗਾਲੜੀ ਸ਼ਬਦ ਵੀ ਗੱਲ ਦੀ ਹੀ ਦੇਣ ਹਨ।
ਗੱਲ ਸ਼ਬਦ ਬਹੁਤਾ ਭਾਰਤ ਦੇ ਉਤਰ ਪੱਛਮੀ ਖੇਤਰ ਵਿਚ ਹੀ ਵਰਤਿਆ ਜਾਂਦਾ ਹੈ। ਹਿੰਦੀ ਭਾਸ਼ੀ ਇਲਾਕੇ ਵਿਚ ਆ ਕੇ ਇਸ ਦੀ ਵਰਤੋਂ ਸੁਣਨ ਨੂੰ ਨਹੀਂ ਮਿਲਦੀ। ਪੱਛਮੀ ਪੰਜਾਬ ਵਿਚ ਸੇæਖ ਫਰੀਦ ਦੇ ਵੇਲੇ ਤੋਂ ਇਸ ਦਾ ਕ੍ਰਿਆ ਰੂਪ ਵੀ ਚਲਦਾ ਰਿਹਾ ਹੋਵੇਗਾ, “ਇਕੁ ਫਿਕਾ ਨ ਗਾਲਾਇ ਸਭਨਾ ਮੈ ਸਚਾ ਧਣੀ।” ਇਥੇ ਗਾਲਾਇ ਦਾ ਮਤਲਬ ਬੋਲਣਾ ਹੈ। ਗੁਰੂ ਅਰਜਨ ਦੇਵ ਕਹਿੰਦੇ ਹਨ, “ਕਿਆ ਗਾਲਾਇਓ ਭੂਛ ਪਰ ਵੇਲਿ ਨ ਜੋਹੇ ਕੰਤ ਤੂ।” ਗੁਰੂ ਗ੍ਰੰਥ ਸਾਹਿਬ ਵਿਚ ਗੱਲ ਜਾਂ ਗੱਲਾਂ ਸ਼ਬਦ ਵੀ ਆਇਆ ਹੈ, “ਓਹੁ ਗਲ ਫਰੋਸੀ ਕਰੇ ਬਹੁਤੇਰੀ ਓਸ ਦਾ ਬੋਲਿਆ ਕਿਸੈ ਨ ਭਾਇਆ” (ਗੁਰੂ ਰਾਮ ਦਾਸ) ਭਾਵ ਉਹ ਗੱਲਾਂ ਦਾ ਖੱਟਿਆ ਖਾਂਦਾ ਹੈ। “ਗਲਾਂ ਕਰੇ ਘਣੇਰੀਆ ਤਾਂ ਅੰਨ੍ਹੇ ਪਵਣਾ ਖਾਤੀ ਟੋਵੈ॥” -ਗੁਰੂ ਨਾਨਕ ਦੇਵ। ਅੱਜ ਘਟੋ ਘਟ ਪੂਰਬੀ ਪੰਜਾਬੀ ਵਿਚ ਬੋਲਣ ਜਾਂ ਗੱਲ ਕਰਨ ਦੇ ਅਰਥਾਂ ਵਿਚ ‘ਗੱਲਣਾ’ ਕ੍ਰਿਆ ਦੀ ਵਰਤੋਂ ਨਹੀਂ ਹੁੰਦੀ।
ਸਾਨੂੰ ਗੱਲ ਪੰਜਾਬੀ ਦਾ ਇਕ ਨਿਵੇਕਲਾ ਤੇ ਠੇਠ ਜਿਹਾ ਸ਼ਬਦ ਪ੍ਰਤੀਤ ਹੁੰਦਾ ਹੈ ਪਰ ਗੱਲ ਦੀ ਤਹਿ ਵਿਚ ਜਾਇਆਂ ਪਤਾ ਲਗਦਾ ਹੈ ਕਿ ਗੱਲ ਲੰਮੀ-ਚੌੜੀ ਹੈ। ਭਾਸ਼ਾ-ਵਿਗਿਆਨੀ ਇਸ ਦਾ ਸਬੰਧ ‘ਕਲ’ ਜਿਹੇ ਸੰਸਕ੍ਰਿਤ ਧਾਤੂ ਅਤੇ ਇਸ ਦੇ ਸਮਾਨਾਂਤਰ ‘ਗਲ’ ਜਿਹੇ ਭਾਰੋਪੀ ਮੂਲਕ ਵਿਚ ਵੇਖਦੇ ਹਨ। ਇਨ੍ਹਾਂ ਮੂਲਾਂ ਤੋਂ ਹਿੰਦ-ਆਰਿਆਈ ਭਾਸ਼ਾਵਾਂ ਦੇ ਕਈ ਸ਼ਬਦ ਬਣੇ ਹਨ। ਅਸੀਂ ਅੰਗਰੇਜ਼ੀ ਸ਼ਬਦ ਚਅਲਲ ਲੈਂਦੇ ਹਾਂ ਜਿਸ ਦਾ ਅਰਥ ਬੁਲਾਉਣਾ, ਸੱਦਣਾ ਆਦਿ ਹੁੰਦੇ ਹਨ। ਪੁਰਾਣੀ ਅੰਗਰੇਜ਼ੀ ਵਿਚ ਚeਅਲਲਅਿਨ ਸ਼ਬਦ ਹੁੰਦਾ ਸੀ ਜੋ ਪੂਰਵ-ਜਰਮੈਨਿਕ ਤੋਂ ਚੱਲਿਆ। ਕਈ ਜਰਮੈਨਿਕ ਭਾਸ਼ਾਵਾਂ ਵਿਚ ਇਸ ਨਾਲ ਰਲਦੇ ਸ਼ਬਦ ਮਿਲਦੇ ਹਨ। ਲਾਤੀਨੀ ਵਿਚ ਗਅਲਲੁਸ ਦਾ ਅਰਥ ਕੁੱਕੜ ਹੁੰਦਾ ਹੈ। ਜਰਮਨ ਵਿਚ ਕਲਾਗੇ ਜਿਹੇ ਸ਼ਬਦ ਦਾ ਅਰਥ ਸ਼ਿਕਾਇਤ, ਦੁਖੜਾ ਹੁੰਦਾ ਹੈ। ਸਪਸ਼ਟ ਹੈ ਕਿ ਇਥੇ ਭਾਵ ਦਿਲ ਦੀ ਗੱਲ ਹੈ। ਪੁਰਾਣੀ ਅੰਗਰੇਜ਼ੀ ਵਿਚ ਚਅਲਅਚੁ ਦਾ ਅਰਥ ‘ਅਵੱਗਿਆ, ਅਪਮਾਨ’ ਹੁੰਦਾ ਸੀ। ਲਾਤੀਨੀ ਵਿਚ ਹੀ ਇਸ ਮੂਲਕ ਤੋਂ ਬਣਿਆ ਚਅਲਅਰe ਸ਼ਬਦ ਹੈ ਜਿਸ ਦਾ ਅਰਥ ਹੈ, ‘ਘੋਸ਼ਿਤ ਕਰਨਾ, ਦੱਸਣਾ, ਸੁਣਾਉਣਾ।’ ਅਸਲ ਵਿਚ ਲਾਤੀਨ ਦੇ ਪੁਰੋਹਤ ਧਾਰਮਕ ਰੀਤੀ ਵਜੋਂ ਨਵਾਂ ਚੰਦ ਚੜ੍ਹਨ ਦੀ ਘੋਸ਼ਣਾ ਕਰਦੇ ਸਨ। ਕੁਝ ਇਸ ਤਰ੍ਹਾਂ ਜਿਵੇਂ ਸਾਡੇ ਨਵਾਂ ਮਹੀਨਾ ਸੁਣਾਇਆ ਜਾਂਦਾ ਹੈ। ਕੈਲੰਡਰ ਸ਼ਬਦ ਵੀ ਇਥੋਂ ਹੀ ਵਿਕਸਿਤ ਹੋਇਆ। ਪ੍ਰਾਚੀਨ ਰੋਮਨ ਕੈਲੰਡਰ ਅਨੁਸਾਰ ਮਹੀਨੇ ਦੇ ਪਹਿਲੇ ਦਿਨ ਨੂੰ ਚਅਲeਨਦਸ ਕਿਹਾ ਜਾਂਦਾ ਸੀ। ਅੰਗਰੇਜ਼ੀ ਸ਼ਬਦ ਚਲਅਮਿ ਜਿਸ ਦਾ ਚੌਧਵੀਂ ਸਦੀ ਤੋਂ ਅਰਥ ਦਾਅਵਾ ਕਰਨਾ ਹੁੰਦਾ ਸੀ ਵੀ ਅੰਤਿਮ ਤੌਰ ‘ਤੇ ਲਾਤੀਨੀ ਦੇ ਇਸੇ ਸ਼ਬਦ ਨਾਲ ਜਾ ਜੁੜਦਾ ਹੈ। ਇਸ ਵਿਚ ਵੀ ਘੋਸ਼ਣਾ ਕਰਨ, ਦਾਅਵੇ ਨਾਲ ਜਾਂ ਗੱਜ ਕੇ ਕਹਿਣ ਦੇ ਭਾਵ ਹਨ। ਕੁੱਕੜ ਵੀ ਦਿਨ ਦੀ ਘੋਸ਼ਣਾ ਹੀ ਕਰਦਾ ਹੈ। ਸੰਸਕ੍ਰਿਤ ਦੇ ਸ਼ਬਦ ਊਸ਼ਕਲ (ਊਸ਼=ਸਵੇਰਾ) ਦਾ ਅਰਥ ਵੀ ਕੁੱਕੜ ਹੁੰਦਾ ਹੈ ਅਰਥਾਤ ਜੋ ਦਿਨ ਚੜ੍ਹਨ ਦੀ ਗੱਲ ਕਰਦਾ ਹੈ। ਫਾਰਸੀ ਸ਼ੋਰੋਗੁੱਲ ਸ਼ਬਦ ਵਿਚਲਾ ਗੁੱਲ ਵੀ ਇਥੇ ਸਬੰਧਤ ਹੈ। ਇਸ ਵਿਚਲੇ ਜੁਜ਼ ਸ਼ੋਰ ਦਾ ਅਰਥ ਤਾਂ ਰੌਲਾ ਹੈ ਹੀ, ਗੁੱਲ ਦਾ ਅਰਥ ਵੀ ਰੌਲਾ-ਰੱਪਾ ਹੀ ਹੁੰਦਾ ਹੈ। ਫਾਰਸੀ ਦੇ ਗੁਲਗੁਲ ਸ਼ਬਦ ਦਾ ਅਰਥ ਵੀ ਸ਼ੋਰ-ਸ਼ਰਾਬਾ, ਰੌਲਾ-ਰੱਪਾ ਹੁੰਦਾ ਹੈ।
‘ਕਲ’ ਜਾਂ ‘ਗਲ’ ਮੂਲ ਦਾ ਇਕ ਭੇਦ ‘ਗਰ’ ਵੀ ਹੈ। ਕੁਝ ਭਾਸ਼ਾ-ਵਿਗਿਆਨੀਆਂ ਦਾ ਵਿਚਾਰ ਹੈ ਕਿ ਪੰਜਾਬੀ ‘ਗਰਾਰਾ’ ਤੇ ਇਨ੍ਹਾਂ ਹੀ ਅਰਥਾਂ ਵਾਲਾ ਅੰਗਰੇਜ਼ੀ ਗਅਰਗਲe ਸ਼ਬਦ ਵੀ ਇਥੇ ਢੁਕਦੇ ਹਨ। ਇਨ੍ਹਾਂ ਵਿਚ ‘ਗਰ’ ਧਾਤੂ ਵਿਦਮਾਨ ਹੈ। ਗਰਾਰੇ ਜਾਂ ਗਅਰਗਲe