ਚੰਡੀਗੜ੍ਹ: ਸਜ਼ਾ ਭੁਗਤ ਚੁੱਕੇ ਸਿੱਖ ਕੈਦੀਆਂ ਦੀ ਰਿਹਾਈ ਲਈ ਮਰਨ ਵਰਤ ‘ਤੇ ਬੈਠੇ ਭਾਈ ਗੁਰਬਖਸ਼ ਸਿੰਘ ਦੇ ਮਸਲੇ ਨੇ ਕਈ ਕਾਨੂੰਨੀ ਨੁਕਤਿਆਂ ‘ਤੇ ਚਰਚਾ ਛੇੜੀ ਹੈ। ਕਈ ਦਹਾਕੇ ਪਹਿਲਾਂ ਕੀਤੇ ਅਪਰਾਧਾਂ ਲਈ ਸਜ਼ਾ ਕੱਟ ਚੁੱਕੇ ਇਨ੍ਹਾਂ ਕੈਦੀਆਂ ਦਾ ਸੀਖਾਂ ਪਿੱਛੇ ਰਹਿਣਾ ਗ਼ੈਰਕਾਨੂੰਨੀ ਕਿਹਾ ਜਾ ਰਿਹਾ ਹੈ। ਪੰਜਾਬ ਵਿਚ ਉਮਰ ਕੈਦ ਦੀ ਸਜ਼ਾ ਨੂੰ ਦਿਨ ਤੇ ਰਾਤ ਦੀ ਗਿਣ ਕੇ 14 ਸਾਲਾਂ ਲਈ ਮੰਨਿਆ ਜਾਂਦਾ ਹੈ ਜਦਕਿ ਹਰਿਆਣਾ ਵਿਚ ਇਹ ਸਜ਼ਾ 20 ਸਾਲ ਲਈ ਮੰਨੀ ਜਾਂਦੀ ਹੈ।
ਸਜ਼ਾ ਦਾ ਸਮਾਂ ਪੂਰਾ ਹੋਣ ਮਗਰੋਂ ਕਿਸੇ ਵਿਅਕਤੀ (ਕੈਦੀ) ਦਾ ਸੀਖਾਂ ਪਿੱਛੇ ਰਹਿਣਾ ਉਦੋਂ ਤਕ ਗ਼ੈਰਕਾਨੂੰਨੀ ਹੈ ਜਦੋਂ ਤਕ ਅਦਾਲਤ ਨੇ ਸਪਸ਼ਟ ਨਾ ਕੀਤਾ ਹੋਵੇ ਕਿ ਉਮਰ ਕੈਦ ਦਾ ਅਰਥ ‘ਕੁਦਰਤੀ ਮੌਤ ਤਕ ਜੇਲ੍ਹ ਵਿਚ ਰਹਿਣਾ’ ਹੈ। ਭਾਈ ਗੁਰਬਖਸ਼ ਸਿੰਘ ਨੇ ਛੇ ਸਿੱਖ ਕੈਦੀਆਂ ਦੀ ਰਿਹਾਈ ਦੀ ਮੰਗ ਸੰਘਰਸ਼ ਵਿੱਢਿਆ ਹੈ। ਉਹ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦੇ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਕੱਟ ਚੁੱਕੇ ਲਖਵਿੰਦਰ ਸਿੰਘ, ਗੁਰਮੀਤ ਸਿੰਘ ਤੇ ਸ਼ਮਸ਼ੇਰ ਸਿੰਘ ਦੀ ਰਿਹਾਈ ਦੀ ਮੰਗ ਰਹੇ ਹਨ।
ਤਿੰਨਾਂ ਨੂੰ 2007 ਵਿਚ ਹੇਠਲੀ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਸੀ ਜਿਸ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਡਿਵੀਜ਼ਨ ਬੈਂਚ ਨੇ ਅਕਤੂਬਰ 2010 ਵਿਚ ਬਹਾਲ ਰੱਖਿਆ ਸੀ। ਬੈਂਚ ਦੀ ਅਗਵਾਈ ਕਰਨ ਵਾਲੇ ਜਸਟਿਸ ਮਹਿਤਾਬ ਸਿੰਘ ਗਿੱਲ ਨੇ ਸਪਸ਼ਟ ਕਿਹਾ ਹੈ ਕਿ ਸਜ਼ਾ ਪੂਰੀ ਕਰਨ ਤੋਂ ਬਾਅਦ ਤਿੰਨੇ ਵਿਅਕਤੀ ਗੈਰਕਾਨੂੰਨੀ ਹਿਰਾਸਤ ਵਿਚ ਹਨ। ਉਨ੍ਹਾਂ ਕਿਹਾ ਕਿ ਤਿੰਨ ਜਣੇ 18 ਸਾਲਾਂ ਤੋਂ ਜੇਲ੍ਹ ਵਿਚ ਬੰਦ ਹਨ ਜਦਕਿ ਪੰਜਾਬ ਵਿਚ ਉਮਰ ਕੈਦ ਦਾ ਅਰਥ 14 ਸਾਲ ਦੀ ਕੈਦ ਹੈ।
ਸਵਾਮੀ ਸ਼ਰਧਾਨੰਦ ਉਰਫ ਮੁਰਲੀ ਮਨੋਹਰ ਮਿਸ਼ਰਾ ਬਨਾਮ ਕਰਨਾਟਕ ਸਰਕਾਰ ਮਾਮਲੇ ਵਿਚ ਸੁਪਰੀਮ ਕੋਰਟ ਦੇ ਫੈਸਲੇ ਦਾ ਹਵਾਲਾ ਦਿੰਦਿਆਂ ਜਸਟਿਸ ਗਿੱਲ ਨੇ ਕਿਹਾ ਕਿ ਦੋਸ਼ੀਆਂ ਦੀ ਬਾਕੀ ਦੀ ਉਮਰ ਲਈ ਰਿਹਾਈ ਖਿਲਾਫ ਅਦਾਲਤਾਂ ਆਦੇਸ਼ ਦੇ ਸਕਦੀਆਂ ਹਨ ਪਰ ਤਿੰਨਾਂ ਜਣਿਆਂ ਦੇ ਮਾਮਲੇ ਵਿਚ ਹੇਠਲੀ ਅਦਾਲਤ ਨੇ ਅਜਿਹਾ ਕੋਈ ਆਦੇਸ਼ ਨਹੀਂ ਦਿੱਤਾ ਸੀ। ਜਸਟਿਸ ਗਿੱਲ ਨੇ ਦੱਸਿਆ ਕਿ ਸੀæਬੀæਆਈæ ਵੱਲੋਂ ਵੀ ਸਜ਼ਾ ਵਿਚ ਵਾਧੇ ਬਾਰੇ ਕੋਈ ਮੰਗ ਨਹੀਂ ਕੀਤੀ ਗਈ ਸੀ ਜਿਸ ਤੋਂ ਸਪਸ਼ਟ ਹੈ ਕਿ ਤਿੰਨਾਂ ਲਈ ਕੁਦਰਤੀ ਮੌਤ ਤਕ ਕੈਦ ਦੀ ਮੰਗ ਨਹੀਂ ਕੀਤੀ ਗਈ ਸੀ।
ਪੰਜਾਬ ਦੇ ਸਾਬਕਾ ਡੀæਜੀæਪੀæ (ਜੇਲ੍ਹਾਂ) ਸ਼ਸ਼ੀ ਕਾਂਤ ਨੇ ਕਿਹਾ ਕਿ ਸਜ਼ਾ ਪੂਰੀ ਹੋਣ ‘ਤੇ ਕੈਦੀ ਨੂੰ ਰਿਹਾਅ ਕੀਤਾ ਜਾਣਾ ਚਾਹੀਦਾ ਹੈ ਤੇ ਉਸ ਨੂੰ ਗ਼ੈਰਕਾਨੂੰਨੀ ਢੰਗ ਨਾਲ ਸੀਖਾਂ ਪਿੱਛੇ ਨਹੀਂ ਰੱਖਿਆ ਜਾ ਸਕਦਾ। ਮਨੁੱਖੀ ਅਧਿਕਾਰਾਂ ਬਾਰੇ ਕਾਰਕੁਨ ਤੇ ਵਕੀਲ ਅਮਰ ਸਿੰਘ ਚਾਹਲ ਨੇ ਵੀ ਸਜ਼ਾ ਦਾ ਸਮਾਂ ਮੁਕੰਮਲ ਹੋਣ ਮਗਰੋਂ ਜੇਲ੍ਹ ਵਿਚ ਰੱਖਣ ਦਾ ਵਿਰੋਧ ਕਰਦਿਆਂ ਕਿਹਾ ਕਿ ਸਜ਼ਾ ਕੱਟ ਚੁੱਕੇ ਸਾਬਕਾ ਖਾੜਕੂਆਂ ਦੀ ਰਿਹਾਈ ਲਈ ਉਹ ਕਈ ਵਾਰ ਮੰਗ ਕਰ ਚੁੱਕੇ ਹਨ ਪਰ ਸਰਕਾਰ ਨੇ ਕਦੇ ਗ਼ੌਰ ਨਹੀਂ ਕੀਤਾ।
_____________________________________________
ਜੇਲ੍ਹਾਂ ਵਿਚ ਬੰਦ ਸਿੱਖਾਂ ਦੀ ਰਿਹਾਈ ਲਈ ਸੰਘਰਸ਼ ਤੇਜ਼
ਮੁਹਾਲੀ: ਪੰਜਾਬ ਸਮੇਤ ਦੇਸ਼ ਦੀਆਂ ਜੇਲ੍ਹਾਂ ਵਿਚ ਨਜ਼ਰਬੰਦ ਸਿੱਖ ਨੌਜਵਾਨਾਂ ਦੀ ਤੁਰੰਤ ਰਿਹਾਈ ਦੀ ਮੰਗ ਨੂੰ ਲੈ ਕੇ ਸਿੱਖ ਸੰਗਤ ਵੱਲੋਂ ਸੰਘਰਸ਼ ਜਾਰੀ ਹੈ। ਮੁਹਾਲੀ ਸਥਿਤ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਵਿਚ ਕੀਤੇ ਜਾ ਰਹੇ ਸੰਘਰਸ਼ ਨੂੰ ਦੇਖਦਿਆਂ ਪ੍ਰਸ਼ਾਸਨ ਦੀ ਨੀਂਦ ਉੱਡੀ ਹੋਈ ਹੈ। ਪੰਜਾਬ ਸਰਕਾਰ ਨੇ ਭਾਵੇਂ ਸਖਤੀ ਵਰਤਣੀ ਚਾਹੀ ਪਰ ਸਿੱਖ ਜਥੇਬੰਦੀਆਂ ਦੇ ਰੋਹ ਅੱਗੇ ਸਰਕਾਰ ਵੀ ਢਿੱਲੀ ਪੈ ਗਈ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਬੇਅੰਤ ਸਿੰਘ ਹੱਤਿਆ ਕਾਂਡ ਸਮੇਤ ਹੋਰ ਕੇਸਾਂ ਵਿਚ ਪੰਜਾਬ ਸਮੇਤ ਦੇਸ਼ ਦੀਆਂ ਜੇਲ੍ਹਾਂ ਵਿਚ ਨਜ਼ਰਬੰਦ ਸਿੱਖ ਨੌਜਵਾਨਾਂ ਦੀ ਤੁਰੰਤ ਰਿਹਾਈ ਦੀ ਮੰਗ ਨੂੰ ਲੈ ਕੇ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਵਿਚ 23 ਦਿਨ ਤੱਕ ਮਰਨ ਵਰਤ ‘ਤੇ ਬੈਠੇ ਰਹੇ ਹਰਿਆਣਾ ਦੇ ਗਰਮਖਿਆਲੀ ਆਗੂ ਭਾਈ ਗੁਰਬਖ਼ਸ਼ ਸਿੰਘ ਖਾਲਸਾ ਨੂੰ ਪੁਲਿਸ ਜਬਰੀ ਚੁੱਕ ਕੇ ਹਸਪਤਾਲ ਲੈ ਗਈ ਸੀ।
ਇਸ ਮਗਰੋਂ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਜਮਾਲਪੁਰ ਦੇ ਗੁਰਸਿੱਖ ਨੌਜਵਾਨ ਦਮਨਦੀਪ ਸਿੰਘ ਖਾਲਸਾ ਨੂੰ ਮਰਨ ਵਰਤ ‘ਤੇ ਬਿਠਾਇਆ ਗਿਆ। ਪੁਲਿਸ ਨੇ ਬਾਅਦ ਵਿਚ ਉਨ੍ਹਾਂ ਖ਼ਿਲਾਫ਼ ਧਾਰਾ 107/151 ਅਧੀਨ ਕੇਸ ਦਰਜ ਕਰਕੇ ਉਸ ਨੂੰ ਨਿਆਂਇਕ ਹਿਰਾਸਤ ਅਧੀਨ ਰੂਪਨਗਰ ਜੇਲ੍ਹ ਭੇਜ ਦਿੱਤਾ ਗਿਆ। ਭਾਈ ਗੁਰਬਖ਼ਸ਼ ਸਿੰਘ ਨੇ ਰੂਪਨਗਰ ਜੇਲ੍ਹ ਦੇ ਹਸਪਤਾਲ ਵਿਚ ਮੁੜ ਮਰਨ ਵਰਤ ਸ਼ੁਰੂ ਕਰ ਦਿੱਤਾ ਜਿਸ ਕਾਰਨ ਜੇਲ੍ਹ ਪ੍ਰਸ਼ਾਸਨ ਦੀ ਨੀਂਦ ਉੱਡ ਗਈ ਹੈ। ਇਸ ਨੂੰ ਵੇਖਦਿਆਂ ਉਨ੍ਹਾਂ ਨੂੰ 9 ਨਵੰਬਰ ਨੂੰ ਰਿਹਾਅ ਕਰ ਦਿੱਤਾ ਗਿਆ ਤੇ ਪੀæਆਈæਜੀæ ਦਾਖ਼ਲ ਕਰਵਾਇਆ ਗਿਆ।
