ਮੇਜਰ ਕੁਲਾਰ ਬੋਪਾਰਾਏ ਕਲਾਂ
ਫੋਨ: 916-273-2856
ਪਖੰਡੀ ਸਾਧਾਂ-ਸੰਤਾਂ ਪ੍ਰਤੀ ਮੇਰੀ ਅਕਲ ਅਤੇ ਸ਼ਰਧਾ ਦਾ ਘੇਰਾ ਹਮੇਸ਼ਾ ਤੰਗ ਹੀ ਰਿਹਾ ਹੈ। ਮੈਂ ਇਨ੍ਹਾਂ ਤੋਂ ਇੰਨਾ ਡਰਦਾ ਹਾਂ, ਜਿੰਨਾ ਕੋਈ ਪੁਲਿਸ ਦੀ ਨਾਜਾਇਜ਼ ਪਈ ਰੇਡ ਤੋਂ। ਕਈ ਵਾਰ ਗੱਲਾਂ ਵਿਚੋਂ ਗੱਲ ਚਲਦੀ ਹੈ ਕਿ ਤੁਸੀਂ ਕਿਹੜੇ ਸੰਤਾਂ ਨੂੰ ਮੰਨਦੇ ਹੋ? ਜਾਂ ਕਿਹੜੇ ਡੇਰੇ ਜਾਂਦੇ ਹੋ? ਅਜਿਹੇ ਸਵਾਲ ਸੁਣ ਕੇ ਹੈਰਾਨੀ ਹੁੰਦੀ ਹੈ ਕਿ ਪੜ੍ਹੇ-ਲਿਖੇ ਸੱਜਣਾਂ ਤੇ ਬੀਬੀਆਂ ਦੀ ਅਕਲ ਕਿਉਂ ਸਾਧਾਂ ਦੇ ਡੇਰਿਆਂ ਦੇ ਗਹਿਣੇ ਪੈ ਗਈ ਹੈ? ਇਨ੍ਹਾਂ ਨੂੰ ਅਕਲ ਕਦੋਂ ਆਵੇਗੀ ਕਿ ਸਾਡਾ ਗੁਰੂ, ਗੁਰੂ ਗ੍ਰੰਥ ਸਾਹਿਬ ਹੈ। ਸਿੱਖ ਨੂੰ ਆਪਣਾ ਸਿਰ ਕਿਸੇ ਡੇਰੇ ‘ਤੇ ਨਹੀਂ, ਗੁਰੂ ਗ੍ਰੰਥ ਸਾਹਿਬ ਅੱਗੇ ਝੁਕਾਉਣਾ ਚਾਹੀਦਾ ਹੈ। ਕਸੂਰ ਪਖੰਡੀ ਸਾਧਾਂ-ਸੰਤਾਂ ਦਾ ਨਹੀਂ, ਵਹੀਰਾਂ ਘੱਤ ਕੇ ਉਥੇ ਜਾ ਰਹੇ ਲੋਕਾਂ ਦਾ ਹੈ। ਮਹੀਨਾ ਪਹਿਲਾਂ ਵਾਪਰੀ ਘਟਨਾ ਦਾ ਜ਼ਿਕਰ ਕਰਨ ਤੋਂ ਪਹਿਲਾਂ ਹੱਡ-ਬੀਤੀ ਸੁਣਾ ਦਿਆਂæææ
ਸੋਲਾਂ ਸਾਲ ਪਹਿਲਾਂ ਮੈਂ ਵਿਦੇਸ਼ ਦੇ ਚੱਕਰਾਂ ਵਿਚ ਤੁਰਿਆ ਫਿਰਦਾ ਸਾਂ। ਇਕ ਦਿਨ ਏਜੰਟ ਕਹਿੰਦਾ, ਬਈ ਤੁਹਾਡਾ ਕੰਮ ਬਣ ਗਿਆ, ਦਿੱਲੀ ਆ ਜਾਓ। ਮੈਂ ਘਰੇ ਸਾਰਿਆਂ ਨੂੰ ਫਤਿਹ ਬੁਲਾ ਕੇ ਦਿੱਲੀ ਰਵਾਨਾ ਹੋ ਗਿਆ। ਦਿੱਲੀ ਸਾਡੀ ਫਲਾਈਟ ਢਿੱਲੀ ਹੁੰਦੀ ਗਈ ਤੇ ਪਹਾੜਗੰਜ ਦੋ ਮਹੀਨੇ ਰੁਕੇ ਰਹੇ। ਜਦੋਂ ਕੰਮ ਨਾ ਬਣਿਆ ਤਾਂ ਪਿੰਡ ਵਾਪਸ ਆਉਣਾ ਪਿਆ। ਘਰ ਆਇਆ ਤਾਂ ਆਪਣਾ ਸਮਾਨ ਕਮਰੇ ਵਿਚ ਰੱਖਣ ਗਿਆ ਤਾਂ ਦੇਖਿਆ, ਅਲਮਾਰੀ ਵਿਚ ਦੇਸੀ ਘਿਉ ਦੀ ਜੋਤ ਜਗ ਰਹੀ ਹੈ। ਕੋਲ ਵੇਰਕਾ ਦੇਸੀ ਘਿਉ ਦਾ ਡੱਬਾ ਪਿਆ ਹੈ। ਮੈਂ ਝੱਟ ਘਰਵਾਲੀ ਨੂੰ ਜੋਤ ਪ੍ਰਗਟ ਹੋਣ ਬਾਰੇ ਪੁੱਛਿਆ। ਉਹ ਬੋਲੀ, ‘ਜੀ ਮੈਨੂੰ ਨਹੀਂ ਪਤਾ, ਤੁਸੀਂ ਬੀਬੀ ਨਾਲ ਗੱਲ ਕਰੋ।’ ਪੁੱਛਣ ‘ਤੇ ਬੀਬੀ ਨੇ ਦੱਸਿਆ ਕਿ ਜਦੋਂ ਮੈਂ ਦਿੱਲੀ ਸਾਂ ਤੇ ਕੰਮ ਨਹੀਂ ਸੀ ਬਣਦਾ, ਉਨ੍ਹੀਂ ਦਿਨੀਂ ਸਾਡੇ ਪਿੰਡ ਪੁੱਛਾਂ ਦੇਣ ਵਾਲਾ ਪੈਦਾ ਹੋ ਗਿਆ। ਕਿਸੇ ਨੇ ਬੀਬੀ ਨੂੰ ਕਿਹਾ ਕਿ ‘ਭੈਣ ਜੀ! ਤੁਸੀਂ ਵੀ ਬਾਬਾ ਜੀ ਨੂੰ ਪੁੱਛ ਲਵੋ, ਮੁੰਡੇ ਦਾ ਕੰਮ ਕਦੋਂ ਬਣੂੰਗਾ।’ ਬੀਬੀ ਗਈ ਤਾਂ ਬਾਬੇ ਨੇ ਕਿਹਾ ਕਿ ‘ਇਕ ਮਹੀਨੇ ਵਿਚ ਤੇਰਾ ਪੁੱਤ ਇਟਲੀ ਬੈਠਾ ਹੋਊ, ਤੁਸੀਂ ਪੀਰ ਦੀ ਜੋਤ ਲਾਇਆ ਕਰੋ।’ ਤੇ ਬੀਬੀ ਨੇ ਜੋਤ ਲਾਉਣੀ ਸ਼ੁਰੂ ਕਰ ਦਿੱਤੀ।
ਜਿਹੜਾ ਬਾਬਾ ਪ੍ਰਗਟ ਹੋਇਆ ਸੀ, ਉਹ ਬੀੜੀਆਂ ਸਿਗਰਟਾਂ ਤੇ ਸ਼ਰਾਬ ਪੀਂਦਾ ਸੀ। ਮੈਨੂੰ ਬਾਬੇ ਅਤੇ ਬੀਬੀ-ਦੋਹਾਂ ‘ਤੇ ਹੀ ਗੁੱਸਾ ਆ ਰਿਹਾ ਸੀ। ਪਹਿਲਾਂ ਫੂਕ ਮਾਰ ਕੇ ਜੋਤ ਬੁਝਾਈ, ਫਿਰ ਦੇਸੀ ਘਿਉ ਚੁੱਕ ਕੇ ਰਸੋਈ ਵਿਚ ਰੱਖ ਦਿੱਤਾ। ਫਿਰ ਸਿੱਧਾ ਗਿਆ ਨਵੇਂ ਬਣੇ ਬਾਬੇ ਕੋਲ। ਉਹ ਤਿੰਨ-ਚਾਰ ਬੀਬੀਆਂ ਵਿਚਾਲੇ ਬੈਠਾ ਸੀ। ਮੈਂ ਜਾਂਦਿਆਂ ਹੀ ਕਿਹਾ ਕਿ ‘ਕਿੰਨੇ ਪੈਸੇ ਲਏ ਨੇ ਬੀਬੀ ਤੋਂ ਜੋਤ ਸ਼ੁਰੂ ਕਰਵਾਉਣ ਲਈ।’
ਪਹਿਲਾਂ ਤਾਂ ਉਹ ਗਰਮ ਹੋਇਆ ਪਰ ਮੇਰੇ ਹੱਥ ਵਿਚ ਉਸ ਦਾ ਇਕ ਬਟਨ ਸੀ ਜਿਸ ਨਾਲ ਉਹ ਇਕ ਦਮ ਠੰਢਾ ਹੋ ਗਿਆ ਤੇ ਮੈਨੂੰ ਦੋ ਸੌ ਰੁਪਏ ਵਾਪਸ ਕਰ ਦਿੱਤੇ। ਮੈਂ ਬੀਬੀ ਨੂੰ ਕਿਹਾ ਕਿ ‘ਜੋਤਾਂ ਵਾਲੇ ਬਾਬੇ ਨੇ ਇਟਲੀ ਤਾਂ ਭੇਜਿਆ ਨਹੀਂ ਪਰ ਵਾਪਸ ਪਿੰਡ ਜ਼ਰੂਰ ਮੰਗਾ ਲਿਆ।’ ਫਿਰ ਮੇਰੀ ਜਦੋਜਹਿਦ ਜਾਰੀ ਰਹੀ ਤੇ ਮੈਂ ਅਗਲੇ ਸਾਲ ਅਮਰੀਕਾ ਆ ਗਿਆ।
ਹੁਣ ਜ਼ਿਕਰ ਕਰਦਾ ਹਾਂ, ਪਿਛਲੇ ਮਹੀਨੇ ਵਾਲੀ ਘਟਨਾ ਦਾ। ਇਕ ਪਾਠਕ ਮਾਤਾ ਮੈਨੂੰ ਬਹੁਤ ਪਿਆਰ ਕਰਦੀ ਹੈ। ਉਸ ਦਾ ਆਪਣਾ ਪੁੱਤਰ ਵੀ ਮੇਰਾ ਹਾਣੀ ਹੈ। ਇਕ ਧੀ ਹੈ ਜਿਸ ਕੋਲ ਮਾਤਾ ਰਹਿੰਦੀ ਹੈ। ਇਕ ਦਿਨ ਸਵੇਰੇ ਹੀ ਮਾਤਾ ਦਾ ਫੋਨ ਆਇਆ ਤੇ ਮਿਸ਼ਰੀ ਵਰਗੇ ਬੋਲਾਂ ਨਾਲ ਕਿਹਾ, “ਪੁੱਤ! ਆਪਣੇ ਘਰ ਅੱਜ ਸੰਤੋਖਸਰੀਏ ਸੰਤਾਂ ਨੇ ਆਉਣਾ ਹੈ। ਤੂੰ ਵੀ ਪਹੁੰਚ ਜਾਵੀਂ। ਸੰਤ ਜਾਣੀ-ਜਾਣ ਨੇ, ਕ੍ਰਿਪਾ ਕਰਨਗੇ।” ਸੰਤ ਦੇ ਨਾਂ ਤੋਂ ਮੈਂ ਘਬਰਾਇਆ। ਉਂਜ ਜਦੋਂ ‘ਸੰਤੋਖਸਰੀਏ’ ਨਾਂ ਸੁਣਿਆ ਤਾਂ ਮਨ ਵਿਚ ਤਸੱਲੀ ਹੋਈ, ਕਲਯੁੱਗ ਵਿਚ ਵੀ ਕੋਈ ਸੰਤੋਖ ਵਾਲਾ ਸੰਤ ਹੈ। ਸ਼ਾਮ ਨੂੰ ਜਾਣ ਦਾ ਪ੍ਰੋਗਰਾਮ ਬਣਾ ਲਿਆ।
ਸ਼ਾਮੀ ਜਦੋਂ ਤੁਰਨ ਲੱਗਿਆ, ਫੋਨ ਫਿਰ ਵੱਜਿਆ ਤੇ ਮਾਤਾ ਬੋਲੀ, “ਪੁੱਤ, ਆਉਣ ਲੱਗਿਆ ਸੇਬ ਵਾਲੇ ਫੋਨ ਦਾ ਭਾਅ ਪਤਾ ਕਰ ਕੇ ਆਈਂ।” ਮੈਂ ‘ਸੱਤ ਬਚਨ’ ਕਹਿ ਕੇ ਤੁਰ ਪਿਆ ਤੇ ਸੋਚਿਆ, ‘ਮਾਤਾ ਨੇ ਫੋਨ ਤਾਂ ਕੀ ਕਰਨਾ ਹੋਊ। ਜ਼ਰੂਰ ਸੰਤੋਖਸਰੀਏ ਸੰਤ ਨੂੰ ਖਰੀਦ ਕੇ ਦੇਣਾ ਹੋਊ ਕਿਉਂਕਿ ਸੰਤ ਬਾਹਰਲੇ ਫੋਨਾਂ ਦੇ ਬੜੇ ਸ਼ੌਕੀਨ ਹਨ।’ ਮਾਤਾ ਦੇ ਘਰ ਪਹੁੰਚਿਆ ਤਾਂ ਦੇਖਿਆ, ਸੰਤ ਸੋਫੇ ‘ਤੇ ਚੌਂਕੜਾ ਮਾਰ ਕੇ ਬੈਠਾ ਹੈ ਤੇ ਕਿਸੇ ਨਾਲ ਫੋਨ ‘ਤੇ ਗੱਲਾਂ ਕਰ ਰਿਹਾ ਹੈ। ਪੰਜ ਸੱਤ ਬੀਬੀਆਂ ਤੇ ਚਾਰ ਪੰਜ ਬੰਦੇ ਥੱਲੇ ਬੈਠੇ ਹੱਥ ਜੋੜੀ ਸੰਤ ਵੱਲ ਦੇਖ ਰਹੇ ਸਨ। ਮਾਤਾ ਮੈਨੂੰ ਬੂਹੇ ‘ਤੇ ਹੀ ਮਿਲ ਪਈ, “ਪੁੱਤ ਆ ਗਿਆ। ਜਾਹ, ਸ਼ਰਧਾ ਮੁਤਾਬਕ ਮੱਥਾ ਟੇਕ ਦੇ।” ਮਾਤਾ ਨੇ ਪਿਆਰ ਨਾਲ ਕਿਹਾ। ਮੈਂ ਖੜ੍ਹਾ ਦੇਖਦਾ ਰਿਹਾ ਕਿ ਇਹ ਸੰਤ ਫੋਨ ਦਾ ਖਹਿੜਾ ਕਦੋਂ ਛੱਡਦਾ ਹੈ? ਸੰਤ ਫੋਨ ਤੋਂ ਹਟਿਆ ਤਾਂ ਮੈਂ ਅਗਾਂਹ ਵਧਿਆ। ਸੰਤ ਮੰਗਣੇ ਵਾਲੇ ਮੁੰਡੇ ਵਾਂਗ ਆਪਣਾ ਹਜੂਰੀਆ ਬੁੱਕਲ ਵਿਚ ਵਿਛਾਈ ਬੈਠਾ ਸੀ। ਮੈਂ ਫਤਿਹ ਬੁਲਾਈ ਤੇ ਸਭ ਦਾ ਧਿਆਨ ਆਪਣੇ ਵੱਲ ਖਿਚਿਆ; ਬਿਨਾਂ ਮਾਇਆ ਦੇ ਮੱਥਾ ਫਤਿਹ ਦਾ ਹੀ ਟੇਕਿਆ। ਬੈਠਣ ਲੱਗੇ ਨੇ ਸੰਤ ਦੀ ਝੋਲੀ ਵੱਲ ਨਿਗ੍ਹਾ ਮਾਰੀ ਤਾਂ ਉਹ ਸੰਤੋਖਸਰੀਆ ਨਹੀਂ, ਮਾਇਆਧਾਰੀ ਜਾਪਿਆ। ਖ਼ੈਰ! ਮੈਂ ਵੀ ਬੈਠ ਗਿਆ। ਸੰਤ ਦੇ ਲਾਗੇ ਇਕ ਬੀਬੀ ਹੋਰ ਬੈਠੀ ਸੀ ਜੋ ਲੱਡੂਆਂ ਦਾ ਜੋੜਾ ਦੇ ਰਹੀ ਸੀ।
ਇਕ ਗੁਰਮੁੱਖ ਬੰਦਾ ਸੰਤ ਅੱਗੇ ਹੋਇਆ ਤੇ ਬੋਲਿਆ, “ਮਹਾਂ ਪੁਰਸ਼ੋ, ਮੇਰੇ ਤਿੰਨ ਟਰੱਕ ਹਨ।