ਕਰਨ ਲੱਗਿਆਂ ਪਾਣੀ ਦੀ ਆਵਾਜ਼ ਆਉਂਦੀ ਹੈ। ਕੁਰਲਾ, ਕਰੂਲੀ ਆਦਿ ਵੀ ਇਸੇ ਧਾਤੂ ਤੋਂ ਬਣੇ ਪ੍ਰਤੀਤ ਹੁੰਦੇ ਹਨ। ਗਰ ਸ਼ਬਦ ਦਾ ਅਰਥ ਗਲਾ ਜਾਂ ਕੰਠ ਹੁੰਦਾ ਹੈ ਜਿਸ ਦੀ ਵਰਤੋਂ ਗੁਰਬਾਣੀ ਵਿਚ ਮਿਲਦੀ ਹੈ, “ਕਾਲ ਫਾਸਿ ਜਬ ਗਰ ਮੇਲੀ” ਅਤੇ “ਸੁਆਮੀ ਗਰ ਮਿਲੇ ਹਉ ਗੁਰ ਮਨਾਵਉਗੀ” -ਗੁਰੂ ਅਰਜਨ ਦੇਵ। ‘ਗਰ’ ਦਾ ਅਰਥ ਪਿਘਲਨਾ, ਗਲਣਾ ਵੀ ਹੈ, “ਓਰਾ ਗਰਿ ਪਾਨੀ ਭਇਆ ਜਾਇ ਮਿਲਿਓ ਢਲਿ ਕੂਲਿ” (ਭਗਤ ਕਬੀਰ) ਅਰਥਾਤ ਓਲੇ (ਗਲ਼ੇ) ਪਿਘਲ ਕੇ ਪਾਣੀ ਬਣ ਗਏ ਹਨ ਅਤੇ ਨਦੀ ਵੱਲ ਵਹਿ ਤੁਰੇ ਹਨ। ਪਿਘਲਣਾ ਜਾਂ ਪੰਘਰਨਾ ਸ਼ਬਦ ਵਿਚ ਵੀ ਇਹੀ ਧਾਤੂ ਕਾਰਜਸ਼ੀਲ ਹੈ। ਮੁਢਲੇ ਤੌਰ ‘ਤੇ ਇਸ ਸ਼ਬਦ ਦਾ ਰੂਪ ਸੀ ‘ਪ੍ਰਾਘਰ’ ਇਸ ਵਿਚ ‘ਪ੍ਰਾ’ ਅਗੇਤਰ ਹੈ ਤੇ ‘ਘਰ’ ਗਰ ਦਾ ਹੀ ਇਕ ਹੋਰ ਭੇਦ ਹੈ। ਪਾਣੀ ਵਿਚ ਦੱਬੇ ਸਣ ਦੇ ਪੂਲੇ ਨੂੰ ਗਰਨਾ ਆਖਦੇ ਹਨ। ‘ਕਲ’ ਤੋਂ ਹੀ ਪੰਜਾਬੀ ਖਾਲ ਜਾਂ ਖਾਲਾ ਬਣਿਆ ਜਿਸ ਵਿਚ ਪਾਣੀ ਦੀ ਖਲਬਲੀ ਹੁੰਦੀ ਹੈ। ਪਾਣੀ ਦੇ ਵਹਾਅ ਨਾਲ ਪੈਦਾ ਹੋਏ ਘਾਰ ਜਾਂ ਘਾਰਾ ਸ਼ਬਦ ਦੀ ਵੀ ਇਹੋ ਵਿਆਖਿਆ ਹੈ। ਯਾਦ ਰਹੇ, ਰਾਵੀ ਅਤੇ ਸਤਲੁਜ ਵਿਚਕਾਰਲੇ ਦੁਆਬੇ ਨੂੰ ਘਾਰਾ ਵੀ ਕਿਹਾ ਜਾਂਦਾ ਹੈ। ਕਲ ਧਾਤੂ ਦਾ ਹਿੰਦ-ਆਰਿਆਈ ਵਿਚ ਵਿਕਸਿਤ ਹੋਇਆ ਇਕ ਭੇਦ ‘ਗਲ’ ਹੈ ਜਿਸ ਤੋਂ ਚੋਣਾ, ਰਿਸਣਾ, ਗਲਣਾ ਦੇ ਭਾਵ ਆਏ। ਅਜਿਹੇ ਭਾਵਾਂ ਵਿਚ ਪਾਣੀ ਦੇ ਵਹਾਅ ਦੀ ਕ੍ਰਿਆ ਉਜਾਗਰ ਹੋ ਰਹੀ ਹੈ। ਵਹਿੰਦੇ ਪਾਣੀ ਦੀ ਆਵਾਜ਼ ਲਈ ਵਰਤਿਆ ਜਾਂਦਾ ਕਲ-ਕਲ ਸ਼ਬਦ ਵੀ ਕਈ ਵਿਦਵਾਨਾਂ ਨੇ ਇਸੇ ਨਾਲ ਜੋੜਿਆ ਹੈ ਹਾਲਾਂਕਿ ਇਹ ਅਰਬੀ ਸ਼ਬਦ ਹੈ। ਸੰਭਵ ਹੈ ਇਸ ਦੀ ਰਚਨਾ ਹਿੰਦ-ਆਰਿਆਈ ਤੋਂ ਸੁਤੰਤਰ ਤੌਰ ‘ਤੇ ਹੋਈ ਹੋਵੇ। ਬੀਹੀ ਜਾਂ ਸੁਰਾਖ ਦੇ ਅਰਥਾਂ ਵਾਲਾ ਗਲੀ ਸ਼ਬਦ ਇਸੇ ਤੋਂ ਬਣਿਆ ਜਿਸ ਦੀ ਭਰਪੂਰ ਚਰਚਾ ਵੱਖਰੇ ਲੇਖ ਵਿਚ ਕੀਤੀ ਜਾ ਚੁੱਕੀ ਹੈ। ਇਸ ਤੋਂ ਗਲਣਾ ਜਾਂ ਗਾਲਣਾ ਸ਼ਬਦਾਂ ਦੀ ਉਤਪਤੀ ਹੋਈ। ਇਸ ਤੋਂ ਬਣੇ ਗਰਦਨ ਦੇ ਅਰਥਾਂ ਵਾਲੇ ਗਲਾ ਸ਼ਬਦ ਦਾ ਵੀ ਅਸੀਂ ਜ਼ਿਕਰ ਕਰ ਚੁੱਕੇ ਹਾਂ। ਖਾਖ ਦੇ ਅਰਥ ਵਾਲਾ ਪੰਜਾਬੀ ਗਲ੍ਹ ਅਤੇ ਫਾਰਸੀ ਕੱਲਾ ਸ਼ਬਦ ਸੁਜਾਤੀ ਹਨ। ਹੋਰ ਤਾਂ ਹੋਰ ਗਾਲ ਜਾਂ ਗਾਲੀ ਸ਼ਬਦ ਵੀ ਅੰਤਮ ਤੌਰ ‘ਤੇ ਇਸ ਕਲ ਜਾਂ ਗਲ ਧਾਤੂ ਨਾਲ ਹੀ ਜਾ ਜੁੜਦੇ ਹਨ। ਉਪਰ ਅਸੀਂ ਪੁਰਾਣੀ ਅੰਗਰੇਜ਼ੀ ਵਿਚ ਚਅਲਅਚੁ ਦਾ ਅਰਥ ‘ਅਵੱਗਿਆ, ਅਪਮਾਨ’ ਦਾ ਜ਼ਿਕਰ ਕਰ ਆਏ ਹਾਂ। ਪੰਜਾਬੀ ਗਾਲ/ਗਾਲੀ ਦੇ ਅਰਥਾਂ ਦੀ ਇਸ ਨਾਲ ਤੁਲਨਾ ਕਰੋ।
Leave a Reply