ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ

ਡਾæ ਗੁਰਨਾਮ ਕੌਰ, ਕੈਨੇਡਾ
ਇਹ ਸਲੋਕ ਰਾਗ ਆਸਾ ਵਿਚ ਰਚੀ ਵਾਰ ਦਾ ਪਹਿਲਾ ਹੀ ਸਲੋਕ ਹੈ ਜੋ ਗੁਰੂ ਨਾਨਕ ਦੇਵ ਜੀ ਦਾ ਰਚਿਆ ਹੋਇਆ ਹੈ। ਆਸਾ ਦੀ ਵਾਰ ਦਾ ਕੀਰਤਨ ਅੰਮ੍ਰਿਤ ਵੇਲੇ ਕਰਨ ਦੀ ਹਦਾਇਤ ਹੈ ਅਤੇ ਹਰ ਗੁਰੂ ਘਰ ਵਿਚ ਕੀਤਾ ਜਾਂਦਾ ਹੈ। ਬਚਪਨ ਤੋਂ ਹੀ ਕਿਸੇ ਅਖੰਡ ਪਾਠ ਵਕਤ, ਪਿੰਡ ਵਿਚ ਕਿਸੇ ਕੁੜੀ ਦੇ ਵਿਆਹ ਵਾਲੇ ਘਰ ਅਨੰਦ ਕਾਰਜ ਵਾਲੇ ਦਿਨ ਅੰਮ੍ਰਿਤ ਵੇਲੇ (ਉਦੋਂ ਵਿਆਹ ਘਰਾਂ ਵਿਚ ਹੁੰਦੇ ਸਨ, ਅਨੰਦ ਕਾਰਜ ਸਵੇਰੇ ਹੀ ਹੁੰਦੇ ਸਨ ਕਿਉਂਕਿ ਬਰਾਤ ਦਾ ਇੱਕ ਦਿਨ ਪਹਿਲਾਂ ਕੁੜੀ ਦੇ ਪਿੰਡ ਸ਼ਾਮ ਨੂੰ ਢੁਕਣ ਅਤੇ ਰਾਤ ਰਹਿਣ ਦਾ ਰਿਵਾਜ ਹੁੰਦਾ ਸੀ) ਆਸਾ ਦੀ ਵਾਰ ਦਾ ਕੀਰਤਨ ਸੁਣਨ ਨੂੰ ਮਿਲਦਾ ਰਿਹਾ ਹੈ। ਆਸਾ ਦੀ ਵਾਰ ਪ੍ਰਤੀ ਕਮਾਲ ਦੀ ਗੱਲ ਬਚਪਨ ਤੋਂ ਹੀ ਦੇਖੀ ਹੈ ਜੋ ਇਹ ਸੀ ਕਿ ਪਿੰਡਾਂ ਦੇ ਸਿੱਧੇ-ਸਾਦੇ ਰਾਗੀਆਂ ਦੇ ਕੀਰਤਨ ਸਮੇਂ ਪਿੰਡ ਦੇ ਸਿੱਧੇ ਸਾਦੇ ਅਨਪੜ੍ਹ ਬਜ਼ੁਰਗ ਵੀ ਵਾਰੀ ਵਾਰੀ ਇਸ ਦੇ ਸਲੋਕਾਂ ਦਾ ਉਚਾਰਨ ਕਰਦੇ। ਉਦੋਂ ਤਾਂ ਸ਼ਾਇਦ ਇਸ ਗੱਲ ਦੀ ਸਮਝ ਨਹੀਂ ਸੀ ਪਰ ਹੁਣ ਇਸ ਬਾਣੀ ਦੇ ਲੋਕ ਮਨਾਂ ਵਿਚ ਵਸੇ ਹੋਣ ਦੀ ਅਤੇ ਮਨ ਨੂੰ ਅੰਮ੍ਰਿਤ ਵੇਲੇ ਸੁਚੇਤ ਕਰਨ ਦੀ ਗੱਲ ਕੁਝ ਕੁਝ ਪੱਲੇ ਪੈਂਦੀ ਹੈ।
ਅੰਮ੍ਰਿਤ ਵੇਲੇ ਮਨੁੱਖ ਦਾ ਮਨ ਵੈਸੇ ਹੀ ਪ੍ਰਭੂ ਰੰਗ ਵਿਚ ਰੰਗਿਆ ਹੁੰਦਾ ਹੈ ਅਤੇ ਆਸਾ ਦੀ ਵਾਰ ਦੇ ਸਲੋਕ ਮਨੁੱਖ ਦੇ ਜੀਵਨ ਦੇ ਵੱਖ ਵੱਖ ਪਹਿਲੂਆਂ ਤੋਂ ਮਨ ਵਿਚ ਖਾਸ ਕਿਸਮ ਦੀ ਜਾਗ੍ਰਿਤੀ ਅਤੇ ਚੇਤਨਾ ਪੈਦਾ ਕਰਦੇ ਹਨ। ਸ਼ਾਇਦ ਇਸੇ ਲਈ ਉਸ ਵੇਲੇ ਦੇ ਆਮ ਸਧਾਰਨ ਸਿੱਖਾਂ ਨੂੰ ਵੀ ਇਹ ਸਲੋਕ ਯਾਦ ਹੁੰਦੇ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਗੁਰੂ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਗਿਆ ਹੈ ਕਿਉਂਕਿ ਗੁਰੂ ਦੀ ਅਗਵਾਈ ਤੋਂ ਬਿਨਾਂ ਮਨੁੱਖ ਨੂੰ ਸਹੀ ਜੀਵਨ-ਜਾਚ ਆ ਹੀ ਨਹੀਂ ਸਕਦੀ। ਗੁਰੂ ਹੀ ਅਜਿਹੀ ਹਸਤੀ ਹੈ ਜੋ ਮਨੁੱਖ ਨੂੰ ਸਹੀ ਰਸਤੇ ‘ਤੇ ਚੱਲਣ ਦਾ ਵੱਲ ਦੱਸਦਾ ਹੈ,
ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ॥
ਜਿਨਿ ਮਾਣਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ॥1॥ (ਸਲੋਕੁ ਮਹਲਾ 1, ਪੰਨਾ 462)
ਗੁਰਮਤਿ ਦਰਸ਼ਨ ਵਿਚ ਮਨੁੱਖ ਨੂੰ ਪਰਮਾਤਮਾ ਦੀ ਅੰਸ਼ ਪ੍ਰਵਾਨ ਕੀਤਾ ਗਿਆ ਹੈ ਅਰਥਾਤ ਮਨੁੱਖ ਦਾ ਸਿਰਜਣਹਾਰ ਅਕਾਲ ਪੁਰਖ ਹੈ ਜਿਸ ਨੇ ਮਨੁੱਖ ਦੀ ਸਿਰਜਣਾ ਆਪਣੇ ਆਪ ਤੋਂ ਕੀਤੀ ਹੈ। ਇਸ ਲਈ ਮਨੁੱਖ ਵਿਚ ਵੀ ਉਸ ਪਰਮਾਤਮਾ ਦੀ ਜੋਤਿ ਵਿਆਪਕ ਹੈ, ਮਨੁੱਖ ਵਿਚ ਵੀ ਦੈਵੀ ਅੰਸ਼ ਮੌਜੂਦ ਹੈ। ਗੁਰੂ ਵਿਚ ਇਹ ਸਮਰੱਥਾ ਹੈ ਕਿ ਮਨੁੱਖ ਨੂੰ ਉਹ ਰਸਤਾ ਦਿਖਾ ਸਕੇ ਜਿਸ ‘ਤੇ ਚੱਲਦਿਆਂ ਉਹ ਆਪਣੇ ਅੰਦਰਲੇ ਦੈਵਤਵ ਨੂੰ ਜਗਾ ਸਕੇ। ਇਸ ਤਰ੍ਹਾਂ ਗੁਰੂ ਮਨੁੱਖ ਨੂੰ ਮਨੁੱਖ ਤੋਂ ਦੇਵਤਾ ਬਣਾ ਦਿੰਦਾ ਹੈ ਅਤੇ ਅਜਿਹਾ ਕਰਦਿਆਂ ਉਸ ਨੂੰ ਬਿਲਕੁਲ ਵੀ ਦੇਰ ਨਹੀਂ ਲੱਗਦੀ। ਇਸ ਤੋਂ ਅਗਲਾ ਸਲੋਕ ਗੁਰੂ ਅੰਗਦ ਦੇਵ, ਦੂਸਰੀ ਨਾਨਕ ਜੋਤਿ ਦਾ ਹੈ।
ਗੁਰਮਤਿ ਦਰਸ਼ਨ ਵਿਚ ਮਨੁੱਖ ਲਈ ਜਿਹੜੇ ਬਹੁਤ ਹੀ ਲਾਜ਼ਮ ਗੁਣ ਗੁਰੂ ਸਾਹਿਬਾਨ ਨੇ ਦੱਸੇ ਹਨ, ਉਨ੍ਹਾਂ ਵਿਚ ਇੱਕ ਗੁਣ ਹੈ ‘ਗਿਆਨ’ ਅਤੇ ਗਿਆਨ ਚਾਨਣ ਹੈ, ਰੋਸ਼ਨੀ ਹੈ ਜਿਸ ਤੋਂ ਬਿਨਾਂ ਮਨੁੱਖ ਦਾ ਮਨ ਅਤੇ ਦਿਮਾਗ-ਦੋਵੇਂ ਹਨੇਰੇ ਵਿਚ ਹਨ। ਗੁਰੂ ਗਿਆਨ ਦਾ ਸੋਮਾ ਹੈ ਜਿਸ ਤੋਂ ਇਹ ਚਾਨਣ ਪ੍ਰਾਪਤ ਹੁੰਦਾ ਹੈ। ਸੂਰਜ ਅਤੇ ਚੰਦਰਮਾ ਨੂੰ ਚਾਨਣ ਦੇ ਸੋਮੇ ਮੰਨਿਆ ਗਿਆ ਹੈ। ਜਦੋਂ ਸੂਰਜ ਚੜ੍ਹਦਾ ਹੈ ਤਾਂ ਰਾਤ ਖ਼ਤਮ ਹੋ ਜਾਂਦੀ ਹੈ, ਦੁਨੀਆਂ ਰੋਸ਼ਨੀ ਨਾਲ ਚਮਕ ਉਠਦੀ ਹੈ। ਇਸੇ ਤਰ੍ਹਾਂ ਚੰਦਰਮਾ ਦੇ ਚੜ੍ਹਨ ਨਾਲ ਹਨੇਰੀ ਰਾਤ ਚਾਨਣੀ ਰਾਤ ਵਿਚ ਬਦਲ ਜਾਂਦੀ ਹੈ। ਇਸੇ ਤੱਥ ਵੱਲ ਇਸ਼ਾਰਾ ਕਰਦਿਆਂ ਗੁਰੂ ਅੰਗਦ ਦੇਵ ਫਰਮਾਉਂਦੇ ਹਨ ਕਿ ਜੇ ਸੌ ਚੰਦਰਮਾ ਵੀ ਚੜ੍ਹ ਪੈਣ ਅਤੇ ਹਜ਼ਾਰ ਸੂਰਜ ਚੜ੍ਹ ਪੈਣ (ਜਿਨ੍ਹਾਂ ਦੇ ਚੜ੍ਹਨ ਨਾਲ ਸੰਸਾਰ ਰੋਸ਼ਨ ਹੋ ਜਾਂਦਾ ਹੈ) ਪਰ ਜੇ ਗਿਆਨ ਦਾ ਚਾਨਣ ਦੇਣ ਵਾਲਾ ਗੁਰੂ ਨਹੀਂ ਹੈ ਤਾਂ ਇੰਨਾ ਚਾਨਣ ਹੋਣ ਦੇ ਬਾਵਜੂਦ ਅਗਿਆਨ ਦਾ ਡੂੰਘਾ ਹਨੇਰਾ ਦੂਰ ਨਹੀਂ ਹੁੰਦਾ,
ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ॥
ਏਤੇ ਚਾਨਣ ਹੋਦਿਆਂ ਗੁਰ ਬਿਨੁ ਘੋਰ ਅੰਧਾਰ॥॥2॥ (ਮਹਲਾ 2, ਪੰਨਾ 463)
ਗੁਰੂ ਤੋਂ ਬਿਨਾਂ ਗਿਆਨ ਦੀ ਪ੍ਰਾਪਤੀ ਨਹੀਂ ਹੋ ਸਕਦੀ। ਗੁਰਮਤਿ ਵਿਚ ਗਿਆਨ ਸਹੀ ਜਾਂ ਗਲਤ ਨਹੀਂ ਹੁੰਦਾ। ਗੁਰਮਤਿ ਅਨੁਸਾਰ ਜੋ ਸਹੀ ਹੈ-ਉਹ ਗਿਆਨ ਹੈ, ਜੋ ਸਹੀ ਜਾਂ ਸੱਚਾ ਨਹੀਂ-ਉਹ ਅਗਿਆਨ ਹੈ। ਗਿਆਨ ਚਾਨਣ ਹੈ ਅਤੇ ਅਗਿਆਨ ਅੰਧੇਰਾ ਹੈ। ਗਿਆਨ ਦੀ ਪ੍ਰਾਪਤੀ ਦੀ ਜ਼ਰੂਰਤ ਗੁਰੂ ਹੀ ਪੂਰੀ ਕਰ ਸਕਦਾ ਹੈ। ਪਰ ਕੁਝ ਮਨੁੱਖ ਅਜਿਹੇ ਵੀ ਹੁੰਦੇ ਹਨ ਜੋ ਆਪਣੇ ਆਪ ਨੂੰ ਬਹੁਤ ਚਤੁਰ ਕਹਾਉਂਦੇ ਹਨ ਅਤੇ ਗੁਰੂ ਦੀ ਲੋੜ ਨਹੀਂ ਸਮਝਦੇ। ਅਜਿਹੇ ਮਨੁੱਖਾਂ ਬਾਰੇ ਗੁਰੂ ਨਾਨਕ ਸਾਹਿਬ ਨੇ ਅਗਲੇ ਹੀ ਸਲੋਕ ਵਿਚ ਦੱਸਿਆ ਹੈ ਕਿ ਜੋ ਮਨੁੱਖ ਗੁਰੂ ਨੂੰ ਚੇਤੇ ਨਹੀਂ ਕਰਦੇ ਆਪਣੇ ਆਪ ਵਿਚ ਚਤੁਰ ਬਣਦੇ ਹਨ, ਸਿਆਣੇ ਬਣੇ ਹੋਏ ਹਨ ਉਹ ਤਿਲ ਦੇ ਉਸ ਬੂਟੇ ਵਾਂਗ ਹਨ ਜਿਸ ਨੂੰ ਕੋਈ ਫਲ ਨਹੀਂ ਪੈਂਦਾ। ਫਲ ਨਾ ਪੈਣ ਕਰਕੇ ਜਦੋਂ ਫਸਲ ਕੱਟੀ ਜਾਂਦੀ ਹੈ ਤਾਂ ਕਿਸਾਨ ਅਜਿਹੇ ਬੂਟੇ ਨੂੰ ਖੇਤ ਵਿਚ ਹੀ ਸੁੰਨਾ ਛੱਡ ਦਿੰਦਾ ਹੈ। ਉਹ ਉਥੇ ਗਲ-ਸੜ ਕੇ ਸੁਆਹ ਹੋ ਜਾਂਦਾ ਹੈ। ਅਜਿਹੇ ਬੂਆੜ ਤਿਲਾਂ ਦੇ ਬੂਟੇ ਨੂੰ ਫੁੱਲ ਵੀ ਪੈਂਦੇ ਹਨ ਅਤੇ ਫਲ ਵੀ ਲੱਗਦੇ ਹਨ ਪਰ ਉਨ੍ਹਾਂ ਫਲਾਂ ਵਿਚ ਸੁਆਹ ਭਰੀ ਹੁੰਦੀ ਹੈ। ਕਿਸੇ ਕੰਮ ਦੇ ਨਾ ਹੋਣ ਕਰਕੇ ਉਨ੍ਹਾਂ ਦਾ ਮਾਲਕ ਉਨ੍ਹਾਂ ਨੂੰ ਸੁੰਨੇ ਖੇਤ ਵਿਚ ਹੀ ਛੱਡ ਦਿੰਦਾ ਹੈ। ਬਿਨਾ ਗੁਰੂ ਤੋਂ ਮਨੁੱਖ ਦੀ ਵੀ ਇਹੀ ਹਾਲਤ ਹੁੰਦੀ ਹੈ,
ਨਾਨਕ ਗੁਰੂ ਨ ਚੇਤਨੀ ਮਨਿ ਆਪਣੈ ਸੁਚੇਤ॥
ਛੁਟੇ ਤਿਲ ਬੂਆੜ ਜਿਉ ਸੁੰਞੈ ਅੰਦਰਿ ਖੇਤ॥
ਖੇਤੈ ਅੰਦਰਿ ਛੁਟਿਆ ਕਹੁ ਨਾਨਕ ਸਉ ਨਾਹ॥
ਫਲੀਅਹਿ ਫੁਲੀਅਹਿ ਬਪੁੜੇ ਭੀ ਤਨ ਵਿਚਿ ਸੁਆਹ॥3॥ (ਮਹਲਾ 1, ਪੰਨਾ 463)
ਇਨ੍ਹਾਂ ਤਿੰਨ ਸਲੋਕਾਂ ਤੋਂ ਸਪਸ਼ਟ ਹੁੰਦਾ ਹੈ ਕਿ ਗੁਰਮਤਿ ਵਿਚ ਗੁਰੂ ਨੂੰ ਮਨੁੱਖ ਨੂੰ ਰਸਤਾ ਦਿਖਾਉਣ ਵਾਲਾ ਅਤੇ ਗਿਆਨ ਦਾ ਸੋਮਾ ਮੰਨਿਆ ਗਿਆ ਹੈ। ਗੁਰੂ ਦੀ ਅਗਵਾਈ ਵਿਚ ਹੀ ਮਨੁੱਖ ਗਿਆਨ ਪ੍ਰਾਪਤ ਕਰ ਸਕਦਾ ਹੈ ਅਤੇ ਸਹੀ ਮਾਰਗ ‘ਤੇ ਚੱਲ ਸਕਦਾ ਹੈ। ਇਨ੍ਹਾਂ ਤਿੰਨ ਸਲੋਕਾਂ ਤੋਂ ਬਾਅਦ ਪਹਿਲੀ ਪਉੜੀ ਵਿਚ ਦੱਸਿਆ ਗਿਆ ਹੈ ਕਿ ਅਕਾਲ ਪੁਰਖ ਨੇ ਆਪ ਹੀ ਆਪਣੇ ਆਪ ਨੂੰ ਸਾਜਿਆ ਹੈ ਅਤੇ ਆਪ ਹੀ ਆਪਣਾ ਨਾਮਣਾ ਬਣਾਇਆ ਹੈ। ਇਸੇ ਨੂੰ ਮੂਲ ਮੰਤਰ ਵਿਚ ‘ਸੈਭੰ’ ਕਿਹਾ ਗਿਆ ਹੈ, ਜਿਸ ਦਾ ਅਰਥ ਹੈ ਕਿ ਉਹ ਅਕਾਲ ਪੁਰਖ ਜੋ ਇਸ ਸੰਸਾਰ ਦਾ ਕਰਤਾ ਪੁਰਖ ਹੈ, ਉਸ ਨੇ ਆਪਣੀ ਰਚਨਾ ਆਪ ਹੀ ਆਪਣੇ ਆਪ ਤੋਂ ਕੀਤੀ ਹੈ। ਫਿਰ ਉਸ ਨੇ ਹੀ ਆਪਣੀ ਕੁਦਰਤਿ ਸਾਜੀ ਹੈ ਅਰਥਾਤ ਇਸ ਬ੍ਰਹਿਮੰਡ ਦੀ, ਸੰਸਾਰ ਦੀ ਆਪਣੇ ਆਪ ਤੋਂ ਰਚਨਾ ਕੀਤੀ ਹੈ। ਇਸ ਕੁਦਰਤਿ ਦੀ ਰਚਨਾ ਕਰਕੇ ਉਹ ਇਸ ਵਿਚ ਆਸਣ ਜਮਾ ਕੇ ਬੈਠ ਗਿਆ ਅਰਥਾਤ ਉਹ ਆਪਣੀ ਕੁਦਰਿਤ ਵਿਚ ਆਪ ਸਮਾਇਆ ਹੋਇਆ ਹੈ। ਉਸ ਦੀ ਹੋਂਦ ਕੁਦਰਤਿ ਦੇ ਜ਼ੱਰੇ ਜ਼ੱਰੇ ਵਿਚ ਹੈ ਅਤੇ ਇਸ ਕੁਦਰਤਿ ਵਿਚ ਵਿਆਪਕ ਹੋ ਕੇ ਉਹ ਸੰਸਾਰ ਦਾ ਤਮਾਸ਼ਾ ਦੇਖਣ ਬੈਠ ਗਿਆ। ਉਹ ਕਰਤਾ ਪੁਰਖ ਹੀ ਇਸ ਸੰਸਾਰ ਨੂੰ ਬੇਅੰਤ ਕਿਸਮ ਦੀਆਂ ਦਾਤਾਂ ਦੇਣ ਵਾਲਾ ਹੈ ਅਤੇ ਆਪ ਹੀ ਇਸ ਨੂੰ ਸਾਜਣ ਵਾਲਾ ਹੈ। ਉਹ ਨਿਹਾਲ ਹੋ ਕੇ, ਤੁਠ ਕੇ ਜੀਵਾਂ ਤੇ ਆਪਣੀਆਂ ਦਾਤਾਂ ਦੀ ਬਖ਼ਸ਼ਿਸ਼ ਕਰਦਾ ਹੈ। ਉਹ ਸਭ ਨੂੰ ਜਾਨਣ ਵਾਲਾ ਹੈ, ਸਭ ਨੂੰ ਜਾਣਦਾ ਹੈ। ਉਹ ਆਪ ਹੀ ਜੀਵਾਂ ਨੂੰ ਸਰੀਰ ਅਤੇ ਜਿੰਦ ਦਿੰਦਾ ਹੈ ਅਤੇ ਜਦੋਂ ਚਾਹੇ ਉਦੋਂ ਆਪ ਹੀ ਇਸ ਸਰੀਰ ਅਤੇ ਜਿੰਦ ਨੂੰ ਵਾਪਸ ਲੈ ਲੈਂਦਾ ਹੈ,
ਅਪੀਨੈ ਆਪੁ ਸਾਜਿਓ ਅਪੀਨੈ ਰਚਿਓ ਨਾਉ॥
ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੈ ਚਾਉ॥ (ਪੰਨਾ 463)
ਆਮ ਤੌਰ ‘ਤੇ ਧਰਮ ਸ਼ਾਸਤਰਾਂ ਵਿਚ ਇਸ ਸੰਸਾਰ ਨੂੰ ਝੂਠਾ ਕਿਹਾ ਗਿਆ ਹੈ। ਹਿੰਦੂ ਸ਼ਾਸਤਰਾਂ, ਖ਼ਾਸ ਕਰਕੇ ਵੇਦਾਂਤ ਵਿਚ ਸੰਸਾਰ ਨੂੰ ਭਰਮ ਕਿਹਾ ਹੈ ਜਿਸ ਦੀ ਕੋਈ ਹੋਂਦ ਨਹੀਂ ਹੈ ਪਰ ਮਾਇਆ ਕਾਰਨ ਇਹ ਨਜ਼ਰ ਆਉਂਦਾ ਹੈ। ਗੁਰਬਾਣੀ ਅਨੁਸਾਰ ਇਹ ਸੰਸਾਰ ਭਰਮ ਨਹੀਂ ਹੈ, ਇਹ ਇੱਕ ਠੋਸ ਹਕੀਕਤ ਹੈ। ਇਹ ਸੰਸਾਰ ਸੱਚਾ ਹੈ। ਸੱਚੇ ਦਾ ਅਰਥ ਹੈ ਕਿ ਇਸ ਸੰਸਾਰ ਦੀ ਹੋਂਦ ਹੈ ਕਿਉਂਕਿ ਇਸ ਦੀ ਰਚਨਾ ਉਸ ਅਕਾਲ ਪੁਰਖ ਨੇ ਆਪਣੇ ਆਪ ਤੋਂ ਕੀਤੀ ਹੈ, ਜਿਸ ਦਾ ਜ਼ਿਕਰ ਉਪਰ ਪਉੜੀ ਵਿਚ ਕੀਤਾ ਗਿਆ ਹੈ। ਇਸ ਦੇ ਸੱਚ ਹੋਣ ਦਾ ਜ਼ਿਕਰ ਗੁਰੂ ਨਾਨਕ ਸਾਹਿਬ ਅਗਲੇ ਸਲੋਕ ਵਿਚ ਕਰਦੇ ਹਨ। ਗੁਰੂ ਨਾਨਕ ਸਾਹਿਬ ਫੁਰਮਾਉਂਦੇ ਹਨ ਕਿ ਇਹ ਬ੍ਰਹਿਮੰਡ, ਖੰਡ ਇਹ ਸੰਸਾਰ ਦਾ ਜੋ ਸਿਲਸਿਲਾ ਚੱਲ ਰਿਹਾ ਹੈ ਇਹ ਸੱਚਾ ਹੈ। ਉਸ ਦੇ ਸਿਰਜੇ ਹੋਏ ਲੋਕ ਅਤੇ ਬੇਅੰਤ ਅਕਾਰ ਸੱਚੇ ਹਨ, ਇਨ੍ਹਾਂ ਦੀ ਹੋਂਦ ਹੈ, ਉਸ ਦੇ ਕੰਮ ਅਤੇ ਸਾਰੀਆਂ ਵਿਚਾਰਾਂ ਦੀ ਵੀ ਸਦੀਵੀ ਹੋਂਦ ਹੈ। ਉਸ ਅਕਾਲ ਪੁਰਖ ਦੀ ਪਾਤਿਸ਼ਾਹੀ, ਉਸ ਦਾ ਦਰਬਾਰ ਸਭ ਅਟੱਲ ਹਨ, ਉਸ ਦਾ ਹੁਕਮ ਅਤੇ ਫੁਰਮਾਨ ਸੱਚਾ ਹੈ, ਸਦੀਵੀ ਹੈ। ਉਸ ਕਰਤਾ ਪੁਰਖ ਦੀਆਂ ਬਖ਼ਸ਼ਿਸ਼ਾਂ ਵੀ ਸੱਚੀਆਂ ਹਨ ਅਤੇ ਬਖ਼ਸ਼ਿਸ਼ਾਂ ਦੇ ਨਿਸ਼ਾਨ ਵੀ ਹਮੇਸ਼ਾ ਲਈ ਕਾਇਮ ਹਨ। ਲੱਖਾਂ ਕਰੋੜਾਂ ਜੀਵ ਉਸ ਦਾ ਸਿਮਰਨ ਕਰ ਰਹੇ ਹਨ, ਉਹ ਵੀ ਸੱਚੇ ਹਨ। ਇਹ ਸਾਰੇ ਜੀਵ ਅਕਾਲ ਪੁਰਖ ਦੇ ਜ਼ੋਰ ਅਤੇ ਤਾਣ ਵਿਚ ਹਨ ਅਰਥਾਤ ਉਨ੍ਹਾਂ ਦੀ ਹਸਤੀ, ਉਨ੍ਹਾਂ ਦਾ ਆਸਰਾ ਅਕਾਲ ਪੁਰਖ ਹੈ। ਉਸ ਦੀ ਸਿਫਤ-ਸਾਲਾਹ ਕਰਨੀ ਉਸ ਦਾ ਇੱਕ ਅਟੱਲ ਸਿਲਸਿਲਾ ਹੈ, ਇਹ ਸਾਰੀ ਰਚਨਾ ਉਸ ਦਾ ਇੱਕ ਨਾ ਮੁੱਕਣ ਵਾਲਾ ਪ੍ਰਬੰਧ ਹੈ। ਗੁਰੂ ਨਾਨਕ ਅਨੁਸਾਰ ਜਿਹੜੇ ਜੀਵ ਉਸ ਸਦਾ ਰਹਿਣ ਵਾਲੇ ਕਰਤਾ ਪੁਰਖ ਨੂੰ ਸਿਮਰਦੇ ਹਨ, ਉਹ ਭੀ ਉਸ ਦਾ ਰੂਪ ਹਨ, ਪਰ ਜੋ ਜੰਮਣ ਮਰਨ ਦੇ ਗੇੜ ਵਿਚ ਪਏ ਹਨ, ਜਿਨ੍ਹਾਂ ਨੇ ਆਪਣੇ ਜੋਤਿ ਸਰੂਪ ਹੋਣ ਦਾ ਹਾਲੇ ਅਨੁਭਵ ਨਹੀਂ ਕੀਤਾ ਉਹ ਕੱਚੇ ਹਨ,
ਸਚੇ ਤੇਰੇ ਖੰਡ ਸਚੇ ਬ੍ਰਹਮੰਡ॥
ਸਚੇ ਤੇਰੇ ਲੋਅ ਸਚੇ ਆਕਾਰ॥
ਸਚੇ ਤੇਰੇ ਕਰਣੇ ਸਰਬ ਬੀਚਾਰ॥ (ਪੰਨਾ 463)
ਸੰਸਾਰ ਦੇ ਸੱਚਾ ਹੋਣ ਦਾ ਅਰਥ ਹੈ ਕਿ ਇਹ ਸੰਸਾਰ ਭਰਮ-ਮੂਲਕ ਨਹੀਂ ਹੈ। ਇਸ ਦੀ ਹੋਂਦ ਇੱਕ ਸੱਚਾਈ ਹੈ। ਇਸ ਦਾ ਕਾਰਨ ਇਹ ਹੈ ਕਿ ਇਹ ਸੰਸਾਰਕ ਪਾਸਾਰ ਉਸ ਹਸਤੀ ਵਾਲੇ ਅਕਾਲ ਪੁਰਖ ਦਾ ਹੀ ਪਾਸਾਰ ਹੈ, ਇਸ ਲਈ ਇਸ ਦੀ ਵੀ ਹਸਤੀ ਹੈ। ਜਿਹੋ ਜਿਹੇ ਕਾਰਨ ਤੋਂ ਕੋਈ ਕਾਰਜ ਪੈਦਾ ਹੁੰਦਾ ਹੈ, ਉਹ ਕਾਰਜ ਵੀ ਉਸ ਕਾਰਨ ਵਰਗਾ ਹੀ ਹੁੰਦਾ ਹੈ। ਇਸ ਸੰਸਾਰ ਦਾ ਕਾਰਨ ਉਹ ਅਕਾਲ ਪੁਰਖ ਆਪ ਹੈ, ਜੋ ਸੱਚਾ ਹੈ। ਫਿਰ ਸੱਚੇ ਕਾਰਨ ਤੋਂ ਝੂਠਾ ਕਾਰਜ ਕਿਸ ਤਰ੍ਹਾਂ ਪੈਦਾ ਹੋ ਸਕਦਾ ਹੈ? ਇਸ ਸੰਸਾਰ ਦਾ ਸਿਲਸਿਲਾ ਸਥਾਈ ਹੈ ਪਰ ਇਹ ਸੰਸਾਰ ਨਾਸ਼ਵੰਤ ਹੈ ਕਿਉਂਕਿ ਇਹ ਪੈਦਾ ਕੀਤਾ ਹੋਇਆ ਹੈ। ਜੋ ਚੀਜ਼ ਪੈਦਾ ਹੁੰਦੀ ਹੈ ਉਸ ਨੇ ਇੱਕ ਦਿਨ ਬਿਨਸਣਾ ਵੀ ਹੁੰਦਾ ਹੈ। ਸਮੁੱਚੇ ਰੂਪ ਵਿਚ ਇਸ ਕੁਦਰਤਿ ਦਾ ਇੱਕ ਸਦੀਵੀ ਅਟੱਲ ਪ੍ਰਬੰਧ ਹੈ, ਜੋ ਚਲਦਾ ਰਹਿੰਦਾ ਹੈ ਪਰ ਇਹ ਪ੍ਰਬੰਧ ਚਲਾਇਮਾਨ ਹੈ ਅਰਥਾਤ ਇਸ ਵਿਚ ਸਮੇਤ ਮਨੁੱਖ ਅਤੇ ਬਨਸਪਤੀ ਦੇ ਸਾਰੇ ਜੀਵ-ਜੰਤੂ ਨਾਸ਼ਵੰਤ ਹਨ।
ਮੂਲ ਮੰਤਰ ਵਿਚ ਉਸ ਅਕਾਲ ਪੁਰਖ ਦੀ ਸਦੀਵੀ ਹੋਂਦ ਨੂੰ ਦਰਸਾਉਣ ਲਈ ਉਸ ਨੂੰ ‘ਸਤਿਨਾਮ’ ਕਿਹਾ ਗਿਆ ਹੈ। ਸਤਿ ਤੋਂ ਭਾਵ ਹੈ ਕਿ ਉਸ ਦੀ ਹਸਤੀ ਹੈ। ਇਥੇ ਅਗਲੇ ਸਲੋਕ ਵਿਚ ਗੁਰੂ ਨਾਨਕ ਉਸ ਪਰਮਾਤਮਾ ਦੀ ਸਿਫਤ-ਸਾਲਾਹ ਦੱਸਦੇ ਹਨ ਕਿ ਉਸ ਪਰਮਾਤਮਾ ਦੀ ਸਿਫਤ ਨਹੀਂ ਕੀਤੀ ਜਾ ਸਕਦੀ ਜਿਸ ਦਾ ਨਾਮ ਵੱਡਾ ਹੈ। ਇਹ ਉਸ ਦਾ ਗੁਣ ਹੈ ਕਿ ਉਸ ਦਾ ਨਾਮ ਸਦਾ ਅਟੱਲ, ਸਦੀਵੀ ਹੈ। ਉਸ ਦਾ ਆਸਣ ਸਦਾ ਅਟੱਲ ਹੈ ਇਹ ਉਸ ਦੀ ਵੱਡੀ ਸਿਫਤ ਹੈ। ਇਹ ਉਸ ਅਕਾਲ ਪੁਰਖ ਦਾ ਗੁਣ ਹੈ ਕਿ ਉਹ ਸਾਰੇ ਪ੍ਰਾਣੀਆਂ ਦੀਆਂ ਅਰਦਾਸਾਂ ਨੂੰ ਜਾਣਦਾ ਹੈ ਅਤੇ ਹਰ ਇੱਕ ਦੇ ਦਿਲ ਦੀ ਗੱਲ ਨੂੰ ਸਮਝਦਾ ਹੈ ਅਰਥਾਤ ਉਹ ਜਾਣੀ-ਜਾਣ ਹੈ। ਇਹ ਵੀ ਉਸ ਦੀ ਇੱਕ ਵੱਡੀ ਵਡਿਆਈ ਹੈ ਕਿ ਉਹ ਕਿਸੇ ਨੂੰ ਪੁੱਛ ਕੇ ਜਾਂ ਕਿਸੇ ਦੀ ਸਲਾਹ ਲੈ ਕੇ ਦਾਤਾਂ ਦੀ ਬਖ਼ਸ਼ਿਸ਼ ਨਹੀਂ ਕਰਦਾ, ਆਪ ਹੀ ਜੀਵਾਂ ਨੂੰ ਬੇਅੰਤ ਦਾਤਾਂ ਦਿੰਦਾ ਹੈ। ਉਸ ਵਰਗੀ ਹਸਤੀ ਕਿਸੇ ਹੋਰ ਦੀ ਨਹੀਂ ਹੈ। ਉਸ ਨੇ ਇਸ ਸੰਸਾਰ ਦੀ ਰਚਨਾ ਆਪਣੇ ਹੁਕਮ ਵਿਚ ਕੀਤੀ ਹੈ, ਇਸ ਲਈ ਉਸ ਦੀ ਬੇਅੰਤ ਕੁਦਰਤਿ ਦਾ ਬਿਆਨ ਨਹੀਂ ਕੀਤਾ ਜਾ ਸਕਦਾ (ਇਸੇ ਨੂੰ ਜਪੁਜੀ ਸਾਹਿਬ ਵਿਚ ‘ਕਰਤੇ ਕੈ ਕਰਣੈ ਨਾਹੀ ਸੁਮਾਰੁ’ ਕਿਹਾ ਹੈ),
ਵਡੀ ਵਡਿਆਈ ਜਾ ਵਡਾ ਨਾਉ॥
ਵਡੀ ਵਡਿਆਈ ਜਾ ਨਿਹਚਲ ਥਾਉ॥ (ਪੰਨਾ 463)