ਕਮਾਈ ਵਧੀਆ ਹੁੰਦੀ ਹੈ ਪਰ ਟਰੱਕਾਂ ਦਾ ਨੁਕਸਾਨ ਬਹੁਤ ਹੁੰਦਾ ਹੈ। ਸਾਰੀ ਕਮਾਈ ਮੁਰੰਮਤ ਵਿਚ ਚਲੀ ਜਾਂਦੀ ਹੈ। ਕੋਈ ਉਪਾਅ ਦੱਸੋ।”
“ਕਦੇ ਸਹਿਜ ਪਾਠ ਜਾਂ ਅਖੰਡ ਪਾਠ ਕਰਵਾਇਆ ਹੈ ਘਰ ਜਾਂ ਗੁਰਦੁਆਰੇ ਵਿਚ?” ਸੰਤ ਨੇ ਮਾਲਾ ਦਾ ਮਣਕਾ ਅੰਗੂਠੇ ਤੇ ਉਂਗਲੀ ਦੇ ਵਿਚਕਾਰੋਂ ਲੰਘਾਉਂਦਿਆਂ ਗੁਰਮੁੱਖ ਨੂੰ ਪੁੱਛਿਆ।
“ਹਾਂ ਜੀ। ਦੋਵੇਂ ਪਾਠ ਕਰਵਾਏ ਹਨ।” ਗੁਰਮੁੱਖ ਦੇ ਹੱਥ ਸਾਰੀ ਸ਼ਰਧਾ ਇਕੱਠੀ ਕਰ ਕੇ ਜੁੜੇ ਹੋਏ ਸਨ।
“ਕਦੇ ਸੰਪਟ ਪਾਠ ਨਹੀਂ ਕਰਵਾਇਆ?” ਸੰਤ ਨੇ ਸ਼ਨੀਲ ਦੇ ਰੁਮਾਲ ਨਾਲ ਮੂੰਹ ਸਾਫ਼ ਕਰਦਿਆਂ ਪੁੱਛਿਆ।
“ਨਹੀਂ ਜੀ। ਐਵਂੇ ਝੂਠ ਬੋਲਣ ਦਾ ਕੀ ਫਾਇਦਾ!”
“ਤੁਹਾਨੂੰ ਸੰਪਟ ਪਾਠ ਕਰਵਾਉਣਾ ਚਾਹੀਦਾ ਹੈ ਜਿਸ ਨਾਲ ਤੁਹਾਡਾ ਨੁਕਸਾਨ ਹੋਣੋਂ ਹਟ ਜਾਊ।” ਸੰਤ ਨੇ ਜਿਵੇਂ ਮੁਰਗੀ ਖੁੱਡੇ ਤਾੜ ਲਈ ਹੋਵੇ।
“ਜੀ ਕਰਵਾ ਦਿਆਂਗੇ।” ਗੁਰਮੁੱਖ ਨੇ ਹਾਮੀ ਭਰੀ।
“ਅਸੀਂ ਉਥੇ ਸੰਪਟ ਪਾਠ ਕਰਦੇ ਹਾਂ। ਸਾਡੇ ਕੋਲ ਤਿਆਰ-ਬਰ-ਤਿਆਰ ਪਾਠੀ ਸਿੰਘ ਹਨ। ਤੁਸੀਂ ਪਾਠ ਦੀ ਭੇਟਾ ਤੇ ਆਪਣਾ ਨਾਂ ‘ਬਾਬਾ ਰਾਣੀ’ ਨੂੰ ਲਿਖਵਾ ਦੇਵੋ।”
“ਸੱਤ ਬਚਨ” ਕਹਿੰਦਿਆਂ ਗੁਰਮੁਖ ਨੇ ਨਾਂ ਲਿਖਾਇਆ ਤੇ ਗਿਆਰਾਂ ਸੌ ਡਾਲਰ ‘ਬਾਬਾ ਰਾਣੀ’ ਨੂੰ ਫੜਾ ਦਿੱਤਾ। ਨਾਲ ਹੀ ਲੱਡੂਆਂ ਦਾ ਜੋੜਾ ਲੈ ਕੇ ਮਾਤਾ ਜੀ ਨਾਲ ਗੱਲੀਂ ਲੱਗਦਾ ਬਾਹਰ ਨੂੰ ਨਿਕਲ ਤੁਰਿਆ।
ਅਗਲੀ ਵਾਰੀ ਇਕ ਬੀਬੀ ਦੀ ਆ ਗਈ, ਬੋਲੀ, “ਮਹਾਂ ਪੁਰਸ਼ੋ! ਮੇਰਾ ਪਤੀ ਸ਼ਰਾਬ ਬਹੁਤ ਪੀਂਦਾ ਹੈ। ਕੰਮ ‘ਤੇ ਵੀ ਲੰਗੇ ਡੰਗ ਜਾਂਦਾ ਹੈ, ਮੈਂ ਬਹੁਤ ਦੁਖੀ ਹਾਂ। ਮਾਨਸਿਕ ਤੌਰ ‘ਤੇ ਵੀ, ਤੇ ਆਰਥਿਕ ਤੌਰ ‘ਤੇ ਵੀ। ਮੈਨੂੰ ਇਸ ਅਵਸਥਾ ਵਿਚੋਂ ਕੱਢੋ।” ਬੀਬੀ ਦੀਆਂ ਅੱਖਾਂ ਵਿਚ ਦੁੱਖ ਦੇ ਹੰਝੂ ਛਲਕ ਰਹੇ ਸਨ।
“ਪਾਠ ਕਰਦੀ ਹੈਂ ਕਿ ਨਹੀਂ? ਕਦੇ ਅਖੰਡ ਪਾਠ ਕਰਵਾਇਆ?” ਸੰਤ ਨੇ ਬੀਬੀ ਦੇ ਸਿਰ ‘ਤੇ ਹੱਥ ਰੱਖਿਆ।