ਉਧਰ, ਸ਼ਹੀਦ ਭਾਈ ਫੌਜਾ ਸਿੰਘ ਟਰੱਸਟ ਅੰਮ੍ਰਿਤਸਰ ਦੀ ਬੀਬੀ ਮਨਜੀਤ ਕੌਰ, ਜਸਵੰਤ ਸਿੰਘ ਸ੍ਰੀ ਮੁਕਤਸਰ ਸਾਹਿਬ ਤੇ ਚੰਡੀਗੜ੍ਹ ਦੇ ਤਿੰਨ ਨੌਜਵਾਨ ਇੰਦਰਪਾਲ ਸਿੰਘ, ਹਰਦੀਪ ਸਿੰਘ ਤੇ ਹਰਪ੍ਰੀਤ ਸਿੰਘ ਮਰਨ ਵਰਤ ‘ਤੇ ਬੈਠ ਗਏ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਆਗੂ ਹਰਪਾਲ ਸਿੰਘ ਚੀਮਾ, ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਤੇ ਭਾਈ ਕੰਵਰਪਾਲ ਸਿੰਘ ਬਿੱਟੂ ਨੇ ਪੁਲਿਸ ਕਾਰਵਾਈ ਦੀ ਸਖ਼ਤ ਨਿਖੇਧੀ ਕੀਤੀ। ਉਨ੍ਹਾਂ ਦੱਸਿਆ ਕਿ ਰਾਤ ਕਰੀਬ 12 ਵਜੇ ਪੰਜਾਬ ਪੁਲਿਸ ਦੇ ਅਧਿਕਾਰੀ ਤੇ ਕਰਮਚਾਰੀ ਸਿਵਲ ਕੱਪੜਿਆਂ ਵਿਚ ਆਏ। ਉਨ੍ਹਾਂ ਦੇ ਹੱਥਾਂ ਵਿਚ ਕੇਸਰੀ ਝੰਡੇ ਫੜੇ ਹੋਏ ਸਨ ਜਿਨ੍ਹਾਂ ਦਾ ਕਹਿਣਾ ਸੀ ਕਿ ਉਹ ਭਾਈ ਗੁਰਬਖ਼ਸ਼ ਸਿੰਘ ਨੂੰ ਮਿਲਣ ਆਏ ਹਨ।
ਉਥੇ ਮੌਜੂਦ ਸੰਗਤ ਨੇ ਆਖਿਆ ਕਿ ਖਾਲਸਾ ਜੀ ਆਰਾਮ ਕਰ ਰਹੇ ਹਨ ਤੇ ਉਨ੍ਹਾਂ ਨੂੰ ਸਵੇਰੇ ਆ ਕੇ ਮਿਲ ਲੈਣਾ। ਇਹ ਗੱਲ ਸੁਣ ਕੇ ਪੁਲਿਸ ਨੇ ਜ਼ਬਰਦਸਤੀ ਉਨ੍ਹਾਂ ਨੂੰ ਚੁੱਕ ਲਿਆ। ਇਸ ਦੌਰਾਨ ਹਾਜ਼ਰ ਸਿੱਖ ਆਗੂਆਂ ਤੇ ਸੰਗਤ ਦੀ ਪੁਲਿਸ ਨਾਲ ਮਾਮੂਲੀ ਝੜਪ ਵੀ ਹੋਈ ਪਰ ਪੁਲੀਸ ਵੱਡੀ ਤਾਦਾਦ ਵਿਚ ਹੋਣ ਕਾਰਨ ਉਨ੍ਹਾਂ ਦੀ ਇਕ ਨਹੀਂ ਚੱਲੀ। ਪੁਲੀਸ ਨੇ ਸਰਕਾਰੀ ਹਸਪਤਾਲ ਵਿਚ ਵੀ ਪਹਿਲਾਂ ਹੀ ਬੈਰੀਕੇਡ ਲਾ ਕੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ।
Leave a Reply