ਖੁਸ਼ੀਆਂ ਤੇ ਉਦਾਸੀਆਂ ‘ਚੋਂ ਗੁਜ਼ਰਦਿਆਂ

ਵਿਧਵਾ ਔਰਤ ਨੂੰ ਜਦੋਂ ਦੂਜੇ ਮਰਦ ਨਾਲ ਤੋਰਿਆ ਜਾਂਦਾ ਹੈ ਤਾਂ ਉਹਦੇ ਚਿਹਰੇ ‘ਤੇ ਚਾਅ ਨਹੀਂ, ਉਦਾਸੀਆਂ ਵੈਣ ਪਾ ਰਹੀਆਂ ਹੁੰਦੀਆਂ ਹਨ; ਕਿਉਂਕਿ ਉਹ ਜਾਣ ਗਈ ਹੁੰਦੀ ਹੈ ਕਿ ਹੁਣ ਉਹ ਜਾਂ ਤਾਂ ਸਿਰਫ਼ ਗ੍ਰਹਿਸਥ ਨੂੰ ਖਿੱਚਣ ਵਾਲੀ ਗੱਡੀ ਨਾਲ ਜੁੜੇਗੀ, ਤੇ ਜਾਂ ਫਿਰ ਜ਼ਿੰਦਗੀ ਦੇ ਫਿੱਕੇ ਪੈ ਚੁੱਕੇ ਰੰਗ ਗੂੜ੍ਹੇ ਕਰਨ ਦੇ ਯਤਨਾਂ ‘ਚ ਲੱਗੀ ਰਹੇਗੀ। ਵਿਆਹ ਤੋਂ ਪਿੱਛੇ ਗੱਭਰੂ ਨੂੰ ਮੁਕਲਾਵੇ ਦਾ ਗੋਡੇ ਗੋਡੇ ਚਾਅ ਹੁੰਦਾ ਹੈ ਜਦੋਂ ਕਿ ਮੁਟਿਆਰ ਨੂੰ ਚਾਅ ਵੀ ਹੁੰਦਾ ਹੈ ਤੇ ਡਰ ਵੀ, ਘਟਨਾ ਇਕ ਹੁੰਦੀ ਹੈ ਪਰ ਦ੍ਰਿਸ਼ਟੀਕੋਣ ਦੋ। ਘੁੱਗੀਆਂ ਕਾਂਵਾਂ ਨਾਲ ਨਹੀਂ ਝਗੜਦੀਆਂ ਕਿਉਂਕਿ ਉਹ ਜਾਣਦੀਆਂ ਨੇ ਕਿ ਲੁੱਚਿਆਂ ਦੇ ਰਾਹਾਂ ‘ਚੋਂ ਸ਼ਰੀਫ ਭੁੱਲ ਕੇ ਵੀ ਲੰਘਣ ਦੀ ਗਲਤੀ ਨਹੀਂ ਕਰਦੇ। ਬਹੁਤ ਸਾਰੇ ਲੋਕ ਸਾਰੀ ਉਮਰ ਚੰਗਾ ਬਣਨ ਦੇ ਯਤਨਾਂ ਵਿਚ ਤਾਂ ਲੱਗੇ ਰਹੇ ਪਰ ਅਫ਼ਸੋਸ ਇਹ ਰਿਹਾ ਕਿ ਉਹ ਚੰਗੇ ਫਿਰ ਵੀ ਕਿਸੇ ਨੂੰ ਨਾ ਲੱਗੇ। ਉਹ ਵਹਿਮ ਕਰਦੇ ਰਹੇ ਕਿ ਖੀਰ ‘ਚ ਪਾਈ ਤਾਂ ਖੰਡ ਸੀ ਪਰ ਲੂਣ ਪਤਾ ਨਹੀਂ ਕਿਵੇਂ ਨਿਕਲ ਆਇਆ? ਸਕੂਲਾਂ-ਕਾਲਜਾਂ ਵਿਚ ਦੋਸਤੀਆਂ ਪੈਣ ਦੀਆਂ ਹੀ ਸੰਭਾਵਨਾਵਾਂ ਹੁੰਦੀਆਂ ਹਨ ਜਦੋਂ ਕਿ ਨੌਕਰੀ ਕਰਨ ਵੇਲੇ ਦਫ਼ਤਰਾਂ ‘ਚ ਸ਼ਰੀਕੇਬਾਜ਼ੀ ਤੇ ਈਰਖਾ ਪੈਦਾ ਹੋ ਗਈ ਹੁੰਦੀ ਹੈ। ਬਿਮਾਰੀਆਂ ਨਾਲ ਲੜਦਿਆਂ ਸਿਰਫ਼ ਮਰੀਜ਼ ਥੱਕਦੇ ਨੇ ਜਦੋਂ ਕਿ ਡਾਕਟਰ ਬਿਮਾਰੀ ਨੂੰ ਸਲਾਹ ਦੇ ਰਹੇ ਹੁੰਦੇ ਨੇ, ‘ਕੱਲ ਨੂੰ ਇਨ੍ਹਾਂ ਕੱਪੜਿਆਂ ਵਿਚ ਨਾ ਆਈਂ।’ ਗ਼ਜ਼ਲ ਵਿਚ ਕਵੀ ਪਿਆਰ ‘ਚ ਹਾਰ ਦੇ ਦੁੱਖ ਅਤੇ ਪ੍ਰੇਮਿਕਾ ਦੀ ਬੇਵਫਾਈ ਦੇ ਉਲਾਂਭੇ ਦੇ ਰਿਹਾ ਹੁੰਦਾ ਹੈ ਕਿ ਸ਼ਾਇਦ ਉਹ ਪੜ੍ਹ ਕੇ ਸ਼ਰਮਿੰਦਾ ਹੋਵੇਗੀ ਪਰ ਅਸਲ ਵਿਚ ਹਾਲੇ ਤੀਕਰ ਕਿਸੇ ਵੀ ਪ੍ਰੇਮਿਕਾ ਨੇ ਵਿਯੋਗੀ ਕਵੀ ਦੀ ਰਚਨਾ ਨੂੰ ਸਵਿਕਾਰਿਆ ਹੀ ਨਹੀਂ ਹੈ। ਨਿਕੰਮੇ ਤੇ ਵਿਹਲੜ ਪਤੀ ਅੱਗੇ ਕਿਸੇ ਵੀ ਔਰਤ ਨੇ ਪਿਆਰ ਦੀ ਆਰਤੀ ਨਹੀਂ ਉਤਾਰੀ। ਬਿਮਾਰੀਆਂ ਲੰਮੇ ਹੱਥਾਂ ਨਾਲ ਘੇਰਨ ਦਾ ਯਤਨ ਤਾਂ ਕਰਦੀਆਂ ਹਨ ਪਰ ਸਿਆਣਾ ਬੰਦਾ ਜੁਗਤ ਨਾਲ ਨਿਕਲ ਜਾਂਦੈ।

ਐਸ਼ ਅਸ਼ੋਕ ਭੌਰਾ
ਝੂਠ ਦਾ ਰੁਝਾਨ ਇਸ ਕਰ ਕੇ ਨਹੀਂ ਖ਼ਤਮ ਹੋ ਰਿਹਾ ਕਿ ਇਹ ਬੋਲਣ ਤੇ ਸੁਣਨ ਵਾਲੇ ਨੂੰ ਸੁਆਦ ਬਹੁਤ ਲੱਗਦਾ ਹੈ। ਬਹੁਤੇ ਪ੍ਰੇਮ ਵਿਆਹ ਇਸ ਕਰ ਕੇ ਤਿੜਕੇ ਹਨ ਕਿ ਪਿਆਰ ਵਿਚ ਇਕ-ਦੂਜੇ ਦੇ ਨੇੜੇ ਜਾਣ ਲਈ ਝੂਠ ਦੀਆਂ ਗੰਢਾਂ ਭਵਿੱਖ ਦੇ ਸੁਪਨਿਆਂ ਵਾਲੇ ਸ਼ੀਸ਼ੇ ਤੋਂ ਮੂੰਹ ਪਰੇ ਰੱਖ ਕੇ ਦਿੱਤੀਆਂ ਹਨ। ਪ੍ਰੇਮ ਵਿਆਹਾਂ ਵਿਚ ਮਰਦ ਨੇ ਬੜੀ ਸਿਆਣਪ ਨਾਲ ਝੂਠ ਦੀ ਗੰਢ-ਤੁੱਪ ਕੀਤੀ ਹੁੰਦੀ ਹੈ ਪਰ ਮੁਹੱਬਤ ਵਿਆਹ ‘ਚ ਬਦਲਦਿਆਂ ਹੀ ਉਹ ਸੋਚਦਾ ਹੈ, ਮੈਂ ਪਿਆਰ ਕੀਤਾ ਕਿਉਂ ਸੀ?
ਖ਼ੈਰ! ਲੋਕ ਹਮੇਸ਼ਾ ਤਬਦੀਲੀ ਚਾਹੁੰਦੇ ਹਨ ਪਰ ਹਾਕਮ ਇਸ ਦਾ ਸਦਾ ਵਿਰੋਧ ਕਰਦੇ ਹਨ; ਕਿਉਂਕਿ ਕੁਰਸੀ ਦਾ ਮੋਹ, ਪੁੱਤਰ ਮੋਹ ਨਾਲੋਂ ਵੀ ਵੱਡਾ ਹੁੰਦਾ ਹੈ। ਇਸ ਲਈ ਰਾਜੇ ਜਦੋਂ ਮਹਾਰਾਜੇ ਬਣ ਜਾਣ ਤਾਂ ਪਰਜਾ ਵਿਲਕਦੀ ਰਹੇ, ਕੋਈ ਪ੍ਰਵਾਹ ਨਹੀਂ ਕਰਦਾ।
ਅਸਲ ਵਿਚ ਸਮੇਂ ਤੇ ਹਾਲਾਤ ਦਾ ਅਸਰ ਸਾਰਿਆਂ ‘ਤੇ ਰਿਹਾ ਹੈ, ਰਹੇਗਾ ਵੀ ਪਰ ਜਵਾਨੀ ਵਿਚ ਕਿਉਂਕਿ ਬੰਦਾ ਸਰਬ ਕਲਾ ਸਮਰੱਥ ਤੇ ਸੋਲਾਂ ਕਲਾ ਸੰਪੂਰਨ ਹੋਣ ਦੇ ਨਾਲ ਨਾਲ ਤਾਕਤਵਰ ਹੋਣ ਦਾ ਭਰਮ ਵੀ ਪਾਲਦਾ ਹੈ; ਇਸ ਲਈ ਉਹ ਚੜ੍ਹਦੀ ਉਮਰ ਦੇ ਫੈਸਲਿਆਂ ਵਿਚ ਆਪ-ਹੁਦਰਾ ਹੁੰਦਾ ਹੈ ਤੇ ਕਿਸੇ ਦੀ ਦਲੀਲ ਅਤੇ ਸੁਝਾਅ ਨੂੰ ਪਹਿਲੀ ਝੱਟੇ ਰੱਦ ਕਰ ਦਿੰਦਾ ਹੈ। ਕੋਈ ਮਨੁੱਖ ਇਹ ਨਹੀਂ ਕਹਿ ਸਕਦਾ ਕਿ ਜਵਾਨੀ ਵੇਲੇ ਉਹਨੇ ਕੁਝ ਖਾਸ ਕਰਨ ਦਾ ਯਤਨ ਨਹੀਂ ਕੀਤਾ। ਉਮਰ ਵਿਹਾ ਕੇ ਹੀ ਪਤਾ ਲੱਗਦਾ ਹੈ ਕਿ ਪਿੰਡ ਦੀਆਂ ਔਰਤਾਂ ਤੇ ਕੁੜੀਆਂ ਮਾਂਵਾਂ ਤੇ ਧੀਆਂ-ਭੈਣਾਂ ਹੀ ਹੁੰਦੀਆਂ ਹਨ। ਜਿਨ੍ਹਾਂ ਨੇ ਜਵਾਨੀ ‘ਚ ਮਸਤਾਨੇ ਹੋ ਕੇ ਪਿੰਡ ਦੀ ਪਰ੍ਹਿਆ ਵਿਚ ਜੁੱਤੀਆਂ ਖਾਧੀਆਂ ਹਨ, ਡੰਨ ਅਦਾ ਕੀਤੇ ਹਨ; ਉਨ੍ਹਾਂ ਨੂੰ ਜੋਬਨ ਦੇ ਦਿਨਾਂ ਦੀਆਂ ਬਾਤਾਂ ਕਦੇ ਵੀ ਭੁੱਲਦੀਆਂ ਨਹੀਂ।
ਪਤਾ ਨਹੀਂ ਕਿਵੇਂ, ਮੈਂ ਸੋਲਵੇਂ ਕੁ ਸਾਲ ਵਿਚ ਸੰਗੀਤ ਨਾਲ ਜੁੜ ਗਿਆ ਸਾਂ; ਹਾਲਾਂਕਿ ਨਾ ਮੈਂ ਮਰਾਸੀ ਸਾਂ ਤੇ ਨਾ ਮੁਹੰਮਦ ਸਦੀਕ ਜਾਂ ਸਰਦੂਲ ਸਿਕੰਦਰ ਵਾਂਗ ਮੀਰ ਆਲਮਾਂ ਦਾ ਮੁੰਡਾ ਸੀ। ਮੱਸ ਫੁੱਟਣ ਤੱਕ ਇਤਫਾਕ ਬਣ ਗਿਆ ਕਿ ਗਾਇਕਾਂ, ਢਾਡੀਆਂ, ਕਵੀਸ਼ਰਾਂ ਤੇ ਸੰਗੀਤਕਾਰਾਂ ਵਿਚ ਮੇਰੀ ਪਛਾਣ ਬਣ ਗਈ। ਗੀਤ ਮੈਂ ਅਨੇਕਾਂ ਰਿਕਾਰਡ ਕਰਵਾ ਲਏ ਸਨ ਪਰ ਹੁਣ ਉਹ ਕੱਚੀ ਉਮਰ ਦੇ ਗੀਤ ਮੈਂ ਕਦੇ ਵੀ ਕਿਸੇ ਨਾਲ ਸਾਂਝੇ ਨਹੀਂ ਕਰਦਾ ਕਿਉਂਕਿ ਹੁਣ ਕੋਈ ਸੁਣੇ ਤਾਂ ਚੰਗਾ-ਭਲਾ ਬੰਦਾ ਵੀ ਇਹ ਕਹਿ ਸਕਦੈ, ‘ਵੱਡਾ ਸਾਹਿਤਕਾਰ ਆਹ ਕੰਜਰਖਾਨ ਵੀ ਖਿਲਾਰਦਾ ਰਿਹੈ?’ ਇਨ੍ਹਾਂ ‘ਚੋਂ ਕੁਝ ਗੀਤ ਐਚæਐਮæਵੀæ ਕੰਪਨੀ ਵਿਚ ਅੱਜ ਦੇ ਇਕ ਵੱਡੇ ਸੰਗੀਤਕਾਰ ਦੇ ਸੰਗੀਤ ਹੇਠ ਵੀ ਰਿਕਾਰਡ ਹੋਏ ਸਨ।
ਸੱਚ ਇਹ ਹੈ ਕਿ ਝੂਠ ਸਿਰਫ਼ ਮਨੁੱਖ ਬੋਲਦਾ ਹੈ ਤੇ ਸ਼ਿਕਾਰ ਦਾ ਸਬੰਧ ਠੱਗੀ ਤੇ ਫਰੇਬ ਨਾਲ ਰਿਹਾ ਹੈ; ਕਿਉਂਕਿ ਜਾਨਵਰਾਂ ਨੂੰ ਮਾਰਨ ਦਾ ਕੰਮ ਧੋਖੇ ਨਾਲ ਹੀ ਕੀਤਾ ਜਾਂਦਾ ਰਿਹਾ ਹੈ। ਮੱਛੀ ਵਿਚਾਰੀ ਹਾਲੇ ਤੀਕਰ ਵੀ ਨਹੀਂ ਸਮਝ ਸਕੀ ਕਿ ਮਨੁੱਖ ਨੇ ਸਮੁੰਦਰ ‘ਚ ਕੁੰਡੀ ਖੁਰਾਕ ਦਾ ਟੁਕੜਾ ਫਸਾ ਕੇ ਨਹੀਂ ਸੁੱਟੀ, ਆਪਣੀ ਜੀਭ ਦੇ ਸੁਆਦ ਲਈ ਮੌਤ ਦਾ ਸਾਮਾਨ ਭੇਜਿਆ ਹੈ।
ਬਾਪ ਦਾ ਹੱਥ ਸਿਰੋਂ ਉਠ ਗਿਆ ਸੀ। ਮਾਂ ਦੀ ਮਮਤਾ ਵਿਚ ਲਾਡ ਸੀ। ਇਸੇ ਲਈ ਪੜ੍ਹਨ ਵਿਚ ਹੁਸ਼ਿਆਰ ਹੋਣ ਕਰ ਕੇ ਵੱਡੇ ਫੌਜੀ ਭਰਾ ਨੇ ਇੰਜੀਨੀਅਰਿੰਗ ‘ਚ ਦਾਖ਼ਲਾ ਦਿਵਾ ਦਿੱਤਾ।
ਗੀਤ-ਸੰਗੀਤ ਨਾਲ ਬੱਝਾ ਹੋਣ ਕਰ ਕੇ ਪੜ੍ਹਨ ਦੇ ਨਾਲ-ਨਾਲ ਗਾਉਣ ਦਾ ਕੀੜਾ ਵੀ ਦਿਮਾਗ ਵਿਚ ਖੁਸਰਿਆਂ ਵਾਂਗ ਗਿੱਧਾ ਪਾਉਣ ਲੱਗ ਪਿਆ। ਘਰਦਿਆਂ ਨੂੰ ਇਹ ਸੀ ਕਿ ਚੱਲੋ ਮੁੰਡਾ ਲਿਖਣ-ਲੁਖਣ ਤਾਂ ਲੱਗ ਪਿਆ, ਕਿਤੇ ਐਸ਼ਡੀæਓæ ਜਾਂ ਵੱਡਾ ਅਫ਼ਸਰ ਵੀ ਬਣ ਜਾਵੇਗਾ, ਪਰ ਘਟਨਾ ਇਹ ਵਾਪਰੀ ਕਿ ਘੁਮਿਆਰ ਵਹਿਮੀ ਹੋ ਕੇ ਸੁਨਿਆਰੇ ਦਾ ਕੰਮ ਕਰਨ ਦਾ ਯਤਨ ਕਰਨਾ ਲੱਗਾ। ਉਨ੍ਹਾਂ ਦਿਨਾਂ ਵਿਚ ਪਾਲੀ ਦੇਤਵਾਲੀਆ ਗੀਤਕਾਰ ਤੋਂ ਗਾਇਕ ਬਣ ਗਿਆ ਸੀ, ਫਿਰ ਚਮਕੀਲਾ ਵੀ ਤੇ ਐਫ਼ਸੀæਆਈæ ‘ਚ ਇੰਸਪੈਕਟਰ ਲੱਗਾ ਗੀਤਕਾਰ ਜਸਵੰਤ ਸੰਦੀਲਾ ਵੀ। ਤੇ ਫਿਰ ਰਾਂਝੇ ਵਾਂਗ ਮੈਂ ਵੀ ਗੋਰਖ ਤੋਂ ਜੋਗ ਲੈਣ ਲਈ ਰਾਹ ਤੋਂ ਕੁਰਾਹੇ ਪੈ ਗਿਆ।
ਗੁਰਦਾਸ ਮਾਨ ਦਾ ਐਲ਼ਪੀæ ਰਿਕਾਰਡ ‘ਮਾਮਲਾ ਗੜਬੜ ਹੈ’ ਜਦੋਂ ਮਰਹੂਮ ਜਸਵੰਤ ਭੰਵਰੇ ਦੇ ਸੰਗੀਤ ਹੇਠ ਸੁਪਰ ਹਿੱਟ ਹੋਇਆ ਅਤੇ ਉਹਦੇ ਸ਼ਾਗਿਰਦ ਸੁਰਿੰਦਰ ਸ਼ਿੰਦੇ ਨੇ ‘ਤੀਆਂ ਲੌਂਗੋਵਾਲ ਦੀਆਂ’ ਨਾਲ ਕਾਮਯਾਬੀ ਦੀ ਗੇਂਦ ਗਾਇਕੀ ਦੇ ਪਾਲੇ ‘ਚ ਸੁੱਟ ਦਿੱਤੀ ਤਾਂ ਮੇਰੇ ਮਨ ਵਿਚ ਸ਼ੈਦਾਈਪੁਣਾ ਨੱਚਣ ਲੱਗ ਪਿਆ। ਗੀਤਕਾਰੀ ਵਿਚ ਦੇਵ ਥਰੀਕਿਆਂ ਵਾਲੇ ਨੂੰ ਉਸਤਾਦ ਬਣਾਉਣ ਦੀ ਗੱਲ ਤਾਂ ਵਿਚੇ ਲਟਕ ਗਈ ਪਰ ਗਾਇਕ ਬਣਨ ਲਈ ਭੰਵਰਾ ਮੈਨੂੰ ‘ਮੱਕਾ’ ਲੱਗਣ ਲੱਗ ਪਿਆ।
ਮੇਰੇ ਸੰਗੀਤ-ਜੀਵਨ ਵਿਚ ਕਮਾਲ ਇਹ ਸੀ ਕਿ ਜਿਹੜਾ ਜਸਵੰਤ ਭੰਵਰਾ ਮੇਰੇ ਵਿਆਹ ਦੇ ਦਿਨਾਂ ‘ਚ ਹਫ਼ਤਾ ਮੇਰੇ ਪਿੰਡ ਰਿਹਾ, ਉਸੇ ਭੰਵਰੇ ਤੋਂ ਮੈਨੂੰ ਡਰ ਬਹੁਤ ਲਗਦਾ ਰਿਹਾ। ਉਹਨੂੰ ਉਸਤਾਦ ਧਾਰਨ ਤੋਂ ਪਹਿਲਾਂ ਮੈਂ ਹਾਲਾਂਕਿ ਹਾਰਮੋਨੀਅਮ ‘ਤੇ ਕੁਝ ਰਾਗ ਸਿੱਖ ਲਏ ਸਨ। ਜਦੋਂ ਇਸੇ ਧਾਰਨਾ ਨਾਲ ਉਹਦੇ ਉਸੇ ਦਫ਼ਤਰ ਜਿਥੇ ਕਦੇ ਸੁਰਿੰਦਰ ਸ਼ਿੰਦਾ ਜਾਂ ਸੁਦੇਸ਼ ਕਪੂਰ ਸਮੇਤ ਅਨੇਕਾਂ ਗਾਇਕ, ਗਾਇਕਾਵਾਂ ਜਾਂਦੇ ਰਹੇ ਹਨ, ਗਿਆ ਤੇ ਉਹਨੂੰ ਸ਼ਾਗਿਰਦ ਬਣਨ ਦੀ ਆਪਣੀ ਇੱਛਾ ਜ਼ਾਹਿਰ ਕੀਤੀ। ਉਦੋਂ ਮੈਂ ਮਸਾਂ ਵੀਹਾਂ ਕੁ ਸਾਲਾਂ ਦਾ ਸਾਂ। ਭੰਵਰਾ ਜਿਵੇਂ ਪ੍ਰੇਮੀ ਨੂੰ ਪ੍ਰੇਮਿਕਾ ਪਹਿਲੇ ਦਿਨ ਮਿਲੀ ਹੋਵੇ, ਮੇਰੀ ਇੱਛਾ ਸੁਣ ਕੇ ਪਿੱਠ ‘ਤੇ ਹੱਥ ਫੇਰ ਕੇ ਲਾਡ ਕਰਨ ਲੱਗਾ, ‘ਤੂੰ ਉਹੀ ਅਸ਼ੋਕ ਨ੍ਹੀਂ ਜਿਹੜਾ ਅਖ਼ਬਾਰਾਂ ‘ਚ ਲਿਖਦੈ?’ ਸਵਾਲ ਦੇ ਨਾਲ ਹੀ ਉਹਨੇ ਮੇਰੀ ਗੱਲ੍ਹ ਦਾ ਚੁੰਮਣ ਇੰਨੀ ਜ਼ੋਰ ਦੀ ਲਿਆ ਕਿ ਮੈਂ ਕੰਬ ਗਿਆ। ਪੰਦਰਾਂ ਵੀਹ ਮਿੰਟ ਇੱਧਰ-ਉਧਰ ਦੀਆਂ ਗੱਲਾਂ ਮਾਰਦਾ ਰਿਹਾ। ਦਫ਼ਤਰ ‘ਚ ਸਾਡੇ ਦੋਹਾਂ ਤੋਂ ਸਿਵਾ ਕੋਈ ਹੋਰ ਨਹੀਂ ਸੀ ਤੇ ਮੈਂ ਡਰ ਕੇ ਸੁੰਗੜ ਰਿਹਾ ਸਾਂ ਪਰ ਭੰਵਰਾ ਕਹੀ ਜਾ ਰਿਹਾ ਸੀ, “ਇਹ ਕਿਹੜਾ ਕੰਮ ਐ, ਅੱਗੇ ਇੰਨੇ ਗਾਉਣ ਲਾ’ਤੇ, ਤੇ ਤੈਨੂੰ ਵੀ ਸਿਰੇ ਲਾ ਕੇ ਛੱਡਾਂਗੇ।”
ਤੇ ਅਗਲੇ ਦਿਨ ਆਉਣ ਦਾ ਬਹਾਨਾ ਮਾਰ ਕੇ ਮੈਂ ਹੇਠਾਂ ਉਤਰ ਆਇਆ। ਲੱਤਾਂ ਮੇਰੀਆਂ ਕੰਬ ਰਹੀਆਂ ਸਨ ਪਰ ਹਿਲਦੀਆਂ ਮੈਨੂੰ ਉਹਦੇ ਚੁਬਾਰੇ ਦੀਆਂ ਪੌੜੀਆਂ ਲੱਗ ਰਹੀਆਂ ਸਨ। ਲੁਧਿਆਣਾ ਉਸ ਦਿਨ ਮੈਨੂੰ ਬਹੁਤ ਡਰਾਉਣਾ ਲੱਗਾ। ਚੌੜੇ ਬਾਜ਼ਾਰ ਤੋਂ ਰਿਕਸ਼ਾ ਲੈ ਕੇ ਸਿੱਧਾ ਕੁਲਦੀਪ ਮਾਣਕ ਦੇ ਦਫਤਰ ਗਿਆ ਤੇ ਜਦੋਂ ਗਾਇਕੀ ‘ਚ ਪ੍ਰਵੇਸ਼ ਕਰਨ ਦੇ ਆਪਣੇ ਮਹਾਭਾਰਤ ਦਾ ਮੁੱਖ ਬੰਦ ਪੜ੍ਹ ਕੇ ਮਾਣਕ ਨੂੰ ਸੁਣਾਇਆ ਤਾਂ ਉਹ ਦੂਹਰਾ ਹੋ ਕੇ ਹੱਸੇ। ਮੈਂ ਕਿਹਾ, ‘ਗੱਲ ਤਾਂ ਦੱਸ?’