“ਨਹੀਂ ਜੀ।” ਸੰਤ ਦੇ ਭਾਰੀ ਹੱਥ ਨੇ ਬੀਬੀ ਦੇ ਅੱਖਾਂ ਵਿਚਲੇ ਹੰਝੂ ਬਾਹਰ ਕੱਢ ਦਿੱਤੇ।
“ਚੰਗਾ ‘ਬਾਬਾ ਰਾਣੀ’ ਕੋਲ ਨਾਂ ਲਿਖਵਾ ਤੇ ਭੇਟਾ ਦੇਹ। ਤੇਰੇ ਸਾਰੇ ਕਸ਼ਟ ਦੂਰ ਹੋ ਜਾਣਗੇ।” ਉਸ ਬੀਬੀ ਨੇ ਨਾਂ ਲਿਖਵਾ ਦਿੱਤਾ ਤੇ ਨਾਲ ਆਈ ਬੀਬੀ ਤੋਂ ਪੰਜ ਸੌ ਡਾਲਰ ਮੰਗ ਕੇ ‘ਬਾਬਾ ਰਾਣੀ’ ਨੂੰ ਫੜਾਉਂਦਿਆਂ ਚੁੰਨੀ ਨਾਲ ਅੱਖਾਂ ਪੂੰਝ ਲਈਆਂ, ਜਿਵੇਂ ਸੰਤ ਨੇ ਸਾਰੇ ਦੁੱਖ ਅੱਜ ਹੀ ਕੱਟ ਦਿੱਤੇ ਹੋਣ।
ਅਗਲੀ ਵਾਰੀ ਫਿਰ ਇਕ ਬੀਬੀ ਦੀ ਆਈ। ਉਹ ਹੱਥ ਜੋੜਦੀ ਬੋਲੀ, “ਮਹਾਂ ਪੁਰਸ਼ੋ! ਮੇਰੀ ਧੀ ਤੀਹ ਸਾਲ ਦੀ ਹੋ ਗਈ ਹੈ ਪਰ ਵਿਆਹ ਕਰਵਾਉਣ ਨੂੰ ਅਜੇ ਵੀ ਨਹੀਂ ਮੰਨਦੀ। ਮੈਂ ਬਹੁਤ ਦੁਖੀ ਹਾਂ। ਕੋਈ ਹੱਲ ਕੱਢੋ।”
“ਤੁਸੀਂ ਮੈਨੂੰ ਬਾਅਦ ਵਿਚ ਮਿਲਣਾ। ਆਪਾਂ ਪਹਿਲਾਂ ਤੁਹਾਡੀ ਧੀ ਨਾਲ ਗੱਲ ਕਰਾਂਗੇ।” ਸੰਤ ਨੇ ਬੀਬੀ ਨੂੰ ਉਡੀਕ ਕਰਨ ਲਈ ਕਿਹਾ।
ਫਿਰ ਵਾਰੀ ਇਕ ਜੋੜੇ, ਯਾਨਿ ਪਤੀ-ਪਤਨੀ ਦੀ ਆ ਗਈ। ਦੋਹਾਂ ਦੇ ਹੱਥ ਇੰਜ ਜੁੜੇ ਹੋਏ ਸਨ ਜਿਵੇਂ ਉਹ ਕਿਸੇ ਕਸੂਰ ਦੀ ਮੁਆਫੀ ਮੰਗ ਰਹੇ ਹੋਣ।
“ਮਹਾਂ ਪੁਰਸ਼ੋ! ਸਾਡਾ ਪੁੱਤ ਤੇ ਧੀ ਕਹਿਣੇ ਤੋਂ ਬਾਹਰ ਹਨ। ਅਸੀਂ ਸਖਤ ਮਿਹਨਤਾਂ ਕਰ ਕੇ ਘਰ ਅਤੇ ਸਟੋਰ ਬਣਾਇਆ ਸੀ। ਸਾਨੂੰ ਨਹੀਂ ਯਕੀਨ ਕਿ ਅਸੀਂ ਅਗਾਂਹ ਇਹ ਸਭ ਕੁਝ ਬਚਾ ਸਕਦੇ ਹਾਂ!” ਦੋਵੇਂ ਇਕੱਠੇ ਹੀ ਬੋਲੇ।
ਸੰਤ ਨੇ ਅੱਖਾਂ ਮੀਚੀਆਂ ਤੇ ਮਾਲਾਂ ਦੇ ਮਣਕੇ ਘੁਮਾਈ ਗਿਆ। ਫੋਨ ਦੀ ਘੰਟੀ ਨੇ ਉਸ ਦੀ ਲੜੀ ਤੋੜ ਦਿੱਤੀ ਤੇ ਉਹ ਫੋਨ ਸੁਣਨ ਲੱਗ ਗਿਆ। ਪਹਿਲਾਂ ‘ਹੂੰ’ ‘ਹਾਂ’ ਹੀ ਸੁਣੀ ਗਈ। ਅਖੀਰ ਵਿਚ ਸੰਤ ਨੇ ਕਿਹਾ, “ਗਿਆਰਾਂ ਸੌ ਡਾਲਰ ਲੱਗੇਗਾ। ਚੰਗਾ ਤੁਸੀਂ ਆ ਜਾਇਓ।” ਕਹਿ ਕੇ ਸੰਤ ਨੇ ਲਾਲ ਬਟਨ ਨੱਪ ਦਿੱਤਾ।
“ਭਾਈ ਸਿੰਘਾ! ਤੁਸੀਂ ਮਾਇਆ ਇਕੱਠੀ ਕਰ ਕੇ ਕਿੱਥੇ ਲਿਜਾਣੀ ਹੈ ਜਦੋਂ ਤੁਹਾਡੀ ਔਲਾਦ ਹੀ ਕਹਿਣੇ ਵਿਚ ਨਹੀਂ ਹੈ। ਪੁੰਨ ਦਾਨ ਕਰਿਆ ਕਰੋ।” ਸੰਤ ਨੇ ਪਤੀ-ਪਤਨੀ ਨੂੰ ਕਿਹਾ।
“ਮਹਾਂ ਪੁਰਸ਼ੋ ਦਾਨ ਪੁੰਨ ਤਾਂ ਬਹੁਤ ਕਰਦੇ ਹਾਂ ਪਰ ਦਾਨ ਪੁੰਨ ਫਲਦਾ ਨਹੀਂ।” ਪਤੀ ਬੋਲਿਆ।
“ਪੰਜਾਬ ਕਿੰਨੀਆਂ ਗਰੀਬ ਕੁੜੀਆਂ ਦੇ ਵਿਆਹ ਕਰਨ ਵਾਲੇ ਹਨ। ਗੁਰਦੁਆਰੇ ਲੰਗਰ ਹਾਲ ਦਾ ਲੈਂਟਰ ਪੈਣ ਵਾਲਾ ਹੈ। ਨਵਾਂ ਜੋੜਾ ਘਰ ਬਣਾਉਣਾ ਹੈ। ਦਾਨ ਕਰਨ ਵਾਲੀਆਂ ਬਹੁਤ ਥਾਂਵਾਂ ਹਨ। ਤੁਸੀਂ ਆਪਣੀ ਸ਼ਰਧਾ ਮੁਤਾਬਕ ‘ਬੀਬੀ ਰਾਣੀ’ ਨੂੰ ਦਾਨ ਦੀ ਰਾਸ਼ੀ ਅਤੇ ਨਾਂ ਲਿਖਵਾ ਦਿਓ। ਅਸੀਂ ਅਰਦਾਸ ਕਰਾਂਗੇ।” ਇਹ ਕਹਿੰਦਾ ਸੰਤ ਅੱਖਾਂ ਮੀਚ ਕੇ ਕੁਝ ਪੜ੍ਹਨ ਲੱਗ ਪਿਆ।
ਪਤੀ-ਪਤਨੀ ਨੇ ‘ਬਾਬਾ ਰਾਣੀ’ ਨੂੰ ਪੰਜ ਸੌ ਡਾਲਰ ਦੇ ਕੇ ਨਾਂ ਲਿਖਵਾ ਦਿੱਤਾ। ਮੇਰਾ ਦਿਮਾਗ ਸੰਤ ਵੱਲੋਂ ਇਕੱਠੀ ਕੀਤੀ ਗਈ ਮਾਇਆ ਦਾ ਜੋੜ ਕਰਦਾ ਗਿਆ।
ਫਿਰ ਇਕ ਮੁਟਿਆਰ ਬੀਬੀ ਵੀਹ ਡਾਲਰ ਦਾ ਸੰਤ ਨੂੰ ਮੱਥਾ ਟੇਕ ਕੇ ਬੋਲੀ, “ਮਹਾਂਪੁਰਸ਼ੋ! ਮੇਰੇ ਵਿਆਹ ਨੂੰ ਪੰਜ ਸਾਲ ਹੋ ਗਏ ਪਰ ਅਜੇ ਤੱਕ ਕੋਈ ਬੇਬੀ ਨਹੀਂ ਹੋਇਆ, ਤੇ ਇਸੇ ਗੱਲੋਂ ਮੈਨੂੰ ਸਹੁਰਾ ਪਰਿਵਾਰ ਬਹੁਤ ਤੰਗ ਕਰਦਾ ਹੈ।” ਇੰਜ ਕਹਿੰਦੀ ਬੀਬੀ ਰੋ ਪਈ। ਸੰਤ ਕੁਝ ਨਾ ਬੋਲਿਆ। ਆਪਣੇ ਖੀਸੇ ਵਿਚੋਂ ਡਾਇਰੀ ਕੱਢ ਕੇ ਕੁਝ ਲਿਖ ਦਿੱਤਾ ਤੇ ਬੀਬੀ ਨੂੰ ਫੜਾ ਦਿੱਤਾ। ‘ਬਾਬਾ ਰਾਣੀ’ ਨੇ ਇਸ਼ਾਰਾ ਕਰ ਕੇ ਬੀਬੀ ਨੂੰ ਆਪਣੇ ਕੋਲ ਬਿਠਾ ਲਿਆ ਤੇ ਕੰਨ ਵਿਚ ਕੁਝ ਆਖ ਦਿੱਤਾ। ਬੀਬੀ ਦੇ ਕੰਨਾਂ ਨੇ ਮੁੱਖ ‘ਤੇ ਹਲਕੀ ਜਿਹੀ ਮੁਸਕਾਨ ਲਿਆ ਦਿੱਤੀ। ਬੀਬੀ ਉਠ ਕੇ ਬਾਹਰ ਚਲੀ ਗਈ ਤੇ ਲਿਫਾਫਾ ਲਿਆ ਕੇ ‘ਬਾਬਾ ਰਾਣੀ’ ਨੂੰ ਫੜਾ ਦਿੱਤਾ ਤੇ ਲੱਡੂਆਂ ਦਾ ਜੋੜਾ ਲੈ ਕੇ ਹੱਸਦੀ ਹੋਈ ਬਾਹਰ ਚਲੀ ਗਈ।
ਮੈਨੂੰ ਇਸ ਸਭ ਦੀ ਕੋਈ ਸਮਝ ਨਾ ਆਈ ਪਰ ਐਨਾ ਕੁ ਯਕੀਨ ਹੋ ਗਿਆ ਕਿ ਚਰਚਾ ਦੀ ਵਟਾਈ ਵਿਚ ਮਾਇਆ ਨਾਲ ਸੰਤ ਨੇ ਹੱਥ ਰੰਗ ਲਏ ਹੋਣੇ ਹਨ ਤੇ ਬੀਬੀ ਨੂੰ ਸੰਤ ਦੀ ਲਿਖੀ ਹੋਈ ਗੱਲ ‘ਤੇ ਭਰੋਸਾ ਹੋ ਗਿਆ ਹੋਣਾ ਹੈ।
