ਲੋਚਦਾਰ ਗਲੇ ਅੰਦਰਲੀ ਸੁਹਜ ਤੇ ਸੋਜ਼-ਸੁਬੀਰ ਸੇਨ

ਸੁਰਿੰਦਰ ਸਿੰਘ ਤੇਜ
ਫੋਨ: 91-98555-01488
ਦੋ ਹਿੰਦੀ ਫ਼ਿਲਮੀ ਗੀਤ ਵਿਵਿਧ ਭਾਰਤੀ ਦੇ ‘ਸਦਾਬਹਾਰ ਨਗ਼ਮੇ’ ਪ੍ਰੋਗਰਾਮ ਵਿਚ ਅਕਸਰ ਸੁਣਨ ਨੂੰ ਮਿਲ ਜਾਂਦੇ ਹਨ। ਇਕ ਹੈ ‘ਮੰਜ਼ਿਲ ਵਹੀ ਹੈ ਪਿਆਰ ਕੀ, ਰਾਹੀ ਬਦਲ  ਗਏ’। ਦੂਜਾ ਲਤਾ ਮੰਗੇਸ਼ਕਰ ਨਾਲ ਦੋਗਾਣੇ ਦੇ ਰੂਪ ਵਿਚ ਹੈ: ‘ਮੈਂ ਰੰਗੀਲਾ ਪਿਆਰ ਕਾ ਰਾਹੀ, ਤੂ ਮੇਰੀ ਮੰਜ਼ਿਲ’। ਦੋਵੇਂ ਗੀਤ ਇਕ ਸਮੇਂ ਬਹੁਤ ਮਕਬੂਲ ਰਹੇ, ਪਰ ਜੇ ਇਨ੍ਹਾਂ ਗੀਤਾਂ ਦੇ ਬਹੁਤੇ ਰਸਿਕਾਂ ਤੋਂ ਇਹ ਪੁੱਛਿਆ ਜਾਵੇ ਕਿ ਇਹ ਗਾਏ ਕਿਸ ਗਾਇਕ ਨੇ ਸਨ ਤਾਂ ਜਵਾਬ ਮਿਲੇਗਾ: ਹੇਮੰਤ ਕੁਮਾਰ!
ਆਵਾਜ਼ ਪੱਖੋਂ ਹੇਮੰਤ ਕੁਮਾਰ ਦਾ ‘ਹਮਸ਼ਕਲ’ (ਕਲੋਨ) ਹੋਣਾ ਹੀ ਗਾਇਕ ਸੁਬੀਰ ਸੇਨ ਦੀ ਤ੍ਰਾਸਦੀ ਰਹੀ। ਉਸ ਦੀ ਇਹ ‘ਹਮਆਵਾਜ਼ੀ’ ਬੰਗਲਾ ਸੰਗੀਤ ਵਿਚ ਤਾਂ ਸੰਗੀਤ ਪ੍ਰੇਮੀਆਂ ਦੇ ਪ੍ਰਵਾਨ ਚੜ੍ਹਦੀ ਰਹੀ, ਪਰ ਹਿੰਦੀ ਫਿਲਮ ਸੰਗੀਤ ਵਿਚ ਉਸ ਨੂੰ ਉਹ ਮੁਕਾਮ ਨਹੀਂ ਦਿਵਾ ਸਕੀ ਜਿਸ ਦਾ ਉਹ ਹੱਕਦਾਰ ਸੀ। ਸਚਿਨ ਦੇਵ ਬਰਮਨ ਤੇ ਨੌਸ਼ਾਦ ਅਲੀ ਵਰਗੇ ਸੰਗੀਤਕਾਰ ਕਹਿ ਦਿਆ ਕਰਦੇ ਸਨ ਕਿ ਜਦੋਂ ‘ਓਰਿਜੀਨਲ’ (ਹੇਮੰਤ ਕੁਮਾਰ) ਮੌਜੂਦ ਹੈ ਤਾਂ ‘ਨਕਲ’ (ਸੁਬੀਰ) ਦੀ ਲੋੜ ਕਿਉਂ? ਲਿਹਾਜ਼ਾ, ਜੇ ਉਸ ਨੂੰ ਹਿੰਦੀ ਫਿਲਮ ਸੰਗੀਤ ਵਿਚ ਦਾਖ਼ਲਾ ਮਿਲਿਆ ਤਾਂ ਉਹ ਸ਼ੰਕਰ-ਜੈਕਿਸ਼ਨ ਦੀ ਸੰਗੀਤਕਾਰ ਜੋੜ ਦੀ ਦਲੇਰੀ ਸਦਕਾ। ਉਨ੍ਹਾਂ ਨੇ 1957 ਤੋਂ 1964 ਤਕ ਸੁਬੀਰ ਸੇਨ ਨੂੰ ਕੁਝ ਖ਼ੂਬਸੂਰਤ ਧੁਨਾਂ ਗਾਉਣ ਲਈ ਦਿੱਤੀਆਂ ਅਤੇ ਇਨ੍ਹਾਂ ਧੁਨਾਂ ਨੂੰ ਆਪਣੇ ਲੋਚਦਾਰ ਗਲੇ ਅੰਦਰਲੀ ਸੁਹਜ ਤੇ ਸੋਜ਼ ਨਾਲ ਸਹੇਜਣ ਦੀ ਕਲਾ ਨੇ ਹੀ ਸੁਬੀਰ ਨੂੰ ਹਿੰਦੀ ਫਿਲਮ ਸੰਗੀਤ ਵਿਚ ਪੈਰ ਧਰਨ ਦੇ ਕਾਬਲ ਬਣਾਇਆ। ‘ਮੰਜ਼ਿਲ ਵਹੀ ਹੈ ਪਿਆਰ ਕੀ’ (ਕਠਪੁਤਲੀ) ਨੂੰ ਬਲਰਾਜ ਸਾਹਨੀ ‘ਤੇ ਫਿਲਮਾਇਆ ਗਿਆ। ਇਸ ਗੀਤ ਲਈ ਗਾਇਕ ਵਜੋਂ ਚੋਣ ਤਾਂ ਹੇਮੰਤ ਕੁਮਾਰ ਦੀ ਕੀਤੀ ਗਈ ਸੀ, ਪਰ ਉਹ ਉਨ੍ਹੀਂ ਦਿਨੀਂ ਕੁਝ ਬਿਮਾਰ ਸਨ। ਇਸ ਮੌਕੇ ਸੰਗੀਤਕਾਰ ਸ਼ੰਕਰ ਨੂੰ ਸੁਬੀਰ ਸੇਨ ਦਾ ਨਾਮ ਸ਼ੈਲੇਂਦਰ ਨੇ ਸੁਝਾਇਆ। ਸ਼ੈਲੇਂਦਰ ਨੇ ਸੁਬੀਰ ਸੇਨ ਦੇ ਬੰਗਲਾ ਗੀਤ ਸੁਣੇ ਹੋਏ ਸਨ। ਸੁਬੀਰ ਦੇ ਹਿੰਦੁਸਤਾਨੀ ਤਲੱਫੁਜ਼ ਬਾਰੇ ਸਭ ਨੂੰ ਸ਼ੱਕ ਸੀ, ਪਰ ਸ਼ੈਲੇਂਦਰ ਨੇ ਗੀਤ ਦੀ ਸ਼ਬਦਾਵਲੀ ਹੀ ਅਜਿਹੀ ਰੱਖੀ ਕਿ ਸੁਬੀਰ  ਦੇ ਉਚਾਰਨ ਵਿਚਲੀ ਬੰਗਾਲੀ ਟਿੰਜ ਬਹੁਤ ਹੱਦ ਤਕ ਮਿਟ ਗਈ ਅਤੇ ਇਸ ਤਰ੍ਹਾਂ ਹਿੰਦੀ ਫਿਲਮ ਸੰਗੀਤ ਵਿਚਲੇ ਰਫ਼ੀ-ਤਲਤ-ਮੁਕੇਸ਼-ਮੰਨਾ ਡੇ-ਕਿਸ਼ੋਰ-ਹੇਮੰਤ-ਮਹਿੰਦਰ ਕਪੂਰ ਕਲੱਬ ਵਿਚ ਇਕ ਨਵੇਂ ਗਾਇਕ ਦਾ ਦਾਖ਼ਲਾ ਸੰਭਵ ਹੋਇਆ। ਸੁਬੀਰ ਸੇਨ ਨੇ 1957 ਤੋਂ ਲੈ ਕੇ 1970 ਤਕ ਤਕਰੀਬਨ ਤਿੰਨ ਦਰਜਨ ਹਿੰਦੀ ਗੀਤ ਗਏ। ਸ਼ੰਕਰ-ਜੈਕਿਸ਼ਨ ਦੀ ਜੋੜੀ ਦਾ ਉਨ੍ਹੀਂ ਦਿਨੀਂ ਚੰਗਾ ਬੋਲਬਾਲਾ ਸੀ ਅਤੇ ਦੋਵਾਂ ਨੇ ਸੁਬੀਰ ਨੂੰ ਸਰਪ੍ਰਸਤੀ ਵੀ ਬਖ਼ਸ਼ੀ, ਪਰ ਉਹ ਆਪਣਾ ਨਿਵੇਕਲਾ ਮੁਕਾਮ ਬਣਾਉਣ ਵਿਚ ਨਾਕਾਮਯਾਬ ਰਿਹਾ।
ਇਹ ਨਹੀਂ ਕਿ ਸੁਬੀਰ ਜਾਣ-ਬੁੱਝ ਕੇ ਹੇਮੰਤ ਕੁਮਾਰ ਦੀ ਨਕਲ ਕਰਦਾ ਸੀ। ਉਸ ਦੀ ਆਵਾਜ਼ ਦਾ ਟਿੰਬਰ ਹੀ ਹੇਮੰਤ ਦੀ ਆਵਾਜ਼ ਵਾਲਾ ਸੀ। ਇਸ ਵਿਚ ਉਹੀ ਅਨੁਨਾਦੀ (ਗੂੰਜਣ ਵਾਲੀ) ਮਿਠਾਸ ਸੀ ਜੋ ਹੇਮੰਤ ਮੁਖ਼ਰਜੀ ਦੀ ਆਵਾਜ਼ ਵਿਚ ਸੀ। ਫ਼ਰਕ ਇਹ ਸੀ ਕਿ ਉਸ ਦੀ ਰੇਂਜ ਸੀਮਤ ਸੀ। ਜਿੱਥੇ ਹੇਮੰਤ-ਦਾ ਉੱਚੀਆਂ ਸੁਰਾਂ ਵਿਚ ਵੀ ਬੜੇ ਆਰਾਮ ਨਾਲ ਗਾ ਲੈਂਦੇ ਸਨ, ਉੱਥੇ ਸੁਬੀਰ ਦੀ ਆਵਾਜ਼ ਇਨ੍ਹਾਂ ਸੁਰਾਂ ਵਿਚ ਪਹੁੰਚ ਕੇ ਕੁਝ ਬਿਖਰਨੀ ਸ਼ੁਰੂ ਹੋ ਜਾਂਦੀ ਸੀ। ਇਸ ਦੀ ਮਿਸਾਲ ਫਿਲਮ ‘ਰਾਹਗੀਰ’ (1973) ਦਾ ਗੀਤ ‘ਜਨਮ ਸੇ ਬੰਜਾਰਾ ਹੂੰ ਬੰਧੂ ਜਨਮ ਜਨਮ ਬੰਜਾਰਾ’ ਹੈ। ਇਹ ਗੀਤ ਹੇਮੰਤ ਕੁਮਾਰ ਵੱਲੋਂ ਗਾਏ ਅਮਰ ਗੀਤਾਂ ਵਿਚੋਂ ਇਕ ਹੈ। ਸੁਬੀਰ ਨੇ ਇਹੀ ਗੀਤ ਹੇਮੰਤ ਕੁਮਾਰ ਦੇ ਚਲਾਣੇ ਮਗਰੋਂ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰੂਪ ਵਿਚ ਰਿਕਾਰਡ ਕੀਤੀ ਐਲਬਮ ਲਈ ਗਾਇਆ। ‘ਬੰਧੂ ਰੇ’ ਦੇ ਆਲਾਪ ਦੌਰਾਨ ਉਹ ਸੁਰ ਛੱਡਦਾ ਜਾਪਦਾ ਹੈ।
ਇਹ ਸੁਬੀਰ ਦੀ ਖੁਸ਼ਕਿਸਮਤੀ ਸੀ ਕਿ ਹੇਮੰਤ ਕੁਮਾਰ ਨੇ ਉਸ ਦੀ ਆਵਾਜ਼ ਅੰਦਰਲੀ ਖੂਬਸੂਰਤੀ ਤੇ ਰੂਹਾਨੀ ਮਿਠਾਸ ਦੀ ਕਦਰ ਪਾਈ। ਉਨ੍ਹਾਂ ਨੇ ਆਪਣੇ ਸੰਗੀਤ ਨਿਰਦੇਸ਼ਨ ਹੇਠ ਦੋ ਬੰਗਲਾ ਫਿਲਮਾਂ ਵਿਚ ਸੁਬੀਰ ਤੋਂ 9 ਸੋਲੋ ਗੀਤ ਗਵਾਏ। ਇੰਝ ਹੀ ‘ਹਮ ਭੀ ਨਟਖਟ ਇਨਸਾਨ ਹੈਂ’ (1959) ਵਿਚ ਹੇਮੰਤ ਕੁਮਾਰ ਨੇ ਸੁਬੀਰ ਨੂੰ ਗੀਤਾ ਦੱਤ ਨਾਲ ‘ਗੋਰੀ ਤੇਰੇ ਨਟਖਟ ਨੈਨਾ ਵਾਰ ਕਰੇਂ ਛੁਪ ਜਾਏਂ’ ਵਰਗਾ ਖੂਬਸੂਰਤ ਡੂਏਟ ਗਾਉਣ ਦਾ ਮੌਕਾ ਦਿੱਤਾ। ਹੇਮੰਤ ਕੁਮਾਰ ਤੋਂ ਇਲਾਵਾ ਸੰਗੀਤਕਾਰ ਸਲਿਲ ਚੌਧਰੀ ਨੇ ਵੀ ਸੁਬੀਰ ਸੇਨ ਨੂੰ ਚੰਗੀ ਸਰਪ੍ਰਸਤੀ ਬਖ਼ਸ਼ੀ। ਦਰਅਸਲ, ਬੰਗਲਾ ਸੰਗੀਤ ਵਿਚ ਤਾਂ ਸੁਬੀਰ, ਸਲਿਲ ਚੌਧਰੀ ਦਾ ਚਹੇਤਾ ਗਾਇਕ ਰਿਹਾ ਜਿਸ ਤੋਂ ਉਹ 1980ਵਿਆਂ ਵਿਚ ਵੀ ਗੀਤ ਗਵਾਉਂਦੇ ਰਹੇ। ਸਲਿਲ ਚੌਧਰੀ ਦਾ ਸੁਪਰਹਿੱਟ ਗੀਤ ‘ਪਾਗੋਲ ਹਵਾ’ (1981) ਸੁਬੀਰ ਸੇਨ ਦੇ ਪੁਰਸੋਜ਼ ਗਲੇ ਲਈ ਸਦੀਵੀ ਤੋਹਫ਼ਾ ਸਾਬਤ ਹੋਇਆ।
1929 ਵਿਚ ਸੰਥਾਲ ਪਰਗਨਾ ਵਿਚ ਜਨਮੇ ਸੁਬੀਰ ਸੇਨ ਨੇ ਸਭ ਤੋਂ ਪਹਿਲਾਂ 1951 ਵਿਚ ਹਿੰਦੀ ਫਿਲਮ ਸੰਗੀਤ ਵਿਚ ਦਾਖਲੇ ਲਈ ਯਤਨ ਕੀਤਾ। ਉਸ ਨੇ ਸੰਗੀਤਕਾਰ ਅਨਿਲ ਬਿਸਵਾਸ ਦੇ ਬੈਟਨ ਹੇਠ ਗੀਤ ਰਿਕਾਰਡ ਵੀ ਕਰਵਾਇਆ ਪਰ ਇਹ ਰਿਕਾਰਡ ਕਦੇ ਰਿਲੀਜ਼ ਨਹੀਂ ਹੋਇਆ। 1957 ਵਿਚ ‘ਮੰਜ਼ਿਲ ਵਹੀ’ ਦੇ ਹਿੱਟ ਹੋਣ ਮਗਰੋਂ ਸ਼ੰਕਰ ਜੈਕਿਸ਼ਨ ਨੇ ‘ਛੋਟੀ ਬਹਿਨ’ (1959) ਵਿਚ ਸੁਬੀਰ ਦੀ ਆਵਾਜ਼ ਅੰਦਰਲੀ ਲੋਚ ਨੂੰ ਲਤਾ ਨਾਲ ‘ਮੈਂ ਰੰਗੀਲਾ ਪਿਆਰ ਕਾ ਰਾਹੀ’ ਡੂਏਟ ਵਿਚ ਬਾਖੂਬੀ ਵਰਤਿਆ। ਇਸੇ ਸਾਲ ਸੁਬੀਰ ਦਾ ਇਕ ਹੋਰ ਡੂਏਟ (ਕਮਲ ਬਾਰੋਟ ਨਾਲ) ਵੀ ਹਿੱਟ ਹੋਇਆ। ਇਹ ਸੀ ‘ਦਿਲ ਲੇ ਕੇ ਜਾਤੇ ਹੋ ਕਹਾਂ’ (ਓ ਤੇਰਾ ਕਿਆ ਕਹਿਨਾ)। 