ਉਹ ਆਪਣੇ ਸੁਭਾਅ ਮੁਤਾਬਿਕ ਬੋਲਿਆ, ‘ਚੱਕਿਆ ਗਾਇਕ ਬਣਨ ਦਾ! ਸ਼ੁੱਕਰ ਕਰ ਇੱਜ਼ਤ ਬਚਾ ਕੇ ਆ ਗਿਆਂ। ਭੰਵਰਾ ਬੰਬੇ ਰਿਹੈ ਤੇ ਉਹ ਕਾਮਯਾਬ ਕਰਾਉਣ ਦੇ ਫਿਲਮੀ ਦੁਨੀਆਂ ਵਾਲੇ ਸਾਰੇ ਫਾਰਮੂਲੇ ਜਾਣਦੈ।’
ਤੇ ਉਹਤੋਂ ਬਾਅਦ ਮੈਂ ਦੋ ਗੀਤ ਗਾ ਕੇ ਰਿਕਾਰਡ ਤਾਂ ਭਰਵਾ ਲਏ ਆਪਣੀ ਆਵਾਜ਼ ਵਿਚ, ਪਰ ਗਾਇਕ ਬਣਨ ਦਾ ਭਰਮ ਹਮੇਸ਼ਾ ਲਈ ਛੱਡ ਦਿੱਤਾ।
ਅਸਲ ਵਿਚ ਬੁਝਾਰਤਾਂ ਕਾਰਨ ਹੀ ਜ਼ਿੰਦਗੀ ਦਿਲਚਸਪ ਬਣੀ ਰਹਿੰਦੀ ਹੈ ਤੇ ਇਹ ਬੁਝਾਰਤਾਂ ਘਟਨਾਵਾਂ ਤੇ ਵਾਰਦਾਤਾਂ ਦੇ ਰੂਪ ਵਿਚ ਵਾਪਰਦੀਆਂ ਸਾਰਿਆਂ ਦੀ ਜ਼ਿੰਦਗੀ ਵਿਚ ਹਨ।  ਜਿਵੇਂ ਮੈਂ ਹੁਣੇ ਬਿਮਾਰੀ ਨਾਲ ਹੱਥੋਪਾਈ ਹੋ ਕੇ ਹਟਿਆ ਹਾਂ। ਡਾਕਟਰੀ ਭਾਸ਼ਾ ਨਹੀਂ, ਸਿਆਣਿਆਂ ਦੀ ਭਾਸ਼ਾ ਹੈ ਕਿ ਜ਼ਿੰਦਗੀ ਜਦੋਂ ਪੰਜ ਦਹਾਕਿਆਂ ਦੀ ਹੁੰਦੀ ਹੈ ਤਾਂ ਮਨੁੱਖ ਕੂਹਣੀ-ਮੋੜ ਕੱਟਦਾ ਹੈ। ਕਈ ਬਿਮਾਰੀਆਂ ਇਥੇ ਆ ਕੇ ਹੀ ਸਿਗਨਲ ਦਿੰਦੀਆਂ ਹਨ।
ਹੁਣ ਤੀਕਰ ਮੈਂ ਬਹੁਤੀ ਵਾਰ ਆਪਣੀ ਜਾਣ-ਪਛਾਣ ਵਿਚ ਧੱਕੇ ਨਾਲ ਇਹ ਗੱਲ ਵੀ ਜੋੜ ਦਿੰਦਾ ਸੀ ਕਿ ਮੈਂ ਆਪਣੀ ਸੁਰਤ ਵਿਚ ਕਦੇ ਬਿਮਾਰ ਨਹੀਂ ਹੋਇਆ। ਸਿਰ ਦੁਖਣ ਤੋਂ ਵੱਧ ਮੈਨੂੰ ਹੋਰ ਕੁਝ ਪਤਾ ਨਹੀਂ ਕਿ ਗੋਲੀ ਕਿਹੜੀ ਖਾਈਦੀ ਸੀ। ਬੁਖਾਰ ਦਾ ਉੱਕਾ ਹੀ ਪਤਾ ਨਹੀਂ ਕਿ ਕਿਵੇਂ ਚੜ੍ਹਦੈ? ਮਾਂ ਤੇ ਘਰਵਾਲੀ ਕਈ ਵਾਰ ਟੋਕ ਦਿੰਦੀਆਂ ਸਨ ਕਿ ਇਹ ਕੋਈ ਮਾਣ ਵਾਲੀ ਗੱਲ ਨਹੀਂ। ਬਿਮਾਰੀ ਦਾ ਕੀ ਪਤਾ ਕਦੋਂ ਘੇਰ ਲਵੇ!
ਤੇ ਗੱਲ ਫਿਰ ਉਹੀ ਹੋਈ ਕਿ ਖਰਬੂਜਾ, ਕਰੇਲਿਆਂ ਦੀਆਂ ਵੇਲਾਂ ਵਿਚ ਫਸ ਗਿਆ। ਬਿਮਾਰੀ ਦੀ ਵਾਛੜ ਹੀ ਨਹੀਂ ਹੋਈ ਸਗੋਂ ਹਾਲਾਤ ਇਹ ਬਣੇ ਜਿਵੇਂ ਬਘਿਆੜ ਨੇ ਲੇਲਾ ਢਾਹ ਲਿਆ ਹੋਵੇ। ਮਈ ਦੇ ਅੱਧ ਕੁ ਤੋਂ ਬਾਅਦ ਮੈਨੂੰ ਲੱਗਾ ਕਿ ਸਰੀਰ ਨੂੰ ਕੁਝ ਹੋ ਰਿਹੈ, ਪਰ ਟਟੀਹਰੀ ਜਿਵੇਂ ਇਕ ਲੱਤ ਜ਼ਖ਼ਮੀ ਹੋਣ ‘ਤੇ ਵੀ ਅਸਮਾਨ ਵੱਲ ਵੇਖ ਕੇ ਆਖੀ ਜਾਂਦੀ ਹੈ, ‘ਫਿਕਰ ਨਾ ਕਰੋ, ਮੈਂ ਡਿੱਗਣ ਨਹੀਂ ਦਿੰਦੀ’, ਵਾਂਗ ਅਣਜਾਣ ਸਾਂ ਕਿ ਤੰਗ ਕੱਪੜਿਆਂ ਵਿਚ ਨੱਚਿਆ ਨਹੀਂ ਜਾਂਦਾ।
ਹਕੀਮਪੁਰ ਵਾਲੇ ਖੇਡ ਮੇਲੇ ਦੇ ਪ੍ਰਬੰਧਕ ਗੁਰਜੀਤ ਪੁਰੇਵਾਲ ਦੇ ਬੇਟੇ ਦਾ ਵਿਆਹ ਸੀ ਜੁਲਾਈ ਦੇ ਪਹਿਲੇ ਹਫ਼ਤੇ। ਦੋ ਦਿਨ ਪ੍ਰੀਤਮ ਬਰਾੜ ਕੋਲ ਸਿਆਟਲ ਰੁਕਣ ਤੋਂ ਬਾਅਦ ਸੱਰੀ ਇਸ ਵਿਆਹ ‘ਚ ਸ਼ਾਮਲ ਤਾਂ ਹੋ ਗਿਆ ਪਰ ਪੂਰੇ ਵਿਆਹ ਵਿਚ ਇਕ ਪਕੌੜਾ ਤੇ ਅੱਧਾ ਗਲਾਸ ਪਾਣੀ ਹੀ ਪੀਤਾ। ਸਾਹਿਤ ਸਭਾ ਦੇ ਜਨਰਲ ਸਕੱਤਰ ਪ੍ਰਿਤਪਾਲ ਗਿੱਲ ਕੋਲ ਮੈਂ ਰੁਕਿਆ ਹੋਇਆ ਸਾਂ। ਉਥੇ ਰਾਤ ਬੜੀ ਔਖੀ ਕੱਟੀ। ਜੋ ਖਾਧਾ, ਉਹ ਬਾਹਰ ਆ ਗਿਆ। ਨਾ ਬਹਿ ਕੇ ਤੇ ਨਾ ਹੀ ਪੈ ਕੇ ਸਾਹ ਆ ਰਿਹਾ ਸੀ। ਅਗਲੇ ਦਿਨ ਕੈਲੀਫੋਰਨੀਆ ਪਰਤਣਾ ਹੀ ਬਹੁਤ ਔਖਾ ਜਾਪਿਆ। ਸਾਰੇ ਹਵਾਈ ਸਫ਼ਰ ਵਿਚ ਮੈਨੂੰ ਲੱਗਦਾ ਸੀ ਕਿ ਹਾਲਾਤ ਠੀਕ ਨਹੀਂ ਹਨ। ਸਰੀਰ ਖ਼ਤਰਨਾਕ ਬਿਮਾਰੀਆਂ ‘ਚ ਘਿਰ ਗਿਆ ਹੈ। ‘ਸ਼ਾਇਦ ਇਉਂ ਹੀ ਗੱਲ ਬਣ ਜਾਵੇ’ ਕਰਦਿਆਂ ਇਕ ਦਿਨ ਹੋਰ ਲੰਘਾ ਦਿੱਤਾ। ਫਿਰ ਅਗਲੇ ਦਿਨ ਹਸਪਤਾਲ ਦੇ ਹਵਾਲੇ ਹੋਣਾ ਹੀ ਪਿਆ।
ਅੱਧੀ ਰਾਤ ਤੱਕ ਡਾਕਟਰ ਨੇ ਬਿਮਾਰੀ ਲੱਭ ਲਈ ਸੀ ਕਿ ਕਰੀਬ ਦੋ ਮਹੀਨੇ ਪੁਰਾਣਾ ਹੋ ਚੁੱਕਾ ਨਮੂਨੀਆ ਵਿਗੜ ਚੁੱਕਾ ਹੈ। ਫੇਫੜੇ ‘ਚ ਪਾਣੀ ਕਾਰਨ ਦਿਲ ਪੂਰੀ ਤਰ੍ਹਾਂ ਪੰਪ ਨਹੀਂ ਕਰ ਰਿਹਾ ਤੇ ਦਿਲ ਗੁਆਚੀ ਗਾਂ ਵਾਂਗ ਭੱਜਾ ਫਿਰ ਰਿਹਾ ਹੈ। ਨਬਜ਼ ਕਾਬੂ ਤੋਂ ਬਾਹਰ ਸੀ।
ਡਾਕਟਰੀ ਭਾਸ਼ਾ ‘ਚ ਕੁਝ ਵੀ ਠੀਕ ਨਹੀਂ ਸੀ। ਜੇ ਪੀਲੀਆ ਹੋਇਆ ਤਾਂ ਸਥਿਤੀ ਖ਼ਤਰੇ ਵਾਲੀ ਬਣ ਸਕਦੀ ਹੈ ਪਰ ਸ਼ੂਗਰ, ਬਲੱਡ ਪ੍ਰੈਸ਼ਰ ਠੀਕ ਸਨ। ਪੀਲੀਏ ਤੋਂ ਪਹਿਲਾਂ ਹੀ ਮੈਂ ਡਾਕਟਰਾਂ ਦੇ ਕਬਜ਼ੇ ‘ਚ ਸਾਂ, ਇਸ ਲਈ ਮੇਰੇ ਬਲੂੰਗੜਿਆਂ ਵਰਗੇ ਪੁੱਤਰਾਂ ਦੀ ਚਿੰਤਾ ਘਟ ਗਈ ਸੀ ਪਰ ਓਕਲੈਂਡ ਦੇ ਹਸਪਤਾਲ ਵਿਚ ਬਿਮਾਰੀ ਡਾਕਟਰਾਂ ਨਾਲ ਲੁਕਣਮੀਚੀ ਖੇਡਦੀ ਰਹੀ। ਦੋ ਦਿਨ ਘਰੇ, ਫਿਰ ਦੋ ਦਿਨ ਹਸਪਤਾਲ! ਇਉਂ ਚਲਦਾ ਰਹਿਣ ਕਾਰਨ ਸਰੀਰ ਹਫ਼ ਗਿਆ ਤੇ ਬਿਮਾਰੀ ਨਾਲ ਸਿੱਧਾ ਪਟਕੇ ਦਾ ਘੋਲ ਹੋਣ ਕਾਰਨ ਕੰਗਣ ਵਰਗਾ ਸਰੀਰ ਹੱਡੀਆਂ ਦੀ ਮੁੱਠ ਬਣ ਗਿਆ। ਦੁੱਖ ਪਿੱਛਾ ਨਾ ਛੱਡੇ ਤੇ ਬਿਮਾਰੀ ਛਲੇਡੇ ਵਾਂਗ ਡਾਕਟਰਾਂ ਦੇ ਹੱਥਾਂ ‘ਚੋਂ ਨਿਕਲ ਨਿਕਲ ਜਾਵੇ। ਆਖਿਰਕਾਰ ਬੇਟੇ ਫਰਿਜ਼ਨੋ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਲੈ ਗਏ। ਹਾਲਾਤ ਇਹ ਸਨ ਕਿ ਚਾਰ ਸਤੰਬਰ ਦਾ ਦਿਨ ਮੈਨੂੰ ਜ਼ਿੰਦਗੀ ਦਾ ਆਖਰੀ ਦਿਨ ਲੱਗ ਰਿਹਾ ਸੀ।
ਖ਼ੈਰ! ਕਹਾਣੀ ਲੰਬੀ ਹੈ, ਵਿਸਥਾਰ ‘ਚ ਕਦੇ ਫਿਰ ਗੱਲ ਕਰਾਂਗੇ! ਮੇਰੀ ਬਿਮਾਰੀ ਦਾ ਮਾਹਿਰ ਡਾਕਟਰ ਸੇਖੋਂ ਕਹਿਣ ਲੱਗਾ, “ਤੇਰਾ ਨਾਂ ਕਾਫ਼ੀ ਸੁਣਿਆ ਸੁਣਿਆ ਲੱਗਦੈ।” ਇਹ ਸ਼ੱਕ ਵਰਗਾ ਸੱਚ ਮੇਰੇ ਰਾਸ ਬੜਾ ਆਇਆ।
ਹੁਣ ਮੈਂ ਠੀਕ ਹਾਂ; ਉਵੇਂ ਜਿਵੇਂ ਗੁੜ ਬਣਨ ਤੋਂ ਪਹਿਲਾਂ ਗੰਨਿਆਂ ਦੀ ਰਸ ਮਿੱਠੇ ਸੋਢੇ ਨਾਲ ਨਿਖਰਦੀ ਹੈ ਪਰ ਆਹ ਟਿੱਪਣੀਆਂ ਖਾਨੇ ਨਹੀਂ ਪੈ ਰਹੀਆਂ।
ਇੰਡੀਆ ਤੋਂ ਇਕ ਫੋਨ ਆਇਆ, “ਹੁਣ ਕਿਡਨੀਆਂ ਠੀਕ ਨੇ?” ਇਥੋਂ ਅਮਰੀਕਾ ਤੋਂ ਇਕ ਸ਼ੁਭਚਿੰਤਕ ਦੇਖੋ, “ਕੋਈ ਨਹੀਂ, ਲਿਵਰ ਥੋੜ੍ਹਾ ਜਿਹਾ ਵੀ ਠੀਕ ਹੋਇਆ ਤਾਂ ਮੁੜ ਕੇ ਸਹੀ ਹੋ ਜਾਂਦੈ।”
ਇਕ ਹੋਰ, “ਦੇਖ ਤੇਰੇ ਯਾਰ ਕੁਲਦੀਪ ਮਾਣਕ ਦਾ ਕੀ ਬਣਿਐ, ਛੱਡ ਦੇ ਹੁਣ ਪੀਣ-ਪੂਣ ਨੂੰæææਬਥੇਰੀ ਪੀ ਲਈ।”
ਰੇਡੀਓ ਤੋਂ ਗੈਰਹਾਜ਼ਰ ਹੋਇਆ ਤਾਂ ਗੁਰਚਰਨ ਮਾਨ ਕਹਿਣ ਲੱਗਾ, “ਆ ਜਾ ਛੇਤੀ। ਲੋਕੀਂ ਆਂਹਦੇ ਨੇ ਲਖਵੀਰ ਤੇ ਉਹਦੀ ਬਣੀ ਨਹੀਂ ਹੋਣੀ।”
ਸੱਚੀਂ, ਕਦੇ ਕਦੇ ਢਿੱਲਾ ਮੱਠਾ ਹੋਣਾ ਹੀ ਠੀਕ ਹੈ; ਵਰਨਾ ਜਿਹੜਾ ਛੱਪੜ ‘ਚ ਨ੍ਹੀਂ ਵੜਿਆ, ਉਹਨੂੰ ਸਮੁੰਦਰ ਨਿਗਲ ਲਵੇਗਾ!æææਮੈਨੂੰ ਖ਼ੁਸ਼ੀ ਹੈ ਕਿ ਮੇਰੀ ਬਿਮਾਰੀ ਸੁੱਖ ਵਾਲੀ ਸੀ ਪਰ ਹੈਰਾਨ ਇਕ ਸ਼ਰੀਕੇ ਵਾਲੀ ਅਖਬਾਰ ਦੇ ਮੂਰਖ ਦੀ ਟਿੱਪਣੀ ਤੋਂ ਤੌਬਾ, ‘ਸ਼ਰਾਬ ਪੀ ਕੇ ਹੀ ਚੰਗਾ ਲਿਖਦਾ ਸੀ।’ ਕਈ ਲੋਕ ਗੇਂਦ ਨਹੀਂ, ਵੱਟਾ ਕੰਧ ਵਿਚ ਮਾਰਦੇ ਹਨ।

 

 

ਗੱਲ ਬਣੀ ਕਿ ਨਹੀਂ
ਧਨ ਦੇ ਕੋਠੇ
ਚਿੱਟੇ ਕੱਪੜੇ ਪਾ ਕੇ ਖਾਧੀ ਰੱਬ ਦੀ ਸਹੁੰ। ਫਿਰ ਵੀ ਮੁਲਕ ਲੁੱਟਣ ਦਾ ਕਿੱਦਾਂ ਬਲਿਆ ਡੌਂਅ।
ਜਿਧਰ ਮਰਜ਼ੀ ਵੇਖ ਲਓ ਘਪਲੇਬਾਜ਼ੀ ਲੁੱਟ। ਲਹੂ ਜਿਵੇਂ ਗਰੀਬ ਦਾ ਭਰ ਭਰ ਪੀਂਦੇ ਘੁੱਟ।
ਲਾਚਾਰ ਬਾਦਸ਼ਾਹ ਹੋ ਗਿਆ ਪਰਜਾ ਕਰ ਲਊ ਕੀ? ਸਿੱਧੀ ਉਂਗਲ ਨਾਲ ਵੇਖ ਲਓ ਕੱਢੇ ਜਾਂਦੇ ਘੀ।
ਤੌੜੇ ਜਿੱਡੇ ਢਿੱਡ ਵਿਚ ਕਿੰਨਾ ਭਰਿਆ ਮਾਲ। ਫਿਰ ਵੀ ਬਣਿਆ ਰਹੇਗਾ ਭਾਰਤ ਇਹ ਖ਼ੁਸ਼ਹਾਲ।
ਸੂਰਜ ਅੱਖੀਂ ਵੇਖਦੈ ਹੁੰਦੇ ਜਬਰ ਜਨਾਹ। ਫੇਰ ਕਾਲੀਆਂ ਰਾਤਾਂ ਵਿਚ ਕਿੱਦਾਂ ਹੋਊ ਬਚਾ?