ਇਸੇ ਤਰ੍ਹਾਂ ਲੋਕ ਪੁੱਛ ਦੱਸ ਕੇ ਜਾ ਚੁੱਕੇ ਸਨ। ਮੈਂ ਇਕੱਲਾ ਹੀ ਬੈਠਾ ਸੀ। ਮੇਰੇ ਕੋਲ ਮਾਤਾ ਜੀ ਆ ਕੇ ਬੈਠ ਗਏ ਤੇ ਬੋਲੇ, “ਮਹਾਂ ਪੁਰਸ਼ੋ! ਇਹ ਮੇਰੇ ਪੁੱਤਰਾਂ ਵਰਗਾ ਹੈ। ਬਹੁਤ ਸਾਲ ਹੋ ਗਏ ਪੱਕਾ ਨਹੀਂ ਹੋਇਆ। ਤੁਸੀਂ ਇਸ ‘ਤੇ ਕ੍ਰਿਪਾ ਕਰੋ।”
“ਲੇਖਕ ਜੀ! ਪੇਪਰ ਹੀ ਕਾਲੇ ਕਰਦੇ ਹੋ ਕਿ ਕੁਝ ਦਾਨ ਪੁੰਨ ਵੀ ਕਰਦੇ ਹੋ? ਬਾਣੀ ਵੀ ਪੜ੍ਹਦੇ ਹੋ ਕਿ ਬੱਸ ਅਖ਼ਬਾਰ ਹੀ ਪੜ੍ਹੀ ਜਾਂਦੇ ਹੋ।” ਸੰਤ ਨੂੰ ਸ਼ਾਇਦ ਮਾਤਾ ਜੀ ਨੇ ਪਹਿਲਾਂ ਹੀ ਦੱਸ ਦਿੱਤਾ ਹੋਵੇਗਾ ਕਿ ਮੈਂ ਅਖ਼ਬਾਰ ਵਿਚ ਲਿਖਦਾ ਵੀ ਹਾਂ।
“ਬਾਬਾ ਜੀ! ਮੈਂ ਸਭ ਕੁਝ ਕਰਦਾ ਹਾਂ ਜੋ ਕੁਝ ਤੁਸੀਂ ਪਹਿਲੇ ਸ਼ਰਧਾਲੂਆਂ ਨੂੰ ਪੁੱਛਿਆ ਹੈ।” ਮੈਂ ਬੇਝਿਜਕ ਹੋ ਕੇ ਕਿਹਾ।
“ਫਿਰ ਤੁਹਾਨੂੰ ਗਰੀਬਾਂ ਲਈ ਵਸਤਰ ਦੇਣੇ ਚਾਹੀਦੇ ਹਨ।” ਸੰਤ ਨੇ ਮੈਨੂੰ ਕੁੰਡੀ ਪਾਉਣ ਦੇ ਇਰਾਦੇ ਨਾਲ ਕਿਹਾ।
“ਮੈਨੂੰ ਦੱਸੋ ਕਿੱਥੇ ਵਸਤਰ ਦੇਣੇ ਹਨ। ਮੈਂ ਘਰਦਿਆਂ ਨੂੰ ਆਖ ਕੇ ਉਥੇ ਵਸਤਰ ਪਹੁੰਚਾ ਦੇਵਾਂਗਾ।” ਮੈਂ ਸੰਤ ਨੂੰ ਕੈਂਚੀ ਮਾਰਨ ਨਹੀਂ ਦੇਣਾ ਚਾਹੁੰਦਾ ਸੀ। ਸੰਤ ਨੇ ਮੈਨੂੰ ਹਰ ਪਾਸਿਉਂ ਘੇਰਾ ਪਾ ਕੇ ਦੇਖ ਲਿਆ ਪਰ ਮੈਂ ਚਲਾਕ ਰੇਡਰ ਵਾਂਗ ਪਖੰਡ ਕੈਂਚੀ ਤੋਂ ਬਚਦਾ ਨੰਬਰ ਆਪਣੇ ਨਾਂ ਲਿਖਵਾ ਲਿਆ। ਮਾਤਾ ਨੇ ਨਾਰਾਜ਼ਗੀ ਵੀ ਪ੍ਰਗਟਾਈ ਪਰ ਮੈਂ ਇਹੋ ਜਿਹੇ ਸੰਤ ਬਹੁਤ ਦੇਖ ਚੁੱਕਾ ਸਾਂ ਜਿਨ੍ਹਾਂ ਦਾ ਮਕਸਦ ਭੋਲੀ ਭਾਲੀ ਸੰਗਤ ਨਹੀਂ, ਸਗੋਂ ਪੜ੍ਹੀ ਲਿਖੀ ਸੰਗਤ ਨੂੰ ਆਪਣੇ ਵਸ ਕਰਨ ਦਾ ਤਜਰਬਾ ਹੈ। ਸੰਤ ਨੇ ਮਾਇਆ ਨਾਲ ਭਰਿਆ ਹਜੂਰੀਆ ‘ਬਾਬਾ ਰਾਣੀ’ ਨੂੰ ਫੜਾ ਦਿੱਤਾ ਤੇ ਆਪ ਪੌੜੀਆਂ ਚੜ੍ਹ ਕੇ ਉਪਰ ਵਾਲੇ ਕਮਰੇ ਵਿਚ ਚਲਿਆ ਗਿਆ ਤੇ ਮਗਰੇ ਹੀ ‘ਬਾਬਾ ਰਾਣੀ’ ਚਲੀ ਗਈ। ਮੈਂ ਮਾਤਾ ਨੂੰ ਪੁੱਛਿਆ, “ਆਹ ‘ਬਾਬਾ ਰਾਣੀ’ ਕੌਣ ਹੈ?”