1961 ਸੁਬੀਰ ਸੇਨ ਲਈ ਸੁਨਹਿਰੀ ਵਰ੍ਹਾ ਸੀ। ਉਸ ਨੂੰ ਸ਼ੰਕਰ ਜੈਕਿਸ਼ਨ ਨੇ ‘ਰੂਪ ਕੀ ਰਾਨੀ ਚੋਰੋਂ ਕਾ ਰਾਜਾ’ ਵਿਚ ਗਾਉਣ ਦਾ ਮੌਕਾ ਦਿੱਤਾ ਅਤੇ ‘ਆਸ ਕਾ ਪੰਛੀ’ ਵਿਚ ਵੀ। ਇਨ੍ਹਾਂ ਦੋਵਾਂ ਫਿਲਮਾਂ ਵਿਚ ਉਸ ਨੇ ਸੋਲੇ ਵੀ ਗਾਏ ਅਤੇ ਦੋਗਾਣੇ ਵੀ। ਲਤਾ ਦੇ ਨਾਲ ਡੂਏਟ ‘ਧੀਰੇ ਚਲੋ ਨਾ’ ਰਾਜਿੰਦਰ ਕੁਮਾਰ ਅਤੇ ਵੈਜਯੰਤੀਮਾਲਾ ਉਤੇ ਫਿਲਮਾਇਆ ਗਿਆ। ਫਿਲਮ ਦਾ ਟਾਈਟਲ ਗੀਤ ‘ਦਿਲ ਮੇਰਾ ਏਕ ਆਸ ਕਾ ਪੰਛੀ, ਉੜਤਾ ਹੈ ਨੀਲੇ ਗਗਨ ਮੇਂ’ (ਹਸਰਤ ਜੈਪੁਰੀ) ਵੀ ਸੁਬੀਰ ਸੇਨ ਦੀ ਆਵਾਜ਼ ਵਿਚ ਸੀ। ਇੰਝ ਹੀ ਸੁਬੀਰ ਦਾ ਸੋਲੇ ‘ਆਜਾ ਰੇ ਨੈਨ ਦਵਾਰੇ’ (ਰੂਪ ਕੀ ਰਾਨੀ ਚੋਰੋਂ ਕਾ ਰਾਜਾ) ਵੀ ਨਿਹਾਇਤ ਖੂਬਸੂਰਤ ਹੈ ਜਿਸ ਨੂੰ ਸੰਗੀਤਕਾਰ ਸ਼ੰਕਰ ਨੇ ਰਾਗ ਅਲ੍ਹਈਆ ਬਿਲਾਵਲ ਵਿਚ ਸੁਰਬੱਧ ਕੀਤਾ ਅਤੇ ਫਿਰ ਪੱਛਮੀ ਆਰਕੈਸਟਰਾ ਦੇ ਫਿਊਜ਼ਨ ਰਾਹੀਂ ਨਿਵੇਕਲਾਪਣ ਬਖਸ਼ਿਆ।
ਸੁਬੀਰ ਦੇ ਕੁਝ ਹੋਰ ਯਾਦਗਾਰੀ ਗੀਤਾਂ ਵਿਚ ‘ਬਹਾਰੇਂ ਲੁਟਾ ਕੇ ਨਜ਼ਾਰੇ ਦਿਖਾ ਕੇ’, ‘ਬੁਝ ਗਯਾ ਦਿਲ ਕਾ ਦੀਆ’, ‘ਗ਼ਰ ਤੁਮ ਬੁਰਾ ਨਾ  ਮਾਨੋ ਤੋ’, ‘ਪਿਆਰ ਮੇਂ ਮਿਲਨਾ ਸਨਮ ਹੋਤਾ ਹੈ ਤਕਦੀਰ ਸੇ’ ਅਤੇ ‘ਅਬ ਤੋਂ ਐਸਾ ਲਗਤਾ ਹੈ’ ਸ਼ੁਮਾਰ ਹਨ।
(ਪੰਜਾਬੀ ਟ੍ਰਿਬਿਊਨ ‘ਚੋਂ ਧੰਨਵਾਦ ਸਹਿਤ)

Be the first to comment

Leave a Reply

Your email address will not be published.