ਜੇ ਕੋਠੇ ਭਰਨੇ ਧਨ ਨਾਲ ਲੜ ਲੈ ਕੋਈ ਚੋਣ। ‘ਭੌਰੇ’ ਸਾਰੀ ਉਮਰ ਲਈ ਮੁੱਕ ਜੂ ਰੋਣ ਤੇ ਧੋਣ।
————————–
ਧੁੱਪੇ ਬੈਠੀਆਂ ਯਾਦਾਂ
ਇਹ ਦੁਰਗਾ ਰੰਗੀਲਾ ਹੀ ਹੈ!
ਇਹ ਗੱਲ ਹਾਲੇ ਤੀਕਰ ਭੇਤ ਬਣੀ ਹੋਈ ਹੈ ਕਿ ਕਿਸੇ ਵੀ ਆਸ਼ਕ ਦੀ ਔਲਾਦ ਦਾ ਜ਼ਿਕਰ ਕਿਉਂ ਨਹੀਂ ਹੋਇਆ! ਮੇਰੀ ਜਾਚੇ ਸਿਰਫ਼ ਇਸ ਕਰ ਕੇ ਕਿ ਪਿਆਰ ਕਦੇ ਵੀ ਕਲਾ ਨਹੀਂ ਬਣ ਸਕਿਆ, ਤੇ ਸੱਥਾਂ ਵਿਚ ਆਸ਼ਕਾਂ ਦੀਆਂ ਕਹਾਣੀਆਂ ਤਾਂ ਚੱਲੀਆਂ ਹੋਣਗੀਆਂ, ਬਾਤਾਂ ਸਿਰਫ਼ ਕਲਾ ਤੇ ਕਲਾਕਾਰ ਦੀਆਂ ਪੈਂਦੀਆਂ ਹਨ।
ਚਮਕੌਰ ਸਾਹਿਬ, ਜਿਸ ਸ਼ਹਿਰ ਨਾਲ ਹੁਣ ਸਰਕਾਰੀ ਹੁਕਮਾਂ ਨਾਲ ‘ਸ੍ਰੀ’ ਵੀ ਸਤਿਕਾਰ ਵਜੋਂ ਜੋੜ ਦਿੱਤਾ ਗਿਆ ਹੈ, ਸਿੱਖ ਇਤਿਹਾਸ ਨੂੰ ਸਿਜਦਾ ਕਰਨ ਲਈ ਜਾਂਦਾ ਰਿਹਾ ਹਾਂ ਤੇ ਸੰਗੀਤ ਕਲਾ ਪ੍ਰੇਮੀ ਹੋਣ ਕਰ ਕੇ ਦੁਰਗਾ ਰੰਗੀਲਾ ਨੂੰ ਮਿਲਣ ਵੀ। ਉਮਰ ਵਿਚ ਉਹ ਸਾਲ ਦੋ ਸਾਲ ਮੈਥੋਂ ਛੋਟਾ ਹੋਵੇਗਾ ਪਰ ਉਹ ਗਾØਇਕ ਬਹੁਤ ਵੱਡਾ ਹੈ। ਦੁਰਗੇ ਨੂੰ ਮੈਂ ਉਦੋਂ ਤੋਂ ਜਾਣਦਾ ਹਾਂ ਜਦੋਂ ਉਹ ਪ੍ਰਿਤਪਾਲ ਦੇ ਢਾਡੀ ਜਥੇ ਦਾ ਮੈਂਬਰ ਸੀ ਪਰ ਨੇੜਤਾ ਉਦੋਂ ਬਣੀ ਸੀ ਜਦੋਂ ਚਰਨਜੀਤ ਆਹੂਜਾ ਨੇ ਉਹਨੂੰ ਸਿਖ਼ਰ ਵਿਖਾਈ ਸੀ, ‘ਸੁਣਿਆ ਤੂੰ ਸਾਡੇ ਉਜੜਨ ਦੇ ਖੁਫੀਆ ਜਸ਼ਨ ਮਨਾਏ ਨੇæææ।’
ਇਹ ਫੋਟੋ ਉਹਦੇ ਚਮਕੌਰ ਸਾਹਿਬ ਵਿਚਲੇ ਨਵੇਂ ਘਰ ਦੀ ਹੈ ਜਦੋਂ ਹਾਲੇ ਕੰਧਾਂ ਦੀ ਚਿਣਾਈ ਚੱਲ ਰਹੀ ਸੀ। ਉਦੋਂ ਅਸੀਂ ਦੋਵੇਂ ਭਰ ਜਵਾਨ ਸਾਂ ਪਰ ਇਸ ਮੁਲਾਕਾਤ ਤੋਂ ਅਗਲੇ ਹਫ਼ਤੇ ਖ਼ਬਰ ਆ ਗਈ ਸੀ ਕਿ ਉਹ ਅਧਰੰਗ ਦਾ ਸ਼ਿਕਾਰ ਹੋ ਗਿਆ ਹੈ। ਫਿਰ ਉਹ ਬਹੁਤ ਦੇਰ ਗਾ ਨਹੀਂ ਸਕਿਆ। ਹੁਣ ਉਹ ਗਾ ਤਾਂ ਲੈਂਦੈ ਪਰ ਬਿਮਾਰੀ ਪਿੱਛੋਂ ਗੱਲ ਉਹ ਕਿੱਥੇ? ਰੱਬ ਦੀ ਮਿਹਰ ਹੈ ਕਿ ਅਧਰੰਗ ਠੀਕ ਹੈ। ਉਹਦੀ ਖ਼ਬਰਸਾਰ ਲੈਣ ਲਈ ਮੈਂ ਸ੍ਰੀ ਚਮਕੌਰ ਸਾਹਿਬ ਜਾਂਦਾ ਰਿਹਾ। ਪਿਛਲੇ ਦਿਨੀਂ ਦੁਰਗੇ ਦਾ ਫੋਨ ਆਇਆ। ਕਹਿਣ ਲੱਗਾ, “ਥੋਡੇ ਕਾਫੀ ਬਿਮਾਰ ਰਹਿਣ ਦੀ ਖ਼ਬਰ ਸੁਣੀ ਐæææਧਿਆਨ ਰੱਖੋæææਬਿਮਾਰੀ ਪਿੱਛੋਂ ਉਹ ਦਿਨ ਨਹੀਂ ਰਹਿੰਦੇ।” ਉਹ ਤੇ ਇਹ ਦਿਨ ਚੇਤੇ ਕਰ ਕੇ ਸੋਚਦਾ ਹਾਂ ਕਿ ਸਰੀਰ ਉਹ ਨਹੀਂ ਰਿਹਾ ਕਿ ਕਾਟੋ ਦੇ ਉਤਰਨ ਪਿਛੋਂ ਤੁਹਾਨੂੰ ਵੀ ਚੜ੍ਹਨਾ ਹੀ ਪਵੇਗਾ।
-ਐਸ਼ ਅਸ਼ੋਕ ਭੌਰਾ

 

Be the first to comment

Leave a Reply

Your email address will not be published.