ਅਗਲੇ ਸਲੋਕ ਵਿਚ ਗੁਰੂ ਅੰਗਦ ਦੇਵ ਇਸੇ ਸਿਧਾਂਤ ਦੀ ਪ੍ਰੋੜਤਾ ਵਿਚ ਉਸ ਕਰਤਾ ਪੁਰਖ ਦੀ ਸਿਫਤ-ਸਾਲਾਹ ਕਰਦੇ ਹੋਏ ਇਸ ਸੰਸਾਰ ਨੂੰ ਉਸ ਅਕਾਲ ਪੁਰਖ ਦਾ ਨਿਵਾਸ ਸਥਾਨ ਕਹਿੰਦੇ ਹਨ। ਉਹ ਇਸ ਜਗਤ ਨੂੰ ਸੱਚੇ ਪਰਮਾਤਮਾ ਦੀ ‘ਕੋਠੜੀ’ ਕਹਿੰਦੇ ਹਨ ਜਿਸ ਵਿਚ ਉਹ ਸੱਚਾ ਵੱਸ ਰਿਹਾ ਹੈ। ਇਹ ਉਸ ਦੇ ਰਹਿਣ ਦੀ ਥਾਂ ਹੈ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ‘ਸੱਚੇ’ ਦੇ ਰਹਿਣ ਦੀ ਥਾਂ ਝੂਠੀ ਕਿਵੇਂ ਹੋ ਸਕਦੀ ਹੈ? ਇਸ ਸੰਸਾਰ ਵਿਚ ਉਸ ਦੇ ਵਰਤ ਰਹੇ ਹੁਕਮ ਦੀ ਗੱਲ ਕਰਦਿਆਂ ਅੱਗੇ ਦੱਸਦੇ ਹਨ ਕਿ ਉਹ ਆਪਣੇ ਹੁਕਮ ਵਿਚ ਹੀ ਇਸ ਭਵ-ਸਾਗਰ ਸੰਸਾਰ ਤੋਂ ਬੰਦਿਆਂ ਨੂੰ ਪਾਰ ਲੈ ਜਾਂਦਾ ਹੈ, ਆਪਣੇ ਚਰਨ-ਕੰਵਲਾਂ ਦੀ ਪ੍ਰੀਤ ਬਖ਼ਸ਼ਿਸ਼ ਕਰਦਾ ਹੈ ਅਤੇ ਹੁਕਮ ਵਿਚ ਹੀ ਡੋਬ ਦਿੰਦਾ ਹੈ। ਭਾਵ ਕਈ ਜੀਵਾਂ ਨੂੰ ਆਪਣੀ ਰਜ਼ਾ ਅਨੁਸਾਰ ਮਾਇਆ ਦੇ ਮੋਹ ਤੋਂ ਨਿਰਲੇਪ ਕਰ ਦਿੰਦਾ ਹੈ ਅਤੇ ਕਈ ਜੀਵਾਂ ਨੂੰ ਮਾਇਆ ਵਿਚ ਹੀ ਫਸਾਈ ਰੱਖਦਾ ਹੈ। ਇਹ ਗੱਲ ਬਿਆਨ ਕਰ ਸਕਣਾ ਮੁਸ਼ਕਿਲ ਹੈ ਕਿ ਕਰਤਾ ਪੁਰਖ ਰੱਬ ਕਿਸ ਦਾ ਬੇੜਾ ਪਾਰ ਲਾਉਂਦਾ ਹੈ। ਜਿਸ ‘ਤੇ ਮਿਹਰ ਕਰਦਾ ਹੈ, ਜਿਸ ਕਿਸਮਤ ਵਾਲੇ ਨੂੰ ਚਾਨਣ ਬਖ਼ਸ਼ਦਾ ਹੈ, ਉਸ ਨੂੰ ਗੁਰੂ ਰਾਹੀਂ ਇਸ ਗੱਲ ਦੀ ਸਮਝ ਪੈਂਦੀ ਹੈ ਅਰਥਾਤ ਉਸ ਦੇ ਹੁਕਮ ਨੂੰ ਸਮਝਣ ਲਈ ਗੁਰੂ ਦੀ ਲੋੜ ਪੈਂਦੀ ਹੈ, ਗੁਰੂ ਨਾਲ ਮਿਲਾਪ ਰੱਬ ਦੀ ਮਿਹਰ ਸਦਕਾ ਹੁੰਦਾ ਹੈ,
ਇਹੁ ਜਗੁ ਸਚੈ ਕੀ ਹੈ ਕੋਠੜੀ
ਸਚੇ ਕਾ ਵਿਚਿ ਵਾਸੁ॥
ਇਕਨ੍ਹਾ ਹੁਕਮਿ ਸਮਾਇ ਲਏ
ਇਕਨ੍ਹਾ ਹੁਕਮੇ ਕਰੇ ਵਿਣਾਸੁ॥
ਇਕਨ੍ਹਾ ਭਾਣੈ ਕਢਿ ਲਏ
ਇਕਨ੍ਹਾ ਮਾਇਆ ਵਿਚਿ ਨਿਵਾਸੁ॥
ਏਵ ਭਿ ਆਖਿ ਨ ਜਾਪeਂੀ
ਜਿ ਕਿਸੈ ਆਣੈ ਰਾਸਿ॥
ਨਾਨਕ ਗੁਰਮੁਖਿ ਜਾਣੀਐ
ਜਾ ਕਉ ਆਪਿ ਕਰੇ ਪਰਗਾਸੁ॥ (ਪੰਨਾ 463)
(ਚਲਦਾ)

Be the first to comment

Leave a Reply

Your email address will not be published.