“ਇਹ ਸੰਤਾਂ ਦੀ ਧਰਮ ਪਤਨੀ ਹੈ ਤੇ ਸੰਗਤ ਨੇ ਇਸ ਨੂੰ ‘ਬਾਬਾ ਰਾਣੀ’ ਦੇ ਨਾਂ ਨਾਲ ਨਿਵਾਜਿਆ ਹੈ।”
ਮੈਂ ਚਾਹ-ਪਾਣੀ ਛਕ ਕੇ ਤੁਰਨ ਲੱਗਾ ਤਾਂ ਮਾਤਾ ਨੇ ਛੇ ਸੌ ਡਾਲਰ ਮੈਨੂੰ ਫੜਾਉਂਦਿਆਂ ਕਿਹਾ, “ਪੁੱਤ, ਉਹ ਫੋਨ ਮੈਨੂੰ ਲਿਆ ਕੇ ਦੇ ਜਾਈਂ ਪਰ ਕਿਸੇ ਹੋਰ ਨੂੰ ਨਾ ਦੱਸੀਂ, ਮੈਂ ਸੰਤਾਂ ਨੂੰ ਭੇਂਟ ਕਰਨਾ ਹੈ।” ਡਾਲਰ ਫੜਦਿਆਂ ਮੈਂ ਥੋੜ੍ਹਾ ਜਿਹਾ ਹੱਸਿਆ ਤੇ ਸੋਚਿਆ, ਬਈ ਤੂੰ ਵੀ ਜਾਣੀਂ ਜਾਣ ਹੈਂ। ਮਾਤਾ ਦੇ ਦਿਲ ਦੀ ਸ਼ਰਧਾ ਪਹਿਲਾਂ ਹੀ ਸਮਝ ਗਿਆ ਸੀ। ਮੈਂ ਫੋਨ ਖਰੀਦ ਕੇ ਮਾਤਾ ਜੀ ਨੂੰ ਦੇ ਆਇਆ। ਸੰਤ ਚਾਰ ਦਿਨ ਰਹਿ ਕੇ ਘੱਟੋ ਘੱਟ ਵੀਹ ਹਜ਼ਾਰ ਡਾਲਰ ਬਣਾ ਕੇ ਅਗਾਂਹ ਤੁਰ ਗਿਆ। ਪਿਛਲੇ ਸ਼ਰਧਾਲੂਆਂ ਨੂੰ ਕਹਿ ਗਿਆ, ‘ਦਾਨ ਜ਼ਰੂਰੀ ਹੈ। ਦਾਨ ਕਰਿਆ ਕਰੋ’, ਪਰ ਮੈਂ ਮਾਤਾ ਜੀ ਨੂੰ ਕਿਹਾ, “ਮਾਤਾ ਜੀ, ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੀਏ। ਬਾਣੀ ਪੜ੍ਹੀਏ। ਸਾਰੇ ਕਾਰਜ ਵਾਹਿਗੁਰੂ ਆਪ ਕਰਨ ਵਾਲਾ ਹੈ। ਜੇ ਉਸ ਦੇ ਕਾਰਜਾਂ ਵਿਚ ਦੇਰੀ ਹੈ ਤਾਂ ਇਸ ਵਿਚ ਸਾਡਾ ਹੀ ਭਲਾ ਹੈ। ਅਸੀਂ ਆਪਣਾ ਭਲਾ ਪਖੰਡੀਆਂ ਤੋਂ ਨਹੀਂ ਕਰਵਾਉਣਾ, ਸਗੋਂ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਕੇ ਸਰਬੱਤ ਦਾ ਭਲਾ ਮੰਗਣਾ ਹੈ। ਮਾਤਾ ਜੀ! ਮੇਰੀ ਬੀਬੀ ਨੇ ਤਾਂ ਮੁੜ ਕੇ ਜੋਤ ਨਹੀਂ ਲਾਈ ਪਰ ਤੁਹਾਡਾ ਮੈਨੂੰ ਪਤਾ ਨਹੀਂ ਕਿ ਤੁਸੀਂ ਦੁਬਾਰਾ ਸੰਤ ਦੀ ਚੌਕੀ ਲਾਵੋਗੇ ਜਾਂ ਨਹੀਂ।” ਕਹਿ ਕੇ ਮੈਂ ਆ ਗਿਆ।
Leave a Reply